Monday, June 22, 2020

ਸਾਨੂੰ ਲਾਕ ਡਾਊਨ ਨੇ ਮਾਰਿਐ-ਆਮ ਮਜ਼ਦੂਰਾਂ ਦੀ ਆਵਾਜ਼

 ਪਤਾ ਨਹੀਂ ਇਸ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ? 
ਲੁਧਿਆਣਾ: 22 ਜੂਨ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਲਾਕਡਾਊਨ  ਦਾ ਸ਼ਿਕਾਰ ਮਜ਼ਦੂਰ 
ਪ੍ਰਦੀਪ ਸ਼ਰਮਾ ਨੇ ਫੋਟੋ ਕਲਿੱਕ  ਕੀਤੀਆਂ 
ਹਫਤੇ ਦੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਅਜੇ ਵੀ ਲਾਕ ਡਾਊਨ ਦਾ ਡੰਡਾ ਪੂਰੀ ਸਖਤੀ ਨਾਲ ਚੱਲਦਾ ਹੈ ਪਰ ਫਿਰ ਵੀ ਇਸਦਾ ਡਰ ਨਾ ਤਾਂ ਫੁਕਰਾਗਿਰੀ ਕਰਨ ਵਾਲੀ ਮੁੰਡੀਰ ਮੰਨਦੀ ਹੈ ਤੇ ਨਾ ਹੀ ਕਹਿੰਦੇ ਕਹਾਉਂਦੇ ਰਸੂਖਦਾਰ ਲੋਕ। ਅਜਿਹੇ ਲੋਕ ਅੱਧੀ ਰਾਤ ਨੂੰ ਵੀ ਸੜਕਾਂ ਤੇ ਦੇਖੇ ਜਾ ਸਕਦੇ ਹਨ। ਫਰਾਟੇ ਨਾਲ ਅੰਨੇਵਾਹ ਤੇਜ਼ ਸਪੀਡ ਵਿੱਚ ਵਿਚਰਦਿਆਂ ਇਹਨਾਂ ਨੂੰ ਕੋਈ ਨਹੀਂ ਰੋਕਦਾ।
 ਅਜਿਹੇ ਲੋਕਾਂ ਦੇ ਨਾਲ ਨਾਲ ਇੱਕ ਵਰਗ ਉਹਨਾਂ ਗਰੀਬ ਮਜ਼ਦੂਰਾਂ ਦਾ ਵੀ ਹੈ ਜਿਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਅਸੀਂ ਕੀ ਕਰੀਏ। ਮਾਲਕਾਂ ਨੇ ਕੰਮ ਤੋਂ ਕੱਢ ਦਿੱਤਾ ਅਤੇ ਭੁੱਖ ਨੇ ਘਰੋਂ ਬੇਘਰ ਕਰ ਦਿੱਤਾ। ਟੱਬਰਾਂ ਦੇ ਟੱਬਰ ਰੁਲ ਗਏ। ਪਰਿਵਾਰ ਦਾ ਕੋਈ ਮੈਂਬਰ ਕਿਤੇ ਤੇ ਕੋਈ ਕਿਤੇ ਵਿੱਛੜ ਗਿਆ। ਵਿਕਾਸ ਦੇ ਦਾਅਵਿਆਂ ਦੀ ਕੂਕ ਵਿੱਚ ਨਾ ਉਹਨਾਂ ਦੀਆਂ ਆਹਾਂ ਕਿਸੇ ਨੇ ਸੁਣੀਆਂ ਅਤੇ ਨਾ ਹੀ ਹੰਝੂ ਦੇਖੇ। ਜਰਾ ਜਿਹੀ ਹਮਦਰਦੀ ਵਾਲੀ ਗੱਲ ਕਰੋ ਤਾਂ ਫਿਸ ਪੈਂਦੇ ਹਨ। ਰੋਂਦਿਆਂ ਰੋਂਦਿਆਂ ਦੱਸਦੇ ਹਨ,"ਪਹਿਲਾਂ ਨੋਟਬੰਦੀ ਨੇ ਅਜਿਹੇ ਦਿਨ ਦਿਖਾਏ ਸਨ ਹੁਣ ਲਾਕ ਡਾਊਨ ਨੇ ਭਿਖਾਰੀਆਂ ਵਰਗੀ ਹਾਲਤ ਕਰ ਦਿੱਤੀ ਹੈ। 
ਘੰਟਾਘਰ ਅਤੇ ਜਲੰਧਰ ਬਾਈਪਾਸ ਨੂੰ ਜੋੜਣ ਵਾਲੀ ਸੜਕ ਦੇ ਦੋਹੀਂ ਪਾਸੇ ਇਹਨਾਂ ਮਜਬੂਰਾਂ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਦੀ ਫੋਟੋ ਖਿੱਚਦਿਆਂ ਪੱਤਰਕਾਰ ਪ੍ਰਦੀਪ ਸ਼ਰਮਾ ਨੇ ਇੱਕ ਮਜ਼ਦੂਰ ਨੂੰ  ਪੁੱਛਿਆ ਇਥੇ ਕਿਓਂ ਬੈਠੇ ਹੋ? ਉਸਨੇ ਜੁਆਬੀ ਸੁਆਲ ਕੀਤਾ ਹੋਰ ਕਿੱਥੇ ਜਾਈਏ? ਥੱਕ ਗਏ ਤਾਂ ਇਥੇ ਬੈਠੇ ਗਏ! ਕਿ ਹੁਣ ਇਹ ਵੀ ਗੁਨਾਹ ਹੋ ਗਿਐ? ਰਿਪੋਰਟਰ ਨੇ ਅਗਲਾ ਸੁਆਲ ਕੀਤਾ ਪੁਲਿਸ ਕੋਲੋਂ ਡਰ ਨਹੀਂ ਲੱਗਦਾ? ਜੁਆਬ ਵਿੱਚ ਮਜ਼ਦੂਰ ਪੁੱਛਣ ਲੱਗਾ ਕਾਹਦਾ ਡਰ? ਜੇ ਪੁਲਿਸ ਫੜੇਗੀ ਤਾਂ ਵੀ ਚੰਗਾ ਹੀ ਹੈ ਘਟੋਘਟ ਰੋਟੀ ਤਾਂ ਦੇਏਗੀ!
ਮਾਸਕ ਦੀ ਗੱਲ ਤੇ ਵੀ ਅਜੀਬ ਜਿਹਾ ਪ੍ਰਤੀਕਰਮ ਸੀ-ਕਹਿਣ ਲੱਗਾ ਕਿੱਥੋਂ ਖ੍ਰੀਦੀਏ? ਸਾਡੇ ਕੋਲ ਜ਼ਹਿਰ ਖਾਣ ਨੂੰ ਪੈਸੇ ਨਹੀਂ। ਰਿਪੋਰਟਰ ਨੇ ਫਿਰ ਸਮਝਾਇਆ ਜੇ ਕੋਰੋਨਾ ਹੋ ਗਿਆ ਤਾਂ? ਸੁਣ ਕੇ ਉਹ ਮਜ਼ਦੂਰ ਮੁਸਕਰਾ ਪਿਆ। ਕਹਿਣ ਲੱਗਾ ਸਾਡੇ ਗਰੀਬਾਂ ਕੋਲ ਕੋਰੋਨਾ ਨੇ ਵੀ ਨਹੀਂ ਆਉਣਾ। ਜੇ ਆ ਗਿਆ ਤਾਂ ਅਜਿਹੀ ਜ਼ਿੰਦਗੀ ਤੋਂ ਮੁਕਤੀ ਮਿਲੂਗੀ। 
ਲਾਕ ਡਾਊਨ ਦੇ ਸਤਾਏ ਅਜਿਹੇ ਕਿੰਨੇ ਹੀ ਲੋਕਾਂ ਨੂੰ ਸੜਕਾਂ ਦੇ ਕਿਨਾਰੇ ਬੈਠਿਆਂ ਦੇਖਿਆ ਜਾ ਸਕਦਾ ਹੈ। ਬਸ ਇੱਕ ਢੰਗ ਦੀ ਰੋਟੀ ਹੀ ਹੁਣ ਇਹਨਾਂ ਦੀ ਮੰਜ਼ਲ ਬਣ ਗਈ ਹੈ। ਲਾਕ ਡਾਊਨ ਨੇ ਇਹਨਾਂ ਦੀ ਜ਼ਿੰਦਗੀ ਨੂੰ ਵੀ ਲੀਹੋਂ ਲਾਹ ਦਿੱਤਾ ਹੈ। ਨਾ ਪਿੰਡ ਬਚਿਆ, ਨਾ ਪਰਿਵਾਰ ਨਾ ਹੀ ਕੰਮਕਾਰ। ਸਾਹਾਂ ਦੀ ਚਲਦੀ ਡੋਰ ਵੀ ਹੁਣ ਤਾਂ ਬੋਝ ਬਣ ਗਈ ਹੈ। 
ਇਹਨਾਂ ਕੋਲ ਸਿਰ ਲੁਕਾਉਣ ਲਈ ਕੋਈ ਸਾਂਝਾ ਮਾਂਝਾ ਕਮਰਾ ਵੀ ਨਹੀਂ ਬਚਿਆ। ਸੜਕਾਂ ਕਿਨਾਰੇ ਬੈਠਣਾ ਜਾਂ ਬਿਨਾ ਕੁਝ ਸੋਚੇ ਤੁਰਦੇ ਜਾਣਾ ਇਹਨਾਂ  ਦੀ ਤਕਦੀਰ ਬਣ ਗਈ ਹੈ। ਸੜਕ ਕਿਨਾਰੇ ਬੈਠਿਆਂ ਨੂੰ ਤਾਂ ਕੋਈ "ਦਾਨੀ ਸੰਸਥਾ" ਦੋ ਫੁਲਕੇ ਤੇ ਦਾਲ ਸਬਜ਼ੀ ਵੀ ਫੜਾ ਦੇਂਦੀ ਹੈ ਹੋਰ ਕਿਸੇ ਥਾਂ ਤਾਂ ਇਹ ਵੀ ਨਹੀਂ ਕੋਈ ਉਮੀਦ ਨਹੀਂ। ਇਸਦੇ ਨਾਲ ਹੀ ਦਿਲਚਸਪ ਗੱਲ ਇਹ ਕਿ ਇਹਨਾਂ ਦੇ ਨਾਵਾਂ ਤੇ ਆਇਆ ਰਾਸ਼ਨ ਵੱਡੇ ਵੱਡੇ ਲੋਕਾਂ ਨੇ ਆਪਣੇ ਗੁਦਾਮਾਂ ਵਿੱਚ ਲੁਕਵਾ ਲਿਆ ਹੈ। ਪਤਾ ਨਹੀਂ ਇਸ ਦੇਸ਼ ਦੇ ਸਿਸਟਮ ਨੂੰ ਅੱਗ ਕਦੋਂ ਲੱਗਣੀ ਹੈ!
(ਫੋਟੋ:ਪ੍ਰਦੀਪ ਸ਼ਰਮਾ//ਸ਼ਬਦ:ਰੈਕਟਰ ਕਥੂਰੀਆ)

No comments: