29th Nov 2021 at 10:33 AM
ਸੀਨੀਅਰ ਸ. ਸ. ਸ. ਵਿਖੇ ਹੋਇਆ ਸਫਲ ਆਯੋਜਨ
29th Nov 2021 at 10:33 AM
ਸੀਨੀਅਰ ਸ. ਸ. ਸ. ਵਿਖੇ ਹੋਇਆ ਸਫਲ ਆਯੋਜਨ
12th May 2021 at 2:40 PM
ਵੰਸ਼ ਵਾਂਗ ਹੋਰਨਾਂ ਬੱਚਿਆਂ ਨੂੰ ਵੀ ਗਰੀਬੀ ਦੀ ਜਿੱਲ੍ਹਣ ਵਿੱਚੋਂ ਕੱਢੇ ਸਰਕਾਰ
ਅੱਜ ਦਾ ਦਿਨ ਇੱਕ ਬਹੁਤ ਵੱਡੀ ਖੁਸ਼ੀ ਲੈ ਕੇ ਆਇਆ ਹੈ। ਬੱਚਿਆਂ ਨੂੰ ਪੜ੍ਹਨ ਲਿਖਣ ਦੇ ਮੌਕੇ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਇੱਕ ਤੇਜ਼ੀ ਆਈ ਹੈ। ਇਹਨਾਂ ਰਾਹਾਂ ਤੇ ਇੱਕ ਮੀਲ ਪੱਥਰ ਲਾਇਆ ਗਿਆ ਹੈ। ਅੱਜ ਦਾ ਸੱਭਿਅਕ ਸਮਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਮ ਆਖਦਾ ਹੈ। ਤੁਹਾਨੂੰ ਯਾਦ ਹਨ ਸ਼ਾਇਰੀ ਦੀਆਂ ਬਹੁਤ ਹੀ ਪ੍ਰਸਿੱਧ ਹੋਈਆਂ ਸਤਰਾਂ?
ਜਿਧਰ ਕਦਮ ਵਧਾਏ ਓਧਰ ਕੰਧ ਸੀ!
ਜੋ ਬੂਹਾ ਖੜਕਾਇਆ ਉਹੀ ਬੰਦ ਸੀ !
ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ!
ਫਿਰ ਵੀ ਬੜਾ ਹਨੇਰਾ ਜੀਵਨ ਪੰਧ ਸੀ!
ਇਹ ਸਤਰਾਂ ਕਿਸੇ ਸ਼ਾਇਰ ਨੇ ਬਹੁਤ ਪਹਿਲਾਂ ਲਿਖੀਆਂ ਸਨ। ਉਹਨਾਂ ਦਾ ਜ਼ਿਕਰ ਕਰਦੀਆਂ ਸਤਰਾਂ ਜਿਹਨਾਂ ਅੱਗੇ ਦਰਵਾਜ਼ੇ ਵੀ ਕੰਧ ਬਣ ਗਏ ਸਨ। ਹੁਣ ਵੀ ਦੇਸ਼ ਦੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਗਰੀਬੀ ਨੇ ਹੀ ਦਬਲਿਆ ਹੋਇਆ ਹੈ। ਗਰੀਬੀ ਦਾ ਹਨੇਰਾ ਉਹਨਾਂ ਅੰਦਰਲੇ ਚਾਨਣ ਨੰ ਕਦੇ ਬਾਹਰ ਹੀ ਨਹੀਂ ਆਉਣ ਦੇਂਦਾ। ਪੂੰਜੀ ਉੱਤੇ ਕੁੰਡਲ ਮਾਰ ਕੇ ਬੈਠੇ ਸੱਪਾਂ ਵਰਗੇ ਅਜਾਰੇਦਾਰ ਲੋਕਾਂ ਨੇ ਬਹੁਤ ਸਾਰੇ ਲੋਕਾਂ ਦੇ ਜਿਊਣ ਵਾਲੇ ਮੁਢਲੇ ਹੱਕ ਵੀ ਦੱਬੇ ਹੋਏ ਹਨ।
ਇਹਨਾਂ ਵਿੱਚੋਂ ਹੀ ਇੱਕ ਹੈ ਵੰਸ਼। ਉਹ ਜੁਰਾਬਾਂ ਵੇਚ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਰੋਜ਼ੇ ਰੋਟੀ ਚਲਾਉਣ ਵਿੱਚ ਸਹਿਯੋਗ ਦੇਂਦਾ ਸੀ। ਛੋਟੀ ਉਮਰੇ ਗੱਲ ਪਏ ਇਸ ਰੋਜ਼ਗਾਰ ਨੇ ਉਸ ਕੋਲੋਂ ਪੜ੍ਹਾਈ ਲਿਖਾਈ ਵੀ ਛੁਡਵਾ ਲਈ। ਉਸਦਾ ਬਚਪਨ ਵੀ ਇਸ ਗਰੀਬੀ ਨੇ ਖਾ ਲਿਆ। ਜ਼ਿੰਦਗੀ ਦੇ ਏਨੇ ਸਿਤਮਾਂ ਦੇ ਬਾਵਜੂਦ ਉਸ ਅੰਦਰਲੀ ਇਨਸਾਨੀਅਤ ਜਿਊਂਦੀ ਰਹੀ। ਉਸ ਨੇ ਆਪਣੀ ਇਮਾਨਦਾਰੀ ਤੇ ਕਦੇ ਆਂਚ ਨਾ ਆਉਣ ਦਿੱਤੀ।
ਇੱਕ ਦਿਨ ਕਿਸੇ ਨੇ ਉਸ ਦੀ ਇਸ ਛੋਟੀ ਜਿਹੀ ਉਮਰ ਅਤੇ ਉਸਦੀ ਵਖਤਾਂ ਮਾਰੀ ਜ਼ਿੰਦਗੀ ਤੇ ਤਰਸ ਖਾ ਕੇ ਉਸ ਨੂੰ ਜੁਰਾਬਾਂ ਦੀ ਕੀਮਤ ਨਾਲੋਂ 50/- ਰੁਪਏ ਵੱਧ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵੰਸ਼ ਅੰਦਰਲਾ ਸਵੈ ਮਾਣ ਜਾਗ ਉੱਠਿਆ। ਉਸਨੇ ਤਰਸ ਭਰੀ ਭੀਖ ਲੈਣ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਉਹ ਸਿਰਫ ਕੀਮਤ ਵਾਲੇ ਬਣਦੇ ਪੈਸੇ ਹੀ ਲਵੇਗਾ। ਉਸਨੂੰ ਨਹੀਂ ਸੀ ਪਤਾ ਕਿ ਕੋਈ ਉਸਦੀ ਵੀਡੀਓ ਵੀ ਬਣਾ ਰਿਹਾ ਹੈ।
ਉਸਦੀ ਇਸ ਇਮਾਨਦਾਰੀ ਦੀ ਖੁਸ਼ਬੂ ਇਸ ਵੀਡੀਓ ਦੇ ਜ਼ਰੀਏ ਵਾਇਰਲ ਹੋ ਗਈ ਅਤੇ ਚੱਲਦੀ ਚੱਲਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਜਾ ਪਹੁੰਚੀ। ਮੁਖ ਮੰਤਰੀ ਨੇ ਇਸ ਦਾ ਨੋਟਿਸ ਲਿਆ ਅਤੇ ਆਪਣੇ ਅਮਲੇ ਫੈਲੇ ਨੂੰ ਇਸ ਇਮਾਨਦਾਰ ਬੱਚੇ ਦਾ ਪਤਾ ਲਾਉਣ ਲਈ ਆਖਿਆ।
ਜਲਦੀ ਹੀ ਵੰਸ਼ ਦੇ ਘਰ ਬਾਰ ਦਾ ਪਤਾ ਲਗਾ ਲਿਆ ਗਿਆ। ਮੁੱਖ ਮੰਤਰੀ ਨੇ ਇਸ ਬੱਚੇ ਨੂੰ ਸ਼ਾਬਾਸ਼ੀ ਵੀ ਦਿੱਤੀ ਅਤੇ ਪਰਿਵਾਰ ਦੀ ਮਦਦ ਲਈ ਦੋ ਲੱਖ ਰੁਪਏ ਵੀ ਦਿੱਤੇ। ਇਸਦੇ ਨਾਲ ਹੀ ਉਸਦੀ ਅਧਵਾਟੇ ਛੁੱਟੀ ਪੜ੍ਹਾਈ ਵੀ ਇਸੇ ਸਕੂਲ ਵਿੱਚ ਹੀ ਦੁਬਾਰਾ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਖੁਦ ਮੋਬਾਈਲ ਫੋਨ ਤੇ ਇਸ ਬੱਚੇ ਵੰਸ਼ ਸਿੰਘ ਨਾਲ ਗੱਲਬਾਤ ਵੀ ਕੀਤੀ।
ਅੱਜ ਇਸ ਬੱਚੇ ਵੰਸ਼ ਨੂੰ ਲੁਧਿਆਣਾ ਵਿੱਚ ਪੀਏਯੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਲ ਵੀ ਕਰਵਾ ਦਿੱਤਾ ਗਿਆ। ਉਸਦੀ ਅਧਵਾਟੇ ਛੁੱਟੀ ਪੜ੍ਹਾਈ ਅੱਜ ਪੰਜਵੀ ਕਲਾਸ ਵਿੱਚ ਪਹੁੰਚ ਕੇ ਦੁਬਾਰਾ ਸ਼ੁਰੂ ਹੋ ਗਈ। ਇਸ ਪੜ੍ਹਾਈ-ਲਿਖਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਹੀ ਦੇਣਾ ਹੈ। ਅੱਜ ਜਦੋਂ 11 ਸਾਲਾਂ ਦੀ ਉਮਰ ਦੇ ਵੰਸ਼ ਸਿੰਘ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਖੁਦ ਸਕੂਲ ਪੁੱਜੇ ਤਾਂ ਉਥੇ ਮੌਜੂਦ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਵਾਲੇ ਹੰਝੂ ਆ ਗਏ। ਡਿਪਟੀ ਕਮਿਸ਼ਨਰ ਸਾਹਿਬ ਨੇ ਵੰਸ਼ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈਕ ਵੀ ਦਿੱਤਾ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਵੰਸ਼ ਦੇ ਵੱਡੇ ਭਰਾ ਮੰਨਤ ਸਿੰਘ ਨੂੰ ਵੀ ਇਸੇ ਸਕੂਲ ਵਿੱਚ ਹੀ ਦੱਸਵੀਂ ਵਿੱਚ ਦਾਖਲਾ ਦੇ ਕੇ ਉਸਦੀ ਵੀ ਅਧਵਾਟੇ ਛੁੱਟੀ ਪੜ੍ਹਾਈ ਮੁੜ ਸ਼ੁਰੂ ਕਰਵਾਈ ਜਾਵੇ।
ਕਿੰਨਾ ਚੰਗਾ ਹੋਵੇ ਜੇ ਕਰ ਸਮਾਜ ਦੇ ਅਜਿਹੇ ਸਾਰੇ ਬੱਚਿਆਂ ਨੂੰ ਹੀ ਅਜਿਹੇ ਮੌਕੇ ਮਿਲ ਸਕਣ। ਉਹ ਸਾਰੇ ਬੱਚੇ ਵੀ ਪੜ੍ਹਨਾ ਚਾਹੁੰਦੇ ਹਨ। ਅੱਗੇ ਵਧਣਾ ਚਾਹੁੰਦੇ ਹਨ। ਸਰਕਾਰਾਂ ਦੇ ਨਾਲ ਸਮਾਜ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਅਸੀਂ ਭਵਿੱਖ ਆਖੇ ਜਾਣ ਵਾਲੇ ਇਹਨਾਂ ਬੱਚਿਆਂ ਦੀ ਸੰਭਾਲ ਵੱਧ ਤੋਂ ਵੱਧ ਚੰਗੇ ਢੰਗ ਨਾਲ ਕਰੀਏ।