Showing posts with label Dakha. Show all posts
Showing posts with label Dakha. Show all posts

Monday, July 18, 2022

ਮਨਪ੍ਰੀਤ ਅਯਾਲੀ ਨੇ ਅਕਾਲੀ ਹਾਈ ਕਮਾਨ ਨੂੰ ਦਿੱਤੀ ਸਪਸ਼ਟ ਨਸੀਹਤ

ਰਾਜਸੱਤਾ ਪਿਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੀ ਲੜਾਈ ਲੜੋ   

ਜਗਰਾਓਂ: 18 ਜੁਲਾਈ 2022: (ਪੰਜਾਬ ਸਕਰੀਨ ਡੈਸਕ )::

ਮੁੱਲਾਂਪੁਰ ਦਾਖਾ ਤੋਂ ਧੜੱਲੇਦਾਰ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇੱਕ ਵਾਰ ਫੇਰ ਦਸਿਆ ਹੈ ਕਿ ਉਹ ਦੱਬ ਕੇ ਰਹਿਣ ਵਾਲਿਆਂ ਵਿੱਚੋਂ ਨਹੀਂ ਹਨ। ਅੱਜ ਰਾਸ਼ਟਰਪਤੀ ਚੋਣ ਲਈ ਪੋਲਿੰਗ ਦੌਰਾਨ ਉਹਨਾਂ ਵੱਡਾ ਸਿਆਸੀ ਧਮਾਕਾ ਕੀਤਾ। ਉਹਨਾਂ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਪਾਉਣ ਦੇ ਫੈਸਲੇ ਦੇ ਖਿਲਾਫ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਇਸ ਦੇ ਪਿੱਛੇ ਮੁੱਖ ਕਾਰਨ ਬੜੇ ਸਪਸ਼ਟ ਸ਼ਬਦਾਂ ਵਿਛਕ ਸਪਸ਼ਟ ਕੀਤਾ। ਉਹਨਾਂ ਸਾਫ ਆਖਿਆ ਕਿ ਹੁਣ ਤੱਕ ਭਾਜਪਾ ਸਮੇਤ ਕੇਂਦਰ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਦੱਸਿਆ। ਉਹਨਾਂ ਦੇ ਇਹ ਵਿਚਾਰ ਇੱਕ ਵੀਡੀਓ ਸੁਨੇਹੇ ਦੇ ਰੂਪ ਵਿਚ ਸਾਹਮਣੇ ਆਏ ਹਨ। ਸਰਦਾਰ ਇਯਾਲੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਕਾਂਗਰਸ ਤੋਂ ਸਾਨੂੰ ਕੋਈ ਆਸ ਨਹੀਂ ਸੀ, ਪਰ ਭਾਜਪਾ ਸਰਕਾਰ ਵੀ ਪੰਜਾਬ ਨਾਲ ਕਦੇ ਨਿਆਂ ਨਹੀਂ ਕਰ ਸਕੀ। ਇਸਦੇ ਨਾਲ ਹੀ ਉਹਨਾਂ ਅਕਾਲੀ ਦਲ ਅੰਦਰਲੇ ਲੋਕਰਾਜੀ ਹੱਕਾਂ ਦੀ ਉਲੰਘਣਾਂ ਦਾ ਮੁੱਦਾ ਵੀ ਉਠਾਇਆ ਹੈ। ਵਿਧਾਨ ਸਭ ਚੋਣਾਂ ਦੌੜਨ ਹੋਈ ਹਰ ਤੋਂ ਬਾਅਦ ਉਮੀਦ ਕੀਤੀ ਜਾਂਦੀ ਸੀ ਕਿ ਪਾਰਟੀ ਆਪਣੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਕਮੀਆਂ ਪੇਸ਼ੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰੇਗੀ ਪਰ ਅਜਿਹਾ ਨਹੀਂ ਹੋ ਸਕਿਆ।  

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਰਮੂ ਦੀ ਹਮਾਇਤ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੀਡਰਸ਼ਿਪ ਨੇ ਇਸ ਦੇ ਲਈ ਉਨ੍ਹਾਂ ਤੋਂ ਪੁੱਛਿਆ ਤੱਕ ਨਹੀਂ, ਜਦਕਿ ਚਾਹੀਦਾ ਇਹ ਸੀ ਕਿ ਪਾਰਟੀ ਪਹਿਲਾਂ ਵਿਧਾਇਕਾਂ ਦੀ ਰਾਏ ਲੈਂਦੀ ਤੇ ਫਿਰ ਕੋਈ ਫੈਸਲਾ ਕਰਦੀ।  ਇੱਥੋਂ ਤੱਕ ਕਿ ਸਿੱਖ ਭਾਈਚਾਰੇ ਤੋਂ ਵੀ ਸਲਾਹ ਨਹੀਂ ਲਈ ਗਈ। ਉਹਨਾਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹੋਈ ਹਾਰ ਦੇ ਲਈ ਵੀ ਪਾਰਟੀ ਦੇ ਗਲਤ ਫੈਸਲਿਆਂ ਤੇ ਲੀਡਰਸ਼ਿਪ ਵੱਲੋਂ ਆਪਣਾ ਉੱਲੂ ਸਿੱਧਾ ਕਰਨ ਦੀ ਪਾਲਿਸੀ ਨੂੰ ਜ਼ਿੰਮੇਵਾਰ ਠਹਿਰਾਇਆ। 

ਉਹਨਾਂ ਆਪਣੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜੇ ਵੀ ਰਾਜ ਸੱਤਾ ਪਿੱਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਲੜਾਈ ਲੜੇ ਤਾਂ ਸ਼ਾਇਦ ਕੌਮ ਮੁੜ ਪਾਰਟੀ ‘ਤੇ ਵਿਸ਼ਵਾਸ ਕਰਨ ਲੱਗ ਪਵੇ। ਉਨ੍ਹਾਂ ਸਾਫ ਕਿਹਾ ਕਿ ਭਾਜਪਾ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਐਲਾਨੀ ਗਈ ਉਮੀਦਵਾਰ ਪੱਛੜੇ ਕਬੀਲੇ ਨਾਲ ਸੰਬੰਧਤ ਹਨ ਤੇ ਉਨ੍ਹਾ ਦਾ ਉਸ ਨਾਲ ਕੋਈ ਵਿਰੋਧ ਨਹੀਂ ਹੈ, ਪਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਉਨ੍ਹਾਂ ਨੇ ਹਲਕੇ ਦੇ ਵੋਟਰਾਂ, ਬੁੱਧੀਜੀਵੀਆਂ, ਸਿੱਖ ਕੌਮ ਅਤੇ ਹੋਰਾਂ ਦੀ ਰਾਇ ਲੈ ਕੇ ਕੀਤਾ ਹੈ। ਇਯਾਲੀ ਨੇ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਤੋਂ ਇਲਾਵਾ ਪੰਜਾਬੀ ਭਾਸ਼ੀ ਇਲਾਕੇ ਸੂਬੇ ਨੂੰ ਸੌਂਪਣ ਦਾ ਵੀ ਜ਼ਿਕਰ ਵੀ ਖੁੱਲ੍ਹ ਕੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਉਸ ਤੋਂ ਪੰਜਾਬ ਦੇ ਮੁੱਦਿਆਂ ਦੇ ਹੱਲ ਦੀ ਕਾਫੀ ਉਮੀਦ ਸੀ, ਪਰ ਅਫਸੋਸ ਕਿ ਕੁਝ ਵੀ ਨਹੀਂ ਕੀਤਾ ਗਿਆ। ਯਾਦ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨ ਡੀ ਏ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਦਾ ਐਲਾਨ ਕੀਤਾ ਸੀ।

ਪੰਜਾਬ ਵਿੱਚੋਂ ਹੰਗਾਮਿਆਂ ਭਰੀ ਇਸ ਆਵਾਜ਼ ਦੇ ਦੌਰਾਨ ਹੀ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਪੂਰੀ ਹੋ ਗਈ। ਦਿੱਲੀ ਵਿਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਸਦ ਵਿਚ ਕੁੱਲ 99.18 ਫੀਸਦੀ ਵੋਟਿੰਗ ਹੋਈ। ਸੰਸਦ ਤੋਂ ਇਲਾਵਾ ਦੇਸ਼ ਦੇ ਸਾਰੇ ਸੂੁਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿਚ ਸ਼ਾਮਲ ਰਹੇ। ਵੋਟਾਂ ਦੀ ਗਿਣਤੀ ਹੁਣ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ। ਇਸ ਵੱਕਾਰੀ ਅਹੁਦੇ ਲਈ ਐੱਨ ਡੀ ਏ ਤੋਂ ਦਰੋਪਦੀ ਮੁਰਮੂ ਅਤੇ ਯੂ ਪੀ ਏ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਉਮੀਦਵਾਰ ਹਨ। ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਵਿਧਾਨ ਸਭਾਵਾਂ ਦੇ ਕੰਪਲੈਕਸ ਵਿਚ ਪੋਲਿੰਗ ਹੋਈ। ਸਰਦਾਰ ਇਯਾਲੀ ਦੇ ਇਸ ਵਿਰੋਧ ਵਾਲੇ ਸੁਰ ਦੇ ਨਾਲ ਹੀ ਪੰਜਾਬ ਅਤੇ ਪੰਜਾਬ ਦੀਆਂ ਮੰਗਾਂ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਈਆਂ ਹਨ। 

Thursday, January 13, 2022

ਸਿਮਰਨਦੀਪ ਸਿੰਘ ਹਲਕਾ ਦਾਖਾ ਤੋਂ ਆਰ.ਐਸ.ਪੀ//ਸਾਂਝਾ ਪੰਜਾਬ ਦੇ ਉਮੀਦਵਾਰ

 12th  January 2022 at 12:42 PM 

 ਪੰਜਾਬੀਆਂ ਨੂੰ ਆਪਣੇ ਕੁਦਰਤੀ ਸੋਮਿਆਂ ਦੀ ਡੱਟਕੇ ਰਾਖੀ ਦਾ ਸੱਦਾ 

ਬਲਕੌਰ ਸਿੰਘ ਗਿੱਲ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਉਤਾਰਨ ਦੀ ਤਿਆਰੀ 

ਲੁਧਿਆਣਾ12 ਜਨਵਰੀ 2022: (ਪੰਜਾਬ ਸਕਰੀਨ ਬਿਊਰੋ)::

ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਖੱਬੀਆਂ ਧਿਰਾਂ ਨੇ ਕਦੇ ਵੀ ਹਾਂ ਪੱਖੀ ਸੋਚ ਪ੍ਰਗਟ ਨਹੀਂ ਕੀਤੀ ਇਸਦੇ ਉਲਟ ਤਿੱਖੀ ਆਲੋਚਨਾ ਜ਼ਰੂਰ ਹੁੰਦੀ ਰਹੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਕਮਿਊਨਿਸਟ ਅੰਗਰੇਜ਼ਾਂ ਨਾਲ ਲੜੀ ਲੜਾਈ ਦੇ ਦੌਰਾਨ ਅਪਣਾਈਆਂ ਗਈਆਂ ਰਣਨੀਤੀਆਂ ਨੂੰ ਲੈ ਕੇ ਭਾਵੇਂ ਇੱਕ ਦੂਜੇ ਦੇ ਖਿਲਾਫ ਖੜੋਤੇ ਹੀ ਨਜ਼ਰ ਕਿਓਂ ਨਾ ਆਉਣ ਪਰ ਅਸਲ ਵਿੱਚ ਸੁਭਾਸ਼ ਚੰਦਰ ਬੋਸ ਦੀ ਹਰਮਨਪਿਆਰਤਾ ਕਦੇ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਘੱਟ ਨਹੀਂ ਹੋ ਸਕੀ। ਕਾਲਜ ਦੀ ਪੜ੍ਹਾਈ ਦੌਰਾਨ ਆਪਣੇ ਇੱਕ ਪ੍ਰੋਫੈਸਰ ਨੂੰ ਇਸ ਲਈ ਥੱਪੜ ਕੱਢ ਮਾਰਿਆ ਕਿਓਂਕਿ ਉਹ ਬਹੁਤ ਹੀ ਅੰਗਰੇਜ਼ ਭਗਤ ਸੀ ਅਤੇ ਭਾਰਤੀਆਂ ਬਾਰੇ ਵੱਧ ਘੱਟ ਬੋਲਦਾ ਰਹਿੰਦਾ ਸੀ। ਇਹ ਸਬੂਤ ਸੀ ਸੁਭਾਸ਼ ਚੰਦਰ ਬੋਸ ਦੇ ਜੋਸ਼ੋਖਰੋਸ਼ ਅਤੇ ਹਿੰਮਤ ਦਾ। 

ਨੇਤਾ ਜੀ ਸੁਭਾਸ਼ ਚੰਦਰ ਬੋਸ ਖੱਬੀਆਂ ਧਿਰਾਂ ਦੀ ਵਿਚਾਰਧਾਰਾ ਤੋਂ ਵੀ ਬਹੁਤ ਪ੍ਰਭਾਵਿਤ ਰਹੇ। ਸੰਨ 1922 ਦੀ ਚੌਥੀ ਕਮਿਊਨਿਸਟ ਇੰਟਰਨੈਸ਼ਨਲ ਵਿਚ ਸ਼ਮੂਲੀਅਤ ਲਈ ਸੱਦੇ ਗਏ 5 ਭਾਰਤੀਆਂ ਵਿਚ ਸੁਭਾਸ਼ ਚੰਦਰ ਬੋਸ ਦਾ ਉਚੇਚ ਨਾਲ ਸ਼ਾਮਲ ਹੋਣਾ ਜਿੱਥੇ ਉਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਸਬੂਤ ਸੀ, ਉੱਥੇ ਰੈਡੀਕਲ ਅਤੇ ਖੱਬੇ ਪੱਖੀ ਹੋਣ ਦਾ ਵੀ ਸਬੂਤ ਸੀ। ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਜੰਗ ਬਾਰੇ ਉਨ੍ਹਾਂ ਦੀ ਇਹ ਪੱਕੀ ਸਮਝ ਸੀ ਕਿ ਬਿਨਾਂ ਕਿਸੇ ਵਿਦੇਸ਼ੀ ਮਦਦ ਤੋਂ ਆਜ਼ਾਦੀ ਹਾਸਲ ਨਹੀਂ  ਕੀਤੀ ਜਾ ਸਕਦੀ। 

ਇਸ ਲਈ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਸੋਵੀਅਤ ਰੂਸ ਤੋਂ ਸਹਿਯੋਗ ਲੈਣ ਦੀ ਬੜੀ ਹੋ ਠੋਸ ਯੋਜਨਾ ਬਣਾਈ ਪਰ ਗੱਲ ਨਾ ਬਣ ਸਕੀ। ਇਸ ਯੋਜਨਾ ਦੇ ਅਧੀਨ ਹੀ ਨੇਤਾ ਜੀ 16 ਮਾਰਚ, 1941 ਨੂੰ ਪੂਰੀ ਤਰ੍ਹਾਂ ਗੁਪਤ ਰਹਿੰਦਿਆਂ  ਚੁੱਪਚਾਪ ਘਰੋਂ ਨਿਕਲ ਪਏ। ਕਿਰਤੀ ਪਾਰਟੀ ਨੇ ਉਨ੍ਹਾਂ ਨੂੰ ਸੋਵੀਅਤ ਰੂਸ ਪਹੁੰਚਾਉਣ ਦੀ ਬੜੀ ਸਰਗਰਮ ਕੋਸ਼ਿਸ਼ ਵੀ ਕੀਤੀ ਪਰ ਸਫਲ ਨਾ ਹੋ ਸਕੇ। ਇਸ ਤਰ੍ਹਾਂ ਨਾ ਚਾਹੁੰਦੇ ਵੀ ਅੰਤ ਵਿੱਚ ਉਹ ਜਰਮਨ ਪਹੁੰਚ ਗਏ। ਸਿਆਸੀ ਅਤੇ ਰਣਨੀਤਿਕ ਸਥਿਤੀਆਂ ਕਈ ਵਾਰ ਨਵੇਂ ਰਸਤੇ ਖੋਹਲਦੀਆਂ ਹਨ ਅਤੇ ਬਿਲਕੁਲ ਹੀ ਨਵੀਆਂ ਮੰਜ਼ਿਲਾਂ ਤੇ ਲੈ ਜਾਂਦੀਆਂ ਹਨ। ਜੋ ਨਹੀਂ ਸੋਚਿਆ ਹੁੰਦਾ ਉਹ ਵੀ ਕਰਨਾ ਹੁੰਦਾ ਹੈ। 

ਸਨ 1920 ਅਤੇ 1930 ਦੇ ਦਹਾਕੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਅਤੇ 1938 ਅਤੇ 1939 ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਹਾਲਾਂਕਿ, ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਸੰਨ 1940 ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਓਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। 

ਆਪਣੀ ਵਿੱਦਿਆ ਪ੍ਰਾਪਤੀ ਦੌਰਾਨ ਸੁਭਾਸ਼ ਚੰਦਰ ਬੋਸ ਨੇ ਦਸਵੀਂ ਦਾ ਇਮਤਿਹਾਨ ਕਟਕ ਵਿੱਚ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਇਆ। ਇਥੇ ਇੱਕ ਔਟੇਨ ਨਾਂਅ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਆ ਕੇ  ਕਲਾਸ ਵਿੱਚ ਹੀ ਉਸ ਦੇ ਇੱਕ ਥੱਪੜ ਮਾਰ ਦਿੱਤਾ। ਇਸ ਕਾਰਨ ਉਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਉਸ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ. ਏ. ਆਨਰਜ਼ ਕੀਤੀ ਤੇ 1919 ਵਿੱਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲਾ ਗਿਆ। ਉਥੇ ਅੱਠਾਂ ਮਹੀਨਿਆਂ ਦੇ ਸੀਮਤ ਜਿਹੇ ਸਮੇਂ ਵਿੱਚ ਉਸ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ, ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਸਿਰਫ ਇਹੀ ਨਹੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਆਨੰਦ ਮਾਰਗ ਦੇ ਸੰਸਥਾਪਕ ਆਨੰਦ ਮੂਰਤੀ ਉਰਫ ਪ੍ਰਭਾਤ ਰੰਜਨ ਸਰਕਾਰ ਦੇ ਵੀ ਨੇੜਲੇ ਰਿਸ਼ਤੇਦਾਰ ਸਨ।

ਹੁਣ ਸਿਮਰਨਦੀਪ ਸਿੰਘ ਨੇ  ਸੀਨੀਅਰ ਸਾਥੀਆਂ ਤੋਂ ਸੁਣੀਆਂ ਗੱਲਾਂ ਮੁਤਾਬਿਕ ਦਾਅਵਾ ਕੀਤਾ ਹੈ ਕਿ ਨੇਤਾ ਜੀ ਵੱਲੋਂ ਹੀ ਬਣਾਈ ਗਈ ਸੀ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਇਹ ਗੱਲ ਵੱਖਰੀ ਹੈ ਕਿ ਅੱਜ ਦੇ ਬਹੁਤੇ ਕਮਿਊਨਿਸਟ ਉਹਨਾਂ ਦੀ ਆਲੋਚਨਾ ਕਰਦੇ ਹਨ। 

ਬਾਪੂ ਬਲਕੌਰ ਸਿੰਘ ਗਿੱਲ 
ਹੁਣ ਜਦੋਂ ਕਿ ਚੋਣਾਂ ਦਾ ਮਾਹੌਲ ਗਰਮਾ ਰਿਹਾ ਹੈ ਉਦੋਂ ਆਰ ਐਸ ਪੀ ਵੀ ਪੰਜਾਬ ਵਿਧਾਨ ਸਭ ਦੀਆਂ ਚੋਣਾਂ ਲਈ ਚੋਣ ਮੈਦਾਨ ਵਿਚ ਹੈ। ਹਮ ਖਿਆਲ ਪਾਰਟੀਆਂ ਇਸ ਵਾਰ ਸਾਂਝਾ ਪੰਜਾਬ ਦੇ ਨਾਮ ਹੇਠ ਚੋਣਾਂ ਲੜ ਰਹੀਆਂ ਹਨ। ਸਾਹਿਤਿਕ ਅਤੇ ਸੱਭਿਆਚਾਰਕ ਹਲਕਿਆਂ ਦੀ ਪ੍ਰਸਿੱਧ ਸ਼ਖ਼ਸੀਅਤ ਬਲਕੌਰ ਸਿੰਘ ਗਿੱਲ ਨੂੰ ਇਸ ਸਾਂਝਾ ਪੰਜਾਬ ਵਾਲੇ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਉਤਾਰਨ ਲਈ ਸਰਗਰਮ ਹਨ। ਬਾਪੂ ਬਲਕੌਰ ਸਿੰਘ ਗਿੱਲ ਦੇ ਨਾਮ ਨਾਲ ਪ੍ਰਸਿੱਧ ਇਸ ਸ਼ਖ਼ਸੀਅਤ ਨੂੰ ਤੁਸੀਂ ਪੰਜਾਬੀ ਭਵਨ ਦੇ ਤਕਰੀਬਨ ਹਰ ਸਮਾਗਮ ਵਿੱਚ ਵੀ ਦੇਖ ਸਕਦੇ ਹੋ ਅਤੇ ਹੋਰਨਾਂ ਬੌਧਿਕ ਪ੍ਰੋਗਰਾਮਾਂ ਵਿਚ ਵੀ। ਬਹੁਤ ਸਾਰੇ ਵਿਸ਼ਿਆਂ ਵਿਸ਼ਿਆਂ ਵਿੱਚ ਐਮ ਏ ਕਰਨ ਵਾਲੇ ਬਾਪੂ ਬਲਕੌਰ ਸਿੰਘ ਗਿੱਲ ਸਾਰੀ ਉਮਰ ਇਸ ਡਰੈਸ ਕੋਡ ਨਾਲ ਹੀ ਸਕਰੈ ਨੌਕਰੀ ਵੀ ਕਰਦੇ ਰਹੇ। ਐਕਸਾਈਏ ਵਾਲੇ ਮਹਿਕਮੇ ਵਿਚ ਹੋਣ ਦੇ ਬਾਵਜੂਦ ਕਦੇ ਦਾਰੂ ਟੈਸਟ ਨਹੀਂ ਕੀਤੀ। ਜਨਰਲ ਨੋਲਜ ਏਨੀ ਕਿ ਕਿਸੇ ਵੀ ਮੁੱਦੇ ਤੇ, ਕਿਸੇ ਵੀ ਵੇਲੇ ਗੱਲ ਕਰ ਲਓ ਉਸ ਮਾਮਲੇ ਦਾ ਪੂਰਾ ਵੇਰਵਾ ਬਾਪੂ ਗਿੱਲ ਦੀ ਜ਼ੁਬਾਨ ਤੇ ਆ ਜਾਵੇਗਾ। ਕਮਿਊਨਿਸਟ ਲਹਿਰ ਦੀਆਂ ਊਣਤਾਈਆਂ ਬਾਰੇ ਵੀ ਪਰਦੇ ਜਿਹੇ ਨਾਲ ਗੱਲ ਕਰ ਲੈਂਦੇ ਹਨ ਕਿਓਂਕਿ ਪ੍ਰਤੀਬੱਧਤਾ ਅੱਜ ਵੀ ਪ੍ਰਗਤੀਸ਼ੀਲ ਲਹਿਰ ਨਾਲ ਹੀ ਹੈ। ਸਿਆਸਤ ਦੇ ਨਾਲ ਨਾਲ, ਆਰਥਿਕਤਾ, ਖੇਤੀ ਇੰਡਸਟਰੀ, ਨਸ਼ੀਆਂਦਾ ਜੰਜਾਲ, ਕੁਰੱਪਸ਼ਨ ਅਤੇ ਮਾਫੀਆਗਿਰੀ--ਹਰ ਸਮੱਸਿਆ ਦਾ ਹੱਲ ਮੌਜੂਦ ਹੈ ਬਾਪੂ ਗਿੱਲ ਕੋਲ। ਹਰ ਰੋਜ਼ 22-24 ਕਿਲੋਮੀਟਰ ਤੇ ਰਫਤਾਰ ਨਾਲ ਪੈਦਲ ਤੁਰਨਾ ਅਤੇ ਹਰ ਵੇਲੇ ਚੜ੍ਹਦੀਕਲਾ ਵਿੱਚ ਰਹਿਣਾ ਬਾਪੂ ਗਿੱਲ ਦੀ ਨੇਚਰ ਵਿਚ ਸ਼ਾਮਲ ਹੈ।  ਜੇ ਸੱਤ ਦਹਾਕੇ ਤੋਂ ਵੱਧ ਸਮੇਂ ਦੌਰਾਨ ਵੀ ਆਮ ਲੋਕਾਂ ਦਾ ਓਨਾ ਭਲਾ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ ਤਾਂ ਇਸਦੇ ਕਾਰਣਾਂ ਦਾ ਠੋਸ ਵੇਰਵਾ ਪੂਰੀ ਦਲੀਲ ਨਾਲ ਬਾਪੂ ਗਿੱਲ ਕੋਲ ਮੌਜੂਦ ਹੈ। ਭਾਰਤੀ ਸਿਆਸਤ ਦੀ ਗੱਲ ਕਰੋ ਜਾਂ ਕੌਮਾਂਤਰੀ ਸਿਆਸਤ ਦੀ ਤਾਂ ਬਾਪੂ ਗਿੱਲ ਕੋਲ ਇਤਿਹਾਸ ਦਾ ਪੂਰਾ ਵੇਰਵਾ ਵੀ ਹੈ ਅਤੇ ਭਵਿੱਖ ਲਈ ਪੂਰੀ ਕਾਰਜ-ਯੋਜਨਾ ਵੀ। ਲੋਕਾਂ ਦੀ ਰੋਜ਼ੇ ਰੋਟੀ ਦਾ ਮਸਲਾ ਕਿਵੇਂ ਹੱਲ ਹੋਵੇ? ਹਰ ਕਿਸੇ ਨੂੰ ਰੋਜ਼ਗਾਰ ਕਿਵੇਂ ਮਿਲੇ? ਹਰ ਕਿਸੇ ਲਈ ਵਿੱਦਿਆ ਕਿਵੇਂ ਸੁਨਿਸਚਿਤ ਹੋਵੇ? ਇਸਤਰੀਆਂ ਅਤੇ ਲੜਕੀਆਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇ ਇਸ ਬਾਰੇ ਉਹਨਾਂ ਕੋਲ ਠੋਸ ਪ੍ਰੋਗਰਾਮ ਹੈ। ਉਹਨਾਂ ਦੇ ਸਮਰਥਕ ਇਸ ਗੱਲ ਲਈ ਵੀ ਤਿਆਰ ਹਨ ਕਿ ਭਾਵੇਂ ਉਹਨਾਂ ਨੂੰ ਨਾਇਕ ਫਿਲਮ ਵਾਂਗ ਇੱਕ ਦਿਨ ਲਈ ਹੀ ਮੁੱਖ ਮੰਤਰੀ ਬਣਾ ਕੇ ਦੇਖ ਲਉ ਉਹ ਆਪਣੀ ਪ੍ਰਤਿਭਾ ਦਿਖਾ ਕੇ ਸਭਨਾਂ ਨੂੰ ਕਾਇਲ ਕਰ ਲੈਣਗੇ। ਅਤੀਤ ਵਿੱਚ ਉਹਨਾਂ ਨੇ ਆਪਣਾ ਪੰਜਾਬ ਪਾਰਟੀ ਵੱਲੋਂ ਵੀ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਸੀ। 

ਸਿਮਰਨਦੀਪ ਸਿੰਘ 
ਚੋਣ ਜੰਗ ਦੇ ਇਸ ਮਕਸਦ ਲਈ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਸਿਮਰਨਦੀਪ ਸਿੰਘ ਹਲਕਾ ਦਾਖਾ ਤੋਂ ਆਰ.ਐਸ.ਪੀ//ਸਾਂਝਾ ਪੰਜਾਬ ਦੇ ਉਮੀਦਵਾਰ ਵੱਜੋਂ ਚੋਣਾਂ ਲੜਨ ਦੀ ਹੁਣ ਪੂਰੀ ਤਿਆਰੀ ਵਿੱਚ ਹਨ।ਹਲਕਾ ਦਾਖਾ ਦੇ ਉਮੀਦਵਾਰ ਵੱਜੋਂ ਕਮਰ ਕੱਸੀ ਬੈਠੇ ਸਿਮਰਨਦੀਪ ਸਿੰਘ  ਨੇ  ਇੱਕ ਪ੍ਰੈਸ  ਬਿਆਨ ਵਿੱਚ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਕੁਦਰਤੀ ਜਲ ਸਰੋਤਾਂ ਅਤੇ ਊਰਜਾ ਸੋਮਿਆਂ ਦੀ ਡਟਕੇ ਰਾਖੀ ਕਰਨ ਲਈ ਅੱਗੇ ਆਉਣ। ਇਹ ਰਾਖੀ ਕਿਵੇਂ ਸੰਭਵ ਹੈ ਇਸ ਬਾਰੇ ਅਜੇ ਉਹ ਚੁੱਪ ਹਨ। ਜਦੋਂ ਕੇਂਦਰ ਸਰਕਾਰ ਹੀ ਵਿਤਕਰੇ ਅਤੇ ਵਧੀਕੀਆਂ ਕਰ ਰਹੀ ਹੋਵੇ ਤਾਂ ਲੜਾਈ ਕੋਈ ਸੌਖੀ ਨਹੀਂ ਰਹਿ ਜਾਂਦੀ। ਇਹ ਲੜਾਈ ਕੌਣ ਲੜੇਗਾ, ਕਿਵੇਂ ਲੜੇਗਾ ਅਤੇ ਕਿ ਹੋਵੇਗੀ ਰੂਪਰੇਖਾ ਇਸ ਬਾਰੇ ਅਜੇ ਉਹ ਖਾਮੋਸ਼ ਹਨ। ਕੀ ਸਾਂਝਾ ਪੰਜਾਬ ਵਾਲੇ ਫੈਡਰਲ ਢਾਂਚੇ ਨੂੰ ਮੈਬੂਤ ਬਣਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਅਪਣਾਉਣਗੇ?

ਉਹਨਾਂ ਕਿਹਾ  ਕਿ ਊਰਜਾ ਦਾ ਖੇਤਰ ਇੱਕ ਅਹਿਮ ਖੇਤਰ ਹੈ ਜਿਹੜਾ ਸਾਡੇ ਸਮਾਜ ਲਈ ਬੇਹੱਦ ਮਹੱਤਵ ਰੱਖਦਾ ਹੈ। ਸੰਨ 1947 ਤੋਂ ਬਾਅਦ ਕੇਂਦਰ ਵਿੱਚ ਬਣੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਅੰਦਰਲੇ ਆਪਣੇ ਰਾਜਨੀਤਕ ਦਲਾਲਾਂ ਦੀ ਸਹਾਇਤਾ ਨਾਲ ਪੰਜਾਬ ਨੂੰ ਇਸ ਦੇ ਦਰਿਆਵਾਂ ਦੇ ਪਾਣੀਆ ਅਤੇ ਦਰਿਆਵਾਂ ਉੱਤੇ ਉਸਰੇ ਹੈੱਡਵਰਕਸ ਦੀ ਮਾਲਕੀ ਤੋਂ ਲਗਾਤਾਰ ਵਾਂਝਾ ਰੱਖਿਆ ਹੈ। ਹੁਣ ਇਹਨਾਂ ਸੋਮਿਆਂ ਦੀ ਰਾਖੀ ਲਈ ਕਿ ਕੁਝ ਕਿਵੇਂ ਕੀਤਾ ਜਾਈ ਇਸ ਬਾਰੇ ਇਹ ਪਾਰਟੀ ਅਜੇ ਚੁੱਪ ਹੈ। ਸ਼ਾਇਦ ਪਾਰਟੀ ਆਪਣੇ ਏਜੰਡੇ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕਰੇ। 

ਪਾਰਟੀ ਉਮੀਦਵਾਰ ਜਿਹੜਾ ਕਿ ਨੌਜਵਾਨ ਹੀ ਹੈ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਉਸਾਰੇ ਗਏ  ਥਰਮਲ ਪਲਾਂਟ ਪੰਜਾਬ ਦੀ ਕਿਸੇ ਲੋੜ ਵਿੱਚੋਂ ਨਹੀਂ ਉਸਾਰੇ ਗਏ ਸਗੋਂ ਇਹ ਪੰਜਾਬ ਨੂੰ ਕੇਂਦਰ ਸਰਕਾਰ ਮੂਹਰੇ ਲਗਾਤਾਰ ਠੂਠਾ ਫੜ੍ਹਕੇ ਮੰਗਣ ਦੇ ਮੰਤਵ ਨਾਲ ਉਸਾਰੇ ਗਏ ਹਨ। ਇਨ੍ਹਾਂ ਥਰਮਲ ਪਲਾਂਟਾਂ ਵਾਸਤੇ ਕੋਲੇ ਦੀ ਲੋੜ ਦੇ ਚੱਲਦਿਆਂ ਪੰਜਾਬ ਸਦਾ ਹੀ ਕੇਂਦਰ ਮੂਹਰੇ ਮੰਗਣ  ਲਈ ਮਜਬੂਰ ਹੈ। 

ਆਰ ਐਸ ਪੀ ਆਗੂ ਮੁਤਾਬਿਕ ਕੇਂਦਰ ਵੱਲੋਂ  ਪੰਜਾਬ ਦੇ ਸਿਰ ਦੋ ਪ੍ਰਮਾਣੂ ਊਰਜਾ ਪਲਾਂਟ ਮੜ੍ਹਨ ਦੀ ਯੋਜਨਾ ਵੀ ਹੈ। ਪੰਜਾਬ ਨੂੰ ਨਾ ਹੀ ਥਰਮਲ ਪਲਾਂਟਾਂ ਦੀ ਲੋੜ ਹੈ ਅਤੇ ਨਾ ਹੀ ਪ੍ਰਮਾਣੂ ਊਰਜਾ ਪਲਾਂਟਾਂ ਦੀ ਪ੍ਰਮਾਣੂ ਪਲਾਂਟ ਜੰਗ ਵਿਚ ਵਿਰੋਧੀ ਧਿਰ ਦਾ ਪਹਿਲਾ ਨਿਸ਼ਾਨਾ ਬਣਦਾ ਹੈ। ਇਸ ਦੀ ਕਾਰਜਸ਼ੀਲਤਾ ਅਨਿਸਚਤ ਹੁੰਦੀ ਹੈ। ਜੰਗ ਤੋਂ ਇਲਾਵਾ ਸਾਧਾਰਨ ਰੂਪ ਵਿਚ ਵੀ ਅਜਿਹੇ ਪਲਾਂਟ ਖਤਰਾ ਮੁਕਤ ਨਹੀ ਹੁੰਦੇ। ਇਕ ਕੌਮਾਂਤਰੀ ਅਧਿਐਨ ਅਨੁਸਾਰ 1952 ਵਿੱਚ ਪਹਿਲਾ ਐਟਮੀ ਪਲਾਂਟ ਹਾਦਸਾ ਕੈਨੇਡਾ ਦੇ ਚਾਕ ਦਰਿਆ ਦੇ ਨੇੜੇ ਐਂਟੈਰੀਉ ਸੂਬੇ ਵਿਚ ਹੋਇਆ ਸੀ। 

ਇਸ ਪਿਛੋਂ ਵੱਖ -ਵੱਖ ਦੇਸਾਂ ਵਿਚ ਅਜਿਹੇ 32 ਹੋਰ ਹਾਦਸੇ ਹੋ ਚੁਕੇ ਹਨ। ਚਰਨੋਬਲ (ਰੂਸ) ਵਾਲਾ ਹਾਦਸਾ ਬਹੁਤ ਹੀ ਤਬਾਹਕੁਨ ਗਿਣਿਆ ਜਾਂਦਾ ਹੈ ਜਿਸ ਦੀ ਪੂਰੀ ਤਸਵੀਰ ਵੀ ਸਾਹਮਣੇ ਨਹੀਂ ਆਉਣ ਦਿਤੀ ਗਈ। ਇਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਪੰਜਾਬ ਨੂੰ ਸਿਰਫ ਪਣ-ਬਿਜਲੀ ਅਤੇ ਸੂਰਜੀ ਬਿਜਲੀ ਸੂਤ ਬੈਠਦੀ ਹੈ। ਇਸ ਲਈ ਪੰਜਾਬ ਦੇ ਦਰਿਆਵਾਂ ਉੱਤੇ ਉਸਾਰੇ ਗਏ ਹੈੱਡਵਰਕਸ ਅਤੇ ਪਾਵਰ ਪਲਾਂਟਾਂ ਦੀ ਮਾਲਕੀ ਪੰਜਾਬ ਨੂੰ ਸੌਂਪਣ ਦੀ ਮੰਗ ਕਰਨਾ ਹਰ ਇੱਕ ਪੰਜਾਬੀ ਦੀ ਅਹਿਮ ਜ਼ਿੰਮੇਵਾਰੀ ਹੈ। ਪੰਜਾਬ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੰਜਾਬ ਦੇ ਪਣ ਬਿਜਲੀ ਪ੍ਰਾਜੈਕਟਾਂ ਦੇ ਨਾਲ ਨਾਲ ਸੂਰਜੀ ਊਰਜਾ ਪਲਾਂਟ ਲਾ ਕੇ ਪੂਰਾ ਕਰਨ ਦੀ ਨੀਤੀ ਉੱਤੇ  ਚੱਲਿਆ ਜਾਣਾ ਚਾਹੀਦਾ ਹੈ। ਇਸ ਨੀਤੀ ਉਤੇ ਚੱਲਿਆ ਜਾਣਾ ਪੰਜਾਬ ਦੇ ਖੁਸ਼ਹਾਲ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਅਤੇ ਪੰਜਾਬ ਨੂੰ ਇੱਕ ਅਜਿਹੀ ਸੂਬਾ ਸਰਕਾਰ ਚਾਹੀਦੀ ਹੈ ਜਿਹੜੀ ਇਸ ਨੀਤੀ ਉੱਤੇ ਡੱਟਕੇ ਚੱਲ ਸਕੇ। ਅਸੀ ਇਸ ਨੀਤੀ ਉੱਤੇ ਚੱਲਣ ਲਈ ਅਸੀਂ ਵਚਨਬੱਧ ਹਾਂ। 

ਅਖੀਰ ਵਿੱਚ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੀ ਇੱਕ ਪੁਰਾਣੀ ਵੀਡੀਓ ਵੀ ਦੇਖ ਲਓ:

ਇਹ ਵੀਡੀਓ ਨਵੰਬਰ-2016 ਦੀ ਹੈ। ਇਹ ਭਾਸ਼ਣ ਉਹਨਾਂ ਨੇ ਪੰਜਾਬੀ ਭਵਨ ਵਿਚ ਹੋਏ ਇੱਕ ਸਿੱਖ ਸੈਮੀਨਾਰ ਦੌਰਾਨ ਦਿੱਤਾ ਸੀ।


Monday, November 29, 2021

ਦਾਖਾ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ

  29th Nov 2021 at 10:33 AM

ਸੀਨੀਅਰ ਸ. ਸ. ਸ.  ਵਿਖੇ ਹੋਇਆ ਸਫਲ ਆਯੋਜਨ

ਦਾਖਾ: 29 ਨਵੰਬਰ 2021: (ਪ੍ਰੀਤਮ ਲੁਧਿਆਣਵੀ): 

ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਬੀ. ਐਮ. ਸਾਇੰਸ ਸ੍ਰੀ ਅਮਨਦੀਪ ਸਿੰਘ, ਬਲਾਕ ਨੋਡਲ ਆਫਸਰ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।  ਵੱਖ ਵੱਖ ਸਕੂਲਾਂ ਤੋਂ ਆਏ ਹੋਏ ਜੱਜ ਸਾਹਿਬਾਨ ਨੇ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਆਪਣੀ ਜੱਜਮੈਂਟ ਦੇ ਕਾਰਜ ਨੂੰ ਨੇਪਰੇ ਚਾੜਿਆ। ਮੰਚ ਸੰਚਾਲਨ ਸ੍ਰ. ਪਵਨਦੀਪ ਸਿੰਘ ਭੱਠਲ ਨੇ ਕੀਤਾ। ਇਸ ਸਮੇਂ ਸਕੂਲ ਦੀ ਬੈਂਡ ਟੀਮ ਤੇ ਭੰਗੜਾ ਟੀਮ ਨੇ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। --ਪ੍ਰੀਤਮ ਲੁਧਿਆਣਵੀ ਚੰਡੀਗੜ੍ਹ ਤੋਂ  


Thursday, April 01, 2021

ਦਲਿਤ ਪੀੜਤ ਮਹਿਲਾ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ

1st April 2021 at 4:51 PM
ਪੰਜਾਬ ਐਸਸੀ ਕਮਿਸ਼ਨ ਨੇ ਲਿਆ ਗੰਭੀਰ ਨੋਟਿਸ, 3 ਨੂੰ ਕਮਿਸ਼ਨ ਦਾ ਦੌਰਾ ਪਿੰਡ ਦਾਖਾ ‘ਚ
ਕਮਿਸ਼ਨ ਦੀ 3 ਮੈਂਬਰੀ ਟੀਮ ਕਰੇਗੀ ਪੀੜਤਾ ਦੀ ਸੁਣਵਾਈ
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰੇਸਮ ਸਿੰਘ ਸਿਆਲਕਾ ਜਾਣਕਾਰੀ ਦਿੰਦੇ ਹੋਏ

ਲੁਧਿਆਣਾ
: 1 ਅਪ੍ਰੈਲ 2021: (ਪੰਜਾਬ ਸਕਰੀਨ ਬਿਊਰੋ)::
ਪੀੜਤ ਦਲਿਤ ਮਹਿਲਾ ਸ਼੍ਰੀਮਤੀ ਹਰਜਿੰਦਰ ਕੌਰ ਪਤਨੀ ਕਰਮ ਸਿੰਘ ਕਰਮਾ ਵਾਸੀ ਪੱਤੀ ਭੂਰਾ ਨੇੜੇ ਮਾਤਾ ਰਾਣੀ ਚੌਂਕ ਮੁਲਾਪੁਰ ਦਾਖਾ ਪੁਲੀਸ ਜ਼ਿਲ੍ਹਾ ਜਗਰਾਓ ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦਾ ਪੰਜਾਬ ਰਾਜ ਐਸਸੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ।
ਪਿੰਡ ਦਾਖਾ ਵਿਖੇ ਕਮਿਸ਼ਨ ਵੱਲੋਂ ਰੱਖੇ ਦੌਰੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਸਾਨੂੰ ਬੀਤੇ ਦਿਨ ਇੱਕ ਸ਼ਿਕਾਇਤ ਮਿਲੀ ਸੀ ਜਿਸ ‘ਚ ਕਰਮ ਸਿੰਘ ਵਾਸੀ ਦਾਖਾ ਨੇ ਦੱਸਿਆ ਕਿ ਹੈ ਕਿ ਉਸ ਦੀ ਪਤਨੀ ਨੂੰ ਜ਼ਿੰਮੀਦਾਰ ਘਰਾਣੇ ਦੇ ਵਿਅਕਤੀਆਂ ਨੇ ਕਹੀ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਸ਼ਿਕਾਇਤ ਕਰਤਾ ਧਿਰ ਦੇ ਅਨੁਸਾਰ ਉਸ ਦੀ ਨਾਂ ਹੀ ਸਥਾਨਕ ਪੁਲੀਸ ਥਾਣੇ ਨੇ ਸੁਣੀ ਨਾ ਹੀ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਹੀ ਲਿਆ ਹੈ।
ਉਨ੍ਹਾ ਨੇ ਦੱਸਿਆ ਕਿ ਪੀੜਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਲਿਤ ਪੀੜਤ ਔਰਤ ਦੀ ਸੁਣਵਾਈ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ 3 ਅਪ੍ਰੈਲ 2021 ਨੂੰ ਪੰਜਾਬ ਰਾਜ ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ (ਡਾ. ਤਰਸੇਮ ਸਿੰਘ ਸਿਆਲਕਾ, ਪ੍ਰਭ ਦਿਆਲ ਅਤੇ ਗਿਆਨ ਚੰਦ ਦੀਵਾਲੀ) ਪਿੰਡ ਦਾਖਾ ਦਾ ਜਾ ਕੇ ਮੌਕਾ ਮੁਆਇਨਾ ਕਰੇਗੀ ਅਤੇ ਜਿਥੇ ਪੀੜਤ ਮਹਿਲਾ ਜ਼ੇਰੇ ਇਲਾਜ ਦਾਖਲ ਕਰਵਾਈ ਗਈ ਹੈ ਉਥੇ ਪਹੁੰਚ ਕੇ ਕਮਿਸ਼ਨ ਦੀ ਟੀਮ ਪੀੜਤਾ ਦੀ ਸੁਣਵਾਈ ਕਰੇਗੀ ਅਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ‘ਚ ਕੀਤੀ ਗਈ ਢਿੱਲ੍ਹ ਮੱਠ ਨੂੰ ਲੈ ਕੇ ਜਵਾਬ ਤਲਬੀ ਵੀ ਕਰੇਗੀ।
ਉਹਨਾਂ ਨੇ ਦੱਸਿਆ ਕਿ 3 ਅਪ੍ਰੈਲ 2021 ਨੂੰ ਕਮਿਸ਼ਨ ਦੀ ਟੀਮ 11 ਵਜੇ ਜਗਰਾਓ ਦੇ ਰੈਸਟ ਹਾਊਸ ਵਿਖੇ ਪਹੁੰਚੇਗੀ ਜਿਥੋਂ ਅਫਸਰ ਸਾਹਿਬਾਨਾ ਨੂੰ ਨਾਲ ਲੈ ਕੇ ਪਿੰਡ ਦਾਖਾ ਵਿਖੇ ਪਹੁੰਚੇਗੀ।

Monday, October 21, 2019

ਪਿੰਡ ਜਾਂਗਪੁਰ ਘਟਨਾ ਦੀ ਜਾਂਚ ਜਾਰੀ-ਜ਼ਿਲਾ ਚੋਣ ਅਫ਼ਸਰ


Oct 21, 2019, 7:48 PM
-ਦਾਖਾ ਜ਼ਿਮਨੀ ਚੋਣ-ਹਲਕਾ ਦਾਖਾ 'ਚ 71.64 ਫੀਸਦੀ ਮਤਦਾਨ
ਲੁਧਿਆਣਾ: 21 ਅਕਤੂਬਰ 2019: (ਪੰਜਾਬ ਸਕਰੀਨ ਬਿਊਰੋ)::
ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ ਗਿਆ। ਪੂਰੇ ਹਲਕੇ ਵਿੱਚ 71.64 ਫੀਸਦੀ ਵੋਟਾਂ ਪਈਆਂ।  ਇਲਾਕੇ ਦੇ ਲੋਕਾਂ ਦਾ ਧਿਆਨ ਇਸ ਹਲਕੇ ਦੇ ਘਟਨਾਕ੍ਰਮ ਵੱਲ ਲੱਗਿਆ ਰਿਹਾ। ਵੋਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੁੱਲ ਪਈਆਂ 71.64 ਫੀਸਦੀ ਵੋਟਾਂ ਵਿੱਚ ਮਰਦ ਵੋਟਰਾਂ ਦੀ ਫੀਸਦੀ 72.48 ਅਤੇ ਔਰਤ ਵੋਟਰਾਂ ਦੀ ਫ਼ੀਸਦੀ 70.69 ਦਰਜ ਕੀਤੀ ਗਈ। ਦਿਲਚਸਪ ਗੱਲ ਹੈ ਕਿ ਤੀਜੇ ਲਿੰਗ ਦੀ ਕੋਈ ਵੀ ਵੋਟ ਨਹੀਂ ਦਰਜ ਕੀਤੀ ਗਈ। ਸ੍ਰੀ ਅਗਰਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਦੀ ਇਸ ਵੋਟਿੰਗ ਪ੍ਰਕਿਰਿਆ ਦੌਰਾਨ ਪਿੰਡ ਜਾਂਗਪੁਰ ਵਿਖੇ ਗੋਲੀ ਚੱਲਣ ਦੀ ਘਟਨਾ ਬਾਰੇ ਪਤਾ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਲੈ ਕੇ ਅੱਜ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਰਿਹਾ ਅਤੇ ਹਾਲਤ ਖਿਚਾਅ ਵਰਗੀ ਬਣੀ ਰਹੀ। ਉਹਨਾਂ ਦੱਸਿਆ ਕਿ ਇਹ ਘਟਨਾ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ ਬਾਅਦ ਅਤੇ ਪੋਲਿੰਗ ਸਟੇਸ਼ਨ ਤੋਂ ਦੂਰ ਘਟੀ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਪਿੰਡ ਜਾਂ ਖੇਤਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਸ੍ਰੀ ਅਗਰਵਾਲ ਨੇ ਵੋਟਰਾਂ, ਚੋਣ ਅਮਲਾ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਗੁਰੂਸਰ ਸੁਧਾਰ ਸਥਿਤ ਗੁਰੂ ਹਰਗੋਬਿੰਦ ਕਾਲਜ ਵਿਖੇ ਹੋਵੇਗੀ।

Monday, January 06, 2014

''ਪੰਜਾਬੀਓ ਜਾਗੋ-ਨਸ਼ਾ ਤਿਆਗੋ” ਮੁਹਿੰਮ ਬਣੀ ਲੋਕ ਲਹਿਰ

ਹਲਕਾ ਦਾਖਾ ਵਿੱਚੋਂ ਨਸ਼ੇ ਤੇ ਭ੍ਰਿਸ਼ਟਾਚਾਰ ਦਾ ਹੋਵੇਗਾ ਖਾਤਮਾ-ਇਆਲੀ
ਮੁਹਿੰਮ ਦੀ ਕਾਮਯਾਬੀ ਲਈ ਪੁਲਸ ਢਿੱਲ ਨਹੀਂ ਵਰਤੇਗੀ-ਚੌਧਰੀ/ਤੂਰ/ਸਤਿੰਦਰ
ਲੁਧਿਆਣਾ, 6 ਜਨਵਰੀ (ਸਤਪਾਲ ਸੋਨੀ//ਪੰਜਾਬ ਸਕਰੀਨ):
ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ''ਪੰਜਾਬੀਓ ਜਾਗੋ-ਨਸ਼ੇ ਤਿਆਗੋ” ਮੁਹਿੰਮ ਦੇ ਤਹਿਤ ਮੰਡੀ ਮੁੱਲਾਂਪੁਰ-ਦਾਖਾ ਵਿਖੇ ਹੋਏ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਅਤੇ ਭ੍ਰਿਸ਼ਟਾਚਾਰੀਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਨੌਜੁਆਨ ਪੀੜੀ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਹਰ ਵਿਅਕਤੀ ਇਸ ਮੁਹਿੰਮ ਨੂੰ ਪਹਿਲਾਂ ਆਪਣੇ ਤੇ ਲਾਗੂ ਕਰੇ ਅਤੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਉਹਨਾਂ ਦੀ ਨਜ਼ਰਸਾਨੀ ਕਰੇ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੀਤੇ ਗਏ ਇਸ ਨਿਰੋਲ ਸਮਾਜਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਹਲਕੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਇਸ ਮੁਹਿੰਮ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਅਤੇ ਨਸ਼ੇ ਵੇਚਣ, ਖਾਣ ਵਾਲਿਆਂ ਦਾ ਨਾ ਨਸ਼ਰ ਕਰਨ ਤਾਂ ਕਿ ਉਹਨਾਂ ਨੂੰ ਕਨੂੰਨ ਅਨੁਸਾਰ ਢੁੱਕਵੀ ਸਜ਼ਾ ਦਿੱਤੀ ਜਾ ਸਕੇ। ਇਸ ਮੁਹਿੰਮ ਦੇ 6 ਮਹੀਨਿਆਂ ਬਾਅਦ ਚੰਗੇ ਨਤੀਜੇ ਆਉਣ ਦਾ ਵਿਸ਼ਵਾਸ਼ ਦਿਵਾਉਂਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਬਚਪਨ ਵਿੱਚ ਹੀ ਬੱਚੇ ਨਸ਼ਿਆਂ ਦੇ ਆਦਿ ਨਾ ਹੋ ਜਾਣ ਇਸ ਲਈ ਸਭ ਤੋਂ ਪਹਿਲਾਂ ਇਸ ਮੁਹਿੰਮ ਨੂੰ ਸਕੂਲਾਂ ਦੇ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇਗਾ। ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਉਨੀ ਦੇਰ ਤੱਕ ਜੜੋਂ ਨਹੀਂ ਪੁੱਟਿਆ ਜਾ ਸਕਦਾ ਜਦੋਂ ਤੱਕ ਲੋਕ ਸਹਿਯੋਗ ਨਾ ਦੇਣ। ਉਹਨਾਂ ਕਿਹਾ ਕਿ ਲੋਕਾਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਜਿੰਨੀ ਦੇਰ ਤੱਕ ਰਿਸ਼ਵਤ ਨਾ ਦਿੱਤੀ ਜਾਵੇ ਉਨੀ ਦੇਰ ਤੱਕ ਉਹਨਾਂ ਦਾ ਕੰਮ ਨਹੀਂ ਬਣੇਗਾ। ਇਸ ਵਹਿਮ ਨੂੰ ਕੱਢਣ ਲਈ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਸੂਚਨਾ ਸਾਡੇ ਵੱਲੋਂ ਦਿੱਤੀ ਹੈਲਪ ਲਾਈਨ ਤੇ ਦੇ ਸਕਦਾ ਹੈ। ਐਸ.ਐਸ.ਪੀ. ਅਸ਼ੀਸ਼ ਚੌਧਰੀ, ਐਸ.ਐਸ.ਪੀ. ਵਿਜੀਲੈਂਸ ਸਤਿੰਦਰ ਸਿੰਘ ਅਤੇ ਏ.ਆਈ.ਜੀ. ਇੰਟੈਲੀਜੈਂਸ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਨਸ਼ੇ ਮੁੱਦਤਾਂ ਤੋਂ ਚੱਲੇ ਆ ਰਹੇ ਹਨ ਅਤੇ ਹਰ ਵਿਭਾਗ ਵਿੱਚ ਕਾਲੀਆਂ ਭੇਡਾਂ ਹਨ, ਜਿਸ ਕਾਰਨ ਇਸ ਦੇ ਉੱਪਰ ਹੌਲੀ-ਹੌਲੀ ਕਾਬੂ ਪਵੇਗਾ। ਉਹਨਾਂ ਕਿਹਾ ਕਿ ਭ੍ਰਿਸ਼ਟ ਅਤੇ ਝਪਟਮਾਰਾਂ 'ਚ ਕੋਈ ਅੰਤਰ ਨਹੀਂ, ਜਿਹੜੇ ਕਿ ਬਰਾਬਰ ਦੇ ਦੋਸ਼ੀ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਸ ਨੇਕ ਕੰਮ ਲਈ ਵਿਧਾਇਕ ਇਆਲੀ ਵੱਲੋਂ ਵਿੱਢੀ ਮੁਹਿੰਮ ਦਾ ਉਹ ਸੁਆਗਤ ਕਰਦੇ ਹਨ ਅਤੇ ਪੂਰੇ ਸਮਰਥਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਿਆਸਤਦਾਨ ਅਤੇ ਪੁਲਸ ਜੇਕਰ ਸੁਹਿਰਦ ਹੋਣ ਤਾਂ ਪੰਜਾਬ ਦੀ ਧਰਤੀ ਨਸ਼ਾ ਮੁਕਤ ਹੋ ਜਾਵੇਗਾ। ਉਹਨਾਂ ਇਸ ਮੇਕੇ ਸਿਆਸਤਦਾਨਾਂ ਨੂੰ ਉਹਨਾਂ ਉੱਪਰ ਲੱਗੇ ਧੱਬੇ ਨੂੰ ਧੌਣ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਸਮਾਗਮ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਐਸ.ਆਰ. ਕਲੇਰ ਵਿਧਾਇਕ ਜਗਰਾਉਂ, ਸੰਤੋਖ ਸਿੰਘ ਗਿੱਲ ਜ਼ਿਲ•ਾ ਗਾਈਡੈਂਸ ਕੌਂਸਲ, ਪ੍ਰਧਾਨ ਪ੍ਰੇਮਇੰਦਰ ਕੁਮਾਰ ਗੋਗਾ, ਡਾ. ਸਰਬਜੀਤ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਨਸ਼ਿਆਂ ਤੋਂ ਜਾਗਰੂਕ ਕਰਦਾ ਨਾਟਕ ''ਇਹਨਾਂ ਜਖਮਾਂ ਦਾ ਕੀ ਕਰੀਏ” ਦਾ ਮੰਚਨ ਕੀਤਾ ਗਿਆ, ਜਿਹੜਾ ਕਿ ਚੰਗਾ ਸੁਨੇਹਾ ਦੇਣ ਦੇ ਨਾਲ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਿਆ। ਇਸ ਮੌਕੇ ਜ਼ਿਲ•ਾ ਸਿੱਖਿਆ ਅਫਸਰ ਪਰਮਜੀਤ ਕੌਰ ਚਾਹਲ, ਚੇਅਰਮੈਨ ਹਰਬੀਰ ਸਿੰਘ ਇਆਲੀ, ਜ਼ਿਲ•ਾ ਪ੍ਰਧਾਨ ਕਮਲਜੀਤ ਸਿੰਘ ਮੱਲ•ਾ, ਸ਼੍ਰ੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਮੁੱਲਾਂਪੁਰ, ਦਿਹਾਤੀ ਪ੍ਰਧਾਨ ਲਖਵੀਰ ਸਿੰਘ ਦੇਵਤਵਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪ੍ਰਧਾਨ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਹਰਕਿੰਦਰ ਸਿੰਘ ਇਆਲੀ, ਜਸਪ੍ਰੀਤ ਸਿੰਘ ਇਆਲੀ, ਗੁਰਵਿੰਦਰ ਸਿੰਘ ਗੋਲੂ ਇਆਲੀ ਕੈਨੇਡਾ, ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਜੱਥੇਦਾਰ ਅਖਤਿਆਰ ਸਿੰਘ ਰੂੰਮੀ, ਭਾਜਪਾ ਆਗੂ ਮੇਜਰ ਸਿੰਘ ਦੇਵਤਵਾਲ, ਨਵਦੀਪ ਸਿੰਘ ਗਰੇਵਾਲ, ਸੰਜੀਵ ਢੰਡ, ਕਰਨੈਲ ਸਿੰਘ ਗਿੱਲ, ਜਸਕਰਨ ਸਿੰਘ ਦਿਉਲ, ਪ੍ਰਿੰਸੀਪਲ ਬਲਦੇਵ ਬਾਵਾ, ਰਿਟਾ. ਪ੍ਰਿੰਸੀਪਲ ਪਰਮਿੰਦਰ ਸਿੰਘ ਤੂਰ ਆਦਿ ਹਾਜ਼ਰ ਸਨ। 
ਕੈਪਸ਼ਨ: ਸੰਬੋਧਨ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਐਸ.ਐਸ.ਪੀ. ਅਸ਼ੀਸ਼ ਚੌਧਰੀ, ਏ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਵਿਧਾਇਕ ਐਸ.ਆਰ. ਕਲੇਰ, ਡਾ. ਸਰਬਜੀਤ ਸਿੰਘ ਗਿੱਲ, ਪ੍ਰਧਾਨ ਪ੍ਰੇਮਇੰਦਰ ਕੁਮਾਰ ਗੋਗਾ, ਕ੍ਰਿਸ਼ਨ ਕੁਮਾਰ ਬਾਵਾ ਅਤੇ ਗੁਰਚਰਨ ਸਿੰਘ ਗਰੇਵਾਲ, ਹੇਠਾਂ ਠਾਠਾਂ ਮਾਰਦਾ ਇਕੱਠ।