Saturday, August 19, 2023

ਪੰਜਾਬੀ ਵਿੱਚ ਅੰਗਰੇਜ਼ੀ ਅਤੇ ਹਿੰਦੀ ਸ਼ਬਦ ਵਰਤਣ ਪਿੱਛੇ ਕੀ ਕੋਈ ਮਜਬੂਰੀ ਹੈ?

ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਦੱਸਦੀ ਹੈ ਪੰਜਾਬੀ ਸ਼ਬਦਾਂ ਦਾ ਭੰਡਾਰਾ 

ਚੰਡੀਗੜ੍ਹ//ਮੋਹਾਲੀ: 18 ਅਗਸਤ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::

ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਵਿੱਚ ਕਾਮਰੇਡ ਜਗਜੀਤ ਸਿੰਘ ਆਨੰਦ ਹੁਰੀਂ ਖੁਦ ਨਿਊਜ਼ ਰੂਮ ਵਿੱਚ ਉਚੇਚੀ ਫੇਰੀ ਮਾਰ ਕੇ ਦੱਸਿਆ ਕਰਦੇ ਸਨ ਕਿ ਅੱਜ ਕਿਹੜੀ ਖਬਰ ਵਿਚ ਸਪੈਲਿੰਗ ਦੀ ਗਲਤੀ ਰਹੀ ਅਤੇ ਕਿਥੇ ਕਿੱਥੇ  ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਹੋਈ। ਕਾਮਰੇਡ ਆਨੰਦ ਹੁਰਾਂ ਵਾਲੀ ਇਹੀ ਜ਼ਿੰਮੇਦਾਰੀ ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਕਾਮਰੇਡ ਸੁਰਜਨ ਸਿੰਘ ਜ਼ੀਰਵੀ ਵੀ ਨਿਭਾਇਆ ਕਰਦੇ ਸਨ। ਇਸੇ ਤਰ੍ਹਾਂ ਛੋਟੀ ਉਮਰੇ ਕਿਸੇ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਗਏ ਸਰਗਰਮ ਪੱਤਰਕਾਰ ਬਲਜੀਤ ਪੰਨੂੰ ਵੀ ਇਸ ਪਾਸੇ ਪੂਰੀ ਤਰ੍ਹਾਂ ਨਜ਼ਰ ਰੱਖਦੇ ਸਨ। ਇੱਕ ਹੋਰ ਕਾਮਰੇਡ ਪੱਤਰਕਾਰ ਜੋ ਅੱਜਕਲ੍ਹ ਅੰਗਰੇਜ਼ੀ ਮੀਡੀਆ ਨਾਲ ਸਬੰਧਤ ਹੈ ਅਰਥਾਤ ਦਿਲਬਾਗ ਸਿੰਘ ਬਾਗਾ ਵੀ ਇਸ ਮਾਮਲੇ ਵਿੱਚ ਬਹੁਤ ਸੁਚੇਤ ਰਹਿੰਦਾ। ਉਹ ਇਸ ਮਾਮਲੇ ਵਿੱਚ ਕਈ ਵਾਰ ਕਿਸੇ ਕਮਾਂਡੋ ਵਰਗਾ ਹੀ ਜਾਪਦਾ ਸੀ। ਪੰਜਾਬੀ ਦੇ ਮਾਮਲੇ ਤੇ ਕੋਈ ਵੀ ਵਧੀਕੀ ਜਾਂ ਕੋਈ ਗੰਭੀਰ ਗਲਤੀ ਜਿਵੇਂ ਉਸਦੀ ਆਤਮਾ ਨੂੰ ਲੂਹ ਦੇਂਦੀ ਹੋਵੇ।  

ਇੱਕ ਵਾਰ ਉਸਨੇ ਬਿਜਲੀ ਬੋਰਡ ਦੇ ਸਰਕਾਰੀ ਪ੍ਰੈਸ ਨੋਟ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਪੰਜਾਬ ਵਿਚ ਹੋਣ ਦੇ ਬਾਵਜੂਦ ਪੰਜਾਬੀ ਵਿਚ ਕਿਓਂ ਨਹੀਂ ਆਇਆ। ਇਸੇ ਤਰ੍ਹਾਂ ਅੱਜ ਦੇ ਸਰਗਰਮ ਪੱਤਰਕਾਰ ਅਤੇ ਫ਼ਿਲਮਸਾਜ਼ ਸਤਨਾਮ ਚਾਨਾ ਵੀ ਜਦੋਂ ਜਦੋਂ ਵੀ ਨਵਾਂ ਜ਼ਮਾਨਾ ਡੈਸਕ ਦੇ ਨੇੜੇ ਤੇੜੇ ਹੁੰਦੇ ਤਾਂ ਉਹ ਅੰਗਰੇਜ਼ੀ ਅਤੇ ਹਿੰਦੀ ਦੇ ਬਦਲਵੇਂ ਪੰਜਾਬੀ ਸ਼ਬਦਾਂ ਦਾ ਸੁਝਾਅ ਦੇ ਕੇ ਸਾਡੇ ਸਭਨਾਂ ਦੇ ਸ਼ਬਦ ਭੰਡਾਰਾਂ ਨੂੰ ਅਮੀਰ ਬਣਾਉਂਦੇ। 

ਇਸੇ ਤਰ੍ਹਾਂ ਵਰਿਆਮ ਨਾਮ ਦਾ ਪਰਚਾ ਕੱਢਣ ਵਾਲੇ ਨਾਮਧਾਰੀ ਆਗੂ ਜਗਦੀਸ਼ ਸਿੰਘ ਵਰਿਆਮ ਜਦੋਂ ਵੀ ਸ਼ਾਮ ਨੰ ਆਉਂਦੇ ਤਾਂ ਸਮੋਸਿਆਂ ਅਤੇ ਜਲੇਬੀਆਂ ਦਾ ਆਰਡਰ ਵੀ ਦੇਂਦੇ ਅਤੇ ਸਾਨੂੰ ਪੰਜਾਬੀ ਦੇ ਨਵੇਂ ਸ਼ਬਦਾਂ ਤੋਂ ਵੀ ਜਾਣੂੰ ਕਰਾਉਂਦੇ। ਦੂਜੇ ਪਾਸੇ ਲਖਵਿੰਦਰ ਜੌਹਲ ਅਤੇ ਉਹਨਾਂ ਦਾ ਭਰਾ ਦੇਵਿੰਦਰ ਜੌਹਲ ਕਈ ਵਾਰ ਜੁਆਬੀ ਚੁਣੌਤੀਆਂ ਵੀ ਦੇਂਦੇ  ਕਿ ਅਨੁਭੂਤੀ ਕੀ ਅਭਿਵਿਅਕਤੀ ਨੂੰ ਫਿਰ ਪੰਜਾਬੀ ਵਿਚ ਕੀ ਲਿਖਾਂਗੇ? ਇਸੇ ਤਰ੍ਹਾਂ ਉਰਦੂ ਅਤੇ ਅੰਗਰੇਜ਼ੀ ਦੇ ਕਈ ਸ਼ਬਦ ਵਿਚ ਏਨੇ ਮੌਲਿਕ ਹੁੰਦੇ ਹਨ ਕਿ ਉਹਨਾਂ ਨੂੰ ਅਨੁਵਾਦ ਕਰਨ ਦਾ ਮਨ ਹੀ ਨਹੀਂ ਕਰਦਾ। ਇਹ ਸਭ ਕੁਝ ਸਾਡੀ ਦਿਮਾਗੀ ਕਸਰਤ ਵੀ ਕਰਾਉਂਦਾ ਸੀ। ਪੈਂਟ ਨੂੰ ਪਤਲੂਨ ਲਿਖਦਿਆਂ ਜਾਂ ਫਿਰ ਬਟਨਾਂ ਨੂੰ ਬੀੜੇ ਲਿਖਦਿਆਂ ਵੀ ਅਜੀਬ ਜਿਹਾ ਹੀ ਲੱਗਦਾ। ਟਰੇਨ ਨੂੰ ਹਿੰਦੀ ਵਿੱਚ ਲੋਹ ਪਥ  ਗਾਮਿਨੀ ਲਿਖਦਿਆਂ ਵੀ ਅਜਿਹਾ ਮਹਿਸੂਸ ਹੋਇਆ ਕਰਦਾ। ਲੁਧਿਆਣਾ ਦੇ ਉਘੇ ਵਕੀਲ ਗੁਰਿੰਦਰ ਸੂਦ ਬੜੇ ਖੂਬਸੂਰਤ ਅੰਦਾਜ਼ ਨਾਲ ਦੱਸਿਆ ਕਰਦੇ ਕਿ ਰੇਲਵੇ ਸਟੇਸ਼ਨ ਨੂੰ ਹਿੰਦੀ ਵਿੱਚ ਲੋਹ ਪਥ  ਗਾਮਿਨੀ ਆਵਣ ਜਾਵਣ ਕਿਹਾ ਜਾਂਦਾ ਹੈ। 

ਜਲੰਧਰ ਤੋਂ ਛਪਦੇ ਹਿੰਦੀ ਅਖਬਾਰਾਂ-ਹਿੰਦੀ ਮਿਲਾਪ, ਵੀਰ ਪ੍ਰਤਾਪ ਅਤੇ ਪੰਜਾਬ ਕੇਸਰੀ ਵਿਚ ਜਦੋਂ ਜਦੋਂ ਵੀ ਆਉਣਾ ਜਾਣਾ ਹੁੰਦਾ ਤਾਂ ਉਥੋਂ ਦੇ ਸੰਚਾਲਕ ਬੜੀ ਸ਼ੁੱਧ ਪੰਜਾਬੀ ਬੋਲਦੇ ਸਨ। ਪੱਤਰਕਾਰਾਂ ਦੀ ਟਰੇਡ ਯੂਨੀਅਨ ਦੇ ਆਗੂ ਜਦੋਂ ਮੀਟਿੰਗਾਂ ਵਿੱਚ ਪੰਜਾਬ ਤੋਂ ਚੰਡੀਗੜ੍ਹ ਗਏ ਪੱਤਰਕਾਰਾਂ ਨੂੰ ਹਿੰਦੀ ਬੋਲਦਿਆਂ ਦੇਖਦੇ ਤਾਂ ਉਹ ਨਾਰਾਜ਼ ਵੀ ਹੁੰਦੇ ਅਤੇ ਅਕਸਰ ਆਖਦੇ ਕਿ ਤੁਹਾਨੂੰ ਪੰਜਾਬੀ ਬੜੀ ਚੰਗੀ ਤਰ੍ਹਾਂ ਆਉਂਦੀ ਹੈ ਤੁਸੀਂ ਹਿੰਦੀ ਕਿਓਂ ਬੋਲਦੇ ਹੋ? ਤੁਸੀਂ ਪੰਜਾਬੀ ਬੋਲਿਆ ਕਰੋ। ਇਹੀ ਤਰ੍ਹਾਂ ਜਨੱਸਤਾ ਨਾਮ ਦੀ ਪ੍ਰਸਿੱਧ ਹਿੰਦੀ ਅਖਬਾਰ ਦੇ ਸੰਪਾਦਕ ਜਤਿੰਦਰ ਬਜਾਜ ਅਸਾਡੇ ਸਭਨਾਂ ਨਾਲ ਅਕਸਰ ਪੰਜਾਬੀ ਹੀ ਬੋਲਦੇ। ਜਿਹਨਾਂ ਜਿਹਨਾਂ ਤੋਂ ਵੀ ਸਾਡੇ ਆਮ ਲੋਕ ਹਿੰਦੀ ਦਾ ਪ੍ਰਭਾਵ ਕਬੂਲ ਕਰਦੇ ਸਨ ਉਹ ਸਾਰੇ ਪੰਜਾਬੀ ਨੂੰ ਪਿਆਰ ਕਰਦੇ ਸਨ ਅਤੇ ਪੰਜਾਬੀ ਬੋਲਣ ਵਿਚ ਬੜੇ ਨਿਪੁੰਨ ਵੀ ਸਨ। 

ਖੈਰ  ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਉਵੇਂ ਉਵੇਂ ਜ਼ੁਬਾਨਾਂ, ਬੋਲੀਆਂ ਅਤੇ ਭਾਸ਼ਾਵਾਂ  ਨਾਲ ਇਸ ਸ਼ੁੱਧ ਪ੍ਰੇਮ ਦੀਆਂ ਇਹ ਗੱਲਾਂ ਸੁਪਨਾ ਬਣਦੀਆਂ ਚਲੀਆਂ ਗਈਆਂ। ਹੋਲੀ ਹੋਲੀ ਆਵਾ ਹੀ ਊਤ ਗਿਆ। ਹੁਣ ਬਹੁਤੀਆਂ ਪੰਜਾਬੀ ਅਖਬਾਰਾਂ ਵਿੱਚ ਹਿੰਦੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਆਮ ਹੋ ਗਈ ਹੈ। ਕਦੇ ਕਦਾਈਂ ਕੋਈ ਚਿੰਤਾ ਵੀ ਪ੍ਰਗਟ ਕਰਦਾ ਹੈ ਤਾਂ ਉਹ ਰਸਮੀ ਜਿਹੇ ਅਖਬਾਰੀ ਬਿਆਨ ਵਰਗੀ ਹੁੰਦੀ ਹੈ। 

ਹੁਣ ਇਸ ਵਿਸ਼ੇ ਨਾਲ ਸਬੰਧਤ ਇੱਕ ਨਵਾਂ ਬਿਆਨ ਮਿਲਿਆ ਹੈ ਜਿਹੜਾ ਅੰਤਰਰਾਸ਼ਟਰੀ ਸਿੱਖ ਫੈਡਰੇਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇੱਕ ਦਰਦ ਦਾ ਅਹਿਸਾਸ ਕਰਾਉਂਦਿਆਂ ਸਪਸ਼ਟ ਲਿਖਿਆ ਗਿਆ ਹੈ ਕਿ ਪੰਜਾਬੀ ਭਾਸ਼ਾ ਦੀਆਂ ਖ਼ਬਰਾਂ ਵਿਚ ਪੰਜਾਬੀ ਲਫਜ਼ਾਂ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ। 

ਇਸ ਬਿਆਨ ਵਿੱਚ ਇਹ ਵੀ ਯਾਦ ਕਰਾਇਆ ਗਿਆ ਹੈ ਕਿ ਪੰਜਾਬੀ ਭਾਸ਼ਾ ਭਾਰਤ ਦੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿਚੋਂ ਇਕ ਹੈ। ਅਤੇ, ਸਰਕਾਰਾਂ ਵੀ ਸਥਾਨਕ ਭਾਸ਼ਾਵਾਂ ਨੂੰ ਬਹੁਤ ਤਰਜੀਹ ਦਿੰਦੀਆਂ ਹਨ।

ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਗਿਆ ਗਿਆ ਹੈ ਕਿ ਆਪ ਜੀ ਦਾ ਚੈਨਲ (Channel) ਵੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਵਿੱਚ ਖਬਰਾਂ ਪਹੁੰਚਾ ਕੇ, ਸਹਿਜੇ ਹੀ ਪੰਜਾਬੀ ਪ੍ਰਤੀ ਬਹੁਤ ਅਹਿਮ ਸੇਵਾ ਨਿਭਾ ਰਿਹਾ ਹੈ। ਪਰੰਤੂ, ਇਹ ਦੇਖਣ ਵਿੱਚ ਆਇਆ ਹੈ ਕਿ, ਜਾਣੇ-ਅਣਜਾਣੇ ਵਿੱਚ, ਪੰਜਾਬੀ ਖ਼ਬਰਾਂ ਦੌਰਾਨ ਅੰਗਰੇਜ਼ੀ ਦੇ ਸ਼ਬਦ, ਬਿਨਾਂ ਤਰਜਮੇ ਦੇ, ਗੁਰਮੁਖੀ ਲਿੱਪੀ ਵਿਚ ਹੀ ਹੂ-ਬ-ਹੂ ਲਿਖ ਦਿੱਤੇ ਜਾਂਦੇਂ ਹਨ। ਪਰੰਤੂ ਇਹ ਤਰੀਕਾ ਪੰਜਾਬੀ ਭਾਸ਼ਾ ਦੇ ਪ੍ਰਸਾਰ ਪ੍ਰਤੀ ਘਾਤਕ ਸਾਬਤ ਹੋ ਰਿਹਾ ਹੈ। ਮਿਸਾਲ ਦੇ ਤੌਰ ਤੇ ਪਿਛਲੇ ਦਿਨੀਂ ਵਰਤੇ ਸ਼ਬਦਾਂ ਵਿਚੋਂ ਕੁੱਝ ਸ਼ਬਦ ਹੇਠਾਂ ਦਿੱਤੇ ਹਨ, ਅਤੇ ਨਾਲ ਹੀ ਉਹਨਾਂ ਨੂੰ Roman (ਰੋਮਨ) ਲਿਪੀ ਵਿੱਚ, ਅਤੇ ਉਹਨਾਂ ਦੇ ਪੰਜਾਬੀ ਬਦਲ ਵੀ ਦਿੱਤੇ ਹਨ। ਇਹ ਸਾਰੇ ਸੁਝਾਅ ਬਹੁਤ ਹੀ ਜ਼ਬਰਦਸਤ ਹਨ। 

- ਰੈਜ਼ੀਡੈਂਸ਼ੀਅਲ (Residential/ ਰਿਹਾਇਸ਼ੀ)

- ਫੂਡ ਪੌਇਜ਼ਨਿੰਗ (Food Poisoning/ ਖੁਰਾਕੀ ਜ਼ਹਿਰਬਾਦ)

- ਪੁਲੀਸ ਕਸਟਡੀ (Police Custody/ ਪੁਲਿਸ ਹਿਰਾਸਤ)

- ਨਾਨ ਟੀਚਿੰਗ ਸਟਾਫ (Non-Teaching Staff/ ਗੈਰ-ਅਧਿਆਪਕੀ ਅਮਲਾ)

- ਵਾਇਸ ਸੈਂਪਲ (Voice Sample/ ਆਵਾਜ਼-ਨਮੂਨਾ)

- ਡਿਪਲੋਮੈਟ (Diplomat/ ਰਾਜਦੂਤ, ਨੀਤੀਵਾਨ)

- ਸਸਪੈਂਡ (Suspend/ ਮੁਅੱਤਲ ਕਰਨਾ, ਲਟਕਾਉਣਾ)

- ਰੈਸਲਰਾਂ (Wrestlers/ ਪਹਿਲਵਾਨਾਂ)

- ਸ਼ੂਟਿੰਗ ਰੇਂਜ (Shooting Range: ਚਾਂਦਮਾਰੀ-ਮੈਦਾਨ)

- ਇੰਨਵੈਸਟੀਗੇਟ (Investigate/ ਤਫ਼ਤੀਸ਼ ਕਰਨੀ, ਜਾਂਚ-ਪੜਤਾਲ ਕਰਨੀ, ਤਹਿਕੀਕਾਤ)

- ਬ੍ਰੇਨਵਾਸ਼ (Brainwash/ ਮੱਤ-ਉਲਟਾਉ, ਮਗਜ਼-ਸਫ਼ਾਇਆ)

- ਜੁਡੀਸ਼ੀਅਲ ਰਿਮਾਂਡ (Judicial Remand/ ਨਿਆਇਕ ਸਪੁਰਦਗੀ)

- ਪੇ ਸਕੇਲ (Pay Scale: ਵੇਤਨਮਾਨ)

- ਬ੍ਰੇਕਿੰਗ ਨਿਊਜ਼ (Breaking News/ ਕੜਕੀਲੀ ਖ਼ਬਰ)

- ਮੌਨੀਟਰਿੰਗ (Monitoring/ ਚੌਕਸੀ, ਨਿਗਰਾਨੀ, ਖ਼ਬਰ ਰੱਖਣੀ)

- ਡੀਰਿਜਸਟਰ (Deregister/ ਸੂਚੀ ਵਿੱਚੋਂ ਕੱਢਣਾ, ਇੰਦਰਾਜ਼ ਕੱਟਣਾ)

- ਪੋਸਟਰ (Poster/  ਇਸ਼ਤਿਹਾਰ, ਇਤਲਾਹਨਾਮਾ)

- ਫਾਇਰਿੰਗ (Firing/ ਗੋਲੀਬਾਰੀ, ਬੰਬਾਰੀ)

- ਐਕਸ਼ਨ (Action/ ਕਾਰਜ, ਅਮਲ, ਕਾਰਵਾਈ)

- ਸੈਸ (Cess/ ਸਥਾਨਕ ਕਰ)

- ਹਾਈਡਰੋ ਪਾਵਰ (Hydro Power/ ਜਲ-ਸ਼ਕਤੀ, ਤਰਲ ਸ਼ਕਤੀ)

- ਲਿੰਕ (Link/ ਸੰਪਰਕ, ਸੰਬੰਧ, ਸਾਂਝੀ ਕੜੀ)

- ਏਅਰਪੋਰਟ (Airport/ ਹਵਾਈ ਅੱਡਾ)

- ਲਿਫਟਿੰਗ (Lifting/ ਚੱਕਣਾ)

- ਟ੍ਰੈਕਿੰਗ (Tracking/ ਖੁਰਾ ਨੱਪਣਾ, ਖਬਰ ਰੱਖਣੀ)

- ਚਾਰਜਸ਼ੀਟ (Charge Sheet/ ਦੋਸ਼-ਪੱਤਰ, ਫਰਦ ਜੁਰਮ)

- ਸ਼ੈਡਿਊਲ (Schedule/ ਸਮਾਂ-ਸੂਚੀ, ਸਾਰਨੀ, ਕਾਰਜ-ਕ੍ਰਮ), ਆਦਿ॥

- ਜ਼ੀਰੋ ਟਾਲਰੈਂਸ (Zero Tolerance/ ਸ਼ੂਨਯ-ਸਹਿਨਸ਼ੀਲਤਾ/ ਬਰਦਾਸ਼ਤ ਦੀ ਅਣਹੋਂਦ) 

- ਸਪਲੀਮੈਂਟਰੀ (Supplementary/ ਸਮਪੂਰਕ, ਜ਼ਮੀਮੀ, ਉਪ-ਪੂਰਕ, ਜਿਮਨੀ)

ਦੋਂਨੋਂ ਭਾਸ਼ਾਵਾਂ ਦੇ ਜਾਣੂ ਨੂੰ ਵੀ ਕਾਫ਼ੀ ਸਮਾਂ ਲਗਦਾ ਹੈ ਇਹੋ ਜਿਹੇ ਸ਼ਬਦਾਂ ਨੂੰ ਪੜ੍ਹਨ ਅਤੇ ਸਮਝਣ ਵਿੱਚ। ਜ਼ਾਹਿਰ ਹੈ ਕਿ ਪੰਜਾਬ ਦਾ ਉਹ ਬਹੁਤ ਵੱਡਾ ਤਬਕਾ, ਜੋ ਅੰਗਰੇਜ਼ੀ ਨਹੀਂ ਜਾਣਦਾ, ਉਹ ਇਹਨਾਂ ਸ਼ਬਦਾਂ ਦੇ ਅਰਥ ਨਹੀਂ ਸਮਝ ਸਕਦਾ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਗਰਿਕਾਂ ਨਾਲ ਕਿੰਨੀ ਬੇਇਨਸਾਫ਼ੀ ਹੋ ਰਹੀ ਹੈ, ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਵਿਚ ਕਿੰਨਾਂ ਵਿਘਣ ਪੈ ਰਿਹਾ ਹੈ। ਇਸ ਤਰਜ਼ ਦੇ ਚਲਦਿਆਂ, ਪੰਜਾਬੀ ਭਾਸ਼ਾ ਦੇ ਅੱਖਰ ਹੌਲੇ-ਹੌਲੇ ਅਲੋਪ ਹੋ ਜਾਣਗੇ, ਅਤੇ ਨਵੀਂਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਦੇ ਵਿਰਸੇ ਤੋਂ ਵਾਂਝੀਆਂ ਰਹਿ ਜਾਣਗੀਆਂ।

ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਪੰਜਾਬੀ ਭਾਸ਼ਾ ਦੀਆਂ ਖਥਰਾਂ ਦੇ ਪ੍ਰਸਾਰਣ ਦੌਰਾਨ ਨਾ ਕੇਵਲ ਖਬਰਾਂ ਸ਼ੁਧ ਪੰਜਾਬੀ ਵਿੱਚ ਪੜ੍ਹੀਆਂ ਜਾਣ, ਬਲਕਿ ਲਿਖ਼ਤੀ ਰੂਪ ਵਿੱਚ ਵੀ ਪੰਜਾਬੀ ਲਫਜ਼ਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਅਤੇ, ਜੇਕਰ ਕਿਸੇ ਅੰਗਰੇਜ਼ੀ ਅੱਖਰ ਦਾ ਪੰਜਾਬੀ ਅਨੁਵਾਦ ਨਹੀਂ ਲੱਭਦਾ, ਤਾਂ ਉਸ ਨੂੰ ਦੋਨੋਂ - ਗੁਰਮੁਖੀ ਅਤੇ Roman, ਲਿੱਪੀਆਂ ਵਿਚ ਲਿਖਿਆ ਜਾਵੇ।

ਹੁਣ ਦੇਖਣਾ ਹੈ ਕਿ ਇਸ ਅਪੀਲ ਨੰ ਪੜ੍ਹ ਕੇ ਪੰਜਾਬੀ ਭਾਸ਼ਾ ਪ੍ਰਤੀ ਸੱਚਾ ਪ੍ਰੇਮ ਕਿਸ ਕਿਸ ਦੇ ਦਿਲ ਨੂੰ ਟੁੰਬਦਾ ਹੈ! ਕੌਣ ਕੌਣ ਜਾਗਦਾ ਹੈ ਅਤੇ ਕੌਣ ਕੌਣ ਜਗਾਉਂਦਾ ਹੈ। ਅਸਲ ਵਿਚ ਇਹ ਮਾਮਲਾ ਬੇਹੱਦ ਗੰਭੀਰ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਸ ਨੂੰ ਗੰਭੀਰਤਾ ਨਾਲ ਹੀ ਲਈਏ। 

ਅਖੀਰ ਵਿੱਚ ਉਸਤਾਦ ਦਾਮਨ ਹੁਰਾਂ ਦੀਆਂ ਕੁਝ ਸਤਰਾਂ ਵੀ:

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,

ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।

ਗੋਦੀ ਜਿਦ੍ਹੀ 'ਚ ਪਲਕੇ ਜਵਾਨ ਹੋਇਓਂ,

ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।


ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,

ਜਿਥੇ ਖਲਾ ਖਲੋਤਾ ਉਹ ਥਾਂ ਛੱਡ ਦੇ।

ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ,

ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।

           --ਉਸਤਾਦ ਦਾਮਨ

No comments: