Aug 3, 2019, 4:48 PM
ਮੀਂਹ ਕਾਰਨ ਇਕੱਤਰ ਪਾਣੀ ਅਤੇ ਘਾਹ ਬੂਟੀ ਨਾਲ ਬਿਮਾਰੀਆਂ ਦਾ ਖਦਸ਼ਾ
ਲੁਧਿਆਣਾ: 3 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ, ਉਥੇ ਹੀ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਸਿਟੀ ਸੈਂਟਰ ਵਾਲੇ ਸਥਾਨ 'ਤੇ ਵੀ ਭਾਰੀ ਮਾਤਰਾ ਵਿੱਚ ਪਾਣੀ ਖੜ ਗਿਆ ਅਤੇ ਕਈ ਤਰਾਂ ਦੀ ਘਾਹ ਬੂਟੀ ਪੈਦਾ ਹੋ ਗਈ। ਜਿਸ ਕਾਰਨ ਇਥੋਂ ਬਿਮਾਰੀਆਂ ਫੈਲਣ ਦਾ ਡਰ ਬਣ ਗਿਆ ਹੈ। ਇਸ ਸਥਾਨ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਨੇ ਜਾਇਜ਼ਾ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਅਤੇ ਸ੍ਰੀ ਸੁਬਰਾਮਨੀਅਮ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸਿਟੀ ਸੈਂਟਰ ਖੇਤਰ ਵਿੱਚ ਪੂਰੀ ਤਰਾਂ ਪਾਣੀ ਭਰ ਗਿਆ ਹੈ, ਜਿਸ ਕਾਰਨ ਇਸ ਦੇ ਆਲੇ ਦੁਆਲੇ ਘਾਹ ਬੂਟੀ ਅਤੇ ਮੱਛਰ ਪੈਦਾ ਹੋਣ ਲੱਗਾ ਹੈ। ਉਹਨਾਂ ਕਿਹਾ ਕਿ ਕਿਉਂਕਿ ਮੌਜੂਦਾ ਸਮੇਂ ਸਿਟੀ ਸੈਂਟਰ ਮਾਮਲਾ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਹੈ, ਜਿਸ ਕਾਰਨ ਨਗਰ ਸੁਧਾਰ ਟਰੱਸਟ ਇਸ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਨਹੀਂ ਦੇ ਸਕਦਾ ਹੈ ਪਰ ਮੌਜੂਦਾ ਸਥਿਤੀ ਦੇ ਚੱਲਦਿਆਂ ਇਸ ਥਾਂ ਨੂੰ ਮੇਨਟੇਂਨਸ ਦੀ ਬਹੁਤ ਜ਼ਰੂਰਤ ਹੈ, ਤਾਂ ਜੋ ਇਸ ਸੁੰਨਸਾਨ ਅਤੇ ਵੀਰਾਨ ਪਈ ਜਾਇਦਾਦ ਨਾਲ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਸਥਿਤੀ ਨਾ ਪੈਦਾ ਹੋ ਸਕੇ।
ਉਹਨਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਥਾਂ ਦੀ ਬਾਹਰੀ ਚਾਰ ਦੀਵਾਰੀ ਨੂੰ ਹਰ ਤਰੀਕੇ ਨਾਲ ਸਾਫ਼ ਸੁਥਰਾ ਅਤੇ ਸੁੰਦਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਸੰਬੰਧੀ ਮਾਨਯੋਗ ਅਦਾਲਤ ਨੂੰ ਬੇਨਤੀ ਵੀ ਕੀਤੀ ਜਾਵੇਗੀ ਕਿ ਇਸ ਥਾਂ ਦੇ ਉੱਚਿਤ ਰੱਖ ਰਖਾਵ ਲਈ ਯੋਗ ਪ੍ਰਬੰਧ ਕੀਤੇ ਜਾਣ। ਇਸ ਦਿਸ਼ਾ ਵਿੱਚ ਨਗਰ ਸੁਧਾਰ ਟਰੱਸਟ ਜਾਂ ਪੰਜਾਬ ਸਰਕਾਰ ਹਰ ਤਰਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ, ਤਾਂ ਜੋ ਸਥਾਨਕ ਲੋਕਾਂ ਨੂੰ ਹਰ ਮੌਸਮ, ਖਾਸ ਕਰਕੇ ਮੌਨਸੂਨ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਟਰੱਸਟ ਅਧਿਕਾਰੀਆਂ ਇਸ ਸਥਾਨ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਸ੍ਰ. ਹਰਪ੍ਰੀਤ ਸਿੰਘ ਸੰਧੂ, ਐੱਸ. ਈ. ਸ੍ਰ. ਸੁਖਬੀਰ ਸਿੰਘ ਜਾਖ਼ੜ, ਐਕਸੀਅਨ ਸ੍ਰੀ ਬੂਟਾ ਰਾਮ, ਸ੍ਰੀ ਗੋਲਡੀ ਪੀ. ਏ. ਕੈਬਨਿਟ ਮੰਤਰੀ ਅਤੇ ਹੋਰ ਹਾਜ਼ਰ ਸਨ।
No comments:
Post a Comment