Jul 6, 2019, 6:36 PM
ਸ਼ਹਿਰਵਾਸੀਆਂ ਲਈ ਸ਼ਾਹ ਰਗ ਵੱਜੋਂ ਹੋਣਗੇ 'ਲਈਅਰ ਵੈਲੀ ਪ੍ਰੋਜੈਕਟ'-ਆਸ਼ੂ
-ਟੈਂਡਰ ਉਪਰੰਤ ਵਰਕ ਆਰਡਰ ਪ੍ਰਕਿਰਿਆ ਮੁਕੰਮਲ
-ਕੈਬਨਿਟ ਮੰਤਰੀ ਵੱਲੋਂ ਪ੍ਰੋਜੈਕਟ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ
ਲੁਧਿਆਣਾ: 6 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸ਼ਹਿਰ ਲੁਧਿਆਣਾ ਵਾਸੀਆਂ ਨੂੰ ਸਾਫ਼ ਸੁਥਰਾ ਮਾਹੌਲ, ਵਾਤਾਵਰਣ, ਸੈਰਗਾਹ ਅਤੇ ਹੋਰ ਮਨੋਰੰਜਨ ਸਹੂਲਤਾਂ ਮੁਹੱਈਆ ਕਰਾਉਣ ਲਈ 'ਤਿੰਨ ਲਈਅਰ ਵੈਲੀਆਂ' ਵਿਕਸਤ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿੱਚੋਂ ਭਾਈ ਰਣਧੀਰ ਸਿੰਘ ਨਗਰ ਵਿੱਚ ਬਣਨ ਵਾਲੀ 'ਲਈਅਰ ਵੈਲੀ' ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਸ਼ਾਹ ਰਗ (ਲਾਈਫ਼ ਲਾਈਨ) ਦਾ ਕੰਮ ਕਰਨਗੇ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਹ ਵੈਲੀ ਭਾਈ ਰਣਧੀਰ ਸਿੰਘ ਨਗਰ ਵਾਲੀ ਸਾਈਡ ਰੇਲਵੇ ਪੁੱਲ ਤੋਂ ਲੈ ਕੇ ਫਿਰੋਜ਼ਪੁਰ ਸੜਕ ਤੱਕ (ਕਰੀਬ 1.25 ਕਿਲੋਮੀਟਰ) ਸਿੱਧਵਾਂ ਨਹਿਰ ਦੇ ਨਾਲ-ਨਾਲ ਬਣਾਈ ਜਾਵੇਗੀ, ਜਿਸ 'ਤੇ 2.30 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਜੈਕਟ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਇਸ ਦਾ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਅਗਲੇ ਹਫ਼ਤੇ ਤੋਂ ਇਸ ਪ੍ਰੋਜੈਕਟ 'ਤੇ ਵੱਡੇ ਪੱਧਰ 'ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਦਾ ਡਿਜ਼ਾਈਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ 3 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤਾ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਵੈਲੀ ਵਿੱਚ ਆਧੁਨਿਕ ਕਿਸਮ ਦਾ ਘਾਹ, ਪੌਦੇ, ਕਨੋਪੀਆਂ, ਸੈਰਗਾਹੀਆਂ ਦੇ ਬੈਠਣ ਲਈ ਬੈਂਚ, ਸ਼ੈਲਟਰਜ਼, ਬੱਚਿਆਂ ਸਮੇਤ ਹਰੇਕ ਉਮਰ ਦੇ ਲੋਕਾਂ ਲਈ ਮਨੋਰੰਜਨ ਦੇ ਸਾਧਨ, ਉੱਚਿਤ ਪਾਰਕਿੰਗ ਪ੍ਰਬੰਧ, ਰੰਗ ਬਿਰੰਗੀ ਲਾਈਟਿੰਗ ਦੇ ਪ੍ਰਬੰਧ ਹੋਣਗੇ। ਉਹਨਾਂ ਕਿਹਾ ਕਿ ਇਸ ਵੈਲੀ ਵਿੱਚ ਲੱਗਣ ਵਾਲੇ ਵੱਡੇ ਪੌਦੇ ਵੀ 40 ਕਿਸਮ ਦੇ ਹੋਣਗੇ, ਜਿਹਨਾਂ ਵਿੱਚ ਪਾਮ, ਅਮਲਤਾਸ, ਬੈਂਬੂ ਅਤੇ ਹੋਰ ਕਿਸਮਾਂ ਸ਼ਾਮਿਲ ਹੋਣਗੀਆਂ। ਵੈਲੀ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਨਹੀਂ ਰੁਕਿਆ ਕਰੇਗਾ। ਇਸ ਪਾਣੀ ਨੂੰ ਧਰਤੀ ਵਿੱਚ ਗਰਕ ਕਰਨ ਲਈ 'ਰੇਨ ਵਾਟਰ ਹਾਰਵੈਸਟਿੰਗ' ਸਿਸਟਮ ਸਥਾਪਤ ਕੀਤਾ ਜਾਵੇਗਾ। ਇਸ ਵੈਲੀ ਦਾ ਕੰਮ ਅਗਲੇ 4 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ।
ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਜਿਹੀਆਂ ਦੋ ਵੈਲੀਆਂ ਹਲਕਾ ਲੁਧਿਆਣਾ (ਪੂਰਬੀ) ਅਤੇ ਹੈਬੋਵਾਲ ਖੇਤਰਾਂ ਵਿੱਚ ਵੀ ਵਿਕਸਤ ਕੀਤੀਆਂ ਜਾਣਗੀਆਂ, ਜਿਹਨਾਂ ਲਈ ਥਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਹੈਬੋਵਾਲ ਵਿੱਚ ਇਹ ਵੈਲੀ ਬੁੱਢੇ ਨਾਲੇ ਦੇ ਨਾਲ-ਨਾਲ ਵਿਕਸਤ ਕੀਤੀ ਜਾਵੇਗੀ। ਇਹਨਾਂ ਵੈਲੀਆਂ ਦੇ ਬਣਨ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ, ਉਥੇ ਹੀ ਸ਼ਹਿਰ ਵਾਸੀਆਂ ਨੂੰ ਸੈਰ ਅਤੇ ਮਨੋਰੰਜਨ ਕਰਨ ਦੇ ਸਾਧਨ ਵੀ ਮੁਹੱਈਆ ਹੋਣਗੇ। ਇਸ ਮੌਕੇ ਉਹਨਾਂ ਨਾਲ ਲੁਧਿਆਣਾ ਸੁਧਾਰ ਟਰੱਸਟ ਦੇ ਐਕਸੀਅਨ ਸ੍ਰੀ ਬੂਟਾ ਰਾਮ, ਐੱਸ. ਡੀ. ਓ. ਸ੍ਰ. ਮਨਦੀਪ ਸਿੰਘ, ਜੇ. ਈ. ਸ੍ਰ. ਪਰਮਿੰਦਰ ਸਿੰਘ, ਮੰਤਰੀ ਜੀ ਦੇ ਨਿੱਜੀ ਸਹਾਇਕ ਸ੍ਰ. ਇੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀ. ਆਰ. ਐੱਸ. ਨਗਰ ਦੇ ਪ੍ਰਮੁੱਖ ਵਿਅਕਤੀ ਵੀ ਹਾਜ਼ਰ ਸਨ।
No comments:
Post a Comment