Thursday, November 08, 2018

ਤਰਕਸ਼ੀਲ ਸੈਮੀਨਾਰ ਵਿੱਚ ਮਾਨਸਿਕ ਰੋਗਾਂ ਬਾਰੇ ਖੁਲਾਸੇ

ਮਾਨਸਿਕ ਰੋਗ ਦੀ ਸਮੱਸਿਆ ਦਾ ਮੁੱਢ ਸਾਡੇ ਬਚਪਨ ਵਿੱਚ ਹੀ ਹੁੰਦਾ ਹੈ
ਲੁਧਿਆਣਾ: 8 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਵੱਲੋਂ “ ਮਾਨਸਿਕ ਰੋਗਾਂ ਦੇ ਕਾਰਣ ਅਤੇ ਇਲਾਜ “ ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਕਈ ਦਿਲਚਸਪ ਖੁਲਾਸੇ ਕਰਦਿਆਂ ਸੈਮੀਨਾਰ ਦੇ ਮੁੱਖ ਬੁਲਾਰੇ ਸੁਸਾਇਟੀ ਦੇ ਕੌਮੀ ਤੇ ਕੌਮਾਂਤਰੀ ਵਿਭਾਗ ਦੇ ਮੁੱਖੀ ਬਲਵਿੰਦਰ ਬਰਨਾਲਾ ਨੇ ਸਰੋਤਿਆੰ ਨੂੰ ਪ੍ਰਭਾਵਿਤ ਕੀਤਾ। ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਹੋਏ ਇਸ ਸੈਮੀਨਾਰ ਵਿੱਚ ਉਹਨਾਂ ਕਿਹਾ ਕਿ ਸਾਡੇ ਹਰ ਮਾਨਸਿਕ ਰੋਗ ਦੀ ਸਮੱਸਿਆ ਦਾ ਮੁੱਢ ਸਾਡੇ ਬਚਪਨ ਵਿੱਚ ਹੋਏ ਪਾਲਣ ਪੋਸਣ ਦੌਰਾਨ ਪੈਦਾ ਹੋਈ ਹੀਣ ਭਾਵਨ ਤੋਂ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਬਿਨਾ ਸੋਚੇ ਸਮਝੇ ਕਿਸੇ ਉੱਪਰ ਜਿੰਨਾ ਵੱਡਾ ਭਰੋਸਾ ਕਰਦੇ ਹਾਂ, ਤਾਂ ਉਨ੍ਹਾਂ  ਹੀ ਵੱਡਾ ਸਾਡੇ ਨਾਲ ਧੋਖਾ ਹੁੰਦਾ ਹੈ, ਜਿਸ ਦਾ ਸਾਡੇ ਉੱਪਰ ਗਲਤ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਦੁੱਖ ਅਤੇ ਸੁੱਖ ਦੋਵੇਂ ਹੀ ਸਾਡੀ ਜ਼ਿੰਦਗੀ ਵਿੱਚ ਸਥਿਰ ਨਹੀਂ ਰਹਿੰਦੇ ਜੋ ਸਭ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਹਨ। ਜ਼ਿੰਦਗੀ ਦੇ ਉਤਰਾ ਚੜ੍ਹਾ ਕਾਰਣ ਸਾਡੀ ਮਾਨਸਿਕ ਸਥਿਤੀ ਵਿੱਚ ਕਈ ਤਬਦੀਲੀਆਂ ਹੁੰਦੀਆਂ ਹਨ ਜਿਹਨਾਂ ਬਾਰੇ ਸਹੀ ਗਿਆਨ ਨਾ ਹੋਣ ਕਾਰਨ ਇਹ ਰੋਗ ਪੈਦਾ ਹੋ ਜਾਂਦੇ ਹਨ। ਸਾਡੇ ਦੇਸ਼ ਦਾ ਗਲਤ ਰਾਜ ਪ੍ਰਬੰਧ ਸਾਰੇ ਲੋਕਾਂ ਦੇ ਵਿਕਾਸ ਲਈ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦਾ ਜਿਸ ਕਰਕੇ ਬਚਪਨ ਵਿੱਚ ਹੀ ਇਕ ਬੱਚੇ ਦੀ ਪਰਵਰਿਸ਼ ਦੌਰਾਨ ਕਈ ਕਮੀਆਂ ਰਹਿ ਜਾਂਦੀਆਂ ਹਨ ਜੋ ਉਸ ਦੇ ਮਾਨਸਿਕ ਰੋਗਾਂ ਦਾ ਮੁੱਢ ਬਣਦੀਆਂ ਹਨ। ਉਹਨਾਂ ਕਿਹਾ ਕਿ ਹਰ ਮਨੁੱਖ ਦਾ ਦਿਮਾਗੀ, ਸਰੀਰਕ,ਜਜ਼ਬਾਤੀ ਅਤੇ ਸਮਾਜਿਕ ਤੌਰ ਤੇ ਫਿੱਟ ਹੋਣਾ ਬੇਹੱਦ ਜ਼ਰੂਰੀ ਹੈ। ਪਰ ਸਾਡੇ ਦੇਸ਼ ਦਾ ਰਾਜਨੀਤਕ ਤੇ ਆਰਥਿਕ ਪ੍ਰਬੰਧ ਮਨੁੱਖ ਨੂੰ ਇਸ ਤੋਂ ਵਾਂਝਾ ਰੱਖਦਾ ਹੈ। ਉਹਨਾਂ ਵੱਖ ਵੱਖ ਮਾਨਸਿਕ ਰੋਗਾਂ ਦੀਆਂ ਕਿਸਮਾਂ ਅਤੇ ਉਹਨਾਂ ਦੇ ਪੈਦਾ ਹੋਣ ਦੇ ਸਮਾਜਿਕ, ਆਰਥਿਕ ਤੇ ਸਭਿਆਚਾਰ ਕਾਰਣਾਂ ਨੂੰ ਉਦਾਹਰਣਾਂ ਰਾਹੀਂ ਸਪਸਟ ਕੀਤਾ। ਸੁਚੇਤ ਤੇ ਅਚੇਤ ਦਿਮਾਗ ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ।
       ਇਸ ਮੌਕੇ ਤਰਕਸ਼ੀਲ ਸੁਸਾਇਟੀ ਇੰਗਲੈਂਡ ਦੇ ਆਗੂ ਭਗਵੰਤ ਸਿੰਘ ਨੇ ਵੀ ਉੱਥੋਂ  ਦੇ ਲੋਕਾਂ ਦੀ ਜ਼ਿੰਦਗੀ ਦਾ ਭਾਰਤੀ ਲੋਕਾਂ ਦੀ ਜ਼ਿੰਦਗੀ ਨਾਲ ਤੁਲਨਾਤਮਿਕ ਵਿਖਰੇਵਾਂ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਸਵਾਲ ਜਵਾਬ ਦੇ ਸੈਸ਼ਨ ਵਿੱਚ ਜਸਵੰਤ ਜੱਸੜ, ਟੇਕ ਚੰਦ ਕਾਲੀਆ, ਮਾ ਸੁਰਜੀਤ ਦੌਧਰ, ਸੁਖਵਿੰਦਰ ਲੀਲ, ਗੁਰਮੇਲ ਗਿੱਲ, ਕਰਨਲ ਜੇ ਐਸ ਬਰਾੜ, ਜਗਮੋਹਣ ਸਿੰਘ, ਨਰਿੰਦਰਜੀਤ ਸਿੰਘ ਸੋਢੀ, ਅੰਮ੍ਰਿਤ ਪਾਲ ਪੀਏਯੂ,ਰਾਕੇਸ ਆਜ਼ਾਦ, ਕਾ. ਸੁਰਿੰਦਰ, ਕਸਤੂਰੀ ਲਾਲ, ਪ੍ਰਿੰਸੀਪਲ ਹਰਭਜਨ ਸਿੰਘ, ਧਰਮਪਾਲ ਸਿੰਘ ਨੇ ਚੰਗੀ ਦਿਲਚਸਪੀ ਵਿਖਾਈ। ਔਰਤਾਂ ਨੇ ਵੀ ਇਸ ਸੈਮੀਨਾਰ ‘ਚ ਉਚੇਚੇ ਤੌਰ ਤੇ ਭਾਗ ਲਿਆ ।ਤਰਕਸ਼ੀਲ ਆਗੂਆਂ ਆਤਮਾ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਜਗਰਾਓਂ, ਕਮਲਜੀਤ ਸਿੰਘ ਜਗਰਾਓਂ,ਜਰਨੈਲ ਸਿੰਘ , ਰਣਜੋਧ ਸਿੰਘ ਲਲਤੋਂ ਆਦਿ ਵੀ ਹਾਜ਼ਰ ਸਨ।  ਸਟੇਜ ਦਾ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ।Tuesday, November 06, 2018

ਦੀਵਾਲੀ ਮੌਕੇ ਸੀਪੀਆਈ ਦੀ ਸੂਬਾ ਐਗਜ਼ੈਕੁਟਿਵ ਨੇ ਲਏ ਅਹਿਮ ਫੈਸਲੇ

17 ਦਸੰਬਰ ਦੀ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀਆਂ ਤੇਜ਼ 
ਲੁਧਿਆਣਾ: 6 ਨਵੰਬਰ 2018: (ਪੰਜਾਬ ਸਕਰੀਨ ਟੀਮ):: 
ਧੰਨਤੇਰਸ, ਰੂਪ ਚੌਦਸ, ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਓਹਾਰੀ ਦਿਨਾਂ ਮੌਕੇ ਇਸ ਵਾਰ ਆਰਥਿਕ ਪਾੜਾ ਜ਼ਿਆਦਾ ਵਧਿਆ ਨਜ਼ਰ ਆਇਆ। ਜੁਮਲੇਬਾਜ਼ਾਂ ਦੇ ਝੂਠੇ ਵਾਅਦਿਆਂ ਕਾਰਨ ਵਧੇ ਇਸ ਆਰਥਿਕ ਪਾੜੇ ਦਾ ਅਸਰ ਬਾਜ਼ਾਰਾਂ ਵਿੱਚ  ਵੀ ਨਜ਼ਰ ਆਇਆ। ਜਿਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਸੀ ਉਹ ਆਪਣੀਆਂ ਕਾਰਾਂ 'ਤੇ ਸਵਾਰ ਹੋ ਕੇ ਹਾਰਨ 'ਤੇ ਹਾਰਨ ਮਾਰਦੇ ਨਜ਼ਰ ਆਏ। ਦੂਜੇ ਪਾਸੇ ਅਗਲੇ ਡੰਗ ਦੀ ਰੋਟੀ ਦੇ ਫਿਕਰ ਵਿੱਚ ਬੈਠੇ ਗਰੀਬ ਲੋਕ ਬੜੀਆਂ ਹੀ ਬੇਬਸ ਨਜ਼ਰਾਂ ਨਾਲ ਇਹਨਾਂ ਰੌਣਕਾਂ ਨੂੰ ਵਿਵਰਜਿਤ ਮਨ ਨਾਲ ਦੇਖਦੇ ਮਹਿਸੂਸ ਹੋਏ। ਆਮ ਲੋਕਾਂ ਦੇ ਇੱਕ ਵੱਡੇ ਤਬਕੇ ਲਈ ਇਹ ਦੀਵਾਲੀ ਵੀ ਕਾਲੀ ਦੀਵਾਲੀ ਹੀ ਮਹਿਸੂਸ ਹੋ ਰਹੀ ਸੀ। ਘਰ ਵਿੱਚ ਰਾਸ਼ਨ ਨਹੀਂ, ਜੇਬ ਵਿੱਚ ਪੈਸੇ ਨਹੀਂ, ਹੱਥ ਵਿੱਚ ਰੋਜ਼ਗਾਰ ਨਹੀਂ। ਮਠਿਆਈਆਂ, ਫਲਾਂ, ਸੌਗਾਤਾਂ ਅਤੇ ਲਾਈਟਾਂ ਨਾਲ ਸਜੀਆਂ ਦੁਕਾਨਾਂ ਉਹਨਾਂ ਦੀ ਉਦਾਸੀ ਵਿੱਚ ਹੋਰ ਵਾਧਾ ਹੀ ਕਰ ਰਹੀਆਂ ਸਨ। ਉਹਨਾਂ ਲਈ ਦਿਵਾਲੀ ਦਾ ਤਿਓਹਾਰ ਵੀ ਬਾਕੀ ਦਿਨਾਂ ਵਾਂਗ ਉਦਾਸੀ ਅਤੇ ਚਿੰਤਾ ਲੈ ਕੇ ਹੀ ਆਇਆ ਸੀ। ਇਹਨਾਂ ਲੋਕਾਂ ਦਾ ਦਰਦ ਵੰਡਾਉਣ ਲਈ ਸੀਪੀਆਈ ਦੇ ਲੁਧਿਆਣਾ ਦਫਤਰ ਵਿੱਚ ਚੱਲ ਰਹੀ ਸੀ ਪਾਰਟੀ ਦੀ ਮੀਟਿੰਗ। 
ਤਿਓਹਾਰਾਂ ਦੀ ਖੁਸ਼ੀ ਤੋਂ ਮਹਿਰੂਮ ਇਹਨਾਂ ਲੋਕਾਂ ਲਈ ਸਰਗਰਮ ਸੀਪੀਆਈ ਨੇ ਆਪਣੀ ਐਗਜ਼ੈਕੁਟਿਵ ਮੀਟਿੰਗ ਲੁਧਿਆਣਾ ਦੇ ਪਾਰਟੀ ਆਫਿਸ ਵਿੱਚ ਕੀਤੀ। ਇਸ ਮੀਟਿੰਗ ਦਾ ਏਜੰਡਾ ਵੀ ਇਹਨਾ ਆਮ ਲੋਕਾਂ ਲਈ ਵਿਢੇ ਗਏ ਸੰਘਰਸ਼ਾਂ ਨੂੰ ਤੇਜ਼ ਕਰਨਾ ਸੀ। ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਨਾਮ ਨਾਲ ਜਾਣੀ ਜਾਂਦੀ ਇਸ ਇਮਾਰਤ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆਏ ਕਾਮਰੇਡ ਸ਼ਾਮਲ ਹੋਏ। ਇਹ ਓਹ ਲੋਕ ਸਨ ਜਿਹੜੇ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਸਨ। ਇਹ ਤਿਓਹਾਰੀ ਰੌਣਕਾਂ ਅਤੇ ਖੁਸ਼ੀਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਤੋਂ ਦੂਰ ਆਮ ਲੋਕਾਂ ਦੀ ਚਿੰਤਾ ਵਿੱਚ ਇਕੱਤਰ ਹੋਏ ਸਨ। ਆਮ ਜਨਤਾ ਨੂੰ ਆਪਣੇ ਪਰਿਵਾਰਾਂ ਵਾਂਗ ਸਮਝਣ ਵਾਲੇ ਕਾਮਰੇਡਾਂ ਨੇ ਲੋਕਾਂ ਦੇ ਹੱਕਾਂ ਉੱਤੇ ਝਪਟ ਰਹੀਆਂ ਇੱਲਾਂ ਨੂੰ ਜਮਹੂਰੀ ਢੰਗ ਤਰੀਕਿਆਂ ਨਾਲ ਫੁੰਡਣ ਵਾਲੇ ਸੰਘਰਸ਼ਾਂ ਨੂੰ ਤੇਜ਼ ਕਰਨ ਬਾਰੇ ਵਿਚਾਰਾਂ ਕੀਤੀਆਂ। 
ਇਸ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰ ਕੀਤੀ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਮੁੱਖ ਤੌਰ 'ਤੇ ਚਰਚਾ ਦਾ ਕੇਂਦਰ ਰਹੀ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ ਬ ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ 'ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਦੀਵਾਲੀ ਦੀਆਂ ਖੁਸ਼ੀਆਂ ਸਿਰਫ ਅਮੀਰਾਂ ਅਤੇ ਵੱਡੇ ਪੂੰਜੀਪਤੀਆਂ ਲਈ ਹੀ ਰਾਖਵੀਆਂ ਹੋ ਕੇ ਰਹਿ ਗਈਆਂ ਹਨ। ਇਹਨਾਂ ਹਾਲਤਾਂ ਵਿੱਚ ਲੋਕਾਂ ਕੋਲ ਤਿੱਖੇ ਸੰਘਰਸ਼ਾਂ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ।

ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। 

ਡਾ: ਸੋਨੀਆ (ਸਵੀਡਨ) ਦੀ ਕਿਤਾਬ "ਧੁੰਦ" ਦਾ ਲੋਕ ਅਰਪਨ ਅੱਜ

ਪੰਜਾਬੀ ਭਵਨ ਲੁਧਿਆਣਾ 'ਚ ਜੁੜਣਗੇ ਪੰਜਾਬ ਦਾ ਦਰਦ ਮਹਿਸਸ ਕਰਨ ਵਾਲੇ  
ਲੁਧਿਆਣਾ: 5 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਸਵੀਡਨ ਵੱਸਦੀ ਪੰਜਾਬੀ ਲੇਖਿਕਾ ਡਾ: ਸੋਨੀਆ ਸਿੰਘ ਦੀ ਵਾਰਤਕ ਪੁਸਤਕ ਧੁੰਦ ਦਾ ਲੋਕ ਅਰਪਨ ਸਮਾਗਮ 6 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗਾ। 
ਪੁਸਤਕ ਲੋਕ ਅਰਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਣਗੇ। 
ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ: ਰਵਿੰਦਰ ਭੱਂਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸ: ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ,ਡੀ ਆਈ ਜੀ ਪੰਜਾਬ ਤੇ ਪ੍ਰੋ: ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹੋਣਗੇ। 
ਇਹ ਜਾਣਕਾਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ,ਜਨਰਲ ਸਕੱਤਰ ਮਨਜਿੰਦਰ ਧਨੋਆ ਤੇ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਚੌਹਾਨ ਨੇ ਦਿੱਤੀ। 
ਧਰਮ ਕਰਮ ਦੇ ਨਾਮ ਤੇ ਚੱਲ ਰਹੇ ਭਰਮ ਜਾਲ ਤੇ ਪਾਖੰਡੀ ਡੇਰਾਵਾਦ ਦੇ ਖ਼ਿਲਾਫ਼ ਲਿਖੀ ਇਹ ਪੁਸਤਕ ਪਹਿਲਾਂ ਅੰਗਰੇਜ਼ੀ ਚ ਛਪ ਕੇ ਚੰਗਾ ਨਾਮਣਾ ਖੱਟ ਚੁਕੀ ਹੈ। ਆਪ ਜੀ ਨੇ ਸਮਾਗਮ ਵਿੱਚ ਸਮੇਂ ਸਿਰ ਪੁੱਜਣ ਦੀ ਖੇਚਲ ਕਰਨਾ ਜੀ ਕਿਓਂਕਿ ਇਸ ਸਮਾਗਮ ਦਾ ਏਜੰਡਾ ਆਪਣੇ ਸਾਰਿਆਂ ਨਾਲ ਸਬੰਧਤ ਹੈ। ਆਪਣੇ ਸਭਨਾਂ ਦੇ ਸਰੋਕਾਰਾਂ ਨਾਲ ਸਬੰਧਤ ਹੈ। 

Monday, November 05, 2018

ਤਰਕਸ਼ੀਲ ਸੁਸਾਇਟੀ ਵੱਲੋਂ ਮਾਨਸਿਕ ਰੋਗਾਂ ਬਾਰੇ ਸੈਮੀਨਾਰ 8 ਨਵੰਬਰ ਨੂੰ

Nov 5, 2018, 8:18 AM
ਉੱਘੇ ਮਾਹਰ ਬਲਵਿੰਦਰ ਸਿੰਘ ਬਰਨਾਲਾ ਹੋਣਗੇ ਮੁੱਖ ਮਹਿਮਾਨ 
ਲੁਧਿਆਣਾ: 5 ਨਵੰਬਰ 2018: (ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਸੁਸਾਇਟੀ ਪੰਜਾਬ ( ਇਕਾਈ ਲੁਧਿਆਣਾ ) ਵੱਲੋਂ  ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ ਤਹਿਤ “ਮਾਨਸਿਕ ਰੋਗਾਂ ਦੇ ਕਾਰਣ ਅਤੇ ਇਲਾਜ “ ਵਿਸ਼ੇ ਤੇ ਸੈਮੀਨਾਰ, 8 ਨਵੰਬਰ ਨੂੰ ਸਵੇਰੇ 11 ਵਜੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਕਰਵਾਇਆ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਵਿਭਾਗ ਦੇ ਮੁੱਖੀ ਅਤੇ ਮਾਨਸਿਕ ਰੋਗਾਂ ਦੇ ਉੱਘੇ ਮਾਹਰ ਬਲਵਿੰਦਰ ਸਿੰਘ ਬਰਨਾਲਾ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਹੋਣਗੇ। ਸੁਸਾਇਟੀ ਦੇ  ਜੱਥੇਬੰਦਕ  ਮੁੱਖੀ ਜਸਵੰਤ ਜੀਰਖ ਤੇ ਮੀਡੀਆ ਮੁੱਖੀ ਸੁਖਵਿੰਦਰ ਲੀਲ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਆਮ ਤੌਰ ਤੇ ਕਈ ਲੋਕ ਆਪਣੀਆਂ ਘਰੇਲੂ ਅਤੇ ਸਮਾਜਿਕ ਸਮੱਸਿਆਵਾਂ ਵਿੱਚ ਉਲਝਣ ਕਾਰਣ ਮਾਨਸਿਕ ਰੋਗੀ ਬਣ ਜਾਂਦੇ ਹਨ । ਬੇਸਮਝ ਹੋਣ ਕਰਕੇ , ਉਹ ਇਹਨਾਂ ਸਮੱਸਿਆਵਾਂ ਦੇ ਸਮਾਧਾਨ ਲਈ ਜੋਤਸ਼ੀਆਂ, ਤਾਂਤਰਿਕਾਂ ਤੇ ਬਾਬਿਆਂ ਆਦਿ ਦੀ ਚੁੰਗਲ ਵਿੱਚ ਫਸਕੇ ਆਪਣੀ ਖ਼ੂਨ ਪਸੀਨੇ ਦੀ ਕਮਾਈ ਦਾ ਲੱਖਾਂ ਰੁਪਇਆ ਇਹਨਾਂ ਕੋਲ ਲੁਟਾ ਬੈਠਦੇ ਹਨ। ਇਸ ਤਰਾਂ ਦੀ ਲੁੱਟ ਕਰਵਾਉਣ ਉਪਰੰਤ ਉਹਨਾਂ ‘ਚੋਂ ਕਈ ਲੋਕ ਤਰਕਸ਼ੀਲ ਸੁਸਾਇਟੀ ਦੇ ਸੰਪਰਕ ਵਿੱਚ ਆਕੇ ਆਪਣੀ ਹੋਈ ਲੁੱਟ ਦੀ ਗੁਹਾਰ ਲਗਾਉਂਦੇ ਹਨ। ਤਰਕਸ਼ੀਲ ਸੁਸਾਇਟੀ ਵੱਲੋਂ ਹੁਣ ਤੱਕ ਲੁਧਿਆਣਾ ਵਿਖੇ ਥਾਂ ਥਾਂ ਦੁਕਾਨਾਂ ਖੋਲ੍ਹੀ ਬੈਠੇ ਤਾਂਤਰਿਕਾਂ ਆਦਿ ਪਾਸੋਂ ਅਜਿਹੇ ਲੋਕਾਂ ਦਾ 10 ਲੱਖ ਤੋਂ ਵੀ ਵੱਧ ਰੁਪਿਆ ਵਾਪਸ ਕਰਵਾਇਆ ਜਾ ਚੁੱਕਾ ਹੈ। 
        ਇਸ ਸੈਮੀਨਾਰ ਦੌਰਾਨ ਲੋਕਾਂ ਦੇ ਮਾਨਸਿਕ ਰੋਗਾਂ ਦੇ ਕਾਰਣਾਂ ਅਤੇ ਉਹਨਾਂ ਦੇ ਸਹੀ ਇਲਾਜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਜਿਹੜੇ ਵੀ ਲੋਕ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਇਸ ਸੈਮੀਨਾਰ ਵਿੱਚ ਪਹੁੰਚਕੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਤਰਕਸ਼ੀਲ ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਜੋਤਸ਼ੀਆਂ , ਤਾਂਤਰਿਕਾਂ ਅਤੇ ਬਾਬਿਆਂ ਆਦਿ ਤੋਂ ਮੁਕਤੀ ਗਿਆਨਵਾਨ ਹੋਣ ਨਾਲ ਹੀ ਹੋ ਸਕਦੀ ਹੈ।ਇਸ ਲਈ ਚਾਹਵਾਨ ਲੋਕਾਂ ਨੂੰ  ਇਸ ਸੈਮੀਨਾਰ ਵਿੱਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਲਹਿਰ ਨਾਲ ਜੁੜਨ ਲਈ ਸੰਪਰਕ ਕੀਤਾ ਜਾ ਸਕਦਾ ਹੈ ਜਸਵੰਤ ਜੀਰਖ ਹੁਰਾਂ ਨਾਲ  ਉਹਨਾਂ ਦੇ ਮੋਬਾਈਲ ਨੰਬਰ  98151- 69825 'ਤੇ। 

Saturday, November 03, 2018

ਜਲੰਧਰ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ-ਕੁੰਗ-ਫੂ ਵਿੱਚ ਵੀ ਪਾਈਆਂ ਧੁੰਮਾਂ

ਮਾਰਸ਼ਲ ਆਰਟਸ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਸੰਕਲਪ 
ਜਲੰਧਰ: 3 ਨਵੰਬਰ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਚੱਲ ਰਹੇ ਜਲੰਧਰ ਸਕੂਲ ਗਦਾਈਪੁਰ ਦੇ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਜਤਨਾਂ ਦੇ ਸਿੱਟੇ ਵਜੋਂ ਬੱਚੇ ਕਾਮਯਾਬੀ ਦੀ ਮੰਜਿਲ ਵੱਲ ਲਗਾਤਾਰ ਵੱਧ ਰਹੇ ਹਨ। ਇਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਸਾਧਾਰਨ ਜਿਹੇ ਪਰਿਵਾਰਾਂ ਦੇ ਬੱਚੇ ਖਾਸ ਕਰਕੇ ਲੜਕੀਆਂ ਮਾਰਸ਼ਲ-ਆਰਟ ਦੀ ਹਰ ਕਲਾ ਨੂੰ ਕਰਨ ਵਿੱਚ ਮਾਹਿਰ ਹੋ ਗਏ ਹਨ।  ਹੁਣ ਸਟੇਟ ਲੈਵਲ ਤੱਕ ਪਹੁੰਚ ਕੇ ਆਪਣੀ ਪ੍ਰਤਿਭਾ ਵਿਖਾ ਕੇ ਗੋਲ੍ਡ, ਸਿਲਵਰ ਅਤੇ ਕਾਂਸੇ ਵਾਲੇ ਤਮਗੇ ਅਤੇ ਸਰਟੀਫ਼ਿਕੇਟ ਹਾਸਿਲ ਕੀਤੇ ਹਨ। ਇਹਨਾਂ ਨੂੰ ਕੋਚਿੰਗ ਦੇਣ ਵਾਲੇ ਅਤੇ ਅਭਿਆਸ ਕਰਾਉਣ ਵਾਲੇ ਪ੍ਰਵੀਨ ਅਤੇ ਮੋਹੰਮਦ ਹੈਦਰ ਨੇ ਇਹਨਾਂ ਨੂੰ ਜਿੱਤ ਹਾਸਿਲ ਕਰਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ਇਹਨਾਂ ਕੋਚ ਅਧਿਆਪਕਾਂ ਦੀ ਮਿਹਨਤ ਸਦਕਾ ਜਲੰਧਰ ਸਕੂਲ ਗਦਾਈਪੁਰ ਦੇ ਦੱਸ ਬੱਚਿਆਂ ਨੇ ਸਟੇਟ ਲੈਵਲ ਤੇ ਜਿੱਤ ਪ੍ਰਾਪਤ ਕੀਤੀ। ਇਹਨਾਂ ਵਿੱਚ ਲਾਵਣਿਆ ਨਾਮ ਦੀ ਵਿਦਿਆਰਥਣ ਤਿੰਨ ਮੁਕਾਬਲਿਆਂ ਤੋਂ ਬਾਅਦ ਪਹਿਲੇ ਦਰਜੇ ਤੇ ਰਹੀ। ਇਸ ਦੇ ਨਾਲ ਹੀ ਹਰਸ਼, ਨਿਤਿਸ਼, ਚੁਟਨ, ਚੰਦਨ ਅਤੇ ਆਦਿਤਿਆ ਨੇ ਸਿਲਵਰ ਮੈਡਲ ਜਿੱਤੇ। ਵਰੁਣ, ਭੂਮਿਕਾ, ਆਸਿਫ਼ ਅਤੇ ਅਮਨ ਨੇ ਕਾਂਸੇ ਵਾਲੇ ਮੈਡਲ ਹਾਸਿਲ ਕੀਤੇ। ਅੱਜ ਸਕੂਲ ਵਿਖੇ ਜੇਤੂ ਬੱਚਿਆਂ ਨੂੰ ਸਾਰੇ ਸਟਾਫ ਵਲੋਂ ਵਧਾਈ ਦਿੱਤੀ ਗਈ ਅਤੇ ਮੁੱਖ-ਅਧਿਆਪਕਾ ਵਲੋਂ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧ ਕੇ ਜਿੱਤ ਹਾਸਿਲ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮੈਡਮ ਮੀਨਾਕਸ਼ੀ, ਜਸਵੀਰ ਕੌਰ, ਸੰਦੀਪ ਕੌਰ, ਸੋਨਮ, ਸੇਸਾ ਸ੍ਰੇਸਠਾ, ਸੰਗੀਤਾ, ਮੀਨਾ ਕੁਮਾਰੀ, ਰਾਧਾ, ਨੀਲਮ ਪਾਲ ਅਤੇ ਸ਼ਿਵਾਨੀ ਵੀ ਮੌਜੂਦ ਰਹੇ।  

Thursday, November 01, 2018

ਸੀਪੀਆਈ -ਸੀਪੀਆਈ(ਐਮ) ਵੱਲੋਂ ਏਕਤਾ ਜਤਨ ਹੋਏ ਹੋਰ ਤੇਜ਼

17 ਦਸੰਬਰ ਨੂੰ ਲੁਧਿਆਣਾ ਵਿੱਚ ਵਿਸ਼ਾਲ ਸਾਂਝੀ ਰੈਲੀ ਦਾ ਐਲਾਨ 
ਲੁਧਿਆਣਾ: 01 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਜਿਹੜੇ ਲੋਕ ਕਾਂਗਰਸ,ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਗਏ ਸਨ। ਜਿਹਨਾਂ ਨੂੰ ਲੱਗਦਾ ਸੀ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਮੋਦੀ ਦਾ ਕੋਈ ਬਦਲ ਤਿਆਰ ਨਹੀਂ ਹੋ ਸਕਿਆ; ਉਹਨਾਂ ਲਈ ਖੁਸ਼ਖਬਰੀ ਹੈ। ਦੋ ਪਰਮੁੱਖ ਖੱਬੀਆਂ ਪਾਰਟੀਆਂ ਸੀਪੀਆਈ ਅਤੇ ਸੀਪੀਐਮ ਹੁਣ ਏਕਤਾ ਦੇ ਮਾਮਲੇ ਵਿੱਚ ਹੋਰ ਨੇੜੇ ਆ ਗਈਆਂ ਹਨ। ਅੱਜ ਲੁਧਿਆਣਾ ਵਿੱਚ ਦੋਹਾਂ ਪਾਰਟੀਆਂ ਦੀ ਸਾਂਝੀ ਪਰੈਸ ਕਾਨਫਰੰਸ ਇਹੀ ਇਸ਼ਾਰਾ ਦੇ ਰਹੀ ਸੀ। ਲੁਧਿਆਣਾ ਵਿੱਚ 17 ਦਸੰਬਰ 2018 ਨੂੰ ਹੋਣ ਵਾਲੀ ਵਿਸ਼ਾਲ ਰੈਲੀ ਇਸ ਖੱਬੇ ਬਦਲ ਦੇ ਤਿਆਰ ਹੋਣ ਦਾ ਸਪਸ਼ਟ ਐਲਾਨ ਹੋਵੇਗੀ। ਇਸਦੇ ਨਾਲ ਹੀ ਸਾਂਝੇ ਜੱਥਾ ਮਾਰਚ ਖੱਬੀਆਂ ਧਿਰਾਂ ਦੇ ਇਸ ਮਜ਼ਬੂਤ ਏਕੇ ਦਾ ਸੁਨੇਹਾ ਘਰ ਘਰ ਲੈ ਕੇ ਜਾਣਗੇ। ਅੱਜ ਦੀ ਇਹ ਸਾਂਝੀ ਪ੍ਰੈਸ ਕਾਨਫਰੰਸ ਅਸਲ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਮਹੂਰੀ ਜੰਗ ਦਾ ਬਿਗਲ ਸੀ। 
ਦੇਸ ਵਿਚ ਫਿਰਕੂ ਫਾਸ਼ੀ ਖਤਰੇ ਵਿਰੁੱਧ ਅਤੇ ਪੰਜਾਬ ਵਿਚ ਲੋਕਾਂ ਦੇ ਭਖਦੇ ਮਸਲਿਆਂ ਨੂੰ ਉਭਾਰਨ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ ਅਤੇ ਦੇਸ ਵਿਚ ਜਮਹੂਰੀਅਤ, ਪ੍ਰਗਟਾਵੇ ਦੀ ਆਜ਼ਾਦੀ ਲਈ, ਫਿਰਕੂ ਸਦਭਾਵਨਾ ਤੇ ਸਾਂਝ ਬਰਕਰਾਰ ਰੱਖਣ ਲਈ ਅਤੇ ਰਾਫੇਲ ਸੌਦੇ ਦੀ ਸੰਸਦੀ ਜਾਂਚ ਲਈ, ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਸੀਪੀਆਈ ਅਤੇ ਸੀਪੀਆਈ(ਐਮ) ਵਲੋਂ 17 ਦਸੰਬਰ ਨੂੰ ਲੁਧਿਆਣਾ ਅਨਾਜ ਮੰਡੀ ਵਿਚ ਇਕ ਵਿਸ਼ਾਲ ਜਨਤਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਸੀਪੀਆਈ (ਐਮ) ਦੇ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੇਚਰੀ, ਸੀਪੀਆਈ ਦੇ ਜਨਰਲ ਸਕੱਤਰ ਸਾਥੀ ਐਸ. ਸੁਧਾਕਰ ਰੈਡੀ ਅਤੇ ਹੋਰ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਇਹ ਐਲਾਨ ਅੱਜ ਇਥੇ ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਅਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਸਾਂਝੀ ਪਰੈਸ ਕਾਨਫਰੰਸ ਵਿਚ ਕੀਤਾ। ਉਹਨਾਂ ਦੇ ਨਾਲ ਸੀਪੀਆਈ(ਐਮ) ਦੇ ਸੂਬਾ ਆਗੂ ਸਾਥੀ ਲਹਿੰਬਰ ਸਿੰਘ ਤੱਗੜ ਅਤੇ ਦੋਹਾਂ ਪਾਰਟੀਆਂ ਦੇ ਜ਼ਿਲਾ ਸਕੱਤਰ ਸਾਥੀ ਡੀਮੌੜ  ਅਤੇ ਸਾਥੀ ਰੂਪ ਬਸੰਤ ਸਿੰਘ ਵੜੈਚ ਵੀ ਸ਼ਾਮਲ ਸਨ। 
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਰਾਜ ਦੇ ਸਾਢੇ ਚਾਰ ਸਾਲ ਪੂਰੇ ਤਬਾਹਕੁਨ ਸਾਲ ਰਹੇ ਹਨ - ਆਰਥਿਕਤਾ ਦੇ ਪਖੋਂ, ਮੰਤਰੀਆਂ ਦੇ ਭਿ੍ਰਸ਼ਟਾਚਾਰ ਅਤੇ ਰਾਫੇਲ ਸੌਦੇ ਦੇ ਪਖੋਂ, ਅਮਨ ਕਾਨੂੰਨ ਦੇ ਪਖੋਂ, ਮਹਿੰਗਾਈ ਦੇ ਪਖੋਂ, ਜਮਹੂਰੀਅਤ ਅਤੇ ਮੂਲ ਅਧਿਕਾਰਾਂ ਉਤੇ ਹਮਲਿਆਂ ਦੇ ਪਖੋਂ, ਵੱਡੇ ਪੂੰਜੀਪਤੀ ਘਰਾਣਿਆਂ ਨੂੰ ਰਿਆਇਤਾਂ ਅਤੇ ਲੋਕਾਂ ਉਤੇ ਹਰ ਪਾਸਿਓਂ ਬੋਝ ਦੇ ਪਖੋਂ, ਨੋਟਬੰਦੀ ਅਤੇ ਜੀਐਸਟੀ ਦੇ ਪਖੋਂ, ਘਟਗਿਣਤੀਆਂ, ਆਦਿਵਾਸੀਆਂ, ਦਲਿਤਾਂ, ਔਰਤਾਂ ਉਤੇ ਹਮਲਿਆਂ ਦੇ ਪਖੋਂ। ਗੱਲ ਕੀ, ਰਸਸ ਦਾ ਫਿਰਕੂ ਕਤਾਰਬੰਦੀ ਦਾ ਏਜੰਡਾ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।  
ਇਸੇ ਤਰ੍ਹਾਂ ਸੂਬੇ ਵਿਚ ਵੀ ਕੈਪਟਨ ਸਰਕਾਰ ਹਰ ਮੋਰਚੇ ਤੇ ਫੇਲ੍ਹ ਹੋ ਰਹੀ ਹੈ। ਕਰਜ਼ ਮਾਫੀ ਨਹੀਂ ਹੋਈ, ਨਸ਼ਾਖੋਰੀ ਬੰਦ ਨਹੀਂ ਹੋਈ, ਜ਼ਮੀਨ ਮਾਫੀਆ ਵੀ ਬੇਲਗਾਮ ਹੈ। ਹੱਕਾਂ ਲਈ ਲੜਦੇ ਤਬਕਿਆਂ ਉਤੇ ਜਬਰ ਹੁੰਦਾ ਹੈ। ਸਾਂਝਾ ਅਧਿਆਪਕ ਮੋਰਚਾ ਕਈ ਹਫਤਿਆਂ ਤੋਂ ਭੁੱਖ ਹੜਤਾਲ ਤੇ ਚਲ ਰਿਹਾ ਹੈ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਕਾਰਨ ਪੰਜਾਬ ਦਾ ਵਾਤਾਵਰਣ ਤੇ ਅਮਨ ਖਤਰੇ ਵਿਚ ਹੈ।  ਮੁਖ ਤਾਕਤਾਂ ਲੋਕਾਂ ਦੇ ਮੁਦਿਆਂ ਤੋਂ ਲਾਂਭੇ ਜਾ ਕੇ ਧਾਰਮਿਕ ਮੂਲਵਾਦ ਨੂੰ ਉਭਾਰ ਰਹੀਆਂ ਹਨ। ਅਸੀਂ ਬਰਗਾੜੀ ਦੇ ਦੋਸ਼ੀਆਂ ਨੂੰ ਰਣਜੀਤ ਸਿੰਘ ਕਮਿਸ਼ਨ ਮੁਤਾਬਕ ਜਲਦ ਸਜ਼ਾ ਦੇਣ ਦੇ ਹੱਕ ਵਿਚ ਹਾਂ। ਪਰ ਨਾਲ ਹੀ ਲੋਕਾਂ ਦੇ ਮਸਲਿਆਂ ਨੂੰ  ਕੇਂਦਰ ਵਿਚ ਲਿਆਉਣਾ ਚਾਹੁੰਦੇ ਹਾਂ।   
ਇਸ ਲਈ ਅਸੀਂ 30 ਜੁਲਾਈ ਨੂੰ ਜਲੰਧਰ ਕਨਵੈਨਸ਼ਨ ਵਿਚ ਫੈਸਲਾ ਕੀਤਾ ਸੀ ਜਿਸ ਅਨੁਸਾਰ 17 ਦਸੰਬਰ ਨੂੰ ਲੁਧਿਆਣਾ ਸਾਂਝੀ ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਲਿਾਂ 15 ਤੋਂ 21 ਨਵੰਬਰ ਤਕ ਪੰਜਾਬ ਵਿਚ ਸਾਂਝੇ ਜਥਾ ਮਾਰਚ ਕੀਤੇ ਜਾਣਗੇ ਇਕ ਜਥਾ ਹੁਸੈਨੀਵਾਲਾ ਤੋਂ ਚਲ ਕੇ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੁਹਾਲੀ, ਰੋਪੜ ਹੁੰਦਾ ਹੋਇਆ 21 ਨੂੰ ਲੁਧਿਆਣੇ ਸਮਾਪਤ ਹੋਵੇਗਾ। ਦੂਜਾ 15 ਨੂੰ ਜਲ੍ਹਿਆਂਵਾਲਾ ਬਾਗ ਤੋਂ ਚਲ ਕੇ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਰਾਹੀਂ ਹੁੰਦਾ ਹੋਇਆ 21 ਨੂੰ ਜਲੰਧਰ ਵਿਚ ਨੇਪਰੇ ਚੜ੍ਹੇਗਾ। ਇਸਦੀ ਤਿਆਰੀ ਲਈ ਸਾਂਝੀਆਂ ਜ਼ਿਲਾ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਇਹਨਾਂ ਮੰਗਾਂ ਲਈ ਆਵਾਜ਼ ਚੁਕੀ ਜਾਵੇਗੀ:
*ਫਾਸ਼ੀ ਹਮਲਿਆਂ ਵਿਰੁਧ ਜਮਹੂਰੀਅਤ ਦੀ ਰਾਖੀ ਯਕੀਨੀ ਬਣਾਈ ਜਾਵੇ। 
*ਨਸ਼ਿਆਂ ਦੀ ਅਲਾਮਤ ਦਾ ਖਾਤਮਾ ਕੀਤਾ ਜਾਵੇ। 
*ਰੁਜ਼ਗਾਰ ਦਾ ਪਰਬੰਧ ਸਾਰਿਆਂ ਲਈ ਕੀਤਾ ਜਾਵੇ।  
*ਮਜ਼ਦੂਰਾਂ ਦੀ ਉਜਰਤ ਵਿੱਚ ਤੁਰੰਤ ਵਾਧਾ ਕੀਤਾ ਜਾਵੇ।  
*ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। 
*ਸਾਰੇ ਕਰਜ਼ੇ ਮਾਫ ਕੀਤੇ ਜਾਣ।  
*ਖੇਤ ਮਜ਼ਦੂਰਾਂ ਲਈ ਪਲਾਟ ਤੇ ਪੈਨਸ਼ਨ ਹਰ ਹਾਲਤ ਵਿੱਚ ਹੋਵੇ। 
*ਲੋਕਾਂ ਦਾ ਖੂਨ ਪੇ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। 
*ਸਿਖਿਆ ਤੇ ਸਿਹਤ ਸਹੂਲਤਾਂ ਹਰ ਇੱਕ ਲਈ ਯਕੀਨੀ ਬਣਾਈਆਂ ਜਾਣ।  
*ਔਰਤਾਂ ਅਤੇ ਬਾਲੜੀਆਂ ਉਤੇ ਹੁੰਦੇ ਜਿਣਸੀ ਹਮਲਿਆਂ ਵਿਰੁਧ ਸਖਤ ਵਿਵਸਥਾ ਕੀਤੀ ਜਾਵੇ। 
* ਪੰਜਾਬੀ ਭਾਸ਼ਾ ਨੂੰ ਹੱਕੀ ਸਥਾਨ ਦਿੱਤਾ ਜਾਵੇ। 
* ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਇਕ ਲੱਖ ਕਰੋੜ ਰੁਪੈ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। 
*ਪੰਜਾਬ ਦੇ ਪਾਣੀ ਦੀ ਰਾਖੀ ਅਤੇ ਸੰਭਾਲ ਪਹਿਲ ਦੇ ਅਧਾਰ 'ਤੇ ਹੋਵੇ। 
*ਭਿ੍ਰਸ਼ਟਾਚਾਰ ਦਾ ਖਾਤਮਾ ਹਰ ਹੀਲੇ ਹਰ ਖੇਤਰ ਵਿੱਚ ਕੀਤਾ ਜਾਵੇ
* ਪਰਾਪਰਟੀ ਟੈਕਸ ਤੇ ਟੋਲ ਟੈਕਸ  ਦਾ ਖਤਮਾ ਕੀਤਾ ਜਾਵੇ। 
* ਫਿਰਕੂ ਸਾਂਝ ਤੇ ਅਮਨ ਸਦਭਾਵਨਾ ਦੀ ਰਾਖੀ ਪਹਿਲ ਦੇ ਅਧਾਰ 'ਤੇ ਹੋਵੇ। 
* ਧਾਰਮਿਕ ਗਰੰਥਾਂ ਦੀ ਬੇਅਦਬੀ ਰੋਕੀ ਜਾਵੇ।
ਇਸ ਮੌਕੇ ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਸੁਖਵਿੰਦਰ ਸਿੰਘ ਲੋਟੇ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਮੇਲ ਮੈਲਡੇ ਅਤੇ ਕਾਮਰੇਡ ਬਲਦੇਵ ਸਿੰਘ ਲਤਾਲਾ ਵੀ ਮੌਜੂਦ ਰਹੇ।    

ਸਤਿਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਦਾ "ਸ਼ੁਭ ਆਰੰਭ" ਮੰਦਰਾਂ 'ਚ ਵੀ

Oct 31, 2018, 5:20 PM
ਕੋਈ ਹਿੰਦੂ ਵੀ ਨਿਗੁਰਾ ਨਹੀਂ ਰਹਿਣਾ ਚਾਹੀਦਾ: ਸਕੱਤਰ ਘੀਟਨ ਸਿੰਘ 
ਦਸੂਹਾ: 31 ਅਕਤੂਬਰ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਆਖਿਰਕਾਰ ਮੰਦਰਾਂ ਵਿੱਚ ਵੀ ਗੁਰਪੁਰਬ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। "ਹਿੰਦੂ-ਸਿੱਖ ਏਕਤ" ਦੇ ਇਸ "ਤਜਰਬੇ" ਅਧੀਨ ਇਸ ਮਕਸਦ ਦੀਆਂ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਸਨ ਪਰ ਵਿਵਾਦਾਂ ਕਾਰਨ ਅਕਸਰ ਕੋਈ ਨ ਕੋਈ "ਰੁਕਾਵਟ" ਪੈ ਜਾਂਦੀ ਸੀ। ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੇ ਆਪ ਨੂੰ ਖਤਰਿਆਂ ਵਿੱਚ ਪਾ ਕੇ ਇਸ ਪਾਸੇ ਆਪਣੀ ਮੁਹਿੰਮ ਤੇਜ਼ ਕੀਤੀ। ਕਈ ਹਿੰਦੂ ਸੰਗਠਨਾਂ ਨੇ ਵੀ ਇਹਨਾਂ ਕੋਸ਼ਿਸ਼ਾਂ ਨੂੰ ਗਰਮਜੋਸ਼ੀ ਵਾਲਾ ਹੁੰਗਾਰਾ ਭਰਿਆ। ਹੋਲੀ ਹੋਲੀ ਰਾਮਨੌਮੀ, ਜਨਮ ਅਸ਼ਟਮੀ ਅਤੇ ਗੁਰਪੁਰਬ ਸਾਂਝੇ ਤੌਰ 'ਤੇ ਮਨਾਉਣ ਦਾ ਇਹ ਸਿਲਸਿਲਾ ਤੇਜ਼ ਹੁੰਦਾ ਚਲਾ ਗਿਆ। ਇਸ ਵਾਰ ਇਸਦੀ ਸਰਗਰਮ ਸ਼ੁਰੁਆਤ ਹੋਈ ਹੈ-ਦਸੂਹਾ ਦੇ ਇੱਕ ਮੰਦਰ ਵਿੱਚੋਂ। 
ਜਿਵੇਂ ਕਿ ਸਰਬ-ਸਾਂਝੀਵਾਲਤਾ ਅਤੇ ਏਕਤਾ ਦੇ ਬਾਨੀ ,ਕਲਿਜੁਗ ਦੇ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਦਾ 550ਵਾਂ ਅਵਤਾਰ ਦਿਹਾੜਾ ਸਾਰੇ ਸੰਸਾਰ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਣਾ ਹੈ ਅਤੇ ਸਭ ਪਾਸੇ ਖੁਸ਼ੀਆਂ-ਖੇੜਿਆਂ ਦਾ ਮਾਹੌਲ ਹੈ।  ਨਾਮਧਾਰੀ ਸੰਗਤ ਨੇ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਇਸ ਸ਼ੁਭ ਮੌਕੇ ਦੀ ਅਰੰਭਤਾ ਬੁੱਧੋ-ਬਰਕਤ (ਦਸੂਹਾ) ਦੇ ਇਕ ਪ੍ਰਸਿੱਧ ਮੰਦਿਰ (ਸ੍ਰੀ ਰਾਧਾ-ਕ੍ਰਿਸ਼ਨ ਮੰਦਿਰ) ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਮਨਾ ਕੇ ਕੀਤੀ।  ਇਸ ਸਮਾਗਮ ਦਾ ਆਗਾਜ਼ ਮੰਦਿਰ ਦੇ ਸੱਕਤਰ ਘੀਟਨ ਸਿੰਘ ਜੀ ਨੇ ਕੀਤਾ ਅਤੇ ਸਭ ਨੂੰ ਇਸ ਸ਼ੁਭ ਮੌਕੇ ਦੀ ਵਧਾਈ ਦਿੰਦਿਆਂ ਸਤਿਗੁਰੂ ਦਲੀਪ ਸਿੰਘ ਜੀ ਦੇ ਇਸ ਆਪਸੀ ਮੇਲ-ਜੋਲ ਵਧਾਉਣ ਦੇ ਉਪਰਾਲੇ ਦੀ ਸਲਾਘਾ ਕਰ ਦੱਸਿਆ ਕਿ ਇਹ ਸਾਡੇ ਲਈ ਬੜੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਨਾਮਧਾਰੀ ਪੰਥ ਦੀ ਵਿਲੱਖਣਤਾ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਨਾਮਧਾਰੀ ਪੰਥ ਦੇ ਪ੍ਰਭਾਵ ਨਾਲ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ। ਆਪ ਜੀ ਨੇ ਇਹ ਵੀ ਕਿਹਾ ਕਿ ਸਾਨੂੰ ਗੁਰੂ ਦੇ ਲੜ ਲੱਗ ਕੇ ਨਾਮ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਸਾਡੇ ਹਿੰਦੂ ਪਰਿਵਾਰਾਂ ਵਿਚ ਵੀ ਕੋਈ ਨਿਗੁਰਾ ਨਹੀਂ ਰਹਿਣਾ ਚਾਹੀਦਾ। ਉਪਰੰਤ ਮੰਦਿਰ ਦੇ ਪ੍ਰਧਾਨ ਅਜੈ ਕੁਮਾਰ ਖੁੱਲਰ ਜੀ ਨੇ ਭਗਤੀ ਰੱਸ ਵਿੱਚ ਭਿੱਜ ਕੇ ਸਤਿਗੁਰੂ ਨਾਨਕ ਦੇਵ ਜੀ ਦਾ ਜਸ ਗਾਇਨ ਕੀਤਾ ਅਤੇ ਨਾਮਧਾਰੀ ਪੰਥ ਦੇ ਵਿਦਵਾਨ ਜਥੇਦਾਰ ਗੁਰਦੀਪ ਸਿੰਘ ਜੀ ਨੇ ਵੀ ਮਨੋਹਰ ਕੀਰਤਨ ਕੀਤਾ ਅਤੇ ਸਭ ਨੂੰ ਸਿੱਖ-ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੀ ਯਾਤਰਾ ਕਰ ਸਭ ਨੂੰ ਸਿੱਧੇ ਰਸਤੇ ਪਾਇਆ ਅਤੇ ਪਾਪਾਂ ਦਾ ਖਾਤਮਾ ਕਰਨ ਲਈ ਸਾਰੀ ਲੁਕਾਈ ਨੂੰ ਪ੍ਰੇਮ-ਪਿਆਰ ਨਾਲ ਆਪਣੇ ਚਰਨਾਂ ਨਾਲ ਜੋੜ ਕੇ, ਸਿੱਖ ਪੰਥ ਦੀ ਨੀਂਹ ਰੱਖੀ। ਅਖੀਰ ਵਿੱਚ ਸਾਰੀ ਸੰਗਤ ਨੇ ਰੱਲ ਕੇ ਧੰਨ ਗੁਰੂ ਨਾਨਕ ਕਹਿੰਦੇ ਹੋਏ ਸ਼ਬਦ ਗਾਇਨ ਕੀਤਾ। ਇਸ ਪ੍ਰਕਾਰ  ਬਹੁਤ ਅਨੰਦਮਈ ਵਾਤਾਵਰਨ ਰਿਹਾ। ਵਿਸ਼ਵ ਨੌਜਵਾਨ ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਪਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਦੀ ਆਗਿਆ ਨਾਲ ਅਜਿਹੇ ਪ੍ਰੋਗਰਾਮ ਲਗਾਤਾਰ ਵੱਖ-ਵੱਖ ਥਾਵਾਂ ਤੇ ਲੜੀਵਾਰ ਚਲਣ ਦੀ ਯੋਜਨਾ ਹੈ ਅਤੇ ਸਾਰਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਅਤੇ ਗੁਰਬਾਣੀ ਨਾਲ ਜੋੜਨਾ ਹੈ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਸ ਮੌਕੇ ਮੰਦਿਰ ਦੇ ਪ੍ਰਧਾਨ ਅਜੈ ਕੁਮਾਰ ਖੁੱਲਰ, ਪੰਡਿਤ ਸ਼ਮਸ਼ੇਰ ਸਿੰਘ ਜੀ, ਪਲਵਿੰਦਰ ਸਿੰਘ, ਜਾਗੀਰ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਸਰਪੰਚ ਜੋਗਿੰਦਰ ਸਿੰਘ, ਰਘਬੀਰ ਸਿੰਘ ਪਟਵਾਰੀ, ਹਰਪਾਲ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸੰਗਤਾਂ ਵੀ ਹਾਜਰ ਸਨ। 
ਇਸ ਦੇ ਸਮਰਥਕਾਂ ਵੱਲੋਂ ਇਸਨੂੰ ਬੜੀ ਵੱਡੀ ਪ੍ਰਾਪਤੀ ਅਤੇ ਸਫਲਤਾ ਵੱਜੋਂ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ "ਗੁਰਦੁਆਰਿਆਂ ਵਿੱਚ ਹਿੰਦੂ ਮੰਤਰਾਂ ਦਾ ਜਾਪ" ਅਤੇ "ਮੂਰਤੀ ਸਥਾਪਨਾ" ਕਦੋਂ ਹੁੰਦੀ ਹੈ। 

Wednesday, October 31, 2018

ਰਾਸ਼ਟਰੀ ਏਕਤਾ ਦਿਵਸ ਮੌਕੇ 'ਰਨ ਫਾਰ ਯੂਨਿਟੀ' ਦਾ ਆਯੋਜਨ


ਸੈਂਕੜੇ ਸ਼ਹਿਰਵਾਸੀਆਂ ਨੇ ਲਿਆ ਦੌੜ ਵਿੱਚ ਹਿੱਸਾ
ਸਾਨੂੰ ਆਪਸੀ ਏਕਤਾ ਅਤੇ ਆਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਨਾ ਚਾਹੀਦਾ-ADCP ਸੁਰਿੰਦਰ ਲਾਂਬਾ

ਲੁਧਿਆਣਾ: 31 ਅਕਤੂਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਦੇਸ਼ ਦੀ ਅਜ਼ਾਦੀ, ਏਕਤਾ ਅਤੇ ਆਖੰਡਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਅੱਜ ਸਾਰੇ ਦੇਸ਼ ਵਿੱਚ 'ਰਾਸ਼ਟਰੀ ਏਕਤਾ ਦਿਵਸ' ਵਜੋਂ ਮਨਾਇਆ ਗਿਆ। ਇਸ ਸੰਬੰਧੀ ਸ਼ਹਿਰ ਵਿੱਚ ਇੱਕ ਦੌੜ 'ਰਨ ਫਾਰ ਯੂਨਿਟੀ' ਦਾ ਵੀ ਆਯੋਜਨ ਕੀਤਾ ਗਿਆ। ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੁਰਿੰਦਰ ਲਾਂਬਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਰੱਖੇ ਗਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਲਾਂਬਾ ਨੇ ਕਿਹਾ ਕਿ ਸਾਨੂੰ ਰਾਸ਼ਟਰ ਦੀ ਏਕਤਾ, ਆਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ਵਾਸੀਆਂ ਵਿੱਚ ਇਹ ਸੰਦੇਸ਼ ਫੈਲਾਉਣ ਦਾ ਵੀ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਸਰਦਾਰ ਵੱਲਭ ਭਾਈ ਪਟੇਲ ਦੀ ਸਖ਼ਸ਼ੀਅਤ ਅਤੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਦੇਸ਼ ਦੀ ਏਕਤਾ, ਇਕਸਾਰਤਾ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਤਾਕਤਾਂ ਨੂੰ ਠੱਲ ਪਾਉਣ ਲਈ ਯਤਨ ਕਰਨਾ ਚਾਹੀਦਾ ਹੈ।
ਸਟੇਡੀਅਮ ਤੋਂ ਸ਼ੁਰੂ ਹੋਈ 'ਰਨ ਫਾਰ ਯੂਨਿਟੀ' ਦੌੜ ਕਲੱਬ ਰੋਡ, ਫੁਹਾਰਾ ਚੌਕ, ਮਾਲ ਰੋਡ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਿਰ ਹੁੰਦੀ ਹੋਈ ਸਟੇਡੀਅਮ ਵਿਖੇ ਸਮਾਪਤ ਹੋਈ। ਜਿਸ ਵਿੱਚ 500 ਤੋਂ ਵਧੇਰੇ ਖ਼ਿਡਾਰੀਆਂ, ਬੱਚਿਆਂ ਅਤੇ ਸ਼ਹਿਰ ਵਾਸੀਆਂ ਨੇ ਭਾਗ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਸ੍ਰ. ਅਮਰਿੰਦਰ ਸਿੰਘ ਮੱਲ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਰਤਨ ਸਿੰਘ ਬਰਾੜ, ਜ਼ਿਲਾ ਖੇਡ ਅਫ਼ਸਰ ਸ੍ਰ. ਰਵਿੰਦਰ
ਸਿੰਘ, ਜ਼ਿਲਾ ਲੋਕ ਸੰਪਰਕ ਅਫਸਰ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ, ਸਾਈ ਕੇਂਦਰ ਤੋਂ ਸ੍ਰ. ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਤੇ ਆਮ ਲੋਕ ਹਾਜ਼ਰ ਸਨ।

ਸਤਿਗੁਰੂ ਰਾਮ ਸਿੰਘ ਜੀ ਦੇ ਜਨਮ ਉਤਸਵ ਮਨਾਉਣ ਲਈ ਖਿੱਚੀ ਗਈ ਲਕੀਰ

Oct 31, 2018, 5:28 PM
ਜਨਮ ਉਤਸਵ ਸਮਾਗਮ ਨਿਰਪੱਖ ਹੋ ਕੇ ਮਨਾਉਣ ਦੀ ਅਪੀਲ
ਨਵੀ ਦਿੱਲੀ: 31 ਅਕਤੂਬਰ 2018: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀਆਂ ਦੇ ਦੋ ਪ੍ਰਮੁੱਖ ਗੁਟਾਂ ਵਾਂਗ ਸੱਤਾ ਵੀ ਦੋ ਧੜਿਆਂ ਵਿੱਚ ਵੰਡੀ ਹੋਈ ਲੱਗਦੀ ਹੈ। ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਨਾਮਧਾਰੀਆਂ ਦਾ ਇੱਕ ਪ੍ਰਮੁਖ ਧੜਾ ਅੱਜ ਪ੍ਰਧਾਨਮੰਤਰੀ ਦਫਤਰ ਵਿਖੇ ਪਹੁੰਚਿਆ। ਜ਼ਿਕਰਯੋਗ ਹੈ ਕਿ ਨਾਮਧਾਰੀਆਂ ਦਾ ਇੱਕ ਧੜਾ ਸ੍ਰੀ ਭੈਣੀ ਸਾਹਿਬ ਵਿਖੇ ਸਥਿਤ ਹੈ ਜਿਸਦੀ ਅਗਵਾਈ ਠਾਕੁਰ ਉਦੈ ਸਿੰਘ ਕਰਦੇ ਹਨ।  ਦੂਸਰਾ ਧੜਾ ਸ੍ਰੀ ਜੀਵਨ ਨਗਰ ਸਿਰਸਾ ਤੋਂ ਆਪਣੀਆਂ ਸਰਗਰਮੀਆਂ ਚਲਾਉਂਦਾ ਹੈ ਅਤੇ ਇਸਦੀ ਅਗਵਾਈ ਠਾਕੁਰ ਦਲੀਪ  ਸਿੰਘ ਕਰਦੇ ਹਨ। ਪਣੀਆਂ ਸਰਗਰਮੀਆਂ ਚਲਾਉਂਦਾ ਹੈ ਜਿਸਦੀ ਅਗਵਾਈ ਠਾਕੁਰ ਦਲੀਪ ਸਿੰਘ ਕਰਦੇ ਹਨ ਜੋ ਕਿ ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਵੀ ਹਨ। ਨਾਮਧਾਰੀ ਕੂਕਾ ਅੰਦੋਲਨ ਦੇ ਮੁਖੀ ਸਤਿਗੁਰੂ ਰਾਮ ਸਿੰਘ ਜੀ ਦੇ 200ਵੇਂ ਜਨਮ ਉਤਸਵ ਸਬੰਧੀ ਸਰਕਾਰ ਨੇ ਵਿਸ਼ੇਸ਼ ਆਯੋਜਨ ਕਰਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਮਗਰੋਂ ਠਾਕੁਰ ਦਲੀਪ ਸਿੰਘ ਦੀ ਅਗਵਾਈ ਵਾਲੇ ਧੜੇ ਨੇ ਅੱਜ ਪਰਧਾਨ ਮੰਤਰੀ ਦਫਤਰ ਜਾ ਕੇ ਉਚੇਚਾ ਧੰਨਵਾਦ ਵੀ ਕੀਤਾ। ਇਸਦੇ ਨਾਲ ਹੀ ਬੇਨਤੀ ਵੀ ਕੀਤੀ ਕਿ ਨਾਮਧਾਰੀਆਂ ਦੇ ਵੱਡੇ ਅਤੇ ਸਹੀ ਧੜੇ ਨੂੰ ਨਾਲ ਲੈ ਕੇ ਹੀ ਇਹ ਪੁਰਬ ਮਨਾਇਆ ਜਾਵੇ ਨਾ ਕਿ ਦੂਜੇ ਧੜੇ ਨਾਲ। ਜ਼ਿਕਰਯੋਗ ਹੈ ਕਿ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਦੋਹਾਂ ਧੜਿਆਂ ਵਿਚਲੀ ਇਹ ਲਕੀਰ ਹੋਰ ਗੂਹੜੀ ਹੋ ਗਈ ਹੈ। ਅਜੇ ਤੱਕ ਇਸ ਕਤਲ ਲਈ ਜ਼ਿੰਮੇਵਾਰ ਅਨਸਰਾਂ ਨੂੰ ਬੇਨਕਾਬ ਨਹੀਂ ਕੀਤਾ ਜਾ ਸਕਿਆ। 
ਪਰਧਾਨਮੰਤਰੀ ਮੋਦੀ ਦੇ ਦਫਤਰ ਤੋਂ ਬਾਹਰ ਆਉਂਦਿਆਂ ਨਾਮਧਾਰੀ ਵਫਦ 
ਨਾਮਧਾਰੀ ਗੁਰਦੁਆਰਾ ਸਮਿਤੀ ਸ਼੍ਰੀ ਜੀਵਨ ਨਗਰ ਸਿਰਸਾ ਦਾ ਇੱਕ ਵਫਦ ਮੰਗਲਵਾਰ 31 ਅਕਤੂਬਰ ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਕੇਂਦਰ ਸਰਕਾਰ ਵੱਲੋਂ ਨਾਮਧਾਰੀ ਕੂਕਾ ਅੰਦੋਲਨ ਦੇ ਮੁਖੀ ਸਤਿਗੁਰੂ ਰਾਮ ਸਿੰਘ ਜੀ ਦੇ 200ਵੇਂ ਜਨਮ ਉਤਸਵ ਸਬੰਧੀ ਕਰਵਾਏ ਜਾ ਰਹੇ ਸਮਾਗਮ ਦੇ ਆਯੋਜਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨਾਲ ਹੀ ਇਹ ਵਫਦ ਪ੍ਰਧਾਨ ਮੰਤਰੀ ਜੀ ਨੂੰ ਨਾਮਧਾਰੀ ਪੰਥ ਸਬੰਧੀ ਸਪੱਸ਼ਟ ਕਰਦੇ ਹੋਏ ਇੱਕ ਮੈਮੋਰੈਂਡਮ ਦੇ ਕੇ ਨਾਮਧਾਰੀ ਸੰਪਰਦਾ ਦੀ ਸਹੀ ਧਿਰ ਨੂੰ ਹੀ ਨਾਲ ਲੈ ਕੇ ਇਹ ਆਯੋਜਨ ਕਰਨ ਦੀ ਬੇਨਤੀ ਕੀਤੀ। ਵਫਦ ਦੇ ਆਗੂ ਨਰਿੰਦਰ ਸਿੰਘ ਵਕੀਲ ਨੇ ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦਿੱਤੇ ਜਾਣ ਵਾਲੇ ਯਾਦ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਇਹ ਸਮਾਗਮ ਕਿੱਥੇ ਅਤੇ ਕਿਵੇਂ ਮਨਾਇਆ ਜਾਵੇ, ਇਸ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ ਇਹ ਸਮਾਗਮ ਆਰ.ਐਸ.ਐਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਸਤਿਗੁਰੂ ਦਲੀਪ ਸਿੰਘ ਨੂੰ ਮੰਨਣ ਵਾਲੇ ਨਾਮਧਾਰੀ ਪੰਥ ਨਾਲ ਮਿਲ ਕੇ ਮਨਾਇਆ ਜਾਣਾ ਹੈ ਜਾਂ ਫਿਰ ਕਾਂਗਰਸ ਸਮਰਥਕ ਅਤੇ ਮਾਤਾ-ਪਿਤਾ ਨੂੰ ਪੰਥ ਵਿੱਚੋਂ ਛੇਕਣ (ਕੱਢਣ) ਵਾਲੇ ਠਾਕੁਰ ਉਦੈ ਸਿੰਘ ਨੂੰ ਮੰਨਣ ਵਾਲੇ ਨਾਮਧਾਰੀ ਪੰਥ ਦੇ ਨਾਲ? ਕਿਉਂਕਿ 70 ਪ੍ਰਤੀਸ਼ਤ ਨਾਮਧਾਰੀ ਸੰਗਤ ਭੈਣੀ ਸਾਹਿਬ ਵਿਖੇ ਸਮਾਜ ਵਿਰੋਧੀ ਕਾਰਜ ਹੋਣ ਕਰਕੇ ਉੱਥੇ ਨਹੀਂ ਜਾਂਦੀ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਨਾਲ ਮਿਲਕੇ ਕੀਤੇ ਜਾਣ ਵਾਲੇ ਆਯੋਜਨ ਸਦਕਾ ਭਾਜਪਾ ਸਰਕਾਰ ਜਨ ਅਲੋਚਨਾ ਦਾ ਕੇਂਦਰ ਬਿੰਦੂ ਬਣੇ। ਵਫਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕੀਤੀ  ਕਿ ਸਤਿਗੁਰੂ ਰਾਮ ਸਿੰਘ ਜੀ ਦੇ 200ਵੇਂ ਜਨਮ ਉਤਸਵ ਦੇ ਸਮਾਗਮ ਭਾਜਪਾ ਦੀ ਕੇਂਦਰ ਸਰਕਾਰ ਅਧਰਮੀਆਂ ਨਾਲ ਨਹੀਂ ਧਰਮੀਆਂ ਨਾਲ ਮਿਲਕੇ ਮਨਾਵੇ ਤਾਂ ਜੋ ਸਮੁੱਚੀ ਨਾਮਧਾਰੀ ਸੰਗਤ ਇਸ ਸਮਾਗਮ ਵਿੱਚ ਭਾਗ ਲੈ ਸਕੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੂਬਾ ਭਗਤ ਸਿੰਘ, ਸੁੱਲਖਣ ਸਿੰਘ, ਸੁਖਦੇਵ ਸਿੰਘ, ਚਰਣਜੀਤ ਸਿੰਘ, ਅਰਵਿੰਦਰ ਸਿੰਘ (ਦਿਲ਼ੀ) ਗੁਰਮੀਤ ਸੱਗੂੁ ਵੀ ਸ਼ਾਮਿਲ ਸਨ।


ਸਿਲੰਡਰ ਧਮਾਕਾ ਘਟਨਾ ਦੇ ਪੀੜਤਾਂ ਨੂੰ ਬੀਮਾ ਰਾਸ਼ੀ ਦੇ ਚੈੱਕ ਪ੍ਰਦਾਨ

Oct 31, 2018, 4:21 PM
ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਹਰੇਕ ਪੀੜਤ ਨਾਲ ਖੜੀ ਹੈ-ਬਿੱਟੂ
*ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੰਡੇ ਚੈੱਕ
ਲੁਧਿਆਣਾ: 31 ਅਕਤੂਬਰ 2018:(ਐਮ ਐਸ ਭਾਟੀਆ// ਪੰਜਾਬ ਸਕਰੀਨ)::
ਅਪ੍ਰੈੱਲ ਮਹੀਨੇ ਸਥਾਨਕ ਸਮਰਾਟ ਕਲੋਨੀ (ਗਿਆਸਪੁਰਾ) ਵਿਖੇ ਵਾਪਰੀ ਗੈਸ ਸਿਲੰਡਰ ਧਮਾਕਾ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਅੱਜ ਬੀਮਾ ਸਹਾਇਤਾ ਰਾਸ਼ੀ ਦੀ ਵੰਡ ਕੀਤੀ ਗਈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸੌਂਪੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਘਟਨਾ ਵਿੱਚ ਕੁੱਲ 40 ਵਿਅਕਤੀ ਜਖ਼ਮੀ ਹੋਏ ਸਨ, ਜਿਹਨਾਂ ਵਿੱਚੋਂ 14 ਜਖ਼ਮੀਆਂ ਦੀ ਮੌਤ ਹੋ ਗਈ ਸੀ। ਜਦਕਿ ਇੱਕ ਹੋਰ ਵਿਅਕਤੀ ਦੀ ਜਾਇਦਾਦ ਨੂੰ ਨੁਕਸਾਨ ਹੋਇਆ ਸੀ। ਸਾਰੇ ਜ਼ਖ਼ਮੀਆਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਗਿਆ ਸੀ। ਇਸ ਮੌਕੇ ਭਾਵਪੂਰਨ ਸ਼ਬਦਾਂ ਨਾਲ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਗੈਸ ਕੰਪਨੀ ਵੱਲੋਂ ਬੀਮਾ ਮੁਆਵਜ਼ਾ ਦਿੱਤਾ ਗਿਆ ਹੈ।
ਉਹਨਾਂ ਇਸ ਘਟਨਾ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਭਵਿੱਖ ਵਿੱਚ ਵੀ ਹਮੇਸ਼ਾਂ ਉਹਨਾਂ ਦੇ ਨਾਲ ਖੜਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਗੋਗੀ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀ ਰਾਕੇਸ਼ ਭਾਸਕਰ ਅਤੇ ਸ੍ਰੀ ਰਾਜਿੰਦਰ ਬੇਰੀ, ਸੀਨੀਅਰ ਕਾਂਗਰਸੀ ਆਗੂ ਸ੍ਰੀ ਜਸਬੀਰ ਲਵਨ ਅਤੇ ਹੋਰ ਹਾਜ਼ਰ ਸਨ।

Sunday, October 14, 2018

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦਾ ਸਾਲਾਨਾ ਸਮਾਗਮ

ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਮਜੀਤ ਕੌਰ ਸਨ ਮੁੱਖ ਮਹਿਮਾਨ
ਮੰਡੀ ਗੋਬਿੰਦਗੜ: 14 ਅਕਤੂਬਰ 2018: (ਪਰੋਫੈਸਰ ਅੰਮ੍ਰਿਤਪਾਲ ਸਿੰਘ)::
ਪੰਜਾਬੀ ਲਿਖਾਰੀ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸਭਾ ਦੇ ਬਾਨੀ ਗੁਰਦਿੱਤ ਸਿੰਘ ਕੰਗ ਦੀ ਯਾਦ ਵਿੱਚ ਸਾਲਾਨਾ ਸਮਾਗਮ ਸਥਾਨਕ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੇ ਹਾਲ ਵਿੱਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਰਣਜੋਧ ਸਿੰਘ ਖਾਨਪੁਰੀ ਦੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤੀ ਗਈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਕੰਗ ਸਾਬਕਾ ਉਪ ਕੁਲਪਤੀ ਪੰਜਾਬ ਐਗਰੀਕਲਚਰ ਯਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਮਜੀਤ ਕੌਰ ਸਨ। ਇਸ ਮੌਕੇ ਡਾ. ਡਾ. ਐੱਸ. ਐੱਨ. ਸੇਵਕ ਨੂੰ ਚੌਥਾ ‘ਸ਼੍ਰੀ ਗੁਰਦਿੱਤ ਸਿੰਘ ਕੰਗ ਯਾਦਗਾਰੀ ਪੁਰਸਕਾਰ’, ਨਾਟਕਕਾਰ ਸਤਿੰਦਰ ਸਿੰਘ ਨੰਦਾ ਨੂੰ ‘ਮਾਤਾ ਪਰਮਿੰਦਰ ਕੌਰ ਪਲੇਠਾ ਪੁਰਸਕਾਰ’ ਅਤੇ ਸ਼ਾਇਰ ਬਲਬੀਰ ਜਲਾਲਾਬਾਦੀ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਪਰੋਕਤ ਸ਼ਖਸ਼ੀਅਤਾਂ ਬਾਰੇ ਪਰਚੇ ਪੜ੍ਹਣ ਮਗਰੋਂ ਉਨ੍ਹਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ।
        ਇਸ ਸਮੇਂ ਡਾ. ਅਰਵਿੰਦਰ ਕੌਰ ਕਾਕੜਾ, ਰਘਬੀਰ ਸਿੰਘ ਭਰਤ, ਆਲੋਚਕ ਅਤੇ ਲੇਖਕ ਸੁਰਿੰਦਰ ਰਾਮਪੁਰੀ ਨੇ ਸਨਮਾਨਿਤ ਸ਼ਖਸ਼ੀਅਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ. ਅਵਤਾਰ ਸਿੰਘ ਕੈਨੇਡਾ ਅਤੇ ਬਾਬੂ ਸਿੰਘ ਚੌਹਾਨ ਵੱਲੋਂ ਪ੍ਰਧਾਨਗੀ ਮੰਡਲ ਨੂੰ ਆਪਣੀਆਂ ਲਿਖੀਆਂ ਕਿਤਾਬਾਂ ਭੇਟ ਕੀਤੀਆਂ ਗਈਆਂ।
        ਇਸ ਮੌਕੇ ਕਵੀ ਦਰਬਾਰ ਵਿੱਚ ਰਾਮ ਸਿੰਘ ਅਲਬੇਲਾ, ਪਰਮਜੀਤ ਰਾਏ, ਨਰਿੰਦਰ ਮਣਕੂ, ਸ਼ਮੀਮ ਪਾਇਲਵੀ, ਦਲਜੀਤ ਸ਼ਰਮਾ, ਹਰਬੰਸ ਸਿੰਘ ਰਾਏ, ਕਮਲਜੀਤ ਮਾਂਗਟ, ਕੈਪਟਨ ਚਮਕੌਰ ਸਿੰਘ ਚਹਿਲ, ਉਪਕਾਰ ਸਿੰਘ ਦਿਆਲਪੁਰੀ, ਕੈਲਾਸ਼ ਅਮਲੋਹੀ, ਬਾਬੂ ਸਿੰਘ ਚੌਹਾਨ, ਸੁਰਿੰਦਰ ਰਾਮਪੁਰੀ, ਦੀਪ ਕੁਲਦੀਪ, ਡਾ. ਅਰਵਿੰਦਰ ਕੌਰ ਕਾਕੜਾ, ਜਗਜੀਤ ਸਿੰਘ ਗੁਰਮ, ਹਰਭਜਨ ਸਿੰਘ ਨਿਊਆਂ, ਰਣਜੋਧ ਸਿੰਘ ਖਾਨਪੁਰੀ, ਸਨੇਹਇੰਦਰ ਸਿੰਘ ਮੀਲੂ, ਡਾ. ਕੁਲਵਿੰਦਰ ਕੌਰ ਮਿਨਹਾਸ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
        ਕੁਲਦੀਪ ਚੱਢਾ, ਸੁਖਵਿੰਦਰ ਸਿੰਘ ਭਾਦਲਾ, ਰਵਿੰਦਰ ਸਿੰਘ ਸਵੈਚ, ਰਵਿੰਦਰ ਸਿੰਘ ਰੁਪਾਲ, ਮਨਦੀਪ ਡਡਿਆਣਾ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਨਰਿੰਦਰ ਭਾਟੀਆ, ਰਵਿੰਦਰ ਸਿੰਘ ਪਦਮ, ਕੁਲਵੀਰ ਕੌਰ, ਤੇਜਪਾਲ ਸਿੰਘ ਮਰਜਾਰਾ, ਰਾਜੀਵ ਰਤਨ, ਅੰਮ੍ਰਿਤਪਾਲ ਸਿੰਘ ਵੀ ਸਭਾ ਦੇ ਸਮਾਗਮ ਵਿੱਚ ਸ਼ਾਮੂਲੀਅਤ ਕੀਤੀ।
        ਸਭਾ ਵੱਲੋਂ ਉਚੇਚੇ ਤੌਰ ‘ਤੇ ਪੁੱਜੀਆਂ ਸ਼ਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਜਗਜੀਤ ਸਿੰਘ ਗੁਰਮ ਤੇ ਸਨੇਹਇੰਦਰ ਮੀਲੂ ਨੇ ਕੀਤਾ। ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਆਏ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।