Showing posts with label Bharat Bhushan Ashu. Show all posts
Showing posts with label Bharat Bhushan Ashu. Show all posts

Thursday, May 29, 2025

ਆਸ਼ੂ ਦੀ ਨਾਮਜ਼ਦਗੀ ਤੋਂ ਪਹਿਲਾਂ ਕਾਂਗਰਸ ਨੇ ਇੱਕਜੁੱਟਤਾ ਅਤੇ ਮਜ਼ਬੂਤੀ ਦਿਖਾਈ

From Punjab Congress onThursday 29th May 2025 at 5:39 PM Regarding Congress Unity in Ludhiana

ਹੋਰਨਾਂ ਤੋਂ ਇਲਾਵਾ ਬਘੇਲ, ਚੰਨੀ, ਕਿਸ਼ੋਰੀ ਅਤੇ ਵੜਿੰਗ ਵੀ ਰਹੇ ਮੌਜੂਦ 


ਲੁਧਿਆਣਾ: 29 ਮਈ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕਾਂਗਰਸ ਨੇ ਅੱਜ ਮਜ਼ਬੂਤੀ ਅਤੇ ਏਕਤਾ ਦਾ ਪ੍ਰਦਰਸ਼ਨ ਕੀਤਾ।

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ, ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਜਨਰਲ ਸਕੱਤਰ ਇੰਚਾਰਜ ਪੰਜਾਬ ਕਾਂਗਰਸ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਰਾਣਾ ਗੁਰਜੀਤ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਹੋਰ ਸ਼ਾਮਲ ਹਨ।

ਇਸ ਮੌਕੇ ਬਘੇਲ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ ਦੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ, ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗੱਲ ਕੰਧ 'ਤੇ ਲਿਖੀ ਹੋਈ ਹੈ ਕਿ ਕਾਂਗਰਸ ਇਸ ਸੀਟ ਨੂੰ ਰਿਕਾਰਡ ਅੰਤਰ ਨਾਲ ਜਿੱਤੇਗੀ।

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਵੜਿੰਗ ਨੇ ਆਸ਼ੂ ਨੂੰ ਵਧਾਈ ਦਿੱਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਹ ਸੀਟ ਜਿੱਤਣਗੇ ਅਤੇ ਸੂਬੇ ਵਿੱਚ ਪਾਰਟੀ ਲਈ ਨਵੀਂ ਸ਼ੁਰੂਆਤ ਕਰਨਗੇ।

ਵੜਿੰਗ ਨੇ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਿਲ ਨਾਲ ਕੰਮ ਕਰਨ, ਜਿਵੇਂ ਕਿ ਉਹ ਆਪਣੀ ਨਿੱਜੀ ਚੋਣ ਲੜ ਰਹੇ ਹੋਣ। ਉਨ੍ਹਾਂ ਨੇ ਜੋਸ਼ ਨਾਲ ਭਰੇ ਵਰਕਰਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਹਰ ਕੋਈ ਵਿਧਾਇਕ ਬਣਨ ਜਾ ਰਿਹਾ ਹੈ ਅਤੇ ਇਹ ਹਰੇਕ ਪਾਰਟੀ ਵਰਕਰ ਦੀ ਜਿੱਤ ਹੋਵੇਗੀ।

ਇਸ ਮੌਕੇ ਆਸ਼ੂ ਨੇ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਦੋਵੇਂ ਲੀਡਰਸ਼ਿਪਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਰੱਖਣ ਅਤੇ ਆਪਣਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਦੌਰਾਨ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਟਿੱਪਣੀ ਕੀਤੀ ਕਿ ਸਾਡੇ ਪ੍ਰਧਾਨ ਸਾਡੇ ਨਾਲ ਖੜ੍ਹੇ ਹਨ, ਹੁਣ 'ਆਪ' ਅਤੇ ਭਾਜਪਾ ਨੂੰ ਦੱਸਣ ਦਿਓ, ਉਨ੍ਹਾਂ ਦੇ ਸੂਬਾ ਪ੍ਰਧਾਨ ਕਿੱਥੇ ਹਨ?

ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪੂਰੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਨੇ ਪਾਰਟੀ ਦੇ ਵਰਕਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ, ਜੋ ਇਸ ਸੀਟ ਨੂੰ ਵਾਪਸ ਜਿੱਤਣ ਦਾ ਵਿਸ਼ਵਾਸ ਮਹਿਸੂਸ ਕਰ ਰਹੇ ਹਨ, ਜਿਥੋਂ ਪਾਰਟੀ ਸਾਲ 2022 ਵਿੱਚ ਹਾਰ ਗਈ ਸੀ।

ਇਸ ਮੌਕੇ ਸ਼੍ਰੀਮਤੀ ਮਮਤਾ ਆਸ਼ੂ ਨੇ ਆਸ਼ੂ ਲਈ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ।

ਜਿਥੇ ਹੋਰਨਾਂ ਤੋਂ ਇਲਾਵਾ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਵਿਧਾਇਕਾ ਅਰੁਣਾ ਚੌਧਰੀ, ਸਾਬਕਾ ਮੰਤਰੀ ਵਿਜੇ ਇੰਦਰਾ ਸਿੰਗਲਾ, ਸ਼ਾਮ ਸੁੰਦਰ ਅਰੋੜਾ, ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ, ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਬਲਵਿੰਦਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਲਖਬੀਰ ਸਿੰਘ ਲੱਖਾ, ਕੁਲਦੀਪ ਵੈਦ, ਰਜਿੰਦਰ ਬੇਰੀ, ਸਾਬਕਾ ਯੂਥ ਕਾਂਗਰਸ ਪ੍ਰਧਾਨ ਰਮਿੰਦਰ ਸਿੰਘ ਆਵਲਾ, ਈਸ਼ਵਰਜੋਤ ਚੀਮਾ ਵੀ ਮੌਜੂਦ ਸਨ।

ਹੁਣ ਦੇਖਣਾ ਇਹ ਹੈ ਕਿ ਕਾਂਗਰਸ ਵਾਲੀ ਟੀਮ ਇਸ ਸੀਟ ਦੇ ਨਤੀਜਿਆਂ ਦੌਰਾਨ ਕੋਈ ਚਮਤਕਾਰ ਦਿਖਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਨਹੀਂ!   ---

Sunday, March 28, 2021

ਪਹਿਲੀ ਅਪ੍ਰੈਲ ਤੋਂ ਚਲਾਈ ਜਾਵੇਗੀ ਸਪੈਸ਼ਲ ਟੀਕਾਕਰਣ ਮੁਹਿੰਮ

Sunday:28th March 2021 at 5:21 PM

ਵੱਧ ਤੋਂ ਵੱਧ ਲੋਕਾਂ ਦੀ ਕੀਤੀ ਜਾਵੇਗੀ ਵੈਕਸੀਨੇਸ਼ਨ--ਭਾਰਤ ਭੂਸ਼ਣ ਆਸ਼ੂ


ਲੁਧਿਆਣਾ
: 28 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਸਨੀਕਾਂ ਦੇ ਲਾਭ ਲਈ ਜ਼ਿਲ੍ਹਾ ਲੁਧਿਆਣਾ ਵਿਖੇ 1 ਅਪ੍ਰੈਲ, 2021 ਤੋਂ ਇੱਕ ਸਪੈਸ਼ਲ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ, ਕਿਉਂਕਿ 80 ਤੋਂ ਵੱਧ ਨਿੱਜੀ ਅਤੇ 71 ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਟੀਕਾਕਰਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਇਹ ਗੱਲ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ, ਸੀ.ਆਈ.ਸੀ.ਯੂ. ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ, ਡਾ ਐਸ.ਬੀ. ਪਾਂਧੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ 'ਵੈਕਸੀਨ ਐਟ ਡੋਰਸੈਟੈਪਸ' ਮੁਹਿੰਮ ਤਹਿਤ ਵਾਇਰਸ ਦੀ ਲੜੀ ਨੂੰ ਤੋੜਨ ਲਈ ਥੋੜੇ ਸਮੇਂ ਵਿੱਚ ਵੱਡੀ ਅਬਾਦੀ ਦੇ ਟੀਕੇ ਲਗਾਉਣ ਲਈ, ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮਮਤਾ ਆਸ਼ੂ ਦੇ ਯਤਨਾਂ ਸਦਕਾ ਪਹਿਲਾ ਅਜਿਹਾ ਕੈਂਪ 26 ਮਾਰਚ ਨੂੰ ਸ਼ਹਿਰ ਦੇ ਪ੍ਰਤਾਪ ਨਗਰ ਖੇਤਰ ਵਿੱਚ ਲਗਾਇਆ ਗਿਆ ਸੀ, ਕੱਲ੍ਹ ਵੀ ਦੋ ਅਜਿਹੇ ਕੈਂਪ ਲਗਾਏ ਗਏ ਸਨ ਅਤੇ ਅੱਜ 8 ਅਜਿਹੇ ਕੈਂਪ ਲੁਧਿਆਣਾ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਖੇਤਰਾਂ ਵਿਚ ਅਜਿਹੇ ਕੈਂਪ ਲਗਾਉਣ ਲਈ ਅੱਗੇ ਆ ਰਹੇ ਹਨ, ਜੋ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਸਨੀਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਸਨ ਪਰ ਹੁਣ ਲੋਕਾਂ ਦੇ ਘਰਾਂ ਦੇ ਨੇੜੇ ਟੀਕਾ ਲਗਵਾਇਆ ਜਾ ਰਿਹਾ ਹੈ, ਜਨਤਾ ਵੱਲੋਂ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿੱਚ ਖੜਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਂਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸ਼ਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ। ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਇਸ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਸਨੀਕ ਆਪਣੇ ਇਲਾਕਿਆਂ ਵਿੱਚ ਕੈਂਪ ਲਗਾਉਣ ਲਈ ਆਪਣੇ ਕੌਂਸਲਰ/ਸਰਪੰਚ, ਖੇਤਰ ਦੇ ਐਸ.ਡੀ.ਐਮ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਸਿਵਲ ਸਰਜਨ ਦਫਤਰ ਆਦਿ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਸਨੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਕੈਂਪ ਦੇ ਸੰਬੰਧ ਵਿਚ ਸਵਾਲ ਭੇਜ ਸਕਦੇ ਹਨ।

ਬਾਅਦ ਵਿਚ, ਕੈਬਨਿਟ ਮੰਤਰੀ ਵੱਲੋੋਂ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਗਊਸ਼ਾਲਾ ਰੋਡ 'ਤੇ ਕੇ.ਡੀ.ਐਮ. ਸਕੂਲ ਅਤੇ ਹੈਬੋਵਾਲ ਵਿਖੇ ਚੱਲ ਰਹੇ ਕੈਂਪਾਂ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ।

Sunday, February 28, 2021

ਭਾਰਤ ਭੂਸ਼ਣ ਆਸ਼ੂ ਵੱਲੋਂ ਐਂਟੀ-ਸਮੋਗ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ

28th February 2021 at 6:27 PM

 ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਭਰੋਸਾ 


ਲੁਧਿਆਣਾ: 28 ਫਰਵਰੀ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਪ੍ਰਤੀਕਾਤਮਕ Pexelx Photo bzYogendra Singh 
ਪ੍ਰਦੂਸ਼ਣ ਦਾ ਮਸਲਾ ਬਹੁਤ ਪੁਰਾਣਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਲੁਧਿਆਣਾ ਅਤੇ ਪ੍ਰਦੂਸ਼ਣ ਇੱਕ ਮਿੱਕ ਹੋਏ ਪੈ ਹਨ ਤਾਂ ਵੀ ਸ਼ਾਇਦ ਗਲਤ ਨਹੀਂ ਹੋਵੇਗਾ।ਲੜਕੀਆਂ ਦੇ ਸਰਕਾਰੀ ਕਾਲਜ ਵਾਲੀ ਸੜਕ ਅਤੇ ਹੋਰ ਪ੍ਰਮੁੱਖ ਮਾਰਗਾਂ ਤੋਂ ਅੰਨੇਵਾਹ ਵੱਢੇ ਗਏ ਦਰਖਤਾਂ ਨੇ ਜਿੱਥੇ ਇਹਨਾਂ ਇਲਾਕਿਆਂ ਦੀ ਖੂਬਸੂਰਤੀ ਘਟਾ ਦਿੱਤੀ ਹੈ ਉੱਥੇ ਪ੍ਰਦੂਸ਼ਣ ਵਿੱਚ ਵੀ ਵਧ ਕਰ ਦਿੱਤਾ ਹੈ। ਹੁਣ ਇਹਨਾਂ ਸੜਕਾਂ ਤੇ ਤੁਰਦਿਆਂ ਉਹ ਰਾਹਤ ਮਹਿਸੂਸ ਨਹੀਂ ਹੁੰਦੀ ਜਿਹੜੀ ਪਹਿਲਾਂ ਇਹਨਾਂ ਸੜਕਾਂ ਦੀ ਖਾਸੀਅਤ ਹੋਇਆ ਕਰਦੀ ਸੀ।  ਸਰਕਾਰ ਅਤੇ ਪ੍ਰਸ਼ਾਸਨ ਦਾ ਦਾਅਵਾ ਅਕਸਰ ਇਹੀ ਹੁੰਦਾ ਹੈ ਕਿ ਇਹ ਸਭ ਕੁਝ ਵਿਕਾਸ ਲਈ ਜ਼ਰੂਰੀ ਸੀ। ਹੁਣ ਪ੍ਰਦੂਸ਼ਣ ਨੂੰ ਮੁਕੰਮਲ ਤੌਰ ਤੇ ਸਮਾਪਤ ਕਰਨ ਦੇ ਜਤਨ ਵੀ ਸ਼ੁਰੂ ਹਨ। ਇਸ ਕੰਮ ਲਈ ਵਿਸ਼ੇਸ਼ ਮਸ਼ੀਨਾਂ ਵੀ ਲਿਆਂਦੀਆਂ ਗਈਆਂ ਹਨ। 

ਲੁਧਿਆਣਾ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਯਤਨਾਂ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਨਗਰ ਨਿਗਮ ਦੇ ਜੋਨ-ਡੀ ਦਫਤਰ ਵਿਖੇ ਐਂਟੀ-ਸਮੋਗ/ਡਸਟ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ  (ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਨੂੰ ਸਾਫ ਅਤੇ ਤਾਜ਼ੀ ਹਵਾ ਮੁਹੱਈਆ ਕਰਾਉਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿਚ ਅਜਿਹੀਆਂ ਐਂਟੀ-ਸਮੋਗ ਅਤੇ ਐਂਟੀ-ਡਸਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਨਗਰ ਨਿਗਮ ਲੁਧਿਆਣਾ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਅਧੀਨ ਖਰੀਦੀਆਂ ਜਾਣਗੀਆਂ ਅਤੇ ਜੋ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਅੱਜ ਦੋ ਵੱਖ-ਵੱਖ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਇਲੈਕਟ੍ਰਿਕ ਵਾਹਨ 'ਤੇ ਲੱਗੀ ਹੋਈ ਹੈ ਅਤੇ ਦੂਜੀ ਇੱਕ ਮਹਿੰਦਰਾ ਬੋਲੇਰੋ ਗੱਡੀ 'ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਿਵੇਂ ਲੰਬੇ ਰੁੱਖਾਂ ਦੇ ਪੱਤਿਆਂ ਦੀ ਧੂੜ ਧੋਣ ਲਈ, ਹਵਾ ਵਿੱਚ ਫੈਲੀ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਨੂੰ ਖ਼ਤਮ ਕਰਨ ਆਦਿ ਲਈ। 

ਭਾਰਤ ਭੂਸ਼ਣ ਆਸ਼ੂ ਨੇ ਕਿਹਾ ਬੇਸ਼ਕ ਲੁਧਿਆਣਾ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਹੈ ਪਰ ਸਾਨੂੰ ਸਰਿਆਂ ਨੂੰ ਲੁਧਿਆਣਾ ਦੇ ਕਲੀਨ ਏਅਰ ਮਿਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੋ ਕਿ ਗੁਣਵੱਤਾ ਦੀ ਬਿਹਤਰੀ ਲਈ ਇੱਕ ਮਹਾਨ ਮਾਰਗ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ.

ਅੱਜ ਦਾ ਪ੍ਰਦਰਸ਼ਨ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਯੋਜਿਤ ਕੀਤਾ ਗਿਆ ਜਿਸਦੇ ਤਹਿਤ 15ਵੇਂ ਵਿੱਤ ਕਮਿਸ਼ਨ ਅਨੁਸਾਰ 42 ਮਿਲੀਅਨ ਤੋਂ ਜ਼ਿਆਦਾ ਸ਼ਹਿਰਾਂ ਦੀ  ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।

ਉਨ੍ਹਾਂ ਭਾਗੀਦਾਰ ਵਿਭਾਗਾਂ ਨੂੰ ਦੱਸਿਆ ਕਿ ਲੁਧਿਆਣਾ ਪੰਜਾਬ ਰਾਜ ਦੇ ਨੌ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਪਲਾਨ ਅਤੇ ਕਾਰਜ ਯੋਜਨਾ ਅਨੁਸਾਰ ਲੋੜੀਂਦੀ ਕਾਰਵਾਈ ਪਹਿਲਾਂ ਹੀ ਸੀ.ਪੀ.ਸੀ.ਬੀ. ਦੁਆਰਾ ਮਨਜ਼ੂਰ ਕਰ ਲਈ ਗਈ ਹੈ।

ਕਾਰਜ ਯੋਜਨਾ ਵਿਚ ਵੱਖ-ਵੱਖ ਭਾਗੀਦਾਰਾਂ ਜਿਵੇਂ ਨਗਰ ਨਿਗਮ ਲੁਧਿਆਣਾ, ਟਰਾਂਸਪੋਰਟ ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੀ.ਐਸ.ਸੀ.ਐਸ.ਟੀ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।

Saturday, August 03, 2019

ਭਾਰਤ ਭੂਸ਼ਣ ਆਸ਼ੂ ਅਤੇ ਰਮਨ ਸੁਬਰਾਮਨੀਅਮ ਵੱਲੋਂ ਸਿਟੀ ਸੈਂਟਰ ਸਥਾਨ ਦਾ ਦੌਰਾ

Aug 3, 2019, 4:48 PM
ਮੀਂਹ ਕਾਰਨ ਇਕੱਤਰ ਪਾਣੀ ਅਤੇ ਘਾਹ ਬੂਟੀ ਨਾਲ ਬਿਮਾਰੀਆਂ ਦਾ ਖਦਸ਼ਾ
ਲੁਧਿਆਣਾ: 3 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ, ਉਥੇ ਹੀ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਸਿਟੀ ਸੈਂਟਰ ਵਾਲੇ ਸਥਾਨ 'ਤੇ ਵੀ ਭਾਰੀ ਮਾਤਰਾ ਵਿੱਚ ਪਾਣੀ ਖੜ ਗਿਆ ਅਤੇ ਕਈ ਤਰਾਂ ਦੀ ਘਾਹ ਬੂਟੀ ਪੈਦਾ ਹੋ ਗਈ। ਜਿਸ ਕਾਰਨ ਇਥੋਂ ਬਿਮਾਰੀਆਂ ਫੈਲਣ ਦਾ ਡਰ ਬਣ ਗਿਆ ਹੈ। ਇਸ ਸਥਾਨ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਨੇ ਜਾਇਜ਼ਾ ਲਿਆ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਅਤੇ ਸ੍ਰੀ ਸੁਬਰਾਮਨੀਅਮ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸਿਟੀ ਸੈਂਟਰ ਖੇਤਰ ਵਿੱਚ ਪੂਰੀ ਤਰਾਂ ਪਾਣੀ ਭਰ ਗਿਆ ਹੈ, ਜਿਸ ਕਾਰਨ ਇਸ ਦੇ ਆਲੇ ਦੁਆਲੇ ਘਾਹ ਬੂਟੀ ਅਤੇ ਮੱਛਰ ਪੈਦਾ ਹੋਣ ਲੱਗਾ ਹੈ। ਉਹਨਾਂ ਕਿਹਾ ਕਿ ਕਿਉਂਕਿ ਮੌਜੂਦਾ ਸਮੇਂ ਸਿਟੀ ਸੈਂਟਰ ਮਾਮਲਾ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਹੈ, ਜਿਸ ਕਾਰਨ ਨਗਰ ਸੁਧਾਰ ਟਰੱਸਟ ਇਸ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਨਹੀਂ ਦੇ ਸਕਦਾ ਹੈ ਪਰ ਮੌਜੂਦਾ ਸਥਿਤੀ ਦੇ ਚੱਲਦਿਆਂ ਇਸ ਥਾਂ ਨੂੰ ਮੇਨਟੇਂਨਸ ਦੀ ਬਹੁਤ ਜ਼ਰੂਰਤ ਹੈ, ਤਾਂ ਜੋ ਇਸ ਸੁੰਨਸਾਨ ਅਤੇ ਵੀਰਾਨ ਪਈ ਜਾਇਦਾਦ ਨਾਲ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਸਥਿਤੀ ਨਾ ਪੈਦਾ ਹੋ ਸਕੇ। 
ਉਹਨਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਥਾਂ ਦੀ ਬਾਹਰੀ ਚਾਰ ਦੀਵਾਰੀ ਨੂੰ ਹਰ ਤਰੀਕੇ ਨਾਲ ਸਾਫ਼ ਸੁਥਰਾ ਅਤੇ ਸੁੰਦਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਸੰਬੰਧੀ ਮਾਨਯੋਗ ਅਦਾਲਤ ਨੂੰ ਬੇਨਤੀ ਵੀ ਕੀਤੀ ਜਾਵੇਗੀ ਕਿ ਇਸ ਥਾਂ ਦੇ ਉੱਚਿਤ ਰੱਖ ਰਖਾਵ ਲਈ ਯੋਗ ਪ੍ਰਬੰਧ ਕੀਤੇ ਜਾਣ। ਇਸ ਦਿਸ਼ਾ ਵਿੱਚ ਨਗਰ ਸੁਧਾਰ ਟਰੱਸਟ ਜਾਂ ਪੰਜਾਬ ਸਰਕਾਰ ਹਰ ਤਰਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ, ਤਾਂ ਜੋ ਸਥਾਨਕ ਲੋਕਾਂ ਨੂੰ ਹਰ ਮੌਸਮ, ਖਾਸ ਕਰਕੇ ਮੌਨਸੂਨ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਟਰੱਸਟ ਅਧਿਕਾਰੀਆਂ ਇਸ ਸਥਾਨ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਸ੍ਰ. ਹਰਪ੍ਰੀਤ ਸਿੰਘ ਸੰਧੂ, ਐੱਸ. ਈ. ਸ੍ਰ. ਸੁਖਬੀਰ ਸਿੰਘ ਜਾਖ਼ੜ, ਐਕਸੀਅਨ ਸ੍ਰੀ ਬੂਟਾ ਰਾਮ, ਸ੍ਰੀ ਗੋਲਡੀ ਪੀ. ਏ. ਕੈਬਨਿਟ ਮੰਤਰੀ ਅਤੇ ਹੋਰ ਹਾਜ਼ਰ ਸਨ। 

Saturday, July 06, 2019

ਭਾਈ ਰਣਧੀਰ ਸਿੰਘ ਨਗਰ 'ਚ ਬਣਨ ਵਾਲੀ 'ਲਈਅਰ ਵੈਲੀ' ਦਾ ਕੰਮ ਅਗਲੇ ਹਫ਼ਤੇ ਤੋਂ

Jul 6, 2019, 6:36 PM
ਸ਼ਹਿਰਵਾਸੀਆਂ ਲਈ ਸ਼ਾਹ ਰਗ ਵੱਜੋਂ ਹੋਣਗੇ 'ਲਈਅਰ ਵੈਲੀ ਪ੍ਰੋਜੈਕਟ'-ਆਸ਼ੂ
-ਟੈਂਡਰ ਉਪਰੰਤ ਵਰਕ ਆਰਡਰ ਪ੍ਰਕਿਰਿਆ ਮੁਕੰਮਲ
-ਕੈਬਨਿਟ ਮੰਤਰੀ ਵੱਲੋਂ ਪ੍ਰੋਜੈਕਟ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ

ਲੁਧਿਆਣਾ: 6 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::

ਸ਼ਹਿਰ ਲੁਧਿਆਣਾ ਵਾਸੀਆਂ ਨੂੰ ਸਾਫ਼ ਸੁਥਰਾ ਮਾਹੌਲ, ਵਾਤਾਵਰਣ, ਸੈਰਗਾਹ ਅਤੇ ਹੋਰ ਮਨੋਰੰਜਨ ਸਹੂਲਤਾਂ ਮੁਹੱਈਆ ਕਰਾਉਣ ਲਈ 'ਤਿੰਨ ਲਈਅਰ ਵੈਲੀਆਂ' ਵਿਕਸਤ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿੱਚੋਂ ਭਾਈ ਰਣਧੀਰ ਸਿੰਘ ਨਗਰ ਵਿੱਚ ਬਣਨ ਵਾਲੀ 'ਲਈਅਰ ਵੈਲੀ' ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਸ਼ਾਹ ਰਗ (ਲਾਈਫ਼ ਲਾਈਨ) ਦਾ ਕੰਮ ਕਰਨਗੇ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਹ ਵੈਲੀ ਭਾਈ ਰਣਧੀਰ ਸਿੰਘ ਨਗਰ ਵਾਲੀ ਸਾਈਡ ਰੇਲਵੇ ਪੁੱਲ ਤੋਂ ਲੈ ਕੇ ਫਿਰੋਜ਼ਪੁਰ ਸੜਕ ਤੱਕ (ਕਰੀਬ 1.25 ਕਿਲੋਮੀਟਰ) ਸਿੱਧਵਾਂ ਨਹਿਰ ਦੇ ਨਾਲ-ਨਾਲ ਬਣਾਈ ਜਾਵੇਗੀ, ਜਿਸ 'ਤੇ 2.30 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਜੈਕਟ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਇਸ ਦਾ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਅਗਲੇ ਹਫ਼ਤੇ ਤੋਂ ਇਸ ਪ੍ਰੋਜੈਕਟ 'ਤੇ ਵੱਡੇ ਪੱਧਰ 'ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਡਿਜ਼ਾਈਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ 3 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤਾ ਹੈ। 

ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਵੈਲੀ ਵਿੱਚ ਆਧੁਨਿਕ ਕਿਸਮ ਦਾ ਘਾਹ, ਪੌਦੇ, ਕਨੋਪੀਆਂ, ਸੈਰਗਾਹੀਆਂ ਦੇ ਬੈਠਣ ਲਈ ਬੈਂਚ, ਸ਼ੈਲਟਰਜ਼, ਬੱਚਿਆਂ ਸਮੇਤ ਹਰੇਕ ਉਮਰ ਦੇ ਲੋਕਾਂ ਲਈ ਮਨੋਰੰਜਨ ਦੇ ਸਾਧਨ, ਉੱਚਿਤ ਪਾਰਕਿੰਗ ਪ੍ਰਬੰਧ, ਰੰਗ ਬਿਰੰਗੀ ਲਾਈਟਿੰਗ ਦੇ ਪ੍ਰਬੰਧ ਹੋਣਗੇ। ਉਹਨਾਂ ਕਿਹਾ ਕਿ ਇਸ ਵੈਲੀ ਵਿੱਚ ਲੱਗਣ ਵਾਲੇ ਵੱਡੇ ਪੌਦੇ ਵੀ 40 ਕਿਸਮ ਦੇ ਹੋਣਗੇ, ਜਿਹਨਾਂ ਵਿੱਚ ਪਾਮ, ਅਮਲਤਾਸ, ਬੈਂਬੂ ਅਤੇ ਹੋਰ ਕਿਸਮਾਂ ਸ਼ਾਮਿਲ ਹੋਣਗੀਆਂ। ਵੈਲੀ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਨਹੀਂ ਰੁਕਿਆ ਕਰੇਗਾ। ਇਸ ਪਾਣੀ ਨੂੰ ਧਰਤੀ ਵਿੱਚ ਗਰਕ ਕਰਨ ਲਈ 'ਰੇਨ ਵਾਟਰ ਹਾਰਵੈਸਟਿੰਗ' ਸਿਸਟਮ ਸਥਾਪਤ ਕੀਤਾ ਜਾਵੇਗਾ। ਇਸ ਵੈਲੀ ਦਾ ਕੰਮ ਅਗਲੇ 4 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ।

ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਜਿਹੀਆਂ ਦੋ ਵੈਲੀਆਂ ਹਲਕਾ ਲੁਧਿਆਣਾ (ਪੂਰਬੀ) ਅਤੇ ਹੈਬੋਵਾਲ ਖੇਤਰਾਂ ਵਿੱਚ ਵੀ ਵਿਕਸਤ ਕੀਤੀਆਂ ਜਾਣਗੀਆਂ, ਜਿਹਨਾਂ ਲਈ ਥਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਹੈਬੋਵਾਲ ਵਿੱਚ ਇਹ ਵੈਲੀ ਬੁੱਢੇ ਨਾਲੇ ਦੇ ਨਾਲ-ਨਾਲ ਵਿਕਸਤ ਕੀਤੀ ਜਾਵੇਗੀ। ਇਹਨਾਂ ਵੈਲੀਆਂ ਦੇ ਬਣਨ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ, ਉਥੇ ਹੀ ਸ਼ਹਿਰ ਵਾਸੀਆਂ ਨੂੰ ਸੈਰ ਅਤੇ ਮਨੋਰੰਜਨ ਕਰਨ ਦੇ ਸਾਧਨ ਵੀ ਮੁਹੱਈਆ ਹੋਣਗੇ। ਇਸ ਮੌਕੇ ਉਹਨਾਂ ਨਾਲ ਲੁਧਿਆਣਾ ਸੁਧਾਰ ਟਰੱਸਟ ਦੇ ਐਕਸੀਅਨ ਸ੍ਰੀ ਬੂਟਾ ਰਾਮ, ਐੱਸ. ਡੀ. ਓ. ਸ੍ਰ. ਮਨਦੀਪ ਸਿੰਘ, ਜੇ. ਈ. ਸ੍ਰ. ਪਰਮਿੰਦਰ ਸਿੰਘ, ਮੰਤਰੀ ਜੀ ਦੇ ਨਿੱਜੀ ਸਹਾਇਕ ਸ੍ਰ. ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀ. ਆਰ. ਐੱਸ. ਨਗਰ ਦੇ ਪ੍ਰਮੁੱਖ ਵਿਅਕਤੀ ਵੀ ਹਾਜ਼ਰ ਸਨ। 

Sunday, July 22, 2018

ਸੂਬੇ ਦੇ ਸਾਰੇ ਡਿਪੁਆ 'ਤੇ ਬਰਾਬਰ ਕੀਤੇ ਜਾਣਗੇ ਨੀਲੇ ਕਾਰਡ- ਭਾਰਤ ਭੂਸ਼ਨ ਆਸ਼ੂ

ਕਈ ਡਿਪੂਆਂ ’ਤੇ ਕਈ ਗੇੜੇ ਮਾਰਨ ਤੋਂ ਬਾਅਦ ਵੀ ਅਨਾਜ ਨਹੀਂ ਮਿਲਦਾ
ਲੁਧਿਆਣਾ: 22 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਜ ਦੇ ਜ਼ਿਆਦਾਤਰ ਛੋਟੇ ਡਿਪੂ ਮਾਲਕਾਂ ਨੂੰ ਪ੍ਰਫੁੱਲਿਤ ਕਰਨ ਲਈ ਇਕ ਅਹਿਮ ਫੈਸਲਾ ਲੈਂਦੇ ਹੋਏ ਸਾਰੇ ਡਿਪੂਆਂ ’ਤੇ ਬਰਾਬਰ ਨੀਲੇ ਕਾਰਡ ਲਾਉਣ ਦਾ ਐਲਾਨ ਕੀਤਾ ਹੈ ਤਾਂ ਕਿ ਉਨ੍ਹਾਂ ਨੂੰ ਉਕਤ ਫੈਸਲੇ ਤੋਂ ਬਾਅਦ ਉਨ੍ਹਾਂ ਡਿਪੂ ਮਾਲਕਾਂ ਨੂੰ ਵੀ ਰੋਜ਼ਗਾਰ ਮਿਲ ਸਕੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਇੰਸਪੈਕਟਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦੇ ਆ ਰਹੇ ਹਨ।
 ਮੰਤਰੀ ਆਸ਼ੂ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਮੁਤਾਬਕ ਹੁਣ ਪੰਜਾਬ ਭਰ ਵਿਚ 16 ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਮਾਲਕਾਂ ਨੂੰ ਬਰਾਬਰ 200 ਦੇ ਕਰੀਬ ਨੀਲੇ ਕਾਰਡ ਹੋਲਡਰ ਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ, ਜਦੋਂਕਿ ਇਸ ਤੋਂ ਪਹਿਲਾਂ ਮੌਜੂਦਾ ਸਮੇਂ ਤੱਕ ਜਿੱਥੇ ਵਿਭਾਗੀ ਅਧਿਕਾਰੀਆਂ ਅਤੇ ਇੰਸਪੈਕਟਰਾਂ ਦੇ ਚਹੇਤੇ ਡਿਪੂ ਮਾਲਕਾਂ ਨੂੰ 400-500 ਲਾਭਪਾਤਰ ਪਰਿਵਾਰ ਰਾਸ਼ਨ ਦੇਣ ਲਈ ਲਾਏ ਗਏ ਹਨ, ਉੱਥੇ ਇਨ੍ਹਾਂ ਦੀ ਬੇਰੁਖੀ ਦਾ ਸ਼ਿਕਾਰ ਰਾਸ਼ਨ ਡਿਪੂ ਹੋਲਡਰਾਂ ਕੋਲ ਬਡ਼ੀ ਮੁਸ਼ਕਲ ਨਾਲ 50 ਕਾਰਡਧਾਰਕ ਵੀ ਨਹੀਂ ਹਨ, ਜਿਸ ਕਾਰਨ ਜ਼ਿਆਦਾਤਰ ਡਿਪੂ ਮਾਲਕ ਜਾਂ ਤਾਂ ਵਿਭਾਗ ਨੂੰ ਆਪਣੇ ਅਸਤੀਫੇ ਸੌਂਪ ਚੁੱਕੇ ਹਨ ਜਾਂ ਫਿਰ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ।
 ਉਕਤ ਜੁਗਲਬੰਦੀ ਨੇ ਜਿੱਥੇ ਜ਼ਿਆਦਾਤਰ ਰਾਸ਼ਨ ਡਿਪੂਆਂ ’ਤੇ ਨੀਲੇ ਕਾਰਡਧਾਰਕ ਪਰਿਵਾਰ ਜ਼ਿਆਦਾ ਲਾ ਰੱਖੇ ਹਨ, ਉੱਥੇ ਹੀ ਕਈ ਡਿਪੂਆਂ ’ਤੇ ਯੂਨਿਟ (ਕਾਰਡ ਵਿਚ ਦਰਜ ਮੈਂਬਰ) ਜ਼ਿਆਦਾ ਲਾ ਕੇ ਆਪਣੇ ਗੋਰਖਧੰਦੇ ਨੂੰ ਨਿਡਰ ਹੋ ਕੇ ਜਾਰੀ ਰੱਖਿਆ ਹੋਇਆ ਹੈ ਜੋ ਕਿ ਸਭ ਤੋਂ ਵੱਡਾ ਘਪਲਾ ਕਿਹਾ ਜਾ ਸਕਦਾ ਹੈ।
 ਵਿਭਾਗੀ ਸੂਤਰਾਂ ਅਤੇ ਛੋਟੇ ਡਿਪੂ ਮਾਲਕਾਂ ਦੀ ਮੰਨੀਏ ਤਾਂ ਚਹੇਤੇ ਡਿਪੂ ਹੋਲਡਰਾਂ ਨੂੰ ਦੂਜਿਆਂ ਤੋਂ ਜ਼ਿਆਦਾ ਨੀਲੇ ਕਾਰਡ ਲਾਉਣ ਦਾ ਸਾਰਾ ਗੋਰਖਧੰਦਾ ਵਿਭਾਗੀ ਅਧਿਕਾਰੀਆਂ ਅਤੇ ਇੰਸਪੈਕਟਰਾਂ ਦੀ ਮਿਲੀਭੁਗਤ ਨਾਲ ਹੀ ਚਲਦਾ ਹੈ ਤਾਂ ਕਿ ਉਨ੍ਹਾਂ ਦੇ ਡਿਪੂਆਂ ’ਤੇ ਵੱਧ ਤੋਂ ਵੱਧ ਸਰਕਾਰੀ ਅਨਾਜ ਉਤਰ ਸਕੇ ਅਤੇ ਅਜਿਹੇ ਵਿਚ ਵੱਧ ਤੋਂ ਵੱਧ ਸਮੇਂ ਤੱਕ ਡਿਪੂ ਮਾਲਕ ਲਾਭਪਾਤਰ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਦਾ ਲਾਭ ਦੇਣ ਲਈ ਡਿਪੂ ਤੱਕ ਹੀ ਨਹੀਂ ਖੋਲ੍ਹਦੇ ਹਨ, ਜਿਸ ਕਾਰਨ ਕਈ ਡਿਪੂਆਂ ’ਤੇ ਕਈ ਗੇਡ਼ੇ ਮਾਰਨ ਤੋਂ ਬਾਅਦ ਵੀ ਲਾਭਪਾਤਰਾਂ ਨੂੰ ਅਨਾਜ ਨਹੀਂ ਮਿਲਦਾ। ਅਜਿਹੇ ਵਿਚ ਵੱਡੀ ਗਿਣਤੀ ਵਿਚ ਅਨਾਜ ਨੂੰ ਮਾਰਕੀਟ ਵਿਚ ਬਲੈਕ ਕਰ ਕੇ ਜੋ ਕਾਲੀ ਕਮਾਈ ਹੁੰਦੀ ਹੈ, ਉਸ ਦੇ ਕਈ ਹਿੱਸੇ ਮੁਲਾਜ਼ਮਾਂ ਅਤੇ ਡਿਪੂ ਮਾਲਕਾਂ ਦੀ ਜੇਬ ਵਿਚ ਚਲੇ ਜਾਂਦੇ ਹਨ,ਮੰਤਰੀ ਆਸ਼ੂ ਨੇ ਸਰਕਾਰ ਵੱਲੋ ਚਕੇ ਕਦਮ ਬਾਰੇ ਦੱਸਿਆ ਕਿ 
‘ਸਰਕਾਰ ਪਹਿਲੇ ਹੀ ਦਿਨ ਤੋਂ ਸਿਸਟਮ ਨੂੰ ਸੁਧਾਰਨ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ ਜੋ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ  ਨੇ 10 ਸਾਲਾਂ ਦੇ ਕਾਰਜਕਾਲ ਵਿਚ ਪੂਰੀ ਤਰ੍ਹਾਂ ਉਲਝਾ ਕੇ ਰੱਖਿਆ ਹੈ। ਮੌਜੂਦਾ ਸਰਕਾਰ ਜਨਤਾ ਨੂੰ ਅਜਿਹੀਆਂ ਪਾਰਦਰਸ਼ੀ ਨੀਤੀਆਂ ਨਾਲ ਜੋਡ਼ ਰਹੀ ਹੈ, ਜਿਨ੍ਹਾਂ ਵਿਚ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਹੈ ਕਿ ਗਰੀਬਾਂ ਦੇ ਹਿੱਸੇ ਦੀ ਕਣਕ ਦਾ ਇਕ-ਇਕ ਦਾਣਾ ਉਨ੍ਹਾਂ ਨੂੰ ਹੀ ਮਿਲ ਰਿਹਾ ਹੈ। ਬਿਨਾਂ ਕਿਸੇ ਪੱਖਪਾਤ ਦੇ ਹਰ ਡਿਪੂ ਹੋਲਡਰ ਨੂੰ ਬਰਾਬਰ ਨੀਲੇ ਕਾਰਡ ਲਾ ਕੇ ਛੋਟੇ ਡਿਪੂ ਮਾਲਕਾਂ ਦੀ ਪ੍ਰਥਾ ਹੀ ਖਤਮ ਕੀਤੀ ਜਾ ਰਹੀ ਹੈ। ਇਸ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇਗੀ।’
ਧਰਮਪਾਲ ਵਰਮਾ, ਪ੍ਰਧਾਨ ਫੈੱਡਰੇਸ਼ਨ ਆਫ ਪੰਜਾਬ ਰਾਸ਼ਨ ਡਿਪੂ ਨੇ  ਮੰਤਰੀ ਆਸ਼ੂ ਵੱਲੋਂ ਚੁੱਕੇ ਗਏ ਉਕਤ ਕਦਮ  ਦੀ ਸ਼ਲਾਘਾ ਕਰਦਿਆਂ ਕਿਹਾ  ਇਸ ਨਾਲ ਬਹੁਤ ਸਾਰੇ ਅਜਿਹੇ ਡਿਪੂ ਮਾਲਕਾਂ ਦੇ ਘਰਾਂ ਦੇ ਚੁੱਲ੍ਹੇ ਫਿਰ ਰੌਸ਼ਨ ਹੋ ਜਾਣਗੇ, ਜੋ ਕਿ ਵਿਭਾਗੀ ਮੁਲਾਜ਼ਮਾਂ ਅਤੇ ਵੱਡੇ ਡਿਪੂ ਮਾਲਕਾਂ ਦੀ ਮਨਮਰਜ਼ੀ ਦਾ ਸ਼ਿਕਾਰ ਹੁੰਦੇ ਆਏ ਹਨ। ਅਜਿਹੇ ਕਈ ਡਿਪੂ ਹੋਲਡਰ ਮੌਜੂਦਾ ਸਮੇਂ ਵਿਚ ਰੇਹਡ਼ੀਆਂ ਲਾ ਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਨ। ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਾਲਿਸੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਤਾਂ ਕਿ ਹਰ ਡਿਪੂ ਮਾਲਕ ਨੂੰ ਰੋਜ਼ਗਾਰ ਨਸੀਬ ਹੋ ਸਕੇ।

Friday, August 18, 2017

ਲੜਕੀਆਂ ਦੇ ਸਰਕਾਰੀ ਕਾਲਜ ਵੱਲੋਂ ਵੀ ਰੁੱਖਾਂ ਨੂੰ ਬਚਾਉਣ ਦਾ ਸੱਦਾ

Thu, Aug 17, 2017 at 4:05 PM 
ਵਣ ਮਹਾਂਉਤਸਵ ਵਿੱਚ ਪੁੱਜੀਆਂ ਅਹਿਮ ਸ਼ਖਸੀਅਤਾਂ 
ਲੁਧਿਆਣਾ: 17 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੱਜ ਮਿਤੀ 17-08-2017 ਨੂੰ ਵਣ-ਮਹਾਂਉਤਸਵ ਮਨਾਇਆ ਗਿਆ।ਜਿਸ ਵਿੱਚ ਕਾਲਜ ਦੀ ਵਾਤਾਵਰਣ ਸੋਸਾਇਟੀ, ਐਨ.ਐਸ.ਐਸ, ਐਨ.ਸੀ.ਸੀ ਅਤੇ ਰੋਟਰੈਕਟ ਕਲੱਬ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਵਿਸ਼ੇਸ਼ ਸਮਾਗਮ ਤੇ ਮਾਨਯੋਗ ਸ: ਰਵਨੀਤ ਸਿੰਘ ਬਿੱਟੂ ਜੀ, ਮੈਂਬਰ ਪਾਰਲੀਮੈਂਟ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ, ਐਮ.ਐਲ.ਏ, ਲੁਧਿਆਣਾ [ਪੱਛਮੀ] ਅਤੇ ਸ਼੍ਰੀ ਸੰਜੇ ਤਲਵਾੜ, ਐਮ.ਐਲ.ਏ, ਲੁਧਿਆਣਾ [ਪੂਰਬੀ] ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਪ੍ਰਿੰਸੀਪਲ ਪ੍ਰੋ.[ਡਾ.]ਮੁਹਿੰਦਰ ਕੌਰ ਗਰੇਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਾਹਿਮਾਨ ਵਲੋਂ 50 ਤੋਂ ਵੱਧ ਬੂਟੇ ਲਗਾਏ ਗਏ ਅਤੇ ਕਾਲਜ ਦੇ ਹੋਸਟਲ ਵਿੱਚ ਲਗਾਏ ਗਏ ਸੋਲਰ ਪੈਨਲ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੋਲਦਿਆ ਸ. ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਾ ਭਰਾ ਰੱਖਣਾ ਚਾਹੀਦਾ ਹੈ।ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਨੇ ਆਖਿਆ ਕਿ ਪੰਜਾਬ ਵਿਚ ਜੰਗਲਾਂ ਦੀ ਕਟਾਈ ਵੱਡੇ ਪੱਧਰ ਤੇ ਹੋਈ ਹੈ।ਇਸ ਲਈ ਮੌਸਮ ਵਿਚ ਭਾਰੀ ਤਬਦੀਲੀਆਂ ਆਈਆ ਹਨ। ਦਰੱਖਤਾਂ ਦਾ ਮਨੁੱਖ ਦੀ ਜਿੰਦਗੀ ਵਿਚ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਇਹਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਨੇ ਨੌਜਵਾਨ ਲੜਕੀਆਂ ਨੂੰ ਧਰਤੀ ਹਰੀ ਭਰੀ ਅਤੇ ਸਾਫ ਰਖਣ ਲਈ ਆਖਿਆ।ਉਹਨਾਂ ਕਿਹਾ ਕਿ ਜੇਕਰ ਅਸੀਂ ਚੰਗੀ ਜਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦਰੱਖਤਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਸਮੂਹ ਹਾਜ਼ਰੀਨ ਨੇ ਕਾਲਜ ਅਤੇ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਿਆ ਭਰਿਆ ਰੱਖਣ ਲਈ ਸੁਹੰ ਵੀ ਚੁੱਕੀ।ਵਿਦਿਆਰਥਣਾਂ ਵੱਲੋਂ ਦਿਲ ਨੂੰ ਛੂਹ ਜਾਣ ਵਾਲੀ ਸਕਿਟ ਪੇਸ਼ ਕੀਤੀ ਗਈ। ਕਾਲਜ ਦੀ ਵਾਤਾਵਰਣ ਸੁਸਾਇਟੀ ਦੀ ਸਥਾਪਨਾ ਕੀਤੀ ਗਈ।ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਪਹਿਲਾ ਸਥਾਨ: ਕਾਜਲ, ਬੀ.ਏ-।।
ਦੂਜਾ ਸਥਾਨ: ਆਂਚਲ ਗੁਪਤਾ, ਬੀ.ਐਸ.ਸੀ - ।।।
ਤੀਜਾ ਸਥਾਨ: ਹਰਮਨ ਕੌਰ, ਬੀ.ਕਾਮ-।
ਹੌਸਲਾ ਵਧਾਊ ਪੁਰਸਕਾਰ: ਰੂਚੀਕਾ ਧੀਮਾਨ
ਸਮਾਗਮ ਦੇ ਅੰਤ ਵਿੱਚ ਬਾਟਨੀ ਵਿਭਾਗ ਦੇ ਮੁਖੀ ਡਾ. ਮੰਜੂ ਸਾਹਨੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।