26th March 2022 at 07:01 PM
ਕਲਾਨੌਰ ਵਿੱਚ ਹੋਲੇ ਮੁਹੱਲੇ ਦੇ ਮੌਕੇ ਤੇ ਹੋਇਆ ਸਰਬ ਧਰਮ ਵਰਗਾ ਸੰਮੇਲਨ
ਲੁਧਿਆਣਾ//ਕਲਾਨੌਰ: 26 ਮਾਰਚ 2022: (ਪੰਜਾਬ ਸਕਰੀਨ ਡੈਸਕ)::
ਗੱਲ ਕੱਲੀ ਯੂਕਰੇਨ 'ਤੇ ਰੂਸ ਦੇ ਹਮਲਿਆਂ ਦੀ ਨਹੀਂ। ਇਸ ਜੰਗ ਦੇ ਬਹਾਨੇ ਨੂੰ ਲੈ ਕੇ ਨਿੱਤ ਦਿਹਾੜੇ ਜ਼ਰੂਰੀ ਚੀਜ਼ਾਂ ਦੀ ਜ਼ਖ਼ੀਰਾਬਾਜ਼ੀ ਦੀ ਵੀ ਨਹੀਂ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਵੱਧ ਰਹੀ ਮਹਿੰਗਾਈ ਵੀ ਹੁਣ ਨਵੀਂ ਗੱਲ ਨਹੀਂ ਰਹੀ। ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲਖੁਆਰੀ ਵੀ ਅਜੇ ਤੱਕ ਉਹਨਾਂ ਦੀ ਤਕਦੀਰ ਹੀ ਲੱਗਦੀ ਹੈ। ਰੋਜ਼ਗਾਰ, ਪੈਨਸ਼ਨ ਅਤੇ ਹੋਰ ਮੁਸ਼ਕਲਾਂ ਵੀ ਬਥੇਰੀਆਂ ਹਨ ਜਿਹੜੀਆਂ ਹੱਲ ਨਹੀਂ ਹੁੰਦੀਆਂ। ਆਰਥਿਕਤਾ ਦੀਆਂ ਮੁਸ਼ਕਲਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸਤਾਪਿਆ ਹੋਇਆ ਹੈ। ਕਦੇ ਗੁਜਰਾਤ ਫਾਈਲ ਨੂੰ ਲੈ ਕੇ ਚਰਚਾ ਹੁੰਦੀ ਹੈ ਅਤੇ ਕਦੇ ਕਸ਼ਮੀਰ ਫਾਈਲ ਨੂੰ ਲੈ ਕੇ ਪਰ ਲੋਕਾਂ ਦੀ ਜ਼ਿੰਦਗੀ ਦੀਆਂ ਔਕੜਾਂ ਬਾਰੇ ਕਦੇ ਕੋਈ ਸਾਰਥਕ ਗੱਲ ਨਹੀਂ ਹੁੰਦੀ। ਅਜਿਹੇ ਸੰਤਾਪੇ ਹੋਏ ਮਾਹੌਲ ਵਿਹੁੱਚ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਕਿ ਸਿੱਖ ਫੁਲਵਾੜੀ ਨੂੰ ਪ੍ਰਫੁੱਲਤ ਕਰਨਾ ਹੀ ਸਾਹਿਬ ਤੋਂ ਵੱਧ ਜ਼ਰੂਰੀ ਹੈ। ਇਸ ਮਕਸਦ ਲਈ ਉਹ ਚਾਹੁੰਦੇ ਹਨ ਕਿ ਜਿਹੜਾ ਵੀ ਗੁਰੂਨਾਨਕ ਨਾਮ ਲੇਵਾ ਹੈ ਉਹ ਏਕਤਾ ਵਾਲੇ ਝੰਡੇ ਹੇਠ ਆ ਜਾਵੇ। ਇਸ ਫੁਲਵਾੜੀ ਦੀ ਪ੍ਰਫੁੱਲਤਾ ਲਾਇ ਉਹ ਕੱਟੜਪੰਥੀ ਸੋਚ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਵੀ ਅਕਸਰ ਦੇਂਦੇ ਹਨ ਕਿਓਂਕਿ ਇਸ ਕੱਟੜਪੁਣੇ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਇੱਕ ਫ਼ਿਲਮੀ ਗੀਤ ਦੇ ਬੋਲ ਸਨ-
ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ ਰੰਗੋਂ ਮੈਂ ਰੰਗ ਮਿਲ ਜਾਤੇ ਹੈਂ-
-ਗਿਲੇ ਸ਼ਿਕਵੇ ਭੂਲ ਕਰ ਦੋਸਤੋ-ਦੁਸ਼ਮਣ ਭੀ ਗਲੇ ਮਿਲ ਜਾਤੇ ਹੈਂ
ਬਸ ਕੁਝ ਇਸੇ ਭਾਵਨਾ ਨਾਲ ਕਲਾਨੌਰ ਦਾ ਹੋਲਾ ਮੁਹੱਲਾ ਵੀ ਜਾਰੀ ਹੈ। ਇਸਦੇ ਸਿੱਟੇ ਚੰਗੇ ਨਿਕਲਣਗੇ ਇਹੀ ਉਮੀਦ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਜੀ ਦੇ ਨਾਮਧਾਰੀ ਸਿੰਘ ਜਦੋਂ ਕੁਝ ਅਜਿਹਾ ਆਜੋਜਨ ਕਰਦੇ ਹਨ ਤਾਂ ਉਹ ਸਿਰਫ ਦਿਖਾਵੇ ਦਾ ਨਹੀਂ ਹੁੰਦਾ। ਉਸ ਮੌਕੇ ਪਤਾ ਲਾਇਆ ਜਾਂਦਾ ਹੈ ਉਹਨਾਂ ਪਰਿਵਾਰਾਂ ਦਾ ਜਿਹੜੇ ਕਿਸੇ ਨ ਕਿਸੇ ਦੁੱਖ ਕਾਰਨ ਸੰਤਾਪੇ ਹੋਏ ਹੁੰਦੇ ਹਨ। ਉਹਨਾਂ ਦੇ ਦੁੱਖ ਦਲਿੱਦਰ ਦੂਰ ਕਰ ਕੇ ਉਹਨਾਂ ਦੇ ਰੋਗਾਂ ਨੂੰ ਦੂਰ ਕਰ ਕੇ ਸੱਚਮੁੱਚ ਉਹਨਾਂ ਦੇ ਮਨਾਂ ਵਿਹਚਕ ਰੰਗ ਭਰਿਆ ਜਾਂਦਾ ਹੈ। ਖੁਸ਼ੀ, ਸੰਤੁਸ਼ਟਤਾ, ਆਤਮ ਨਿਰਭਰਤਾ ਅਤੇ ਭਜਨ ਬੰਦਗੀ ਵਾਲੇ ਉਹਨਾਂ ਅਸਲੀ ਰੰਗਾਂ ਦਾ ਪ੍ਰਤੀਕ ਹੁੰਦਾ ਹੈ ਨਾਮਧਾਰੀ ਹੋਲਾ ਮੁਹੱਲਾ। ਨਾਮਧਾਰੀਆਂ ਦੇ ਇਹਨਾਂ ਉਪਰਾਲਿਆਂ ਦਾ ਸੰਕੇਤਕ ਜ਼ਿਕਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਰੌਸ਼ਨੀ ਦਾ ਹਵਾਲਾ ਦੇਂਦਿਆਂ ਉਹਨਾਂ ਕਈ ਵਾਰ ਇਸ ਕਿਸਮ ਦੇ ਉਪਰਾਲੇ ਕੀਤੇ ਕਰਾਏ। ਕਈ ਆਯੋਜਨ ਵੀ ਕਰਵਾਏ ਹਨ। ਹੁਣ ਨਵਾਂ ਉਪਰਾਲਾ ਗੁਰਦਸਪੂਰ ਜ਼ਿਲੇ ਦੇ ਕਲਾਨੌਰ ਇਲਾਕੇ ਵਿਚ ਜਾਰੀ ਹੈ। ਕਲਾਨੌਰ ਵਿਚ ਨਾਮਧਾਰੀ ਪਹਿਲੀ ਵਾਰ ਹੋਲਾ ਮੋਹੱਲਾ ਮਨ ਰਹੇ ਹਨ। ਕਾਰਾਂ, ਬਸਾਂ ਅਤੇ ਮਿੰਨੀ ਬਸਾਂ ਦੇਸ਼ ਦੇ ਕੋਨੇ ਕੋਨੇ ਵਿੱਚੋਂ ਗਈਆਂ ਹਨ। ਨਾਮਧਾਰੀਆਂ ਦੇ ਨਾਲ ਨਾਲ ਗ਼ੈਰਨਾਮਧਾਰੀ ਵੀ ਵੱਧ ਚੜ੍ਹ ਕੇ ਪਹੁੰਚੇ ਹਨ।
ਅੱਜ ਕਲਾਨੌਰ, ਜਿਲਾ ਗੁਰਦਾਸਪੁਰ ਵਿਖੇ ਨਾਮਧਾਰੀ ਪੰਥ ਵੱਲੋਂ ਹੋਲਾ-ਮਹੱਲਾ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਨਾ ਅਤੇ ਕਿਰਪਾ ਨਾਲ ਮਨਾਇਆ ਗਿਆ। ਇਹ ਸਮਾਗਮ; ਖਾਲਸਾਈ ਰੰਗਾਂ ਦੇ ਨਾਲ ਪੰਥਕ ਏਕਤਾ, ਪ੍ਰੇਮ, ਸ਼ਰਧਾ ਅਤੇ ਪ੍ਰਭੂ ਭਗਤੀ ਦੇ ਰੰਗਾਂ ਵਿਚ ਰੰਗਿਆਂ : ਆਪਸੀ ਇਕਜੁੱਟਤਾ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੰਦਾ ਪ੍ਰਤੀਤ ਹੋਇਆ। ਅੱਜ ਗੁਰੂ ਨਾਨਕ ਨਾਮ ਲੇਵਾ ਸੰਗਤ ਏਕਤਾ ਸਮਾਗਮ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ; ਜਿਵੇਂ ਉਦਾਸੀ, ਨਿਰਮਲੇ, ਸੇਵਾ ਪੰਥੀ, ਨਿਹੰਗ ਅਤੇ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਮੌਕੇ ਉਤੇ ਸਤਿਗੁਰੂ ਜੀ ਨੇ ਆਨਲਾਈਨ ਬਚਨਾਂ ਰਾਹੀਂ ਦਸਿਆ ਕਿ ਇਸ ਸਮਾਗਮ ਰਾਹੀਂ ਮੈਂ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਇਕਤ੍ਰਿਤ ਕਰਨ ਦਾ ਯਤਨ ਕੀਤਾ ਹੈ ਕਿਉਕਿ ਸਿੱਖ ਪੰਥ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ। ਸੰਕੀਰਣ ਸੋਚ ਕਰਕੇ ਸਾਡੇ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਸਾਨੂੰ ਆਪਣੀ ਕਟੜ ਅਤੇ ਸੰਕੀਰਣ ਸੋਚ ਛਡ ਕੇ ਵਿਸ਼ਾਲ ਸੋਚ ਅਪਣਾਉਣੀ ਚਾਹੀਦੀ ਹੈ। ਕਿਉਂਕਿ ਸਿੱਖੀ ਸ਼ਰਧਾ ਨਾਲ ਹੈ, ਬਾਹਰੀ ਸਰੂਪ ਨਾਲ ਨਹੀਂ। ਇਸਤੋਂ ਇਲਾਵਾ ਆਪ ਜੀ ਨੇ ਇਹ ਵੀ ਦਸਿਆ ਕਿ ਹੋਲਾ ਮੇਲਾ ਧਰਮ ਯੁੱਧ ਦਾ ਪ੍ਰਤੀਕ ਹੈ। ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਾਦਰ ਭਾਵ ' ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ' ਵਾਸਤੇ ਹੀ ਹੋਇਆ ਹੈ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਸ਼ੁਭ ਕਰਮ ਕਰਨ ਅਤੇ ਅਸਲੀ ਖਾਲਸਾ ਬਣਨ ਦੀ ਪ੍ਰੇਰਨਾ ਦਿੱਤੀ। ਸਤਿਗੁਰੂ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬੀਰ ਰਸ ਭਰਪੂਰ ਮਹਾਨ ਬਾਣੀ ਪੜ੍ਹ ਕੇ ਉਸਦਾ ਲਾਭ ਪ੍ਰਾਪਤ ਕਰਨ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸੰਤ ਮਹਾਤਮਾ ਵੇਦਾਂਤਾਚਾਰੀਆ ਸੁਆਮੀ ਰਿਸ਼ੀ ਰਾਜ ਜੀ, ਸ੍ਰੀ ਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਨਿਰਮਲ ਕੁਟੀਆ ਵਾਲੇ, ਸੰਤ ਤੇਜਾ ਸਿੰਘ ਜੀ ਖੁਡਾ ਗੁਰੂਸਰ, ਟਾਈਗਰ ਬਾਬਾ ਸਵਾਓਮ ਮੁਨੀ ਜੀ, ਮਹੰਤ ਸ਼ਿਵਾਨੰਦ ਜੀ, ਮਹੰਤ ਗੌਤਮ ਮੁਨੀ ਜੀ, ਮਹੰਤ ਪੰਚਮ ਦਾਸ ਜੀ, ਸੰਤ ਨਿਸ਼ਾਨ ਸਿੰਘ, ਨਾਮਧਾਰੀ ਸੰਤ ਬਾਬਾ ਛਿੰਦਾ ਜੀ, ਸੰਤ ਬਾਬਾ ਭਗਤ ਸਿੰਘ ਨੇ ਸਤਿਗੁਰੂ ਜੀ ਦੇ ਇਸ ਮਹਾਨ ਅਤੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸ਼ੁਭ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਦਰਸ਼ਨ ਦਿੱਤੇ।
ਇਸ ਮੌਕੇ ਸੇਵਾ ਭਾਵਨਾ ਦੀ ਅਨੋਖੀ ਮਿਸਾਲ ਵੇਖਣ ਨੂੰ ਮਿਲੀ। ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਅਤੇ ਨਾਮਧਾਰੀ ਕਮੇਟੀ ਗੁਰਦਾਸਪੁਰ ਦੇ ਉਦਮ ਨਾਲ ਸਾਰੀ ਸੰਗਤ ਨੇ ਵੱਖ- ਵੱਖ ਸੇਵਾਵਾਂ ਨੂੰ ਬੜੇ ਹੀ ਅਨੁਸਾਸ਼ਨਬੱਧ ਤਰੀਕੇ ਨਾਲ ਨਿਭਾਇਆ। ਜਿਕਰਯੋਗ ਹੈ ਕਿ ਨਾਮਧਾਰੀ ਸਮਾਗਮਾਂ ਵਿਚ ਸਤਿਗੁਰੂ ਦਲੀਪ ਸਿੰਘ ਜੀ ਵਲੋਂ ਕੁਝ ਸਮੇਂ ਤੋਂ ਖਾਸ ਪ੍ਰਕਾਰ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਵੇਂ: ਸੰਗਤ ਦੇ ਚਰਨ ਧੋਣ ਅਤੇ ਸਾਫ ਕਰਨ ਦੀ ਸੇਵਾ, ਗੁਰੂਧਾਮਾਂ ਤੇ ਜਾ ਕੇ ਹੱਥੀਂ ਜੋੜੇ ਝਾੜਨ ਅਤੇ ਬਰਤਨ ਸਾਫ ਕਰਨ ਦੀ ਸੇਵਾ, ਆਪਣੇ ਸਿੱਖ ਗਰੀਬ ਭੈਣ ਭਰਾਵਾਂ ਦੀ ਮਦਦ ਕਰਨ ਦੀ ਸੇਵਾ, ਲੋੜਵੰਦ ਬੱਚਿਆਂ ਨੂੰ ਵਿੱਦਿਆ ਦਾਨ ਦੀ ਸੇਵਾ, ਧਰਮ ਪਰਿਵਰਤਨ ਅਪਣੇ ਹੋਏ ਸਿੱਖ ਭੈਣ ਭਰਾਵਾਂ ਦੀ ਘਰ ਵਾਪਸੀ ਦੀ ਸੇਵਾ ਆਦਿ ਵੀ ਸੰਗਤ ਵਲੋਂ ਕੀਤੀ ਜਾਂਦੀ ਹੈ। ਇਸ ਸਮਾਗਮ ਵਿੱਚ ਦੂਰੋਂ-ਨੇੜਿਉਂ ਹਜਾਰਾਂ ਦੀ ਸੰਖਿਆ ਵਿੱਚ ਸੰਗਤ ਨੇ ਪੁੱਜ ਕੇ ਸ਼ਮੂਲੀਅਤ ਕੀਤੀ।
No comments:
Post a Comment