Thursday, April 01, 2021

ਦਲਿਤ ਪੀੜਤ ਮਹਿਲਾ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ

1st April 2021 at 4:51 PM
ਪੰਜਾਬ ਐਸਸੀ ਕਮਿਸ਼ਨ ਨੇ ਲਿਆ ਗੰਭੀਰ ਨੋਟਿਸ, 3 ਨੂੰ ਕਮਿਸ਼ਨ ਦਾ ਦੌਰਾ ਪਿੰਡ ਦਾਖਾ ‘ਚ
ਕਮਿਸ਼ਨ ਦੀ 3 ਮੈਂਬਰੀ ਟੀਮ ਕਰੇਗੀ ਪੀੜਤਾ ਦੀ ਸੁਣਵਾਈ
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰੇਸਮ ਸਿੰਘ ਸਿਆਲਕਾ ਜਾਣਕਾਰੀ ਦਿੰਦੇ ਹੋਏ

ਲੁਧਿਆਣਾ
: 1 ਅਪ੍ਰੈਲ 2021: (ਪੰਜਾਬ ਸਕਰੀਨ ਬਿਊਰੋ)::
ਪੀੜਤ ਦਲਿਤ ਮਹਿਲਾ ਸ਼੍ਰੀਮਤੀ ਹਰਜਿੰਦਰ ਕੌਰ ਪਤਨੀ ਕਰਮ ਸਿੰਘ ਕਰਮਾ ਵਾਸੀ ਪੱਤੀ ਭੂਰਾ ਨੇੜੇ ਮਾਤਾ ਰਾਣੀ ਚੌਂਕ ਮੁਲਾਪੁਰ ਦਾਖਾ ਪੁਲੀਸ ਜ਼ਿਲ੍ਹਾ ਜਗਰਾਓ ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦਾ ਪੰਜਾਬ ਰਾਜ ਐਸਸੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ।
ਪਿੰਡ ਦਾਖਾ ਵਿਖੇ ਕਮਿਸ਼ਨ ਵੱਲੋਂ ਰੱਖੇ ਦੌਰੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਸਾਨੂੰ ਬੀਤੇ ਦਿਨ ਇੱਕ ਸ਼ਿਕਾਇਤ ਮਿਲੀ ਸੀ ਜਿਸ ‘ਚ ਕਰਮ ਸਿੰਘ ਵਾਸੀ ਦਾਖਾ ਨੇ ਦੱਸਿਆ ਕਿ ਹੈ ਕਿ ਉਸ ਦੀ ਪਤਨੀ ਨੂੰ ਜ਼ਿੰਮੀਦਾਰ ਘਰਾਣੇ ਦੇ ਵਿਅਕਤੀਆਂ ਨੇ ਕਹੀ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਸ਼ਿਕਾਇਤ ਕਰਤਾ ਧਿਰ ਦੇ ਅਨੁਸਾਰ ਉਸ ਦੀ ਨਾਂ ਹੀ ਸਥਾਨਕ ਪੁਲੀਸ ਥਾਣੇ ਨੇ ਸੁਣੀ ਨਾ ਹੀ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਹੀ ਲਿਆ ਹੈ।
ਉਨ੍ਹਾ ਨੇ ਦੱਸਿਆ ਕਿ ਪੀੜਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਲਿਤ ਪੀੜਤ ਔਰਤ ਦੀ ਸੁਣਵਾਈ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ 3 ਅਪ੍ਰੈਲ 2021 ਨੂੰ ਪੰਜਾਬ ਰਾਜ ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ (ਡਾ. ਤਰਸੇਮ ਸਿੰਘ ਸਿਆਲਕਾ, ਪ੍ਰਭ ਦਿਆਲ ਅਤੇ ਗਿਆਨ ਚੰਦ ਦੀਵਾਲੀ) ਪਿੰਡ ਦਾਖਾ ਦਾ ਜਾ ਕੇ ਮੌਕਾ ਮੁਆਇਨਾ ਕਰੇਗੀ ਅਤੇ ਜਿਥੇ ਪੀੜਤ ਮਹਿਲਾ ਜ਼ੇਰੇ ਇਲਾਜ ਦਾਖਲ ਕਰਵਾਈ ਗਈ ਹੈ ਉਥੇ ਪਹੁੰਚ ਕੇ ਕਮਿਸ਼ਨ ਦੀ ਟੀਮ ਪੀੜਤਾ ਦੀ ਸੁਣਵਾਈ ਕਰੇਗੀ ਅਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ‘ਚ ਕੀਤੀ ਗਈ ਢਿੱਲ੍ਹ ਮੱਠ ਨੂੰ ਲੈ ਕੇ ਜਵਾਬ ਤਲਬੀ ਵੀ ਕਰੇਗੀ।
ਉਹਨਾਂ ਨੇ ਦੱਸਿਆ ਕਿ 3 ਅਪ੍ਰੈਲ 2021 ਨੂੰ ਕਮਿਸ਼ਨ ਦੀ ਟੀਮ 11 ਵਜੇ ਜਗਰਾਓ ਦੇ ਰੈਸਟ ਹਾਊਸ ਵਿਖੇ ਪਹੁੰਚੇਗੀ ਜਿਥੋਂ ਅਫਸਰ ਸਾਹਿਬਾਨਾ ਨੂੰ ਨਾਲ ਲੈ ਕੇ ਪਿੰਡ ਦਾਖਾ ਵਿਖੇ ਪਹੁੰਚੇਗੀ।

No comments: