Thursday:3rd September 2020 at 4:17 PM
ਨਵਤੇਜ ਸਿੰਘ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਵੀ ਮੰਗਿਆ ਸਹਿਯੋਗ
ਨਵਤੇਜ ਸਿੰਘ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਵੀ ਮੰਗਿਆ ਸਹਿਯੋਗ
ਅਜੇ ਤੱਕ ਕਿਓਂ ਨਹੀਉਂ ਫੜੇ ਜਾ ਸਕੇ ਮਾਤਾ ਚੰਦ ਕੌਰ ਹੁਰਾਂ ਦੇ ਕਾਤਲ? |
ਸ਼ੱਕੀ ਕਾਤਲਾਂ ਦੇ ਸਕੈਚ |
ਇਸ ਕਤਲ ਦੇ ਖਿਲਾਫ ਬਹੁਤ ਸਾਰੇ ਮੁਜ਼ਾਹਰੇ ਹੋਏ। ਠਾਕੁਰ ਉਦੈ ਸਿੰਘ ਦੇ ਸਮਰਥਕਾਂ ਵੱਲੋਂ ਵੀ ਭਾਰੀ ਮਾਰਚ ਹੋਏ ਅਤੇ ਠਾਕੁਰ ਦਲੀਪ ਸਿੰਘ ਹੁਰਾਂ ਦੇ ਸਮਰਥਕਾਂ ਨੇ ਵੀ ਭਾਰੀ ਮੁਜ਼ਾਹਰੇ ਕੀਤੇ। ਇਸ ਤਰਾਂ ਦੇ ਰੋਸ ਮੁਜ਼ਾਹਰੇ ਦਿੱਲੀ ਵਿੱਚ ਵੀ ਹੋਵੇ ਅਤੇ ਪੰਜਾਬ ਵਿੱਚ ਵੀ। ਪੁਲਿਸ ਦੀਆਂ ਟੀਮਾਂ ਨੇ ਸ੍ਰੀ ਭੈਣੀ ਸਾਹਿਬ ਵਿਖੇ ਕਤਲ ਵਾਲੀ ਥਾਂ ਦਾ ਦੌਰਾ ਵੀ ਕੀਤਾ ਪਰ ਅਜੇ ਤੱਕ ਕਾਤਲਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸੰਗਤਾਂ ਇਸ ਮਾਮਲੇ ਨੂੰ ਲੈ ਕੇ ਨਿਰਾਸ਼ ਹਨ।
ਦੂਜੇ ਪਾਸੇ ਬਾਲੀਵੁੱਡ ਦਾ ਹਰਮਨ ਪਿਆਰਾ ਨੌਜਵਾਨ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਵੀ ਇੱਕ ਦਿਨ ਆਪਣੇ ਘਰ ਵਿੱਚ ਹੀ ਅਚਾਨਕ ਚੱਲ ਵੱਸਿਆ। ਮੁਢਲੀਆਂ ਖਬਰਾਂ ਖ਼ੁਦਕੁਸ਼ੀ ਦੀਆਂ ਹੀ ਆਈਆਂ ਪਰ ਜਲਦੀ ਹੀ ਕਤਲ ਦੀ ਕਨਸੋਅ ਵੀ ਸੁਣਾਈ ਦੇਣ ਲੱਗੀ।
ਕਈ ਕਈ ਨਾਮ ਸਾਹਮਣੇ ਆਏ। ਕਈ ਤਰਾਂ ਦੀਆਂ ਕਹਾਣੀਆਂ ਵੀ ਸਕੂਪ ਵਾਂਗ ਛਪੀਆਂ। ਮੀਡੀਆ ਲਈ ਸਭ ਤੋਂ ਵੱਡੀ ਖਬਰ ਸੁਸ਼ਾਂਤ ਬਣ ਗਿਆ। ਕੋਰੋਨਾ ਵੀ ਪਿੱਛੇ ਰਹਿ ਗਿਆ। ਬੇਰੋਜ਼ਗਾਰੀ ਵੀ। ਮਹਿੰਗਾਈ ਵੀ ਅਤੇ ਬਾਕੀ ਸਾਰੇ ਮਾਮਲਿਆਂ ਦੀਆਂ ਖਬਰਾਂ ਵੀ ਅਲੋਪ ਵਰਗੀਆਂ ਹੋ ਗਈਆਂ। ਬਹੁਤ ਥੋਹੜੇ ਜਿਹੇ ਜ਼ਿੰਮੇਦਾਰ ਮੀਡੀਆ ਨੇ ਪੱਤਰਕਾਰਿਤਾ ਦੇ ਧਰਮ ਦੇ ਪਾਲਣਾ ਕੀਤੀ ਬਾਕੀ ਤਾਂ ਸਭ ਰੱਬ ਰਾਖਾ ਵਾਲਾ ਹਾਲ ਹੀ ਹੋ ਗਿਆ ਜਿਸ ਨੂੰ ਲੋਕ ਗੋਦੀ ਮੀਡੀਆ ਆਖਣ ਲੱਗ ਪਏ।
ਨਾਮਧਾਰੀ ਸੰਗਤ ਅਤੇ ਨਾਮਧਾਰੀ ਸਮਾਜ ਦੇ ਆਗੂਆਂ ਨੇ ਨਾਮਧਾਰੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਕੇਸ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਤੋਂ ਸੁਸ਼ਾਂਤ ਰਾਜਪੂਤ ਕਤਲ ਕੇਸ ਦੀ ਤਰਜ਼ ਤੇ ਇਸ ਮਾਮਲੇ ਵਿੱਚ ਵੀ ਤੇਜੀ ਲਿਆਉਣ ਦੀ ਮੰਗ ਕੀਤੀ ਹੈ। ਜਿਹੜੀ ਕਿ ਬਾਲੀਵੁੱਡ ਅਦਾਕਾਰ ਦੀ ਹੱਤਿਆ ਦੇ ਮਾਮਲੇ ਵਿਚ ਹਰ ਦਿਨ ਤੇਜੀ ਨਾਲ ਵੱਡੇ ਖੁਲਾਸੇ ਕਰ ਰਹੀ ਹੈ, ਮਗਰ ਮਾਤਾ ਚੰਦ ਕੌਰ ਜੀ ਦੇ ਦੋਸ਼ੀਆਂ ਦੀ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਭਾਲ ਨਹੀਂ ਕਰ ਸਕੀ ਹੈ।
ਮੀਡੀਆ ਦੇ ਇਸ ਰੋਲ ਨੂੰ ਸਾਰੀ ਦੁਨੀਆ ਨੇ ਦੇਖਿਆ। ਦੇਸ਼ ਵਿਦੇਸ਼ ਵਿੱਚ ਬੈਠੀ ਨਾਮਧਾਰੀ ਸੰਗਤ ਨੇ ਵੀ ਦੇਖਿਆ। ਇਸਦੇ ਨਾਲ ਹੀ ਇਹ ਵੀ ਦੇਖਿਆ ਕਿ ਜਾਂਚ ਏਜੰਸੀਆਂ ਇੱਕ ਦਮ ਰਾਤੋਰਾਤ ਸੁਸ਼ਾਂਤ ਕੇਸ ਦੇ ਮਗਰ ਪੈ ਗਈਆਂ। ਇਸ ਜਾਂਚ ਪੜਤਾਲ ਦੇ ਰਿਜ਼ਲਟ ਵੀ ਬਾਹਰ ਆਉਣ ਲੱਗੇ।
ਹੁਣ ਸੁਆਲ ਉੱਠਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਯੋਗਦਾਨ ਦੇਣ ਵਾਲੇ ਨਾਮਧਾਰੀਆਂ ਦੀ ਗੁਰੂ ਮਾਤਾ ਦੇ ਕਾਤਲਾਂ ਨੂੰ ਲੱਭਣਾ ਪੂਰੇ ਦੇਸ਼ ਨੂੰ ਜ਼ਰੂਰੀ ਨਹੀਂ ਜਾਪਿਆ। ਨਾ ਹੀ ਸਰਕਾਰਾਂ ਨੂੰ ਤੇ ਨਾ ਹੀ ਜਾਂਚ ਏਜੰਸੀਆਂ ਨੂੰ। ਮੀਡੀਆ ਨੇ ਵੀ ਇਸ ਏਨੇ ਵੱਡੇ ਕਤਲ ਵੱਲ ਉਹ ਤਵੱਜੋ ਨਹੀਂ ਦਿੱਤੀ ਜਿਹੜੀ ਦਿੱਤੀ ਜਾਣੀ ਚਾਹੀਦੀ ਸੀ।
ਦੇਸ਼, ਸਮਾਜ ਅਤੇ ਮੀਡੀਆ ਦੀ ਇਸ ਉਦਾਸੀਨਤਾ ਨਾਲ ਨਾਮਧਾਰੀਆਂ ਨੂੰ ਸਦਮਾ ਪਹੁੰਚਿਆ ਹੈ। ਨਵਤੇਜ ਸਿੰਘ ਨੇ ਉਸ ਘਟਨਾਕ੍ਰਮ ਦੀ ਯਾਦ ਦੁਆਉਂਦਿਆਂ ਕਿਹਾ ਕਿ ਮਾਤਾ ਚੰਦ ਕੌਰ ਜੀ ਦਾ ਕਤਲ 4 ਅਪ੍ਰੈਲ, 2016 ਨੂੰ ਸਵੇਰੇ ਕਰੀਬ 10.00 ਵਜੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਦੀ ਜਾਂਚ ਸੀ.ਬੀ.ਆਈ ਵੱਲੋਂ ਜਨਵਰੀ, 2017 ਨੂੰ ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਵੀ ਅਸਲ ਦੋਸ਼ੀ ਫੜੇ ਨਹੀਂ ਗਏ।
ਇਸਦੇ ਉਲਟ ਜਾਂਚ ਏਜੰਸੀਆਂ ਵੱਲੋਂ ਅੱਜ ਤੱਕ ਬੇਗੁਨਾਹ ਵਿਅਕਤੀਆਂ ਨੂੰ ਹੀ ਫੜਿਆ ਗਿਆ ਹੈ। ਜਦ ਕਿ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਰਾਜਪੂਤ ਦੇ ਕਤਲ ਸਮੇਂ ਹਰ ਇੱਕ ਵਿਅਕਤੀ ਅਤੇ ਉਸਦੇ ਕਰੀਬੀ ਪਾਸੋਂ ਸੀ.ਬੀ.ਆਈ ਬਹੁਤ ਹੀ ਬਰੀਕੀ ਅਤੇ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸਦੇ ਉਲਟ ਮਾਤਾ ਚੰਦ ਕੌਰ ਜੀ ਦੇ ਕਤਲ ਸਮੇਂ ਮੌਜੂਦ ਅਤੇ ਮਾਤਾ ਜੀ ਦੇ ਕਰੀਬੀ ਵਿਅਕਤੀਆਂ ਤੋਂ ਜਾਂਚ ਏਜੰਸੀ ਵੱਲੋਂ ਸਖਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਤੱਕ ਮਾਤਾ ਜੀ ਦੇ ਦੋਸ਼ੀ ਫੜੇ ਨਹੀਂ ਗਏ।
ਇਸ ਮੌਕੇ ਹਰਵਿੰਦਰ ਸਿੰਘ ਨਾਮਧਾਰੀ ਅਤੇ ਅਰਵਿੰਦਰ ਸਿੰਘ ਲਾਡੀ ਨੇ ਮੀਡੀਆ ਨੂੰ ਵੀ ਸੁਸ਼ਾਂਤ ਰਾਜਪੂਤ ਦੀ ਤਰ੍ਹਾਂ ਮਾਤਾ ਚੰਦ ਕੌਰ ਜੀ ਦੇ ਮਾਮਲੇ ਨੂੰ ਵੀ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅਫਸੋਸ ਹੈ ਕਿ ਜਿਸ ਤਰੀਕੇ ਨਾਲ ਮੀਡੀਆ ਵੱਲੋਂ ਹੁਣ ਸੁਸ਼ਾਂਤ ਰਾਜਪੂਤ ਦੀ ਹੱਤਿਆ ਦਾ ਮਾਮਲਾ ਚੁੱਕਿਆ ਗਿਆ ਅਤੇ ਸਰਕਾਰ ਤੇ ਏਜੰਸੀ ਉੱਪਰ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਦਬਾਅ ਬਣਾਇਆ ਗਿਆ, ਜੇਕਰ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਅਜਿਹੀ ਕਾਰਵਾਈ ਮੀਡੀਆ ਵੱਲੋਂ ਅਪਣਾਈ ਗਈ ਹੁੰਦੀ ਤਾਂ ਅੱਜ ਦੋਸ਼ੀ ਆਪਣਾ ਅੰਜਾਮ ਭੁਗਤ ਰਹੇ ਹੁੰਦੇ। ਅਜਿਹੇ ਵਿੱਚ ਮੀਡੀਆ ਨੂੰ ਵੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਆਪਣੇ ਪੱਖ ਤੋਂ ਜਾਂਚ ਕਰਨ ਦੀ ਗੁਜਾਰਿਸ਼ ਕਰਦੇ ਹਾਂ, ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ।
ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿਚ ਵੀ ਤੇਜ਼ੀ ਲਿਆਂਦੀ ਜਾਵੇ। ਨਵਤੇਜ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਸੁਸ਼ਾਂਤ ਰਾਜਪੂਤ ਕੇਸ ਦੀ ਤਰਜ਼ ਤੇ ਸਹਿਯੋਗ ਮੰਗਿਆ ਹੈ।
No comments:
Post a Comment