Showing posts with label MP. Show all posts
Showing posts with label MP. Show all posts

Monday, July 05, 2021

ਸਰਹਿੰਦ ਸਟੇਸ਼ਨ 'ਤੇ ਰੇਲ ਗੱਡੀਆਂ ਬਹਾਲ ਕੀਤੀਆਂ ਜਾਣ-ਡਾ. ਅਮਰ ਸਿੰਘ

Monday: 5th July 2021 at 5:10 PM

ਸਮੇਂ ਦੀ ਧੂੜ ਨੇ ਵੀ ਡਾ. ਅਮਰ ਸਿੰਘ ਨੂੰ  ਲੋਕ ਮਸਲੇ ਨਹੀਂ ਭੁੱਲਣ ਦਿੱਤੇ 

ਲੋਕ ਸਭਾ ਮੈਂਬਰ ਉੱਤਰੀ ਰੇਲਵੇ ਦੇ GM ਆਸ਼ੂਤੋਸ਼ ਗੰਗਲ ਨੂੰ ਮਿਲੇ

ਰਾਏਕੋਟ
: 5 ਜੁਲਾਈ 2021: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਕੋਰੋਨਾ ਦੇ ਨਾਂਅ ਨਾਲ ਪ੍ਰਸਿੱਧ ਹੋਏ ਕੋਵਿਡ-19
ਵਾਲੇ ਵਾਇਰਸ ਦੀ ਆਮਦ ਤੇ ਬਹੁਤ ਕੁਝ ਬੰਦ ਕਰ ਦਿੱਤਾ ਗਿਆ ਜਾਂ ਬਦਲ ਦਿੱਤਾ ਗਿਆ। ਵਿਵਾਦਾਂ ਦਾ ਸ਼ਿਕਾਰ ਬਣੇ ਤਿੰਨ ਕੇਂਦਰੀ ਖੇਤੀ ਕਾਨੂੰਨ ਵੀ ਉਦੋਂ ਹਫੜਾ ਦਫੜ ਜਿਹੀ 'ਚ ਬਣਾ ਦਿੱਤੇ ਗਏ ਜਿਹਨਾਂ ਦਾ ਰੇੜਕਾ ਅਜੇ ਤੀਕ ਜਾਰੀ ਹੈ। ਇੱਸੇ ਤਰ੍ਹਾਂ ਮਜ਼ਦੂਰਾਂ ਦੇ ਬਹੁਤ ਸਾਰੇ ਹੱਕਾਂ ਤੇ ਨਵੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ। ਇਹਨਾਂ ਸੋਧਾਂ ਨੇ ਮਜ਼ਦੂਰਾਂ ਦੇ ਹੱਕਾਂ ਤੇ ਸਿੱਧਾ ਛਾਪਾ ਮਾਰਿਆ। 
ਟਰੇਡ ਯੂਨੀਅਨਾਂ ਨੇ ਮਜ਼ਦੂਰ ਹੱਕਾਂ ਦੇ ਖਿਲਾਫ ਹੋਈ ਕਾਰਵਾਈ ਦੇ ਖਿਲਾਫ ਸੰਘਰਸ਼ਾਂ ਦਾ ਬਿਗਲ ਵਜਾਇਆ ਅਤੇ ਕਿਸਾਨਾਂ ਨੇ ਖੇਤੀ ਕਾਨੂੰਨ ਦੇ ਖਿਲਾਫ ਮੋਰਚਾ ਲਾ ਲਿਆ। 
ਬਾਕੀ ਜਨਤਾ ਨਾਲ ਜੋ ਕੁਝ ਹੋਇਆ ਉਸ ਸਭ ਕੁਝ ਬਾਰੇ ਐਨ ਡੀ ਟੀ ਵੀ ਵਾਲੇ ਰਵੀਸ਼ ਕੁਮਾਰ, ਮੀਡੀਆ ਵਿੱਚ ਨਵੀਆਂ ਪੀੜਤਾਂ ਪਾਉਣ ਵਾਲੀ ਬਰਖ ਦੱਤ, ਪੁਸਤਕ ਨੂੰ ਰਵਾਇਤੀ ਮੀਡੀਆ ਦੇ ਖਿਲਾਫ ਜ਼ੋਰਦਾਰ ਮੰਚ ਵੱਜੋਂ ਵਰਤਣ ਵਾਲੀ ਰਾਣਾ ਅਯੂਬ ਅਤੇ ਬੇਬਾਕੀ ਨਾਲ ਹਿੰਮਤ ਭਰੀਆਂ ਰਿਪੋਰਟਾਂ ਸਾਹਮਣੇ ਲਿਆਉਣ ਵਾਲੀ ਆਰਿਫ਼ ਖਾਨੁਮ ਸ਼ੇਰਵਾਨੀ ਵਰਗਿਆਂ ਨੇ ਆਵਾਜ਼ ਬੁਲੰਦ ਕੀਤੀ। ਮੀਡੀਆ ਦੇ ਜਾਂਬਾਜ਼ ਸਿਪਾਹੀ ਹੋਰ ਵੀ ਹਨ ਜਿਹਨਾਂ ਦੇ ਨਾਮ ਇਥੇ ਨਹੀਂ ਦਿੱਤੇ ਜਾ ਸਕੇ ਪਰ ਵੱਡੇ ਵੱਡੇ ਸ਼ਹਿਰਾਂ ਵਿੱਚ ਬਹੁਤਿਆਂ ਨੇ ਤਾਂ ਨਿੱਕੇ ਨਿੱਕੇ ਮੁੱਦਿਆਂ  ਨੂੰ  ਲਿਆ। ਹਾਲਾਂਕਿ ਇਹਨਾਂ ਵਿੱਚੋਂ ਕਈਆਂ ਕੋਲ ਬੈਨਰ ਵੀ ਵੱਡੇ ਵੱਡੇ ਸਨ। 
ਕੋਵਿਡ ਕਾਲ ਵਾਲੇ ਇਹਨਾਂ ਸਾਰੇ ਝਮੇਲਿਆਂ ਵਿੱਚ ਆਮ ਜਨਤਾ ਨੂੰ ਬਹੁਤ ਕੁਝ ਗੁਆਉਣਾ ਪਿਆ। ਹਾਲਤ ਅਜਿਹੀ ਵੀ ਆਈ ਜਦੋਂ ਸਿਰਫ ਆਪਣੀ ਜਾਨ ਬਚਾਉਣ ਦੀ ਚਿੰਤਾ ਹੀ ਗੰਭੀਰ ਹੋ ਗਈ। ਫੇਸਬੁੱਕ ਅਤੇ ਵਟਸਐਪ ਦੇ ਸੁਨੇਹੇ ਹਰ ਰੋਜ਼ ਡਰਾਉਣੇ ਹੋਣ ਲੱਗ ਪੈ। ਹਰ ਰੋਜ਼ ਕੁਝ ਮਿੱਤਰ ਪਿਆਰਿਆਂ ਦੇ ਤੁਰ ਜਾਣ ਦੀ ਖਬਰ ਨਾਲ ਸਾਹਮਣਾ ਹੁੰਦਾ। ਸ਼ਾਇਦ ਹੀ ਕੋਈ ਘਰ ਬਚਿਆ ਹੋਵੇ ਜਿਸਦੇ ਕੋਈ ਨੇੜਲਾ ਸਨੇਹੀ ਮੌਤ ਦੇ ਮੂੰਹ ਨਾ ਚਲਾ ਗਿਆ ਹੋਵੇ।  
ਹਲਕਾ ਸ਼੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਆਪਣੀ ਬਜ਼ੁਰਗ ਅਵਸਥਾ ਦੇ ਬਾਵਜੂਦ ਇਹਨਾਂ ਸਾਰੇ ਸਮਿਆਂ ਵਿੱਚ ਵੀ ਸਰਗਰਮ ਰਹੇ। ਉਹਨਾਂ ਮੁੱਦੇ ਚੁੱਕੇ ਜਿਹੜੇ ਖੁਦ ਆਮ ਲੋਕਾਂ ਨੇ ਵੀ ਰੱਬ ਦਾ  ਮੰਨ ਲਏ ਸਨ। ਉਹਨਾਂ ਦਾ ਕਦੇ ਕੋਈ ਨਿਰਥਰਕ ਬਿਆਨ ਨਾ ਦੇਖਿਆ ਗਿਆ। ਹਰ ਵਾਰ ਉਹ ਮੁੱਦਾ ਉਠਾਉਂਦੇ। ਸਬੰਧਤ ਮਹਿਕਮੇ ਕੋਲ ਪੁੱਜਦੇ ਅਤੇ ਇਸਦਾ ਹੱਲ ਲੱਭਣ ਦੀ ਬੇਨਤੀ ਕਰਦੇ। ਉਹਨਾਂ ਦੀ ਬੇਨਤੀ ਲਿਖਤੀ ਹੁੰਦੀ। ਇਸਦੀ ਜਾਣਕਾਰੀ ਉਹ ਨਾਲੋਂ ਨਾਲੋਂ ਮੀਡੀਆ ਨੂੰ ਵੀ ਦੇਂਦੇ। ਜਿੱਥੇ ਸਰਕਾਰੀ ਮਹਿਕਮਿਆਂ ਨੂੰ ਸਾਰੇ ਮੁੱਦੇ ਠੰਡੇ ਬਸਤੀਆਂ ਵਿੱਚ ਸੁੱਟਣ ਦੀ ਆਦਤ ਪੈ ਜਾਏ ਉੱਥੇ ਅਜਿਹਾ ਕਰਨਾ ਜ਼ਰੂਰੀ ਵੀ ਹੁੰਦਾ ਹੈ। 
ਇਸ ਵਾਰ ਉਹਨਾਂ ਨੇ ਉਠਾਇਆ ਹੈ ਸਰਹਿੰਦ ਵਰਗੇ ਖਾਸ ਥਾਂ ਵਾਲੇ ਰੇਲਵੇ ਸਟੇਸ਼ਨ ਦਾ ਮੁੱਦਾ। ਕੋਵਿਡ-19 ਦੌਰਾਨ ਬੰਦ ਕੀਤੀਆਂ ਰੇਲ ਗੱਡੀਆਂ ਹੁਣ ਵੀ ਇਥੇ ਨਹੀਂ ਰੁਕਦੀਆਂ। ਇਹਨਾਂ ਦੀ ਬਹਾਲੀ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਹੈ ਲੋਕਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ। ਉਹਨਾਂ ਨੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਆਸ਼ੂਤੋਸ਼ ਗੰਗਲ ਨਾਲ ਉਚੇਚਾ ਜਾ ਕੇ ਮੁਲਾਕਾਤ ਵੀ ਕੀਤੀ।  ਇਸ ਮੁਲਾਕਾਤ ਦੌਰਾਨ ਉਹਨਾਂ ਮੰਗ ਕੀਤੀ ਕਿ ਸਰਹਿੰਦ ਸਟੇਸ਼ਨ ਤੋਂ ਰੁਕੀਆਂ ਵੱਖ ਵੱਖ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਉਨ੍ਹਾਂ ਬੇਗਮਪੁਰਾ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ, ਹੇਮਕੁੰਡ ਐਕਸਪ੍ਰੈਸ, ਸਰਯੂ ਐਕਸਪ੍ਰੈਸ ਅਤੇ ਟਾਟਾ ਜਾਟ ਐਕਸਪ੍ਰੈਸ ਨੂੰ ਸਰਹਿੰਦ ਸਟੇਸ਼ਨ ਤੋਂ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਜੀ.ਐਮ. ਨੂੰ ਦੱਸਿਆ ਕਿ ਹਜ਼ਾਰਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਰਸਤੇ ਬਦਲੇ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਹੋਈ ਸੀ ਅਤੇ ਜਿਸ ਕਾਰਨ ਸ਼ਹੀਦੀ ਜੋੜ ਮੇਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇਨ੍ਹਾਂ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ।
ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਮੰਗ ਤੋਂ ਇਲਾਵਾ ਡਾ. ਅਮਰ ਸਿੰਘ ਨੇ ਇਹ ਵੀ ਬੇਨਤੀ ਕੀਤੀ ਕਿ ਸੰਘੋਲ ਵਿਖੇ ਇਸ ਦੇ ਪੁਰਾਣੇ ਇਤਿਹਾਸ ਨੂੰ ਦਰਸਾਉਂਦਿਆਂ ਰੇਲਵੇ ਸਟੇਸ਼ਨ ਸਥਾਪਤ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਸਾਹਨੇਵਾਲ ਦੇ ਢੰਡਾਰੀ ਕਲਾਂ ਲਈ ਪੁਲ ਦੇ ਉੱਪਰ ਰੇਲਵੇ ਓਵਰਬ੍ਰਿਜ ਦੀ ਮੰਗ ਵੀ ਕੀਤੀ ਗਈ।

Thursday, June 18, 2020

ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ MP ਰਵਨੀਤ ਬਿੱਟੂ ਦੇ ਨਿਸ਼ਾਨੇ ਤੇ ਕਈ ਵੱਡੇ ਵੱਡੇ ਨਾਂਅ

18th June 2020 at 9:17 PM
CM ਨੂੰ ਕਿਹਾ-ਇਹਨਾਂ ਸਾਰਿਆਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿਓ 
*ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ
*ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਖਾਲਿਸਤਾਨ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ-ਰਵਨੀਤ ਸਿੰਘ ਬਿੱਟੂ
ਲੁਧਿਆਣਾ: 18 ਜੂਨ 2020: (ਪੰਜਾਬ ਸਕਰੀਨ ਬਿਊਰੋ):: 
ਕੋਰੋਨਾ ਅਤੇ ਲਾਕਡਾਊਨ ਨੇ ਚੁੱਪ ਜਿਹੀ ਕਰ ਦਿਤੀ ਸੀ। ਸਭ ਧਰਨੇ ਪ੍ਰਦਰਸ਼ਨ ਬੰਦ।  ਸਭ ਰੋਹ ਭਰੇ ਰੋਸ ਮੁਜ਼ਾਹਰੇ ਵੀ ਬੰਦ। ਬਸ ਕੋਰੋਨਾ ਦੀ ਸਹਿਮ ਭਰੀ ਖਾਮੋਸ਼ੀ ਦਾ ਸ਼ੋਰ ਹੀ ਬਾਕੀ ਬਚਿਆ ਸੀ। ਕਾਮਰੇਡਾਂ ਨੇ ਸਹਿਮ ਭਰੀ ਚੁੱਪੀ ਨੂੰ ਤੋੜਣ ਦੀ ਪਹਿਲਕਦਮੀ ਦਿਖਾਈ ਪਰ ਇਸਦੇ ਬਾਵਜੂਦ ਮੀਡੀਆ ਦੀ ਵੱਡੀ ਖਬਰ ਕੋਰੋਨਾ ਵਾਲੀ ਹਾਲਤ ਹੀ ਬਣਦੀ ਰਹੀ। ਹੋਰਨਾਂ ਪਾਰਟੀਆਂ ਨੇ ਵੀ ਆਪੋ ਆਪਣੀ ਸਮਰਥਾ ਮੁਤਾਬਿਕ ਇਸ ਤਰਾਂ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਲੇਕਿਨ ਮਾਹੌਲ ਵਿੱਚ ਛਾਈ ਚੁੱਪ ਨਾ ਉਸ ਤਰਾਂ ਨਾ ਟੁੱਟੀ ਜਿਵੇਂ ਟੁੱਟਣੀ ਚਾਹੀਦੀ ਸੀ। ਏਨੇ ਵਿੱਚ ਹੀ ਚੀਨ ਦਾ ਹਮਲਾ ਅਤੇ ਇਸ ਹਮਲੇ ਮਗਰੋਂ "ਸਿਖਸ ਫਾਰ ਜਸਟਿਸ" (ਐਸ ਐਫ ਜੇ) ਵੱਲੋਂ ਚੀਨ ਦੀ ਹਮਾਇਤ ਨੇ ਸਾਰੇ ਘਟਨਾਕ੍ਰਮ ਵਿੱਚ ਤੇਜ਼ੀ ਲੈ ਆਂਦੀ।  ਇਸ ਸਾਰੇ ਮਾਹੌਲ ਵਿੱਚ ਕਾਂਗਰਸ ਪਾਰਟੀ ਦਾ ਨੌਜਵਾਨ ਆਗੂ ਰਵਨੀਤ ਬਿੱਟੂ ਖੁੱਲ ਕੇ ਸਾਹਮਣੇ ਆਇਆ ਕਿ ਖਾਲਿਸਤਾਨ ਦਾ ਨਾਮ ਜਪਦੇ ਫਲਾਂ ਫਲਾਂ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏ। ਬਿੱਟੂ ਨੇ ਜਿਹਨਾਂ ਦਾ ਨਾਮ ਲਿਆ ਉਹਨਾਂ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੇ ਨਾਮ ਸ਼ਾਮਲ ਹਨ। ਬਿਆਨ ਤੋਂ ਬਾਅਦ ਐਸ ਐਫ ਜੇ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਵਿੱਚ ਹੋਰਨਾਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇੱਕ ਵਾਰ ਫੇਰ ਅੱਸੀਵਿਆਂ ਦੇ ਮੁੱਢ ਵਾਲੇ ਹਾਲਤ ਬਣਦੇ ਮਹਿਸੂਸ ਹੋ ਰਹੇ ਹਨ। 
ਲੁਧਿਆਣਾ ਲੋਕ ਸਭਾ ਹਲਕਾ ਤੋਂ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕੀਤੀ ਹੈ ਕਿ ਉਹ ਗੁਰਪਤਵੰਤ ਸਿੰਘ ਪੰਨੂੰ ਦੀ ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਸੂਬੇ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰਨ। ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਉਹਨਾਂ ਦੱਸਿਆ ਕਿ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਚੀਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਹ ਗਲਵਨ ਵੈਲੀ ਵਿੱਚ ਹੋਈ ਝੜਪ ਵਿੱਚ ਹੋਏ ਨੁਕਸਾਨ ਲਈ ਚੀਨ ਨਾਲ ਹਮਦਰਦੀ ਦਿਖਾਉਂਦੇ ਹਨ ਅਤੇ ਭਾਰਤ ਦੀ ਨਿੰਦਾ ਕਰਦੇ ਹਨ। ਕੀ ਉਹ ਚੀਨ ਨਾਲ ਸਾਡੇ ਸੈਨਿਕਾਂ ਨੂੰ ਮਾਰਨ ਲਈ ਹਮਦਰਦੀ ਜਤਾ ਰਹੇ ਹਨ ਜਿਹਨਾਂ ਦੇ ਸਸਕਾਰ ਦੀਆਂ ਰਸਮਾਂ ਅਜੇ ਵੀ ਸਾਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਚਲ ਰਹੀਆਂ ਹਨ ਜਿੱਥੋਂ 4 ਨੌਜਵਾਨ ਸਿੱਖ ਸੈਨਿਕ ਭਾਰਤ ਦੀ ਰੱਖਿਆ ਲਈ ਸ਼ਹੀਦ ਹੋਏ। ਪੂਰਾ ਦੇਸ਼ ਅਤੇ ਪੰਜਾਬ ਰਾਜ ਅਜੇ ਵੀ ਸਾਡੇ ਜਵਾਨ ਸੈਨਿਕਾਂ ਦੀ ਮੌਤ 'ਤੇ ਸੋਗ ਕਰ ਰਿਹਾ ਹੈ ਪਰ ਇਹ ਕੱਟੜਪੰਥੀ ਲੋਕ ਉਹਨਾ ਦੇ ਕਾਤਲਾਂ ਨਾਲ ਹਮਦਰਦੀ ਜ਼ਾਹਰ ਕਰ ਰਹੇ ਹਨ, ਆਪਣੇ ਕੱਟੜਪੰਥੀ ਏਜੰਡੇ' ਤੇ ਅਗਲੇਰੀ ਗੱਲਬਾਤ ਲਈ ਚੀਨ ਜਾਣ ਦਾ ਆਪਣਾ ਆਪ ਨੂੰ ਸਵੈ-ਸੱਦਾ ਦੇ ਰਹੇ ਹਨ ਅਤੇ ਭਾਰਤ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਚੀਨ ਦਾ ਸਮਰਥਨ ਕਰ ਰਹੇ ਹਨ।
ਪਹਿਲਾ ਕਦਮ ਜੋ ਉਹ ਇਸ ਦਿਸ਼ਾ ਵੱਲ ਲੈ ਰਹੇ ਹਨ, ਉਹ ਹੈ ਪੰਜਾਬੀਆਂ ਨੂੰ ਮੋਬਾਈਲ 'ਤੇ ਕਾਲ ਕਰਕੇ, ਸਿੱਖ ਫ਼ੌਜੀਆਂ ਨੂੰ ਫੌਜ ਨੂੰ ਧੋਖਾ ਦੇਣ ਅਤੇ ਖਾਲਿਸਤਾਨ ਫੋਰਸ ਵਿਚ ਸ਼ਾਮਲ ਹੋਣ ਲਈ 5000 ਵਾਧੂ ਤਨਖਾਹ ਦਾ ਲਾਲਚ ਦੇ ਰਹੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੇ ਪੰਜਾਬ ਦੇ ਬੇਟਿਆਂ 'ਤੇ ਮਾਣ ਹੈ ਅਤੇ ਦੁਨੀਆ ਵਿਚ ਇੰਨੀ ਦੌਲਤ ਨਹੀਂ ਹੈ ਜੋ ਉਹਨਾ ਦੀ ਆਪਣੀ ਜਿੰਦਗੀ ਨੂੰ ਭਾਰਤ ਲਈ ਕੁਰਬਾਨ ਕਰਨ ਦੀ ਭਾਵਨਾ ਨੂੰ ਬਦਲ ਸਕੇ।
ਇਹ ਉਹੀ ਸੰਗਠਨ ਹੈ ਜੋ ਖਾਲਿਸਤਾਨ ਦੀ ਮੰਗ ਕਰਦਾ ਹੈ ਅਤੇ ਹਾਲ ਹੀ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੁਆਰਾ ਇਸਦੀ ਹਮਾਇਤ ਕੀਤੀ ਗਈ ਹੈ। ਮੈਨੂੰ ਇਹ ਸੋਚ ਕੇ ਅਫਸੋਸ ਹੁੰਦਾ ਹੈ ਕਿ ਇਹ ਲੋਕ ਉੱਚ ਅਹੁਦਿਆਂ 'ਤੇ ਕਾਬਜ਼ ਹਨ, ਭਾਰਤ ਵਿਚ ਸੁੱਖ-ਸਹੂਲਤਾਂ ਅਤੇ ਪ੍ਰਸਿੱਧੀ ਦਾ ਆਨੰਦ ਮਾਣ ਰਹੇ ਹਨ ਪਰ ਇਕ ਅਜਿਹੇ ਸੰਗਠਨ ਦਾ ਸਮਰਥਨ ਕਰ ਰਹੇ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੀ ਸ਼ਹਾਦਤ' ਤੇ ਖੁਸ਼ੀ ਜ਼ਾਹਰ ਕਰ ਰਹੀ ਹੈ।
ਉਹਨਾਂ ਕਿਹਾ ਕਿ ਉਹ ਸੁਖਬੀਰ ਬਾਦਲ, ਸ੍ਰੀਮਤੀ ਹਰਸਿਮਰਤ ਕੌਰ ਅਤੇ ਬਿਕਰਮ ਮਜੀਠੀਆ ਨੂੰ ਕਹਿਣਾ ਚਾਹੁੰਦੇ ਹਨ ਕਿ ਹੁਣ ਘੱਟੋ ਘੱਟ ਉਹਨਾਂ ਨੂੰ ਜਥੇਦਾਰ ਦੇ ਸੰਬੰਧ ਵਿਚ ਆਪਣੇ ਸਟੈਂਡ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਕੀ ਉਹ ਅਜੇ ਵੀ ਉਸਦੇ ਸਮਰਥਨ ਵਿੱਚ ਹਨ? ਅਜੇ ਵੀ ਬਹੁਤ ਦੇਰ ਨਹੀ ਹੈ. ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਅੱਗ ਨੂੰ ਵੱਧ ਫੈਲਣ ਤੋਂ ਰੋਕਣ
ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜੱਥੇਦਾਰ ਹਰਪ੍ਰੀਤ ਸਿੰਘ, ਜੈਜ਼ੀ ਬੀ ਅਤੇ ਦਿਲਜੀਤ ਦੁਸਾਂਝ ਖਿਲਾਫ ਹਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ ਜਿਹਨਾਂ ਨੇ ਪੰਨੂ ਅਤੇ ਐਸਐਫਜੇ ਦੀ ਖਾਲਿਸਤਾਨ ਦੀ ਮੰਗ ਦਾ ਖੁੱਲ• ਕੇ ਸਮਰਥਨ ਕਰ ਇਸ ਸੰਸਥਾ ਦਾ ਇੱਕ ਹਿੱਸਾ ਬਣੇ ਜਿਸ ਨੇ ਅੱਜ ਸਾਡੇ ਸ਼ਹੀਦਾਂ ਦਾ ਮਜ਼ਾਕ ਉਡਾਇਆ ਹੈ।  
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਮੰਗ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ। ਹੁਣ ਦੇਖਣਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਕੀ ਰੁੱਖ ਅਖਤਿਆਰ ਕਰਦੀਆਂ  ਹਨ। 

Friday, July 06, 2018

ਸੰਸਦ ਮੈਬਰ ਰਵਨੀਤ ਸਿੰਘ ਬਿੱਟੂ ਨੇ ਵੀ ਕਰਾਇਆ ਡੋਪ ਟੈਸਟ

"ਨਸ਼ਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਸਮੂਹਿਕ ਲੜਾਈ ਲੜਨੀ ਚਾਹੀਦੀ ਹੈ"
ਲੁਧਿਆਣਾ: 6 ਜੁਲਾਈ 2018: (ਪੰਜਾਬ ਸਕਰੀਨ):: 
ਡੋਪ ਟੈਸਟ ਦੇ ਰੌਲੇ ਗੌਲੇ ਵਿੱਚ ਚਿੱਟੇ ਦੇ ਖਿਲਾਫ਼ ਕਾਲੇ ਹਫਤੇ ਵਾਲਾ ਜੋਸ਼ ਅਤੇ ਚਰਚਾ ਭਾਵੇਂ ਠੰਡਾ ਜਿਹਾ ਪੈ ਗਿਆ ਲੱਗਦਾ ਹੈ ਪਰ ਨਸ਼ਿਆਂ ਦੇ ਖਿਲਾਫ਼ ਮਾਹੌਲ ਨਿਰੰਤਰ ਤਿਆਰ ਹੋ ਰਿਹਾ ਹੈ। 
ਕਈ ਸਿਆਸੀ ਆਗੂ ਮੋਹਰੀ ਹੋ ਕੇ ਡੋਪ ਟੈਸਟ ਕਰਵਾ ਰਹੇ ਹਨ ਅਤੇ ਕਈ ਇਸਤੋਂ ਦੂਰ ਰਹਿਣ ਵਾਲੇ ਵੀ ਹੋਣਗੇ। 
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਮੁਕਤ ਸਮਾਜ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਉਹਨਾਂ ਦੀ ਪਾਰਟੀ ਵੀ ਭਰਵਾਂ ਹੁੰਗਾਰਾ ਦੇ ਰਹੀ ਹੈ। ਅੱਜ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਡੋਪ ਟੈਸਟ ਦੀ ਮੁਹਿੰਮ ਨੂੰ ਹੁੰਗਾਰਾ ਭਰਿਆ। ਉਹਨਾਂ ਅੱਜ ਸਿਵਲ ਹਸਪਤਾਲ ਲੁਧਿਆਣਾ ਵਿੱਚ ਜਾ ਕੇ ਆਪਣਾ ਡੋਪ ਟੈਸਟ ਕਰਵਾਇਆ।  ਡੋਪ ਟੈਸਟ ਮਗਰੋਂ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਸਮੂਹਿਕ ਲਡ਼ਾਈ ਲਡ਼ਨੀ ਚਾਹੀਦੀ ਹੈ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਰੇ ਸਮਾਜ ਨੂੰ ਇਸ ਪਾਸੇ ਭਰਵਾਂ ਹੁੰਗਾਰਾ ਭਰਨਾ ਚਾਹੀਦਾ ਹੈ।
ਹੁਣ ਦੇਖਣਾ ਹੈ ਕਿ ਡੋਪ ਟੈਸਟ ਵਾਲਾ ਵਰਤਾਰਾ ਸਮਾਜ ਨੂੰ ਨਸ਼ਾ ਮੁਕਤ ਕਰਨ ਵਿੱਚ ਕਿੰਨਾ ਕੁ ਯੋਗਦਾਨ ਪਾਉਂਦਾ ਹੈ।  

Friday, August 18, 2017

ਲੜਕੀਆਂ ਦੇ ਸਰਕਾਰੀ ਕਾਲਜ ਵੱਲੋਂ ਵੀ ਰੁੱਖਾਂ ਨੂੰ ਬਚਾਉਣ ਦਾ ਸੱਦਾ

Thu, Aug 17, 2017 at 4:05 PM 
ਵਣ ਮਹਾਂਉਤਸਵ ਵਿੱਚ ਪੁੱਜੀਆਂ ਅਹਿਮ ਸ਼ਖਸੀਅਤਾਂ 
ਲੁਧਿਆਣਾ: 17 ਅਗਸਤ 2017: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੱਜ ਮਿਤੀ 17-08-2017 ਨੂੰ ਵਣ-ਮਹਾਂਉਤਸਵ ਮਨਾਇਆ ਗਿਆ।ਜਿਸ ਵਿੱਚ ਕਾਲਜ ਦੀ ਵਾਤਾਵਰਣ ਸੋਸਾਇਟੀ, ਐਨ.ਐਸ.ਐਸ, ਐਨ.ਸੀ.ਸੀ ਅਤੇ ਰੋਟਰੈਕਟ ਕਲੱਬ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਵਿਸ਼ੇਸ਼ ਸਮਾਗਮ ਤੇ ਮਾਨਯੋਗ ਸ: ਰਵਨੀਤ ਸਿੰਘ ਬਿੱਟੂ ਜੀ, ਮੈਂਬਰ ਪਾਰਲੀਮੈਂਟ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ, ਐਮ.ਐਲ.ਏ, ਲੁਧਿਆਣਾ [ਪੱਛਮੀ] ਅਤੇ ਸ਼੍ਰੀ ਸੰਜੇ ਤਲਵਾੜ, ਐਮ.ਐਲ.ਏ, ਲੁਧਿਆਣਾ [ਪੂਰਬੀ] ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਪ੍ਰਿੰਸੀਪਲ ਪ੍ਰੋ.[ਡਾ.]ਮੁਹਿੰਦਰ ਕੌਰ ਗਰੇਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਾਹਿਮਾਨ ਵਲੋਂ 50 ਤੋਂ ਵੱਧ ਬੂਟੇ ਲਗਾਏ ਗਏ ਅਤੇ ਕਾਲਜ ਦੇ ਹੋਸਟਲ ਵਿੱਚ ਲਗਾਏ ਗਏ ਸੋਲਰ ਪੈਨਲ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੋਲਦਿਆ ਸ. ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਾ ਭਰਾ ਰੱਖਣਾ ਚਾਹੀਦਾ ਹੈ।ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਨੇ ਆਖਿਆ ਕਿ ਪੰਜਾਬ ਵਿਚ ਜੰਗਲਾਂ ਦੀ ਕਟਾਈ ਵੱਡੇ ਪੱਧਰ ਤੇ ਹੋਈ ਹੈ।ਇਸ ਲਈ ਮੌਸਮ ਵਿਚ ਭਾਰੀ ਤਬਦੀਲੀਆਂ ਆਈਆ ਹਨ। ਦਰੱਖਤਾਂ ਦਾ ਮਨੁੱਖ ਦੀ ਜਿੰਦਗੀ ਵਿਚ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਇਹਨਾਂ ਨੂੰ ਸੁਰੱਖਿਅਤ ਰੱਖਣਾ ਸਾਡੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਨੇ ਨੌਜਵਾਨ ਲੜਕੀਆਂ ਨੂੰ ਧਰਤੀ ਹਰੀ ਭਰੀ ਅਤੇ ਸਾਫ ਰਖਣ ਲਈ ਆਖਿਆ।ਉਹਨਾਂ ਕਿਹਾ ਕਿ ਜੇਕਰ ਅਸੀਂ ਚੰਗੀ ਜਿੰਦਗੀ ਬਤੀਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਦਰੱਖਤਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਸਮੂਹ ਹਾਜ਼ਰੀਨ ਨੇ ਕਾਲਜ ਅਤੇ ਆਪਣੇ ਆਲੇ-ਦੁਆਲੇ ਨੂੰ ਸਵੱਛ ਅਤੇ ਹਰਿਆ ਭਰਿਆ ਰੱਖਣ ਲਈ ਸੁਹੰ ਵੀ ਚੁੱਕੀ।ਵਿਦਿਆਰਥਣਾਂ ਵੱਲੋਂ ਦਿਲ ਨੂੰ ਛੂਹ ਜਾਣ ਵਾਲੀ ਸਕਿਟ ਪੇਸ਼ ਕੀਤੀ ਗਈ। ਕਾਲਜ ਦੀ ਵਾਤਾਵਰਣ ਸੁਸਾਇਟੀ ਦੀ ਸਥਾਪਨਾ ਕੀਤੀ ਗਈ।ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਪਹਿਲਾ ਸਥਾਨ: ਕਾਜਲ, ਬੀ.ਏ-।।
ਦੂਜਾ ਸਥਾਨ: ਆਂਚਲ ਗੁਪਤਾ, ਬੀ.ਐਸ.ਸੀ - ।।।
ਤੀਜਾ ਸਥਾਨ: ਹਰਮਨ ਕੌਰ, ਬੀ.ਕਾਮ-।
ਹੌਸਲਾ ਵਧਾਊ ਪੁਰਸਕਾਰ: ਰੂਚੀਕਾ ਧੀਮਾਨ
ਸਮਾਗਮ ਦੇ ਅੰਤ ਵਿੱਚ ਬਾਟਨੀ ਵਿਭਾਗ ਦੇ ਮੁਖੀ ਡਾ. ਮੰਜੂ ਸਾਹਨੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Sunday, September 13, 2015

MP ਕਿਰਨ ਖੇਰ ਨੇ ਕੀਤੀ ਪੰਜਾਬ ਮੈਡੀਕਲ ਕੌਂਸਿਲ ਦੀ ਸ਼ਲਾਘਾ

ਡਾਕਟਰ ਮਿੱਤਰਾ ਨੇ ਫਿਰ ਕੀਤੀ ਕਮਿਸ਼ਨਾਂ ਲੈਣ ਦੇ ਵਰਤਾਰੇ ਦੀ ਨਿਖੇਧੀ 
ਲੁਧਿਆਣਾ: 13 ਸਤੰਬਰ (ਪੰਜਾਬ ਸਕਰੀਨ ਬਿਊਰੋ):

ਸੂਬੇ ਵਿੱਚ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੀ ਐਥੀਕਲ ਕਮੇਟੀ ਦੇ ਚੇਅਰਮੈਨ ਡਾ. ਅਰੁਣ ਮਿੱਤਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਕੁਝ ਨਿੱਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਅਤੇ ਡਾਕਟਰੀ ਸਿੱਖਿਆ ਦੇ ਪੱਧਰ ਉਪਰ ਚੁੱਕਣ ਲਈ ਕੌਂਸਲ ਵੱਲੋਂ ਉਸਾਰੂ ਕਦਮ ਚੁੱਕੇ ਜਾਣ 'ਤੇ ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਨੇ ਸ਼ਲਾਘਾ ਕੀਤੀ ਹੈ। ਸ੍ਰੀਮਤੀ ਖੇਰ ਨੇ ਕਿਹਾ ਕਿ ਉਹ ਡਾਕਟਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਪੱਧਰ ਉਪਰ ਚੁੱਕਣ ਲਈ ਕੌਂਸਲ ਨੂੰ ਹਰ ਤਰਾਂ ਨਾਲ ਸਹਿਯੋਗ ਦੇਵੇਗੀ। ਡਾ. ਮਿੱਤਰਾ ਨੇ ਦੱਸਿਆ ਕਿ ਕੁਝ ਮੁੱਠੀ ਭਰ ਡਾਕਟਰਾਂ ਵੱਲੋਂ ਕਮਿਸ਼ਨਾਂ ਦੇ ਨਾਉਂ ਹੇਠ ਮਰੀਜਾਂ 'ਤੇ ਬੇ ਲੋੜਾ ਆਰਥਿਕ ਬੋਝ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੈਡੀਕਲ ਕਾਲਜ 'ਚ ਕੋਈ ਡਾਕਟਰ-ਅਧਿਆਪਕ ਹੀ ਨਹੀਂ ਹੋਵੇਗਾ ਤਾਂ ਡਾਕਟਰ ਵਿਦਿਆਰਥੀ ਕੀ ਸਿੱਖਣਗੇ? ਇਸ ਲਈ ਸੂਬੇ ਅੰਦਰ ਸਿਹਤ ਸੇਵਾਵਾਂ ਅਤੇ ਡਾਕਟਰੀ ਸਿੱਖਿਆ ਨੂੰ ਸੰਸਾਰ ਦਾ ਹਾਣੀ ਬਣਾਉਣਾ ਬਹੁਤ ਜਰੂਰੀ ਹੈ।

Thursday, June 27, 2013

ਬੀਬੀ ਉੱਤਮਜੀਤ ਕੌਰ ਦਾ ਅਕਾਲ ਚਲਾਣਾ

ਜਥੇਦਾਰ ਅਵਤਾਰ ਸਿੰਘ ਨੇ ’ਤੇ ਕੀਤਾ ਦੁੱਖ ਦਾ ਇਜ਼ਹਾਰ
ਅੰਮ੍ਰਿਤਸਰ:: 27 ਜੂਨ- (ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿੱਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ.ਤਰਲੋਚਨ ਸਿੰਘ  ਦੀ ਧਰਮ ਪਤਨੀ ਬੀਬੀ ਉੱਤਮਜੀਤ ਕੌਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਥੋਂ ਜਾਰੀ ਇੱਕ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੀਬੀ ਉੱਤਮਜੀਤ ਕੌਰ ਧਾਰਮਿਕ ਬਿਰਤੀ ਵਾਲੇ, ਨੇਕ ਦਿਲ ਤੇ ਸਾਊ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੇ ਭਾਣੇ ਨੂੰ ਮੰਨਣਾ ਹੀ ਪੈਂਦਾ ਹੈ। ਇਸ ਲਈ ਮੇਰੀ ਅਕਾਲ-ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਅਤੇ ਬਾਕੀ ਤੇ ਸਾਕ-ਸਨਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।