Sunday, March 28, 2021

ਪਹਿਲੀ ਅਪ੍ਰੈਲ ਤੋਂ ਚਲਾਈ ਜਾਵੇਗੀ ਸਪੈਸ਼ਲ ਟੀਕਾਕਰਣ ਮੁਹਿੰਮ

Sunday:28th March 2021 at 5:21 PM

ਵੱਧ ਤੋਂ ਵੱਧ ਲੋਕਾਂ ਦੀ ਕੀਤੀ ਜਾਵੇਗੀ ਵੈਕਸੀਨੇਸ਼ਨ--ਭਾਰਤ ਭੂਸ਼ਣ ਆਸ਼ੂ


ਲੁਧਿਆਣਾ
: 28 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਸਨੀਕਾਂ ਦੇ ਲਾਭ ਲਈ ਜ਼ਿਲ੍ਹਾ ਲੁਧਿਆਣਾ ਵਿਖੇ 1 ਅਪ੍ਰੈਲ, 2021 ਤੋਂ ਇੱਕ ਸਪੈਸ਼ਲ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ, ਕਿਉਂਕਿ 80 ਤੋਂ ਵੱਧ ਨਿੱਜੀ ਅਤੇ 71 ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਟੀਕਾਕਰਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਇਹ ਗੱਲ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ, ਸੀ.ਆਈ.ਸੀ.ਯੂ. ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ, ਡਾ ਐਸ.ਬੀ. ਪਾਂਧੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ 'ਵੈਕਸੀਨ ਐਟ ਡੋਰਸੈਟੈਪਸ' ਮੁਹਿੰਮ ਤਹਿਤ ਵਾਇਰਸ ਦੀ ਲੜੀ ਨੂੰ ਤੋੜਨ ਲਈ ਥੋੜੇ ਸਮੇਂ ਵਿੱਚ ਵੱਡੀ ਅਬਾਦੀ ਦੇ ਟੀਕੇ ਲਗਾਉਣ ਲਈ, ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮਮਤਾ ਆਸ਼ੂ ਦੇ ਯਤਨਾਂ ਸਦਕਾ ਪਹਿਲਾ ਅਜਿਹਾ ਕੈਂਪ 26 ਮਾਰਚ ਨੂੰ ਸ਼ਹਿਰ ਦੇ ਪ੍ਰਤਾਪ ਨਗਰ ਖੇਤਰ ਵਿੱਚ ਲਗਾਇਆ ਗਿਆ ਸੀ, ਕੱਲ੍ਹ ਵੀ ਦੋ ਅਜਿਹੇ ਕੈਂਪ ਲਗਾਏ ਗਏ ਸਨ ਅਤੇ ਅੱਜ 8 ਅਜਿਹੇ ਕੈਂਪ ਲੁਧਿਆਣਾ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਖੇਤਰਾਂ ਵਿਚ ਅਜਿਹੇ ਕੈਂਪ ਲਗਾਉਣ ਲਈ ਅੱਗੇ ਆ ਰਹੇ ਹਨ, ਜੋ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਸਨੀਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਸਨ ਪਰ ਹੁਣ ਲੋਕਾਂ ਦੇ ਘਰਾਂ ਦੇ ਨੇੜੇ ਟੀਕਾ ਲਗਵਾਇਆ ਜਾ ਰਿਹਾ ਹੈ, ਜਨਤਾ ਵੱਲੋਂ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿੱਚ ਖੜਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਂਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸ਼ਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ। ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਇਸ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਸਨੀਕ ਆਪਣੇ ਇਲਾਕਿਆਂ ਵਿੱਚ ਕੈਂਪ ਲਗਾਉਣ ਲਈ ਆਪਣੇ ਕੌਂਸਲਰ/ਸਰਪੰਚ, ਖੇਤਰ ਦੇ ਐਸ.ਡੀ.ਐਮ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਸਿਵਲ ਸਰਜਨ ਦਫਤਰ ਆਦਿ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਸਨੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਕੈਂਪ ਦੇ ਸੰਬੰਧ ਵਿਚ ਸਵਾਲ ਭੇਜ ਸਕਦੇ ਹਨ।

ਬਾਅਦ ਵਿਚ, ਕੈਬਨਿਟ ਮੰਤਰੀ ਵੱਲੋੋਂ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਗਊਸ਼ਾਲਾ ਰੋਡ 'ਤੇ ਕੇ.ਡੀ.ਐਮ. ਸਕੂਲ ਅਤੇ ਹੈਬੋਵਾਲ ਵਿਖੇ ਚੱਲ ਰਹੇ ਕੈਂਪਾਂ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ।

No comments: