Showing posts with label Mata Chand Kaur. Show all posts
Showing posts with label Mata Chand Kaur. Show all posts

Thursday, September 03, 2020

ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿਚ ਵੀ ਤੇਜ਼ੀ ਲਿਆਂਦੀ ਜਾਵੇ

 Thursday:3rd September 2020 at 4:17 PM
 ਨਵਤੇਜ ਸਿੰਘ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਵੀ ਮੰਗਿਆ ਸਹਿਯੋਗ 
ਅਜੇ ਤੱਕ ਕਿਓਂ ਨਹੀਉਂ ਫੜੇ ਜਾ ਸਕੇ ਮਾਤਾ ਚੰਦ ਕੌਰ ਹੁਰਾਂ ਦੇ ਕਾਤਲ?
ਲੁਧਿਆਣਾ: 3 ਸਤੰਬਰ 2020:(ਪੰਜਾਬ ਸਕਰੀਨ ਬਿਊਰੋ):: 
ਸ਼ੱਕੀ ਕਾਤਲਾਂ ਦੇ ਸਕੈਚ 
4 ਅਪ੍ਰੈਲ, 2016 ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਗੁਰੂ ਮਾਤਾ ਚੰਦ ਕੌਰ ਨੂੰ ਦਿਨ ਦਿਹਾੜੇ ਸ੍ਰੀ ਭੈਣੀ ਸਾਹਿਬ ਦੀ ਤਪੋਭੂਮੀ ਵਾਲੀ ਪਾਵਨ ਪਵਿੱਤਰ ਧਰਤੀ ਤੇ ਕਤਲ ਕਰ ਦਿੱਤਾ ਗਿਆ ਹੈ। ਦੇਖਦਿਆਂ ਹੀ ਦੇਖਦਿਆਂ ਲੁਧਿਆਣਾ ਦੇ ਸ਼ੇਰਪੁਰ ਚੌਂਕ ਵਿਚ ਸਥਿਤ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵਿੱਚ ਸੰਗਤਾਂ ਦੀ ਭੀੜ ਲੱਗ ਗਈ। ਬਾਅਦ ਦੁਪਹਿਰ ਨੂੰ ਹਸਪਤਾਲ ਵਿੱਚ ਸ਼੍ਰੀ ਭੈਣੀ ਸਾਹਿਬ ਦੇ ਮੀਡੀਆ ਨਾਲ ਸਬੰਧਤ ਬੁਲਾਰੇ ਲਖਬੀਰ ਸਿੰਘ ਬੱਦੋਵਾਲ ਨੇ ਮਾਤਾ ਜੀ ਦੇ ਦੇਹਾਂਤ ਦਾ ਐਲਾਨ ਕਰ ਦਿੱਤਾ। ਇਸ ਐਲਾਨ ਦੇ ਨਾਲ ਹੀ ਨਾਮਧਾਰੀ ਸੰਗਤਾਂ ਵਿਚ ਕੁਰਲਾਟ ਮੱਚ ਗਈ। ਨਾਮਧਾਰੀ ਬੀਬੀਆਂ ਨੂੰ ਚੁੱਪ ਕਰਾਉਣਾ ਔਖਾ ਹੋ ਗਿਆ। ਉਸ ਵੇਲੇ ਮੀਡੀਆ ਦੇ ਸੁਆਲਾਂ ਦਾ ਜੁਆਬ ਦੇਂਦਿਆਂ ਹੀ ਸ੍ਰੀ ਬੱਦੋਵਾਲ ਸਾਹਿਬ ਨੇ ਦੱਸ ਦਿੱਤਾ ਸੀ ਕਿ ਸਕਿਓਰਿਟੀ ਛੁੱਟੀ ਤੇ ਸੀ ਅਤੇ ਜਿਸ ਥਾਂ ਇਹ ਕਤਲ ਹੋਇਆ ਉੱਥੇ ਸੀਸੀਟੀਵੀ ਕੈਮਰੇ ਨਹੀਂ ਸਨ ਲੱਗੇ ਹੋਏ। ਇਸ ਲਈ ਕਾਤਲ ਬੜੀ ਹੀ ਤੇਜ਼ੀ ਨਾਲ ਫਰਾਰ ਵੀ ਗਏ। ਲੰਮਾ  ਗਿਆ ਪਰ ਸੋ ਅੱਜ ਤੱਕ ਉਹ ਕਾਤਲ ਕਦੇ ਪੁਲਿਸ ਦੇ ਹੱਥ ਨਹੀਂ ਆਏ। ਉਹਨਾਂ ਨੂੰ ਜ਼ਮੀਨ ਖਾ ਗਈ ਕਿ ਅਸਮਾਨ ਨਿਗਲ ਗਿਆ?
ਇਸ ਕਤਲ ਦੇ ਖਿਲਾਫ ਬਹੁਤ ਸਾਰੇ  ਮੁਜ਼ਾਹਰੇ ਹੋਏ। ਠਾਕੁਰ ਉਦੈ ਸਿੰਘ ਦੇ ਸਮਰਥਕਾਂ ਵੱਲੋਂ ਵੀ ਭਾਰੀ ਮਾਰਚ ਹੋਏ ਅਤੇ ਠਾਕੁਰ ਦਲੀਪ ਸਿੰਘ ਹੁਰਾਂ ਦੇ ਸਮਰਥਕਾਂ ਨੇ ਵੀ ਭਾਰੀ ਮੁਜ਼ਾਹਰੇ ਕੀਤੇ। ਇਸ ਤਰਾਂ ਦੇ ਰੋਸ ਮੁਜ਼ਾਹਰੇ ਦਿੱਲੀ ਵਿੱਚ ਵੀ ਹੋਵੇ ਅਤੇ ਪੰਜਾਬ ਵਿੱਚ ਵੀ। ਪੁਲਿਸ ਦੀਆਂ ਟੀਮਾਂ ਨੇ ਸ੍ਰੀ ਭੈਣੀ ਸਾਹਿਬ ਵਿਖੇ ਕਤਲ ਵਾਲੀ ਥਾਂ ਦਾ ਦੌਰਾ ਵੀ ਕੀਤਾ ਪਰ ਅਜੇ ਤੱਕ ਕਾਤਲਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸੰਗਤਾਂ ਇਸ ਮਾਮਲੇ ਨੂੰ ਲੈ ਕੇ ਨਿਰਾਸ਼ ਹਨ। 
ਦੂਜੇ ਪਾਸੇ ਬਾਲੀਵੁੱਡ ਦਾ ਹਰਮਨ ਪਿਆਰਾ ਨੌਜਵਾਨ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਵੀ ਇੱਕ ਦਿਨ ਆਪਣੇ ਘਰ ਵਿੱਚ ਹੀ ਅਚਾਨਕ ਚੱਲ ਵੱਸਿਆ। ਮੁਢਲੀਆਂ ਖਬਰਾਂ ਖ਼ੁਦਕੁਸ਼ੀ ਦੀਆਂ ਹੀ ਆਈਆਂ ਪਰ ਜਲਦੀ ਹੀ ਕਤਲ ਦੀ ਕਨਸੋਅ ਵੀ ਸੁਣਾਈ ਦੇਣ ਲੱਗੀ। 
ਕਈ ਕਈ ਨਾਮ ਸਾਹਮਣੇ ਆਏ। ਕਈ ਤਰਾਂ ਦੀਆਂ ਕਹਾਣੀਆਂ ਵੀ ਸਕੂਪ ਵਾਂਗ ਛਪੀਆਂ। ਮੀਡੀਆ ਲਈ ਸਭ ਤੋਂ ਵੱਡੀ ਖਬਰ ਸੁਸ਼ਾਂਤ ਬਣ ਗਿਆ। ਕੋਰੋਨਾ ਵੀ ਪਿੱਛੇ ਰਹਿ ਗਿਆ। ਬੇਰੋਜ਼ਗਾਰੀ ਵੀ। ਮਹਿੰਗਾਈ ਵੀ ਅਤੇ ਬਾਕੀ ਸਾਰੇ ਮਾਮਲਿਆਂ ਦੀਆਂ ਖਬਰਾਂ ਵੀ ਅਲੋਪ ਵਰਗੀਆਂ ਹੋ ਗਈਆਂ। ਬਹੁਤ ਥੋਹੜੇ ਜਿਹੇ ਜ਼ਿੰਮੇਦਾਰ ਮੀਡੀਆ ਨੇ ਪੱਤਰਕਾਰਿਤਾ ਦੇ ਧਰਮ ਦੇ ਪਾਲਣਾ ਕੀਤੀ ਬਾਕੀ ਤਾਂ ਸਭ ਰੱਬ ਰਾਖਾ ਵਾਲਾ ਹਾਲ ਹੀ ਹੋ ਗਿਆ ਜਿਸ ਨੂੰ ਲੋਕ ਗੋਦੀ ਮੀਡੀਆ ਆਖਣ ਲੱਗ ਪਏ। 
ਨਾਮਧਾਰੀ ਸੰਗਤ ਅਤੇ ਨਾਮਧਾਰੀ ਸਮਾਜ ਦੇ ਆਗੂਆਂ ਨੇ ਨਾਮਧਾਰੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਕੇਸ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਤੋਂ ਸੁਸ਼ਾਂਤ ਰਾਜਪੂਤ ਕਤਲ ਕੇਸ ਦੀ ਤਰਜ਼ ਤੇ ਇਸ ਮਾਮਲੇ ਵਿੱਚ ਵੀ ਤੇਜੀ ਲਿਆਉਣ ਦੀ ਮੰਗ ਕੀਤੀ ਹੈ। ਜਿਹੜੀ ਕਿ ਬਾਲੀਵੁੱਡ ਅਦਾਕਾਰ ਦੀ ਹੱਤਿਆ ਦੇ ਮਾਮਲੇ ਵਿਚ ਹਰ ਦਿਨ ਤੇਜੀ ਨਾਲ ਵੱਡੇ ਖੁਲਾਸੇ ਕਰ ਰਹੀ ਹੈ, ਮਗਰ ਮਾਤਾ ਚੰਦ ਕੌਰ ਜੀ ਦੇ ਦੋਸ਼ੀਆਂ ਦੀ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਭਾਲ ਨਹੀਂ ਕਰ ਸਕੀ ਹੈ।
ਮੀਡੀਆ ਦੇ ਇਸ ਰੋਲ ਨੂੰ ਸਾਰੀ ਦੁਨੀਆ ਨੇ ਦੇਖਿਆ। ਦੇਸ਼ ਵਿਦੇਸ਼ ਵਿੱਚ ਬੈਠੀ ਨਾਮਧਾਰੀ ਸੰਗਤ ਨੇ ਵੀ ਦੇਖਿਆ।  ਇਸਦੇ ਨਾਲ ਹੀ ਇਹ ਵੀ ਦੇਖਿਆ ਕਿ ਜਾਂਚ ਏਜੰਸੀਆਂ ਇੱਕ ਦਮ ਰਾਤੋਰਾਤ ਸੁਸ਼ਾਂਤ ਕੇਸ ਦੇ ਮਗਰ ਪੈ ਗਈਆਂ। ਇਸ ਜਾਂਚ ਪੜਤਾਲ ਦੇ ਰਿਜ਼ਲਟ ਵੀ ਬਾਹਰ ਆਉਣ ਲੱਗੇ। 
ਹੁਣ ਸੁਆਲ ਉੱਠਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਯੋਗਦਾਨ ਦੇਣ ਵਾਲੇ ਨਾਮਧਾਰੀਆਂ ਦੀ ਗੁਰੂ ਮਾਤਾ ਦੇ ਕਾਤਲਾਂ ਨੂੰ ਲੱਭਣਾ ਪੂਰੇ ਦੇਸ਼ ਨੂੰ ਜ਼ਰੂਰੀ ਨਹੀਂ ਜਾਪਿਆ। ਨਾ ਹੀ ਸਰਕਾਰਾਂ ਨੂੰ ਤੇ ਨਾ ਹੀ ਜਾਂਚ ਏਜੰਸੀਆਂ ਨੂੰ। ਮੀਡੀਆ ਨੇ ਵੀ ਇਸ ਏਨੇ ਵੱਡੇ ਕਤਲ ਵੱਲ ਉਹ ਤਵੱਜੋ ਨਹੀਂ ਦਿੱਤੀ ਜਿਹੜੀ ਦਿੱਤੀ ਜਾਣੀ ਚਾਹੀਦੀ ਸੀ। 
ਦੇਸ਼, ਸਮਾਜ ਅਤੇ ਮੀਡੀਆ ਦੀ ਇਸ ਉਦਾਸੀਨਤਾ ਨਾਲ ਨਾਮਧਾਰੀਆਂ ਨੂੰ ਸਦਮਾ ਪਹੁੰਚਿਆ ਹੈ। ਨਵਤੇਜ ਸਿੰਘ ਨੇ ਉਸ ਘਟਨਾਕ੍ਰਮ ਦੀ ਯਾਦ ਦੁਆਉਂਦਿਆਂ ਕਿਹਾ ਕਿ ਮਾਤਾ ਚੰਦ ਕੌਰ ਜੀ ਦਾ ਕਤਲ 4 ਅਪ੍ਰੈਲ, 2016 ਨੂੰ ਸਵੇਰੇ ਕਰੀਬ 10.00 ਵਜੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਦੀ ਜਾਂਚ ਸੀ.ਬੀ.ਆਈ ਵੱਲੋਂ ਜਨਵਰੀ, 2017 ਨੂੰ ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਵੀ ਅਸਲ ਦੋਸ਼ੀ ਫੜੇ ਨਹੀਂ ਗਏ। 
ਇਸਦੇ ਉਲਟ ਜਾਂਚ ਏਜੰਸੀਆਂ ਵੱਲੋਂ ਅੱਜ ਤੱਕ ਬੇਗੁਨਾਹ ਵਿਅਕਤੀਆਂ ਨੂੰ ਹੀ ਫੜਿਆ ਗਿਆ ਹੈ। ਜਦ ਕਿ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਰਾਜਪੂਤ ਦੇ ਕਤਲ ਸਮੇਂ ਹਰ ਇੱਕ ਵਿਅਕਤੀ ਅਤੇ ਉਸਦੇ ਕਰੀਬੀ ਪਾਸੋਂ ਸੀ.ਬੀ.ਆਈ ਬਹੁਤ ਹੀ ਬਰੀਕੀ ਅਤੇ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸਦੇ ਉਲਟ ਮਾਤਾ ਚੰਦ ਕੌਰ ਜੀ ਦੇ ਕਤਲ ਸਮੇਂ ਮੌਜੂਦ ਅਤੇ ਮਾਤਾ ਜੀ ਦੇ ਕਰੀਬੀ ਵਿਅਕਤੀਆਂ ਤੋਂ ਜਾਂਚ ਏਜੰਸੀ ਵੱਲੋਂ ਸਖਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਤੱਕ ਮਾਤਾ ਜੀ ਦੇ ਦੋਸ਼ੀ ਫੜੇ ਨਹੀਂ ਗਏ।  
ਇਸ ਮੌਕੇ ਹਰਵਿੰਦਰ ਸਿੰਘ ਨਾਮਧਾਰੀ ਅਤੇ ਅਰਵਿੰਦਰ ਸਿੰਘ ਲਾਡੀ ਨੇ ਮੀਡੀਆ ਨੂੰ ਵੀ ਸੁਸ਼ਾਂਤ ਰਾਜਪੂਤ ਦੀ ਤਰ੍ਹਾਂ ਮਾਤਾ ਚੰਦ ਕੌਰ ਜੀ ਦੇ ਮਾਮਲੇ ਨੂੰ ਵੀ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅਫਸੋਸ ਹੈ ਕਿ ਜਿਸ ਤਰੀਕੇ ਨਾਲ ਮੀਡੀਆ ਵੱਲੋਂ ਹੁਣ ਸੁਸ਼ਾਂਤ ਰਾਜਪੂਤ ਦੀ ਹੱਤਿਆ ਦਾ ਮਾਮਲਾ ਚੁੱਕਿਆ ਗਿਆ ਅਤੇ ਸਰਕਾਰ ਤੇ ਏਜੰਸੀ ਉੱਪਰ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਦਬਾਅ ਬਣਾਇਆ ਗਿਆ, ਜੇਕਰ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਅਜਿਹੀ ਕਾਰਵਾਈ ਮੀਡੀਆ ਵੱਲੋਂ ਅਪਣਾਈ ਗਈ ਹੁੰਦੀ ਤਾਂ ਅੱਜ ਦੋਸ਼ੀ ਆਪਣਾ ਅੰਜਾਮ ਭੁਗਤ ਰਹੇ ਹੁੰਦੇ। ਅਜਿਹੇ ਵਿੱਚ ਮੀਡੀਆ ਨੂੰ ਵੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਆਪਣੇ ਪੱਖ ਤੋਂ ਜਾਂਚ ਕਰਨ ਦੀ ਗੁਜਾਰਿਸ਼ ਕਰਦੇ ਹਾਂ, ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ।
ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿਚ ਵੀ ਤੇਜ਼ੀ ਲਿਆਂਦੀ ਜਾਵੇ। ਨਵਤੇਜ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਸੁਸ਼ਾਂਤ ਰਾਜਪੂਤ ਕੇਸ ਦੀ ਤਰਜ਼ ਤੇ ਸਹਿਯੋਗ ਮੰਗਿਆ ਹੈ।





Saturday, June 15, 2019

ਕਿਸ ਪਤਾਲ ਜਾਂ ਅਸਮਾਨ ਵਿੱਚ ਜਾ ਲੁੱਕੇ ਮਾਤਾ ਚੰਦ ਕੌਰ ਦੇ ਕਾਤਲ?

ਅਜੇ ਵੀ ਕਾਇਮ ਹਨ ਇਸ ਕਤਲ ਨਾਲ ਸੰਬੰਧਿਤ ਕੁੱਝ ਅਹਿਮ ਸਵਾਲ
ਜਲੰਧਰ//ਲੁਧਿਆਣਾ:  15 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਕੇਸਰੀ ਟੀ ਵੀ ਵੱਲੋਂ ਦਿਖਾਈ ਗਈ ਵੀਡੀਓ ਦੀ ਮੁੱਖ ਤਸਵੀਰ 
ਸੁਰੱਖਿਆ ਗਾਰਡ ਕੇਸਰ ਸਿੰਘ ਲਾਡੀ
ਜੋ ਉਸ ਦਿਨ ਛੁੱਟੀ 'ਤੇ ਸੀ
 
ਨਾਮਧਾਰੀ  ਸਵਰਗੀ ਮੁਖੀ ਸਤਿਗੁਰੂ ਜਗਜੀਤ ਸਿੰਘ ਅਹਿੰਸਾ ਦੇ ਪੁਜਾਰੀ ਸਨ। ਉਹਨਾਂ ਦਾ ਹੁਕਮ ਸੀ ਕਿ ਜਦੋਂ ਉਹ ਦਰਖਤਾਂ ਹੇਠਾਂ ਆਰਾਮ ਕਰ ਰਹੇ ਹੋਣ ਜਾਂ ਕਿਸੇ ਨਾਲ ਗਲਬਾਤ ਕਰ ਰਹੇ ਹੋਣ ਤਾਂ ਉਦੋਂ ਵੀ ਰੌਲਾ ਪਾਉਣ ਵਾਲੇ ਪੰਛੀਆਂ ਨੂੰ ਉਡਾਉਣ ਲਈ ਨਾਂ ਤਾਂ ਕੋਈ ਵੱਟਾ ਨਾ ਮਾਰਿਆ ਜਾਏ ਅਤੇ ਨਾ ਹੀ ਕੋਈ ਹਵਾਈ ਫਾਇਰ ਕੀਤਾ ਜਾਏ। ਉਹਨਾਂ ਦੇ  ਹੁਕਮਾਂ ਮੁਤਾਬਿਕ ਹੀ ਇਸ ਮਕਸਦ ਲਈ ਉਦੋਂ ਉੱਥੇ ਮੌਜੂਦ ਸੇਵਕ ਛੋਟੇ ਛੋਟੇ ਸ਼ੀਸ਼ੇ ਆਪਣੇ ਕੋਲ ਰੱਖਦੇ ਸਨ ਜਿਹਨਾਂ ਦੀ ਲਿਸ਼ਕੌਰ ਨਾਲ ਪੰਛੀਆਂ ਨੂੰ ਉੱਥੋਂ ਉਡਾਇਆ ਜਾਂਦਾ ਸੀ। ਸਤਿਗੁਰਾਂ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਹੋਇਆ ਸੀ ਕਿ ਜੇ ਕਿਧਰੇ ਸੱਪ ਵੀ ਅਚਾਨਕ ਸਾਹਮਣੇ ਆ ਨਿਕਲੇ ਤਾਂ ਉਸਨੂੰ ਵੀ ਕੋਈ ਨੁਕਸਾਨ ਨਾ ਪਹੁੰਚਾਇਆ ਜਾਏ। ਸ੍ਰੀ ਭੈਣੀ ਸਾਹਿਬ ਦੀ ਨੇੜਤਾ ਵਾਲੇ ਵਾਤਾਵਰਨ ਵਿੱਚ ਹੀ ਵਾਲੇ ਬਹੁਤ ਸਾਰੇ ਸੇਵਕ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਜਾਣੂ ਹਨ। ਇਹੀ ਕਾਰਨ ਹੈ ਕਿ ਉਸ ਅਸਥਾਨ ਵਿੱਚ ਪੈਰ ਰੱਖਦਿਆਂ ਹੀ ਮਨ ਵਿਕਾਰਾਂ ਤੋਂ ਦੂਰ ਹੋ ਕੇ ਸ਼ਾਂਤ ਹੋਣ ਲੱਗਦਾ ਹੈ ਅਤੇ ਉਸਦੀ ਲਿਵ ਪਰਮਾਤਮਾ ਨਾਲ ਜੁੜਨ ਲੱਗ ਪੈਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸੇ ਥਾਂ 'ਤੇ ਹਿੰਸਾ ਦਾ ਜਿਹੜਾ ਭਾਣਾ ਵਰਤਿਆ ਉਹ ਸਭ ਕਿਵੇਂ ਹੋਇਆ? ਇਹੋ ਜਿਹੀ ਤਪੋਭੂਮੀ ਵਾਲੇ ਅਸਥਾਨ 'ਤੇ ਉਸ ਮਹਾਨ ਸ਼ਖ਼ਸੀਅਤ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੇਹੱਦ ਬਜ਼ੁਰਗ ਧਰਮਪਤਨੀ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਉਹ ਵੀ ਜਦੋਂ ਉਹ ਇੱਕਲੇ ਸਨ। ਇਸ ਧਰਤੀ 'ਤੇ ਕਦੇ ਕੋਈ ਅਜਿਹਾ ਭਾਣਾ ਵੀ ਵਾਪਰੇਗਾ ਇਹ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ। 
ਦਿ ਟ੍ਰਿਬਿਊਨ ਅਖਬਾਰ ਵੱਲੋਂ ਦਿਖਾਇਆ ਗਿਆ ਸਕੈਚ 
ਨਾਮਧਾਰੀ  ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਧਰਮਪਤਨੀ ਮਾਤਾ ਚੰਦ ਕੌਰ ਜੀ, ਜਿਨ੍ਹਾ ਦੀ ਅਪ੍ਰੈਲ 2016 ਵਿੱਚ ਸ੍ਰੀ ਭੈਣੀ ਸਾਹਿਬ ਦੇ ਧਾਰਮਿਕ ਸਥਾਨ ਤੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ, ਓਹਨਾਂ ਸੰਬੰਧੀ ਹਾਲੇ ਤੱਕ ਕੋਈ ਵੀ ਸੁਰਾਗ ਸਾਹਮਣੇ ਆਇਆ ਨਜ਼ਰ ਨਹੀਂ ਆਇਆ ਜਦਕਿ ਮਾਮਲਾ ਪੰਜਾਬ ਪੁਲਿਸ ਤੋਂ ਸੀ.ਬੀ.ਆਈ ਕੋਲ ਵੀ ਪਹੁੰਚ ਚੁੱਕਾ ਹੈ। ਕਾਤਿਲਾਂ  ਦੇ ਸਕੈਚ ਵੀ ਦੋ ਵਾਰ ਜਾਰੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਵਰਤਮਾਨ ਸਮੇਂ ਨਾਮਧਾਰੀ ਪੰਥ ਦੇ ਵੰਡੇ ਹੋਏ ਦੋਨੋਂ ਧੜਿਆਂ ਦਾ ਆਪਸੀ ਆਰੋਪ ਪ੍ਰਤਿਆਰੋਪ ਦਾ ਸਿਲਸਿਲਾ ਵੀ ਜਾਰੀ ਹੈ। ਪਿਛਲੇ ਦਿਨੀਂ ਠਾਕੁਰ ਉਦੈ ਸਿੰਘ ਦੇ ਇੱਕ ਸਮਰਥਕ ਵਲੋਂ ਠਾਕੁਰ ਦਲੀਪ ਸਿੰਘ ਜੀ ਅਤੇ ਓਹਨਾਂ ਦੇ ਸਮਰਥਕਾਂ ਤੇ ਬੇਬੁਨਿਆਦ ਆਰੋਪ ਲਾਏ ਜਾਣ ਤੇ ਸੰਗਤ ਦੇ ਮਨ ਵਿੱਚ ਉਠ ਰਿਹਾ ਰੋਸ ਅਤੇ ਮਾਤਾ ਜੀ ਦੇ ਕੇਸ ਨਾਲ ਸੰਬੰਧਿਤ ਅਣ-ਸੁਲਝੇ ਸਵਾਲ ਫਿਰ ਤੋਂ ਸਾਹਮਣੇ ਆਏ। ਠਾਕੁਰ ਦਲੀਪ ਸਿੰਘ ਜੀ ਦੇ ਸਕੱਤਰ ਨਵਤੇਜ ਸਿੰਘ ਅਤੇ ਪੰਥਕ ਏਕਤਾ ਕਮੇਟੀ ਦੇ ਮੈਂਬਰ ਅਰਵਿੰਦਰ ਸਿੰਘ ਲਾਡੀ, ਸੂਬਾ ਦਰਸ਼ਨ ਸਿੰਘ, ਪਲਵਿੰਦਰ ਸਿੰਘ ਅਤੇ ਰਾਜਪਾਲ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਕਈ ਨੁਕਤੇ ਧਿਆਨ ਮੰਗਦੇ ਹਨ। ਜਿਸ ਥਾਂ ਇਹ ਵਾਰਦਾਤ ਹੋਈ ਉਹ ਥਾਂ ਭੈਣੀ ਸਾਹਿਬ ਦੀ ਕਿਲੇ ਵਰਗੀ ਚਾਰਦੀਵਾਰੀ ਵਾਲੇ ਸਥਾਨ 'ਤੇ ਹੈ ਜਿੱਥੇ ਤਕਰੀਬਨ 60-70 ਬੰਦਿਆਂ ਦੀ ਸਕਿਉਰਟੀ ਹਰ ਵੇਲੇ ਤੈਨਾਤ ਰਹਿੰਦੀ ਹੈ। ਇਸ ਥਾਂ 'ਤੇ ਠਾਕੁਰ ਉਦੈ ਸਿੰਘ ਜੀ ਦੇ ਹੁਕਮ ਤੋਂ ਬਿਨਾ ਚਿੜੀ ਵੀ ਪਰ ਨਹੀਂ ਮਾਰ ਸਕਦੀ, ਇਥੋਂ ਤੱਕ ਕਿ ਓਹਨਾਂ ਦੇ ਸਕੀ ਮਾਤਾ ਬੇਬੇ ਦਲੀਪ ਕੌਰ ਜੀ ਨੂੰ ਵੀ ਨਹੀਂ ਵੜਨ ਦਿੱਤਾ ਗਿਆ ਸੀ। ਫਿਰ ਅਜਿਹੀ ਥਾਂ 'ਤੇ ਉੱਥੇ ਦੋ ਮੋਟਰ ਸਾਈਕਲ ਸਵਾਰ ਹਥਿਆਰਬੰਦ ਹੋ ਕੇ ਕਿੱਦਾਂ ਅੰਦਰ ਆ ਗਏ ਅਤੇ ਫਿਰ ਮਹਾਨ ਹਸਤੀ ਮਾਤਾ ਚੰਦ ਕੌਰ ਜੀ ਨੂੰ ਗੋਲੀਆਂ ਮਾਰ ਕੇ ਵਾਪਸ ਕਿੱਦਾਂ ਚਲੇ ਗਏ? ਕੀ ਪ੍ਰਬੰਧਕਾਂ ਦੀ ਮਰਜ਼ੀ ਤੋਂ ਬਗੈਰ ਇੱਦਾਂ ਹੋਇਆ ਅਤੇ ਕੀ ਚੱਪੇ- ਚੱਪੇ ਤੇ ਲੱਗੇ ਸੀ.ਸੀ. ਟੀ. ਵੀ ਕੈਮਰਿਆਂ ਵਿੱਚ ਵੀ ਉਹ ਨਹੀਂ ਆਏ? 
ਹੋਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਓਸੇ ਦਿਨ ਓਹਨਾਂ ਦਾ ਨਿਜੀ ਡਰਾਈਵਰ ਅਤੇ ਬਾਡੀਗਾਰਡ ਕੇਸਰ ਸਿੰਘ ਲਾਡੀ ਕਿੱਥੇ ਚਲਾ ਗਿਆ ਸੀ ਜਿਹੜਾ ਕੀ ਪਿਛਲੇ ਗਿਆਰਾਂ ਸਾਲਾਂ ਤੋਂ ਇਸ ਜਿੰਮੇਵਾਰੀ ਨੂੰ ਨਿਭਾ ਰਿਹਾ ਸੀ। ਇਸ ਵਾਰਦਾਤ ਵੇਲੇ ਨਾਲ ਬੈਠੇ ਡਰਾਈਵਰ ਕਰਤਾਰ ਸਿੰਘ ਅਤੇ ਬੀਬੀ ਸੀਤੋ ਨੂੰ ਕੋਈ ਖਰੋਂਚ ਤੱਕ ਵੀ ਕਿਓਂ ਨਹੀਂ ਆਈ? ਨਾ ਹੀ ਪ੍ਰਸ਼ਾਸਨ ਨੇ ਇਹਨਾਂ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇਹਨਾਂ ਵਿੱਚੋਂ ਕੋਈ ਵੀ ਬੰਦਾ ਆਖਿਰ ਕਿਓਂ ਨਹੀਂ ਫੜਿਆ ਜਾ ਸਕਿਆ। 
ਇਸ ਤੋਂ ਇਲਾਵਾ ਠਾਕੁਰ ਉਦੈ ਸਿੰਘ ਤੇ ਯੂ.ਕੇ. ਵਿਖੇ ਹੋਏ ਹਮਲੇ ਦਾ ਦੋਸ਼ ਠਾਕੁਰ ਦਲੀਪ ਸਿੰਘ ਜੀ ਤੇ ਲਾਏ ਜਾਣ ਵਾਲੀ ਗੱਲ ਨੂੰ ਸਪੱਸ਼ਟ ਕਰਦਿਆਂ ਦੱਸਿਆ ਕਿ ਨਾ ਤਾਂ ਪੁਲਿਸ ਵਲੋਂ, ਨਾ ਕੋਰਟ ਵਲੋਂ ਅਤੇ ਨਾ ਹੀ ਠਾਕੁਰ ਉਦੈ ਸਿੰਘ ਵਲੋਂ ਇੱਕ ਵਾਰ ਵੀ ਇਸ ਕੇਸ ਵਿੱਚ ਠਾਕੁਰ ਦਲੀਪ ਸਿੰਘ ਜੀ ਦਾ ਨਾਮ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਹਰਜੀਤ ਸਿੰਘ ਤੂਰ ਵੱਲੋਂ ਹਮਲਾ ਕਰਨ ਦਾ ਸ਼ਰਮਸਾਰ ਹੋਣ ਵਾਲਾ ਕਾਰਨ ਦੱਸਣ ਤੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਤੇ ਠਾਕੁਰ ਦਲੀਪ ਸਿੰਘ ਜੀ ਵਲੋਂ ਇਸ ਗੱਲ ਦੀ ਨਿਖੇਧੀ ਕੀਤੀ ਗਈ ਸੀ ਅਤੇ ਆਪਣੇ ਭਰਾ ਉਦੈ ਸਿੰਘ ਨੂੰ ਬੇਕਸੂਰ ਦੱਸਦੇ ਹੋਏ ਦੁੱਖ ਦੀ ਘੜੀ ਵਿੱਚ ਓਹਨਾਂ ਦੇ ਨਾਲ ਖੜ੍ਹਨ ਦਾ ਵਾਇਦਾ ਵੀ ਕੀਤਾ ਸੀ । ਇਸ ਤਰ੍ਹਾਂ ਦੂਜੇ ਧਿਰ ਵਲੋਂ ਲਾਏ ਜਾਣ ਵਾਲੇ ਹੋਰ ਵੀ ਝੂਠੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਠਾਕੁਰ ਉਦੈ ਸਿੰਘ ਵੱਲੋਂ ਧੱਕੇ ਨਾਲ ਆਪਣੇ ਆਪ ਨੂੰ ਗੁਰੂ ਮਨਵਾਉਣ ਅਤੇ ਗੁਰੂ ਘਰ ਦੀ ਪ੍ਰਾਪਰਟੀ ਤੇ ਕਬਜੇ ਕਰਨ ਲਈ ਬੇਕਸੂਰ ਸੰਗਤ ਤੇ ਕਈ ਵਾਰ ਜਾਨਲੇਵਾ ਹਮਲੇ ਵੀ ਕਰਵਾਏ ਹਨ ਅਤੇ ਅਜੇ ਤੱਕ ਸਾਨੂੰ ਕੋਈ ਇਨਸਾਫ ਵੀ ਨਹੀਂ ਮਿਲਿਆ। ਪਰ ਹੁਣ ਸਾਡੇ ਗੁਰੂ ਮਾਤਾ ਚੰਦ ਕੌਰ ਜੀ ਦਾ ਇਨਸਾਫ ਸਾਨੂੰ ਜਰੂਰ ਮਿਲਣਾ ਚਾਹੀਦਾ ਹੈ।
        ਪੰਥਕ ਏਕਤਾ ਕਮੇਟੀ ਦੇ ਮੈਂਬਰਾਂ ਨੇ ਆਪਣੇ ਵਿਚਾਰਾਂ ਨੂੰ ਪ੍ਰਸ਼ਾਸ਼ਨ ਅੱਗੇ ਰੱਖਦੇ ਹੋਏ ਦੱਸਿਆ ਕਿ ਕੁੱਝ ਹੋਰ ਤੱਥਾਂ ਨੂੰ ਸਾਹਮਣੇ ਰੱਖ ਕੇ, ਇਹ ਮਾਮਲਾ ਸਪਸ਼ਟ ਰੂਪ ਵਿੱਚ ਗੱਦੀ ਅਤੇ ਪ੍ਰਾਪਰਟੀ ਉਪਰ ਕਬਜ਼ੇ ਦਾ ਹੈ। ਕਿਉਂਕਿ ਮਾਤਾ ਜੀ ਤੋਂ ਬਾਅਦ ਓਹਨਾਂ ਦੀ ਸਾਰੀ ਪ੍ਰੋਪਰਟੀ ਓਹਨਾਂ ਦੀ ਸਪੁੱਤਰੀ ਬੀਬਾ ਸਾਹਿਬ ਕੌਰ ਰਾਹੀਂ ਸੰਤ ਜਗਤਾਰ ਸਿੰਘ ਕੋਲ ਚਲੀ ਗਈ ਹੈ ਅਤੇ ਠਾਕੁਰ ਉਦੈ ਸਿੰਘ ਜੀ ਨੇ ਵੀ ਆਪਣੀ ਗੱਦੀ ਹੋਰ ਪੱਕੀ ਕਰਨ ਵੱਲ ਕਦਮ ਪੁੱਟਿਆ ਹੈ ਕਉਂਕਿ ਮਾਤਾ ਜੀ ਆਪਣੇ ਦੋਹਤੇ ਕਾਕਾ ਜੈ ਸਿੰਘ ਨੂੰ ਗੱਦੀ ਤੇ ਬਿਠਾਉਣਾ ਚਾਹੁੰਦੇ ਸਨ। ਇਸ ਲਈ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਆਸ ਹੈ ਕਿ ਸਾਡੇ ਸਵਾਲਾਂ ਅਤੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਚੰਦ ਕੌਰ ਜੀ ਨਾਲ ਜੁੜੇ ਅਣ ਸੁਲਝੇ ਤੱਥਾਂ ਨੂੰ ਜਰੂਰ ਸਾਹਮਣੇ ਲਿਆਂਦਾ ਜਾਵੇਗਾ। ਹੁਣ ਦੇਖਣਾ ਹੈ ਕਿ ਇਹ ਜਾਂਚ ਕਿੰਨੀ ਕੁ ਤੇਜ਼ੀ ਫੜਦਿਆਂ ਕਿੰਨੀ ਕੁ ਜਲਦੀ ਸਿਰੇ ਲੱਗਦੀ ਹੈ। 

Friday, December 21, 2018

21 ਦਸੰਬਰ ਨੂੰ ਤਿਆਗ ਦਿਵਸ ਵੱਜੋਂ ਮਨਾਉਣ ਦੀ ਜ਼ੋਰਦਾਰ ਸ਼ੁਰੂਆਤ

ਬੀਤੇ ਸਮੇਂ ਨੂੰ ਯਾਦ ਕਰਦਿਆਂ ਨਾਮਧਾਰੀ ਸੰਗਤਾਂ ਵਿੱਚ ਉੱਠੇ ਅਹਿਮ ਸੁਆਲ
ਲੁਧਿਆਣਾ: 21 ਦਸੰਬਰ 2018: (ਪੰਜਾਬ ਸਕਰੀਨ ਬਿਊਰੋ):: 
ਸਤਿਗੁਰੂ ਜਗਜੀਤ ਸਿੰਘ ਜੀ ਪਸ਼ੂਆਂ ਨੂੰ ਵੀ ਬਹੁਤ ਪ੍ਰੇਮ ਕਰਿਆ ਕਰਦੇ ਸਨ। ਮੋਰ ਉਹਨਾਂ ਦੇ ਹੱਥਾਂ ਤੇ ਆ ਕੇ ਚੋਗਾ ਚੁਗਿਆ ਕਰਦੇ ਸਨ। ਜੇ ਕਦੇ ਕਿਸੇ ਦਰਖਤ ਦੇ ਹੇਠਾਂ ਲੰਮੇ ਪਿਆਂ ਜਾਂ ਬੈਠਿਆਂ ਪੰਛੀਆਂ ਨੇ ਜ਼ਿਆਦਾ ਸ਼ੋਰ ਸ਼ਰਾਬਾ ਕਰਨਾ ਤਾਂ ਵੀ ਉਹਨਾਂ ਪੰਛੀਆਂ ਨੂੰ ਉਡਾਉਣ ਲਈ ਕੋਈ ਵੱਟਾ ਮਾਰਨ ਦੀ ਸਖਤ ਮਨਾਹੀ ਸੀ। ਇਸ ਸ਼ੋਰ ਨੂੰ ਬੰਦ ਕਰਾਉਣ ਜਾਂ ਉਹਨਾਂ ਰੌਲਾ ਪਾਉਂਦੇ ਪੰਛੀਆਂ ਨੂੰ ਉੱਥੋਂ ਉਡਾਉਣ ਲਈ ਕਿਸੇ ਛੋਟੇ ਜਿਹੇ ਸ਼ੀਸ਼ੇ ਦੀ ਲਿਸ਼ਕੌਰ ਉਸ ਦਰਖਤ ਉਪੱਰ ਮਾਰੀ ਜਾਂਦੀ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਕਿੰਨੇ ਸੰਵੇਦਨਸ਼ੀਲ ਅਤੇ ਦਿਆਵਾਨ ਸਨ। ਸ਼ਾਇਦ ਕੋਈ ਨਹੀਂ ਸੀ ਜਾਣਦਾ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਧਰਮਪਤਨੀ ਮਾਤਾ ਚੰਦ ਕੌਰ ਨੂੰ ਇਸੇ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੋਲੀਆਂ ਨਾਲ ਵਿੰਨ ਦਿੱਤਾ ਜਾਵੇਗਾ। ਸ਼ਾਂਤੀ ਬਦਲੇ ਗੋਲੀ---ਸ਼ਾਇਦ ਇਹੀ ਤੁਰਿਆ ਆ ਰਿਹਾ ਹੈ ਦੁਨੀਆ ਦਾ ਇਤਿਹਾਸ। ਕੌਣ ਹਨ ਨਾਮਧਾਰੀ ਸੰਗਤਾਂ ਦੇ ਮੁਜਰਿਮ? ਕਿਵੇਂ ਪਹੁੰਚਿਆ ਜਾ ਸਕਦਾ ਹੈ ਚਾਰ ਅਪਰੈਲ ਵਾਲੇ ਹਮਲਾਵਰਾਂ ਤਕ? ਕਿਵੇਂ ਬੇਨਕਾਬ ਹੋਣਗੇ ਮਾਤਾ ਚੰਦ ਕੌਰ ਦੇ ਕਾਤਲ? ਇਹਨਾਂ ਸੁਆਲਾਂ ਦੇ ਜੁਆਬ ਲੱਭਣ ਲਈ 21 ਦਸੰਬਰ ਵਾਲੇ ਤਿਆਗ ਦਿਵਸ ਦਾ ਪਿਛੋਕੜ ਸਮਝਣਾ ਵੀ ਜ਼ਰੂਰੀ ਹੈ। 
ਮਾਤਾ ਚੰਦ ਕੌਰ ਬਾਰੇ ਸਭਨਾਂ ਦੇ ਅਨੁਭਵ ਬਹੁਤ ਮਿੱਠੇ ਸਨ। ਕਿਸੇ ਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਵੀ ਨਹੀਂ ਸੀ ਪਰ ਏਕਤਾ ਦੇ ਦੋਖੀ ਉਹਨਾਂ ਤੋਂ ਬੇਹੱਦ ਦੁਖੀ ਸਨ। ਜੀਵਨ ਨਗਰ ਵਿਖੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ 21 ਦਸੰਬਰ 2012 ਨੂੰ ਪਏ ਭੋਗ ਮੌਕੇ ਮਾਤਾ ਚੰਦ ਕੌਰ ਨੂੰ ਗੁਰੂਤਾ ਗੱਦੀ ਸੌਂਪ ਦਿੱਤੀ ਗਈ ਸੀ। ਇਸ ਤਰ੍ਹਾਂ ਉਹ ਨਾਮਧਾਰੀ ਪੰਥ ਦੇ ਪਹਿਲੇ ਮਹਿਲਾ ਗੁਰੂ ਬਣੇ। 
 ਟਕਰਾਓ ਹਾਲਾਤ ਨੂੰ ਦੇਖਦਿਆਂ--ਏਕਤਾ ਕਰਵਾਉਣ ਲਈ ਉਹਨਾਂ ਅੱਜਕਲ੍ਹ ਦੇ ਵਿੱਚ ਹੀ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਨਾਮਧਾਰੀ ਪੰਥ ਨੂੰ ਇੱਕ ਕਰਨ ਲਈ ਕੋਈ ਠੋਸ ਐਲਾਨ ਵੀ ਕਰਨਾ ਸੀ।  ਦੋਹਾਂ ਠਾਕੁਰ ਭਰਾਵਾਂ-ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੇ ਸਿੰਘ ਹੁਰਾਂ ਨੂੰ ਵੱਖਰੀ-ਵੱਖਰੀ ਜ਼ਿੰਮੇਵਾਰੀ ਵੀ ਸੌਂਪੀ ਜਾਣੀ ਸੀ। ਇਸ ਐਲਾਨ ਦੇ ਨਾਲ ਹੀ ਦੋਹਾਂ ਪਾਸਿਆਂ ਦੀ ਨਾਮਧਾਰੀ ਸੰਗਤ ਨੂੰ ਪਹਿਲਾਂ ਵਾਂਗ ਹੀ ਭੈਣੀ ਸਾਹਿਬ ਵਿਖੇ ਆਉਣ-ਜਾਣ ਦੀ ਖੁੱਲ ਮਿਲ ਜਾਣੀ ਸੀ। ਇਸ ਤਪੋਭੂਮੀ ਤੇ ਆ ਕੇ ਇਸ ਦੀ ਧੂੜ ਮਸਤਕ ਨੂੰ ਲਾਉਣ ਦਾ ਮੌਕਾ ਜੀਵਨ ਨਗਰ ਵਾਲੀ ਸੰਗਤ ਦੇ ਨਸੀਬਾਂ ਵਿੱਚ ਵੀ ਪੱਕੇ ਤੌਰ 'ਤੇ ਲਿਖਿਆ ਜਾਣਾ ਸੀ। ਰੁਕਾਵਟਾਂ ਅਤੇ ਨਫਰਤਾਂ  ਖਤਮ ਹੋ ਜਾਣੀਆਂ ਸਨ। 
ਜਿਸ ਤਰਾਂ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰਾਂ ਨੂੰ ਅੱਜਕਲ ਭੈਣੀ ਸਾਹਿਬ ਵਿਖੇ ਆਉਣ ਦੀ ਮਨਾਹੀ ਹੈ  ਉਸ ਤਰਾਂ ਦਾ ਕੁਝ ਵੀ ਨਹੀਂ ਸੀ ਹੋਣਾ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਉੱਤੇ ਹੁੰਦੇ ਹਮਲਿਆਂ ਦਾ ਸਿਲਸਿਲਾ ਕਦੋਂ ਦਾ ਰੁਕ ਜਾਣਾ ਸੀ। ਮਾਤਾ ਚੰਦ ਕੌਰ ਦੀ ਦੂਰਦਰਸ਼ੀ ਨਜ਼ਰ ਨੇ ਇਹ ਸਭ ਕੁਝ ਬਹੁਤ ਪਹਿਲਾਂ ਹੀ ਨੀਝ ਨਾਲ ਦੇਖ ਲਿਆ ਸੀ। ਉਹੀ ਇੱਕ ਅਜਿਹੀ ਸ਼ਖਸੀਅਤ ਸਨ ਜਿਹਨਾਂ ਦਾ ਹੁਕਮ  ਖੂਨ ਖਰਾਬੇ ਅਤੇ ਨਫਰਤਾਂ ਨੂੰ ਰੋਕ ਕੇ ਸਤਿਗੁਰੂ ਰਾਮ ਸਿੰਘ ਦੀ ਬਣਾਈ ਮਰਿਯਾਦਾ ਨੂੰ ਬਹਾਲ ਕਰ ਸਕਦਾ ਸੀ।
ਇਸ ਐਲਾਨ ਦੇ ਵਿਰੋਧੀ ਕੌਣ ਹੋ ਸਕਦੇ ਸਨ? ਇਸ ਖੂਨਖਰਾਬੇ ਨੂੰ ਰੋਕਣ ਦੇ ਹੀਲੇ ਵਸੀਲੇ ਕੌਣ ਨਾਕਾਮ ਬਣਾਉਣਾ ਚਾਹੁੰਦੇ ਸਨ? ਸ਼ਾਂਤੀ ਦੇ ਵਿਰੋਧੀ ਕੌਣ ਹੋ ਸਕਦੇ ਸਨ? ਇਹਨਾਂ ਸੁਆਲਾਂ ਦੇ ਜੁਆਬ ਸਾਰੀ ਸੰਗਤ ਜਾਣਦੀ ਹੈ। ਸ਼ਾਂਤੀ ਦੇ ਵਿਰੋਧੀਆਂ ਅਤੇ ਖੂਨ ਖਰਾਬੇ ਦੇ ਹਮਾਇਤੀਆਂ ਨੇ ਹੀ ਇੱਕ ਸਾਜਿਸ਼ ਰਚੀ ਅਤੇ ਇਸ ਸਾਜ਼ਿਸ਼ ਦੇ ਤਹਿਤ ਹੀ ਮਾਤਾ ਚੰਦ ਕੌਰ ਨੂੰ ਦਿਨ ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਵਾ ਦਿੱਤਾ ਗਿਆ।
ਉਹ ਕੌਣ ਲੋਕ ਸਨ ਜਿਹੜੇ ਸੁਰੱਖਿਆ ਪ੍ਰਬੰਧਾਂ ਨੂੰ ਉਲੰਘ ਸਕਦੇ ਸਨ? ਉਹ ਕੌਣ ਲੋਕ ਸਨ ਜਿਹਨਾਂ ਨੂੰ ਪਤਾ ਸੀ ਕਿ ਕਿਸ ਥਾਂ ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ। ਉਹ ਕੌਣ ਲੋਕ ਸਨ ਜਿਹੜੇ ਨਹੀਂ ਸਨ ਚਾਹੁੰਦੇ ਕਿ ਮਾਤਾ ਚੰਦ ਕੌਰ ਏਕਤਾ ਕਰਨ ਵਾਲਾ ਐਲਾਨ ਸਾਰੀ ਸੰਗਤ ਸਾਹਮਣੇ ਕਰਨ? ਮਾਮੂਲੀ ਸਮਝ ਵਾਲਾ ਇਨਸਾਨ ਵੀ ਸੋਚੇ ਤਾਂ ਇਹਨਾਂ ਦੇ ਜਵਾਬ ਲਭਦਿਆਂ ਸੋਚ ਕਾਤਲਾਂ ਦੀ ਨਿਸ਼ਾਨਦੇਹੀ ਲਭਣ ਤੱਕ ਪਹੁੰਚ ਜਾਂਦੀ ਹੈ।
21 ਦਸੰਬਰ ਦਾ ਦਿਨ ਅਸਲ ਵਿੱਚ ਠਾਕੁਰ ਦਲੀਪ ਸਿੰਘ ਵੱਲੋਂ ਗੁਰਤਾਗੱਦੀ ਖੁਦ ਤਿਆਗ ਕੇ ਮਾਤਾ ਚੰਦ ਕੌਰ ਜੀ ਨੂੰ ਗੁਰੂ ਬਣਾਉਣ ਵਾਲਾ ਮਹਾਨ ਤਿਆਗ ਦਿਵਸ ਵੀ ਹੈ। ਮਾਤਾ ਚੰਦ ਕੌਰ ਜੀ ਨੂੰ ਗੁਰੁ ਬਣਾਉਣਾ ਹੀ ਏਕਤਾ ਦਾ ਇੱਕੋ ਇੱਕ  ਠੋਸ ਉਪਰਾਲਾ ਰਹਿ ਗਿਆ ਸੀ। ਇਸ ਏਕਤਾ ਲਈ ਠਾਕੁਰ ਦਲੀਪ ਸਿੰਘ ਜੀ ਨੇ ਖੁਦ ਨੂੰ ਮਿਲੀ ਗੁਰਤਾਗੱਦੀ ਤਿਆਗ ਦਿੱਤੀ। ਇਸ ਲਈ ਇਸ ਤਿਆਗ ਦਿਵਸ ਦੇ ਮੌਕੇ ਤੇ ਏਕਤਾ ਦੇ ਜਤਨਾਂ ਨੂੰ ਤੇਜ਼ ਕਰਨਾ ਹੀ ਮਾਤਾ ਚੰਦ ਕੌਰ ਜੀ ਨੂੰ ਵੀ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਵੀ। ਨਾਮਧਾਰੀ ਸੰਗਤਾਂ ਇਸ ਦਿਨ ਨੂੰ ਵੱਧ ਚੜ੍ਹ ਕੇ ਮਨਾਉਣ। ਥਾਂ-ਥਾਂ ਇਸ ਮਕਸਦ ਦੇ ਆਯੋਜਨ ਹੋ ਵੀ ਰਹੇ ਹਨ ਅਤੇ ਹੋਣੇ ਵੀ ਹਨ। ਸੰਗਤਾਂ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰ ਹੋਣ। ਇਸ ਦਿਨ ਦਾ ਪਰਚਲਣ ਲਗਾਤਾਰ ਵਧਣਾ ਹੈ। ਇਸ ਸ਼ਹਾਦਤ ਨੇ ਰੰਗ ਵੀ ਦਿਖਾਉਣਾ ਹੈ। ਇਸ ਤਿਆਗ ਦੀ ਤਪੱਸਿਆ ਨੇ ਵੀ  ਆਪਣੀ ਸ਼ਕਤੀ ਦਿਖਾਉਣੀ ਹੈ। ਹੁਣ ਦੇਖਣਾ ਹੈ ਕਿ ਕਿਹੜੀ ਕਿਹੜੀ ਸੰਗਤ ਇਸ ਖਾਸ ਦਿਨ ਦੀ ਸ਼ਕਤੀ ਨੂੰ ਵੇਲੇ ਸਿਰ ਪਹਿਚਾਣ ਲੈਂਦੀ ਹੈ।  ਠਾਕੁਰ ਦਲੀਪ ਸਿੰਘ ਦੀ ਨਾਮਧਾਰੀ ਸੰਗਤ ਇਸ ਦਿਨ ਦੀ ਅਹਿਮੀਅਤ ਨੂੰ ਬਹੁਤ ਪਹਿਲਾਂ ਹੀ ਸਮਝ ਚੁੱਕੀ ਸੀ ਪਰ ਇਸ ਨੂੰ ਹਰ ਵਾਰ ਮਨਾਉਣ ਦੀ ਸ਼ੁਰੂਆਤ ਸ਼ਾਇਦ ਇਸ ਵਾਰ ਹੀ ਹੋ ਰਹੀ ਹੈ। 

Friday, February 02, 2018

ਨਾਮਧਾਰੀ ਸੰਗਤਾਂ ਵਿੱਚ ਸਾਜ਼ਿਸ਼ੀ ਸਿਆਸਤ ਵਿਰੁੱਧ ਭਾਰੀ ਰੋਹ

ਤਾਰੀ ਦੇ ਕਤਲ ਨੂੰ ਮਾਤਾ ਚੰਦ ਕੌਰ ਜੀ ਦੀ ਸ਼ਹੀਦੀ ਨਾਲ ਜੋੜਣ 'ਤੇ ਭਾਰੀ ਰੋਸ
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਫੜ ਕੇ ਸੰਗਤਾਂ ਦੇ ਸਾਹਮਣੇ ਲਿਆਉਣ ਵਿੱਚ ਨਾਕਾਮ ਰਹੀ ਪੰਜਾਬ ਸਰਕਾਰ ਨੇ ਹੁਣ ਆਪਣੀ ਨਾਕਾਮੀ ਲੁਕਾਉਣ ਲਈ ਕੇਸ ਨੂੰ ਕੁਰਾਹੇ ਪਾਉਣ ਦੀਆਂ ਚਾਲਾਂ ਰਚੀਆਂ ਹਨ। ਇਹ  ਦਾਅਵਾ ਅੱਜ ਇਥੇ ਨਾਮਧਾਰੀ ਸੰਗਤ ਦੇ ਪ੍ਰਧਾਨ ਹਰਭਜਨ ਸਿੰਘ ਅਤੇ ਜਨਰਲ ਸਕੱਤਰਹਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਨਾਮਧਾਰੀ ਸੰਗਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਖੀ ਵੱਲੋਂ ਸ੍ਰੀ ਭੈਣੀ ਸਾਹਿਬ ਵਿਖੇ ਕਾਬਜ਼ ਧੜੇ ਦੇ ਮੁਖੀ ਨਾਲ ਕੀਤੀ ਗਈ ਗੁਪਤ ਵਾਰਤਾ ਨੇ ਆਮ ਲੋਕਾਂ ਵਿੱਚ ਵੀ ਬਹੁਤ ਸਾਰੀਆਂ ਸ਼ੰਕਾਵਾਂ ਪੈਦਾ ਕੀਤੀਆਂ ਹਨ।  ਕਮੇਟੀ ਨੇ ਆਪਣੇ ਜ਼ਿੰਮੇਵਾਰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮਾਤਾ ਚੰਦ ਕੌਰ ਜੀ ਵਰਗੀ ਪੂਜਨੀਕ ਸ਼ਖ਼ਸੀਅਤ ਦੇ ਅਣਮਨੁੱਖੀ ਕਤਲ ਨੂੰ ਅਵਤਾਰ ਸਿੰਘ ਤਾਰੀ ਵਰਗੇ ਗੁੰਡੇ ਦੇ ਕਤਲ ਨਾਲ ਜੋੜਨਾ ਸਾਬਿਤ ਕਰਦਾ ਹੈ ਕਿ ਸਿਆਸੀ ਪੁਸ਼ਤਪਨਾਹੀ ਨਾਲ ਸ੍ਰੀ ਭੈਣੀ ਸਾਹਿਬ 'ਤੇ ਕਾਬਜ਼ ਧੜਾ ਇਸ ਕੇਸ ਨੂੰ ਮਨਚਾਹੇ ਢੰਗਾਂ ਨਾਲ ਚਲਾਉਣਾ ਚਾਹੁੰਦਾ ਹੈ।
ਠਾਕੁਰ ਦਲੀਪ ਸਿੰਘ ਜੀ ਦੀਆਂ ਏਕਤਾਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਦਿਆਂ ਸੰਗਤਾਂ ਦੀ ਬਹੁਗਿਣਤੀ ਤੋਂ ਇਹ ਧੜਾ ਬੁਖਲਾਇਆ ਹੋਇਆ ਹੈ। ਬਹੁਗਿਣਤੀ ਸੰਗਤਾਂ ਦੀ ਗੱਲ ਨੂੰ ਮੰਨ ਕੇ ਠਾਕੁਰ ਦਲੀਪ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਸਵੀਕਾਰਨ ਦੀ ਥਾਂ ਇਹ ਧੜਾ ਲਗਾਤਾਰ ਸਾਜ਼ਿਸ਼ੀ ਹੱਥਕੰਡੇ ਆਪਣਾ ਕੇ ਚੁਣੌਤੀਆਂ ਦੇ ਰਿਹਾ ਹੈ। ਇਸਦੇ ਨਾਲ ਹੀ ਇਹ ਧੜਾ ਮਾਤਾ ਚੰਦ ਕੌਰ ਜੀ ਦੇ ਕਤਲ ਵਾਲੇ ਮਾਮਲੇ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੂੰ ਗੁੰਮਰਾਹ ਵੀ ਕਰ ਰਿਹਾ ਹੈ।
ਹੁਣ ਅਵਤਾਰ ਸਿੰਘ ਤਾਰੀ ਦੇ ਮਾਮਲੇ ਨੂੰ ਚੁੱਕਣਾ ਵੀ ਇਸੇ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹੈ। ਇਸ ਕਤਲ ਨੂੰ ਮਾਤਾ ਜੀ ਵਰਗੀ ਸ਼ਖ਼ਸੀਅਤ ਨਾਲ ਜੋੜਨਾ ਇੱਕ ਅਸਹਿ ਗੱਲ ਹੈ।
ਐਕਸ਼ਨ ਕਮੇਟੀ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਦਾ ਕਤਲ ਉਸ ਦੀ ਰਖੇਲ ਦੇ ਘਰ ਹੁੰਦਾ ਹੈ ਜਦਕਿ ਮਾਤਾ ਜੀ ਨੂੰ ਦਿਨ ਦਿਹਾੜੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕਤਲ ਕੀਤਾ ਜਾਂਦਾ ਹੈ। ਅਵਤਾਰ ਸਿੰਘ ਤਾਰੀ ਦਾ ਕਤਲ ਰਾਈਫਲ ਨਾਲ ਹੁੰਦਾ ਹੈ ਜਦਕਿ ਮਾਤਾ ਜੀ ਦਾ ਕਤਲ ਪਿਸਤੋਲ ਨਾਲ ਹੁੰਦਾ ਹੈ।
ਅਵਤਾਰ ਸਿੰਘ ਤਾਰੀ ਉੱਪਰ ਸਾਰਾ ਪੰਥ ਥੁੱਕਦਾ ਸੀ ਜਦਕਿ ਮਾਤਾ ਜੀ ਅੱਗੇ ਸਾਰਾ ਪੰਥ ਝੁਕਦਾ ਸੀ। ਅਵਤਾਰ ਸਿੰਘ ਤਾਰੀ ਦੀ ਮੌਤ ਤੇ ਨਾਮਧਾਰੀ ਸੰਗਤਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਡੂ ਵੰਡੇ ਅਤੇ ਦੀਵੇ ਜਗਾਏ ਜਦਕਿ ਮਾਤਾ ਚੰਦ ਕੌਰ ਜੀ ਦੀ ਸ਼ਹੀਦੀ ਕਾਰਣ ਅੱਜ ਸਾਰਾ ਪੰਥ ਰੋਂਦਾ ਹੈ। ਕਮੇਟੀ ਨੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਬੇਗਾਨੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ ਜਦਕਿ ਮਾਤਾ ਜੀ ਨੇ ਅਨੇਕ ਗਰੀਬ ਕੁੜੀਆਂ ਦੇ ਵਿਆਹ ਚੰਗੇ ਘਰਾਂ ਵਿੱਚ ਕਰਾਏ। ਅਵਤਾਰ ਸਿੰਘ ਤਾਰੀ ਪੰਥ ਨੂੰ ਤੋੜਨ ਵਾਲਾ ਸੀ ਜਦਕਿ ਮਾਤਾ ਜੀ ਪੰਥ ਨੂੰ ਜੋੜਨ ਵਾਲੇ ਸਨ। ਕਮੇਟੀ ਨੇ ਤਾਰੀ ਦੇ ਲਾਈਫ ਸਟਾਈਲ ਬਾਰੇ ਅੱਗੇ ਦੱਸਿਆ ਕਿ ਅਵਤਾਰ ਸਿੰਘ ਤਾਰੀ ਨੇ ਕਦੇ ਵੀ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਅਤੇ ਕਦੇ ਵੀ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ।  ਦੂਜੇ ਪਾਸੇ ਮਾਤਾ ਜੀ ਸੇਵਾ ਅਤੇ ਸਿਮਰਨ ਦੀ ਮੂਰਤੀ ਸਨ। ਆਪ ਸਾਰਾ ਸਾਰਾ ਦਿਨ ਸਿਰ ਉੱਪਰ ਟੋਕਰਾ ਢੋਅ ਕੇ ਸੇਵਾ ਕਰਦੇ ਸਨ। ਮਾਤਾ ਜੀ ਆਪ ਤਾਂ ਸੇਵਾ ਕਰਦੇ ਹੀ ਸਨ ਸੰਗਤਾਂ ਤੋਂ ਵੀ ਸੇਵਾ ਕਰਾਉਂਦੇ ਸਨ।
ਕਮੇਟੀ ਨੇ ਅਵਤਾਰ ਸਿੰਘ ਤਾਰੀ ਦੇ ਕਿਰਦਾਰ ਬਾਰੇ ਦੱਸਦਿਆਂ ਹੋਰ ਕਿਹਾ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੁਰੱਖਿਆ ਛਤਰੀ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਤਾਰੀ ਨੇ ਇਸੇ ਬਹਾਨੇ ਸਤਿਗੁਰੂ ਜਗਜੀਤ ਜੀ ਨੂੰ ਇੱਕ ਤਰਾਂ ਨਾਲ ਕਿਡਨੈਪ ਹੀ ਕਰ ਲਿਆ ਸੀ। ਇਸ ਬਹਾਨੇ ਨਾਲ ਤਾਰੀ ਨੇ ਸਤਿਗੁਰੂ ਜੀ ਨੂੰ ਇੱਕ ਤਰਾਂ ਨਾਲ ਬੰਧਕ ਬਣਾ ਕੇ ਹੀ ਰੱਖਿਆ ਹੋਇਆ ਸੀ। 
 ਅਵਤਾਰ ਸਿੰਘ ਤਾਰੀ ਦੀ ਦਹਿਸ਼ਤ ਅਤੇ ਸਖਤੀ ਏਨੀ ਸੀ ਸਤਿਗੁਰਾਂ ਦਾ ਆਪਣਾ ਪਰਿਵਾਰ ਵੀ ਤਾਰੀ ਦੀ ਮਰਜ਼ੀ ਬਿਨਾ ਸਤਿਗੁਰੂ ਜੀ ਨੂੰ ਨਹੀਂ ਸੀ ਮਿਲ ਸਕਦਾ। ਆਪਣੇ ਇਸ  ਤਾਨਾਸ਼ਾਹੀ ਵਾਲੇ ਸਿਸਟਮ ਨੂੰ ਸ਼ਾਤਰਾਨਾ ਢੰਗ ਨਾਲ ਚਲਾਈ ਰੱਖਣ ਲਈ ਤਾਰੀ ਨੇ ਆਪਣੇ ਜੀਜੇ ਬਲਵੰਤ ਨੂੰ ਸੁਰੱਖਿਆ ਇੰਚਾਰਜ ਬਣਾਇਆ ਹੋਇਆ ਸੀ ਅਤੇ ਆਪਣੇ ਕੁੜਮ ਨੂੰ ਸਤਿਗੁਰਾਂ ਦਾ ਡਰਾਈਵਰ ਬਣਾਇਆ ਹੋਇਆ ਸੀ।  ਹਾਲਤ ਅਜਿਹੀ ਬਣਾ ਦਿੱਤੀ ਗਈ ਸੀ ਕਿ ਸਤਿਗੁਰੂ ਜੀ ਵੀ ਆਪਣੀ ਮਰਜ਼ੀ ਨਾਲ ਕਦੇ ਕਿਤੇ ਆ ਜਾ ਨਹੀਂ ਸਨ ਸਕਦੇ। ਤਾਰੀ ਸਤਿਗੁਰਾਂ ਦੇ ਨਾਮ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਲੱਖਾਂ ਰੁਪਏ ਦੀ ਰਕਮ ਅਕਸਰ ਮੰਗਦਾ ਰਹਿੰਦਾ ਸੀ। ਜੇ ਸਤਿਗੁਰੂ ਜੀ ਕਿਸੇ ਗਰੀਬ ਦੀ ਸਹਾਇਤਾ ਕਰਨਾ ਚਾਹੁੰਦੇ ਤਾਂ ਵੀ ਤਾਰੀ ਅਕਸਰ ਅੜਿੱਕੇ ਖੜੇ ਕਰਦਾ ਸੀ। ਉਸਦੇ ਇਸ ਅਣਮਨੁੱਖੀ ਕਿਰਦਾਰ ਤੋਂ ਦੁਖੀ ਹੋ ਕੇ ਤਾਰੀ ਦਾ ਆਪਣਾ ਮੁੰਡਾ ਵੀ ਉਸਦੀਆਂ ਗਲਤ ਕਰਤੂਤਾਂ ਕਰਕੇ ਉਸ ਨੂੰ ਛੱਡ ਗਿਆ ਸੀ। ਉਹ ਚੰਡੀਗੜੋਂ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚੇ ਛੁਡਵਾ ਕੇ ਤਾਰੀ ਤੋਂ ਦੂਰ ਚਲਾ ਗਿਆ ਸੀ। ਵਿਦੇਸ਼ਾਂ ਚੋਣ ਚੋਂ ਇਕੱਠੇ ਕੀਤੇ ਪੈਸੇ ਨਾਲ ਹੀ ਉਹ ਐਸ਼ਪ੍ਰਸਤੀ ਕਰਦਾ ਰਹਿੰਦਾ ਸੀ।
ਕਮੇਟੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਬਹੁਤ ਸਾਰੀਆਂ ਗੱਲਾਂ ਦੇ ਸਬੂਤ ਹਨ ਜਿਹਨਾਂ ਨੂੰ ਸਮਾਂ ਆਉਣ ਤੇ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ। ਸਤਿਗੁਰ ਜਗਜੀਤ ਸਿੰਘ ਜੀ ਨੇ ਆਪਣੇ ਕੁਝ ਵਿਸ਼ਵਾਸਪਾਤਰਾਂ ਰਾਹੀਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਅਤੇ ਗੁਰਤਾਗੱਦੀ ਦੀਆਂ ਰਸਮਾਂ ਵਾਲੇ ਸਾਮਾਨ ਵੀ ਠਾਕੁਰ ਦਲੀਪ ਸਿੰਘ ਜੀ ਕੋਲ ਭੇਜੇ ਸਨ। ਇਸਦੇ ਬਾਵਜੂਦ ਠਾਕੁਰ ਦਲੀਪ ਸਿੰਘ ਸਭ ਕੁਝ ਤਿਆਗ ਕੇ ਮਨੁੱਖਤਾ ਨੂੰ ਇੱਕ ਕਰਨ ਦੇ ਮਿਸ਼ਨ ਵਿੱਚ ਲੱਗੇ ਹੋਏ ਹਨ। ਏਕਤਾ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।  

Monday, October 23, 2017

ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਦੇ ਵਾਸਤੇ ਰੋਸ ਮਾਰਚ “ਇੱਕ ਡਰਾਮਾ”- ਭੁਰਜੀ

ਇਹ "ਜਲੂਸ" ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ
ਲੁਧਿਆਣਾ: 22 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਠਾਕੁਰ ਉਦੈ ਸਿੰਘ 
ਠਾਕੁਰ ਦਲੀਪ ਸਿੰਘ 
ਨਾਮਧਾਰੀ ਇਤਿਹਾਸ ਵਿੱਚ ਬਹੁਤ ਸਾਰੀਆਂ ਅਮੀਰ ਵਿਰਾਸਤਾਂ ਦਾ ਜ਼ਿਕਰ ਹੈ। ਇੱਕ ਉਹ ਵੀ ਵੇਲਾ ਸੀ ਜਦੋਂ ਨਾਮਧਾਰੀ ਸੱਚ ਅਤੇ ਸਿਧਾਂਤ ਨਹੀਂ ਸਨ ਛੱਡਦੇ ਜਾਨ ਭਾਵੇਂ ਛੱਡਣੀ ਪੈ ਜਾਵੇ। ਗਾਂਵਾਂ ਕਤਲ ਕਰਨ ਵਾਲੇ ਬੁੱਚੜਾਂ ਨੂੰ ਸੋਧਣ  ਵਾਲੇ ਨਾਮਧਾਰੀ ਸਿੰਘ ਸੂਰਮੇ ਜਦੋਂ ਬਚ ਨਿਕਲੇ ਤਾਂ ਪੁਲਿਸ ਨੇ ਬੇਗੁਨਾਹਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਐਕਸ਼ਨ ਏਨੀ ਫੁਰਤੀ ਵਾਲਾ ਸੀ ਕਿ ਅਸਲੀ ਕਾਤਲਾਂ ਦਾ ਕੁਝ ਵੀ ਪਤਾ ਹੀ ਨਹੀਂ ਸੀ ਲੱਗ ਰਿਹਾ। ਜਦੋਂ ਇਹ ਬੇਇਨਸਾਫ਼ੀ ਸ੍ਰੀ ਭੈਣੀ ਸਾਹਿਬ ਨੇ ਦੇਖੀ ਤਾਂ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਜਾਓ ਤੇ ਜਾ ਕੇ ਪੇਸ਼ ਹੋਵੋ। ਜੇ ਗਊਆਂ ਨੂੰ ਬਚਾਇਆ ਹੈ ਤਾਂ ਇਹਨਾਂ ਬੇਗੁਨਾਹਾਂ ਨੂੰ ਵੀ ਬਚਾਓ। ਗਊ ਦੇ ਕਾਤਲਾਂ ਨੂੰ ਸੋਧਣ ਦਾ ਪੁੰਨ ਕਮਾਇਆ ਹੈ ਤਾਂ ਹੁਣ ਬੇਗੁਨਾਹਾਂ ਨੂੰ ਸਜ਼ਾਵਾਂ ਦੁਆਉਣ ਦਾ ਪਾਪ ਨਾ ਕਮਾਓ। ਹੁਕਮ ਮੰਨਦਿਆਂ ਬੁੱਚੜਾਂ ਦੇ ਕਾਤਲ ਨਾਮਧਾਰੀ ਸਿੰਘ ਸੂਰਮੇ ਸਰਕਾਰੇ ਦਰਬਾਰੇ ਪੇਸ਼ ਹੋ ਗਏ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਿਊਣ ਵਾਲੇ ਨਾਮਧਾਰੀਆਂ ਨੇ ਖੁਦ ਇਹਨਾਂ ਕਤਲਾਂ ਨੂੰ ਕਬੂਲ ਕੀਤਾ। ਬੇਗੁਨਾਹਾਂ ਨੂੰ ਮੁਕਤ ਕਰਵਾਇਆ। ਲੁਕਾਏ ਗਏ ਹਥਿਆਰ ਖੁਦ ਬਰਾਮਦ ਕਰਾਏ ਅਤੇ ਸਜ਼ਾਵਾਂ ਕਬੂਲ ਕੀਤੀਆਂ। 
....ਤੇ ਹੁਣ ਇੱਕ ਇਹ ਵੀ ਵੇਲਾ ਹੈ। ਨਾਮਧਾਰੀ ਹੈਡ ਕੁਆਟਰ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੁਰੂ ਮਾਂ ਦਾ ਕਤਲ ਹੋ ਜਾਂਦਾ ਹੈ ਅਤੇ ਭਾਰੀ ਸਕਿਓਰਿਟੀ ਪ੍ਰਬੰਧਾਂ ਦੇ ਬਾਵਜੂਦ ਨਾ ਤਾਂ ਕਾਤਲਾਂ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕਿਸੇ ਚਸ਼ਮਦੀਦ ਦੀ ਜ਼ਮੀਰ ਜਾਗਦੀ ਹੈ। ਗੁਰ ਗੱਦੀ ਦੇ ਵਿਵਾਦ ਨੂੰ ਲੈ ਕੇ ਅਲੱਗ ਹੋਏ ਦੋ ਸੱਕੇ ਠਾਕੁਰ ਭਰਾ ਪੰਥ ਅਤੇ ਦੁਨੀਆ ਵਾਲੀ ਏਕਤਾ ਦੀ ਗੱਲ ਤਾਂ ਕਰਦੇ ਹਨ ਪਰ ਖੁਦ ਇੱਕ ਨਹੀਂ ਹੁੰਦੇ। ਆਪਣੀ ਕਹਿਣੀ ਨੂੰ ਕਰਨੀ ਵਾਲੀ ਮਿਸਾਲ ਵਿੱਚ ਨਹੀਂ ਬਦਲਦੇ। ਜਦੋਂ ਮਾਂ ਦੇ ਕਤਲ ਮਗਰੋਂ ਵੀ ਪੁੱਤਰਾਂ ਦੀ ਜ਼ਮੀਰ ਨਾ ਜਾਗੇ ਤਾਂ ਇਸਦਾ ਫਾਇਦਾ ਹਮੇਸ਼ਾਂ ਬਾਹਰਲੇ ਹੀ ਉਠਾਉਂਦੇ ਹਨ। ਹੁਣ ਵੀ ਉਠਾ ਰਹੇ ਹਨ। ਨਾਮਧਾਰੀਆਂ ਦਾ ਵੋਟ ਬੈਂਕ ਹੁਣ ਨਾਮਧਾਰੀਆਂ ਦੇ ਖਿਲਾਫ ਹੀ ਹਥਿਆਰ ਬਣ ਚੁੱਕਿਆ ਹੈ। ਇਸ ਮਕਸਦ ਲਈ  ਰੋਸ ਮਾਰਚ ਬਸ ਸ਼ਕਤੀ ਪ੍ਰਦਰਸ਼ਨ ਬਣ ਕੇ ਹੀ ਰਹਿ ਗਏ ਹਨ। ਇਹਨਾਂ ਦੋਹਾਂ ਦੇ ਸਮਰਥਕ ਵੀ ਇਹਨਾਂ ਨੂੰ ਨਾਂ ਤਾਂ ਏਕਤਾ ਲਈ ਮਜਬੂਰ ਕਰਦੇ ਹਨ ਅਤੇ ਨਾ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਭਾਲ ਲਈ ਮਜਬੂਰ ਕਰਦੇ ਹਨ। ਕਿਲੇਬੰਦੀ ਵਰਗੇ ਹੈਡ ਕੁਆਟਰ ਵਿੱਚ ਗੁਰੂ ਮਾਂ ਦਾ ਕਤਲ ਹੋ ਜਾਵੇ ਤੇ ਚਸ਼ਮਦੀਦਾਂ ਸਮੇਤ ਦੋਹਾਂ ਧੜਿਆਂ ਦੇ ਮੈਂਬਰ ਕਹਿਣ ਜੀ ਸਾਨੂੰ ਨਹੀਂ ਪਤਾ ਸਾਡੀ ਮਾਂ ਨੂੰ ਕੌਣ ਕਤਲ ਕਰ ਗਿਆ ਅਤੇ ਫਿਰ ਕਿੱਧਰ ਅਲੋਪ ਹੋ ਗਿਆ? ਪੁਲਿਸ ਜੀ ਤੁਸੀਂ ਲਭੋ! ਸਰਕਾਰ ਜੀ ਤੁਸੀਂ ਲਭੋ! ਸਾਨੂੰ ਕੁਝ ਨਹੀਂ ਪਤਾ; ਸਾਡੀ ਮਾਂ  ਦਾ ਕਾਤਲ ਕੌਣ? ਯਕੀਨ ਨਹੀਂ ਆਉਂਦਾ ਕਿ ਅਜਿਹੀ ਬੇਬਸੀ ਦੀ ਹਾਲਤ ਵਿੱਚ ਪਹੁੰਚੇ ਨਾਮਧਾਰੀਆਂ ਨੇ ਕਦੇ ਸਰਕਾਰ ਦੇ ਸਮਾਂਤਰ ਡਾਕ ਸਿਸਟਮ ਚਲਾਇਆ ਹੋਏਗਾ ਜਾਂ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਲਿਖੇ ਹੋਣਗੇ। 
ਫਾਈਲ  ਫੋਟੋ:ਨਾਮਧਾਰੀ ਔਰਤਾਂ ਵੱਲੋਂ ਰੋਸ ਮਾਰਚ 8 ਮਾਰਚ 2017
ਇਸ ਸਾਰੀ ਸਥਿਤੀ ਬਾਰੇ ਇੱਕ ਵਾਰ ਫੇਰ ਸਾਹਮਣੇ ਆਈ ਹੈ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਇੱਕ ਬਿਆਨ ਨਾ।
ਇਸ ਕਮੇਟੀ ਨੇ ਭੈਣੀ ਸਾਹਿਬ ਵਾਲੀ ਧਿਰ ਵੱਲੋਂ ਕੱਢੇ ਗਏ ਰੋਸ ਮਾਰਚ ਨੂੰ "ਜਲੂਸ" ਦੱਸਦਿਆਂ ਇੱਕ ਡਰਾਮਾ ਆਖਿਆ ਹੈ। ਨਾਮਧਾਰੀ ਪੰਥਕ ਏਕਤਾ ਦੇ ਆਗੂ ਸ੍ਰ: ਬਚਿੱਤਰ ਸਿੰਘ ਭੁਰਜੀ ਨੇ ਪਿਛਲੇ ਦਿਨੀ ਅੱਸੂ ਦੇ ਮੇਲੇ ਸਮੇਂ ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਲਈ ਜੋ ਜਲੂਸ ਭੈਣੀ ਸਾਹਿਬ ਦੀ ਕਬਜਾਧਾਰੀ ਕਮੇਟੀ ਵੱਲੋਂ ਕੱਢਿਆ ਗਿਆ ਸੀ। ਉਸ ਉਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਜਲੂਸ ਸਿਰਫ ਤੇ ਸਿਰਫ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਵੱਲੋਂ ਰਚਿਆ ਗਿਆ ਇੱਕ ਬਹੁਤ ਵੱਡਾ ਡਰਾਮਾ ਹੈ ਕਿਓਂਕਿ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਇਹ ਜਲੂਸ ਕੱਢਿਆ ਹੈ, ਉਹ ਆਪ ਹੀ ਮਾਤਾ ਜੀ ਦੇ ਬਹੁਤ ਵੱਡੇ ਵਿਰੋਧੀ ਸਨ ਅਤੇ ਉਹਨਾਂ ਨੂੰ ਹਰੇਕ ਤਰਾਂ ਨਾਲ ਤੰਗ ਕਰਦੇ ਸਨ। ਹੁਣ ਜਦ ਮਾਤਾ ਜੀ ਦੇ ਕਤਲ ਦੀ ਸੂਈ ਪੂਰੀ ਤਰਾਂ ਇਹਨਾਂ ਉਪਰ ਆ ਕੇ ਰੁਕ ਗਈ ਹੈ, ਕਬਜਾਧਾਰੀ ਇਸ ਨੂੰ ਕਿਸੇ ਹੋਰ ਪਾਸੇ ਕਰਨ ਲਈ ਇਹੋ ਜਿਹੇ ਜਲੂਸਾਂ ਦਾ ਸਹਾਰਾ ਲੈ ਰਹੇ ਹਨ।
ਸ੍ਰੀ ਭੁਰਜੀ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਕਾਬਿਜ਼ ਧਿਰ ਸਰਕਾਰੀ ਜਾਂਚ ਏਜੰਸੀਆਂ ਅਤੇ ਸੰਗਤ ਨੂੰ ਗੁੰਮਰਾਹ ਕਰਨ ਲਈ ਇਹੋ ਜਿਹੇ ਡਰਾਮੇ ਰੱਚਦੀ ਆ ਰਹੀ ਹੈ ਜਿਵੇ ਕਿ ਸਰਕਾਰ ਨੇ ਮਾਤਾ ਚੰਦ ਕੌਰ ਜੀ ਦੇ ਕਾਤਲ ਦਾ ਪਤਾ ਦੱਸਣ ਵਾਲੇ ਲਈ 10 ਲੱਖ ਦਾ ਇਨਾਮ ਰੱਖਿਆ ਸੀ। ਉਦੋਂ ਵੀ ਡਰ ਦੇ ਮਾਰੇ, ਸੱਚੇ ਹੋਣ ਲਈ ਇਹਨਾਂ ਨੇ ਆਪਣੇ ਵੱਲੋ 20 ਲੱਖ ਦਾ ਇੱਕ ਹੋਰ ਇਨਾਮ ਨਾਲ ਰੱਖ ਦਿੱਤਾ। ਮਾਤਾ ਜੀ ਦਾ ਕਤਲ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਇੱਕ ਬਹੁਤ ਵੱਡੀ ਸ਼ਾਜਿਸ਼ ਅਧੀਨ ਕਰਵਾਇਆ ਗਿਆ ਸੀ। ਪਰ ਇਸ ਵਾਰ ਰੋਸ ਮਾਰਚ ਦੀ ਸੱਚਾਈ ਕੁੱਝ ਹੋਰ ਸੀ। ਇਹ ਰੋਸ ਮਾਰਚ ਕਰਕੇ ਕਾਗਰਸ ਦੇ ਸਾਬਕਾ ਪ੍ਰਧਾਨ ਐਚ ਐਸ ਹੰਸਪਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਖੇ ਹੋਈ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਰਟੀ ਦੀ ਜਿੱਤ ਹੋਈ ਹੈ। ਇਹ ਰੋਸ ਮਾਰਚ ਕਰਕੇ ਜਿਥੇ ਹੰਸਪਾਲ ਨੇ ਆਪਣੇ ਸਾਥੀਆ ਸਮੇਤ ਇਸ ਜਿੱਤ ਦੀ ਖੁਸ਼ੀ ਮਨਾਈ ਹੈ, ਦੂਜਾ ਉਥੇ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਉਪਰ ਆਪਣਾ ਭਰਪੂਰ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਮਾਤਾ ਜੀ ਦੇ ਕਤਲ ਕੇਸ ਦੀ ਸੱਚਾਈ ਠੰਡੇ ਬਸਤੇ ਵਿੱਚ ਪਈ ਰਹੇ।
ਸਾਰਿਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਇੰਨੀ ਹਾਈ ਪ੍ਰੋਫਾਇਲ ਸਕਿਊਰਟੀ ਦੌਰਾਨ ਕੋਈ ਵੀ ਵੱਡੇ ਤੋਂ ਵੱਡਾ ਅਪਰਾਧੀ ਬਾਹਰੋਂ ਆ ਕੇ ਮਾਤਾ ਜੀ ਦਾ ਕਤਲ ਨਹੀ ਕਰ ਸਕਦਾ। ਉਹ ਮਾਤਾ ਜੀ ਜਿਨਾਂ ਨੇ ਆਪਣੀ ਸਾਰੀ ਉਮਰ ਬਿਨਾ ਕਿਸੇ ਭੇਦ-ਭਾਵ ਤੋ ਸੇਵਾ ਕਰਦਿਆ ਕੱਢ ਦਿੱਤੀ ਹੋਵੇ। ਅੱਜ ਅਸੀ ਕਾਬਿਜ਼ ਧਿਰ ਨੂੰ ਤਾੜਨਾ ਕਰਦੇ ਹਾਂ ਕਿ ਉਹ ਇਹੋ ਜਿਹੇ ਡਰਾਮੇ ਕਰਨੇ ਬੰਦ ਕਰਨ ਅਤੇ ਅਗਰ ਉਹ ਸੱਚ ਵਿੱਚ ਹੀ ਮਾਤਾ ਜੀ ਨੂੰ ਪਿਆਰ ਕਰਦੇ ਹਨ ਤਾਂ ਅਸਲ ਦੋਸ਼ੀਆਂ ਨੂੰ ਆਪ ਪੁਲਿਸ ਦੇ ਹਵਾਲੇ ਕਰਨ। ਇਹ ਹੀ ਉਹਨਾਂ ਵੱਲੋ ਮਾਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਉਪਰ ਨਵਤੇਜ ਸਿੰਘ, ਗੁਰਦੀਪ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਹਰਦੀਪ ਸਿੰਘ ਨਾਮਧਾਰੀ, ਰਜਵੰਤ ਸਿੰਘ, ਮਨਿੰਦਰ ਸਿੰਘ ਅਤੇ ਡਾ: ਰਾਜਿੰਦਰ ਸਿੰਘ ਹਾਜ਼ਰ ਸਨ।
ਜੇ ਨਾਮਧਾਰੀ ਸੰਪਰਦਾ ਆਪਣੇ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਦੀ ਵਿਰਾਸਤ ਅਤੇ ਪ੍ਰੰਪਰਾਵਾਂ ਨੂੰ ਨਾ ਸੰਭਾਲ ਸਕੀ ਤਾਂ ਫਿਰ ਭਵਿੱਖ ਖਤਰਿਆਂ ਵਿੱਚ ਹੈ। ਸਿਆਸਤਾਂ ਨੂੰ ਸਰਬਉੱਚ ਰੱਖਣ ਵਾਲਿਆਂ ਕੋਲੋਂ ਧਰਮ ਨਾ ਤਾਂ ਚੱਲਦੇ ਹਨ  ਅਤੇ ਨਾ ਹੀ ਬਚਦੇ ਹਨ।  ਓਹ ਵੀ ਸਿਆਸਤਾਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ।  
ਜਾਇਦਾਦਾਂ, ਅਮੀਰੀਆਂ, ਹਥਿਆਰਾਂ ਅਤੇ ਮਾਇਆ ਦੇ ਭਰੇ ਖਜ਼ਾਨਿਆਂ ਨੂੰ ਹੀ ਸਰਬ ਉੱਚ ਸ਼ਕਤੀ ਸਮਝ ਕੇ ਇਹਨਾਂ ਉੱਤੇ ਟੇਕ ਰੱਖਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ :
ਜੋ ਡੂਬੇਗੀ ਕਸ਼ਤੀ ਤੋਂ ਡੂਬੋਗੇ ਸਾਰੇ 
ਨ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ। 



Monday, July 24, 2017

ਮਾਤਾ ਚੰਦ ਕੌਰ ਦੇ ਕਾਤਲ ਨਾ ਫੜੇ ਜਾਣ ਕਾਰਨ ਨਾਮਧਾਰੀ ਸੰਗਤਾਂ ਵਿੱਚ ਰੋਸ

ਨਾਮਧਾਰੀਆਂ ਨੂੰ ਭੈਅ ਮੁਕਤ ਕੀਤਾ ਜਾਏ ਤਾਂ ਸਾਰੇ ਸਹਿਯੋਗ ਕਰਨਗੇ 
ਲੁਧਿਆਣਾ: 24 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਸੰਪਰਦਾ ਦੇ ਪੈਰੋਕਾਰਾਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਪੁਲਿਸ ਦੇ ਕੁਝ ਵਿਅਕਤੀਆਂ ਸਮੇਤ ਸਮਾਜ ਦੇ ਕੁਝ ਹੋਰ ਵਰਗਾਂ ਵੱਲੋਂ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਨੂੰ ਸੂਬੇ ਦੇ ਬਾਕੀ ਪ੍ਰਮੁੱਖ ਕਤਲਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਾਮਧਾਰੀ ਸੰਪਰਦਾ ਦੇ ਪੈਰੋਕਾਰਾਂ ਨੇ ਬਾਕਾਇਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਅਸਲ ਵਿੱਚ ਇਹ ਸਭ ਕੁਝ ਮਾਤਾ ਚੰਦ ਕੌਰ ਦੇ ਕਤਲ ਦੀ ਘਟਨਾ ਨੂੰ ਠੰਡੇ ਬਸਤੇ ਵਿੱਚ ਪਾਉਣ ਵਾਲੀ ਸਾਜ਼ਿਸ਼ ਦਾ ਹੀ ਹਿੱਸਾ ਹੈ। 
ਉਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਕੁਝ ਹੋਰਨਾਂ ਨੇ ਸਪਸ਼ਟ ਕੀਤਾ ਕਿ ਅਸਲ ਵਿੱਚ ਮਾਤਾ ਚੰਦ ਕੌਰ ਦਾ ਕਤਲ ਇਹਨਾਂ ਸਾਰੇ ਮਾਮਲਿਆਂ ਤੋਂ ਬਿਲਕੁਲ ਵੱਖ ਹੈ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਇਹ ਸਭ ਕੁਝ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਮਕਸਦ ਲਈ ਸਬੰਧਿਤ ਧਿਰਾਂ ਵੱਲੋਂ ਕਾਤਲਾਂ ਕੋਲੋਂ ਮੋਟੀਆਂ ਰਕਮਾਂ ਹਾਸਿਲ ਕੀਤੀਆਂ ਗਈਆਂ ਹਨ। ਉਹਨਾਂ ਪੁੱਛਿਆ ਕਿ ਠਾਕੁਰ ਉਦੈ ਸਿੰਘ ਦੀ ਤਾਈ ਮਾਤਾ ਚੰਦ ਕੌਰ ਦਾ ਕਤਲ ਏਨੀ ਭਾਰੀ ਸੁਰੱਖਿਆ ਦੇ ਬਾਵਜੂਦ ਹੋ ਕਿਵੇਂ ਗਿਆ ?

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਹੋਰਨਾਂ ਨੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਕਹੀ ਗਈ ਇਸ ਗੱਲ ਦਾ  ਗੰਭੀਰ ਨੋਟਿਸ ਲਿਆ ਹੈ ਕਿ ਸਾਰੇ ਮਾਮਲੇ ਇੱਕੋ ਜਿਹੇ ਹੀ ਹਨ ਇਸ ਲਈ ਪੁਲਿਸ ਸਾਰੇ ਮਾਮਲਿਆਂ ਨੂੰ ਕਲੱਬ ਕਰਕੇ ਦੇਖ ਰਹੀ ਹੈ।  ਇਸ ਤਰਾਂ ਪੁਲਿਸ ਦੇ ਹੱਥ ਕਾਫੀ ਕੁਝ ਲੱਗ ਸਕਦਾ ਹੈ। 

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਅਤੇ ਹੋਰਨਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਸਲ ਵਿੱਚ ਅਜਿਹੀ ਸੋਚ ਵਾਲੀ ਜਾਂਚ ਨਾਲ ਅਸਲੀ ਕਾਤਲ ਕਦੇ ਵੀ ਹੱਥ ਨਹੀਂ ਆਉਣੇ। ਜ਼ਿਕਰ ਯੋਗ ਹੈ ਕਿ ਅਤੀਤ ਵਿੱਚ ਪੱਤਰਕਾਰ ਰਹੇ ਸਰਦਾਰ ਭੁਰਜੀ ਆਪਣੀ ਵੱਖਰੀ ਅਤੇ ਘੋਖਵੀਂ ਨਜ਼ਰ ਲਈ ਪ੍ਰਸਿੱਧ ਰਹੇ ਹਨ। ਉਹ ਦੀਵਾਰਾਂ ਪਿੱਛੇ ਲੁਕੇ ਤੱਥਾਂ ਨੂੰ ਵੀ ਦੇਖਣ ਵਿੱਚ ਮਾਹਰ ਹਨ। ਸਰਦਾਰ ਭੁਰਜੀ ਨੇ ਕਿਹਾ ਕਿ ਮਾਤਾ ਚੰਦ ਕੌਰ ਦਾ ਕਤਲ ਵਿਸ਼ਾਲ ਕਿਲੇ ਜਿਹੀ ਸੁਰੱਖਿਆ ਵਰਗੇ ਪਾਵਨ ਅਸਥਾਨ ਸ੍ਰੀ ਭੈਣੀ ਸਾਹਿਬ ਦੇ ਅੰਦਰ ਹੋਇਆ ਹੈ ਜਿੱਥੇ ਠਾਕੁਰ ਉਦੈ ਸਿੰਘ ਅਤੇ ਜਗਤਾਰ ਸਿੰਘ ਦੀ ਮਰਜ਼ੀ ਬਿਨਾ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਉਹਨਾਂ ਇਸ ਗੱਲ ਦਾ ਹਵਾਲਾ ਦਿੱਤਾ ਕਿ ਠਾਕੁਰ ਉਦੈ ਸਿੰਘ ਦੀ ਸੱਕੀ ਮਾਂ ਬੇਬੇ ਦਲੀਪ ਕੌਰ ਅਤੇ ਸੱਕੇ ਭਰਾ ਠਾਕੁਰ ਦਲੀਪ ਸਿੰਘ ਨੂੰ ਵੀ ਭੈਣੀ ਸਾਹਿਬ ਦੇ ਦਰਸ਼ਨਾਂ ਤੱਕ ਲਈ ਨਹੀਂ ਜਾਣ ਦਿੱਤਾ ਜਾਂਦਾ। ਜਿੱਥੇ ਠਾਕੁਰ ਉਦੈ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਾਹੀਂ ਹੋ ਸਕਦੇ ਉੱਥੇ ਬਾਹਰਲੇ ਕਾਤਲ ਕਿਵੇਂ ਦਾਖਲ ਹੋ ਸਕਦੇ ਹਨ? 
ਨਾਮਧਾਰੀ ਬਚਿੱਤਰ ਸਿੰਘ ਭੁਰਜੀ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਇਸ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਅਜੇ ਤੱਕ ਮਾਮੂਲੀ ਜਿਹੀ ਜਾਣਕਾਰੀ ਵੀ ਦੁਨੀਆ ਸਾਹਮਣੇ ਨਹੀਂ ਲਿਆ ਸਕੀ। 

ਸਰਦਾਰ ਭੁਰਜੀ ਨੇ ਕਿਹਾ ਕਿ ਜੇ ਪੁਲਿਸ ਆਪਣੇ ਅਸਲੀ ਪੁਲਸੀਆ ਢੰਗ ਤਰੀਕ ਨਾਲ ਸਾਰੇ ਮਾਮਲੇ ਨੂੰ ਆਪਣੀ ਪਕੜ ਵਿੱਚ ਲੈਂਦੀ ਤਾਂ ਅਸਲੀ ਕਾਤਲਾਂ ਦਾ ਪਤਾ ਦਸਾਂ ਮਿੰਟਾਂ ਤੋਂ ਵੀ ਪਹਿਲਾਂ ਲੱਗ ਜਾਣਾ ਸੀ। ਉਹਨਾਂ ਕਿਹਾ ਕਿ 16 ਮਹੀਨੇ ਥੋਹੜੇ ਨਹੀਂ ਹੁੰਦੇ ਅਤੇ ਪੰਜਾਬ ਪੁਲਿਸ ਕੋਈ ਨਿਕੰਮੀ ਪੁਲਿਸ ਨਹੀਂ ਹੈ[ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਜੀ ਬਹੁਤ ਹੀ ਇਮਾਨਦਾਰ ਅਫਸਰ ਹਨ।  ਇਸ ਲਈ ਉਹਨਾਂ ਦੇ ਹੁੰਦਿਆਂ ਪੰਜਾਬ ਪੁਲਿਸ  ਦਾ ਇਹ ਹਾਲ ਕਿਵੇਂ ਹੋ ਗਿਆ ਜਿਸਨੂੰ ਅਸਲੀ ਕਾਤਲਾਂ ਦੀ ਸੂਹ ਤੱਕ ਨਾ ਮਿਲ ਸਕੇ। ਉਹਨਾਂ ਕਿਹਾ ਕਿ ਜੇ ਪੁਲਿਸ ਉੱਤੇ ਸਿਆਸੀ ਦਬਾਅ ਹੈ ਤਾਂ ਵੀ ਮਾੜੀ ਗੱਲ ਹੈ ਅਤੇ ਜੇ ਪੁਲਿਸ ਦੇ ਕੁਝ ਕੁ ਅਧਿਕਾਰੀ ਕਾਤਲਾਂ ਵੱਲੋਂ ਖਰੀਦ ਲਏ ਗਏ ਹਨ ਤਾਂ ਉਸ ਤੋਂ ਵੀ ਮਾੜੀ ਗੱਲ ਹੈ।

ਸ੍ਰੀ ਭੈਣੀ ਸਾਹਿਬ ਦੀ ਕਿਲ੍ਹੇਬੰਦ ਸੁਰੱਖਿਆ ਵਾਲੀ ਪਹਿਰੇਦਾਰੀ ਦਾ ਚਾਰਜ ਉਸ ਵੇਲੇ ਵੀ ਕਿਸ ਕੋਲ ਸੀ ਇਹ ਸਾਰੇ ਜਾਣਦੇ ਹਨ। ਕਾਤਲ ਕਿਹਨਾਂ ਦੇ ਸਹਿਯੋਗ ਨਾਲ ਅੰਦਰ ਪਹੁੰਚੇ ਹੋਣਗੇ ਇਸ ਬਾਰੇ ਆਂਦਾ ਲਾਉਣਾ ਕੋਈ ਔਖਾ ਨਹੀਂ। ਗੋਲੀ ਲੱਗਣ ਮਗਰੋਂ ਮਾਤਾ ਜੀ ਦੇ ਇਲਾਜ ਵਿੱਚ ਦੇਰੀ ਕਰਨ ਕਰਾਉਣ ਵਾਲੇ ਵੀ ਨਿਸਚੇ ਹੀ ਮਾਤਾ ਜੀ ਦੇ ਕਾਤਲਾਂ ਦੀ ਹੀ ਸਹਾਇਤਾ ਕਰ ਰਹੇ ਸਨ। ਹੁਣ ਉਹਨਾਂ ਨੂੰ ਬੇਨਕਾਬ ਕਰਨਾ ਜਾਂਚ ਏਜੰਸੀਆਂ ਦਾ ਹੀ ਕੰਮ ਹੈ। 

ਆਈ ਜੀ ਅਤੇ ਪੁਲਿਸ ਕਮਿਸ਼ਨਰ 'ਤੇ ਆਧਾਰਿਤ ਐਸ ਆਈ ਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਪੰਜਾਂ ਮਹੀਨਿਆਂ ਤੱਕ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਲੱਭ ਸਕੀ ਤਾਂ ਇਹ ਮਾਮਲਾ 17 ਸਤੰਬਰ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ। ਇਸਦੇ ਬਾਵਜੂਦ ਦਸਾਂ ਮਹੀਨਿਆਂ ਤੱਕ ਰਿਜ਼ਲਟ ਜ਼ੀਰੋ। ਕੀ ਹੁਣ ਮੰਨ ਲਿਆ ਜਾਏ ਕਿ ਕਾਤਲਾਂ ਦਾ ਨੈਟਵਰਕ ਅਤੇ ਸਟਾਈਲ ਹਰ ਮਾਮਲੇ ਵਿੱਚ ਪੁਲਿਸ ਤੋਂ ਚਾਰ ਕਦਮ ਅੱਗੇ ਰਿਹਾ? ਸਰਦਾਰ ਭੁਰਜੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸਾਰੇ ਦਬਾਵਾਂ ਅਤੇ ਲਾਲਚਾਂ ਤੋਂ ਮੁਕਤ ਹੋ ਕੇ ਪੇਸ਼ੇਵਾਰਾਨਾ ਪਹੁੰਚ ਅਪਨਾਉਣੀ ਚਾਹੀਦੀ ਹੈ ਵਰਨਾ ਪੁਲਿਸ ਦੀ ਸਾਖ ਪਹੁੰਚ ਵਾਲੇ ਅਤੇ ਤਗੜੇ ਵਿਅਕਤੀਆਂ ਦੀ ਪ੍ਰਾਈਵੇਟ ਸਕਿਓਰਿਟੀ ਵਾਲੀ ਬਣ ਜਾਵੇਗੀ। ਉਸਦੀ ਸਟੇਟ ਸਕਿਓਰਿਟੀ ਵਾਲੀ ਸਾਖ ਸ਼ੱਕ ਦੇ ਘੇਰੇ ਵਿੱਚ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਪੁਲਿਸ ਇਸ ਮਾਮਲੇ ਵਿੱਚ ਗੰਭੀਰ ਹੋਵੇ ਅਤੇ ਆਮ ਨਾਮਧਾਰੀਆਂ ਨੂੰ ਭੈਅ ਮੁਕਤ ਕਰ ਸਕੇ ਤਾਂ ਸਮੁੱਚਾ ਨਾਮਧਾਰੀ ਪੰਥ ਇਸ ਸਬੰਧੀ ਪੁਲਿਸ ਨੂੰ ਸਹਿਯੋਗ ਕਰੇਗਾ। ਇਸਦੇ ਨਾਲ ਹੀ ਉਹਨਾਂ ਸਮੂਹ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਹ ਪੁਲਿਸ ਨੂੰ ਆਪੋ ਆਪਣੇ ਸਿਆਸੀ ਮੰਤਵਾਂ ਲਈ ਵਰਤਣਾਂ ਛੱਡ ਦੇਣ। 
ਇਸ ਮੋਕੇ ਤੇ ਹਰਵਿੰਦਰ ਸਿੰਘ ਨਾਮਧਾਰੀ , ਪ੍ਰਧਾਨ ਹਰਭਜਨ ਸਿੰਘ , ਮੋਹਨ ਸਿੰਘ, ਬਲਵੰਤ ਸਿੰਘ , ਮਨਿੰਦਰ ਸਿੰਘ ਭੁੱਲਰ , ਮਾਨ ਸਿੰਘ, ਰਜਿੰਦਰ ਸਿੰਘ ਨਾਮਧਾਰੀ, ਕੁਲਵੰਤ ਸਿੰਘ ਹਾਜਰ ਸਨ।