Saturday, October 14, 2023

ਪੰਜਾਬੀ ਦੇ ਦੁਸ਼ਮਣਾਂ ਨਾਲ ਲਗਾਤਾਰ ਸੰਘਰਸ਼ ਜਾਰੀ ਹੈ-ਪੰਜਾਬੀ ਹਿਤੈਸ਼ੀਆਂ ਦਾ

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ


ਲੁਧਿਆਣਾ
: 14 ਅਕਤੂਬਰ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::

ਪੰਜਾਬ ਅਤੇ ਪੰਜਾਬੀ ਨਾਲ ਦੁਸ਼ਮਣੀਆਂ ਕਮਾਉਣ ਦੀਆਂ ਸਾਜ਼ਿਸ਼ਾਂ ਤਾਂ ਕਈ ਵਾਰ ਹੋਈਆਂ ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬੀ ਨੂੰ ਖਤਰਿਆਂ ਵਾਲੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਨਾਕਾਮ ਰਹੀਆਂ। ਓਨਾ ਨੁਕਸਾਨ ਨਹੀਂ ਹੋ ਸਕਿਆ ਜਿੰਨਾ ਕੁ ਦੁਸ਼ਮਣਾਂ ਨੇ ਚਿਤਵਿਆ ਸੀ। ਇਹਨਾਂ ਨਫਰਤਾਂ ਨੂੰ ਯਾਦ ਕਰੀਏ ਤਾਂ ਯਾਦ ਆ ਰਹੀਆਂ ਨੇ ਉਸਤਾਦ ਦਾਮਨ ਹੁਰਾਂ ਦੀਆਂ ਸਤਰਾਂ:

ਮੈਨੂੰ ਇੰਜ ਲਗਦਾ, ਲੋਕੀਂ ਆਖਦੇ ਨੇ

ਤੂੰ ਪੁੱਤਰਾ ਆਪਣੀ ਮਾਂ ਛੱਡਦੇ

ਇਸੇ ਮੌਕੇ ਬਾਬਾ ਨਜਮੀ ਹੁਰਾਂ ਦੀ ਗੱਲ ਵੀ ਜ਼ਰੂਰੀ ਜਾਪਦੀ ਹੈ। ਉਹ ਬੜੀ ਡੂੰਘੀ ਗੱਲ ਕਰਦਿਆਂ ਆਖਦੇ ਨੇ: 

ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ;

ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ।

ਦੋਵੇਂ ਗੱਲਾਂ ਹਕੀਕਤ ਨੇ। ਇਹ ਵੀ ਸੱਚ ਹੀ ਜਾਪਦੈ ਕਿ ਪੰਜਾਬੀ ਦੇ ਖਿਲਾਫ਼ ਸਾਜ਼ਿਸ਼ਾਂ ਰਚਦਿਆਂ ਸਵਾਰਥੀ ਕਿਸਮ ਦੇ ਲੋਕ ਕੁਝ ਇਹੀ ਭਾਵਨਾ ਦਰਸਾਉਂਦੇ ਰਹੇ ਕਿ ਤੂੰ ਪੁੱਤਰ ਆਪਣੀ ਮਾਂ ਛੱਡ ਦੇ! ਜਦੋਂ ਪੰਜਾਬੀ ਸੂਬੇ ਵੇਲੇ ਹਿੰਦੀ ਪੰਜਾਬੀ ਭਾਸ਼ਾ ਦਾ ਅਨੁਪਾਤ ਦੇਖਿਆ ਜਾ ਰਿਹਾ ਸੀ ਤਾਂ ਉਦੋਂ ਹੋਏ ਸਰਵੇਖਣਾਂ ਦੌਰਾਨ ਲੋਕ ਪੰਜਾਬੀ ਵਿਚ ਬੋਲਦਿਆਂ ਅੱਖ ਰਹੇ ਸਨ ਕਿ ਤੂੰ ਲਿਖ ਸਾਡੀ ਮਨ ਬੋਲੀ ਹਿੰਦੀ ਏ।ਉਹਨਾਂ ਨੂੰ ਹਿੰਦੀ ਬੋਲਣੀ ਵੀ ਨਹੀਂ ਸੀ ਆਉਂਦੀ ਪਰ ਉਹ ਲਿਖਵਾਉਂਦੇ ਰਹੇ ਕਿ ਹਿੰਦੀ ਸਾਡੀ ਮਾਤ ਭਾਸ਼ਾ ਹੈ। ਮਕਸਦ ਤਾਂ ਪੰਜਾਬ ਵਿਚ ਪੰਜਾਬੀ ਬੋਲਦੇ ਲੋਕਾਂ ਦਾ ਨੁਪਾਤ ਘਟਾਉਣਾ ਸੀ।  ਨਿਸਚੇ ਹੀ ਇਹ ਲੋਕ ਨਾ ਤਾਂ ਪੰਜਾਬੀ ਦੇ ਸੱਕੇ ਨਿਕਲੇ ਅਤੇ ਨਾ ਹੀ ਹਿੰਦੀ ਦੇ ਕਦੇ ਨਿਕਲਣਗੇ। ਸਾਜ਼ਿਸ਼ੀ ਸਿਆਸਤ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਨੂੰ ਕਦੇ ਵੀ ਪਤਾ ਨਾ ਲੱਗਿਆ ਕਿ ਉਹ ਆਪਣੀ ਮਾਂ  ਬੋਲੀ ਨਾਲ ਕਿੰਨਾ ਵੱਡਾ ਧ੍ਰੋਹ ਕਮਾ ਗਏ। ਅੰਧ ਭਗਤਾਂ ਦਾ ਉਹ ਵਰਗ ਅੱਜ ਵੀ ਮੌਜੂਦ ਹੈ। 

ਪਰ ਦੂਜੇ ਪਾਸੇ ਪੰਜਾਬੀ ਨਾਲ ਪਿਆਰ ਦਰਸਾਉਣ ਵਾਲੇ ਵੀ ਖੁੱਲ੍ਹ ਕੇ ਨਿੱਤਰਦੇ ਰਹੇ। ਪ੍ਰਸਿੱਧ ਵਿਦਵਾਨ ਅਤੇ ਸੰਸਦ ਮੈਂਬਰ ਵਿਸ਼ਵਾਨਾਥ ਤਿਵਾੜੀ ਆਪਣੀ ਟੀਮ ਦੇ ਨਾਲ ਖੁਦ ਹੱਥਾਂ ਵਿਚ ਟੇਪ ਰਿਕਾਰਡਰ ਲੈ ਕੇ ਚੰਡੀਗੜ੍ਹ ਦੇ ਗਲੀ ਮੋਹਲਿਆਂ ਵਿਚ ਘੁੰਮਦੇ ਰਹੇ ਕਿ ਮਾਂ ਬੋਲੀ ਬੋਲਣ ਵਾਲਿਆਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇ। ਨਿਸਚੇ ਹੀ ਉਹਨਾਂ ਦੇ ਇਸ ਉਪਰਾਲੇ ਤੋਂ ਉਹਨਾਂ  ਲੋਕਾਂ ਨੂੰ ਸਭ ਤੋਂ ਵੱਧ ਤਕਲੀਫ ਹੋਈ ਜਿਹੜੇ ਪੰਜਾਬੀ ਵਿਚ ਗੱਲ ਕਰਦਿਆਂ ਹਿੰਦੀ ਦੇ ਹੱਕ ਵਿੱਚ ਵੋਟ ਪਾ ਰਹੇ ਸਨ। 

ਟੇਪ ਰਿਕਾਰਡਰ ਵਾਲੇ ਢੰਗ ਤਰੀਕੇ ਨਾਲ ਉਹਨਾਂ ਲੋਕਾਂ ਦਾ ਸਾਰਾ ਪਾਜ ਖੁੱਲ੍ਹ ਰਿਹਾ ਸੀ। ਵਿਸ਼ਵਾਨਾਥ ਤਿਵਾੜੀ ਸੱਚੇ ਪੰਜਾਬੀ ਸਪੂਤ ਹੋਣ ਦਾ ਫਰਜ਼ ਆਧੁਨਿਕ ਤਕਨੀਕ ਨੂੰ ਨਾਲ ਲੈ ਕੇ ਬੜੇ ਹੀ ਸ਼ਾਂਤਮਈ ਢੰਗ ਨਾਲ ਨਿਭਾ ਰਹੇ ਸਨ। ਉਹਨਾਂ ਦਾ ਇਹ ਉਪਰਾਲਾ ਪੰਜਾਬੀ ਵਿਰੋਧੀ ਸਿਆਸਤ ਦਾ ਹਿੱਸਾ ਬਣੇ ਹੋਏ ਲੋਕਾਂ ਲਈ ਬੇਹੱਦ ਦਿੱਕਤ ਵਾਲੀ ਗੱਲ ਸੀ। ਤਿਵਾੜੀ ਸਾਹਿਬ ਨੂੰ ਉਹਨਾਂ ਦੇ ਸਿਆਸੀ ਸਮਰਥਕਾਂ ਨੇ ਵੀ ਬੜਾ ਸਮਝਾਇਆ ਗਿਆ ਪਰ ਗੱਲ ਨਾ ਬਣੀ। ਹੁਣ ਉਹਨਾਂ ਦਾ ਬੇਟਾ  ਮਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਸੰਸਦ ਮੈਂਬਰ ਹੈ। ਉਹੀ ਮਨੀਸ਼ ਤਿਵਾੜੀ ਜਿਹਨਾਂ ਨੇ ਲੁਧਿਆਣਾ ਵਿਚ ਆਕਾਸ਼ਵਾਣੀ ਦਾ ਕੇਂਦਰ ਖੁਲ੍ਹਵਾ ਕੇ ਐਫ ਐਮ ਗੋਲਡ ਸ਼ੁਰੂ ਕਰਵਾਇਆ ਸੀ। ਆਪਣੇ ਪਿਤਾ ਦੀ ਸ਼ਹਾਦਤ ਦਾ ਦਰਦ ਅੱਜ ਵੀ ਉਹਨਾਂ ਦੀਆਂ ਗੱਲਾਂ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਦਰਦਾਂ ਦਾ ਸ਼ਿਕਾਰ ਬਣਾਏ ਗਏ ਲੋਕਾਂ ਨੂੰ ਅਤੀਤ ਏਨੀ ਜਲਦੀ  ਭੁੱਲਦਾ ਵੀ ਕਿਥੇ ਹੈ।ਜਜ਼ਬਾਤਾਂ  ਅਤੇ ਭਾਵਨਾਵਾਂ ਨਾਲ ਹੀ ਪੈਦਾ ਹੁੰਦਾ ਹੈ ਅਸਲੀ ਜ਼ਿੰਦਗੀ ਵਾਲਾ ਅਹਿਸਾਸ।  

ਇਸੇ ਦੌਰਾਨ ਅੱਤਵਾਦ ਦਾ ਸਿਲਸਿਲਾ ਲਗਾਤਾਰ ਤੇਜ਼ ਹੁੰਦਾ ਗਿਆ। ਇੱਕ ਦਿਨ ਅਚਾਨਕ ਤਿੰਨ ਅਪ੍ਰੈਲ 1984 ਵਾਲੇ ਦਿਨ ਉਸ ਸ਼ਾਇਰ ਵਿਸ਼ਵਾਨਾਥ ਤਿਵਾੜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੇ ਕੈਂਪ ਦੇ ਨੇੜੇ ਸਨ ਉਹ ਦੱਸਦੇ ਹਨ ਇਹ ਖਬਰ ਸੁਣ ਕੇ ਸੰਤ ਭਿੰਡਰਾਂਵਾਲੇ ਬੇਹੱਦ ਨਿਰਾਸ਼ ਹੋਏ। ਉਹਨਾਂ ਗੁੱਸੇ ਵਿਚ ਆਖਿਆ ਹੁਣ ਇਹ ਕਾਰਾ ਕਿਸਨੇ ਕੀਤਾ ਹੈ? ਪਰ ਦੂਜੇ ਪਾਸੇ ਚਰਚਾ ਇਹ ਵੀ ਰਹੀ ਕਿ ਇਹ ਕਤਲ ਸੰਤ ਭਿੰਡਰਾਂਵਾਲਿਆਂ ਦੀ ਸੱਜੀ ਬਾਂਹ ਵੱਜੋਂ ਜਾਣੇ ਜਾਂਦੇ ਸੁਰਿੰਦਰ ਸਿੰਘ ਸੋਢੀ ਨੇ ਕੀਤਾ ਜਾਂ ਕਰਵਾਇਆ ਸੀ।

ਉਸ ਵੇਲੇ ਗੋਲੀ ਦੀ ਸਿਆਸਤ ਹੀ ਭਾਰੂ ਸੀ ਅਤੇ 03 ਅਪ੍ਰੈਲ 1984 ਨੂੰ ਉਸ ਮਹਾਨ ਲੇਖਕ ਅਤੇ ਪੰਜਾਬੀ ਹਿਤੈਸ਼ੀ ਵੀ ਐਨ ਤਿਵਾੜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਵਿਚ ਇੱਕ ਹੋਰ ਕਾਲਾ ਵਰਕਾ ਦਰਜ ਹੋ ਗਿਆ। ਖਿੜਿਆ ਫੁਲ ਗੁਲਾਬ ਦਾ-ਚੰਡੀਗੜ੍ਹ ਪੰਜਾਬ ਦਾ---ਬਸ ਇਹ ਨਾਅਰਾ ਬਣ ਕੇ ਹੀ  ਰਹਿ ਗਿਆ। ਪੰਜਾਬ ਦੇ ਹੱਕਾਂ ਦਾ ਮਾਮਲਾ ਹੋਰ ਪਿੱਛੜ ਗਿਆ। ਚੰਡੀਗੜ੍ਹ ਅੱਜ ਤਕ ਪੰਜਾਬ ਨੂੰ ਨਹੀਂ ਮਿਲਿਆ।  

ਬਹੁਤ ਸਾਰੇ ਕਤਲ ਅਤੇ ਬਸਾਂ ਵਿਚੋਂ ਕੱਢ ਕੇ ਬਹੁਤ ਸਾਰੇ ਲੋਕਾਂ ਨੂੰ ਮਾਰੇ ਜਾਣ ਵਾਲੀਆਂ ਜਿਹੜੀਆਂ ਵਾਰਦਾਤਾਂ ਉਹਨਾਂ ਵੇਲਿਆਂ ਦੌਰਾਨ ਵਾਪਰੀਆਂ ਉਹ ਸਾਰੀਆਂ ਹੀ ਘਟਨਾਵਾਂ ਅੱਜ ਵੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਕਰਦੀਆਂ ਹਨ ਜਿਹੜੀ ਸ਼ਾਇਦ ਕਦੇ ਨਹੀਂ ਹੋਣੀ। ਅਸੀਂ ਬਹੁਤ ਕੁਝ ਗੁਆ ਲਿਆ। ਸਾਡੇ ਬਹੁਤ ਸਾਰੇ ਬੁਧੀਜੀਵੀ ਅਤੇ ਨੇਕ ਇਨਸਾਨ ਸਾਡੇ ਕੋਲੋਂ ਖੋਹ ਲੈ ਗਏ।  ਸਾਡੇ ਜੋ ਪੱਲੇ ਪਿਆ ਉਹ ਅਫਸੋਸ ਹੀ ਸੀ। ਨਹੀਂਓ ਲੱਭਣੇ ਲਾਲ ਗੁਆਚੇ--ਮਿੱਟੀ ਨਾ ਫਰੋਲ ਜੋਗੀਆ। 

ਇੱਕ ਹੋਰ ਸੰਵੇਦਨਸ਼ੀਲ ਸ਼ਾਇਰ ਅਨੂਪ ਸਿੰਘ ਵਿਰਕ ਹੁਰਾਂ ਹੀ ਲਿਖਿਆ ਸੀ--

ਪਿੱਪਲ ਦਿਆ ਪੱਤਿਆ ਵੇ ਦਸ ਦਈਂ ਹਵਾਂਵਾਂ ਨੂੰ!

ਪੁਤ ਰੋਹੀਏਂ ਰੁਲ ਗਏ  ਨੇ ਨਈਂ ਲਭਣੇ ਮਾਂਵਾਂ ਨੂੰ!

ਉਸ ਬੇਰਹਿਮੀਆਂ ਭਰੇ ਦੌਰ ਬਾਰੇ ਪ੍ਰਸਿੱਧ ਸ਼ਾਇਰ ਭੂਸ਼ਨ ਹੁਰਾਂ ਨੇ ਅੰਮ੍ਰਿਤਾ ਪ੍ਰੀਤਮ ਹੁਰਾਂ ਨੂੰ ਲਿਖੀ ਇੱਕ ਕਾਵਿਕ ਚਿੱਠੀ ਵਿਚ ਲਿਖਿਆ ਸੀ:

ਮੌਸਮਾਂ ‘ਚ ਠੰਡ ਏ ਤੇ ਦਿਲਾਂ ਵਿੱਚ ਅੱਗ ਏ

ਬੰਦੇ ਦੀ ਪਛਾਣ ਏਥੇ ਬੱਸ ਦਾੜ੍ਹੀ-ਪੱਗ ਏ

ਚੰਦਰਾ ਗੁਆਂਢ, ਘਰ ਵਾਲਾ ਲਾਈ-ਲੱਗ ਏ

ਅੱਖਰਾਂ ‘ਚ ਅੱਥਰੂ ਨੇ, ਖ਼ਬਰਾਂ ‘ਚ ਖੂਨ ਏ

ਕੁੱਕੜਾਂ ਦੇ ਖੁੱਡਿਆਂ ‘ਚ ਦੁਬਕਿਆ ਕਨੂੰਨ ਏ

ਦਿਲਾਂ ‘ਚ ਕੀਨੇ-ਸਾੜੇ, ਸਿਰਾਂ ‘ਚ ਜਨੂੰਨ ਏ

ਉਸ ਦੌਰ ਦੌਰਾਨ ਵਾਪਰੀ ਹਿੰਸਾ ਨੇ ਪੰਜਾਬ ਦੇ ਮਾਹੌਲ ਨੂੰ ਬੁਰੀ ਤਰ੍ਹਾਂ ਬਦਲ ਦਿੱਤਾ। ਗਲੀਆਂ ਵਿਚ ਘਰਾਂ ਮੂਹਰੇ ਮੰਜੀਆਂ ਡਾਹ ਕੇ ਬਹਿਣਾ ਜਾਂ ਸੌਣਾ ਹੁਣ ਗਏ ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ ਹਨ। ਗੁਆਂਢੀ ਨੂੰ ਗੁਆਂਢੀ ਨਾਲ ਪਹਿਲਾਂ ਵਰਗਾ ਪ੍ਰੇਮ ਪਿਆਰ ਨਹੀਂ ਰਿਹਾ। ਇਤਬਾਰ ਵੀ ਨਹੀਂ ਰਿਹਾ। ਦੁੱਖ ਸੁੱਖ ਸਾਂਝਾ ਕਰਨ ਦੀ ਉਹ ਆਦਤ ਅਤੇ ਰਵਾਇਤ ਵੀ ਨਹੀਂ ਰਹੀ।  

ਹਨੇਰੀਆਂ, ਤੁਫ਼ਾਨਾਂ ਅਤੇ ਬੇਵਿਸ਼ਵਾਸੀਆਂ ਦੇ ਇਸ ਸੂਖਮ ਖਤਰਿਆਂ ਨਾਲ ਭਰੇ ਦੌਰ ਵਿੱਚ ਵੀ ਜਿਹੜੇ ਕੁਝ ਕੁ ਸ਼ੁਭ ਚਿੰਤਕ ਸਰਗਰਮ ਹਨ ਉਹਨਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੀ ਸਰਗਰਮ ਹਨ। ਉਹਨਾਂ ਦੇ ਉਪਰਾਲਿਆਂ ਵਿੱਚ ਕੋਈ ਕਸਰ ਬਾਕੀ ਨਹੀਂ। ਇਸ ਸੰਬੰਧੀ ਪੂਰੀ ਖਬਰ ਨੂੰ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: