Friday, September 08, 2017

"ਹੱਡ ਭੰਨਵੀਂ ਮਿਹਨਤ ਮਗਰੋਂ ਵੀ ਅੱਜ ਸਾਡਾ ਅੰਨਦਾਤਾ ਔਖੇ ਦੌਰ ਵਿੱਚ"

Fri, Sep 8, 2017 at 4:40 PM
ਗੁਰਦਾਸਪੁਰ ਦੇ ਕਿਸਾਨ ਮੇਲੇ ਵਿੱਚ ਕਿਸਾਨੀ  ਦੇ ਦਰਦ 'ਤੇ ਫੋਕਸ 
ਲੁਧਿਆਣਾ: 8 ਅਗਸਤ, 2017: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ  ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ, ਸ. ਕੁਲਵੰਤ ਸਿੰਘ ਆਹਲੂਵਾਲੀਆਂ, ਮੁੱਖ ਮਹਿਮਾਨ ਵਜੋਂ, ਸ. ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਅਤੇ ਕਰਨਲ ਏ.ਪੀ.ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ।
'ਪਰਾਲੀ ਨਹੀਂ ਜਲਾਵਾਂਗੇ ਵਾਤਾਵਰਨ ਬਚਾਵਾਂਗੇ' ਦੇ ਵਿਸ਼ੇ ਨੂੰ ਲੈ ਕੇ ਲਗਾਏ ਗਏ ਇਸ ਮੇਲੇ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਅੱਜ ਸਾਡਾ ਅੰਨਦਾਤਾ ਔਖੇ ਦੌਰ  ਵਿਚੋਂ ਲੰਘ ਰਿਹਾ ਹੈ, ਜਿਸਦਾ ਮੁੱਖ ਕਾਰਨ ਖੇਤੀ ਦੀਆਂ ਲਾਗਤਾਂ ਦੇ ਲਗਾਤਾਰ ਵਧਣ ਅਤੇ ਆਮਦਨ ਦਾ ਘੱਟ ਹੋਣਾ ਹੈ। ਮਹਿੰਗਾਈ ਦੇ ਦਿਨ ਪ੍ਰਤੀ ਦਿਨ ਵਧ ਰਹੇ ਰੁਝਾਨ ਮੁਤਾਬਕ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵੀ ਵਾਧਾ ਹੋਣ ਦੀ ਸਿਫਾਰਿਸ਼ ਕਰਦਿਆਂ ਉਹਨਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਨਵੀਆਂ ਤਕਨੀਕਾਂ ਅਪਣਾ ਕੇ ਖੇਤੀ ਲਾਗਤਾਂ ਨੂੰ ਘਟਾਉਣ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ। ਕੀੜਿਆਂ ਮਕੌੜਿਆਂ ਦੀ ਰੋਕਥਾਮ ਲਈ ਰਸਾਇਣਕ ਜ਼ਹਿਰਾਂ ਦੀ ਥਾਂ ਸੰਯੁਕਤ ਕੀਟ ਪ੍ਰਬੰਧਨ  ਪ੍ਰਣਾਲੀ ਨੂੰ ਅਪਨਾਉਣ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਤਾਂ ਜੋ ਭੂਮੀ ਦੀ ਸਿਹਤ ਬਰਕਰਾਰ ਰਹਿ ਸਕੇ, ਉਤਪਾਦਨ ਦੇ ਵਧਣ ਦੇ ਨਾਲ-ਨਾਲ ਗੁਣਵਤਾ ਵਿੱਚ ਵੀ ਵਾਧਾ ਹੋ ਸਕੇ।  ਇਸੇ ਤਰ੍ਹਾਂ ਖੇਤੀ ਉਤਪਾਦਕਾਂ ਦੇ ਉਚਿਤ ਮੰਡੀਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਖੇਤੀ ਜਿਨਸਾਂ ਦੇ ਵਾਜਬ ਮੁੱਲ ਮਿਲ ਸਕਣਗੇ ਅਤੇ ਖੇਤੀ ਆਮਦਨ ਵਿੱਚ ਵਾਧਾ ਹੋ ਸਕੇਗਾ। ਇਸ  ਮੌਕੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਰਾਮ ਸਕਲ ਸਿੰਘ ਨੇ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਗੁਰਲਵਲੀਨ ਸਿੰਘ ਸਿੱਧੂ, ਡਿਪਟੀ  ਕਮਿਸ਼ਨਰ, ਗੁਰਦਾਸਪੁਰ ਨੇ ਕਿਹਾ ਕਿ  ਪੰਜਾਬ ਦਾ ਕਿਸਾਨ ਸਾਡੇ ਸਮੁੱਚੇ ਅਰਥਚਾਰੇ ਦੀ ਰੀੜ• ਦੀ ਹੱਡੀ ਹੈ ਅਤੇ ਇਸ ਦੀ ਖੁਸ਼ਹਾਲੀ ਅਤੇ ਤਰੱਕੀ ਨਾਲ ਹੀ ਸਾਡਾ ਪੰਜਾਬ ਖੁਸ਼ਹਾਲ ਹੋ ਸਕਦਾ ਹੈ। ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪੀ.ਏ.ਯੂ. ਵਲੋਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹਿੱਤ ਵਿੱਚ ਲਗਾਤਾਰ ਖੋਜ ਤਜ਼ਰਬੇ ਕੀਤੇ ਜਾ ਰਹੇ ਹਨ ਅਤੇ ਲੋੜ ਹੈ ਕਿ ਅਸੀਂ ਇਹਨਾਂ ਖੋਜ਼ ਤਜ਼ਰਬਿਆਂ ਨੂੰ ਆਪਣੇ ਖੇਤਾਂ ਵਿੱਚ ਅਪਨਾਉਂਦੇ ਹੋਏ ਗਿਆਨ ਵਿਗਿਆਨ ਮੁਤਾਬਕ ਖੇਤੀ ਕਰੀਏ। 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਦੇ ਮਹਾਂਵਾਕ ਤੇ ਪਹਿਰਾ ਦੇਣ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਕੇ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਚੰਗਾ ਚੁਗਿਰਦਾ ਅਤੇ ਸ਼ੁੱਧ ਵਾਤਾਵਰਨ ਦੇ ਸਕਾਂਗੇ। ਪਰਾਲੀ ਨੂੰ ਨਾ ਸਾੜਨ ਦੀ ਹਦਾਇਤ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਨ ਦੂਸਿਤ ਹੋਣੋ ਬਚ ਸਕੇਗਾ ਉਥੇ ਅਸੀਂ ਕਈ ਤਰ•ਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤੀ ਪਾ ਸਕਾਂਗੇ, ਨਰੋਆ ਅਤੇ ਤੰਦਰੁਸਤ ਜੀਵਨ ਬਤੀਤ ਕਰ ਸਕਾਂਗੇ। ਇਸ  ਮੌਕੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ।
ਇਸ ਮੌਕੇ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜ਼ਮੀਨਾਂ ਘਟ ਰਹੀਆਂ ਹਨ ਅਤੇ ਲਾਗਤਾਂ ਵਧ ਰਹੀਆਂ ਹਨ ਇਸ ਲਈ ਸਾਨੂੰ ਘੱਟ ਜ਼ਮੀਨਾਂ ਵਿਚੋਂ ਵੱਧ ਤੋਂ ਵੱਧ ਝਾੜ ਲੈਣ ਦੇ ਨਾਲ-ਨਾਲ ਖੇਤੀ ਲਾਗਤਾਂ ਦੇ ਲੇਖੇ ਜੋਖੇ ਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ। ਸੋਧੇ ਬੀਜਾਂ ਦੀ ਵਰਤੋਂ ਕਰਨ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਇਸ ਨਾਲ ਝੋਨੇ ਦੇ ਝੰਡਾ ਰੋਗ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ। ਬਾਗਾਂ ਵਿੱਚ ਫਰੂਟ ਫਲਾਈ ਟਰੈਪਸ ਅਤੇ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਵਾ ਕੇ ਕਰਨ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਸਹਾਇਕ ਧੰਦਿਆਂ ਨੂੰ ਅਪਣਾ ਕੇ ਅਸੀਂਂ ਆਪਣੀ ਖੇਤੀ ਆਮਦਨ ਵਿੱਚ ਕਾਫੀ ਵਾਧਾ ਕਰ ਸਕਦੇ ਹਾਂ।  ਸਬਜ਼ੀਆਂ ਅਤੇ ਫਲਾਂ ਦੀ  ਪ੍ਰੋਸੈਸਿੰਗ ਤੇ ਜੋਰ ਦਿੰਦਿਆਂ ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਸਥਾਪਿਤ ਕੀਤੇ ਇਨਕੂਬੇਸ਼ਨ ਸੈਂਟਰਾਂ ਦੀ ਵਰਤੋਂ ਕਰਨ ਲਈ ਸਿਫਾਰਿਸ਼ ਕੀਤੀ।  ਵਾਤਾਵਰਨ ਦੀ ਸਾਂਭ ਸੰਭਾਲ ਹਿੱਤ ਰਸਾਇਣਕ ਖਾਦਾਂ ਦੀ ਥਾਂ ਹਰੀ ਖਾਦ ਅਤੇ ਜੀਵਾਨੂੰ ਖਾਦ ਦੀ ਵਰਤੋਂ  ਬਾਰੇ ਚਾਨਣਾ ਪਾਉਂਦਿਆਂ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ 14 ਫਸਲਾਂ ਵਿੱਚ ਜੀਵਾਨੂੰ ਖਾਦ ਦੀ ਸਿਫਾਰਿਸ਼ ਕੀਤੀ ਗਈ ਹੈ। ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਖੇਤੀ ਰਸਾਲਿਆਂ 'ਚੰਗੀ ਖੇਤੀ' ਅਤੇ 'ਪ੍ਰੋਗਰੈਸਿਵ ਫਾਰਮਿੰਗ' ਤੋਂ ਇਲਾਵਾ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀਆਂ ਸਿਫਾਰਸ਼ਾਂ ਅਤੇ ਹੋਰ ਖੇਤੀ ਸਾਹਿਤ ਨੂੰ ਪੜਣ ਲਈ ਪ੍ਰੇਰਦਿਆਂ ਉਹਨਾਂ ਦੱਸਿਆ ਕਿ ਪੀ.ਏ.ਯੂ ਦੀ ਵੈƒਬ ਸਾਈਟ ਤੇ ਕਿਸਾਨ ਪੋਰਟਲ ਰਾਹੀਂ ਵੀ ਕਿਸਾਨ ਭਰਾ ਖੇਤੀ ਬਾਰੇ ਸਮੁੱਚੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਖੋਜ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਡਾ. ਕੇ. ਐਸ .ਥਿੰਦ, ਮੁਖੀ, ਪਲਾਂਟ ਬਰੀਡਿੰਗ ਵਿਭਾਗ, ਪੀ.ਏ.ਯੂ. ਨੇ ਕਿਹਾ ਕਿ ਯੂਨੀਵਰਸਿਟੀ ਨੇ ਹੁਣ ਤੱਕ ਫLਸਲਾਂ ਦੀਆਂ 816 ਕਿਸਮਾਂ ਵਿਕਸਿਤ ਕੀਤੀਆਂ ਹਨ ਜਿਹਨਾਂ ਵਿਚੋਂ 173 ਕਿਸਮਾਂ ਰਾਸ਼ਟਰੀ ਪੱਧਰ ਤੇ ਸਿਫਾਰਿਸ਼ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਖੇਤੀ ਵਾਤਾਵਰਨ ਅਤੇ ਖੁਰਾਕੀ ਲੋੜਾਂ ਨੂੰ ਵੇਖਦਿਆਂ ਖੇਤੀ ਖੋਜ ਵਿੱਚ ਨਿਰੰਤਰ ਨਵੀਆਂ ਸੇਧਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘੱਟ ਪਾਣੀ ਲੈਣ ਵਾਲੀਆਂ, ਬਿਮਾਰੀਆਂ ਅਤੇ ਕੀੜਿਆਂ ਮਕੌੜਿਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵਾਲੀਆਂ ਤਕਨੀਕਾਂ ਅਤੇ ਖੇਤ ਮਸ਼ੀਨਰੀ ਨੂੰ ਵਿਕਸਿਤ ਕੀਤਾ ਜਾ ਸਕੇ। ਉਹਨਾਂ ਨੇ ਇਸ ਮੌਕੇ ਕਣਕ, ਚਾਰੇ, ਜਵੀ ਦੇ ਨਾਲ-ਨਾਲ ਟਮਾਟਰ, ਭਿੰਡੀ, ਘੀਆ ਕੱਦੂ, ਝਾੜ ਕਰੇਲੇ, ਫੁੱਲਾਂ ਅਤੇ ਫਲਾਂ ਦੀਆਂ ਕਿਸਮਾਂ ਬਾਰੇ  ਜਾਣਕਾਰੀ ਪ੍ਰਦਾਨ ਕੀਤੀ। ਪੱਤਾ ਰੰਗ ਚਾਰਟ ਮੁਤਾਬਕ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਤੁਪਕਾ ਸਿੰਚਾਈ ਅਤੇ ਲੇਜਰ ਲੈਵਲਰ ਦੀ ਵਰਤੋਂ ਕਰਨ ਦੀ ਵੀ ਸਿਫਾਰਿਸ਼ ਕੀਤੀ। ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣ ਦੀ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਪੀ.ਏ.ਯੂ. ਵਲੋਂ ਵਿਕਸਿਤ ਕੀਤੀ ਨਵੀਂ ਖੇਤ ਮਸ਼ੀਨਰੀ ਪੀ.ਏ.ਯੂ. ਸੁਪਰ ਐਸ.ਐਮ.ਐਸ ਜੋ ਕਿ ਕੰਬਾਇਨ ਨਾਲ ਲਗਦਾ ਹੈ ਅਤੇ ਪਰਾਲੀ ਦਾ ਕੁਤਰਾ ਕਰਦਾ ਹੈ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ, ਸਟਾਫ ਮੈਂਬਰਾਂ ਅਤੇ ਕਿਸਾਨਾਂ ਨੂੰ ਡਾ. ਡੀ.ਐਸ. ਭੱਟੀ, ਅਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ, ਪੀ.ਏ.ਯੂ. ਨੇ ਨਿੱਘਾ ਜੀ ਆਇਆਂ ਨੂੰ ਕਿਹਾ ਅਤੇ ਡਾ. ਰਾਮ ਸਕਲ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਨੇ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਯੂਨੀਵਰਸਿਟੀ ਦੇ ਵੱਖੋ ਵੱਖ ਵਿਭਾਗਾਂ ਵਲੋਂ ਖੇਤ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਦੇ ਗਿਆਨ ਵਿਗਿਆਨ ਵਿੱਚ ਵਾਧਾ ਕੀਤਾ ਗਿਆ ਅਤੇ ਮਾਹਿਰਾਂ ਨੇ ਕਿਸਾਨਾਂ ਦੀਆਂ ਖੇਤੀ ਦਰਪੇਸ਼ ਸਮੱਸਿਆਵਾਂ ਦੇ ਸਯੋਗ ਹੱਲ ਸੁਝਾਏ।

No comments: