Monday, October 21, 2019

ਪਿੰਡ ਜਾਂਗਪੁਰ ਘਟਨਾ ਦੀ ਜਾਂਚ ਜਾਰੀ-ਜ਼ਿਲਾ ਚੋਣ ਅਫ਼ਸਰ


Oct 21, 2019, 7:48 PM
-ਦਾਖਾ ਜ਼ਿਮਨੀ ਚੋਣ-ਹਲਕਾ ਦਾਖਾ 'ਚ 71.64 ਫੀਸਦੀ ਮਤਦਾਨ
ਲੁਧਿਆਣਾ: 21 ਅਕਤੂਬਰ 2019: (ਪੰਜਾਬ ਸਕਰੀਨ ਬਿਊਰੋ)::
ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ ਗਿਆ। ਪੂਰੇ ਹਲਕੇ ਵਿੱਚ 71.64 ਫੀਸਦੀ ਵੋਟਾਂ ਪਈਆਂ।  ਇਲਾਕੇ ਦੇ ਲੋਕਾਂ ਦਾ ਧਿਆਨ ਇਸ ਹਲਕੇ ਦੇ ਘਟਨਾਕ੍ਰਮ ਵੱਲ ਲੱਗਿਆ ਰਿਹਾ। ਵੋਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੁੱਲ ਪਈਆਂ 71.64 ਫੀਸਦੀ ਵੋਟਾਂ ਵਿੱਚ ਮਰਦ ਵੋਟਰਾਂ ਦੀ ਫੀਸਦੀ 72.48 ਅਤੇ ਔਰਤ ਵੋਟਰਾਂ ਦੀ ਫ਼ੀਸਦੀ 70.69 ਦਰਜ ਕੀਤੀ ਗਈ। ਦਿਲਚਸਪ ਗੱਲ ਹੈ ਕਿ ਤੀਜੇ ਲਿੰਗ ਦੀ ਕੋਈ ਵੀ ਵੋਟ ਨਹੀਂ ਦਰਜ ਕੀਤੀ ਗਈ। ਸ੍ਰੀ ਅਗਰਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਦੀ ਇਸ ਵੋਟਿੰਗ ਪ੍ਰਕਿਰਿਆ ਦੌਰਾਨ ਪਿੰਡ ਜਾਂਗਪੁਰ ਵਿਖੇ ਗੋਲੀ ਚੱਲਣ ਦੀ ਘਟਨਾ ਬਾਰੇ ਪਤਾ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਲੈ ਕੇ ਅੱਜ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਰਿਹਾ ਅਤੇ ਹਾਲਤ ਖਿਚਾਅ ਵਰਗੀ ਬਣੀ ਰਹੀ। ਉਹਨਾਂ ਦੱਸਿਆ ਕਿ ਇਹ ਘਟਨਾ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ ਬਾਅਦ ਅਤੇ ਪੋਲਿੰਗ ਸਟੇਸ਼ਨ ਤੋਂ ਦੂਰ ਘਟੀ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਪਿੰਡ ਜਾਂ ਖੇਤਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ। ਸ੍ਰੀ ਅਗਰਵਾਲ ਨੇ ਵੋਟਰਾਂ, ਚੋਣ ਅਮਲਾ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਗੁਰੂਸਰ ਸੁਧਾਰ ਸਥਿਤ ਗੁਰੂ ਹਰਗੋਬਿੰਦ ਕਾਲਜ ਵਿਖੇ ਹੋਵੇਗੀ।

No comments: