ਜਥੇਦਾਰ ਤਲਵੰਡੀ ਦੇ ਸਾਬਕਾ ਪੀਏ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ
ਦੁਗਰੀ ਰੋਡ ਲੁਧਿਆਣਾ: 28 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਸੜਕਾਂ 'ਤੇ ਸ਼ਰੇਆਮ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸੜਕਾਂ ਤੇ ਖੂਨ ਖਰਾਬਾ ਕਰਦੇ ਫਿਰਦੇ ਇਹ ਟੋਲੇ ਬੜੀ ਬੇਖੌਫ਼ੀ ਨਾਲ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਕਤਲ ਵੀ ਵਧ ਰਹੇ ਹਨ। ਕਾਤਲ ਗਿਰੋਹ ਲਗਾਤਾਰ ਨਿਡਰ ਹਨ। ਖੂਨ-ਖਰਾਬਾ ਇੱਕ ਆਮ ਗੱਲ ਬਣ ਗਈ ਹੈ। ਹਿੰਸਾ ਅਤੇ ਕਤਲ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਇਥੇ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਮਾਮਲਾ ਅਜੇ ਤਾਜ਼ਾ ਹੀ ਸੀ ਜਦੋਂ ਲੁਧਿਆਣਾ ਵਿੱਚ ਵੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੀਏ ਨੂੰ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਉੱਥੇ ਉਦੋਂ ਬਥੇਰੇ ਵੀ ਲੋਕ ਲੰਘ ਰਹੇ ਸਨ ਪਰ ਡਰ ਕਾਰਨ ਕੋਈ ਉਸਨੂੰ ਬਚਾਉਣ ਨਹੀਂ ਆਇਆ, ਹਾਂ, ਕੁਝ ਲੋਕ ਵੀਡੀਓ ਜ਼ਰੂਰੁ ਬਣਾਉਂਦੇ ਰਹੇ। ਇਹਨਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵੀ ਵੀਡੀਓ ਬਣਾਈਆਂ ਸਨ। ਕਾਤਲਾਂ ਨੇ ਆਪਣੀ ਦੁਸ਼ਮਣੀ ਅਤੇ ਗੁੱਸੇ ਨੂੰ ਆਪਣੇ ਦਿਲ ਦੀ ਤਸੱਲੀ ਨਾਲ ਰੱਜ ਕੇ ਕੱਢ ਲਿਆ ਸੀ ਅਤੇ ਲੰਘਦੇ ਟੱਪਦੇ ਲੋਕ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਦਾ ਹੀਲਾ ਵਸੀਲਾ ਕਰਨ ਦੀ ਬਜਾਏ ਇਸਨੂੰ ਤਮਾਸ਼ਾ ਸਮਝ ਕੇ ਰਿਕਾਰਡ ਕਰ ਰਹੇ ਸਨ। ਵੀਡੀਓ ਬਣਾ ਰਹੇ ਸਨ। ਪੁਲਿਸ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਹੀ ਭਰਤੀ ਕਰ ਲਵੇ। ਇਹਨਾਂ ਦਾ ਸ਼ੌਂਕ ਪੂਰਾ ਹੁੰਦਾ ਰਹੇਗਾ ਅਤੇ ਇਸਦੇ ਨਾਲ ਹੀ ਸਮਾਜ ਅਤੇ ਕਾਨੂੰਨ ਨੂੰ ਕੁਝ ਲਾਹਾ ਵੀ ਮਿਲੇਗਾ।
ਇਹ ਸਭ ਯਾਦ ਆਇਆ ਅਤੀਤ ਨੂੰ ਯਾਦ ਕਰਦਿਆਂ। ਲੁਧਿਆਣਾ ਵਿੱਚ ਬੜੇ ਖਾੜਕੂ ਸੁਭਾਅ ਦੇ ਇੱਕ ਸੀਨੀਅਰ ਅਕਾਲੀ ਆਗੂ ਹੁੰਦੇ ਸਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜਗਦੇਵ ਸਿੰਘ ਤਲਵੰਡੀ ਕਦੇ ਅਕਾਲੀ ਦਲ ਦੇ ਮੁਖੀ ਵੀ ਰਹੇ ਸਨ। ਉਹਨਾਂ ਦੀ ਹਾਂ ਜਾਂ ਨਾਂਹ ਕੌਮੀ ਸਿਆਸਤ 'ਤੇ ਅਸਰ ਪਾਉਂਦੀ ਸੀ। ਪੰਥ ਨੇ ਬੜੇ ਨਾਜ਼ੁਕ ਮੋੜ ਉਹਨਾਂ ਦੇ ਹੁੰਦੀਆਂ ਹੀ ਕੱਟੇ।
ਉਨ੍ਹਾਂ ਨੂੰ ਨਾ ਸਿਰਫ਼ ਲੋਹ ਪੁਰਸ਼ ਕਿਹਾ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਲੋਹ ਪੁਰਸ਼ ਮੰਨਿਆ ਵੀ ਜਾਂਦਾ ਸੀ। ਉਹ ਜ਼ਾਤੀ ਜ਼ਿੰਦਗੀ ਵਿੱਚ ਵੀ ਲੋਹ ਪੁਰਸ਼ ਵਾਂਗ ਹੀ ਵਿਚਰਦੇ ਸਨ। ਉਨ੍ਹਾਂ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡੀਆਂ ਦਾ ਹੁਣ ਲੁਧਿਆਣਾ ਦੀ ਦੁਗਰੀ ਧਾਂਦਰਾ ਰੋਡ 'ਤੇ ਤਲਵਾਰਾਂ ਨਾਲ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਬੜੀ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਬਾਹੂਬਲੀਆਂ ਨੇ ਇਸ ਤਰ੍ਹਾਂ ਜਨਤਕ ਤੌਰ 'ਤੇ ਮੌਜੂਦ ਦੂਜੇ ਬਾਹੂਬਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜ਼ਰਾ ਸੋਚ ਕੇ ਦੇਖੋ ਕਿ ਡਰ ਕਾਰਨ ਆਮ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਉਹੀ ਆਮ ਲੋਕ ਜਿਹਨਾਂ ਨੂੰ ਦਾਲ ਰੋਟੀ ਵਰਗੇ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਅਕਾਲੀ ਆਗੂ ਜੱਥੇਦਾਰ ਤਲਵੰਡੀ ਦੇ ਪੀ ਏ ਰਹਿ ਚੁੱਕੇ ਕੁਲਦੀਪ ਸਿੰਘ ਨੂੰ ਕਾਰ ਸਵਾਰਾਂ ਨੇ ਉਸ ਵੇਲੇ ਮਗਰੋਂ ਆ ਕੇ ਘੇਰ ਲਿਆ ਜਦੋਂ ਉਹ ਧਾਂਦਰਾ ਰੋਡ ਵਾਲੇ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਮੁੰਡੀਆਂ ਵੱਲ ਪਰਤ ਰਿਹਾ ਸੀ। ਕੁਲਦੀਪ ਸਿੰਘ ਉਂਝ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ ਪਰ ਉਸ ਬਾਰੇ ਕੋਈ ਝਗੜਾ ਝਮੇਲਾ ਨਹੀਂ ਸੀ ਸੁਣਿਆ ਗਿਆ।
ਉਸਦਾ ਪਿੱਛਾ ਕਰ ਰਹੇ ਗਰੁੱਪ ਨੇ ਉਸਨੂੰ ਘੇਰ ਲਿਆ ਅਤੇ ਉਸਤੇ ਹਮਲਾ ਵੀ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਸਨੂੰ ਬਾਹਰ ਕੱਢ ਕੇ ਸੜਕ ਤੇ ਲੰਮਿਆਂ ਪਾ ਦਿੱਤਾ ਗਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਦੇ ਵਿੱਚ ਛੇਤੀ ਹੀ ਦੀ ਵਰਤੋਂ ਵੀ ਸ਼ੁਰੂ ਹੋ ਗਈ। ਜਦੋਂ ਤੱਕ ਮੌਤ ਨਹੀਂ ਹੋ ਗਈ ਉਦੋਂ ਤੱਕ ਤਲਵਾਰਾਂ ਦੇ ਵਾਰ ਜਾਰੀ ਰਹੇ। ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਰਾਹਗੀਰ ਦੁਆਰਾ ਬਣਾਈ ਗਈ ਸੀ।
ਸ਼ਾਇਦ ਕਿਸੇ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਏਨੀ ਗਿਰਾਵਟ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਮਹੱਤਵਪੂਰਨ ਵਿਅਕਤੀ ਨੂੰ ਇਸ ਤਰ੍ਹਾਂ ਸੜਕ ਤੇ ਜਾਨਵਰ ਵਾਂਗ ਵੱਢ ਦਿੱਤਾ ਜਾਵੇਗਾ। ਗੁੰਡਾ ਗਿਰੋਹ ਸੜਕਾਂ 'ਤੇ ਆਪਣਾ ਰਾਜ ਸਮਝਿਆ ਕਰਨਗੇ। ਸ਼ੁੱਕਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਦੀਆਂ ਸੜਕਾਂ 'ਤੇ ਦਿਲ ਦਹਿਲਾ ਦੇਣ ਵਾਲਾ ਅਤੇ ਇਹ ਭਿਆਨਕ ਦ੍ਰਿਸ਼ ਸੀ। ਪੁਲਿਸ ਸਟੇਸ਼ਨ ਵੀ ਨੇੜੇ ਹੈ ਪਰ ਕਾਤਲਾਂ ਨੂੰ ਸ਼ਾਇਦ ਕੋਈ ਡਰ ਨਹੀਂ ਸੀ। ਜਦੋਂ ਕੁਲਦੀਪ ਸਿੰਘ ਮੁੰਡੀਆਂ ਦਾ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਉੱਥੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਹੌਂਸਲਾ ਕਰ ਕੇ ਕੁਝ ਵਿਅਕਤੀ ਹਮਲਾਵਰਾਂ ਤੇ ਭਾਰੂ ਵੀ ਪੈ ਸਕਦੇ ਸਨ ਪਰ ਬੇਗਾਨੀ ਮੁਸੀਬਤ ਕੌਣ ਗੱਲ ਲਾਵੇ?
ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ। ਉਹ ਜਾਂ ਤਾਂ ਅੱਖਾਂ ਮੀਟ ਕੇ ਮੂੰਹ ਧਿਆਨ ਆਪਣੇ ਰਾਹ ਨਿਕਲ ਜਾਂਦੇ ਹਨ ਜਾਂ ਫਿਰ ਸ਼ੌਂਕ ਸ਼ੌਂਕ ਵਿੱਚ ਵੀਡੀਓ ਬਣਾਉਣ ਲਗ ਪੈਂਦੇ ਹਨ। ਇਸ ਘਟਨਾ ਸਮੇਂ ਵੀ ਨੇੜੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਸਨ।
ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਘਟਨਾ ਤੋਂ ਬਾਅਦ ਵੀ ਦੋਸ਼ੀ ਆਪਣੇ ਪੀੜਤ ਨੂੰ ਮਾਰਨ ਤੋਂ ਬਾਅਦ ਸਫਲਤਾਪੂਰਵਕ ਭੱਜ ਨਿਕਲੇ। ਇਸ ਵਾਰ ਵੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਲਦੀਪ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਜਲਦੀ ਹੀ ਫੜੇ ਵੀ ਜਾਣਗੇ। , ਪਰ ਗੁੰਡਾ ਗਿਰੋਹਾਂ ਦੀ ਦੀ ਇਸ ਬੇਖੌਫ਼ੀ ਅਤੇ ਦਹਿਸ਼ਤ ਦਾ ਕੀ ਹੋਵੇਗਾ ਜਿਹੜੀ ਅਜਿਹੀਆਂ ਵਾਰਦਾਤਾਂ ਕਾਰਨ ਲਗਾਤਾਰ ਵੱਧ ਰਹੀ ਹੈ। ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰਦੀਆਂ ਹੀ ਰਹਿੰਦੀਆਂ ਹਨ। ਪਾਰ ਸ਼ਹਿਰ, ਗਲੀ, ਮੁਹੱਲੇ ਅਤੇ ਸੜਕ ਦਾ ਨਾਮ ਹੀ ਬਦਲਦਾ ਹੈ।
ਇਹ ਪੂਰੀ ਘਟਨਾ ਵੀ ਕੁਝ ਮਿੰਟਾਂ ਵਿੱਚ ਵਾਪਰੀ ਪਰ ਕਿਸੇ ਨੇ ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜੋ ਪੁਲਿਸ ਨੂੰ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੀ ਹੈ। ਪਰ ਇਨ੍ਹਾਂ ਕੁਝ ਕਤਲਾਂ ਨੇ ਮਿੰਟ ਇਲਾਕੇ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿੱਚ ਅਜਿਹਾ ਡਰ ਛੱਡ ਦਿੱਤਾ ਹੈ ਜੋ ਜਲਦੀ ਦੂਰ ਨਹੀਂ ਹੋਵੇਗਾ।
ਥਾਣਾ ਸਦਰ ਦੀ ਐਸਐਚਓ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪਰ ਇਸੇ ਦੌਰਾਨ ਸੁਣੀ ਗਈ ਲੋਕ ਚਰਚਾ ਮੁਤਾਬਿਕ ਪਹਿਲੀ ਨਜ਼ਰ 'ਤੇ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਮ੍ਰਿਤਕ ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਕਿਵੇਂ ਬਣਾਈ, ਇਸ ਦੇ ਵੇਰਵੇ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿਣਗੇ। ਮ੍ਰਿਤਕ ਕੁਲਦੀਪ ਸਿੰਘ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਹੈ। ਉਹ ਇੱਥੇ ਪੰਜਾਬ ਵਿੱਚ ਇਕੱਲਾ ਰਹਿੰਦਾ ਸੀ। ਕੈਨੇਡਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਕੁਲਦੀਪ ਕੁਝ ਸਮਾਂ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਲੁਧਿਆਣਾ ਵਿੱਚ ਇਕੱਲਾ ਰਹਿੰਦਾ ਸੀ। ਉਸਦਾ ਧਾਂਧਰਾ ਰੋਡ 'ਤੇ ਇੱਕ ਫਾਰਮ ਹਾਊਸ ਸੀ। ਇਸ ਦੇ ਨਾਲ ਹੀ ਉਹ ਜਾਇਦਾਦ ਦਾ ਕਾਰੋਬਾਰ ਵੀ ਕਰਦਾ ਸੀ। ਸੰਭਵ ਹੈ ਕਿ ਉਸਦੀ ਕਿਸੇ ਸੌਦੇ ਨੂੰ ਲੈ ਕੇ ਕਿਸੇ ਨਾਲ ਦੁਸ਼ਮਣੀ ਹੋਈ ਹੋਵੇ।
ਕਤਲ ਦਾ ਅਸਲ ਕਾਰਨ ਪਰਿਵਾਰ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਸ ਕਤਲ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਉਦਾਸ ਕਰ ਦਿੱਤਾ ਹੈ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਨਸਨੀ ਅਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨੂੰ ਦੂਰ ਕਰਨਾ ਵੀ ਪੁਲਿਸ ਲਈ ਇੱਕ ਚੁਣੌਤੀ ਬਣਿਆ ਰਹੇਗਾ।
No comments:
Post a Comment