Wed, Sep 11, 2013 at 3:14 PM
ਅਮਰੀਕਾ ਵਿੱਚ ਸਥਾਪਤ ਕੀਤਾ ਜਾਏਗਾ ਸਿੱਖ ਮਿਸ਼ਨ- ਜਥੇ:ਅਵਤਾਰ ਸਿੰਘ
ਜੰਮੂ-ਕਸ਼ਮੀਰ ਸਰਕਾਰ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ
ਦੇਗਸਰ ਕਟਾਣਾ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਕੀਤੇ ਗਏ ਅਹਿਮ ਫੈਸਲੇ
ਕਟਾਣਾ ਸਾਹਿਬ (ਲੁਧਿਆਣਾ): 11 ਸਤੰਬਰ 2013: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੀਟਿੰਗ ਹਾਲ ਵਿੱਚ ਹੋਈ ਜਿਸ ਵਿੱਚ ਸੈਕਸ਼ਨ 85, ਸੈਕਸ਼ਨ 87, ਟ੍ਰੱਸਟ ’ਤੇ ਅਮਲਾ ਵਿਭਾਗ ਦੇ ਮਾਮਲੇ ਵਿਚਾਰੇ ਗਏ।
ਅੰਤ੍ਰਿੰਗ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਐਸਜੀਪੀਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ |
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਸ.ਸੁਖਬੀਰ ਸਿੰਘ ਜੀ ਬਾਦਲ ਨੂੰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਗਈ ਹੈ ਤੇ ਅਰਦਾਸ ਕੀਤੀ ਹੈ ਕਿ ਸਤਿਗੁਰ ਜੀ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ ਤੇ ਉਨ੍ਹਾਂ ਤੇ ਮੇਹਰ ਭਰਿਆ ਹੱਥ ਰੱਖ ਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਸਮਰੱਥਾ ਬਖ਼ਸ਼ਣ। ਉਨ੍ਹਾਂ ਕਿਹਾ ਕਿ ਅੱਜ ਹੀ ਪਤਾ ਲੱਗਾ ਹੈ ਕਿ ਕਸ਼ਮੀਰ ਦੇ ਸ਼ੋਪੀਆ ਦੇ ਗੁਰਦੁਆਰਾ ਸਾਹਿਬ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਭੰਨ-ਤੋੜ ਕੀਤੀ ਗਈ ਹੈ ਤੇ ਉਥੇ ਵੱਸਦੇ ਪੰਜ ਸਿੱਖ ਪਰਿਵਾਰਾਂ ਨਾਲ ਦੁਰਵਿਹਾਰ ਕੀਤਾ ਗਿਆ ਹੈ ਜਿਸ ਦੀ ਨਿਖੇਧੀ ਕਰਦੇ ਹਾਂ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ ਨੂੰ ਬੇਨਤੀ ਕਰਦੇ ਹਾਂ ਕਿ ਜੰਮੂ-ਕਸ਼ਮੀਰ ’ਚ ਵੱਸਦੇ ਸਮੁੱਚੇ ਸਿੱਖ ਪਰਿਵਾਰਾਂ ਅਤੇ ਸਿੱਖ ਜਾਇਦਾਦਾਂ ਦੀ ਪਹਿਲ ਦੇ ਅਧਾਰ ਤੇ ਹਿਫਾਜਤ ਕੀਤੀ ਜਾਵੇ। ਇਸੇ ਤਰਾਂ ਕਸ਼ਮੀਰ ’ਚ ਮੁਸਲਮ ਭਾਈਚਾਰੇ ਅਤੇ ਹੁਰੀਅਤ ਨਾਲ ਸਬੰਧਤ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਪਹਿਲ ਕਦਮੀ ਕਰਨ।
ਹਰਿਆਣੇ ਦੇ ਪੀੜ੍ਹਤ ਸਿੱਖ ਕਿਸਾਨਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਿਸਾਨਾਂ ਦੀ ਹਰੇਕ ਪੱਖੋਂ ਮਦਦ ਕੀਤੀ ਗਈ ਸੀ ਲੋੜ ਅਨੁਸਾਰ ਇਹਨਾਂ ਕਿਸਾਨਾਂ ਨੂੰ ਦਵਾਈਆਂ, ਬਿਜਲੀ ਵਾਸਤੇ ਜਨਰੇਟਰ ਤੋਂ ਇਲਾਵਾ ਖਾਣ-ਪੀਣ ਦਾ ਸਮਾਨ ਅਤੇ 21 ਲੱਖ ਰੁਪਏ ਸਹਾਇਤਾ ਰਾਸ਼ੀ ਪ੍ਰਵਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਨੂੰ 13 ਏਕੜ ਤੋਂ ਵੱਧ ਜ਼ਮੀਨ ਦਾਨ ਵਜੋਂ ਪ੍ਰਾਪਤ ਹੋਈ ਹੈ ਇਸ ਜ਼ਮੀਨ ਦੇ ਕਾਗਜ਼ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਹੋ ਚੁੱਕੇ ਹਨ। ਸ਼੍ਰੋਮਣੀ ਕਮੇਟੀ ਇਸ ਜਗ੍ਹਾ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਮਿਸ਼ਨ ਬਨਾਉਣ ਜਾ ਰਹੀ ਹੈ ਤੇ ਇਸ ਮਿਸ਼ਨ ਰਾਹੀਂ ਪੂਰੇ ਯੂਰਪ ਵਿੱਚ ਸਿੱਖੀ ਪ੍ਰਚਾਰ ਨੂੰ ਅੱਗੇ ਵਧਾਇਆ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਕੈਲੇਫੋਰਨੀਆਂ (ਅਮਰੀਕਾ) ਜਾਵੇਗਾ। ਵਿਦੇਸ਼ਾਂ ਵਿੱਚ ਗਲਤ ਪਹਿਚਾਣ ਕਾਰਨ ਸਿੱਖਾਂ ਉਪਰ ਹੋ ਰਹੇ ਹਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਰੀਸਰਚ ਸਕਾਲਰਾਂ ਦੀ ਕਮੇਟੀ ਬਣਾ ਕੇ ਉਨ੍ਹਾਂ ਪਾਸੋਂ ਦਸਤਾਰ ਅਤੇ ਕਕਾਰਾਂ ਬਾਰੇ ਬਹੁ-ਭਾਸ਼ਾਈ ਟਰੈਕਟ ਤਿਆਰ ਕਰਵਾਏਗੀ ਜੋ ਪੂਰੇ ਯੂਰਪ ਵਿੱਚ ਵੰਡਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਇਟਲੀ ਵਿਖੇ 450 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਭੇਜੇ ਗਏ ਸਨ, ਜਿਸ ਪੁਰ ਤਕਰੀਬਨ 50 ਲੱਖ ਰੁਪਏ ਖਰਚਾ ਆਇਆ ਸੀ। ਭੇਜੇ ਗਏ ਪਾਵਨ ਸਰੂਪਾਂ ਦੀ ਕੋਈ ਭੇਟਾ ਨਹੀਂ ਲਈ ਗਈ।
ਮੀਟਿੰਗ ਸਬੰਧੀ ਹੋਰ ਵੇਰਵੇ ਦੇਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਆਪਣੇ ਕਾਲਜਾਂ ਦੀਆਂ ਖਾਲਸਾਈ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਨਵਾਂ ਉਪਰਾਲਾ ਕਰਦੇ ਹੋਏ ਸਕੂਲਾਂ ਦੀਆਂ ਵੀ ਅਕਤੂਬਰ ਮਹੀਨੇ ’ਚ ਖਾਸਲਾਈ ਖੇਡਾਂ ਕਰਵਾਈਆਂ ਜਾਣਗੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਨਮੋਲ ਖ਼ਜ਼ਾਨੇ ਤੋਸ਼ਾਖਾਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਸ਼ੋਭਿਤ ਇਤਿਹਾਸਕ ਸਸ਼ਤਰਾਂ ਦੀ ਮੁਕੰਮਲ ਫੋਟੋਗ੍ਰਾਫੀ ਕਰਕੇ ਰੰਗਦਾਰ ਸੁੰਦਰ ਕਿਤਾਬਚਾ ਤਿਆਰ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਵਿਖੇ ਯਾਤਰੂਆਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਰਾਂ ਲਈ ਕਮਰੇ ਅਤੇ ਸਟਾਫ ਲਈ ਕੁਆਟਰ ਤਿਆਰ ਕਰਨ ਲਈ ਪਹਿਲਾਂ ਤੋਂ ਕਾਰਸੇਵਾ ਕਰਵਾ ਰਹੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਇਹ ਕਾਰਜ ਸੌਂਪਿਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਲੰਗਰ ਵਾਲੀ ਸਾਈਡ ਤੇ ਨਵਾਂ ਪ੍ਰਬੰਧਕੀ ਬਲਾਕ ਤਿਆਰ ਕਰਨ ਲਈ ਪਹਿਲਾਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਵਾ ਰਹੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਪਾਸੋਂ ਇਹ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਦਰਬਾਰ ਸਾਹਿਬ ਅੰਦਰ ਪਾਲਕੀ ਸਾਹਿਬ ਦੇ ਗੁੰਬਦ ਉੱਪਰ ਸੋਨੇ ਦੇ ਪੱਤਰੇ ਸੇਵਾ ’ਚ ਲਗਵਾਉਣ ਲਈ ਸ.ਕੰਵਲਨੈਨ ਸਿੰਘ ਡਡਵਿੰਡੀ (ਕਪੂਰਥਲਾ) ਦੀ ਇੱਛਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਹੈ ਕਿ ਇਸ ਕਾਰਜ ਲਈ ਕੋਈ ਉਗਰਾਹੀ ਜਾਂ ਟੋਕਰੀ ਆਦਿ ਨਾ ਰੱਖਣ ਦਿੱਤੀ ਜਾਵੇ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਨਾਲ ਅਟੈਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਨੀਬਦਰਪੁਰ ਦੀ ਇਮਾਰਤ ਨਵੀਂ ਤਿਆਰ ਕਰਵਾਉਣ ਲਈ ਕਾਰਸੇਵਾ ਬਾਬਾ ਸੁਬੇਗ ਸਿੰਘ ਨੂੰ ਸੌਂਪੀ ਗਈ ਹੈ। ਗੁਰਦੁਆਰਾ ਸਾਹਿਬ ਗੁਰੂਸਰ ਸਤਲਾਣੀ ਪਿੰਡ ਹੁਸ਼ਿਆਰਨਗਰ (ਅੰਮ੍ਰਿਤਸਰ) ਦੇ ਕੰਪਲੈਕਸ ਵਿੱਚ ਲਾਈਟ ਲਈ ਨਵਾਂ ਸੋਲਰ ਸਿਸਟਮ ਅਤੇ ਸਾਊਂਡ ਸਿਸਟਮ ਲਗਾਏ ਜਾਣ ਨੂੰ ਪ੍ਰਵਾਨਗੀ ਦਿਤੀ ਗਈ ਹੈ। ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਭਗਤਾ ਭਾਈ ਬਠਿੰਡਾ ਵਿਖੇ ਸੰਗਤਾਂ ਦੀ ਸੁੱਖ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ ਅੰਦਰ 4 ਨਗ ਏ.ਸੀ. ਲਗਵਾਉਣ ਨੂੰ ਪ੍ਰਵਾਨਗੀ ਦਿਤੀ ਗਈ ਹੈ। ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਲੁਧਿਆਣਾ ਵਿਖੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਮਾੜੇ ਅਨਸਰਾਂ ਤੇ ਨਿਗਾਹ ਰੱਖਣ ਲਈ ਹੋਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਇਸ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸ. ਸੁਖਦੇਵ ਸਿੰਘ, ਅੰਤ੍ਰਿੰਗ ਮੈਂਬਰਾਨ ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਸੂਬਾ ਸਿੰਘ ਡੱਬਵਾਲੀ, ਸ. ਰਜਿੰਦਰ ਸਿੰਘ ਮਹਿਤਾ, ਸ: ਨਿਰਮੈਲ ਸਿੰਘ ਜੌਲਾਂ ਕਲਾਂ, ਸ: ਕਰਨੈਲ ਸਿੰਘ ਪੰਜੋਲੀ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮੋਹਨ ਸਿੰਘ ਬੰਗੀ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਇਸ ਮੌਕੇ ਸ. ਤਰਲੋਚਨ ਸਿੰਘ, ਸ. ਦਲਮੇਘ ਸਿੰਘ ਖੱਟੜਾ ਤੇ ਸ.ਰੂਪ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਆਹਲੀ ਤੇ ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ, ਸ. ਪ੍ਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਪ੍ਰਮਦੀਪ ਸਿੰਘ, ਸ.ਸੁਖਬੀਰ ਸਿੰਘ ਤੇ ਸ.ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਦੇ ਮੈਨਜਰ ਸ. ਬੇਅੰਤ ਸਿੰਘ, ਸ.ਹਰਜਿੰਦਰ ਸਿੰਘ, ਸ.ਬਲਵਿੰਦਰ ਸਿੰਘ ਤੇ ਸ.ਗੁਰਚਰਨ ਸਿੰਘ ਸੁਪਰਵਾਈਜਰ, ਸ.ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਜਤਿੰਦਰ ਸਿੰਘ ਫੋਟੋਗ੍ਰਾਫਰ ਤੇ ਸ.ਹਰਬੰਸ ਸਿੰਘ ਆਦਿ ਮੌਜੂਦ ਸਨ।
No comments:
Post a Comment