Friday, December 21, 2018

21 ਦਸੰਬਰ ਨੂੰ ਤਿਆਗ ਦਿਵਸ ਵੱਜੋਂ ਮਨਾਉਣ ਦੀ ਜ਼ੋਰਦਾਰ ਸ਼ੁਰੂਆਤ

ਬੀਤੇ ਸਮੇਂ ਨੂੰ ਯਾਦ ਕਰਦਿਆਂ ਨਾਮਧਾਰੀ ਸੰਗਤਾਂ ਵਿੱਚ ਉੱਠੇ ਅਹਿਮ ਸੁਆਲ
ਲੁਧਿਆਣਾ: 21 ਦਸੰਬਰ 2018: (ਪੰਜਾਬ ਸਕਰੀਨ ਬਿਊਰੋ):: 
ਸਤਿਗੁਰੂ ਜਗਜੀਤ ਸਿੰਘ ਜੀ ਪਸ਼ੂਆਂ ਨੂੰ ਵੀ ਬਹੁਤ ਪ੍ਰੇਮ ਕਰਿਆ ਕਰਦੇ ਸਨ। ਮੋਰ ਉਹਨਾਂ ਦੇ ਹੱਥਾਂ ਤੇ ਆ ਕੇ ਚੋਗਾ ਚੁਗਿਆ ਕਰਦੇ ਸਨ। ਜੇ ਕਦੇ ਕਿਸੇ ਦਰਖਤ ਦੇ ਹੇਠਾਂ ਲੰਮੇ ਪਿਆਂ ਜਾਂ ਬੈਠਿਆਂ ਪੰਛੀਆਂ ਨੇ ਜ਼ਿਆਦਾ ਸ਼ੋਰ ਸ਼ਰਾਬਾ ਕਰਨਾ ਤਾਂ ਵੀ ਉਹਨਾਂ ਪੰਛੀਆਂ ਨੂੰ ਉਡਾਉਣ ਲਈ ਕੋਈ ਵੱਟਾ ਮਾਰਨ ਦੀ ਸਖਤ ਮਨਾਹੀ ਸੀ। ਇਸ ਸ਼ੋਰ ਨੂੰ ਬੰਦ ਕਰਾਉਣ ਜਾਂ ਉਹਨਾਂ ਰੌਲਾ ਪਾਉਂਦੇ ਪੰਛੀਆਂ ਨੂੰ ਉੱਥੋਂ ਉਡਾਉਣ ਲਈ ਕਿਸੇ ਛੋਟੇ ਜਿਹੇ ਸ਼ੀਸ਼ੇ ਦੀ ਲਿਸ਼ਕੌਰ ਉਸ ਦਰਖਤ ਉਪੱਰ ਮਾਰੀ ਜਾਂਦੀ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਕਿੰਨੇ ਸੰਵੇਦਨਸ਼ੀਲ ਅਤੇ ਦਿਆਵਾਨ ਸਨ। ਸ਼ਾਇਦ ਕੋਈ ਨਹੀਂ ਸੀ ਜਾਣਦਾ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਧਰਮਪਤਨੀ ਮਾਤਾ ਚੰਦ ਕੌਰ ਨੂੰ ਇਸੇ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੋਲੀਆਂ ਨਾਲ ਵਿੰਨ ਦਿੱਤਾ ਜਾਵੇਗਾ। ਸ਼ਾਂਤੀ ਬਦਲੇ ਗੋਲੀ---ਸ਼ਾਇਦ ਇਹੀ ਤੁਰਿਆ ਆ ਰਿਹਾ ਹੈ ਦੁਨੀਆ ਦਾ ਇਤਿਹਾਸ। ਕੌਣ ਹਨ ਨਾਮਧਾਰੀ ਸੰਗਤਾਂ ਦੇ ਮੁਜਰਿਮ? ਕਿਵੇਂ ਪਹੁੰਚਿਆ ਜਾ ਸਕਦਾ ਹੈ ਚਾਰ ਅਪਰੈਲ ਵਾਲੇ ਹਮਲਾਵਰਾਂ ਤਕ? ਕਿਵੇਂ ਬੇਨਕਾਬ ਹੋਣਗੇ ਮਾਤਾ ਚੰਦ ਕੌਰ ਦੇ ਕਾਤਲ? ਇਹਨਾਂ ਸੁਆਲਾਂ ਦੇ ਜੁਆਬ ਲੱਭਣ ਲਈ 21 ਦਸੰਬਰ ਵਾਲੇ ਤਿਆਗ ਦਿਵਸ ਦਾ ਪਿਛੋਕੜ ਸਮਝਣਾ ਵੀ ਜ਼ਰੂਰੀ ਹੈ। 
ਮਾਤਾ ਚੰਦ ਕੌਰ ਬਾਰੇ ਸਭਨਾਂ ਦੇ ਅਨੁਭਵ ਬਹੁਤ ਮਿੱਠੇ ਸਨ। ਕਿਸੇ ਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਵੀ ਨਹੀਂ ਸੀ ਪਰ ਏਕਤਾ ਦੇ ਦੋਖੀ ਉਹਨਾਂ ਤੋਂ ਬੇਹੱਦ ਦੁਖੀ ਸਨ। ਜੀਵਨ ਨਗਰ ਵਿਖੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ 21 ਦਸੰਬਰ 2012 ਨੂੰ ਪਏ ਭੋਗ ਮੌਕੇ ਮਾਤਾ ਚੰਦ ਕੌਰ ਨੂੰ ਗੁਰੂਤਾ ਗੱਦੀ ਸੌਂਪ ਦਿੱਤੀ ਗਈ ਸੀ। ਇਸ ਤਰ੍ਹਾਂ ਉਹ ਨਾਮਧਾਰੀ ਪੰਥ ਦੇ ਪਹਿਲੇ ਮਹਿਲਾ ਗੁਰੂ ਬਣੇ। 
 ਟਕਰਾਓ ਹਾਲਾਤ ਨੂੰ ਦੇਖਦਿਆਂ--ਏਕਤਾ ਕਰਵਾਉਣ ਲਈ ਉਹਨਾਂ ਅੱਜਕਲ੍ਹ ਦੇ ਵਿੱਚ ਹੀ ਇਸ ਅਧਿਕਾਰ ਦੀ ਵਰਤੋਂ ਕਰਦਿਆਂ ਨਾਮਧਾਰੀ ਪੰਥ ਨੂੰ ਇੱਕ ਕਰਨ ਲਈ ਕੋਈ ਠੋਸ ਐਲਾਨ ਵੀ ਕਰਨਾ ਸੀ।  ਦੋਹਾਂ ਠਾਕੁਰ ਭਰਾਵਾਂ-ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੇ ਸਿੰਘ ਹੁਰਾਂ ਨੂੰ ਵੱਖਰੀ-ਵੱਖਰੀ ਜ਼ਿੰਮੇਵਾਰੀ ਵੀ ਸੌਂਪੀ ਜਾਣੀ ਸੀ। ਇਸ ਐਲਾਨ ਦੇ ਨਾਲ ਹੀ ਦੋਹਾਂ ਪਾਸਿਆਂ ਦੀ ਨਾਮਧਾਰੀ ਸੰਗਤ ਨੂੰ ਪਹਿਲਾਂ ਵਾਂਗ ਹੀ ਭੈਣੀ ਸਾਹਿਬ ਵਿਖੇ ਆਉਣ-ਜਾਣ ਦੀ ਖੁੱਲ ਮਿਲ ਜਾਣੀ ਸੀ। ਇਸ ਤਪੋਭੂਮੀ ਤੇ ਆ ਕੇ ਇਸ ਦੀ ਧੂੜ ਮਸਤਕ ਨੂੰ ਲਾਉਣ ਦਾ ਮੌਕਾ ਜੀਵਨ ਨਗਰ ਵਾਲੀ ਸੰਗਤ ਦੇ ਨਸੀਬਾਂ ਵਿੱਚ ਵੀ ਪੱਕੇ ਤੌਰ 'ਤੇ ਲਿਖਿਆ ਜਾਣਾ ਸੀ। ਰੁਕਾਵਟਾਂ ਅਤੇ ਨਫਰਤਾਂ  ਖਤਮ ਹੋ ਜਾਣੀਆਂ ਸਨ। 
ਜਿਸ ਤਰਾਂ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰਾਂ ਨੂੰ ਅੱਜਕਲ ਭੈਣੀ ਸਾਹਿਬ ਵਿਖੇ ਆਉਣ ਦੀ ਮਨਾਹੀ ਹੈ  ਉਸ ਤਰਾਂ ਦਾ ਕੁਝ ਵੀ ਨਹੀਂ ਸੀ ਹੋਣਾ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਉੱਤੇ ਹੁੰਦੇ ਹਮਲਿਆਂ ਦਾ ਸਿਲਸਿਲਾ ਕਦੋਂ ਦਾ ਰੁਕ ਜਾਣਾ ਸੀ। ਮਾਤਾ ਚੰਦ ਕੌਰ ਦੀ ਦੂਰਦਰਸ਼ੀ ਨਜ਼ਰ ਨੇ ਇਹ ਸਭ ਕੁਝ ਬਹੁਤ ਪਹਿਲਾਂ ਹੀ ਨੀਝ ਨਾਲ ਦੇਖ ਲਿਆ ਸੀ। ਉਹੀ ਇੱਕ ਅਜਿਹੀ ਸ਼ਖਸੀਅਤ ਸਨ ਜਿਹਨਾਂ ਦਾ ਹੁਕਮ  ਖੂਨ ਖਰਾਬੇ ਅਤੇ ਨਫਰਤਾਂ ਨੂੰ ਰੋਕ ਕੇ ਸਤਿਗੁਰੂ ਰਾਮ ਸਿੰਘ ਦੀ ਬਣਾਈ ਮਰਿਯਾਦਾ ਨੂੰ ਬਹਾਲ ਕਰ ਸਕਦਾ ਸੀ।
ਇਸ ਐਲਾਨ ਦੇ ਵਿਰੋਧੀ ਕੌਣ ਹੋ ਸਕਦੇ ਸਨ? ਇਸ ਖੂਨਖਰਾਬੇ ਨੂੰ ਰੋਕਣ ਦੇ ਹੀਲੇ ਵਸੀਲੇ ਕੌਣ ਨਾਕਾਮ ਬਣਾਉਣਾ ਚਾਹੁੰਦੇ ਸਨ? ਸ਼ਾਂਤੀ ਦੇ ਵਿਰੋਧੀ ਕੌਣ ਹੋ ਸਕਦੇ ਸਨ? ਇਹਨਾਂ ਸੁਆਲਾਂ ਦੇ ਜੁਆਬ ਸਾਰੀ ਸੰਗਤ ਜਾਣਦੀ ਹੈ। ਸ਼ਾਂਤੀ ਦੇ ਵਿਰੋਧੀਆਂ ਅਤੇ ਖੂਨ ਖਰਾਬੇ ਦੇ ਹਮਾਇਤੀਆਂ ਨੇ ਹੀ ਇੱਕ ਸਾਜਿਸ਼ ਰਚੀ ਅਤੇ ਇਸ ਸਾਜ਼ਿਸ਼ ਦੇ ਤਹਿਤ ਹੀ ਮਾਤਾ ਚੰਦ ਕੌਰ ਨੂੰ ਦਿਨ ਦਿਹਾੜੇ ਗੋਲੀਆਂ ਦਾ ਨਿਸ਼ਾਨਾ ਬਣਵਾ ਦਿੱਤਾ ਗਿਆ।
ਉਹ ਕੌਣ ਲੋਕ ਸਨ ਜਿਹੜੇ ਸੁਰੱਖਿਆ ਪ੍ਰਬੰਧਾਂ ਨੂੰ ਉਲੰਘ ਸਕਦੇ ਸਨ? ਉਹ ਕੌਣ ਲੋਕ ਸਨ ਜਿਹਨਾਂ ਨੂੰ ਪਤਾ ਸੀ ਕਿ ਕਿਸ ਥਾਂ ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ। ਉਹ ਕੌਣ ਲੋਕ ਸਨ ਜਿਹੜੇ ਨਹੀਂ ਸਨ ਚਾਹੁੰਦੇ ਕਿ ਮਾਤਾ ਚੰਦ ਕੌਰ ਏਕਤਾ ਕਰਨ ਵਾਲਾ ਐਲਾਨ ਸਾਰੀ ਸੰਗਤ ਸਾਹਮਣੇ ਕਰਨ? ਮਾਮੂਲੀ ਸਮਝ ਵਾਲਾ ਇਨਸਾਨ ਵੀ ਸੋਚੇ ਤਾਂ ਇਹਨਾਂ ਦੇ ਜਵਾਬ ਲਭਦਿਆਂ ਸੋਚ ਕਾਤਲਾਂ ਦੀ ਨਿਸ਼ਾਨਦੇਹੀ ਲਭਣ ਤੱਕ ਪਹੁੰਚ ਜਾਂਦੀ ਹੈ।
21 ਦਸੰਬਰ ਦਾ ਦਿਨ ਅਸਲ ਵਿੱਚ ਠਾਕੁਰ ਦਲੀਪ ਸਿੰਘ ਵੱਲੋਂ ਗੁਰਤਾਗੱਦੀ ਖੁਦ ਤਿਆਗ ਕੇ ਮਾਤਾ ਚੰਦ ਕੌਰ ਜੀ ਨੂੰ ਗੁਰੂ ਬਣਾਉਣ ਵਾਲਾ ਮਹਾਨ ਤਿਆਗ ਦਿਵਸ ਵੀ ਹੈ। ਮਾਤਾ ਚੰਦ ਕੌਰ ਜੀ ਨੂੰ ਗੁਰੁ ਬਣਾਉਣਾ ਹੀ ਏਕਤਾ ਦਾ ਇੱਕੋ ਇੱਕ  ਠੋਸ ਉਪਰਾਲਾ ਰਹਿ ਗਿਆ ਸੀ। ਇਸ ਏਕਤਾ ਲਈ ਠਾਕੁਰ ਦਲੀਪ ਸਿੰਘ ਜੀ ਨੇ ਖੁਦ ਨੂੰ ਮਿਲੀ ਗੁਰਤਾਗੱਦੀ ਤਿਆਗ ਦਿੱਤੀ। ਇਸ ਲਈ ਇਸ ਤਿਆਗ ਦਿਵਸ ਦੇ ਮੌਕੇ ਤੇ ਏਕਤਾ ਦੇ ਜਤਨਾਂ ਨੂੰ ਤੇਜ਼ ਕਰਨਾ ਹੀ ਮਾਤਾ ਚੰਦ ਕੌਰ ਜੀ ਨੂੰ ਵੀ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਵੀ। ਨਾਮਧਾਰੀ ਸੰਗਤਾਂ ਇਸ ਦਿਨ ਨੂੰ ਵੱਧ ਚੜ੍ਹ ਕੇ ਮਨਾਉਣ। ਥਾਂ-ਥਾਂ ਇਸ ਮਕਸਦ ਦੇ ਆਯੋਜਨ ਹੋ ਵੀ ਰਹੇ ਹਨ ਅਤੇ ਹੋਣੇ ਵੀ ਹਨ। ਸੰਗਤਾਂ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰ ਹੋਣ। ਇਸ ਦਿਨ ਦਾ ਪਰਚਲਣ ਲਗਾਤਾਰ ਵਧਣਾ ਹੈ। ਇਸ ਸ਼ਹਾਦਤ ਨੇ ਰੰਗ ਵੀ ਦਿਖਾਉਣਾ ਹੈ। ਇਸ ਤਿਆਗ ਦੀ ਤਪੱਸਿਆ ਨੇ ਵੀ  ਆਪਣੀ ਸ਼ਕਤੀ ਦਿਖਾਉਣੀ ਹੈ। ਹੁਣ ਦੇਖਣਾ ਹੈ ਕਿ ਕਿਹੜੀ ਕਿਹੜੀ ਸੰਗਤ ਇਸ ਖਾਸ ਦਿਨ ਦੀ ਸ਼ਕਤੀ ਨੂੰ ਵੇਲੇ ਸਿਰ ਪਹਿਚਾਣ ਲੈਂਦੀ ਹੈ।  ਠਾਕੁਰ ਦਲੀਪ ਸਿੰਘ ਦੀ ਨਾਮਧਾਰੀ ਸੰਗਤ ਇਸ ਦਿਨ ਦੀ ਅਹਿਮੀਅਤ ਨੂੰ ਬਹੁਤ ਪਹਿਲਾਂ ਹੀ ਸਮਝ ਚੁੱਕੀ ਸੀ ਪਰ ਇਸ ਨੂੰ ਹਰ ਵਾਰ ਮਨਾਉਣ ਦੀ ਸ਼ੁਰੂਆਤ ਸ਼ਾਇਦ ਇਸ ਵਾਰ ਹੀ ਹੋ ਰਹੀ ਹੈ। 

No comments: