Thu, Oct 27, 2016 at 9:00 PM
ਸੂਬਾ ਸਰਕਾਰ ਵੱਲੋਂ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ-ਸੇਖਵਾਂ
ਇਹ ਯਾਦਗਾਰ ਬਹਾਦਰ ਸੈਨਿਕਾਂ ਦੀ ਸੂਰਮਗਤੀ ਨੂੰ ਕਰਦੀ ਹੈ ਪੇਸ਼
ਬਟਾਲਾ: 27 ਅਕਤੂਬਰ 2016: (ਵਿਜੇ ਸ਼ਰਮਾ//ਪੰਜਾਬ ਸਕਰੀਨ):
ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਵਿਖੇ ਬਣਾਇਆ ਗਿਆ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ’ ਨਵੀਂ ਪੀੜ੍ਹੀ ’ਚ ਦੇਸ਼ ਭਗਤੀ ਦੀ ਚਿਣਗ ਜਗਾਵੇਗਾ। ਸੂਬਾ ਸਰਕਾਰ ਵੱਲੋਂ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕਰਕੇ ਉਸਾਰੀ ਗਈ ਇਸ ਜੰਗੀ ਯਾਦਗਾਰ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦੀ ਕੁਰਬਾਨੀਆਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਾਦਗਾਰ ਬਣਾ ਕੇ ਦੇਸ਼ ਖਾਤਰ ਜਾਨਾ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ ਵਿੱਚ ਸ਼ਹੀਦਾਂ ਦੇ ਮਾਣ-ਸਤਿਕਾਰ ਤੇ ਅਦਬ ਨੂੰ ਵਧਾਉਣ ਲਈ ਏਸ਼ੀਆ ਦੀ ਸਭ ਤੋਂ ਉਚੀ (130 ਫੁੱਟੀ ਉਚੀ) ਅਤੇ 54 ਟਨ ਭਾਰੀ ਕਿਰਪਾਨ ਲਗਾਈ ਗਈ ਹੈ। ਕਿਰਪਾਨ ਹੇਠਾਂ ਬਣਾਏ ਗਏ ਥੜ੍ਹੇ ਵਿਚ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਫੌਜ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੀਆਂ 8 ਗੈਲਰੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪੰਜਾਬੀਆਂ ਵੱਲੋਂ ਵੱਖ-ਵੱਖ ਜੰਗਾਂ ਵਿਚ ਵਿਖਾਏ ਗਏ ਬਹਾਦਰੀ ਭਰੇ ਕਾਰਨਾਮਿਆਂ ਨੂੰ ਕੰਧਾਂ ’ਤੇ ਪੇਂਟਿੰਗ, ਬੁੱਤ, ਇਲੈਕਟ੍ਰੋਨਿਕ ਸਕਰੀਨ ਆਦਿ ਜ਼ਰੀਏ ਦਰਸਾਇਆ ਗਿਆ ਹੈ। ਸ. ਸੇਖਵਾਂ ਨੇ ਦੱਸਿਆ ਕਿ ਇਹ ਨਜ਼ਾਰਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਤੋਂ ਸ਼ੁਰੂ ਹੋ ਕੇ ਕਾਰਗਿਲ ਜੰਗ ਤੱਕ ਦਾ ਬਿਰਤਾਂਤ ਪੇਸ਼ ਕਰਦਾ ਹੈ, ਜਿਸ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੋਏ ਯੁੱਧ, ਐਂਗਲੋ ਸਿੱਖ ਵਾਰ ਦੀਆਂ 6 ਲੜਾਈਆਂ, ਦੋਵਾਂ ਵਿਸ਼ਵ ਯੁੱਧਾਂ ਵਿਚ ਪੰਜਾਬੀ ਫੌਜੀਆਂ ਵੱਲੋਂ ਵਿਖਾਏ ਜੌਹਰ, 1947-48 ਵਿਚ ਕਸ਼ਮੀਰ ਵਿਚ ਪਾਕਿਸਤਾਨੀ ਧਾੜਵੀਆਂ ਨਾਲ ਲੜੀ ਲੜਾਈ, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਦੀ ਲੜਾਈ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਇਸ ਯਾਦਗਾਰ ਵਿੱਚ ਬਰਕੀ ਦੀ ਲੜਾਈ ਦੌਰਾਨ ਪਾਕਿਸਤਾਨ ਤੋਂ ਖੋਹੇ ਅਮਰੀਕਾ ਦੇ ਬਣੇ ਸ਼ਰਮਨ ਟੈਂਕ ਅਤੇ 1971 ਦੀ ਜੰਗ ਦੌਰਾਨ ਖੇਮਕਰਨ ਬਾਰਡਰ ’ਤੇ ਤਬਾਹ ਕੀਤੇ ਪਾਕਿਸਤਾਨੀ ਫੌਜ ਦੇ ਪੈਂਟਨ ਟੈਂਕ ਵੀ ਰੱਖੇ ਗਏ ਹਨ। ਇੰਨਾਂ ਟੈਕਾਂ ਨੂੰ ਤਬਾਹ ਕਰਨ ਲਈ ਭਾਰਤ ਵੱਲੋਂ ਵਰਤਿਆ ਗਿਆ ਸੈਂਚੂਰੀਅਨ ਟੈਂਕ ਵੀ ਇਸ ਯਾਦਗਾਰ ਦੀ ਸ਼ੋਭਾ ਵਧਾ ਰਿਹਾ ਹੈ। ਇਸ ਦੇ ਨਾਲ-ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣ ਦੇ ਦੰਦ ਖੱਟੇ ਕਰਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਰੂਸ ਦਾ ਬਣਿਆ ਮਿਗ-23 ਜਹਾਜ਼ ਵੀ ਇਸ ਯਾਦਗਾਰ ਵਿਚ ਸਥਾਪਤ ਕੀਤਾ ਗਿਆ ਹੈ।
ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਾਦਗਾਰ ਸਥਾਪਤ ਕਰਕੇ ਸ਼ਹੀਦਾਂ ਨੂੰ ਮਾਣ-ਸਨਮਾਨ ਦਿੱਤਾ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਦੇ ਨਾਲ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਮਹਾਨ ਸੂਰਵੀਰਾਂ ਦੀ ਕੁਰਬਾਨੀ ਦੀ ਨੂੰ ਜਾਣ ਸਕਣਗੀਆਂ। ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਮਿ੍ਰਤਸਰ ਵਿਖੇ ਬਣੇ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿੳੂਜ਼ੀਅਮ’ ਨੂੰ ਜਰੂਰ ਦੇਖ ਕੇ ਆਉਣ।
No comments:
Post a Comment