Tuesday, April 16, 2024

ਚੰਡੀਗੜ੍ਹ ਪੰਜਾਬੀ ਮੰਚ ਦੀ ਭੁਖ ਹੜਤਾਲ ਵਾਲੇ ਧਰਨੇ ਨੂੰ ਮਿਲਿਆ ਸਿਆਸੀ ਹੁੰਗਾਰਾ

Tuesday 16th April 2024 at 19:39

4 ਸਿਆਸੀ ਪ੍ਰਤੀਨਿਧਾਂ ਵੱਲੋਂ ਪੰਜਾਬੀ ਦੇ ਹੱਕ ਵਿੱਚ "ਸਹਿਯੋਗ ਦਾ ਵਾਅਦਾ" 


ਚੰਡੀਗੜ੍ਹ
: 16 ਅਪ੍ਰੈਲ 2024: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਨੇ ਇਸ ਵਾਰ ਚੋਣਾਂ ਦੇ ਮੌਸਮ ਦਾ ਲਾਹਾ ਲੈਣ ਦੀ ਕੋਸ਼ਿਸ਼ ਵਿੱਚ ਇੱਕ ਧਰਨਾ ਵੀ ਲਾਇਆ ਅਤੇ ਭੁੱਖ ਹੜਤਾਲ ਵੀ ਕੀਤੀ। ਇਹ ਸਾਰਾ ਐਕਸ਼ਨ ਹਮੇਸ਼ਾਂ ਵਾਂਗ ਐਤਕੀਂ ਵੀ ਬਹੁਤ ਹੀ ਸ਼ਾਂਤਮਈ ਅਤੇ ਅਨੁਸ਼ਾਸਨ ਭਰਿਆ ਸੀ। ਸੈਕਟਰ 17 ਦੇ ਇਲਾਕੇ ਵਿੱਚ ਇੱਕ ਥਾਂ ਭੀੜ ਭੜੱਕੇ ਵਾਲੇ ਬ੍ਰਿਜ ਮਾਰਕੀਟ ਵੱਜੋਂ ਵੀ ਜਾਣੀ ਜਾਂਦੀ ਹੈ। ਇਸ ਥਾਂ ਧੁੱਪਾਂ ਅਤੇ ਹਵਾਵਾਂ ਬੜਾ ਖੁੱਲ੍ਹ ਕੇ ਸਾਥ ਦੇਂਦੀਆਂ ਹਨ। ਇਥੇ ਸਵੇਰੇ ਅੱਠ ਵਜੇ ਹੀ ਧਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਭੁੱਖ ਹੜਤਾਲ ਵੀ। ਮਾਂ ਬੋਲੀ ਪੰਜਾਬੀ ਨੂੰ ਯੂ.ਟੀ. ਚੰਡੀਗੜ੍ਹ ਵਿੱਚ ਮਾਣ ਸਨਮਾਨ ਦਿਵਾਉਣ ਦੀ ਮੰਗ 'ਤੇ ਜ਼ੋਰ ਦੇਣ ਲਈ ਪਹਿਲਾਂ ਵੀ ਅਜਿਹੇ ਐਕਸ਼ਨ ਇਸ ਸੰਗਠਨ ਵੱਲੋਂ ਕੀਤੇ ਜਾ ਚੁੱਕੇ ਹਨ। ਸਰਕਾਰ ਅਤੇ ਉਨ੍ਹਾਂ 'ਤੇ ਅਸਰ ਤਾਂ ਭਾਵੇਂ ਕਦੇ ਨਹੀਂ ਹੋਇਆ ਪਰ ਇਹਨਾਂ ਸਰਗਰਮੀਆਂ ਨੂੰ ਲਗਾਤਾਰ ਕਿਸੇ ਨ ਕਿਸੇ ਬਹਾਨੇ ਸੰਚਾਲਿਤ ਕਰਨ ਵਾਲੇ ਇੱਕ ਇਤਿਹਾਸ ਜ਼ਰੂਰੁ ਰਚ ਰਹੇ ਹਨ ਕਿ ਕੱਲ੍ਹ ਨੂੰ ਸੱਤਾ ਅਤੇ ਸਿਆਸਤ ਵਾਲੇ ਆਪਣੀਆਂ ਸਾਜ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਕਦੇ ਵੀ ਇਹ ਨਾ ਕਹਿਣ ਸਾਡੇ ਕੋਲ ਤਾਂ ਕਦੇ ਕਿਸੇ ਚੰਡੀਗੜ੍ਹ ਵਾਸੀ ਨੇ ਕੋਈ ਗੱਲ ਹੀ ਸਾਹਮਣੇ ਨਹੀਂ ਲਿਆਂਦੀ। ਚੰਡੀਗੜ੍ਹ ਪੰਜਾਬੀ ਮੰਚ ਬਾਰ ਬਾਰ ਇਹ ਇਤਿਹਾਸ ਰਚ ਰਿਹਾ ਹੈ ਕਿ ਅਸੀਂ ਬਾਰ ਬਾਰ ਇਸ ਸਾਜ਼ਿਸ਼ੀ ਬੇਇਨਸਾਫ਼ੀ ਦੇ ਖਿਲਾਫ ਆਵਾਜ਼ ਉਠਾਈ। 

ਅੱਜ ਵੀ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਧਰਨਾ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਦਾ ਐਕਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪਹੁੰਚ ਕੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਚੰਡੀਗੜ੍ਹ ਪੰਜਾਬੀ ਮੰਚ ਦੀ ਭੁਖ ਹੜਤਾਲ ਵਾਲੇ ਧਰਨੇ ਨੂੰ ਜਿਹੜਾ ਸਿਆਸੀ ਹੁੰਗਾਰਾ ਅੱਜ ਮਿਲਿਆ ਉਸਦੀ ਅਹਿਮੀਅਤ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਗੀ। 

ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੋਕ ਸਭਾ ਚੋਣਾਂ ਵਿੱਚ ਮੁੱਦਾ ਬਣਾਉਣ ਦੇ ਲਈ ਅੱਜ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਸੈਕਟਰ 17 ਵਿਖੇ ਪੁਲ਼ ਹੇਠਾਂ ਧਰਨਾ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਕੀਤੀ ਗਈ। ਧਰਨੇ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਤਰਕਸ਼ੀਲ ਸੋਸਾਇਟੀ ਸਮੇਤ ਲੇਖਕ ਸਭਾਵਾਂ ਅਤੇ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਰੱਖੀ।

ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਗੁਰਪ੍ਰੀਤ ਸਿੰਘ ਸੋਮਲ ਅਤੇ ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ, ਆਮ ਆਦਮੀ ਪਾਰਟੀ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਢਿਲੋਡ, ਭਾਰਤੀ ਜਨਤਾ ਪਾਰਟੀ ਤੋਂ ਬੁਲਾਰੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਪੰਜਾਬੀ ਭਾਸ਼ਾ ਪ੍ਰਤੀ ਆਪੋ ਆਪਣੀਆਂ ਪਾਰਟੀਆਂ ਦੇ ਏਜੰਡੇ ਪੇਸ਼ ਕੀਤੇ।

ਮੰਚ ਦੇ ਅਹੁਦੇਦਾਰਾਂ ਨੇ ਆਪੋ ਆਪਣੇ ਸੰਬੋਧਨਾਂ ਵਿੱਚ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਮੰਗ ਹੈ ਕਿ ਉਹ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਗੱਲ ਸ਼ਾਮਿਲ ਕਰਨ ਕਿ ਚੋਣ ਜਿੱਤਣ ਉਪਰੰਤ ਉਨ੍ਹਾਂ ਦੀ ਪਾਰਟੀ ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣਗੇ ਅਤੇ ਪੰਜਾਬੀ ਭਾਸ਼ਾ ਦੇ ਇਸ ਮੁੱਦੇ ਨੂੰ ਸੰਸਦ ਵਿੱਚ ਰੱਖਣਗੇ।

ਉਕਤ ਮੰਗ ਮੁਤਾਬਕ ਭਾਵੇਂ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਭਾਸ਼ਾ ਪ੍ਰਤੀ ਆਪਣੀ ਸੁਹਿਰਦਤਾ ਦਿਖਾਉਣ ਦੇ ਭਰੋਸੇ ਦਿੱਤੇ ਪ੍ਰੰਤੂ ਮੰਚ ਦੀ ਅਸਲ ਮੰਗ ਮੁਤਾਬਕ ਸਿਰਫ਼ ਅਕਾਲੀ ਦਲ ਪ੍ਰਧਾਨ ਹਰਦੀਪ ਬੁਟੇਰਲਾ ਨੇ ਪੰਜਾਬੀ ਭਾਸ਼ਾ ਦਾ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ।

ਅੱਜ ਦੇ ਧਰਨੇ ਵਿੱਚ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਸਿਰੀ ਰਾਮ ਅਰਸ਼, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਤੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪੱਤਰਕਾਰ ਤਰਲੋਚਨ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਡਾ. ਸੁਖਦੇਵ ਸਿੰਘ ਸਿਰਸਾ, ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਗੁਰਪ੍ਰੀਤ ਸਿੰਘ ਬਡਹੇੜੀ, ਅਵਤਾਰ ਸਿੰਘ ਮਨੀਮਾਜਰਾ, ਗੁਰਨਾਮ ਸਿੰਘ ਸਿੱਧੂ, ਸੀ.ਟੀ.ਯੂ. ਰਿਟਾਇਰਡ ਵਰਕਰਜ਼ ਯੂਨੀਅਨ ਤੋਂ ਰਣਜੀਤ ਸਿੰਘ ਹੰਸ, ਭੁਪਿੰਦਰ ਸਿੰਘ, ਕਾਮਰੇਡ ਰਾਜ ਕੁਮਾਰ, ਪ੍ਰਲਾਦ ਸਿੰਘ, ਗੁਰਦੁਆਰਾ ਸੰਗਠਨ ਤੋਂ ਤਾਰਾ ਸਿੰਘ, ਮਲਕੀਤ ਸਿੰਘ ਨਾਗਰਾ ਆਦਿ ਵੀ ਹਾਜ਼ਰ ਸਨ।

ਨਿਸਚਿਤ ਸਮਾਂ ਸੀਮਾ ਚਾਰ ਵਜੇ ਸ਼ਾਮ ਦੀ ਸੀ ਪਰ ਪੰਜਾਬੀ ਸੰਗਤਾਂ ਤਾਂ ਪਹਿਲਾਂ ਹੀ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਇਥੇ ਪੁੱਜੇ ਲੀਡਰ ਵੀ ਆਪੋ ਆਪਣਾ ਭਾਸ਼ਣ ਦੇਂਦੇ ਅਤੇ ਤੁਰਦੇ ਬਣਦੇ ਰਹੇ। 

ਮੰਚ ਨੇ ਖੁਦ ਤਾਂ ਪਾਣੀ ਤੋਂ ਬਿਨਾ ਕੋਈ ਪ੍ਰਬੰਧ ਕੀਤਾ ਹੀ ਨਹੀਂ ਸੀ ਪਰ ਸਿਆਸੀ ਧਿਰਾਂ ਨਾਲ ਜੁੜੇ ਆਗੂਆਂ ਨੇ ਵੀ ਸਵੇਰ ਤੋਂ ਭੁੱਖ ਹੜਤਾਲ 'ਤੇ ਬੈਠੇ ਇਹਨਾਂ ਸਾਰੇ ਬੁਧੀਜੀਵੀਆਂ ਦਾ ਇਹ ਵਰਤ ਖੁਲਵਾਉਣ ਲਈ ਜੂਸ ਪਿਆਉਣ ਵਰਗਾ ਕੋਈ ਰਸਮੀ ਉਪਰਾਲਾ ਵੀ ਨਹੀਂ ਸੀ ਕੀਤਾ ਜਦਕਿ ਇਹ ਕੋਸ਼ਿਸ਼ ਸਭਨਾਂ ਸਿਆਸੀ ਆਗੂਆਂ ਵਲੂੰ ਸਾਂਝੇ ਤੌਰ ਤੇ ਕਰਨੀ ਬਣਦੀ ਸੀ। 

ਕਾਮਰੇਡ ਰਾਜਕੁਮਾਰ ਨੇ ਧਰਨੇ ਵਿੱਚ ਸ਼ਾਮਿਲ ਕੁਝ ਸਾਥੀਆਂ ਨੂੰ ਇਸ ਭੁੱਖ ਹੜਤਾਲ ਮਗਰੋਂ ਬਿਸਕੁਟਾਂ ਦੇ ਨਾਲ ਬਹੁਤ ਹੀ ਸੁਆਦ ਚਾਹ ਵੀ ਪਿਆਈ ਅਤੇ ਇਸ ਸਾਰੇ ਐਕਸ਼ਨ ਬਾਰੇ ਪੜਚੋਲ ਵੀ ਕੀਤੀ। ਰਹਿ ਗਈਆਂ ਕਮੀਆਂ ਨੂੰ ਵੀ ਪੂਰੀ ਨਿਰਪੱਖਤਾ ਨਾਲ ਵਿਚਾਰਿਆ ਗਿਆ। ਹੁਣ ਦੇਖਣਾ ਹੈ ਕਿ ਸਿਆਸੀ ਲੋਕ ਇਥੇ ਕੀਤੀ ਵਾਅਦਿਆਂ ਨੂੰ ਨਿਭਾਉਣ ਲਈ ਕਿੰਨੇ ਕੁ ਸੁਹਿਰਦ ਸਾਬਿਤ ਹੁੰਦੇ ਹਨ। 

No comments: