Monday, July 18, 2022

ਮਨਪ੍ਰੀਤ ਅਯਾਲੀ ਨੇ ਅਕਾਲੀ ਹਾਈ ਕਮਾਨ ਨੂੰ ਦਿੱਤੀ ਸਪਸ਼ਟ ਨਸੀਹਤ

ਰਾਜਸੱਤਾ ਪਿਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੀ ਲੜਾਈ ਲੜੋ   

ਜਗਰਾਓਂ: 18 ਜੁਲਾਈ 2022: (ਪੰਜਾਬ ਸਕਰੀਨ ਡੈਸਕ )::

ਮੁੱਲਾਂਪੁਰ ਦਾਖਾ ਤੋਂ ਧੜੱਲੇਦਾਰ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇੱਕ ਵਾਰ ਫੇਰ ਦਸਿਆ ਹੈ ਕਿ ਉਹ ਦੱਬ ਕੇ ਰਹਿਣ ਵਾਲਿਆਂ ਵਿੱਚੋਂ ਨਹੀਂ ਹਨ। ਅੱਜ ਰਾਸ਼ਟਰਪਤੀ ਚੋਣ ਲਈ ਪੋਲਿੰਗ ਦੌਰਾਨ ਉਹਨਾਂ ਵੱਡਾ ਸਿਆਸੀ ਧਮਾਕਾ ਕੀਤਾ। ਉਹਨਾਂ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਵੋਟ ਪਾਉਣ ਦੇ ਫੈਸਲੇ ਦੇ ਖਿਲਾਫ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਇਸ ਦੇ ਪਿੱਛੇ ਮੁੱਖ ਕਾਰਨ ਬੜੇ ਸਪਸ਼ਟ ਸ਼ਬਦਾਂ ਵਿਛਕ ਸਪਸ਼ਟ ਕੀਤਾ। ਉਹਨਾਂ ਸਾਫ ਆਖਿਆ ਕਿ ਹੁਣ ਤੱਕ ਭਾਜਪਾ ਸਮੇਤ ਕੇਂਦਰ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਦੱਸਿਆ। ਉਹਨਾਂ ਦੇ ਇਹ ਵਿਚਾਰ ਇੱਕ ਵੀਡੀਓ ਸੁਨੇਹੇ ਦੇ ਰੂਪ ਵਿਚ ਸਾਹਮਣੇ ਆਏ ਹਨ। ਸਰਦਾਰ ਇਯਾਲੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਕਾਂਗਰਸ ਤੋਂ ਸਾਨੂੰ ਕੋਈ ਆਸ ਨਹੀਂ ਸੀ, ਪਰ ਭਾਜਪਾ ਸਰਕਾਰ ਵੀ ਪੰਜਾਬ ਨਾਲ ਕਦੇ ਨਿਆਂ ਨਹੀਂ ਕਰ ਸਕੀ। ਇਸਦੇ ਨਾਲ ਹੀ ਉਹਨਾਂ ਅਕਾਲੀ ਦਲ ਅੰਦਰਲੇ ਲੋਕਰਾਜੀ ਹੱਕਾਂ ਦੀ ਉਲੰਘਣਾਂ ਦਾ ਮੁੱਦਾ ਵੀ ਉਠਾਇਆ ਹੈ। ਵਿਧਾਨ ਸਭ ਚੋਣਾਂ ਦੌੜਨ ਹੋਈ ਹਰ ਤੋਂ ਬਾਅਦ ਉਮੀਦ ਕੀਤੀ ਜਾਂਦੀ ਸੀ ਕਿ ਪਾਰਟੀ ਆਪਣੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਰੀਆਂ ਕਮੀਆਂ ਪੇਸ਼ੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰੇਗੀ ਪਰ ਅਜਿਹਾ ਨਹੀਂ ਹੋ ਸਕਿਆ।  

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਰਮੂ ਦੀ ਹਮਾਇਤ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੀਡਰਸ਼ਿਪ ਨੇ ਇਸ ਦੇ ਲਈ ਉਨ੍ਹਾਂ ਤੋਂ ਪੁੱਛਿਆ ਤੱਕ ਨਹੀਂ, ਜਦਕਿ ਚਾਹੀਦਾ ਇਹ ਸੀ ਕਿ ਪਾਰਟੀ ਪਹਿਲਾਂ ਵਿਧਾਇਕਾਂ ਦੀ ਰਾਏ ਲੈਂਦੀ ਤੇ ਫਿਰ ਕੋਈ ਫੈਸਲਾ ਕਰਦੀ।  ਇੱਥੋਂ ਤੱਕ ਕਿ ਸਿੱਖ ਭਾਈਚਾਰੇ ਤੋਂ ਵੀ ਸਲਾਹ ਨਹੀਂ ਲਈ ਗਈ। ਉਹਨਾਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹੋਈ ਹਾਰ ਦੇ ਲਈ ਵੀ ਪਾਰਟੀ ਦੇ ਗਲਤ ਫੈਸਲਿਆਂ ਤੇ ਲੀਡਰਸ਼ਿਪ ਵੱਲੋਂ ਆਪਣਾ ਉੱਲੂ ਸਿੱਧਾ ਕਰਨ ਦੀ ਪਾਲਿਸੀ ਨੂੰ ਜ਼ਿੰਮੇਵਾਰ ਠਹਿਰਾਇਆ। 

ਉਹਨਾਂ ਆਪਣੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜੇ ਵੀ ਰਾਜ ਸੱਤਾ ਪਿੱਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਲੜਾਈ ਲੜੇ ਤਾਂ ਸ਼ਾਇਦ ਕੌਮ ਮੁੜ ਪਾਰਟੀ ‘ਤੇ ਵਿਸ਼ਵਾਸ ਕਰਨ ਲੱਗ ਪਵੇ। ਉਨ੍ਹਾਂ ਸਾਫ ਕਿਹਾ ਕਿ ਭਾਜਪਾ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਐਲਾਨੀ ਗਈ ਉਮੀਦਵਾਰ ਪੱਛੜੇ ਕਬੀਲੇ ਨਾਲ ਸੰਬੰਧਤ ਹਨ ਤੇ ਉਨ੍ਹਾ ਦਾ ਉਸ ਨਾਲ ਕੋਈ ਵਿਰੋਧ ਨਹੀਂ ਹੈ, ਪਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਉਨ੍ਹਾਂ ਨੇ ਹਲਕੇ ਦੇ ਵੋਟਰਾਂ, ਬੁੱਧੀਜੀਵੀਆਂ, ਸਿੱਖ ਕੌਮ ਅਤੇ ਹੋਰਾਂ ਦੀ ਰਾਇ ਲੈ ਕੇ ਕੀਤਾ ਹੈ। ਇਯਾਲੀ ਨੇ ਦਰਿਆਈ ਪਾਣੀਆਂ ਦੀ ਵੰਡ ਦੇ ਮੁੱਦੇ ਤੋਂ ਇਲਾਵਾ ਪੰਜਾਬੀ ਭਾਸ਼ੀ ਇਲਾਕੇ ਸੂਬੇ ਨੂੰ ਸੌਂਪਣ ਦਾ ਵੀ ਜ਼ਿਕਰ ਵੀ ਖੁੱਲ੍ਹ ਕੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਉਸ ਤੋਂ ਪੰਜਾਬ ਦੇ ਮੁੱਦਿਆਂ ਦੇ ਹੱਲ ਦੀ ਕਾਫੀ ਉਮੀਦ ਸੀ, ਪਰ ਅਫਸੋਸ ਕਿ ਕੁਝ ਵੀ ਨਹੀਂ ਕੀਤਾ ਗਿਆ। ਯਾਦ ਰਹੇ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨ ਡੀ ਏ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਦਾ ਐਲਾਨ ਕੀਤਾ ਸੀ।

ਪੰਜਾਬ ਵਿੱਚੋਂ ਹੰਗਾਮਿਆਂ ਭਰੀ ਇਸ ਆਵਾਜ਼ ਦੇ ਦੌਰਾਨ ਹੀ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਪੂਰੀ ਹੋ ਗਈ। ਦਿੱਲੀ ਵਿਚ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੰਸਦ ਵਿਚ ਕੁੱਲ 99.18 ਫੀਸਦੀ ਵੋਟਿੰਗ ਹੋਈ। ਸੰਸਦ ਤੋਂ ਇਲਾਵਾ ਦੇਸ਼ ਦੇ ਸਾਰੇ ਸੂੁਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਵੋਟਿੰਗ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿਚ ਸ਼ਾਮਲ ਰਹੇ। ਵੋਟਾਂ ਦੀ ਗਿਣਤੀ ਹੁਣ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ। ਇਸ ਵੱਕਾਰੀ ਅਹੁਦੇ ਲਈ ਐੱਨ ਡੀ ਏ ਤੋਂ ਦਰੋਪਦੀ ਮੁਰਮੂ ਅਤੇ ਯੂ ਪੀ ਏ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਉਮੀਦਵਾਰ ਹਨ। ਚੰਡੀਗੜ੍ਹ ਵਿਚ ਪੰਜਾਬ ਅਤੇ ਹਰਿਆਣਾ ਵਿਧਾਨ ਸਭਾਵਾਂ ਦੇ ਕੰਪਲੈਕਸ ਵਿਚ ਪੋਲਿੰਗ ਹੋਈ। ਸਰਦਾਰ ਇਯਾਲੀ ਦੇ ਇਸ ਵਿਰੋਧ ਵਾਲੇ ਸੁਰ ਦੇ ਨਾਲ ਹੀ ਪੰਜਾਬ ਅਤੇ ਪੰਜਾਬ ਦੀਆਂ ਮੰਗਾਂ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਈਆਂ ਹਨ। 

No comments: