Showing posts with label Gurdaspur. Show all posts
Showing posts with label Gurdaspur. Show all posts

Monday, October 13, 2025

ਹੋਲਿਸਟਿਕ ਹੋਮਿਓਪੈਥਿਕ ਕਲੀਨਿਕ ਵੱਲੋਂ ਮੁਫ਼ਤ ਕੈਂਪ

Monday, October 13, 2025, at 10:06 AM, Regarding Medical Camp

ਸੋਮਵਾਰ, 13 ਅਕਤੂਬਰ, 2025, ਸਵੇਰੇ 10:06 ਵਜੇ, ਮੈਡੀਕਲ ਕੈਂਪ ਦੇ ਸੰਬੰਧ ਵਿੱਚ

ਬਹਿਰਾਮਪੁਰ (ਗੁਰਦਾਸਪੁਰ) ਵਿੱਚ ਕੈਂਪ ਦਾ ਲਾਭ ਪ੍ਰਾਪਤ ਹੋਇਆ


ਬਹਿਰਾਮਪੁਰ: (ਜ਼ਿਲ੍ਹਾ ਗੁਰਦਾਸਪੁਰ): (ਗੁਰਦਾਸਪੁਰ ਸਕਰੀਨ): 

ਜਨਤਾ ਵਿੱਚ ਸਿਹਤ ਜਾਗਰੂਕਤਾ ਵਧਾਉਣ ਲਈ, ਹੋਲਿਸਟਿਕ ਹੋਮਿਓਪੈਥਿਕ ਕਲੀਨਿਕ ਮੁਕੇਰੀਆਂ ਨੇ ਗ੍ਰੈਜ਼ਿਟੀ ਇੰਟਰਐਕਟਿਵ ਆਈਟੀ ਕੰਪਨੀ, ਪੰਚਕੂਲਾ ਦੇ ਸਹਿਯੋਗ ਨਾਲ ਇੱਕ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਹ ਕੈਂਪ ਰਾਧਾ ਕ੍ਰਿਸ਼ਨ ਮੰਦਰ, ਬਹਿਰਾਮਪੁਰ ਵਿਖੇ ਆਯੋਜਿਤ ਕੀਤਾ ਗਿਆ। 

ਕੈਂਪ ਦੌਰਾਨ, ਡਾ. ਅਮਨ ਪਠਾਨੀਆ ਅਤੇ ਡਾ. ਦੀਪਕ ਠਾਕੁਰ ਦੀ ਅਗਵਾਈ ਵਿੱਚ ਤਜਰਬੇਕਾਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਇੱਕ ਟੀਮ ਨੇ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਹੋਮਿਓਪੈਥਿਕ ਦਵਾਈਆਂ ਪ੍ਰਦਾਨ ਕੀਤੀਆਂ। ਮਰੀਜ਼ਾਂ ਨੂੰ ਜੀਵਨ ਸ਼ੈਲੀ, ਖੁਰਾਕ ਅਤੇ ਮਾਨਸਿਕ ਸਿਹਤ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।

ਡਾ. ਅਮਨ ਪਠਾਨੀਆ ਨੇ ਕਿਹਾ ਕਿ ਹੋਮਿਓਪੈਥੀ ਇੱਕ ਕੁਦਰਤੀ ਅਤੇ ਸੁਰੱਖਿਅਤ ਵਿਧੀ ਹੈ ਜੋ ਸਰੀਰ ਨੂੰ ਅੰਦਰੋਂ ਸੰਤੁਲਿਤ ਕਰਦੀ ਹੈ। ਇਸ ਦੌਰਾਨ, ਡਾ. ਦੀਪਕ ਠਾਕੁਰ ਨੇ ਦੱਸਿਆ ਕਿ ਅਜਿਹੇ ਕੈਂਪ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣ ਅਤੇ ਲੋਕਾਂ ਨੂੰ ਢੁਕਵਾਂ ਇਲਾਜ ਲੈਣ ਲਈ ਪ੍ਰੇਰਿਤ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ।

ਕੈਂਪ ਦਾ ਆਯੋਜਨ ਅਤੇ ਪ੍ਰਬੰਧਨ ਪਵਨ ਕੁਮਾਰ, ਰਾਜੇਸ਼ ਕੁਮਾਰ, ਪੰਡਿਤ ਅਜੇ ਸ਼ਾਸਤਰੀ ਅਤੇ ਸੁਭਾਸ਼ ਚੰਦਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਨੂੰ ਸੁਚਾਰੂ ਬਣਾਉਂਦੇ ਹਨ।

ਸਥਾਨਕ ਨਿਵਾਸੀਆਂ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅਜਿਹੇ ਕੈਂਪਾਂ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਨੇੜਲੇ ਹੋਰ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ।

Saturday, March 26, 2022

ਸਮਾਜ ਦਾ ਸੰਤਾਪ ਮਿਟਾਉਣ ਵਿੱਚ ਕਿੰਨਾ ਕੁ ਕਾਮਯਾਬ ਰਹੇਗਾ ਨਾਮਧਾਰੀ ਉਪਰਾਲਾ?

 26th March 2022 at 07:01 PM
ਕਲਾਨੌਰ ਵਿੱਚ ਹੋਲੇ ਮੁਹੱਲੇ ਦੇ ਮੌਕੇ ਤੇ ਹੋਇਆ ਸਰਬ ਧਰਮ ਵਰਗਾ ਸੰਮੇਲਨ 

ਲੁਧਿਆਣਾ//ਕਲਾਨੌਰ: 26 ਮਾਰਚ 2022: (ਪੰਜਾਬ ਸਕਰੀਨ ਡੈਸਕ)::
ਗੱਲ ਕੱਲੀ ਯੂਕਰੇਨ 'ਤੇ ਰੂਸ ਦੇ ਹਮਲਿਆਂ ਦੀ ਨਹੀਂ। ਇਸ ਜੰਗ ਦੇ ਬਹਾਨੇ ਨੂੰ ਲੈ ਕੇ ਨਿੱਤ ਦਿਹਾੜੇ ਜ਼ਰੂਰੀ ਚੀਜ਼ਾਂ ਦੀ ਜ਼ਖ਼ੀਰਾਬਾਜ਼ੀ ਦੀ ਵੀ ਨਹੀਂ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਵੱਧ ਰਹੀ ਮਹਿੰਗਾਈ ਵੀ ਹੁਣ ਨਵੀਂ ਗੱਲ ਨਹੀਂ ਰਹੀ। ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲਖੁਆਰੀ ਵੀ ਅਜੇ ਤੱਕ ਉਹਨਾਂ ਦੀ ਤਕਦੀਰ ਹੀ ਲੱਗਦੀ ਹੈ। ਰੋਜ਼ਗਾਰ, ਪੈਨਸ਼ਨ ਅਤੇ ਹੋਰ ਮੁਸ਼ਕਲਾਂ ਵੀ ਬਥੇਰੀਆਂ ਹਨ ਜਿਹੜੀਆਂ ਹੱਲ ਨਹੀਂ ਹੁੰਦੀਆਂ। ਆਰਥਿਕਤਾ ਦੀਆਂ ਮੁਸ਼ਕਲਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸਤਾਪਿਆ ਹੋਇਆ ਹੈ। ਕਦੇ ਗੁਜਰਾਤ ਫਾਈਲ ਨੂੰ ਲੈ ਕੇ ਚਰਚਾ ਹੁੰਦੀ ਹੈ ਅਤੇ ਕਦੇ ਕਸ਼ਮੀਰ ਫਾਈਲ ਨੂੰ ਲੈ ਕੇ ਪਰ ਲੋਕਾਂ ਦੀ ਜ਼ਿੰਦਗੀ ਦੀਆਂ ਔਕੜਾਂ ਬਾਰੇ ਕਦੇ ਕੋਈ ਸਾਰਥਕ ਗੱਲ ਨਹੀਂ ਹੁੰਦੀ। ਅਜਿਹੇ ਸੰਤਾਪੇ ਹੋਏ ਮਾਹੌਲ ਵਿਹੁੱਚ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਕਿ ਸਿੱਖ ਫੁਲਵਾੜੀ ਨੂੰ ਪ੍ਰਫੁੱਲਤ ਕਰਨਾ ਹੀ ਸਾਹਿਬ ਤੋਂ ਵੱਧ ਜ਼ਰੂਰੀ ਹੈ। ਇਸ ਮਕਸਦ ਲਈ ਉਹ ਚਾਹੁੰਦੇ ਹਨ ਕਿ ਜਿਹੜਾ ਵੀ ਗੁਰੂਨਾਨਕ ਨਾਮ ਲੇਵਾ ਹੈ ਉਹ ਏਕਤਾ ਵਾਲੇ ਝੰਡੇ ਹੇਠ ਆ ਜਾਵੇ। ਇਸ ਫੁਲਵਾੜੀ ਦੀ ਪ੍ਰਫੁੱਲਤਾ ਲਾਇ ਉਹ ਕੱਟੜਪੰਥੀ ਸੋਚ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਵੀ ਅਕਸਰ ਦੇਂਦੇ ਹਨ ਕਿਓਂਕਿ ਇਸ ਕੱਟੜਪੁਣੇ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਇੱਕ ਫ਼ਿਲਮੀ ਗੀਤ ਦੇ ਬੋਲ ਸਨ-
ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ ਰੰਗੋਂ ਮੈਂ ਰੰਗ ਮਿਲ ਜਾਤੇ  ਹੈਂ-
-ਗਿਲੇ ਸ਼ਿਕਵੇ ਭੂਲ ਕਰ ਦੋਸਤੋ-ਦੁਸ਼ਮਣ ਭੀ ਗਲੇ ਮਿਲ ਜਾਤੇ ਹੈਂ 
ਬਸ ਕੁਝ ਇਸੇ ਭਾਵਨਾ ਨਾਲ ਕਲਾਨੌਰ ਦਾ ਹੋਲਾ ਮੁਹੱਲਾ ਵੀ ਜਾਰੀ ਹੈ। ਇਸਦੇ ਸਿੱਟੇ ਚੰਗੇ ਨਿਕਲਣਗੇ ਇਹੀ ਉਮੀਦ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਜੀ ਦੇ ਨਾਮਧਾਰੀ ਸਿੰਘ ਜਦੋਂ ਕੁਝ ਅਜਿਹਾ ਆਜੋਜਨ ਕਰਦੇ ਹਨ ਤਾਂ ਉਹ ਸਿਰਫ ਦਿਖਾਵੇ ਦਾ ਨਹੀਂ ਹੁੰਦਾ। ਉਸ ਮੌਕੇ ਪਤਾ ਲਾਇਆ ਜਾਂਦਾ ਹੈ ਉਹਨਾਂ ਪਰਿਵਾਰਾਂ ਦਾ ਜਿਹੜੇ ਕਿਸੇ ਨ ਕਿਸੇ ਦੁੱਖ ਕਾਰਨ ਸੰਤਾਪੇ ਹੋਏ ਹੁੰਦੇ ਹਨ। ਉਹਨਾਂ ਦੇ ਦੁੱਖ ਦਲਿੱਦਰ ਦੂਰ ਕਰ ਕੇ ਉਹਨਾਂ ਦੇ ਰੋਗਾਂ ਨੂੰ ਦੂਰ ਕਰ ਕੇ ਸੱਚਮੁੱਚ ਉਹਨਾਂ ਦੇ ਮਨਾਂ ਵਿਹਚਕ ਰੰਗ ਭਰਿਆ ਜਾਂਦਾ ਹੈ। ਖੁਸ਼ੀ, ਸੰਤੁਸ਼ਟਤਾ, ਆਤਮ ਨਿਰਭਰਤਾ ਅਤੇ ਭਜਨ ਬੰਦਗੀ ਵਾਲੇ ਉਹਨਾਂ ਅਸਲੀ ਰੰਗਾਂ ਦਾ ਪ੍ਰਤੀਕ ਹੁੰਦਾ ਹੈ ਨਾਮਧਾਰੀ ਹੋਲਾ ਮੁਹੱਲਾ।  ਨਾਮਧਾਰੀਆਂ ਦੇ ਇਹਨਾਂ ਉਪਰਾਲਿਆਂ ਦਾ ਸੰਕੇਤਕ ਜ਼ਿਕਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਰੌਸ਼ਨੀ ਦਾ ਹਵਾਲਾ ਦੇਂਦਿਆਂ ਉਹਨਾਂ ਕਈ ਵਾਰ ਇਸ ਕਿਸਮ ਦੇ ਉਪਰਾਲੇ ਕੀਤੇ ਕਰਾਏ। ਕਈ ਆਯੋਜਨ ਵੀ ਕਰਵਾਏ ਹਨ। ਹੁਣ ਨਵਾਂ ਉਪਰਾਲਾ ਗੁਰਦਸਪੂਰ ਜ਼ਿਲੇ ਦੇ ਕਲਾਨੌਰ ਇਲਾਕੇ ਵਿਚ ਜਾਰੀ ਹੈ। ਕਲਾਨੌਰ ਵਿਚ ਨਾਮਧਾਰੀ ਪਹਿਲੀ ਵਾਰ ਹੋਲਾ ਮੋਹੱਲਾ ਮਨ ਰਹੇ ਹਨ। ਕਾਰਾਂ, ਬਸਾਂ ਅਤੇ ਮਿੰਨੀ ਬਸਾਂ ਦੇਸ਼ ਦੇ ਕੋਨੇ ਕੋਨੇ ਵਿੱਚੋਂ ਗਈਆਂ ਹਨ। ਨਾਮਧਾਰੀਆਂ ਦੇ ਨਾਲ ਨਾਲ ਗ਼ੈਰਨਾਮਧਾਰੀ ਵੀ ਵੱਧ ਚੜ੍ਹ ਕੇ ਪਹੁੰਚੇ ਹਨ। 
ਅੱਜ ਕਲਾਨੌਰ, ਜਿਲਾ ਗੁਰਦਾਸਪੁਰ ਵਿਖੇ ਨਾਮਧਾਰੀ ਪੰਥ ਵੱਲੋਂ ਹੋਲਾ-ਮਹੱਲਾ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਅਤੇ ਕਿਰਪਾ ਨਾਲ ਮਨਾਇਆ ਗਿਆ। ਇਹ ਸਮਾਗਮ; ਖਾਲਸਾਈ ਰੰਗਾਂ ਦੇ ਨਾਲ ਪੰਥਕ ਏਕਤਾ, ਪ੍ਰੇਮ, ਸ਼ਰਧਾ ਅਤੇ ਪ੍ਰਭੂ ਭਗਤੀ ਦੇ ਰੰਗਾਂ ਵਿਚ ਰੰਗਿਆਂ : ਆਪਸੀ ਇਕਜੁੱਟਤਾ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦਾ ਪ੍ਰਤੀਤ ਹੋਇਆ। ਅੱਜ ਗੁਰੂ ਨਾਨਕ ਨਾਮ ਲੇਵਾ ਸੰਗਤ ਏਕਤਾ ਸਮਾਗਮ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ; ਜਿਵੇਂ ਉਦਾਸੀ, ਨਿਰਮਲੇ, ਸੇਵਾ ਪੰਥੀ, ਨਿਹੰਗ ਅਤੇ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਮੌਕੇ ਉਤੇ ਸਤਿਗੁਰੂ ਜੀ ਨੇ ਆਨਲਾਈਨ ਬਚਨਾਂ ਰਾਹੀਂ ਦਸਿਆ ਕਿ ਇਸ ਸਮਾਗਮ ਰਾਹੀਂ ਮੈਂ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕਤ੍ਰਿਤ ਕਰਨ ਦਾ ਯਤਨ ਕੀਤਾ ਹੈ ਕਿਉਕਿ ਸਿੱਖ ਪੰਥ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ। ਸੰਕੀਰਣ ਸੋਚ ਕਰਕੇ ਸਾਡੇ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਾਨੂੰ ਆਪਣੀ ਕਟੜ ਅਤੇ ਸੰਕੀਰਣ ਸੋਚ ਛਡ ਕੇ ਵਿਸ਼ਾਲ ਸੋਚ ਅਪਣਾਉਣੀ ਚਾਹੀਦੀ ਹੈ। ਕਿਉਂਕਿ ਸਿੱਖੀ ਸ਼ਰਧਾ ਨਾਲ ਹੈ, ਬਾਹਰੀ ਸਰੂਪ ਨਾਲ ਨਹੀਂ। ਇਸਤੋਂ ਇਲਾਵਾ ਆਪ ਜੀ ਨੇ ਇਹ ਵੀ ਦਸਿਆ ਕਿ ਹੋਲਾ ਮੇਲਾ ਧਰਮ ਯੁੱਧ ਦਾ ਪ੍ਰਤੀਕ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਦਰ ਭਾਵ ' ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ' ਵਾਸਤੇ ਹੀ ਹੋਇਆ ਹੈ।  ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਕਰਮ ਕਰਨ ਅਤੇ ਅਸਲੀ ਖਾਲਸਾ ਬਣਨ ਦੀ ਪ੍ਰੇਰਨਾ ਦਿੱਤੀ। ਸਤਿਗੁਰੂ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸ ਭਰਪੂਰ ਮਹਾਨ ਬਾਣੀ ਪੜ੍ਹ ਕੇ ਉਸਦਾ ਲਾਭ ਪ੍ਰਾਪਤ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੰਤ ਮਹਾਤਮਾ ਵੇਦਾਂਤਾਚਾਰੀਆ ਸੁਆਮੀ ਰਿਸ਼ੀ ਰਾਜ ਜੀ, ਸ੍ਰੀ ਮਾਨ ਸੰਤ ਬਾਬਾ ਦਵਿੰਦਰ ਸਿੰਘ  ਜੀ ਨਿਰਮਲ ਕੁਟੀਆ ਵਾਲੇ, ਸੰਤ ਤੇਜਾ ਸਿੰਘ ਜੀ ਖੁਡਾ ਗੁਰੂਸਰ, ਟਾਈਗਰ ਬਾਬਾ ਸਵਾਓਮ ਮੁਨੀ ਜੀ, ਮਹੰਤ ਸ਼ਿਵਾਨੰਦ ਜੀ, ਮਹੰਤ ਗੌਤਮ ਮੁਨੀ ਜੀ, ਮਹੰਤ ਪੰਚਮ ਦਾਸ ਜੀ, ਸੰਤ ਨਿਸ਼ਾਨ ਸਿੰਘ, ਨਾਮਧਾਰੀ ਸੰਤ ਬਾਬਾ ਛਿੰਦਾ ਜੀ, ਸੰਤ ਬਾਬਾ ਭਗਤ ਸਿੰਘ ਨੇ ਸਤਿਗੁਰੂ ਜੀ ਦੇ ਇਸ ਮਹਾਨ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸ਼ੁਭ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਦਰਸ਼ਨ ਦਿੱਤੇ।
ਇਸ ਮੌਕੇ ਸੇਵਾ ਭਾਵਨਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ। ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਾਮਧਾਰੀ ਕਮੇਟੀ ਗੁਰਦਾਸਪੁਰ ਦੇ ਉਦਮ ਨਾਲ ਸਾਰੀ ਸੰਗਤ ਨੇ ਵੱਖ- ਵੱਖ ਸੇਵਾਵਾਂ ਨੂੰ ਬੜੇ ਹੀ ਅਨੁਸਾਸ਼ਨਬੱਧ ਤਰੀਕੇ ਨਾਲ ਨਿਭਾਇਆ। ਜਿਕਰਯੋਗ ਹੈ ਕਿ ਨਾਮਧਾਰੀ ਸਮਾਗਮਾਂ ਵਿਚ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੁਝ ਸਮੇਂ ਤੋਂ ਖਾਸ ਪ੍ਰਕਾਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ: ਸੰਗਤ ਦੇ ਚਰਨ ਧੋਣ ਅਤੇ ਸਾਫ ਕਰਨ ਦੀ ਸੇਵਾ, ਗੁਰੂਧਾਮਾਂ ਤੇ ਜਾ ਕੇ ਹੱਥੀਂ ਜੋੜੇ ਝਾੜਨ ਅਤੇ ਬਰਤਨ ਸਾਫ ਕਰਨ ਦੀ ਸੇਵਾ, ਆਪਣੇ ਸਿੱਖ ਗਰੀਬ ਭੈਣ ਭਰਾਵਾਂ ਦੀ ਮਦਦ ਕਰਨ ਦੀ ਸੇਵਾ, ਲੋੜਵੰਦ ਬੱਚਿਆਂ ਨੂੰ ਵਿੱਦਿਆ ਦਾਨ ਦੀ ਸੇਵਾ, ਧਰਮ ਪਰਿਵਰਤਨ ਅਪਣੇ ਹੋਏ ਸਿੱਖ ਭੈਣ ਭਰਾਵਾਂ ਦੀ ਘਰ ਵਾਪਸੀ ਦੀ ਸੇਵਾ ਆਦਿ ਵੀ ਸੰਗਤ ਵਲੋਂ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਦੂਰੋਂ-ਨੇੜਿਉਂ ਹਜਾਰਾਂ ਦੀ ਸੰਖਿਆ ਵਿੱਚ ਸੰਗਤ ਨੇ ਪੁੱਜ ਕੇ ਸ਼ਮੂਲੀਅਤ ਕੀਤੀ।

Friday, September 08, 2017

"ਹੱਡ ਭੰਨਵੀਂ ਮਿਹਨਤ ਮਗਰੋਂ ਵੀ ਅੱਜ ਸਾਡਾ ਅੰਨਦਾਤਾ ਔਖੇ ਦੌਰ ਵਿੱਚ"

Fri, Sep 8, 2017 at 4:40 PM
ਗੁਰਦਾਸਪੁਰ ਦੇ ਕਿਸਾਨ ਮੇਲੇ ਵਿੱਚ ਕਿਸਾਨੀ  ਦੇ ਦਰਦ 'ਤੇ ਫੋਕਸ 
ਲੁਧਿਆਣਾ: 8 ਅਗਸਤ, 2017: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ  ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ, ਸ. ਕੁਲਵੰਤ ਸਿੰਘ ਆਹਲੂਵਾਲੀਆਂ, ਮੁੱਖ ਮਹਿਮਾਨ ਵਜੋਂ, ਸ. ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਅਤੇ ਕਰਨਲ ਏ.ਪੀ.ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ।
'ਪਰਾਲੀ ਨਹੀਂ ਜਲਾਵਾਂਗੇ ਵਾਤਾਵਰਨ ਬਚਾਵਾਂਗੇ' ਦੇ ਵਿਸ਼ੇ ਨੂੰ ਲੈ ਕੇ ਲਗਾਏ ਗਏ ਇਸ ਮੇਲੇ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਅੱਜ ਸਾਡਾ ਅੰਨਦਾਤਾ ਔਖੇ ਦੌਰ  ਵਿਚੋਂ ਲੰਘ ਰਿਹਾ ਹੈ, ਜਿਸਦਾ ਮੁੱਖ ਕਾਰਨ ਖੇਤੀ ਦੀਆਂ ਲਾਗਤਾਂ ਦੇ ਲਗਾਤਾਰ ਵਧਣ ਅਤੇ ਆਮਦਨ ਦਾ ਘੱਟ ਹੋਣਾ ਹੈ। ਮਹਿੰਗਾਈ ਦੇ ਦਿਨ ਪ੍ਰਤੀ ਦਿਨ ਵਧ ਰਹੇ ਰੁਝਾਨ ਮੁਤਾਬਕ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਹੋਣ ਦੀ ਸਿਫਾਰਿਸ਼ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਨਵੀਆਂ ਤਕਨੀਕਾਂ ਅਪਣਾ ਕੇ ਖੇਤੀ ਲਾਗਤਾਂ ਨੂੰ ਘਟਾਉਣ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ। ਕੀੜਿਆਂ ਮਕੌੜਿਆਂ ਦੀ ਰੋਕਥਾਮ ਲਈ ਰਸਾਇਣਕ ਜ਼ਹਿਰਾਂ ਦੀ ਥਾਂ ਸੰਯੁਕਤ ਕੀਟ ਪ੍ਰਬੰਧਨ  ਪ੍ਰਣਾਲੀ ਨੂੰ ਅਪਨਾਉਣ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਤਾਂ ਜੋ ਭੂਮੀ ਦੀ ਸਿਹਤ ਬਰਕਰਾਰ ਰਹਿ ਸਕੇ, ਉਤਪਾਦਨ ਦੇ ਵਧਣ ਦੇ ਨਾਲ-ਨਾਲ ਗੁਣਵਤਾ ਵਿੱਚ ਵੀ ਵਾਧਾ ਹੋ ਸਕੇ।  ਇਸੇ ਤਰ੍ਹਾਂ ਖੇਤੀ ਉਤਪਾਦਕਾਂ ਦੇ ਉਚਿਤ ਮੰਡੀਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਖੇਤੀ ਜਿਨਸਾਂ ਦੇ ਵਾਜਬ ਮੁੱਲ ਮਿਲ ਸਕਣਗੇ ਅਤੇ ਖੇਤੀ ਆਮਦਨ ਵਿੱਚ ਵਾਧਾ ਹੋ ਸਕੇਗਾ। ਇਸ  ਮੌਕੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਰਾਮ ਸਕਲ ਸਿੰਘ ਨੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਗੁਰਲਵਲੀਨ ਸਿੰਘ ਸਿੱਧੂ, ਡਿਪਟੀ  ਕਮਿਸ਼ਨਰ, ਗੁਰਦਾਸਪੁਰ ਨੇ ਕਿਹਾ ਕਿ  ਪੰਜਾਬ ਦਾ ਕਿਸਾਨ ਸਾਡੇ ਸਮੁੱਚੇ ਅਰਥਚਾਰੇ ਦੀ ਰੀੜ• ਦੀ ਹੱਡੀ ਹੈ ਅਤੇ ਇਸ ਦੀ ਖੁਸ਼ਹਾਲੀ ਅਤੇ ਤਰੱਕੀ ਨਾਲ ਹੀ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪੀ.ਏ.ਯੂ. ਵਲੋਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹਿੱਤ ਵਿੱਚ ਲਗਾਤਾਰ ਖੋਜ ਤਜ਼ਰਬੇ ਕੀਤੇ ਜਾ ਰਹੇ ਹਨ ਅਤੇ ਲੋੜ ਹੈ ਕਿ ਅਸੀਂ ਇਹਨਾਂ ਖੋਜ਼ ਤਜ਼ਰਬਿਆਂ ਨੂੰ ਆਪਣੇ ਖੇਤਾਂ ਵਿੱਚ ਅਪਨਾਉਂਦੇ ਹੋਏ ਗਿਆਨ ਵਿਗਿਆਨ ਮੁਤਾਬਕ ਖੇਤੀ ਕਰੀਏ। 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਦੇ ਮਹਾਂਵਾਕ ਤੇ ਪਹਿਰਾ ਦੇਣ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਕੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਚੰਗਾ ਚੁਗਿਰਦਾ ਅਤੇ ਸ਼ੁੱਧ ਵਾਤਾਵਰਨ ਦੇ ਸਕਾਂਗੇ। ਪਰਾਲੀ ਨੂੰ ਨਾ ਸਾੜਨ ਦੀ ਹਦਾਇਤ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਨ ਦੂਸਿਤ ਹੋਣੋ ਬਚ ਸਕੇਗਾ ਉਥੇ ਅਸੀਂ ਕਈ ਤਰ•ਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤੀ ਪਾ ਸਕਾਂਗੇ, ਨਰੋਆ ਅਤੇ ਤੰਦਰੁਸਤ ਜੀਵਨ ਬਤੀਤ ਕਰ ਸਕਾਂਗੇ। ਇਸ  ਮੌਕੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ।
ਇਸ ਮੌਕੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜ਼ਮੀਨਾਂ ਘਟ ਰਹੀਆਂ ਹਨ ਅਤੇ ਲਾਗਤਾਂ ਵਧ ਰਹੀਆਂ ਹਨ ਇਸ ਲਈ ਸਾਨੂੰ ਘੱਟ ਜ਼ਮੀਨਾਂ ਵਿਚੋਂ ਵੱਧ ਤੋਂ ਵੱਧ ਝਾੜ ਲੈਣ ਦੇ ਨਾਲ-ਨਾਲ ਖੇਤੀ ਲਾਗਤਾਂ ਦੇ ਲੇਖੇ ਜੋਖੇ ਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ। ਸੋਧੇ ਬੀਜਾਂ ਦੀ ਵਰਤੋਂ ਕਰਨ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਇਸ ਨਾਲ ਝੋਨੇ ਦੇ ਝੰਡਾ ਰੋਗ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਬਾਗਾਂ ਵਿੱਚ ਫਰੂਟ ਫਲਾਈ ਟਰੈਪਸ ਅਤੇ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਵਾ ਕੇ ਕਰਨ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਸਹਾਇਕ ਧੰਦਿਆਂ ਨੂੰ ਅਪਣਾ ਕੇ ਅਸੀਂਂ ਆਪਣੀ ਖੇਤੀ ਆਮਦਨ ਵਿੱਚ ਕਾਫੀ ਵਾਧਾ ਕਰ ਸਕਦੇ ਹਾਂ।  ਸਬਜ਼ੀਆਂ ਅਤੇ ਫਲਾਂ ਦੀ  ਪ੍ਰੋਸੈਸਿੰਗ ਤੇ ਜੋਰ ਦਿੰਦਿਆਂ ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਸਥਾਪਿਤ ਕੀਤੇ ਇਨਕੂਬੇਸ਼ਨ ਸੈਂਟਰਾਂ ਦੀ ਵਰਤੋਂ ਕਰਨ ਲਈ ਸਿਫਾਰਿਸ਼ ਕੀਤੀ।  ਵਾਤਾਵਰਨ ਦੀ ਸਾਂਭ ਸੰਭਾਲ ਹਿੱਤ ਰਸਾਇਣਕ ਖਾਦਾਂ ਦੀ ਥਾਂ ਹਰੀ ਖਾਦ ਅਤੇ ਜੀਵਾਨੂੰ ਖਾਦ ਦੀ ਵਰਤੋਂ  ਬਾਰੇ ਚਾਨਣਾ ਪਾਉਂਦਿਆਂ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ 14 ਫਸਲਾਂ ਵਿੱਚ ਜੀਵਾਨੂੰ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਖੇਤੀ ਰਸਾਲਿਆਂ 'ਚੰਗੀ ਖੇਤੀ' ਅਤੇ 'ਪ੍ਰੋਗਰੈਸਿਵ ਫਾਰਮਿੰਗ' ਤੋਂ ਇਲਾਵਾ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀਆਂ ਸਿਫਾਰਸ਼ਾਂ ਅਤੇ ਹੋਰ ਖੇਤੀ ਸਾਹਿਤ ਨੂੰ ਪੜਣ ਲਈ ਪ੍ਰੇਰਦਿਆਂ ਉਹਨਾਂ ਦੱਸਿਆ ਕਿ ਪੀ.ਏ.ਯੂ ਦੀ ਵੈƒਬ ਸਾਈਟ ਤੇ ਕਿਸਾਨ ਪੋਰਟਲ ਰਾਹੀਂ ਵੀ ਕਿਸਾਨ ਭਰਾ ਖੇਤੀ ਬਾਰੇ ਸਮੁੱਚੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਡਾ. ਕੇ. ਐਸ .ਥਿੰਦ, ਮੁਖੀ, ਪਲਾਂਟ ਬਰੀਡਿੰਗ ਵਿਭਾਗ, ਪੀ.ਏ.ਯੂ. ਨੇ ਕਿਹਾ ਕਿ ਯੂਨੀਵਰਸਿਟੀ ਨੇ ਹੁਣ ਤੱਕ ਫLਸਲਾਂ ਦੀਆਂ 816 ਕਿਸਮਾਂ ਵਿਕਸਿਤ ਕੀਤੀਆਂ ਹਨ ਜਿਹਨਾਂ ਵਿਚੋਂ 173 ਕਿਸਮਾਂ ਰਾਸ਼ਟਰੀ ਪੱਧਰ ਤੇ ਸਿਫਾਰਿਸ਼ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਖੇਤੀ ਵਾਤਾਵਰਨ ਅਤੇ ਖੁਰਾਕੀ ਲੋੜਾਂ ਨੂੰ ਵੇਖਦਿਆਂ ਖੇਤੀ ਖੋਜ ਵਿੱਚ ਨਿਰੰਤਰ ਨਵੀਆਂ ਸੇਧਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘੱਟ ਪਾਣੀ ਲੈਣ ਵਾਲੀਆਂ, ਬਿਮਾਰੀਆਂ ਅਤੇ ਕੀੜਿਆਂ ਮਕੌੜਿਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵਾਲੀਆਂ ਤਕਨੀਕਾਂ ਅਤੇ ਖੇਤ ਮਸ਼ੀਨਰੀ ਨੂੰ ਵਿਕਸਿਤ ਕੀਤਾ ਜਾ ਸਕੇ। ਉਹਨਾਂ ਨੇ ਇਸ ਮੌਕੇ ਕਣਕ, ਚਾਰੇ, ਜਵੀ ਦੇ ਨਾਲ-ਨਾਲ ਟਮਾਟਰ, ਭਿੰਡੀ, ਘੀਆ ਕੱਦੂ, ਝਾੜ ਕਰੇਲੇ, ਫੁੱਲਾਂ ਅਤੇ ਫਲਾਂ ਦੀਆਂ ਕਿਸਮਾਂ ਬਾਰੇ  ਜਾਣਕਾਰੀ ਪ੍ਰਦਾਨ ਕੀਤੀ। ਪੱਤਾ ਰੰਗ ਚਾਰਟ ਮੁਤਾਬਕ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਤੁਪਕਾ ਸਿੰਚਾਈ ਅਤੇ ਲੇਜਰ ਲੈਵਲਰ ਦੀ ਵਰਤੋਂ ਕਰਨ ਦੀ ਵੀ ਸਿਫਾਰਿਸ਼ ਕੀਤੀ। ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਪੀ.ਏ.ਯੂ. ਵਲੋਂ ਵਿਕਸਿਤ ਕੀਤੀ ਨਵੀਂ ਖੇਤ ਮਸ਼ੀਨਰੀ ਪੀ.ਏ.ਯੂ. ਸੁਪਰ ਐਸ.ਐਮ.ਐਸ ਜੋ ਕਿ ਕੰਬਾਇਨ ਨਾਲ ਲਗਦਾ ਹੈ ਅਤੇ ਪਰਾਲੀ ਦਾ ਕੁਤਰਾ ਕਰਦਾ ਹੈ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ, ਸਟਾਫ ਮੈਂਬਰਾਂ ਅਤੇ ਕਿਸਾਨਾਂ ਨੂੰ ਡਾ. ਡੀ.ਐਸ. ਭੱਟੀ, ਅਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ, ਪੀ.ਏ.ਯੂ. ਨੇ ਨਿੱਘਾ ਜੀ ਆਇਆਂ ਨੂੰ ਕਿਹਾ ਅਤੇ ਡਾ. ਰਾਮ ਸਕਲ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਨੇ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਯੂਨੀਵਰਸਿਟੀ ਦੇ ਵੱਖੋ ਵੱਖ ਵਿਭਾਗਾਂ ਵਲੋਂ ਖੇਤ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਦੇ ਗਿਆਨ ਵਿਗਿਆਨ ਵਿੱਚ ਵਾਧਾ ਕੀਤਾ ਗਿਆ ਅਤੇ ਮਾਹਿਰਾਂ ਨੇ ਕਿਸਾਨਾਂ ਦੀਆਂ ਖੇਤੀ ਦਰਪੇਸ਼ ਸਮੱਸਿਆਵਾਂ ਦੇ ਸਯੋਗ ਹੱਲ ਸੁਝਾਏ।

Thursday, October 27, 2016

ਦੇਸ਼ ਭਗਤੀ ਦੀ ਚਿਣਗ ਜਗਾਵੇਗਾ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ

Thu, Oct 27, 2016 at 9:00 PM
ਸੂਬਾ ਸਰਕਾਰ ਵੱਲੋਂ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ-ਸੇਖਵਾਂ
ਇਹ ਯਾਦਗਾਰ ਬਹਾਦਰ ਸੈਨਿਕਾਂ ਦੀ ਸੂਰਮਗਤੀ ਨੂੰ ਕਰਦੀ ਹੈ ਪੇਸ਼
ਬਟਾਲਾ: 27 ਅਕਤੂਬਰ 2016: (ਵਿਜੇ ਸ਼ਰਮਾ//ਪੰਜਾਬ ਸਕਰੀਨ): 
ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਵਿਖੇ ਬਣਾਇਆ ਗਿਆ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ’ ਨਵੀਂ ਪੀੜ੍ਹੀ ’ਚ ਦੇਸ਼ ਭਗਤੀ ਦੀ ਚਿਣਗ ਜਗਾਵੇਗਾ। ਸੂਬਾ ਸਰਕਾਰ ਵੱਲੋਂ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕਰਕੇ ਉਸਾਰੀ ਗਈ ਇਸ ਜੰਗੀ ਯਾਦਗਾਰ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦੀ ਕੁਰਬਾਨੀਆਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਾਦਗਾਰ ਬਣਾ ਕੇ ਦੇਸ਼ ਖਾਤਰ ਜਾਨਾ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ ਵਿੱਚ ਸ਼ਹੀਦਾਂ ਦੇ ਮਾਣ-ਸਤਿਕਾਰ ਤੇ ਅਦਬ ਨੂੰ ਵਧਾਉਣ ਲਈ ਏਸ਼ੀਆ ਦੀ ਸਭ ਤੋਂ ਉਚੀ (130 ਫੁੱਟੀ ਉਚੀ) ਅਤੇ 54 ਟਨ ਭਾਰੀ ਕਿਰਪਾਨ ਲਗਾਈ ਗਈ ਹੈ। ਕਿਰਪਾਨ ਹੇਠਾਂ ਬਣਾਏ ਗਏ ਥੜ੍ਹੇ ਵਿਚ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਫੌਜ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੀਆਂ 8 ਗੈਲਰੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪੰਜਾਬੀਆਂ ਵੱਲੋਂ ਵੱਖ-ਵੱਖ ਜੰਗਾਂ ਵਿਚ ਵਿਖਾਏ ਗਏ ਬਹਾਦਰੀ ਭਰੇ ਕਾਰਨਾਮਿਆਂ ਨੂੰ ਕੰਧਾਂ ’ਤੇ ਪੇਂਟਿੰਗ, ਬੁੱਤ, ਇਲੈਕਟ੍ਰੋਨਿਕ ਸਕਰੀਨ ਆਦਿ ਜ਼ਰੀਏ ਦਰਸਾਇਆ ਗਿਆ ਹੈ। ਸ. ਸੇਖਵਾਂ ਨੇ ਦੱਸਿਆ ਕਿ ਇਹ ਨਜ਼ਾਰਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਤੋਂ ਸ਼ੁਰੂ ਹੋ ਕੇ ਕਾਰਗਿਲ ਜੰਗ ਤੱਕ ਦਾ ਬਿਰਤਾਂਤ ਪੇਸ਼ ਕਰਦਾ ਹੈ, ਜਿਸ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੋਏ ਯੁੱਧ, ਐਂਗਲੋ ਸਿੱਖ ਵਾਰ ਦੀਆਂ 6 ਲੜਾਈਆਂ, ਦੋਵਾਂ ਵਿਸ਼ਵ ਯੁੱਧਾਂ ਵਿਚ ਪੰਜਾਬੀ ਫੌਜੀਆਂ ਵੱਲੋਂ ਵਿਖਾਏ ਜੌਹਰ, 1947-48 ਵਿਚ ਕਸ਼ਮੀਰ ਵਿਚ ਪਾਕਿਸਤਾਨੀ ਧਾੜਵੀਆਂ ਨਾਲ ਲੜੀ ਲੜਾਈ, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਦੀ ਲੜਾਈ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਇਸ ਯਾਦਗਾਰ ਵਿੱਚ ਬਰਕੀ ਦੀ ਲੜਾਈ ਦੌਰਾਨ ਪਾਕਿਸਤਾਨ ਤੋਂ ਖੋਹੇ ਅਮਰੀਕਾ ਦੇ ਬਣੇ ਸ਼ਰਮਨ ਟੈਂਕ ਅਤੇ 1971 ਦੀ ਜੰਗ ਦੌਰਾਨ ਖੇਮਕਰਨ ਬਾਰਡਰ ’ਤੇ ਤਬਾਹ ਕੀਤੇ ਪਾਕਿਸਤਾਨੀ ਫੌਜ ਦੇ ਪੈਂਟਨ ਟੈਂਕ ਵੀ ਰੱਖੇ ਗਏ ਹਨ। ਇੰਨਾਂ ਟੈਕਾਂ ਨੂੰ ਤਬਾਹ ਕਰਨ ਲਈ ਭਾਰਤ ਵੱਲੋਂ ਵਰਤਿਆ ਗਿਆ ਸੈਂਚੂਰੀਅਨ ਟੈਂਕ ਵੀ ਇਸ ਯਾਦਗਾਰ ਦੀ ਸ਼ੋਭਾ ਵਧਾ ਰਿਹਾ ਹੈ। ਇਸ ਦੇ ਨਾਲ-ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣ ਦੇ ਦੰਦ ਖੱਟੇ ਕਰਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਰੂਸ ਦਾ ਬਣਿਆ ਮਿਗ-23 ਜਹਾਜ਼ ਵੀ ਇਸ ਯਾਦਗਾਰ ਵਿਚ ਸਥਾਪਤ ਕੀਤਾ ਗਿਆ ਹੈ।
ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਾਦਗਾਰ ਸਥਾਪਤ ਕਰਕੇ ਸ਼ਹੀਦਾਂ ਨੂੰ ਮਾਣ-ਸਨਮਾਨ ਦਿੱਤਾ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਮਹਾਨ ਸੂਰਵੀਰਾਂ ਦੀ ਕੁਰਬਾਨੀ ਦੀ ਨੂੰ ਜਾਣ ਸਕਣਗੀਆਂ। ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਮਿ੍ਰਤਸਰ ਵਿਖੇ ਬਣੇ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ’ ਨੂੰ ਜਰੂਰ ਦੇਖ ਕੇ ਆਉਣ।

Tuesday, September 20, 2016

ਨਿਯਮਾਂ ਮੁਤਾਬਿਕ ਚੱਲੀਏ ਤਾਂ ਖੇਤੀ ਅੱਜ ਵੀ ਨਿਸ਼ਚੇ ਹੀ ਲਾਹੇਵੰਦ ਧੰਦਾ-ਰਿਆੜ

Tue, Sep 20, 2016 at 4:48 PM
ਗੁਰਦਾਸਪੁਰ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ
ਲੁਧਿਆਣਾ: 20 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋ ਹਾੜ੍ਹੀ ਦੀਆਂ ਫਸਲਾਂ ਦੇ ਕਿਸਾਨ ਮੇਲਿਆਂ ਦੀ ਲੜੀ ਦੇ ਚਲਦਿਆਂ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਪੀ.ਏ.ਯੂ. ਖੇਤੀ ਸਿਫਾਰਸ਼ਾਂ ਫਸਲਾਂ ਲਈ ਵਰਦਾਨ, ਵਿਗਿਆਨਕ ਖੇਤੀ ਨਾਲ ਹੀ ਸਫਲ ਹੋਣ ਕਿਸਾਨ ਦੇ ਉਦੇਸ਼ ਨਾਲ ਕਿਸਾਨ ਮੇਲਾ ਲਗਾਇਆ। ਇਸ ਕਿਸਾਨ ਮੇਲੇ ਵਿੱਚ ਗੁਰਦਾਸਪੁਰ ਅਤੇ ਆਲੇ ਦੁਆਲੇ ਤੋ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ ਨੇ ਕਿਹਾ ਕਿ ਜੇਕਰ ਅਸੀਂ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਵਿਗਿਆਨਕ ਲੀਹਾਂ ਤੇ ਚਲਦਿਆਂ ਕਰਦੇ ਹਾਂ, ਖੇਤੀ ਦਾ ਪੂਰਾ ਲੇਖਾ ਜੋਖਾ ਰਖਦੇ ਹਾਂ, ਲਾਗਤਾ ਵਿੱਚ ਸੰਜਮ ਦੀ ਵਰਤੋਂ ਕਰਦੇ ਹਾਂ ਤਾਂ ਖੇਤੀ ਨਿਸ਼ਚੇ ਹੀ ਲਾਹੇਵੰਦ ਧੰਦਾ ਹੈ। ਗੁਰਦਾਸਪੁਰ ਜਿਲੇ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਅਪਣਾਉਂਦਿਆਂ ਅੱਜ ਸਾਡੇ ਜ਼ਿਲ੍ਹੇ ਵਿੱਚ ਸੱਤ ਖੰਡ ਮਿਲਾਂ ਸਫਲਤਾ ਨਾਲ ਚਲ ਰਹੀਆਂ ਹਨ। ਯੂਨੀਵਰਸਿਟੀ ਵੱਲੋ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਖੇਤੀ ਮਾਹਿਰਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਫਸਲਾਂ ਦੀਆਂ ਨਵੀਆਂ ਸੋਧੀਆਂ ਹੋਈਆਂ ਕਿਸਮਾਂ ਵਿਕਸਿਤ ਹੋ ਰਹੀਆਂ ਹਨ, ਖੇਤ ਮਸ਼ੀਨਰੀ ਦਾ ਉਤਪਾਦਨ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਖੇਤੀ ਆਮਦਨ ਵਿੱਚ ਚੋਖਾ ਵਾਧਾ ਹੋ ਰਿਹਾ ਹੈ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਮਾਨਯੋੋਗ ਵਾਈਸ ਚਾਂਸਲਰ, ਪੀ.ਏ.ਯੂ ਨੇ ਦੱਸਿਆ ਕਿ ਯੂਨੀਵਰਸਿਟੀ  ਨੂੰ ਪਠਾਨਕੋਟ ਵਿਖੇ ਕੇ.ਵੀ.ਕੇ. ਖੋਲਣ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਨਾਲ ਖੇਤੀ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਹੁਲਾਰਾ ਮਿਲ ਸਕੇਗਾ। ਉਨਾਂ ਦੱਸਿਆ ਕਿ ਝੋਨੇ ਦੀਆਂ ਅਗੇਤੀ ਕਿਸਮਾਂ, ਸਿੱਧੀ ਬਿਜਾਈ ਅਤੇ ਲੇਜ਼ਰ ਲੈਵਲਰ ਤਕਨੀਕ ਰਾਹੀਂ ਅਸੀਂ ਜੱਲ ਸੋਮਿਆਂ ਦੀ ਬਚਤ ਕਰਨ ਵਿੱਚ ਕਾਮਯਾਬ ਹੋ ਸਕੇ ਹਾਂ। ਇਸ ਤਰ੍ਹਾਂ ਲੋੜ ਮੁਤਾਬਿਕ ਖਾਦਾਂ ਦੀ ਵਰਤੋਂ ਕਰਨ ਨਾਲ ਸਾਡੀਆਂ ਖੇਤੀ ਲਾਗਤਾਂ ਘਟੀਆਂ ਹਨ ਅਤੇ ਮੁਨਾਫਾ ਵਧਿਆ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਕਰਨ ਦੀ ਬਜਾਏ ਉਨ੍ਹਾਂ ਨੇ ਨਦੀਨਾਂ ਨੂੰ ਹੱਥੀ ਪੁੱਟਣ ਦੀ ਸਲਾਹ ਦਿਤੀ। ਇਸੇ ਤਰਾਂ ਖੇਤੀ ਮਸ਼ੀਨਰੀ ਨੂੰ ਖੁਦ ਖਰੀਦਣ ਦੀ ਬਜਾਏ ਡਾ. ਢਿੱਲੋਂ ਨੇ ਸਹਿਕਾਰੀ ਸੋਸਾਇਟੀਆਂ ਬਣਾ ਕੇ ਖਰੀਦਣ ਜਾਂ ਕਿਰਾਏ ਤੇ ਲੈਣ ਦੀ ਸਿਫਾਰਸ਼ ਕੀਤੀ।
ਇਸ ਮੌਕੇ ਡਾ. ਮੇਜਰ ਸਿੰਘ ਧਾਲੀਵਾਲ, ਅਪਰ ਨਿਰਦੇਕ ਖੋਜ (ਬਾਗਬਾਨੀ) ਨੇ ਯੂਨੀਵਰਸਿਟੀ ਦੀਆਂ ਖੋਜ ਸਿਫਾਰਿਸ਼ਾਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਅੱਜ ਤੱਕ 789 ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਜਿਨਾਂ ਵਿੱਚੋ 161 ਕਿਸਮਾਂ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਤਬਦੀਲੀ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਖੇਤੀ ਖੋਜ ਕਾਰਜਾਂ ਨੂੰ ਵੀ ਉਸ ਮੁਤਾਬਕ ਢਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਘੱਟ ਪਾਣੀ, ਘੱਟ ਖਾਦਾਂ ਦੀ ਲੋੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਸੋਕੇ ਅਤੇ ਹੜ੍ਹ ਵਰਗੀਆਂ ਸਥਿਤੀਆਂ, ਕੀੜੇ ਮਕੌੜੇ ਅਤੇ ਬਿਮਾਰੀਆਂ ਪ੍ਰਤੀਰੋਧਿਕਤਾ ਰੱਖਣ ਵਾਲਿਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮਾਹਿਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ਦੀ ਤੁੜਾਈ ਲਈ ਨਵੀਆਂ ਮਸ਼ੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਜਦੂਰੀ ਤੇ ਘੱਟ ਤੋਂ ਘੱਟ ਖਰਚਾ ਆਵੇ।
ਇਸ ਮੌਕੇ ਤੇ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆ, ਖੇਤੀ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ। ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਰਸਾਲੇ ਚੰਗੀ ਖੇਤੀ ਅਤੇ ਪ੍ਰੋਗੈਸਿਵ ਫਾਰਮਿੰਗ ਦੇ ਮੈਂਬਰ ਬਣਨ ਲਈ ਕਿਹਾ। 
ਇਸ ਮੌਕੇ ਇੰਸਟੀਚਿਉਟ ਆਫ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ ਜਿਨ੍ਹਾਂ ਨੂੰ ਡਾ. ਢਿੱਲੋਂ ਵੱਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਗਿਆ। 
ਇਸ ਮੌਕੇ ਸ. ਹਰਦੇਵ ਸਿੰਘ ਰਿਆੜ, ਮੈਂਬਰ ਪ੍ਰਬੰਧਕੀ ਬੋਰਡ ਪੀ.ਏ.ਯੂ., ਸ. ਅਮਰੀਕ ਸਿੰਘ ਖੇਤੀਬਾੜੀ ਅਫਸਰ (ਇੰਚਾਰਜ, ਭੂਮੀ ਪਰਖ ਲੈਬ), ਸ. ਹਰਮਨਪ੍ਰੀਤ ਸਿੰਘ ਪੱਤਰ ਪ੍ਰੇਰਕ ਰੋਜ਼ਾਨਾ ਅਜੀਤ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੰਜਾਬ ਕਿਸਾਨ ਕਲੱਬ ਦੇ ਮੈਂਬਰ ਅਤੇ ਸਫਲ ਲੀਚੀ ਉਤਪਾਦਕ ਸ. ਦਿਲਬਾਗ ਸਿੰਘ ਚੀਮਾ ਨੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ 5100 ਰੁ: ਇੰਨਡੋਮੈਂਟ ਫੰਡ ਵਜੋਂ ਦਿੱਤੇ।
ਇਸ ਮੌਕੇ ਡਾ. ਰਾਮ ਸਕਲ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਨੇ ਹਾਜਰ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਵੀ ਲਗਾਈਆਂ ਗਈਆਂ। 

Thursday, April 21, 2016

ਦਲਬੀਰ ਕੌਰ ਨੇ ਕੀਤਾ ਸਰਕਾਰ ਨੂੰ 90 ਕੈਦੀਆਂ ਦੀ ਲਿਸਟ ਦੇਣ ਦਾ ਦਾਅਵਾ

ਕ੍ਰਿਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਲੋਕ ਰੋਹ ਹੋਇਆ ਹੋਰ ਤਿੱਖਾ 
ਗੁਰਦਾਸਪੁਰ: 20 ਅਪਰੈਲ 2016: (ਵਿਜੇ ਸ਼ਰਮਾ//ਪੰਜਾਬ ਸਕਰੀਨ):

ਪਾਕਿਸਤਾਨ ਦੀ ਲਾਹੌਰ ਸਥਿਤ ਕੋਟ ਲੱਖਪਤ ਜੇਲ੍ਹ ਵਿੱਚ ਕੁਝ ਦਿਨ ਪਹਿਲਾਂ ਭੇਦਭਰੀ ਹਾਲਤ ਵਿੱਚ ਮੌਤ ਦਾ ਸ਼ਿਕਾਰ ਹੋਏ ਕਿਰਪਾਲ ਸਿੰਘ ਦਾ ਅੱਜ ਸਵੇਰੇ ਗੁਰਦਾਸ ਪੁਰ ਨੇੜੇ ਉਸਦੇ ਜੱਦੀ ਪਿੰਡ ਮੁਸਤਫ਼ਾਬਾਦ ਸੈਦਾਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਮੋਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਧਾਰਮਿਕ ਰੀਤੀ-ਰਿਵਾਜਾਂ ਨਾਲ ਚਿਖਾ ਨੂੰ ਅੱਗ ਦੇਣ ਦੀ ਰਸਮ ਮ੍ਰਿਤਕ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਨਿਭਾਈ। ਕਿਰਪਾਲ ਸਿੰਘ ਦੀਆਂ ਦੋ ਭੈਣਾਂ ਅਤੇ ਇੱਕ ਭਤੀਜੀ ਨੇ ਬੜੇ ਹੀ ਭਰੇ ਮਨ ਨਾਲ ਉਸਦੇ ਗੁੱਟ ’ਤੇ ਰੱਖੜੀ ਬੰਨ੍ਹੀ। ਸਰਬਜੀਤ ਸਿੰਘ ਤੋਂ ਬਾਅਦ ਕਿਰਪਾਲ ਸਿੰਘ ਦੀ ਜੇਲ੍ਹ ਵਿੱਚ ਹੋਈ ਇਸ ਭੇਦਭਰੀ ਮੌਤ ਨਾਲ ਇੱਕ ਵਾਰ ਫੇਰ ਭਾਰਤੀ ਕੈਦੀਆਂ ਦਾ ਮਸਲਾ ਗੰਭੀਰ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ।  ਦਲਬੀਰ ਕੌਰ ਨੇ ਸਵਾਲ ਵੀ ਕੀਤਾ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਕੈਦੀ ਦੀ ਉਹਨਾਂ ਜੇਲਾਂ ਵਿੱਚ ਇਸ ਤਰਾਂ ਮੌਤ ਕਿਓਂ ਨਹੀਂ ਹੋਈ?ਅਜਿਹਾ ਭਾਰਤੀ ਕੈਦੀਆਂ ਨਾਲ ਹੀ ਕਿਓਂ ਹੁੰਦਾ ਹੈ?
ਅੰਤਿਮ ਸੰਸਕਾਰ ਦੇ ਇਸ ਮੌਕੇ ਕਿਰਪਾਲ ਸਿੰਘ ਦੀ ਕਾਨੂੰਨੀ ਤੌਰ ’ਤੇ ਪਤਨੀ ਹੋਣ ਦਾ ਦਾਅਵਾ ਕਰਦੀ ਆ ਰਹੀ ਔਰਤ ਪਰਮਜੀਤ ਵੱਲੋਂ ਸਸਕਾਰ ਉੱਤੇ ਦਾਅਵਾ ਜਤਾਉਣ ਅਤੇ ਉਸਦੀ ਹਮਾਇਤ ’ਤੇ ਆਏ ਸ਼ਿਵ ਸੈਨਿਕਾਂ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ। ਇਹਨਾਂ ਵਖਾਵਾਕਾਰੀਆਂ ਵੱਲੋਂ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਆਉਣ ’ਤੇ ਤਿੱਖਾ ਰੋਸ ਜਤਾਉਣ ਅਤੇ ਨਾਅਰੇਬਾਜ਼ੀ ਕਰਨ ਕਰਕੇ ਸਥਿਤੀ ਤਣਾਅ ਵਾਲੀ ਬਣ ਗਈ। ਮੌਕੇ ਉੱਤੇ ਮੌਜੂਦ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰਨਾਂ ਅਧਿਕਾਰੀਆਂ ਨੇ ਮਾਜੁਕੇ ਸਿਰ ਦਖਲ ਦੇ ਕੇ ਸਥਿਤੀ ਨੂੰ ਸੰਭਾਲ ਲਿਆ। ਮ੍ਰਿਤਕ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਰਮਜੀਤ ਕੌਰ ਨੂੰ ਅਜਿਹਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਤਾਂ ਕਿਰਪਾਲ ਸਿੰਘ ਦੇ ਲਾਪਤਾ ਹੋਣ ਦੇ ਛੇ ਮਹੀਨਿਆਂ ਬਾਅਦ ਹੀ ਛੱਡ ਕੇ ਚਲੀ ਗਈ ਸੀ ਅਤੇ ਦੂਸਰਾ ਵਿਆਹ ਕਰਵਾ ਲਿਆ ਸੀ। ਕਿਰਪਾਲ ਸਿੰਘ ਦੀ ਦੇਹ ’ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਐਸਐਸਪੀ ਜਗਦੀਪ ਸਿੰਘ ਹੁੰਦਲ ਅਤੇ ਐਸਡੀਐਮ ਸਕੱਤਰ ਸਿੰਘ ਬੱਲ ਨੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਆਗੂ ਗੁਰਮੀਤ ਸਿੰਘ ਪਾਹੜਾ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਹੋਏ ਸਨ। ਅੰਤਿਮ ਸੰਸਕਾਰ ਮੌਕੇ ਸ਼ਿਵ ਸੈਨਾ ਇਨਕਲਾਬ ਦੇ ਕਾਰਕੁਨ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਇਸ ਗੱਲੋਂ ਵਿਰੋਧ ਕਰ ਰਹੇ ਸਨ ਕਿਉਂਕਿ ਉਸਨੇ ਕਿਹਾ ਸੀ ਕਿ ਸਰਬਜੀਤ ਦੀ ਮੌਤ ਲਈ ਕਿਰਪਾਲ ਜ਼ਿੰਮੇਵਾਰ ਸੀ। ਸ਼ਿਵ ਸੈਨਿਕਾਂ ਨੇ ਕਿਹਾ ਕਿ ਦਲਬੀਰ ਕੌਰ ਨੂੰ ਅੱਜ ਇੱਥੇ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਗੌਰਤਲਬ ਹੈ ਕਿ ਕਿਰਪਾਲ ਸਿੰਘ ਦੀ ਪਾਕਿਸਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ 11 ਅਪਰੈਲ ਨੂੰ ਮੌਤ ਹੋ ਗਈ ਸੀ। ਸੂਚਨਾ ਮਿਲਣ ਉਪਰੰਤ ਕਿਰਪਾਲ ਸਿੰਘ ਦੇ ਭਤੀਜੇ ਅਸ਼ਵਨੀ ਕੁਮਾਰ ਨੇ ਕੁਝ ਸਾਲ ਪਹਿਲਾਂ ਪਾਕਿਸਤਾਨ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ। ਬੀਤੀ ਸਵੇਰ ਲਾਸ਼ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਲਿਆਂਦਾ ਗਿਆ ਸੀ। ਦਲਬੀਰ ਕੌਰ ਨੇ ਕਿਹਾ ਕੀ ਇਸ ਮੌਤ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਬਾਕੀ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਦਲਬੀਰ ਕੌਰ ਨੇ ਦੱਸਿਆ ਕਿ ਉਹ 90 ਕੈਦੀਆਂ ਦੀ ਲਿਸਟ ਸਰਕਾਰ ਨੂੰ ਦੇ ਚੁੱਕੇ ਹਨ।   

Tuesday, July 28, 2015

ਸ਼ਹੀਦ: ਸਲਾਮੀਆਂ ਦੇ ਨਾਲ ਨਾਲ ਜਰੂਰੀ ਹੈ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ

ਪਰਿਵਾਰ ਵੱਲੋਂ ਸ਼ਹੀਦ ਐੱਸ ਪੀ ਦਾ ਸਸਕਾਰ ਕਰਨ ਤੋਂ ਨਾਂਹ ਗੰਭੀਰ ਇਸ਼ਾਰਾ 
ਲੁਧਿਆਣਾ: 28 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਸੜਕਾਂ ਦੇ ਪ੍ਰਮੁਖ ਚੋਂਕਾਂ ਵਿੱਚ ਜਾਣਾ, ਮੋਮਬੱਤੀਆਂ ਜਗਾਉਣ ਆਸਾਨ ਹੈ ਪਰ ਪਰਿਵਾਰਕ ਮੁਖੀ ਦੀ ਮੌਤ ਨਾਲ ਪਏ  ਘਾਟੇ ਦਾ ਅਹਿਸਾਸ ਬਹੁਤ ਹੀ ਮੁਸ਼ਕਿਲ।  ਦੇਸ੍ਵ੍ਹ ਲੈ ਜਾਨਾਂ ਵਾਰਨ ਦੀਆਂ ਗੱਲਾਂ ਕਰਨਾ ਵੀ ਸੌਖਾ ਹੈ ਪਰ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣਾ ਅਜੇ ਵੀ ਬੜਾ ਮੁਸ਼ਕਿਲ। ਦੀਨਾਨਗਰ 'ਚ ਅੱਤਵਾਦੀਆਂ ਦੇ ਹਮਲੇ 'ਚ ਸ਼ਹੀਦ ਹੋਏ ਪੰਜਾਬ ਪੁਲਸ ਦੇ ਐਸ ਪੀ ਬਲਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੇ ਸਸਕਾਰ ਲਈ ਪੰਜਾਬ ਸਰਕਾਰ ਸਾਹਮਣੇ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਹੈ। ਸੋਗ ਦੇ ਮੌਕੇ 'ਤੇਆਜਿਹਿ ਸ਼ਰਤ ਰੱਖਣ ਲੱਗਿਆਂ ਇਹ ਪਰਿਵਾਰ ਕਿੰਨੀ ਦੁਬਿਧਾ ਅਤੇ ਦਰਦ ਵਿੱਚੋਂ ਗੁਜਰਿਆ ਹੋਣਾ ਹੈ ਇਸਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਨਾ ਜਰੂਰੀ ਹੈ। ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾ ਦੇ ਪੁੱਤਰ ਨੂੰ ਐਸ ਪੀ ਅਤੇ ਧੀਆਂ ਨੂੰ ਤਹਿਸੀਲਦਾਰ ਬਣਾਉਣ ਲਈ ਨਿਯੁਕਤੀ ਪੱਤਰ ਨਹੀਂ ਮਿਲਦਾ, ਉਦੋਂ ਤੱਕ ਉਹ ਆਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਕਰੇਗੀ। ਕੁਲਵੰਤ ਕੌਰ ਨੇ ਦਸਿਆ ਕਿ ਜਦੋਂ ਉਨ੍ਹਾ ਦੇ ਸਹੁਰਾ ਸਾਹਿਬ ਸ਼ਹੀਦ ਹੋਏ ਸਨ, ਉਸ ਵੇਲੇ ਉਨ੍ਹਾ ਦੇ ਪਤੀ ਨੂੰ ਨੌਕਰੀ ਹਾਸਲ ਕਰਨ ਲਈ ਦੋ ਸਾਲ ਧੱਕੇ ਖਾਣੇ ਪਏ ਸਨ। ਕੁਲਵੰਤ ਕੌਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਪੁਲਸ ਨੂੰ ਆਧੁਨਿਕ ਤਕਨਾਲੋਜੀ ਵਾਲੇ ਹਥਿਆਰ ਵੀ ਨਹੀਂ ਦਿੱਤੇ ਹਨ। ਐੱਸ.ਪੀ.ਡੀ ਬਲਜੀਤ ਸਿੰਘ ਦੇ ਬੇਟੇ ਮਨਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਉਸ ਦੇ ਪਿਤਾ ਵਾਲੀ ਐੱਸ.ਪੀ ਦੀ ਨੌਕਰੀ ਦਿੱਤੀ ਜਾਵੇ ਅਤੇ ਭੈਣਾਂ ਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਵੇ। ਮਨਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਦੀ ਮੌਤ 'ਤੇ ਪੰਜਾਬ ਸਰਕਾਰ ਨੇ ਉਸ ਦੇ ਪਰਵਾਰ ਨੂੰ 1 ਕਰੋੜ ਰੁਪਏ ਅਤੇ ਉਸ ਦੀ ਬੇਟੀ ਨੂੰ ਤਹਿਸੀਲ਼ਦਾਰ ਦੀ ਨੌਕਰੀ ਦਿੱਤੀ ਸੀ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਮੈਨੂੰ ਐੱਸ.ਪੀ ਰੈਂਕ ਦੀ ਨੌਕਰੀ ਮੌਕੇ 'ਤੇ ਹੀ ਦਿੱਤੀ ਜਾਵੇ। ਸ਼ਹੀਦ ਬਲਜੀਤ ਸਿੰਘ ਦੇ ਬੇਟੇ ਦੇ ਬਿਆਨ ਤੋਂ ਸਾਰੇ ਲੋਕ ਹੈਰਾਨ ਰਹਿ ਗਏ ਪਰ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਪੈਦਾ ਹੁੰਦੀ ਇਸ ਮਾਂਸਿਕ੍ਕਤਾ ਬਾਰੇ ਕਿਸੇ ਨਾ ਸੋਚਿਆ। ਪਰਿਵਾਰਿਕ ਮੁਖੀ ਦਾ ਸਦੀਵੀ ਵਿਛੋੜਾ, ਸਾਹਮਣੇ ਪਈ ਲਾਸ਼ ਪਰ ਉਸ ਦਰਦ ਨਾਲੋਂ ਵੱਡਾ ਦਰਦ ਬਣੀ ਆਉਣ ਵਾਲੀ ਜ਼ਿੰਦਗੀ। ਜਾਨਾਂ ਵਾਰਨ ਵਾਲੇ ਪਰਿਵਾਰਾਂ ਦੀ ਇਸ ਹਾਲਤ ਨੂੰ ਦੇਖ ਕੇ ਸਾਨੂੰ ਸ਼ਰਮ ਆਉਣੋ  ਵੀ ਹਟ ਗਈ ਹੈ। ਮੋਮਬੱਤੀਆਂ ਜਗਾਈਆਂ, ਫੋਟੋ ਖਿਚਵਾਈਆਂ ਅਤੇ ਚਲੋ ਜੀ ਮੁੱਕ ਗਿਆ ਫਰਜ਼, ਹੋ ਗਏ ਸਾਰੇ ਲਾਂਭੇ। ਜਿਸਦਾ ਪਤੀ ਚਲੀ ਗਿਆ ਉਸਨੇ ਸਾਰੀ ਉਮਰ ਇਕੱਲੀ ਨੇ ਦੁਖ ਝੱਲਣਾ ਹੈ, ਜਿਹਨਾਂ ਦਾ ਪੁੱਤ ਚਲਾ ਗਿਆ ਉਹਨਾਂ ਆਪਣਾ ਬੁਢਾਪਾ ਬਿਨਾ ਦ੍ਗੋਰੀ ਦੇ ਲੰਘਾਉਣਾ ਹੈ, ਜਿਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੁੱਸ ਗਿਆ ਉਹਨਾਂ ਇੱਕ ਇੱਕ ਪਲ ਬਿਨਾ ਮਾਰਗਦਰਸ਼ਨ ਦੇ ਲੰਘਾਉਣਾ ਹੈ। 
ਬਲਜੀਤ ਸਿੰਘ ਦੇ ਪਰਵਾਰ 'ਚ ਪਤਨੀ ਕੁਲਵੰਤ ਕੌਰ ਤੋਂ ਇਲਾਵਾ ਇੱਕ ਪੁੱਤਰ ਮਨਿੰਦਰ ਸਿੰਘ (27) ਅਤੇ ਦੋ ਧੀਆਂ ਪਰਮਿੰਦਰ ਕੌਰ (22) ਅਤੇ ਰਵਿੰਦਰ ਕੌਰ (20) ਹਨ। ਮਨਿੰਦਰ ਬੀ ਟੈਕ ਕਰ ਰਿਹਾ ਹੈ, ਜਦਕਿ ਪਰਮਿੰਦਰ ਆਈਲੈਟਸ ਅਤੇ ਰਵਿੰਦਰ ਬੀ ਡੀ ਐਸ ਕਰ ਰਹੀ ਹੈ। ਬਲਜੀਤ ਸਿੰਘ ਆਪਣੇ ਸਮੇਂ ਚੋਟੀ ਦੇ ਹਾਕੀ ਖਿਡਾਰੀ ਸਨ। ਉਹ ਹਾਕੀ ਟੀਮ 'ਚ ਮਿੱਡ ਫੀਲਡਰ ਵਜੋਂ ਖੇਡਦੇ ਸਨ। ਉਨ੍ਹਾ ਨੇ 1993 'ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।
ਬਲਜੀਤ ਸਿੰਘ ਦੇ ਪਿਤਾ ਅੱਛਰ ਸਿੰਘ ਨੂੰ ਵੀ ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ। ਸਰਕਾਰ ਨੇ ਬਲਜੀਤ ਸਿੰਘ ਨੂੰ ਪੁਲਸ 'ਚ ਨੌਕਰੀ ਦੇ ਦਿੱਤੀ ਸੀ। ਅੱਛਰ ਸਿੰਘ ਉਸ ਵੇਲੇ ਪੁਲਸ 'ਚ ਇੰਸਪੈਕਟਰ ਸਨ। ਉਨ੍ਹਾ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ ਨੂੰ 1985 'ਚ ਏ ਐਸ ਆਈ ਦੀ ਨੌਕਰੀ ਦਿੱਤੀ ਗਈ ਸੀ।ਜੇ ਅਸੀਂ ਹਰ ਵਿਅਕਤੀ ਦੇ ਮਨ ਵਿੱਚ ਸ਼ਹੀਦ ਪਰਿਵਾਰਾਂ ਲਈ ਸਤਿਕਾਰ ਪੈਦਾ ਕਰ ਸਕੀਏ ਤਾਂ ਹੀ ਬਣੇਗੀ ਆਰਥਿਕ ਸੁਰੱਖਿਆ ਯਕੀਨੀ। 

Monday, July 27, 2015

ਪੰਜਾਬ ਦੇ ਹਿੰਸਕ ਮਿਲੀਟੈੰਟ ਇਤਿਹਾਸ ਵਿੱਚ ਭਿਆਨਕ ਮੋੜ

ਪਹਿਲੀ ਵਾਰ ਪੂਰਾ ਥਾਣਾ ਕਬਜ਼ੇ 'ਚ-ਲੋਕ ਇੱਕ  ਸਾਹ ਹੋ ਕੇ ਸੁਣਦੇ ਰਹੇ ਖਬਰਾਂ 
ਬਾਪੂ ਸੂਰਤ ਸਿੰਘ ਖਾਲਸਾ ਵਾਲੀ ਮੁਹਿੰਮ 'ਤੇ ਪੈ ਸਕਦਾ ਹੈ ਸਿਧਾ ਅਸਰ  
ਦੀਨਾਨਗਰ, ਗੁਰਦਾਸਪੁਰ//ਲੁਧਿਆਣਾ:
ਪੰਜਾਬ ਵਿੱਚ ਦਹਿਸ਼ਤਗਰਦਾਂ  ਦੇ ਵੱਡੇ ਹਮਲੇ ਨਾਲ ਹਰ ਪਾਸੇ ਸੋਗ, ਸਦਮੇ ਅਤੇ ਉਦਾਸੀ ਦੀ ਲਹਿਰ ਹੈ। ਲੋਕਾਂ ਨੂੰ ਪੰਜਾਬ ਦਾ ਸੰਤਾਪ ਇੱਕ ਵਾਰ ਫੇਰ ਸ਼ੁਰੂ ਹੁੰਦਾ ਮਹਿਸੂਸ ਹੋ ਰਿਹਾ ਹੈ। ਥਾਣੇ ਨੂੰ ਕਬਜ਼ੇ ਵਿੱਚ ਲੈਣ ਵਾਲੀ ਘਟਨਾ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾਂ ਕਦੇ ਨਹੀਂ ਵਾਪਰੀ। ਨਕਸਲਬਾੜੀ ਲਹਿਰ ਵੇਲੇ ਥਾਣਾ ਚਮਕੌਰ ਸਾਹਿਤ 'ਤੇ ਹਮਲਾ ਹੋਇਆ ਸੀ ਜਿਸਨੂੰ ਨਾਕਾਮ ਕਰ ਦਿੱਤਾ ਗਿਆ ਸੀ। ਇਸ ਹਮਲੇ ਦਾ ਸਿਧਾ ਅਸਰ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ ਬਣੀ ਮੁਹਿੰਮ 'ਤੇ ਵੀ ਪੈਣਾ ਹੈ। ਬੰਦੀ ਸਿੰਘਾਂ ਦੀ ਰਿਹਾਈ ਇੱਕ ਵਾਰ ਫੇਰ ਖਟਾਈ ਵਿੱਚ ਪੈਂਦੀ ਨਜ਼ਰ ਆ ਰਹੀ ਹੈ। 
ਹਰ ਪਾਸੇ ਸਨਸਨੀ ਦਾ ਮਾਹੌਲ ਸੀ। ਹਮਲੇ ਤੋਂ ਬਾਅਦ ਸਾਰੇ ਪੰਜਾਬ ਵਿੱਚ ਚੌਕਸੀ ਵਧਾਈ ਗਈ। ਸਰਕਾਰੀ ਦਫਤਰਾਂ ਵਿੱਚ  ਪੂਰੀ ਸਖਤੀ ਰਹੀ। ਲੁਧਿਆਣਾ ਦੇ ਸਿੰਗਲ ਵਿੰਡੋ ਵਾਲੇ ਹਾਲ ਵਿੱਚ ਇੱਕ ਇੱਕ ਵਿਅਕਤੀ ਨੂੰ ਹੀ ਅੰਦਰ ਜਾਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਸੀ। ਤਕਰੀਬਨ ਦੋ ਦਹਾਕਿਆਂ ਮਗਰੋਂ ਅੱਜ ਦੀਨਾਨਗਰ 'ਚ ਵੱਡੇ ਅੱਤਵਾਦੀ ਹਮਲੇ 'ਚ ਪੰਜਾਬ ਪੁਲਸ ਦੇ ਇੱਕ ਐਸ ਪੀ ਸਮੇਤ 5 ਪੁਲਸ ਜਵਾਨ ਸ਼ਹੀਦ ਹੋ ਗਏ ਅਤੇ ਥਾਣੇ ਦੀ ਹਵਾਲਾਤ 'ਚ ਬੰਦ ਦੋ ਵਿਅਕਤੀਆਂ ਸਮੇਤ 3 ਸ਼ਹਿਰੀ ਵੀ ਮਾਰੇ ਗਏ। ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਜੁਆਬੀ ਕਾਰਵਾਈ 'ਚ ਸਾਰੇ 3 ਅੱਤਵਾਦੀ ਮਾਰੇ ਗਏ। ਮੁਕਾਬਲਾ ਤਕਰੀਬਨ 11 ਘੰਟੇ ਜਾਰੀ ਰਿਹਾ।ਕਈ ਵਾਰ ਇਸ ਨੂੰ 12 ਘੰਟੇ ਵੀ ਕਿਹਾ ਗਿਆ।  ਮਰਨ ਵਾਲਿਆਂ ਦੀ ਗਿਣਤੀ ਵੀ ਵਧ ਘਟ ਹੁੰਦੀ ਰਹੀ।
ਉਧਰ ਦੀਨਾਨਗਰ ਵਿਖੇ ਇੱਕ ਹੋਰ ਵੱਡਾ ਦੁਖਾਂਤ ਟਲ ਗਿਆ, ਜਦੋਂ ਰੇਲਵੇ ਲਾਈਨ 'ਤੇ ਰੱਖੇ ਗਏ 5 ਬੰਬਾਂ ਦਾ ਸਮੇਂ ਸਿਰ ਪਤਾ ਲੱਗ ਜਾਣ 'ਤੇ ਉਨ੍ਹਾ ਨੂੰ ਨਕਾਰਾ ਕਰ ਦਿੱਤਾ ਗਿਆ। ਰੇਲਵੇ ਸੂਤਰਾਂ ਅਨੁਸਾਰ ਇਸ ਲਾਈਨ 'ਤੇ ਕੁਝ ਦੇਰ ਮਗਰੋਂ ਹੀ ਅੰਮ੍ਰਿਤਸਰ-ਪਠਾਨਕੋਟ ਮੁਸਾਫ਼ਰ ਗੱਡੀ ਨੇ ਗੁਜ਼ਰਨਾ ਸੀ, ਪਰ ਬੰਬਾਂ ਦਾ ਪਤਾ ਲੱਗ ਜਾਣ 'ਤੇ ਗੱਡੀ ਨੂੰ ਪਿਛਲੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਰਦੀਧਾਰੀ ਅੱਤਵਾਦੀਆਂ ਨੇ ਸਵੇਰੇ ਤਕਰੀਬਨ 5 ਵਜੇ ਇੱਕ ਢਾਬਾ ਮਾਲਕ ਨੂੰ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਲਈ। ਢਾਬਾ ਮਾਲਿਕ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਮਗਰੋਂ ਅੱਤਵਾਦੀਆਂ ਨੇ ਜੰਮੂ ਜਾ ਰਹੀ ਬੱਸ 'ਤੇ ਤਾਬੜ-ਤੋੜ ਫਾਇਰਿੰਗ ਕਰਕੇ 7 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਮਗਰੋਂ ਅੱਤਵਾਦੀਆਂ ਨੇ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਥਾਣੇ 'ਚ ਦਾਖਲ ਹੁੰਦਿਆਂ ਹੀ ਥਾਣੇ ਦੇ ਸੰਤਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਹਵਾਲਾਤ 'ਚ ਬੰਦ ਦੋ ਕੈਦੀ ਵੀ ਮਾਰ ਦਿੱਤੇ ਅਤੇ ਇਸ ਦੇ ਨਾਲ ਹੀ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ 'ਚ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਗੁਰਦਾਸਪੁਰ ਤੋਂ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਪੁਲਸ ਕਾਰਵਾਈ ਦੀ ਕਮਾਨ ਸੰਭਾਲ ਲਈ। ਇਸੇ ਦੌਰਾਨ ਇੱਕ ਗੋਲੀ ਐਸ ਪੀ (ਡੀ) ਬਲਜੀਤ ਸਿੰਘ ਦੇ ਸਿਰ 'ਚ ਲੱਗੀ ਅਤੇ ਉਹ ਸ਼ਹੀਦ ਹੋ ਗਏ। ਇਸ ਸ਼ਹੀਦੀ ਨਾਲ ਪੂਰੇ ਪੰਜਾਬ ਵਿੱਚ ਸਦਮੇ ਦੀ।   ਸੋਸ਼ਲ ਮੀਡੀਆ ਤੇ ਇਸ  ਅਧਿਕਾਰੀ ਨੂੰ  ਦਿੱਤੀ ਗਈ।  
ਪੁਲਸ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਥਾਣੇ 'ਤੇ ਕਬਜ਼ਾ ਕਰ ਲਿਆ ਅਤੇ ਪੁਲਸ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਤਕਰੀਬਨ 10 ਘੰਟੇ ਜਾਰੀ ਰਿਹਾ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਠਾਨਕੋਟ ਤੋਂ ਫ਼ੌਜ ਦੀ ਇੱਕ ਟੁਕੜੀ ਵੀ ਦੀਨਾਨਗਰ ਪੁੱਜ ਗਈ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ 'ਚ ਪੰਜਾਬ ਪੁਲਸ ਨੂੰ ਸਹਿਯੋਗ ਦਿੱਤਾ, ਪਰ ਪੰਜਾਬ ਪੁਲਸ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਂਡ ਆਪਣੇ ਹੱਥ 'ਚ ਰੱਖੀ ਅਤੇ ਅੰਤ ਸਾਰੇ 4 ਅੱਤਵਾਦੀਆਂ ਨੂੰ ਮਾਰਨ 'ਚ ਸਫ਼ਲਤਾ ਹਾਸਲ ਕੀਤੀ। ਅੱਤਵਾਦੀਆਂ ਵੱਲੋਂ ਏ ਕੇ 47 ਅਤੇ ਗਰਨੇਡਾਂ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲੇ ਕੀਤੇ ਗਏ। ਦੀਨਾਨਗਰ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅੱਜ ਸਵੇਰੇ ਹੀ ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਸ਼ਹਿਰ 'ਚ ਐਚ ਡੀ ਐਫ਼ ਸੀ ਅਤੇ ਐਕਸਿਸ ਬੈਂਕ ਦੀਆਂ ਬਰਾਂਚਾਂ ਵੀ ਬੰਦ ਰਹੀਆਂ।
ਈਟੀਵੀ ਵਾਸਤੇ ਉਚੇਚੀ ਮੀਡੀਆ ਕਵਰੇਜ ਲਈ ਲੁਧਿਆਣਾ ਦਾ ਗੌਰਵ ਵੀ ਉਚੇਚੇ ਤੌਰ ਤੇ ਪੁੱਜਿਆ 
ਦੀਨਾਨਗਰ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਸ ਦੇ ਮੁਖੀ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਤੋਂ ਤੁਰੰਤ ਦੀਨਾਨਗਰ ਪੁੱਜ ਗਏ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ। ਪ੍ਰਾਪਤ ਜਾਣਕਾਰੀ ਸਾਰੇ ਦਿਨ 'ਚ ਦੋਹਾਂ ਪਾਸਿਆਂ ਤੋਂ ਤਕਰੀਬਨ ਇੱਕ ਹਜ਼ਾਰ ਰਾਊਂਡ ਫਾਇਰਿੰਗ ਹੋਈ ਅਤੇ ਸਮੁੱਚੇ ਥਾਣਾ ਕੰਪਲੈਕਸ 'ਚ ਗੋਲੀਆਂ ਦੇ ਖਾਲੀ ਖੋਲ ਖਿਲਰੇ ਪਏ ਸਨ।
ਪੁਲਸ ਥਾਣੇ 'ਚੋਂ ਅੱਤਵਾਦੀਆਂ ਦੇ ਸਫਾਏ ਦੀ ਕਾਰਵਾਈ ਮੁਕੰਮਲ ਹੋ ਜਾਣ ਮਗਰੋਂ ਪੁਲਸ ਮੁਖੀ ਸੁਮੇਧ ਸੈਣੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਗੋਲੀ ਬਾਰੂਦ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੱਤਵਾਦੀਆਂ ਤੋਂ ਜੀ ਪੀ ਆਈ ਸਿਸਟਮ ਵੀ ਬਰਾਮਦ ਹੋਇਆ ਹੈ। ਉਨ੍ਹਾ ਦੱਸਿਆ ਕਿ ਅੱਤਵਾਦੀਆਂ ਕੋਲ ਏ ਕੇ 47 ਰਾਈਫਲਾਂ ਅਤੇ ਚੀਨ ਦੇ ਬਣੇ ਗਰਨੇਡ ਸਨ ਅਤੇ ਤਿੰਨੇ ਅੱਤਵਾਦੀ ਲਸ਼ਕਰੇ ਤਾਇਬਾ ਨਾਲ ਸੰਬੰਧਤ ਸਨ।
ਹੁਣ  ਦੇਖਣਾ ਹੈ ਕਿ ਹਮਲੇ ਮਗਰੋਂ ਉਠ ਰਹੇ ਸੁਆਲਾਂ ਅਤੇ ਲੋਕ ਮਨਾਂ  ਵਿੱਚ  ਪੈਦਾ ਹੋ ਰਹੀ ਨਿਰਾਸ਼ਾ ਨਾਲ ਸਰਕਾਰ ਕਿਵੇਂ ਨਿਪਟਦੀ ਹੈ ! ਇਸ ਹਮਲੇ ਨੇ ਜਿੱਥੇ ਮਿਲਿਤੈੰਟ ਸਫਾਂ ਵਿੱਚ ਵਧ ਰਹੀ ਸ਼ਕਤੀ ਦਾ ਸੰਕੇਤ ਦਿੱਤਾ ਹੈ ਉੱਥੇ ਖੁਫੀਆ  ਏਜੰਸੀਆਂ ਦੀ ਨਾਕਾਮੀ ਵੀ ਸਾਹਮਣੇ ਆਈ ਹੈ।  ਨਵੀਂ ਪੀੜ੍ਹੀ ਦੇ ਜਿਹਨਾਂ ਲੋਕਾਂ ਨੇ ਵੀਹ ਬੀ ਸਾਲ ਪਹਿਲਾਂ ਪੰਜਾਬ ਦਾ ਗੋਲੀ ਬਾਰੂਦ ਵਾਲਾ ਦੌਰ ਨਹੀਂ ਸੀ ਦੇਖਿਆ ਉਹਨਾਂ ਨੇ ਵੀ ਹੁਣ ਦੇਖ ਲਿਆ ਕਿ ਪੰਜਾਬ ਵਿੱਚ ਉਹਨਾਂ ਦੇ ਸੀਨੀਅਰ ਪਰਿਵਾਰਿਕ ਮੈਂਬਰਾਂ ਨੇ ਲਗਾਤਾਰ ਖੂਨੀ ਦਹਾਕਾ ਕਿਸ ਤਰਾਂ ਕੱਟਿਆ ਦੇਖਿਆ ਹੋਵੇਗਾ। 

Friday, May 22, 2015

ਮਹਾਰਾਣਾਂ ਪ੍ਰਤਾਪ ਸਿੰਘ ਦੀ 475 ਵੀ ਜਯੰਤੀ ਮਨਾਈ

ਦੀਨਾਨਗਰ ਵਿਖੇ ਹੋਇਆ ਰਾਜ ਪੱਧਰੀ ਸਮਾਗਮ 
ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕੀਤੀ ਉਚੇਚੇ ਤੋਰ ਤੇ ਸਿਰਕਤ
ਗੁਰਦਸਪੂਰ: 21 ਮੈ 2015: (ਵਿਜੇ ਸ਼ਰਮਾ//ਪੰਜਾਬ ਸਕਰੀਨ):
ਦੀਨਾਨਗਰ ਦੇ ਏ.ਐਸ. ਗਾਰਡਨ ਵਿਖੇ ਮਹਾਰਾਣਾ ਪ੍ਰਤਾਪ ਸਿੰਘ ਦੀ 475 ਵੀਂ ਜਯੰਤੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ । ਜਿਸ ਵਿੱਚ ਪੰਜਾਬ ਦੇ ਮੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਉਚੇਚੇ ਤੋਰ ਤੇ ਸਿਰਕਤ ਕੀਤੀ। ਇਸ ਪ੍ਰੋਗਰਾਮ ਚ ਜਿਲੇ ਭਰ ਚੋ ਪ੍ਰਮੁਖ ਆਗੂ ਵਧ ਚੜ੍ਹ ਕੇ ਸ਼ਾਮਲ ਹੋਏ। ਡਿਪਟੀ ਸਪੀਕਰ ਦਿਨੇਸ਼ ਬੱਬੂ,ਵਿਧਾਇਕ ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ, ਰਾਜਪੂਤ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਆਰ ਐਸ ਪਠਾਨੀਆਂ ਅਤੇ ਜੰਮੂ ਕਸਮੀਰ ਦੇ ਸਿਹਤ ਮੰਤਰੀ ਚੌਧਰੀ ਲਾਲ ਸਿੰਘ, ਰਾਜਸਥਾਨ ਦੇ ਮਹਾਰਾਜਾ ਰਣਜੀਤ ਸਿੰਘ ਸਰੋਹੀ ਤੋ ਇਲਾਵਾ ਅਨੇਕਾਂ ਮਹਾਨ ਸਖਸਿਅਤਾਂ ਨੇ ਹਿੱਸਾ ਲਿਆ। 
ਇਸ ਮੋਕੇ ਤੇ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆ ਸ; ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਮਹਾਰਾਣਾ ਪ੍ਰਤਾਪ ਵਰਗੇ ਮਹਾਨ ਯੌਧਿਆਂ ਦੀਆਂ ਜਯੰਤੀਆਂ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਉਦੀ ਆ ਰਹੀ ਹੈ ਉਨਾ ਕਿਹਾ ਕਿ ਸਾਨੂੰ ਬੜਾ ਮਾਨ  ਹੈ ਕਿ ਪੰਜਾਬ ਦੇ  ਯੋਧਿਆਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ । ਉਨਾ ਕਿਹਾ ਕਿ ਪੰਜਾਬ ਸਰਕਾਰ ਹਰੇਕ ਸਾਲ ਇਨਾਂ ਸੂਰਬੀਰਾਂ ਦੀਆਂ ਜਯੰਤੀਆਂ ਮਨਾਂਉਦੀ ਆ ਰਹੀ ਹੈ । ਉਨਾਂ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ  ਜੋ ਕਿਸਾਨਾਂ ਦੀ ਫਸਲ ਖਰਾਬ ਹੋਈ ਹੇ ਉਸਦਾ ਮੁਆਵਜਾ ਜਿੰਮੀਦਾਰਾਂ ਨੂੰ ਜਲਦੀ ਹੀ ਮਿਲ ਜਾਵੇਗਾ ਉਨਾ ਕਿਹਾ ਕਿ ਕਈ ਜਿਮੀਦਾਰਾਂ ਨੂੰ ਮੁਆਵਜਾ ਦੇ ਦਿੱਤਾ ਗਿਆ ਹੈ । ਉਨਾ ਪੈਟਰੋਲ ਡੀਜਲ ਤੇ ਲੱਗੇ ਟੈਕਸ ਬਾਰੇ ਕੋਈ ਠੋਸ ਜਵਾਬ ਨਾ ਦਿੱਤਾ।

Friday, September 06, 2013

ਪੀਏਯੂ ਵੱਲੋਂ ਗੁਰਦਾਸਪੁਰ ਦੇ ਖੇਤਰੀ ਕੇਂਦਰ ਵਿਖੇ ਕਿਸਾਨ ਮੇਲਾ ਆਯੋਜਿਤ

ਮੁੱਖ ਸੰਸਦੀ ਸਕੱਤਰ ਬੱਬੇਹਾਲੀ ਨੇ ਦੱਸੇ ਮੁਨਾਫਾ ਕਮਾਉਣ ਦੇ ਗੁਰ 
ਲੁਧਿਆਣਾ: 6 ਸਤੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਆਪਣੀ ਹਾਜ਼ਰੀ ਲੁਆਈ। ਇਸ ਕਿਸਾਨ ਮੇਲੇ ਵਿੱਚ ਮੁੱਖ ਪਾਰਲੀਮੈਂਟਰੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਮੈਂਬਰ ਸ: ਹਰਦੇਵ ਸਿੰਘ ਰਿਆੜ ਅਤੇ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਇਸ ਮੌਕੇ ਸ: ਬੱਬੇਹਾਲੀ ਨੇ ਖਚਾਖਚ ਭਰੇ ਪੰਡਾਲ ਵਿੱਚ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਨਾਲ ਸਬੰਧਿਤ ਹਰ ਇਕ ਇਨਸਾਨ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਈ ਨਵਾਂ ਉੱਦਮ ਖੇਤੀਬਾੜੀ ਨਾਲ ਸਬੰਧਿਤ ਸ਼ੁਰੂਆਤ ਕਰਨ ਲਈ ਸਾਨੂੰ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਸ ਇਲਾਕੇ ਦੀ ਖੇਤੀ ਨੂੰ ਪ੍ਰਫੁਲਤ ਕਰਨ ਲਈ ਇਹ ਕੇਂਦਰ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਸ: ਬੱਬੇਹਾਲੀ ਨੇ ਕਿਹਾ ਕਿ ਸਾਨੂੰ ਮੁੱਢਲਿਆਂ ਖਰਚਿਆਂ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਵੱਧ ਤੋਂ ਵੱਧ ਮੁਨਾਫ਼ਾ ਹਾਸਿਲ ਕਰ ਸਕੀਏ। ਉਹਨਾਂ ਵਿਸ਼ੇਸ਼ ਤੌਰ ਤੇ ਫੋਕੇ ਵਿਖਾਵਿਆਂ ਤੋਂ ਗੁਰੇਜ਼ ਕਰਨ ਨੂੰ ਕਿਹਾ ਅਤੇ ਇਸ ਗੱਲ ਦੀ ਅਪੀਲ ਕੀਤੀ ਕਿ ਆਪਣੇ ਆਪ ਨੂੰ ਸੱਚਾਈ ਦੇ ਨਾਲ ਜੋੜੀ ਰੱਖੀਏ ਅਤੇ ਨੌਜਵਾਨ ਪੀੜ੍ਹੀ ਖੇਤੀ ਤੋਂ ਬੇਮੁਖ ਨਾ ਹੋਵੇ। ਉਹਨਾਂ ਕਿਹਾ ਕਿ ਖੇਤੀ ਵਿੱਚ ਸਹਾਇਕ ਧੰਦੇ ਇਕ ਅਹਿਮ ਸਥਾਨ ਰੱਖਦੇ ਹਨ ਅਤੇ ਇਹਨਾਂ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਜੁੜੋ। 
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮੇਲਾ ਯੂਨੀਵਰਸਿਟੀ ਦੇ ਵਿਗਿਆਨੀਆਂ ਲਈ ਅਤਿ ਮਹੱਤਵਪੂਰਨ ਹੁੰਦਾ ਹੈ  ਕਿਉਂਕਿ ਕਿਸਾਨਾਂ ਵੱਲੋਂ ਦਿੱਤੀ ਜਾਂਦੀ ਹਰ ਇੱਕ ਸੂਚਨਾ ਨਵੀਆਂ ਖੋਜਾਂ ਕਰਨ ਵਿੱਚ ਸਹਾਈ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਦੁਪਾਸੜਾ ਮੇਲ ਮਿਲਾਪ ਹੈ ਅਤੇ ਤਕਨਾਲੋਜੀ ਪਸਾਰੇ ਦਾ ਇਕ ਅਹਿਮ ਵਸੀਲਾ ਹੈ। ਡਾ: ਢਿੱਲੋਂ ਨੇ ਦੱਸਿਆ ਕਿ ਵਾਤਾਵਰਨ ਵਿੱਚ ਆ ਰਿਹਾ ਵਿਗਾੜ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਅਸੀਂ ਮੇਲੇ ਦਾ ਉਦੇਸ਼ ''ਪਰਾਲੀ ਸਾੜ ਕੇ ਜੱਟਾ, ਨ ਕਰ ਸਭ ਦਾ ਮਨ ਖੱਟਾ '' ਰੱਖਿਆ ਗਿਆ ਹੈ। ਡਾ: ਢਿੱਲੋਂ ਨੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਵਿੱਚ 50 ਫੀ ਸਦੀ ਤੋਂ ਵੱਧ ਪਰਾਲੀ ਅੱਗ ਦੀ ਭੇਂਟ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸੰਬੰਧੀ ਯੂਨੀਵਰਸਿਟੀ ਵੱਲੋਂ ਅਨੇਕਾਂ ਸਿਫਾਰਸਾਂ ਕੀਤੀਆਂ ਗਈਆਂ ਹਨ। ਉਹਨਾਂ ਵਿਸੇਸ਼ ਤੌਰ ਤੇ ਪੱਤਾ ਰੰਗ ਚਾਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਛੋਟੇ ਜਿਹੇ ਯੰਤਰ ਨਾਲ ਅਸੀਂ ਨਾਈਟਰੋਜਨ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਇਹ ਪੱਤਾ ਰੰਗ ਚਾਰਟ ਹਰ ਇਕ ਕਿਸਾਨ ਕੋਲ ਹੋਣਾ ਚਾਹੀਦਾ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦੇ ਕੇ ਆਖਿਆ ਕਿ ਇਹਨਾਂ ਕਿਸਾਨ ਮੇਲਿਆਂ ਵਿੱਚ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਨਾਲ ਜ਼ਰੂਰ ਜੁੜੋ ਅਤੇ ਆਪਣੇ ਆਪਣੇ ਘਰਾਂ ਵਿੱਚ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਜ਼ਰੂਰ ਲੁਆਓ। 
ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਹਰਦੇਵ ਸਿੰਘ ਰਿਆੜ ਨੇ ਕਿਹਾ ਕਿ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲਓ ਅਤੇ ਕਿਸਾਨ ਇਹਨਾਂ ਮੇਲਿਆਂ ਵਿੱਚ ਆਪਣੇ ਖੋਜ ਤਜਰਬਿਆਂ ਦਾ ਮੁਲਾਂਕਣ ਯੂਨੀਵਰਸਿਟੀ ਵੱਲੋਂ ਕੀਤੇ ਖੋਜ ਤਜਰਬਿਆਂ ਨਾਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਮੇਲਿਆਂ ਦੌਰਾਨ ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਦੇ ਵਿਚਾਰ ਧਿਆਨ ਨਾਲ ਸੁਣੋ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਦੀ ਇਨਬਿਨ ਪਾਲਣਾ ਕਰੋ। ਬੋਰਡ ਦੇ ਮੈਂਬਰ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜ ਪ੍ਰਾਪਤੀਆਂ ਪ੍ਰਕਾਸ਼ਨਾਵਾਂ ਵਿੱਚ ਦਰਜ ਹੁੰਦੀਆਂ ਹਨ। ਇਸ ਲਈ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਨਾਲ ਸਾਂਝ ਪਾਓ। ਉਹਨਾਂ ਕਿਹਾ ਕਿ ਭਵਿੱਖ ਦੀ ਖੇਤੀ ਹਿਸਾਬ ਕਿਤਾਬ ਨਾਲ ਕਰਨ ਵਾਲੀ ਖੇਤੀ ਹੈ। 
ਮੇਲੇ ਵਿੱਚ ਆਏ ਕਿਸਾਨਾਂ ਨੂੰ ਜੀ ਆਇਆਂ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨਵੀਨ ਵਿਕਸਤ ਤਕਨਾਲੋਜੀ ਨੂੰ ਪ੍ਰਦਰਸ਼ਨੀਆਂ ਅਤੇ ਹੋਰ ਪ੍ਰਕਾਸ਼ਨਾਵਾਂ ਨਾਲ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਇਕ ਬੱਸ ਨੂੰ ਵੀ  ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਵੱਖ ਵੱਖ ਸਹਾਇਕ ਕਿੱਤਿਆਂ ਸੰਬੰਧੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਇਹ ਬੱਸ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵੀ ਫੇਰੀ ਪਾਵੇਗੀ। ਡਾ: ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸਾਂਝ ਜ਼ਰੂਰ ਪਾਓ ਅਤੇ ਸਹਾਇਕ ਕਿੱਤਿਆਂ ਸੰਬੰਧੀ ਸਿਖਲਾਈ ਹਾਸਿਲ ਕਰੋ। 
ਮੇਲੇ ਦੌਰਾਨ ਯੂਨੀਵਰਸਿਟੀ ਦੇ ਸਹਿਯੋਗੀ ਨਿਰਦੇਸ਼ਕ ਖੋਜ ਡਾ: ਪਿਆਰਾ ਸਿੰਘ ਚਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਤੇ ਖੋਜ ਕਾਰਜ ਕੀਤੇ ਜਾ ਰਹੇ ਹਨ ਅਤੇ 727 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਸਿਫਾਰਸ਼ ਕਣਕ ਦੀਆਂ 50 ਫੀ ਸਦੀ ਤੋਂ ਵੱਧ ਕਿਸਮਾਂ ਇਸ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਡਾ: ਚਾਹਲ ਨੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 658 ਤੋਂ ਇਲਾਵਾ ਮੱਕੀ, ਸੂਰਜਮੁਖੀ, ਅਮਰੂਦ, ਬੈਂਗਣ, ਮਿਰਚਾਂ ਆਦਿ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਕਣਕ ਦੀਆਂ  ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਬੀਜੋਗੇ ਤਾਂ ਪੀਲੀ ਕੁੰਗੀ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਕਿਹਾ ਕਿ 1973 ਤੋਂ ਸਥਾਪਿਤ ਇਹ ਕੇਂਦਰ ਸਭ ਤੋਂ ਪੁਰਾਣੇ ਕੇਂਦਰਾਂ ਵਿਚੋਂ ਇਕ ਹੈ। 
ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ। ਵੱਖ ਵੱਖ ਵਿਸ਼ਾ ਵਸਤੂ ਮਾਹਿਰਾਂ ਵੱਲੋਂ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਮੌਕੇ ਤੇ ਹੀ ਦਿੱਤੇ ਗਏ।