Showing posts with label Lock Down. Show all posts
Showing posts with label Lock Down. Show all posts

Tuesday, July 06, 2021

ਘਰ ਘਰ ਰੁਜਗਾਰ ਸਕੀਮ ਤਹਿਤ ਨਵਤੇਜ ਸਿੰਘ ਨੂੰ ਮਿਲਿਆ ਰੁਜ਼ਗਾਰ

 Tuesday 6th July 2021 at 10:06 AM

ਲਾਕਡਾਊਨ 'ਚ ਮਿਲੀ ਬੇਰੋਜ਼ਗਾਰੀ ਤੋਂ ਬਾਅਦ ਮਿਲੇ ਕੰਮ ਦੀ ਸਫਲ ਕਹਾਣੀ 

ਸ੍ਰੀ ਮੁਕਤਸਰ ਸਾਹਿਬ:  6 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਮੁਕਤਸਰ ਸਾਹਿਬ ਪਿੰਡ ਸੇਖ ਦੇ  ਨਵਤੇਜ ਸਿੰਘ ਨੇ ਦੱਸਿਆ
ਕਿ ਬਾਰ੍ਹਵੀਂ ਪਾਸ ਹੈ ਤੇ ਉਸਨੇ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ। ਪਿਛਲੇ ਲਾਕਡਾਊਨ ਵਿੱਚ ਉਹ ਬਿਲਕੁੱਲ ਬੇਰੋਜ਼ਗਾਰ ਸੀ। ਜਦੋਂ ਉਸਨੂੰ ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਦਾ ਪਤਾ ਲੱਗਿਆ ਤਾਂ ਉਸਨੇ ਜਿਲ੍ਹਾ ਰੁਜ਼ਗਾਰ ਦਫਤਰ ਵਿੱਚ ਜਾ ਕੇ ਗੱਲ ਕੀਤੀ। ਦਫਤਰ ਵਿੱਚ ਉਸਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਨੇ ਨਵਤੇਜ ਨੂੰ ਉਸਦੀ ਯੋਗਤਾ ਦੇ ਮੁਤਾਬਿਕ ਸੀ.ਐੱਸ.ਸੀ. ਆਈ.ਡੀ. ਅਪਲਾਈ ਕਰਨ ਲਈ ਕਿਹਾ। ਇਸਦੇ ਨਾਲ ਹੀ ਦਫਤਰ ਵਿੱਚ ਮੌਜੂਦ ਡੀ.ਐੱਮ. ਨੇ ਮੇਰੀ ਸੀ.ਐੱਸ.ਸੀ. ਆਈ.ਡੀ. ਵੀ ਅਪਲਾਈ ਕਰ ਦਿੱਤੀ।                          
ਨਵਤੇਜ ਸਿੰਘ ਅਨੁਸਾਰ ਸੀ.ਐੱਸ.ਸੀ. ਆਈ.ਡੀ. ਵਿੱਚ ਅਸੀ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਤਹਿਤ ਮੈਨੂੰ ਸਭ ਤੋਂ ਪਹਿਲਾਂ ਆਈ.ਸੀ.ਆਈ.ਸੀ ਬੈਂਕ ਦਾ ਬੀ.ਸੀ. ਨਿਯੁਕਤ ਕੀਤਾ ਜਿਵੇਂ ਕਿ ਪਿਛਲੇ ਲਾਕਡਾਊਨ ਦੇ ਦੌਰਾਨ ਅਸੀਂ ਬਹੁਤ ਸਾਰੇ ਲੋਕਾਂ ਦਾ ਕੈਸ਼ ਕਢਵਾ ਕੇ ਦਿੱਤਾ। ਪਿੰਡਾਂ ਦੇ ਵਿੱਚ ਹੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਵਾਈਆਂ ਅਤੇ ਉਹਨਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਈ।
ਇਸ ਦੇ ਨਾਲ ਅਸੀਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਏ। ਇਸ ਦੇ ਨਾਲ ਹੀ ਜਿੰਨੀਆਂ ਹੀ ਸੀ.ਐੱਸ.ਸੀ ਦੀਆਂ ਸਰਵਿਸ ਨੇ ਜਿਵੇਂ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਨੇ ਉਹ ਵੀ ਅਸੀਂ ਪ੍ਰਦਾਨ ਕਰ ਰਹੇ ਹਾਂ। ਅਸੀਂ ਬਹੁਤ ਸਾਰੀਆਂ ਸੀ.ਐੱਸ.ਸੀ. ਦੇ ਜ਼ਰੀਏ ਸਹੂਲਤਾਂ ਪ੍ਰਦਾਨ ਕਰ ਰਹੇ ਹਾ। ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਤਹਿਤ ਮੈਨੂੰ ਸੀ.ਐੱਸ.ਸੀ. ਆਈ.ਡੀ. ਮਿਲੀ। ਜਿਸ ਦੇ ਜ਼ਰੀਏ ਅਸੀਂ ਪਿੰਡਾਂ ਵਿੱਚ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ। ਪੰਜਾਬ ਸਰਕਾਰ ਦੀ ਸਕੀਮ ਘਰ-ਘਰ ਰੋਜ਼ਗਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

Sunday, May 23, 2021

ਦਿੱਲੀ ਅੰਦਰ ਕੋਰੋਨਾ ਦੇ ਮੱਦੇਨਜ਼ਰ ਇਕ ਹਫਤੇ ਲਈ ਤਾਲਾਬੰਦੀ ਵੱਧੀ

 23rd May 2021 at  6:20 PM

ਜੇ ਕੋਰੋਨਾ ਦਾ ਖਤਰਾ ਘਟਦਾ ਰਿਹਾ ਤਾਂ 31 ਮਈ ਤੋਂ ਕੁਝ ਛੋਟਾਂ ਸੰਭਵ 

ਨਵੀਂ ਦਿੱਲੀ: 23 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਰਕਾਰ ਨੇ ਦਿੱਲੀ ਵਿਚ ਤਾਲਾਬੰਦੀ ਦੀ ਮਿਆਦ ਇਕ ਹਫ਼ਤੇ ਵਧਾਉਣ ਦਾ ਫੈਸਲਾ ਕੀਤਾ ਹੈ।  ਹੁਣ 31 ਮਈ ਤਕ ਦਿੱਲੀ ਵਿਚ ਸਵੇਰੇ 5 ਵਜੇ ਤੱਕ ਸਖਤ ਤਾਲਾਬੰਦੀ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਜਨਤਕ ਸਮਾਗਮਾਂ ਜਿਵੇਂ ਵਿਆਹ, ਪਾਰਟੀਆਂ ਆਦਿ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਇਸ ਸਮੇਂ ਦੇ ਦੌਰਾਨ, ਵਿਆਹ ਅਦਾਲਤ ਵਿੱਚ ਜਾਂ ਘਰ ਵਿੱਚ ਹੋ ਸਕਦੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਪਿਛਲੇ 24 ਘੰਟਿਆਂ ਵਿੱਚ ਮੈਂ ਬਹੁਤ ਸਾਰੇ ਲੋਕਾਂ ਨਾਲ ਤਾਲਾਬੰਦੀ ਬਾਰੇ ਗੱਲ ਕੀਤੀ।  ਇਸ ਸਮੇਂ ਦੌਰਾਨ ਇੱਕ ਆਮ ਰਾਏ ਮਿਲੀ ਕਿ ਤਾਲਾਬੰਦੀ ਨੂੰ ਇੱਕ ਹਫ਼ਤੇ ਲਈ ਦਿੱਲੀ ਵਿੱਚ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇ ਅਸੀਂ ਹੁਣੇ ਜਿੰਦਰਾ ਖੋਲ੍ਹ ਦਿੱਤਾ ਤਾਂ ਕੋਰੋਨਾ, ਜਿਸ ਨੂੰ ਅਸੀਂ ਪਿਛਲੇ 1 ਮਹੀਨੇ ਦੀ ਸਖਤ ਮਿਹਨਤ ਨਾਲ ਕਾਬੂ ਕੀਤਾ ਹੈ, ਸਾਡੀ ਮਿਹਨਤ ਬੇਕਾਰ ਹੋ ਸਕਦੀ ਹੈ।   ਇਸ ਲਈ, ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਦਿੱਲੀ ਵਿਚ ਵਧਾਇਆ ਜਾ ਰਿਹਾ ਹੈ।”

ਮੁੱਖ ਮੰਤਰੀ ਨੇ ਕਿਹਾ,“ਜੇਕਰ ਕੋਰੋਨਾ ਕੇਸਾਂ ਦੀ ਕਟੌਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ ਹਫ਼ਤੇ ਤੋਂ ਦਿੱਲੀ ਵਿਚ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।  ਲਾਕਡਾਉਨ ਨੂੰ ਤੁਰੰਤ ਹਟਾਇਆ ਨਹੀਂ ਜਾਵੇਗਾ।  ਹੌਲੀ ਹੌਲੀ, ਅਸੀਂ 31 ਮਈ ਤੋਂ ਕੁਝ ਗਤੀਵਿਧੀਆਂ ਸ਼ੁਰੂ ਕਰਾਂਗੇ ।  ਫਿਲਹਾਲ ਤਾਲਾਬੰਦੀ ਦਿੱਲੀ ਵਿਚ ਵਧਾਈ ਜਾ ਰਹੀ ਹੈ।”

ਕੇਜਰੀਵਾਲ ਨੇ ਕਿਹਾ,“ਸਾਡੀ ਸਭ ਤੋਂ ਵੱਡੀ ਤਰਜੀਹ ਦਿੱਲੀ ਵਿਚ 2 ਕਰੋੜ ਲੋਕਾਂ ਨੂੰ ਟੀਕਾਕਰਣ ਦੀ ਹੈ।  ਅਸੀਂ ਦਿੱਲੀ ਵਿਚ ਇਕ ਪ੍ਰਣਾਲੀ ਬਣਾਈ ਹੈ, ਜਿਸ ਦੇ ਤਹਿਤ ਪੂਰੀ ਦਿੱਲੀ ਦੇ ਲੋਕਾਂ ਨੂੰ 3 ਮਹੀਨਿਆਂ ਦੇ ਅੰਦਰ ਟੀਕਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਟੀਕੇ ਦੀ ਘਾਟ ਹੈ ਜਿਸ ਕਾਰਨ ਟੀਕਾ ਉਪਲਬਧ ਨਹੀਂ ਹੈ।  ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਤਿਆਰੀ ਕਰ ਰਹੇ ਹਾਂ।   ਜੇ ਹਰੇਕ ਨੂੰ ਟੀਕਾ ਲਗਾਇਆ ਜਾਂਦਾ ਹੈ, ਤਾਂ ਕੋਰੋਨਾ ਦੀ ਤੀਜੀ ਲਹਿਰ ਨਹੀਂ ਹੋ ਸਕਦੀ  ਅਤੇ  ਅਸੀਂ ਕੋਰੋਨਾ ਦੀ ਤੀਜੀ ਲਹਿਰ ਤੋਂ ਬਚ ਸਕਦੇ ਹਾਂ।"

Friday, May 07, 2021

ਲਾਕਡਾਊਨ ਵਿਰੁੱਧ 8 ਮਈ ਨੂੰ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ

WhatsApp on 7th May 2021 at 3:53 PM

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਤਿਆਰੀਆਂ 

ਚੰਡੀਗੜ੍ਹ: 6 ਮਈ 2021: (ਹਰਜਿੰਦਰ ਸਿੰਘ//ਪੰਜਾਬ ਸਕਰੀਨ ਬਿਊਰੋ)::

ਭਾਕਿਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸਨੋਟ ਰਾਹੀਂ ਐਲਾਨ ਕੀਤਾ ਗਿਆ ਹੈ ਕਿ ਕਰੋਨਾ ਦੀ ਆੜ ਹੇਠ ਲਾਕਡਾਊਨ ਰਾਹੀਂ ਆਮ ਦੁਕਾਨਦਾਰਾਂ ਅਤੇ ਰੇੜ੍ਹੀ ਫੜ੍ਹੀ ਵਾਲਿਆਂ ਦੇ ਕਾਰੋਬਾਰ ਠੱਪ ਕਰਕੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਣ ਖਿਲਾਫ਼ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਹੱਕੀ ਵਿਰੋਧ ਪ੍ਰਦਰਸ਼ਨਾਂ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 8 ਮਈ ਨੂੰ ਡਟਵੀਂ ਸ਼ਮੂਲੀਅਤ ਕੀਤੀ ਜਾਵੇਗੀ। 

ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕਰੋਨਾ ਦੀ ਰੋਕਥਾਮ ਅਤੇ ਪੀੜਤਾਂ ਦੇ ਸਹੀ ਇਲਾਜ ਲਈ ਲੋੜੀਂਦੀ ਜਨ-ਜਾਗ੍ਰਤੀ ਅਤੇ ਬੈੱਡਾਂ, ਵੈਂਟੀਲੇਟਰਾਂ, ਵੈਕਸੀਨੇਸ਼ਨਾਂ, ਆਕਸੀਜਨ ਆਦਿ ਦੇ ਪ੍ਰਬੰਧਾਂ 'ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਿਰੇ ਦੀ ਗੈਰ ਜ਼ਿੰਮੇਵਾਰੀ ਦਿਖਾਈ ਗਈ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਲਟਾ ਪੁਲਿਸ ਜਬਰ ਨਾਲ ਲਾਕਡਾਊਨ ਮੜ੍ਹ ਕੇ ਆਮ ਦੁਕਾਨਦਾਰਾਂ ਤੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਹੋਰ ਗਰੀਬ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਜਾ ਰਿਹਾ ਹੈ। ਇਸੇ ਕਰੋਨਾ ਦੀ ਆੜ ਹੇਠ ਮੋਦੀ ਭਾਜਪਾ ਹਕੂਮਤ ਵੱਲੋਂ ਕਿਸਾਨਾਂ ਮਜ਼ਦੂਰਾਂ ਉੱਤੇ ਕਾਲ਼ੇ ਖੇਤੀ ਕਾਨੂੰਨ ਅਤੇ ਲੇਬਰ ਕੋਡ ਮੜ੍ਹੇ ਜਾ ਰਹੇ ਹਨ ਅਤੇ ਲੰਬੇ ਜਾਨਹੂਲਵੇਂ ਘੋਲ਼ਾਂ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਆੜ ਹੇਠ ਆਪ੍ਰੇਸ਼ਨ ਕਲੀਨ ਵਰਗੇ ਦਬਕੇ ਵੀ ਮਾਰੇ ਗਏ ਸਨ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜੁਝਾਰੂ ਰੌਂਅ ਅਤੇ ਦ੍ਰਿੜ੍ਹ ਇਰਾਦਿਆਂ ਨੇ ਧੂੜ ਵਾਂਗ ਉਡਾ ਕੇ ਰੱਖ ਦਿੱਤੇ। ਪਰ ਅਜੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਦੇਸ਼ ਦੀ ਪੂਰੀ ਆਰਥਿਕਤਾ ਅਡਾਨੀ ਅੰਬਾਨੀ ਅਤੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਮੋਦੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਜਿਹੜੀ ਉਸਦੀ ਪਿੱਠ ਥਾਪੜ ਰਹੀਆਂ ਕੌਮਾਂਤਰੀ ਸਾਮਰਾਜੀ ਸੰਸਥਾਵਾਂ ਸੰਸਾਰ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾਕੋਸ਼ ਦੀ ਤਾਕਤ 'ਤੇ ਕੁੱਝ ਜ਼ਿਆਦਾ ਹੀ ਮਾਣ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਮਾਣ ਨੂੰ ਚਕਨਾਚੂਰ ਕਰਨ ਅਤੇ ਇਨ੍ਹਾਂ ਸਾਰੇ ਲੋਕ-ਮਾਰੂ ਹੱਲਿਆਂ ਨੂੰ ਪਛਾੜਨ ਲਈ ਕਿਸਾਨਾਂ ਮਜਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਵਿਸ਼ਾਲ ਜੁਝਾਰੂ ਏਕਤਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਜੁਝਾਰੂ ਏਕਤਾ ਦਾ ਪਸਾਰਾ ਪੂਰੇ ਦੇਸ਼ ਵਿੱਚ ਕਰਨ ਦੀ ਲੋੜ ਹੋਰ ਵੀ ਵਧੇਰੇ ਹੈ।ਲਾਕਡਾਊਨ ਵਿਰੁੱਧ ਸੰਘਰਸ਼ ਦੀ ਹਮਾਇਤ ਰਾਹੀਂ ਏਕਤਾ ਅਤੇ ਪਸਾਰੇ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। 

ਕਿਸਾਨ ਆਗੂਆਂ ਵੱਲੋਂ ਆਉਂਦੇ ਦਿਨਾਂ ਵਿੱਚ ਕੇਂਦਰ ਹਕੂਮਤ ਵਿਰੁੱਧ ਜਨਤਕ ਦਬਾਉ ਹੋਰ ਵਧਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਲਾਗੂ ਕਰਦੇ ਹੋਏ ਕਰੋਨਾ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਦਿੱਲੀ ਬਾਡਰਾਂ ਤੋਂ ਇਲਾਵਾ ਪੰਜਾਬ ਵਿੱਚ ਸਾਮਰਾਜੀ ਕਾਰੋਬਾਰਾਂ ਅਤੇ ਭਾਜਪਾ ਆਗੂਆਂ ਵਿਰੁੱਧ ਲਗਾਤਾਰ ਚੱਲ ਰਹੇ ਪੱਕੇ ਮੋਰਚਿਆਂ ਵੱਲ ਹੋਰ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।

Saturday, April 24, 2021

ਕੋਵਿਡ ਫੈਲਣ ਤੋਂ ਰੋਕਣ ਲਈ 24 ਅਪ੍ਰੈਲ ਲਈ ਲਗਾਈਆਂ ਗਈਆਂ ਪਾਬੰਦੀਆਂ

24th April 2021 at 7:05 PM

ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰ-ਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ

ਸਿਰਫ ਦਵਾਈਆਂ ਦੀਆਂ ਦੁਕਾਨਾਂ/ਵਪਾਰਿਕ ਅਤੇ ਹਸਪਤਾਲਾਂ ਲਈ ਆਕਸੀਜ਼ਨ ਦੀ ਸਪਲਾਈ ਨਾਲ ਸਬੰਧਤ ਉਦਯੋਗ ਰਹਿਣਗੇ ਖੁੱਲੇ

ਲੁਧਿਆਣਾ: 24 ਅਪ੍ਰੈਲ 2021 (ਪੰਜਾਬ ਸਕਰੀਨ ਬਿਊਰੋ)::

Pexels Photo by Anna Shvets
ਦੇਸ਼ ਦੇ ਬਹੁਤ ਸਾਰੇ ਹੋਰਨਾਂ ਹਿੱਸਿਆਂ ਵਾਂਗ ਕੋਰੋਨਾ ਦਾ ਕਹਿਰ ਲੁਧਿਆਣਾ ਵਿੱਚ ਵੀ ਗੰਭੀਰ ਹੈ। ਇਸਦੀ ਰੋਕਥਾਮ ਲਈ ਪ੍ਰਸ਼ਾਸਨ ਨੇ ਐਤਵਾਰ 24 ਅਪ੍ਰੈਲ 2021 ਲਈ ਕਿ ਕਦਮ ਚੁੱਕੇ ਹਨ। ਇਹਨਾਂ ਕਦਮਾਂ ਅਧੀਨ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਜ਼ਰੂਰੀ ਕੰਮ ਚੱਲਦੇ ਰਹਿਣ। 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਹਾਲਾਂਕਿ ਦੁੱਧ ਵਿਕਰੇਤਾਵਾਂ ਨੂੰ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨ ਦੀ ਆਗਿਆ ਹੋਵੇਗੀ।

ਸ਼ਹਿਰ ਵਾਸੀਆਂ ਨੂੰ ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਕਿਹਾ ਕਿ ਐਤਵਾਰ ਨੂੰ, ਸਿਰਫ ਮੈਡੀਕਲ ਸਟੋਰ, ਹਸਪਤਾਲ ਜਾਂ ਕਾਰੋਬਾਰੀਆਂ ਨੂੰ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਵੀ ਐਤਵਾਰ ਨੂੰ ਜਾਰੀ ਰਹੇਗੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ/ਰਾਜ ਮਾਰਗਾਂ 'ਤੇ ਵੀ ਟ੍ਰੈਫਿਕ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਵਿਆਹਾਂ/ਸਸਕਾਰ ਸਮੇਤ ਪੂਰੇ ਰਾਜ ਵਿਚ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਤੋਂ ਪਹਿਲਾਂ ਮਨਜ਼ੂਰੀ ਲੈ ਕੇ ਅੰਤਮ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਮਨਾਹੀ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਸਮਾਜੀਕਰਨ ਤੋਂ ਪਰਹੇਜ਼ ਕਰਨ ਅਤੇ ਜਿੰਨਾ ਹੋ ਸੰਭਵ ਹੋ ਸਕੇ ਇਸ ਮਹਾਂਮਾਰੀ ਨੂੰ ਰੋਕਣ ਲਈ ਘਰ ਦੇ ਅੰਦਰ ਰਹਿਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀਆਂ ਰਾਜ ਸਰਕਾਰ ਦੁਆਰਾ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਹਨ।

Monday, June 22, 2020

ਸਾਨੂੰ ਲਾਕ ਡਾਊਨ ਨੇ ਮਾਰਿਐ-ਆਮ ਮਜ਼ਦੂਰਾਂ ਦੀ ਆਵਾਜ਼

 ਪਤਾ ਨਹੀਂ ਇਸ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ? 
ਲੁਧਿਆਣਾ: 22 ਜੂਨ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਲਾਕਡਾਊਨ  ਦਾ ਸ਼ਿਕਾਰ ਮਜ਼ਦੂਰ 
ਪ੍ਰਦੀਪ ਸ਼ਰਮਾ ਨੇ ਫੋਟੋ ਕਲਿੱਕ  ਕੀਤੀਆਂ 
ਹਫਤੇ ਦੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਅਜੇ ਵੀ ਲਾਕ ਡਾਊਨ ਦਾ ਡੰਡਾ ਪੂਰੀ ਸਖਤੀ ਨਾਲ ਚੱਲਦਾ ਹੈ ਪਰ ਫਿਰ ਵੀ ਇਸਦਾ ਡਰ ਨਾ ਤਾਂ ਫੁਕਰਾਗਿਰੀ ਕਰਨ ਵਾਲੀ ਮੁੰਡੀਰ ਮੰਨਦੀ ਹੈ ਤੇ ਨਾ ਹੀ ਕਹਿੰਦੇ ਕਹਾਉਂਦੇ ਰਸੂਖਦਾਰ ਲੋਕ। ਅਜਿਹੇ ਲੋਕ ਅੱਧੀ ਰਾਤ ਨੂੰ ਵੀ ਸੜਕਾਂ ਤੇ ਦੇਖੇ ਜਾ ਸਕਦੇ ਹਨ। ਫਰਾਟੇ ਨਾਲ ਅੰਨੇਵਾਹ ਤੇਜ਼ ਸਪੀਡ ਵਿੱਚ ਵਿਚਰਦਿਆਂ ਇਹਨਾਂ ਨੂੰ ਕੋਈ ਨਹੀਂ ਰੋਕਦਾ।
 ਅਜਿਹੇ ਲੋਕਾਂ ਦੇ ਨਾਲ ਨਾਲ ਇੱਕ ਵਰਗ ਉਹਨਾਂ ਗਰੀਬ ਮਜ਼ਦੂਰਾਂ ਦਾ ਵੀ ਹੈ ਜਿਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਅਸੀਂ ਕੀ ਕਰੀਏ। ਮਾਲਕਾਂ ਨੇ ਕੰਮ ਤੋਂ ਕੱਢ ਦਿੱਤਾ ਅਤੇ ਭੁੱਖ ਨੇ ਘਰੋਂ ਬੇਘਰ ਕਰ ਦਿੱਤਾ। ਟੱਬਰਾਂ ਦੇ ਟੱਬਰ ਰੁਲ ਗਏ। ਪਰਿਵਾਰ ਦਾ ਕੋਈ ਮੈਂਬਰ ਕਿਤੇ ਤੇ ਕੋਈ ਕਿਤੇ ਵਿੱਛੜ ਗਿਆ। ਵਿਕਾਸ ਦੇ ਦਾਅਵਿਆਂ ਦੀ ਕੂਕ ਵਿੱਚ ਨਾ ਉਹਨਾਂ ਦੀਆਂ ਆਹਾਂ ਕਿਸੇ ਨੇ ਸੁਣੀਆਂ ਅਤੇ ਨਾ ਹੀ ਹੰਝੂ ਦੇਖੇ। ਜਰਾ ਜਿਹੀ ਹਮਦਰਦੀ ਵਾਲੀ ਗੱਲ ਕਰੋ ਤਾਂ ਫਿਸ ਪੈਂਦੇ ਹਨ। ਰੋਂਦਿਆਂ ਰੋਂਦਿਆਂ ਦੱਸਦੇ ਹਨ,"ਪਹਿਲਾਂ ਨੋਟਬੰਦੀ ਨੇ ਅਜਿਹੇ ਦਿਨ ਦਿਖਾਏ ਸਨ ਹੁਣ ਲਾਕ ਡਾਊਨ ਨੇ ਭਿਖਾਰੀਆਂ ਵਰਗੀ ਹਾਲਤ ਕਰ ਦਿੱਤੀ ਹੈ। 
ਘੰਟਾਘਰ ਅਤੇ ਜਲੰਧਰ ਬਾਈਪਾਸ ਨੂੰ ਜੋੜਣ ਵਾਲੀ ਸੜਕ ਦੇ ਦੋਹੀਂ ਪਾਸੇ ਇਹਨਾਂ ਮਜਬੂਰਾਂ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਦੀ ਫੋਟੋ ਖਿੱਚਦਿਆਂ ਪੱਤਰਕਾਰ ਪ੍ਰਦੀਪ ਸ਼ਰਮਾ ਨੇ ਇੱਕ ਮਜ਼ਦੂਰ ਨੂੰ  ਪੁੱਛਿਆ ਇਥੇ ਕਿਓਂ ਬੈਠੇ ਹੋ? ਉਸਨੇ ਜੁਆਬੀ ਸੁਆਲ ਕੀਤਾ ਹੋਰ ਕਿੱਥੇ ਜਾਈਏ? ਥੱਕ ਗਏ ਤਾਂ ਇਥੇ ਬੈਠੇ ਗਏ! ਕਿ ਹੁਣ ਇਹ ਵੀ ਗੁਨਾਹ ਹੋ ਗਿਐ? ਰਿਪੋਰਟਰ ਨੇ ਅਗਲਾ ਸੁਆਲ ਕੀਤਾ ਪੁਲਿਸ ਕੋਲੋਂ ਡਰ ਨਹੀਂ ਲੱਗਦਾ? ਜੁਆਬ ਵਿੱਚ ਮਜ਼ਦੂਰ ਪੁੱਛਣ ਲੱਗਾ ਕਾਹਦਾ ਡਰ? ਜੇ ਪੁਲਿਸ ਫੜੇਗੀ ਤਾਂ ਵੀ ਚੰਗਾ ਹੀ ਹੈ ਘਟੋਘਟ ਰੋਟੀ ਤਾਂ ਦੇਏਗੀ!
ਮਾਸਕ ਦੀ ਗੱਲ ਤੇ ਵੀ ਅਜੀਬ ਜਿਹਾ ਪ੍ਰਤੀਕਰਮ ਸੀ-ਕਹਿਣ ਲੱਗਾ ਕਿੱਥੋਂ ਖ੍ਰੀਦੀਏ? ਸਾਡੇ ਕੋਲ ਜ਼ਹਿਰ ਖਾਣ ਨੂੰ ਪੈਸੇ ਨਹੀਂ। ਰਿਪੋਰਟਰ ਨੇ ਫਿਰ ਸਮਝਾਇਆ ਜੇ ਕੋਰੋਨਾ ਹੋ ਗਿਆ ਤਾਂ? ਸੁਣ ਕੇ ਉਹ ਮਜ਼ਦੂਰ ਮੁਸਕਰਾ ਪਿਆ। ਕਹਿਣ ਲੱਗਾ ਸਾਡੇ ਗਰੀਬਾਂ ਕੋਲ ਕੋਰੋਨਾ ਨੇ ਵੀ ਨਹੀਂ ਆਉਣਾ। ਜੇ ਆ ਗਿਆ ਤਾਂ ਅਜਿਹੀ ਜ਼ਿੰਦਗੀ ਤੋਂ ਮੁਕਤੀ ਮਿਲੂਗੀ। 
ਲਾਕ ਡਾਊਨ ਦੇ ਸਤਾਏ ਅਜਿਹੇ ਕਿੰਨੇ ਹੀ ਲੋਕਾਂ ਨੂੰ ਸੜਕਾਂ ਦੇ ਕਿਨਾਰੇ ਬੈਠਿਆਂ ਦੇਖਿਆ ਜਾ ਸਕਦਾ ਹੈ। ਬਸ ਇੱਕ ਢੰਗ ਦੀ ਰੋਟੀ ਹੀ ਹੁਣ ਇਹਨਾਂ ਦੀ ਮੰਜ਼ਲ ਬਣ ਗਈ ਹੈ। ਲਾਕ ਡਾਊਨ ਨੇ ਇਹਨਾਂ ਦੀ ਜ਼ਿੰਦਗੀ ਨੂੰ ਵੀ ਲੀਹੋਂ ਲਾਹ ਦਿੱਤਾ ਹੈ। ਨਾ ਪਿੰਡ ਬਚਿਆ, ਨਾ ਪਰਿਵਾਰ ਨਾ ਹੀ ਕੰਮਕਾਰ। ਸਾਹਾਂ ਦੀ ਚਲਦੀ ਡੋਰ ਵੀ ਹੁਣ ਤਾਂ ਬੋਝ ਬਣ ਗਈ ਹੈ। 
ਇਹਨਾਂ ਕੋਲ ਸਿਰ ਲੁਕਾਉਣ ਲਈ ਕੋਈ ਸਾਂਝਾ ਮਾਂਝਾ ਕਮਰਾ ਵੀ ਨਹੀਂ ਬਚਿਆ। ਸੜਕਾਂ ਕਿਨਾਰੇ ਬੈਠਣਾ ਜਾਂ ਬਿਨਾ ਕੁਝ ਸੋਚੇ ਤੁਰਦੇ ਜਾਣਾ ਇਹਨਾਂ  ਦੀ ਤਕਦੀਰ ਬਣ ਗਈ ਹੈ। ਸੜਕ ਕਿਨਾਰੇ ਬੈਠਿਆਂ ਨੂੰ ਤਾਂ ਕੋਈ "ਦਾਨੀ ਸੰਸਥਾ" ਦੋ ਫੁਲਕੇ ਤੇ ਦਾਲ ਸਬਜ਼ੀ ਵੀ ਫੜਾ ਦੇਂਦੀ ਹੈ ਹੋਰ ਕਿਸੇ ਥਾਂ ਤਾਂ ਇਹ ਵੀ ਨਹੀਂ ਕੋਈ ਉਮੀਦ ਨਹੀਂ। ਇਸਦੇ ਨਾਲ ਹੀ ਦਿਲਚਸਪ ਗੱਲ ਇਹ ਕਿ ਇਹਨਾਂ ਦੇ ਨਾਵਾਂ ਤੇ ਆਇਆ ਰਾਸ਼ਨ ਵੱਡੇ ਵੱਡੇ ਲੋਕਾਂ ਨੇ ਆਪਣੇ ਗੁਦਾਮਾਂ ਵਿੱਚ ਲੁਕਵਾ ਲਿਆ ਹੈ। ਪਤਾ ਨਹੀਂ ਇਸ ਦੇਸ਼ ਦੇ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ!
(ਫੋਟੋ:ਪ੍ਰਦੀਪ ਸ਼ਰਮਾ//ਸ਼ਬਦ:ਰੈਕਟਰ ਕਥੂਰੀਆ)

Sunday, June 07, 2020

ਸਖਤ ਸ਼ਰਤਾਂ ਦੇ ਨਾਲ ਸ਼ੁਰੂ ਹੋਣ ਲੱਗੀ ਨਿਜੀ ਅਤੇ ਜਨਤਕ ਟਰਾਂਸਪੋਰਟ

7th June 2020 at 6:57 PM
 ਅੰਤਰਰਾਜੀ ਬੱਸ ਸੇਵਾਵਾਂ ਨੂੰ ਵੀ ਸਿਧਾਂਤਕ ਤੌਰ 'ਤੇ ਪ੍ਰਵਾਨਗੀ 
*ਪੰਜਾਬ ਸਰਕਾਰ ਵੱਲੋਂ ਸਾਰੇ ਨਿੱਜੀ ਅਤੇ ਜਨਤਕ ਸੇਵਾ ਵਾਹਨਾਂ ਨੂੰ ਸਖ਼ਤ ਸ਼ਰਤਾਂ ਨਾਲ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਆਗਿਆ-ਡਿਪਟੀ ਕਮਿਸ਼ਨਰ
*ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਨਿਰਧਾਰਤ ਰੂਟ 'ਤੇ ਚੱਲਣ ਦੀ ਆਗਿਆ
*ਸਟੇਟ ਕੈਰੇਜ ਪਰਮਿਟ ਬੱਸਾਂ ਸ਼ਰਤਾਂ ਤਹਿਤ ਪੇਂਡੂ ਖੇਤਰਾਂ ਵਿੱਚ ਚੱਲ ਸਕਦੀਆਂ ਹਨ
ਲੁਧਿਆਣਾ: 7 ਜੂਨ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸੂਬੇ ਦੇ ਨਾਗਰਿਕਾਂ ਨੂੰ ਆਪਣੇ ਕੰਮਕਾਜ  ਲਈ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਲੋੜੀਂਦੀ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ 'ਮਿਸ਼ਨ ਫਤਹਿ' ਤਹਿਤ ਸਾਰੇ ਨਿੱਜੀ (ਨਾਨ-ਟਰਾਂਸਪੋਰਟ) ਅਤੇ ਜਨਤਕ ਸੇਵਾ ਵਾਹਨਾਂ ਨੂੰ ਚਲਾਉਣ ਦੀ ਇਜ਼ਾਜ਼ਤ ਦੇ ਦਿੱਤੀ ਹੈ। ਇਸਦੇ ਨਾਲ ਹੀ ਇੱਕ ਸ਼ਰਤ ਇਹ ਵੀ ਹੈ ਕਿ ਸਮਰੱਥ ਅਥਾਰਟੀ ਵੱਲੋਂ ਐਲਾਨੇ ਗਏ ਕੰਟੇਨਮੈਂਟ ਜ਼ੋਨਾਂ ਵਿੱਚ ਇਹ ਸੇਵਾਵਾਂ ਨਹੀਂ ਚੱਲ ਸਕਣਗੀਆਂ।  ਬਾਕੀ ਇਲਾਕਿਆਂ ਵਿੱਚ ਵੀ ਇਹ ਸੇਵਾਵਾਂ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲ ਸਕਣਗੀਆਂ ਤਾਂ  ਜੋ ਮਾਰੂ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੁਕਮਾਂ ਦੇ ਵੇਰਵੇ ਦਿੰਦਿਆਂ ਅੱਜ ਇੱਥੇ ਕੀਤਾ।   
ਕੋਰੋਨਾ ਦੇ ਵੱਧ ਰਹੇ ਖਤਰੇ ਅਤੇ ਆਮ ਜਨਤਾ ਵਿੱਚ ਲੁੜੀਂਦੀ ਸਾਵਧਾਨੀ ਦੀ ਘਾਟ ਦੇ ਬਾਵਜੂਦ ਇੱਕ ਵੱਡੀ ਹਿੰਮਤ ਦਿਖਾਉਂਦਿਆਂ ਪੰਜਾਬ ਸਰਕਾਰ ਨੇ ਇੱਕ ਅਜਿਹਾ ਫੈਸਲਾ ਲਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਵੀ ਮਿਲ ਸਕੇਗੀ। ਇੱਕ ਲੰਮੇ ਅਰਸੇ ਤੋਂ ਲੋਕ ਇੱਕ ਤੋਂ ਦੂਜੇ ਸਟੇਸ਼ਨ ਜਾਂ ਲਈ ਤਰਸ ਗਏ ਸਨ। ਕਿਸੇ ਨੇ ਕਾਰੋਬਾਰੀ ਲੋੜਾਂ ਕਾਰਨ ਆਉਣਾ ਜਾਣਾ ਸੀ ਤੇ ਕਿਸੇ ਨੇ ਰਿਸ਼ਤੇਦਾਰੀ ਸੰਭਾਲਣੀ ਸੀ। ਲੰਮੇ ਲਾਕ ਡਾਊਨ ਨਾਲ ਰਿਸ਼ਤਿਆਂ ਤੇ ਵੀ ਤਾਲੇ ਲੱਗਣ ਵਾਲੀ ਨੌਬਤ ਆ ਗਈ ਸੀ। ਹੁਣ ਇਸ ਫੈਸਲੇ ਨਾਲ ਉਹ ਤਾਲੇ ਖੁੱਲ ਸਕਣਗੇ। 
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ 31 ਮਈ 2020 ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਵਿਚ ਈ-ਰਿਕਸ਼ਾ ਤੇ ਆਟੋ ਰਿਕਸ਼ਾ, ਮੈਕਸੀ ਕੈਬ / ਮੋਟਰ ਕੈਬ ਅਤੇ ਪ੍ਰਾਈਵੇਟ ਵਾਹਨਾਂ (ਨਾਨ-ਟਰਾਂਸਪੋਰਟ) ਸਮੇਤ ਸਾਰੇ ਜਨਤਕ ਸੇਵਾ ਵਾਹਨਾਂ ਨੂੰ 30 ਜੂਨ, 2020 ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਚੱਲਣ ਦੀ ਮਨਾਹੀ ਸੀ। ਉਹਨਾਂ ਕਿਹਾ ਕਿ ਹੁਣ ਸਰਕਾਰ ਨੇ ਨਾਗਰਿਕਾਂ ਨੂੰ ਕੁਝ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਕੰਮਕਾਜ ਲਈ ਆ ਜਾ ਸਕਣ। ਉਹਨਾਂ ਕਿਹਾ ਕਿ ਜਨਤਕ ਸੇਵਾ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਇਸ ਸ਼ਰਤ ਨਾਲ ਦਿੱਤੀ ਗਈ ਹੈ ਕਿ ਯਾਤਰਾ ਦੌਰਾਨ ਬੱਸਾਂ ਵਿੱਚ ਬੈਠਣ ਦੀ ਸਮਰੱਥਾ ਦੇ 50 ਫ਼ੀਸਦੀ ਤੋਂ ਵੱਧ ਬੱਸਾਂ ਨੂੰ ਨਾ ਭਰਿਆ ਜਾਵੇ ਤਾਂ ਜੋ ਢੁੱਕਵੀਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ। ਹੁਣ ਦੇਖਣਾ ਹੈ ਕਿ ਇਸ ਨਿਯਮ ਦੀ ਪਾਲਣਾ ਸਖਤੀ ਨਾਲ ਹੁੰਦੀ ਹੈ ਕਿ ਨਹੀਂ?
ਸਟੇਟ ਕੈਰੇਜ ਪਰਮਿਟ ਰੱਖਣ ਵਾਲੇ ਸਾਰੇ ਜਨਤਕ ਸੇਵਾ ਵਾਹਨਾਂ ਨੂੰ ਉਹਨਾਂ ਦੇ ਨਿਰਧਾਰਤ ਰੂਟ 'ਤੇ ਚੱਲਣ ਦੀ ਆਗਿਆ ਦਿੱਤੀ ਜਾਏਗੀ, ਬਸ਼ਰਤੇ ਜਨਤਕ ਸੇਵਾ ਵਾਹਨ ਚਲਾਉਣ ਵਾਲਾ ਵਿਅਕਤੀ ਇਹ ਸੁਨਿਸ਼ਚਿਤ ਕਰੇਗਾ ਕਿ ਯਾਤਰੀ ਅਜਿਹੇ ਵਾਹਨ 'ਤੇ ਸਿਰਫ਼ ਯਾਤਰਾ ਦੇ ਸ਼ੁਰੂ ਹੋਣ ਵਾਲੀ ਥਾਂ ਤੋਂ ਚੜ੍ਹਣਗੇ ਅਤੇ ਸਫ਼ਰ ਦੇ ਖ਼ਤਮ ਹੋਣ ਵਾਲੀ ਥਾਂ ਜਾਂ ਜ਼ਿਲਾ ਹੈਡਕੁਆਟਰ ਜਾਂ  ਸਬ ਡਵੀਜ਼ਨਲ ਹੈਡਕੁਆਟਰ ਜਾਂ ਬਲਾਕ ਹੈਡਕੁਆਟਰਜ਼ ਜਾਂ ਬੱਸ ਸਟੈਂਡ ਜਾਂ ਮਿਉਂਸਪਲ ਟਾਊਨ ਬੱਸ ਸਟੈਂਡ ਤੋਂ ਬਿਨਾਂ ਹੋਰ ਕਿਸੇ ਥਾਂ 'ਤੇ ਨਾ ਉੱਤਰਨ। ਸਾਰੇ ਯਾਤਰੀ ਸਵਾਰ ਹੋਣ ਦੇ ਸਮੇਂ ਤੋਂ ਉਤਰਨ ਦੇ ਸਮੇਂ ਮਾਸਕ ਪਹਿਨ ਕੇ ਰੱਖਣ ਅਤੇ ਵਾਹਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਹਰੇਕ ਯਾਤਰੀ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਵੀ ਕੀਤੀ ਜਾਵੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਟੇਟ ਕੈਰੇਜ ਪਰਮਿਟ ਰੱਖਣ ਵਾਲੀਆਂ ਬੱਸਾਂ ਪੇਂਡੂ ਖੇਤਰਾਂ ਵਿੱਚ ਉਪਰੋਕਤ ਸ਼ਰਤਾਂ ਦੇ ਅਧੀਨ ਹੀ ਚੱਲ ਸਕਦੀਆਂ ਹਨ ਪਰ ਸਟੇਟ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਜੋ ਆਲੇ-ਦੁਆਲੇ ਦੇ ਇਲਾਕਿਆਂ ਤੋਂ ਚੰਡੀਗੜ੍ਹ  ਆਉਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਲਿਆਉਣ ਤੇ ਲਿਜਾਣ ਦੇ ਉਦੇਸ਼ ਲਈ ਹਨ 'ਤੇ ਬੱਸਾਂ ਨੂੰ ਬੈਠਣ ਦੀ ਸਮਰੱਥਾ ਦੇ 50% ਤੋਂ ਜ਼ਿਆਦਾ ਨਾ ਭਰਨ ਸਬੰਧੀ ਉੱਪਰ ਦੱਸੀ ਸ਼ਰਤ ਤੋਂ ਇਲਾਵਾ ਇਹ ਸ਼ਰਤਾਂ ਲਈ ਲਾਗੂ ਨਹੀਂ ਹੋਣਗੀਆਂ। ਹਾਲਾਂਕਿ, ਸਰਕਾਰੀ ਕਰਮਚਾਰੀਆਂ ਲਈ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਉਹਨਾਂ  ਕਿਹਾ ਕਿ ਅੰਤਰਰਾਜੀ ਬੱਸ ਸੇਵਾਵਾਂ ਨੂੰ ਇਸ ਆਦੇਸ਼ ਦੁਆਰਾ ਲਾਗੂ ਸ਼ਰਤਾਂ ਅਤੇ ਆਵਾਜਾਈ ਅਤੇ ਸਿਹਤ ਵਿਭਾਗਾਂ ਦੁਆਰਾ ਸਮੇਂ ਸਮੇਂ ਤੇ ਜਾਰੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ ਮੁਤਾਬਕ ਚੱਲਣ ਦੀ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਈ-ਰਿਕਸ਼ਾ, ਆਟੋ ਰਿਕਸ਼ਾ, ਮੈਕਸੀ-ਕੈਬਜ਼, ਮੋਟਰ-ਕੈਬਜ਼ ਨੂੰ ਸਿਰਫ 1 ਡਰਾਈਵਰ ਅਤੇ 2 ਯਾਤਰੀਆਂ ਦੀ ਆਗਿਆ ਹੈ। ਈ-ਰਿਕਸ਼ਾ, ਆਟੋ ਰਿਕਸ਼ਾ, ਮੈਕਸੀ-ਕੈਬਜ਼, ਮੋਟਰ-ਕੈਬਜ਼ ਦੀ ਹਰੇਕ ਯਾਤਰਾ ਤੋਂ ਬਾਅਦ ਢੁੱਕਵੇਂ ਤਰੀਕੇ ਨਾਲ ਸਫਾਈ ਕੀਤੀ ਜਾਣੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕਾਰ-ਪੂਲਿੰਗ  ਅਤੇ ਕਾਰ-ਸ਼ੇਅਰਿੰਗ ਦੀ ਆਗਿਆ ਨਹੀਂ ਹੋਵੇਗੀ।       
ਉਹਨਾਂ ਕਿਹਾ ਕਿ ਪ੍ਰਾਈਵੇਟ ਵਾਹਨਾਂ (ਨਾਨ-ਟਰਾਂਸਪੋਰਟ) ਨੂੰ ਚਲਾਉਣ ਦੀ ਇਜਾਜ਼ਤ ਇਸ ਸ਼ਰਤ ਨਾਲ ਦਿੱਤੀ ਗਈ ਹੈ ਕਿ, ਦੋ ਪਹੀਆ ਵਾਹਨ ਚਾਲਕਾਂ ਦੇ ਮਾਮਲੇ ਵਿਚ ਵੱਧ ਤੋਂ ਵੱਧ ਇਕ ਪਿੱਛੇ ਬੈਠਣ ਵਾਲੀ ਸਵਾਰੀ (ਪਿਲੀਅਨ ਰਾਈਡਰ) ਜੋ ਕਿ ਇਕ ਨਾਬਾਲਿਗ ਬੱਚਾ ਜਾਂ ਡਰਾਇਵਰ ਦਾ ਪਤੀ / ਪਤਨੀ ਹੈ, ਦੀ ਆਗਿਆ ਹੋਵੇਗੀ। ਚਾਰ ਪਹੀਆ ਦੇ ਮਾਮਲੇ ਵਿਚ 1 ਡਰਾਈਵਰ ਅਤੇ ਵੱਧ ਤੋਂ ਵੱਧ 2 ਯਾਤਰੀਆਂ ਦੀ ਆਗਿਆ ਹੋਵੇਗੀ।ਵਾਹਨ ਦੀ ਵੱਧ ਤੋਂ ਵੱਧ ਸਮਰੱਥਾ ਮੁਤਾਬਕ ਯਾਤਰੀਆਂ ਦੇ ਬੈਠਣ ਦੀ ਆਗਿਆ ਕੇਵਲ ਤਾਂ ਹੀ ਹੈ ਜੇ ਸਾਰੇ ਯਾਤਰੀ ਇੱਕੋ ਪਰਿਵਾਰ  (ਸਿਰਫ਼ ਮਾਤਾ-ਪਿਤਾ, ਪਤੀ/ਪਤਨੀ ਅਤੇ ਬੱਚੇ) ਨਾਲ ਸਬੰਧਤ ਹੋਣ।
ਉਹਨਾਂ ਅੱਗੇ ਕਿਹਾ ਕਿ ਪ੍ਰਾਈਵੇਟ (ਨਾਨ-ਟਰਾਂਸਪੋਰਟ) ਅਤੇ ਜਨਤਕ ਸੇਵਾ ਵਾਹਨਾਂ ਦੀਆਂ ਆਮ ਸ਼ਰਤਾਂ ਵਿਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਜਨਤਕ ਸੇਵਾ ਵਾਹਨਾਂ 'ਤੇ ਤਾਇਨਾਤ ਸਾਰੇ ਸਟਾਫ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਦੀ ਸਵੈ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇਕਰ ਲੱਛਣ ਸਾਹਮਣੇ ਆਉਣ ਤਾਂ ਉਕਤ ਵਿਅਕਤੀ ਇਸ ਸਬੰਧੀ ਜ਼ਿਲਾ ਮੈਜਿਸਟਰੇਟ ਜਾਂ ਸਿਵਲ ਸਰਜਨ ਨੂੰ ਰਿਪੋਰਟ ਕਰੇਗਾ। ਐਪੀਡੈਮਿਕ ਡਿਸੀਜ਼ ਐਕਟ 1897 ਅਤੇ ਆਫਤ ਪ੍ਰਬੰਧਨ ਐਕਟ 2005 ਤਹਿਤ ਸਮੇਂ-ਸਮੇਂ 'ਤੇ ਕੋਵਿਡ-19 ਦੇ ਸਬੰਧ ਵਿਚ ਜਾਰੀ ਸਾਰੇ ਦਿਸ਼ਾ ਨਿਰਦੇਸ਼, ਪ੍ਰੋਟੋਕੋਲ ਅਤੇ ਆਦੇਸ਼ ਲਾਗੂ ਹੋਣਗੇ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਕੌਮੀ ਆਫ਼ਤ ਪ੍ਰਬੰਧਨ ਐਕਟ 2005, ਆਈਪੀਸੀ ਅਤੇ ਮੋਟਰ ਵਹੀਕਲ ਐਕਟ 1988 ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਸਾਰੇ ਦਿਸ਼ਾ ਨਿਰਦੇਸ਼ ਅਤੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਲਾਗੂ ਹੋਣਗੇ।  

Friday, March 27, 2020

Corona:ਓਪੀਡੀ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਜਾਣ-ਡਾ.ਅਰੁਣ ਮਿੱਤਰਾ

27th March 2020 at 11:32 AM 
ਮਨਮਰਜ਼ੀ ਦੀਆਂ ਦਵਾਈਆਂ ਅਤੇ ਘਰੇਲੂ ਟੋਟਕਿਆਂ ਨਾਲ ਹੋ ਸਕਦੈ ਨੁਕਸਾਨ 
ਲੁਧਿਆਣਾ: 27 ਮਾਰਚ 2020: (ਐਮ ਐਸ ਭਾਟੀਆ//ਕਾਰਤਿਕਾ ਸਿੰਘ)::
ਕੋਰੋਨਾ ਸੰਕਟ ਦੇ ਚਲਦਿਆਂ ਆਮ ਲੋਕ ਬਹੁਤ ਹੀ ਮੁਸ਼ਕਲਾਂ ਵਿੱਚ ਹਨ। ਸਰਕਾਰੀ ਅਤੇ ਗੈਰ ਸਰਕਾਰੀ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਤੱਕ ਰਾਹਤ ਉਸ ਤੇਜ਼ੀ ਨਾਲ ਪਹੁੰਚ ਰਹੀ ਜਿਵੇਂ ਕਿ ਪਹੁੰਚਣੀ ਚਾਹੀਦੀ ਹੈ। ਰਾਸ਼ਣ ਦੇ ਨਾਲ ਨਾਲ ਮੁੱਖ ਸਮੱਸਿਆ ਸਿਹਤ ਨਾਲ ਸਬੰਧਤ ਮਸਲਿਆਂ ਦੀ ਵੀ ਹੈ। ਕੋਰੋਨਾ ਤੋਂ ਡਰੇ ਹੋਏ ਲੋਕ ਬੇਹੱਦ ਭੰਬਲਭੂਸੇ ਵਿੱਚ ਹਨ। ਉਹ ਜਾਂ ਤਾਂ ਦਵਾਈਆਂ ਛੱਡ ਕੇ ਘਰੇਲੂ ਟੋਟਕਿਆਂ ਨਾਲ ਕੰਮ ਚਲਾ ਰਹੇ ਹਨ ਤੇ ਜਾਂ ਫਿਰ ਮਨਮਨਰਜ਼ੀ ਦੀਆਂ ਦਵਾਈਆਂ ਲੈ ਰਹੇ ਹਨ ਕਿਓਂਕਿ ਉਹਨਾਂ ਦੇ ਗਲੀ ਮੁਹੱਲਿਆਂ ਵਿੱਚ ਕੋਈ ਨੇੜਲਾ ਕਲੀਨਿਕ ਜਾਂ ਹਸਪਤਾਲ ਨਹੀਂ ਖੁੱਲ੍ਹਾ। ਡਾਕਟਰ ਦੀਆਂ ਲਿਖੀਆਂ ਹੋਈਆਂ ਪਰਚਿਆਂ ਤੇ ਦਵਾਈ ਲਈ ਲਈ ਵੀ ਉਹਨਾਂ ਨੂੰ ਕਾਫੀ ਦੂਰ ਤੱਕ ਜਾਣਾ ਪੈਂਦਾ ਹੈ। ਨਿੱਤ ਦਿਨ ਰੰਗ ਬਦਲਦੇ ਮੌਸਮ ਕਾਰਨ ਉਹਨਾਂ ਦੀਆਂ ਸਮੱਸਿਆਵਾਂ ਹੋਰ ਵੱਧ ਰਹੀਆਂ ਹਨ।  ਅਜਿਹੀ ਹਾਲਤ ਵਿੱਚ ਜ਼ਰੂਰੀ ਹੈ ਛੋਟੇ ਵੱਡੇ ਹਸਪਤਾਲ ਦੇ ਨਾਲ ਨਾਲ ਗਲੀ ਮੋਹਲਿਆਂ ਦੇ ਕਲੀਨਿਕ ਵੀ ਖੋਹਲੇ ਜਾਨ ਜਿੱਥੇ ਓਪੀਡੀ ਵਰਗੀਆਂ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਜਾਣ। ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਵਾਈਸ ਪ੍ਰੈਜੀਡੈਂਟ ਡਾ: ਅਰੁਣ ਮਿੱਤਰਾ ਨੇ ਇਸ ਸਬੰਧੀ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹਸਪਤਾਲਾਂ ਨੂੰ ਰੁਟੀਨ ਓ ਪੀ ਡੀ ਸੇਵਾਵਾਂ ਚਾਲੂ ਕਰਨ ਦੀ ਆਗਿਆ ਦੇਣ। ਕਿਉਂਕਿ ਓ ਪੀ ਡੀ ਸੇਵਾਵਾਂ ਕਾਰਜਸੀਲ ਨਹੀਂ ਹਨ, ਇਸ ਲਈ ਮਰੀਜਾਂ ਨੂੰ ਡਾਕਟਰਾਂ ਤੱਕ ਪਹੁੰਚਣਾ ਬਹੁਤ ਮੁਸਕਲ ਹੋ ਰਿਹਾ ਹੈ। ਇਸਦਾ ਪਹਿਲਾਂ ਤੋਂ ਚਲ ਰਹੀਆਂ ਸਿਹਤ ਸਮੱਸਿਆਵਾਂ ਦਾ ਭਾਰ ਵਾਧ ਜਾਏਗਾ। ਕੁਝ ਵੱਡੇ ਹਸਪਤਾਲਾਂ ਨੂੰ ਕੋਰੋਨਾ ਦੇ ਮਰੀਜਾਂ ਦੀ ਦੇਖਭਾਲ ਲਈ ਰੱਖਿਆ ਜਾਣਾ ਚਾਹੀਦਾ ਹੈ ਜਦੋਂ ਕਿ ਛੋਟੇ ਅਤੇ ਦਰਮਿਆਨੇ ਸਿਹਤ ਖੇਤਰ ਦੇ ਅਦਾਰਿਆਂ/ਕਲੀਨਿਕਾਂ ਨੂੰ ਓਪੀਡੀ ਸੇਵਾਵਾਂ ਨੂੰ ਰੁਟੀਨ ਨਾਲ ਚਲਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।  ਅਜਿਹਾ ਕਦਮ ਚੁੱਕ ਕੇ ਆਮ ਲੋਕਾਂ ਨੂੰ ਇੱਕ ਵਡੀ ਰਾਹਤ ਦਿੱਤੀ ਜਾ ਸਕੇ। ਜੇ ਇਸੇ ਤਰਾਂ ਲੋਕਾਂ ਨੇ ਮਨ ਮਰਜ਼ੀ ਦੀਆਂ ਦਵਾਈਆਂ ਵਾਲੀ ਵਰਤੋਂ ਜਾਰੀ ਰੱਖੀ ਤਾਂ ਹੋਰ ਕਈ ਮਸਲੇ ਵੀ ਖੜੇ ਹੋ ਸਕਦੇ ਹਨ।