Saturday, June 15, 2019

ਕਿਸ ਪਤਾਲ ਜਾਂ ਅਸਮਾਨ ਵਿੱਚ ਜਾ ਲੁੱਕੇ ਮਾਤਾ ਚੰਦ ਕੌਰ ਦੇ ਕਾਤਲ?

ਅਜੇ ਵੀ ਕਾਇਮ ਹਨ ਇਸ ਕਤਲ ਨਾਲ ਸੰਬੰਧਿਤ ਕੁੱਝ ਅਹਿਮ ਸਵਾਲ
ਜਲੰਧਰ//ਲੁਧਿਆਣਾ:  15 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਕੇਸਰੀ ਟੀ ਵੀ ਵੱਲੋਂ ਦਿਖਾਈ ਗਈ ਵੀਡੀਓ ਦੀ ਮੁੱਖ ਤਸਵੀਰ 
ਸੁਰੱਖਿਆ ਗਾਰਡ ਕੇਸਰ ਸਿੰਘ ਲਾਡੀ
ਜੋ ਉਸ ਦਿਨ ਛੁੱਟੀ 'ਤੇ ਸੀ
 
ਨਾਮਧਾਰੀ  ਸਵਰਗੀ ਮੁਖੀ ਸਤਿਗੁਰੂ ਜਗਜੀਤ ਸਿੰਘ ਅਹਿੰਸਾ ਦੇ ਪੁਜਾਰੀ ਸਨ। ਉਹਨਾਂ ਦਾ ਹੁਕਮ ਸੀ ਕਿ ਜਦੋਂ ਉਹ ਦਰਖਤਾਂ ਹੇਠਾਂ ਆਰਾਮ ਕਰ ਰਹੇ ਹੋਣ ਜਾਂ ਕਿਸੇ ਨਾਲ ਗਲਬਾਤ ਕਰ ਰਹੇ ਹੋਣ ਤਾਂ ਉਦੋਂ ਵੀ ਰੌਲਾ ਪਾਉਣ ਵਾਲੇ ਪੰਛੀਆਂ ਨੂੰ ਉਡਾਉਣ ਲਈ ਨਾਂ ਤਾਂ ਕੋਈ ਵੱਟਾ ਨਾ ਮਾਰਿਆ ਜਾਏ ਅਤੇ ਨਾ ਹੀ ਕੋਈ ਹਵਾਈ ਫਾਇਰ ਕੀਤਾ ਜਾਏ। ਉਹਨਾਂ ਦੇ  ਹੁਕਮਾਂ ਮੁਤਾਬਿਕ ਹੀ ਇਸ ਮਕਸਦ ਲਈ ਉਦੋਂ ਉੱਥੇ ਮੌਜੂਦ ਸੇਵਕ ਛੋਟੇ ਛੋਟੇ ਸ਼ੀਸ਼ੇ ਆਪਣੇ ਕੋਲ ਰੱਖਦੇ ਸਨ ਜਿਹਨਾਂ ਦੀ ਲਿਸ਼ਕੌਰ ਨਾਲ ਪੰਛੀਆਂ ਨੂੰ ਉੱਥੋਂ ਉਡਾਇਆ ਜਾਂਦਾ ਸੀ। ਸਤਿਗੁਰਾਂ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਹੋਇਆ ਸੀ ਕਿ ਜੇ ਕਿਧਰੇ ਸੱਪ ਵੀ ਅਚਾਨਕ ਸਾਹਮਣੇ ਆ ਨਿਕਲੇ ਤਾਂ ਉਸਨੂੰ ਵੀ ਕੋਈ ਨੁਕਸਾਨ ਨਾ ਪਹੁੰਚਾਇਆ ਜਾਏ। ਸ੍ਰੀ ਭੈਣੀ ਸਾਹਿਬ ਦੀ ਨੇੜਤਾ ਵਾਲੇ ਵਾਤਾਵਰਨ ਵਿੱਚ ਹੀ ਵਾਲੇ ਬਹੁਤ ਸਾਰੇ ਸੇਵਕ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਜਾਣੂ ਹਨ। ਇਹੀ ਕਾਰਨ ਹੈ ਕਿ ਉਸ ਅਸਥਾਨ ਵਿੱਚ ਪੈਰ ਰੱਖਦਿਆਂ ਹੀ ਮਨ ਵਿਕਾਰਾਂ ਤੋਂ ਦੂਰ ਹੋ ਕੇ ਸ਼ਾਂਤ ਹੋਣ ਲੱਗਦਾ ਹੈ ਅਤੇ ਉਸਦੀ ਲਿਵ ਪਰਮਾਤਮਾ ਨਾਲ ਜੁੜਨ ਲੱਗ ਪੈਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸੇ ਥਾਂ 'ਤੇ ਹਿੰਸਾ ਦਾ ਜਿਹੜਾ ਭਾਣਾ ਵਰਤਿਆ ਉਹ ਸਭ ਕਿਵੇਂ ਹੋਇਆ? ਇਹੋ ਜਿਹੀ ਤਪੋਭੂਮੀ ਵਾਲੇ ਅਸਥਾਨ 'ਤੇ ਉਸ ਮਹਾਨ ਸ਼ਖ਼ਸੀਅਤ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੇਹੱਦ ਬਜ਼ੁਰਗ ਧਰਮਪਤਨੀ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਉਹ ਵੀ ਜਦੋਂ ਉਹ ਇੱਕਲੇ ਸਨ। ਇਸ ਧਰਤੀ 'ਤੇ ਕਦੇ ਕੋਈ ਅਜਿਹਾ ਭਾਣਾ ਵੀ ਵਾਪਰੇਗਾ ਇਹ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ। 
ਦਿ ਟ੍ਰਿਬਿਊਨ ਅਖਬਾਰ ਵੱਲੋਂ ਦਿਖਾਇਆ ਗਿਆ ਸਕੈਚ 
ਨਾਮਧਾਰੀ  ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਧਰਮਪਤਨੀ ਮਾਤਾ ਚੰਦ ਕੌਰ ਜੀ, ਜਿਨ੍ਹਾ ਦੀ ਅਪ੍ਰੈਲ 2016 ਵਿੱਚ ਸ੍ਰੀ ਭੈਣੀ ਸਾਹਿਬ ਦੇ ਧਾਰਮਿਕ ਸਥਾਨ ਤੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ, ਓਹਨਾਂ ਸੰਬੰਧੀ ਹਾਲੇ ਤੱਕ ਕੋਈ ਵੀ ਸੁਰਾਗ ਸਾਹਮਣੇ ਆਇਆ ਨਜ਼ਰ ਨਹੀਂ ਆਇਆ ਜਦਕਿ ਮਾਮਲਾ ਪੰਜਾਬ ਪੁਲਿਸ ਤੋਂ ਸੀ.ਬੀ.ਆਈ ਕੋਲ ਵੀ ਪਹੁੰਚ ਚੁੱਕਾ ਹੈ। ਕਾਤਿਲਾਂ  ਦੇ ਸਕੈਚ ਵੀ ਦੋ ਵਾਰ ਜਾਰੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਵਰਤਮਾਨ ਸਮੇਂ ਨਾਮਧਾਰੀ ਪੰਥ ਦੇ ਵੰਡੇ ਹੋਏ ਦੋਨੋਂ ਧੜਿਆਂ ਦਾ ਆਪਸੀ ਆਰੋਪ ਪ੍ਰਤਿਆਰੋਪ ਦਾ ਸਿਲਸਿਲਾ ਵੀ ਜਾਰੀ ਹੈ। ਪਿਛਲੇ ਦਿਨੀਂ ਠਾਕੁਰ ਉਦੈ ਸਿੰਘ ਦੇ ਇੱਕ ਸਮਰਥਕ ਵਲੋਂ ਠਾਕੁਰ ਦਲੀਪ ਸਿੰਘ ਜੀ ਅਤੇ ਓਹਨਾਂ ਦੇ ਸਮਰਥਕਾਂ ਤੇ ਬੇਬੁਨਿਆਦ ਆਰੋਪ ਲਾਏ ਜਾਣ ਤੇ ਸੰਗਤ ਦੇ ਮਨ ਵਿੱਚ ਉਠ ਰਿਹਾ ਰੋਸ ਅਤੇ ਮਾਤਾ ਜੀ ਦੇ ਕੇਸ ਨਾਲ ਸੰਬੰਧਿਤ ਅਣ-ਸੁਲਝੇ ਸਵਾਲ ਫਿਰ ਤੋਂ ਸਾਹਮਣੇ ਆਏ। ਠਾਕੁਰ ਦਲੀਪ ਸਿੰਘ ਜੀ ਦੇ ਸਕੱਤਰ ਨਵਤੇਜ ਸਿੰਘ ਅਤੇ ਪੰਥਕ ਏਕਤਾ ਕਮੇਟੀ ਦੇ ਮੈਂਬਰ ਅਰਵਿੰਦਰ ਸਿੰਘ ਲਾਡੀ, ਸੂਬਾ ਦਰਸ਼ਨ ਸਿੰਘ, ਪਲਵਿੰਦਰ ਸਿੰਘ ਅਤੇ ਰਾਜਪਾਲ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਕਈ ਨੁਕਤੇ ਧਿਆਨ ਮੰਗਦੇ ਹਨ। ਜਿਸ ਥਾਂ ਇਹ ਵਾਰਦਾਤ ਹੋਈ ਉਹ ਥਾਂ ਭੈਣੀ ਸਾਹਿਬ ਦੀ ਕਿਲੇ ਵਰਗੀ ਚਾਰਦੀਵਾਰੀ ਵਾਲੇ ਸਥਾਨ 'ਤੇ ਹੈ ਜਿੱਥੇ ਤਕਰੀਬਨ 60-70 ਬੰਦਿਆਂ ਦੀ ਸਕਿਉਰਟੀ ਹਰ ਵੇਲੇ ਤੈਨਾਤ ਰਹਿੰਦੀ ਹੈ। ਇਸ ਥਾਂ 'ਤੇ ਠਾਕੁਰ ਉਦੈ ਸਿੰਘ ਜੀ ਦੇ ਹੁਕਮ ਤੋਂ ਬਿਨਾ ਚਿੜੀ ਵੀ ਪਰ ਨਹੀਂ ਮਾਰ ਸਕਦੀ, ਇਥੋਂ ਤੱਕ ਕਿ ਓਹਨਾਂ ਦੇ ਸਕੀ ਮਾਤਾ ਬੇਬੇ ਦਲੀਪ ਕੌਰ ਜੀ ਨੂੰ ਵੀ ਨਹੀਂ ਵੜਨ ਦਿੱਤਾ ਗਿਆ ਸੀ। ਫਿਰ ਅਜਿਹੀ ਥਾਂ 'ਤੇ ਉੱਥੇ ਦੋ ਮੋਟਰ ਸਾਈਕਲ ਸਵਾਰ ਹਥਿਆਰਬੰਦ ਹੋ ਕੇ ਕਿੱਦਾਂ ਅੰਦਰ ਆ ਗਏ ਅਤੇ ਫਿਰ ਮਹਾਨ ਹਸਤੀ ਮਾਤਾ ਚੰਦ ਕੌਰ ਜੀ ਨੂੰ ਗੋਲੀਆਂ ਮਾਰ ਕੇ ਵਾਪਸ ਕਿੱਦਾਂ ਚਲੇ ਗਏ? ਕੀ ਪ੍ਰਬੰਧਕਾਂ ਦੀ ਮਰਜ਼ੀ ਤੋਂ ਬਗੈਰ ਇੱਦਾਂ ਹੋਇਆ ਅਤੇ ਕੀ ਚੱਪੇ- ਚੱਪੇ ਤੇ ਲੱਗੇ ਸੀ.ਸੀ. ਟੀ. ਵੀ ਕੈਮਰਿਆਂ ਵਿੱਚ ਵੀ ਉਹ ਨਹੀਂ ਆਏ? 
ਹੋਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਓਸੇ ਦਿਨ ਓਹਨਾਂ ਦਾ ਨਿਜੀ ਡਰਾਈਵਰ ਅਤੇ ਬਾਡੀਗਾਰਡ ਕੇਸਰ ਸਿੰਘ ਲਾਡੀ ਕਿੱਥੇ ਚਲਾ ਗਿਆ ਸੀ ਜਿਹੜਾ ਕੀ ਪਿਛਲੇ ਗਿਆਰਾਂ ਸਾਲਾਂ ਤੋਂ ਇਸ ਜਿੰਮੇਵਾਰੀ ਨੂੰ ਨਿਭਾ ਰਿਹਾ ਸੀ। ਇਸ ਵਾਰਦਾਤ ਵੇਲੇ ਨਾਲ ਬੈਠੇ ਡਰਾਈਵਰ ਕਰਤਾਰ ਸਿੰਘ ਅਤੇ ਬੀਬੀ ਸੀਤੋ ਨੂੰ ਕੋਈ ਖਰੋਂਚ ਤੱਕ ਵੀ ਕਿਓਂ ਨਹੀਂ ਆਈ? ਨਾ ਹੀ ਪ੍ਰਸ਼ਾਸਨ ਨੇ ਇਹਨਾਂ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇਹਨਾਂ ਵਿੱਚੋਂ ਕੋਈ ਵੀ ਬੰਦਾ ਆਖਿਰ ਕਿਓਂ ਨਹੀਂ ਫੜਿਆ ਜਾ ਸਕਿਆ। 
ਇਸ ਤੋਂ ਇਲਾਵਾ ਠਾਕੁਰ ਉਦੈ ਸਿੰਘ ਤੇ ਯੂ.ਕੇ. ਵਿਖੇ ਹੋਏ ਹਮਲੇ ਦਾ ਦੋਸ਼ ਠਾਕੁਰ ਦਲੀਪ ਸਿੰਘ ਜੀ ਤੇ ਲਾਏ ਜਾਣ ਵਾਲੀ ਗੱਲ ਨੂੰ ਸਪੱਸ਼ਟ ਕਰਦਿਆਂ ਦੱਸਿਆ ਕਿ ਨਾ ਤਾਂ ਪੁਲਿਸ ਵਲੋਂ, ਨਾ ਕੋਰਟ ਵਲੋਂ ਅਤੇ ਨਾ ਹੀ ਠਾਕੁਰ ਉਦੈ ਸਿੰਘ ਵਲੋਂ ਇੱਕ ਵਾਰ ਵੀ ਇਸ ਕੇਸ ਵਿੱਚ ਠਾਕੁਰ ਦਲੀਪ ਸਿੰਘ ਜੀ ਦਾ ਨਾਮ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਹਰਜੀਤ ਸਿੰਘ ਤੂਰ ਵੱਲੋਂ ਹਮਲਾ ਕਰਨ ਦਾ ਸ਼ਰਮਸਾਰ ਹੋਣ ਵਾਲਾ ਕਾਰਨ ਦੱਸਣ ਤੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਤੇ ਠਾਕੁਰ ਦਲੀਪ ਸਿੰਘ ਜੀ ਵਲੋਂ ਇਸ ਗੱਲ ਦੀ ਨਿਖੇਧੀ ਕੀਤੀ ਗਈ ਸੀ ਅਤੇ ਆਪਣੇ ਭਰਾ ਉਦੈ ਸਿੰਘ ਨੂੰ ਬੇਕਸੂਰ ਦੱਸਦੇ ਹੋਏ ਦੁੱਖ ਦੀ ਘੜੀ ਵਿੱਚ ਓਹਨਾਂ ਦੇ ਨਾਲ ਖੜ੍ਹਨ ਦਾ ਵਾਇਦਾ ਵੀ ਕੀਤਾ ਸੀ । ਇਸ ਤਰ੍ਹਾਂ ਦੂਜੇ ਧਿਰ ਵਲੋਂ ਲਾਏ ਜਾਣ ਵਾਲੇ ਹੋਰ ਵੀ ਝੂਠੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਠਾਕੁਰ ਉਦੈ ਸਿੰਘ ਵੱਲੋਂ ਧੱਕੇ ਨਾਲ ਆਪਣੇ ਆਪ ਨੂੰ ਗੁਰੂ ਮਨਵਾਉਣ ਅਤੇ ਗੁਰੂ ਘਰ ਦੀ ਪ੍ਰਾਪਰਟੀ ਤੇ ਕਬਜੇ ਕਰਨ ਲਈ ਬੇਕਸੂਰ ਸੰਗਤ ਤੇ ਕਈ ਵਾਰ ਜਾਨਲੇਵਾ ਹਮਲੇ ਵੀ ਕਰਵਾਏ ਹਨ ਅਤੇ ਅਜੇ ਤੱਕ ਸਾਨੂੰ ਕੋਈ ਇਨਸਾਫ ਵੀ ਨਹੀਂ ਮਿਲਿਆ। ਪਰ ਹੁਣ ਸਾਡੇ ਗੁਰੂ ਮਾਤਾ ਚੰਦ ਕੌਰ ਜੀ ਦਾ ਇਨਸਾਫ ਸਾਨੂੰ ਜਰੂਰ ਮਿਲਣਾ ਚਾਹੀਦਾ ਹੈ।
        ਪੰਥਕ ਏਕਤਾ ਕਮੇਟੀ ਦੇ ਮੈਂਬਰਾਂ ਨੇ ਆਪਣੇ ਵਿਚਾਰਾਂ ਨੂੰ ਪ੍ਰਸ਼ਾਸ਼ਨ ਅੱਗੇ ਰੱਖਦੇ ਹੋਏ ਦੱਸਿਆ ਕਿ ਕੁੱਝ ਹੋਰ ਤੱਥਾਂ ਨੂੰ ਸਾਹਮਣੇ ਰੱਖ ਕੇ, ਇਹ ਮਾਮਲਾ ਸਪਸ਼ਟ ਰੂਪ ਵਿੱਚ ਗੱਦੀ ਅਤੇ ਪ੍ਰਾਪਰਟੀ ਉਪਰ ਕਬਜ਼ੇ ਦਾ ਹੈ। ਕਿਉਂਕਿ ਮਾਤਾ ਜੀ ਤੋਂ ਬਾਅਦ ਓਹਨਾਂ ਦੀ ਸਾਰੀ ਪ੍ਰੋਪਰਟੀ ਓਹਨਾਂ ਦੀ ਸਪੁੱਤਰੀ ਬੀਬਾ ਸਾਹਿਬ ਕੌਰ ਰਾਹੀਂ ਸੰਤ ਜਗਤਾਰ ਸਿੰਘ ਕੋਲ ਚਲੀ ਗਈ ਹੈ ਅਤੇ ਠਾਕੁਰ ਉਦੈ ਸਿੰਘ ਜੀ ਨੇ ਵੀ ਆਪਣੀ ਗੱਦੀ ਹੋਰ ਪੱਕੀ ਕਰਨ ਵੱਲ ਕਦਮ ਪੁੱਟਿਆ ਹੈ ਕਉਂਕਿ ਮਾਤਾ ਜੀ ਆਪਣੇ ਦੋਹਤੇ ਕਾਕਾ ਜੈ ਸਿੰਘ ਨੂੰ ਗੱਦੀ ਤੇ ਬਿਠਾਉਣਾ ਚਾਹੁੰਦੇ ਸਨ। ਇਸ ਲਈ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਆਸ ਹੈ ਕਿ ਸਾਡੇ ਸਵਾਲਾਂ ਅਤੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਚੰਦ ਕੌਰ ਜੀ ਨਾਲ ਜੁੜੇ ਅਣ ਸੁਲਝੇ ਤੱਥਾਂ ਨੂੰ ਜਰੂਰ ਸਾਹਮਣੇ ਲਿਆਂਦਾ ਜਾਵੇਗਾ। ਹੁਣ ਦੇਖਣਾ ਹੈ ਕਿ ਇਹ ਜਾਂਚ ਕਿੰਨੀ ਕੁ ਤੇਜ਼ੀ ਫੜਦਿਆਂ ਕਿੰਨੀ ਕੁ ਜਲਦੀ ਸਿਰੇ ਲੱਗਦੀ ਹੈ। 

No comments: