Thursday, January 13, 2022

ਸਿਮਰਨਦੀਪ ਸਿੰਘ ਹਲਕਾ ਦਾਖਾ ਤੋਂ ਆਰ.ਐਸ.ਪੀ//ਸਾਂਝਾ ਪੰਜਾਬ ਦੇ ਉਮੀਦਵਾਰ

 12th  January 2022 at 12:42 PM 

 ਪੰਜਾਬੀਆਂ ਨੂੰ ਆਪਣੇ ਕੁਦਰਤੀ ਸੋਮਿਆਂ ਦੀ ਡੱਟਕੇ ਰਾਖੀ ਦਾ ਸੱਦਾ 

ਬਲਕੌਰ ਸਿੰਘ ਗਿੱਲ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਉਤਾਰਨ ਦੀ ਤਿਆਰੀ 

ਲੁਧਿਆਣਾ12 ਜਨਵਰੀ 2022: (ਪੰਜਾਬ ਸਕਰੀਨ ਬਿਊਰੋ)::

ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਖੱਬੀਆਂ ਧਿਰਾਂ ਨੇ ਕਦੇ ਵੀ ਹਾਂ ਪੱਖੀ ਸੋਚ ਪ੍ਰਗਟ ਨਹੀਂ ਕੀਤੀ ਇਸਦੇ ਉਲਟ ਤਿੱਖੀ ਆਲੋਚਨਾ ਜ਼ਰੂਰ ਹੁੰਦੀ ਰਹੀ ਹੈ। ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਕਮਿਊਨਿਸਟ ਅੰਗਰੇਜ਼ਾਂ ਨਾਲ ਲੜੀ ਲੜਾਈ ਦੇ ਦੌਰਾਨ ਅਪਣਾਈਆਂ ਗਈਆਂ ਰਣਨੀਤੀਆਂ ਨੂੰ ਲੈ ਕੇ ਭਾਵੇਂ ਇੱਕ ਦੂਜੇ ਦੇ ਖਿਲਾਫ ਖੜੋਤੇ ਹੀ ਨਜ਼ਰ ਕਿਓਂ ਨਾ ਆਉਣ ਪਰ ਅਸਲ ਵਿੱਚ ਸੁਭਾਸ਼ ਚੰਦਰ ਬੋਸ ਦੀ ਹਰਮਨਪਿਆਰਤਾ ਕਦੇ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਘੱਟ ਨਹੀਂ ਹੋ ਸਕੀ। ਕਾਲਜ ਦੀ ਪੜ੍ਹਾਈ ਦੌਰਾਨ ਆਪਣੇ ਇੱਕ ਪ੍ਰੋਫੈਸਰ ਨੂੰ ਇਸ ਲਈ ਥੱਪੜ ਕੱਢ ਮਾਰਿਆ ਕਿਓਂਕਿ ਉਹ ਬਹੁਤ ਹੀ ਅੰਗਰੇਜ਼ ਭਗਤ ਸੀ ਅਤੇ ਭਾਰਤੀਆਂ ਬਾਰੇ ਵੱਧ ਘੱਟ ਬੋਲਦਾ ਰਹਿੰਦਾ ਸੀ। ਇਹ ਸਬੂਤ ਸੀ ਸੁਭਾਸ਼ ਚੰਦਰ ਬੋਸ ਦੇ ਜੋਸ਼ੋਖਰੋਸ਼ ਅਤੇ ਹਿੰਮਤ ਦਾ। 

ਨੇਤਾ ਜੀ ਸੁਭਾਸ਼ ਚੰਦਰ ਬੋਸ ਖੱਬੀਆਂ ਧਿਰਾਂ ਦੀ ਵਿਚਾਰਧਾਰਾ ਤੋਂ ਵੀ ਬਹੁਤ ਪ੍ਰਭਾਵਿਤ ਰਹੇ। ਸੰਨ 1922 ਦੀ ਚੌਥੀ ਕਮਿਊਨਿਸਟ ਇੰਟਰਨੈਸ਼ਨਲ ਵਿਚ ਸ਼ਮੂਲੀਅਤ ਲਈ ਸੱਦੇ ਗਏ 5 ਭਾਰਤੀਆਂ ਵਿਚ ਸੁਭਾਸ਼ ਚੰਦਰ ਬੋਸ ਦਾ ਉਚੇਚ ਨਾਲ ਸ਼ਾਮਲ ਹੋਣਾ ਜਿੱਥੇ ਉਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਸਬੂਤ ਸੀ, ਉੱਥੇ ਰੈਡੀਕਲ ਅਤੇ ਖੱਬੇ ਪੱਖੀ ਹੋਣ ਦਾ ਵੀ ਸਬੂਤ ਸੀ। ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਜੰਗ ਬਾਰੇ ਉਨ੍ਹਾਂ ਦੀ ਇਹ ਪੱਕੀ ਸਮਝ ਸੀ ਕਿ ਬਿਨਾਂ ਕਿਸੇ ਵਿਦੇਸ਼ੀ ਮਦਦ ਤੋਂ ਆਜ਼ਾਦੀ ਹਾਸਲ ਨਹੀਂ  ਕੀਤੀ ਜਾ ਸਕਦੀ। 

ਇਸ ਲਈ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਸੋਵੀਅਤ ਰੂਸ ਤੋਂ ਸਹਿਯੋਗ ਲੈਣ ਦੀ ਬੜੀ ਹੋ ਠੋਸ ਯੋਜਨਾ ਬਣਾਈ ਪਰ ਗੱਲ ਨਾ ਬਣ ਸਕੀ। ਇਸ ਯੋਜਨਾ ਦੇ ਅਧੀਨ ਹੀ ਨੇਤਾ ਜੀ 16 ਮਾਰਚ, 1941 ਨੂੰ ਪੂਰੀ ਤਰ੍ਹਾਂ ਗੁਪਤ ਰਹਿੰਦਿਆਂ  ਚੁੱਪਚਾਪ ਘਰੋਂ ਨਿਕਲ ਪਏ। ਕਿਰਤੀ ਪਾਰਟੀ ਨੇ ਉਨ੍ਹਾਂ ਨੂੰ ਸੋਵੀਅਤ ਰੂਸ ਪਹੁੰਚਾਉਣ ਦੀ ਬੜੀ ਸਰਗਰਮ ਕੋਸ਼ਿਸ਼ ਵੀ ਕੀਤੀ ਪਰ ਸਫਲ ਨਾ ਹੋ ਸਕੇ। ਇਸ ਤਰ੍ਹਾਂ ਨਾ ਚਾਹੁੰਦੇ ਵੀ ਅੰਤ ਵਿੱਚ ਉਹ ਜਰਮਨ ਪਹੁੰਚ ਗਏ। ਸਿਆਸੀ ਅਤੇ ਰਣਨੀਤਿਕ ਸਥਿਤੀਆਂ ਕਈ ਵਾਰ ਨਵੇਂ ਰਸਤੇ ਖੋਹਲਦੀਆਂ ਹਨ ਅਤੇ ਬਿਲਕੁਲ ਹੀ ਨਵੀਆਂ ਮੰਜ਼ਿਲਾਂ ਤੇ ਲੈ ਜਾਂਦੀਆਂ ਹਨ। ਜੋ ਨਹੀਂ ਸੋਚਿਆ ਹੁੰਦਾ ਉਹ ਵੀ ਕਰਨਾ ਹੁੰਦਾ ਹੈ। 

ਸਨ 1920 ਅਤੇ 1930 ਦੇ ਦਹਾਕੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਅਤੇ 1938 ਅਤੇ 1939 ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਹਾਲਾਂਕਿ, ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਸੰਨ 1940 ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਓਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। 

ਆਪਣੀ ਵਿੱਦਿਆ ਪ੍ਰਾਪਤੀ ਦੌਰਾਨ ਸੁਭਾਸ਼ ਚੰਦਰ ਬੋਸ ਨੇ ਦਸਵੀਂ ਦਾ ਇਮਤਿਹਾਨ ਕਟਕ ਵਿੱਚ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਇਆ। ਇਥੇ ਇੱਕ ਔਟੇਨ ਨਾਂਅ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਆ ਕੇ  ਕਲਾਸ ਵਿੱਚ ਹੀ ਉਸ ਦੇ ਇੱਕ ਥੱਪੜ ਮਾਰ ਦਿੱਤਾ। ਇਸ ਕਾਰਨ ਉਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਉਸ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ. ਏ. ਆਨਰਜ਼ ਕੀਤੀ ਤੇ 1919 ਵਿੱਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲਾ ਗਿਆ। ਉਥੇ ਅੱਠਾਂ ਮਹੀਨਿਆਂ ਦੇ ਸੀਮਤ ਜਿਹੇ ਸਮੇਂ ਵਿੱਚ ਉਸ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ, ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਸਿਰਫ ਇਹੀ ਨਹੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਆਨੰਦ ਮਾਰਗ ਦੇ ਸੰਸਥਾਪਕ ਆਨੰਦ ਮੂਰਤੀ ਉਰਫ ਪ੍ਰਭਾਤ ਰੰਜਨ ਸਰਕਾਰ ਦੇ ਵੀ ਨੇੜਲੇ ਰਿਸ਼ਤੇਦਾਰ ਸਨ।

ਹੁਣ ਸਿਮਰਨਦੀਪ ਸਿੰਘ ਨੇ  ਸੀਨੀਅਰ ਸਾਥੀਆਂ ਤੋਂ ਸੁਣੀਆਂ ਗੱਲਾਂ ਮੁਤਾਬਿਕ ਦਾਅਵਾ ਕੀਤਾ ਹੈ ਕਿ ਨੇਤਾ ਜੀ ਵੱਲੋਂ ਹੀ ਬਣਾਈ ਗਈ ਸੀ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਇਹ ਗੱਲ ਵੱਖਰੀ ਹੈ ਕਿ ਅੱਜ ਦੇ ਬਹੁਤੇ ਕਮਿਊਨਿਸਟ ਉਹਨਾਂ ਦੀ ਆਲੋਚਨਾ ਕਰਦੇ ਹਨ। 

ਬਾਪੂ ਬਲਕੌਰ ਸਿੰਘ ਗਿੱਲ 
ਹੁਣ ਜਦੋਂ ਕਿ ਚੋਣਾਂ ਦਾ ਮਾਹੌਲ ਗਰਮਾ ਰਿਹਾ ਹੈ ਉਦੋਂ ਆਰ ਐਸ ਪੀ ਵੀ ਪੰਜਾਬ ਵਿਧਾਨ ਸਭ ਦੀਆਂ ਚੋਣਾਂ ਲਈ ਚੋਣ ਮੈਦਾਨ ਵਿਚ ਹੈ। ਹਮ ਖਿਆਲ ਪਾਰਟੀਆਂ ਇਸ ਵਾਰ ਸਾਂਝਾ ਪੰਜਾਬ ਦੇ ਨਾਮ ਹੇਠ ਚੋਣਾਂ ਲੜ ਰਹੀਆਂ ਹਨ। ਸਾਹਿਤਿਕ ਅਤੇ ਸੱਭਿਆਚਾਰਕ ਹਲਕਿਆਂ ਦੀ ਪ੍ਰਸਿੱਧ ਸ਼ਖ਼ਸੀਅਤ ਬਲਕੌਰ ਸਿੰਘ ਗਿੱਲ ਨੂੰ ਇਸ ਸਾਂਝਾ ਪੰਜਾਬ ਵਾਲੇ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਉਤਾਰਨ ਲਈ ਸਰਗਰਮ ਹਨ। ਬਾਪੂ ਬਲਕੌਰ ਸਿੰਘ ਗਿੱਲ ਦੇ ਨਾਮ ਨਾਲ ਪ੍ਰਸਿੱਧ ਇਸ ਸ਼ਖ਼ਸੀਅਤ ਨੂੰ ਤੁਸੀਂ ਪੰਜਾਬੀ ਭਵਨ ਦੇ ਤਕਰੀਬਨ ਹਰ ਸਮਾਗਮ ਵਿੱਚ ਵੀ ਦੇਖ ਸਕਦੇ ਹੋ ਅਤੇ ਹੋਰਨਾਂ ਬੌਧਿਕ ਪ੍ਰੋਗਰਾਮਾਂ ਵਿਚ ਵੀ। ਬਹੁਤ ਸਾਰੇ ਵਿਸ਼ਿਆਂ ਵਿਸ਼ਿਆਂ ਵਿੱਚ ਐਮ ਏ ਕਰਨ ਵਾਲੇ ਬਾਪੂ ਬਲਕੌਰ ਸਿੰਘ ਗਿੱਲ ਸਾਰੀ ਉਮਰ ਇਸ ਡਰੈਸ ਕੋਡ ਨਾਲ ਹੀ ਸਕਰੈ ਨੌਕਰੀ ਵੀ ਕਰਦੇ ਰਹੇ। ਐਕਸਾਈਏ ਵਾਲੇ ਮਹਿਕਮੇ ਵਿਚ ਹੋਣ ਦੇ ਬਾਵਜੂਦ ਕਦੇ ਦਾਰੂ ਟੈਸਟ ਨਹੀਂ ਕੀਤੀ। ਜਨਰਲ ਨੋਲਜ ਏਨੀ ਕਿ ਕਿਸੇ ਵੀ ਮੁੱਦੇ ਤੇ, ਕਿਸੇ ਵੀ ਵੇਲੇ ਗੱਲ ਕਰ ਲਓ ਉਸ ਮਾਮਲੇ ਦਾ ਪੂਰਾ ਵੇਰਵਾ ਬਾਪੂ ਗਿੱਲ ਦੀ ਜ਼ੁਬਾਨ ਤੇ ਆ ਜਾਵੇਗਾ। ਕਮਿਊਨਿਸਟ ਲਹਿਰ ਦੀਆਂ ਊਣਤਾਈਆਂ ਬਾਰੇ ਵੀ ਪਰਦੇ ਜਿਹੇ ਨਾਲ ਗੱਲ ਕਰ ਲੈਂਦੇ ਹਨ ਕਿਓਂਕਿ ਪ੍ਰਤੀਬੱਧਤਾ ਅੱਜ ਵੀ ਪ੍ਰਗਤੀਸ਼ੀਲ ਲਹਿਰ ਨਾਲ ਹੀ ਹੈ। ਸਿਆਸਤ ਦੇ ਨਾਲ ਨਾਲ, ਆਰਥਿਕਤਾ, ਖੇਤੀ ਇੰਡਸਟਰੀ, ਨਸ਼ੀਆਂਦਾ ਜੰਜਾਲ, ਕੁਰੱਪਸ਼ਨ ਅਤੇ ਮਾਫੀਆਗਿਰੀ--ਹਰ ਸਮੱਸਿਆ ਦਾ ਹੱਲ ਮੌਜੂਦ ਹੈ ਬਾਪੂ ਗਿੱਲ ਕੋਲ। ਹਰ ਰੋਜ਼ 22-24 ਕਿਲੋਮੀਟਰ ਤੇ ਰਫਤਾਰ ਨਾਲ ਪੈਦਲ ਤੁਰਨਾ ਅਤੇ ਹਰ ਵੇਲੇ ਚੜ੍ਹਦੀਕਲਾ ਵਿੱਚ ਰਹਿਣਾ ਬਾਪੂ ਗਿੱਲ ਦੀ ਨੇਚਰ ਵਿਚ ਸ਼ਾਮਲ ਹੈ।  ਜੇ ਸੱਤ ਦਹਾਕੇ ਤੋਂ ਵੱਧ ਸਮੇਂ ਦੌਰਾਨ ਵੀ ਆਮ ਲੋਕਾਂ ਦਾ ਓਨਾ ਭਲਾ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ ਤਾਂ ਇਸਦੇ ਕਾਰਣਾਂ ਦਾ ਠੋਸ ਵੇਰਵਾ ਪੂਰੀ ਦਲੀਲ ਨਾਲ ਬਾਪੂ ਗਿੱਲ ਕੋਲ ਮੌਜੂਦ ਹੈ। ਭਾਰਤੀ ਸਿਆਸਤ ਦੀ ਗੱਲ ਕਰੋ ਜਾਂ ਕੌਮਾਂਤਰੀ ਸਿਆਸਤ ਦੀ ਤਾਂ ਬਾਪੂ ਗਿੱਲ ਕੋਲ ਇਤਿਹਾਸ ਦਾ ਪੂਰਾ ਵੇਰਵਾ ਵੀ ਹੈ ਅਤੇ ਭਵਿੱਖ ਲਈ ਪੂਰੀ ਕਾਰਜ-ਯੋਜਨਾ ਵੀ। ਲੋਕਾਂ ਦੀ ਰੋਜ਼ੇ ਰੋਟੀ ਦਾ ਮਸਲਾ ਕਿਵੇਂ ਹੱਲ ਹੋਵੇ? ਹਰ ਕਿਸੇ ਨੂੰ ਰੋਜ਼ਗਾਰ ਕਿਵੇਂ ਮਿਲੇ? ਹਰ ਕਿਸੇ ਲਈ ਵਿੱਦਿਆ ਕਿਵੇਂ ਸੁਨਿਸਚਿਤ ਹੋਵੇ? ਇਸਤਰੀਆਂ ਅਤੇ ਲੜਕੀਆਂ ਦੀ ਸੁਰੱਖਿਆ ਕਿਵੇਂ ਯਕੀਨੀ ਬਣੇ ਇਸ ਬਾਰੇ ਉਹਨਾਂ ਕੋਲ ਠੋਸ ਪ੍ਰੋਗਰਾਮ ਹੈ। ਉਹਨਾਂ ਦੇ ਸਮਰਥਕ ਇਸ ਗੱਲ ਲਈ ਵੀ ਤਿਆਰ ਹਨ ਕਿ ਭਾਵੇਂ ਉਹਨਾਂ ਨੂੰ ਨਾਇਕ ਫਿਲਮ ਵਾਂਗ ਇੱਕ ਦਿਨ ਲਈ ਹੀ ਮੁੱਖ ਮੰਤਰੀ ਬਣਾ ਕੇ ਦੇਖ ਲਉ ਉਹ ਆਪਣੀ ਪ੍ਰਤਿਭਾ ਦਿਖਾ ਕੇ ਸਭਨਾਂ ਨੂੰ ਕਾਇਲ ਕਰ ਲੈਣਗੇ। ਅਤੀਤ ਵਿੱਚ ਉਹਨਾਂ ਨੇ ਆਪਣਾ ਪੰਜਾਬ ਪਾਰਟੀ ਵੱਲੋਂ ਵੀ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਸੀ। 

ਸਿਮਰਨਦੀਪ ਸਿੰਘ 
ਚੋਣ ਜੰਗ ਦੇ ਇਸ ਮਕਸਦ ਲਈ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਸਿਮਰਨਦੀਪ ਸਿੰਘ ਹਲਕਾ ਦਾਖਾ ਤੋਂ ਆਰ.ਐਸ.ਪੀ//ਸਾਂਝਾ ਪੰਜਾਬ ਦੇ ਉਮੀਦਵਾਰ ਵੱਜੋਂ ਚੋਣਾਂ ਲੜਨ ਦੀ ਹੁਣ ਪੂਰੀ ਤਿਆਰੀ ਵਿੱਚ ਹਨ।ਹਲਕਾ ਦਾਖਾ ਦੇ ਉਮੀਦਵਾਰ ਵੱਜੋਂ ਕਮਰ ਕੱਸੀ ਬੈਠੇ ਸਿਮਰਨਦੀਪ ਸਿੰਘ  ਨੇ  ਇੱਕ ਪ੍ਰੈਸ  ਬਿਆਨ ਵਿੱਚ ਪੰਜਾਬੀਆਂ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਕੁਦਰਤੀ ਜਲ ਸਰੋਤਾਂ ਅਤੇ ਊਰਜਾ ਸੋਮਿਆਂ ਦੀ ਡਟਕੇ ਰਾਖੀ ਕਰਨ ਲਈ ਅੱਗੇ ਆਉਣ। ਇਹ ਰਾਖੀ ਕਿਵੇਂ ਸੰਭਵ ਹੈ ਇਸ ਬਾਰੇ ਅਜੇ ਉਹ ਚੁੱਪ ਹਨ। ਜਦੋਂ ਕੇਂਦਰ ਸਰਕਾਰ ਹੀ ਵਿਤਕਰੇ ਅਤੇ ਵਧੀਕੀਆਂ ਕਰ ਰਹੀ ਹੋਵੇ ਤਾਂ ਲੜਾਈ ਕੋਈ ਸੌਖੀ ਨਹੀਂ ਰਹਿ ਜਾਂਦੀ। ਇਹ ਲੜਾਈ ਕੌਣ ਲੜੇਗਾ, ਕਿਵੇਂ ਲੜੇਗਾ ਅਤੇ ਕਿ ਹੋਵੇਗੀ ਰੂਪਰੇਖਾ ਇਸ ਬਾਰੇ ਅਜੇ ਉਹ ਖਾਮੋਸ਼ ਹਨ। ਕੀ ਸਾਂਝਾ ਪੰਜਾਬ ਵਾਲੇ ਫੈਡਰਲ ਢਾਂਚੇ ਨੂੰ ਮੈਬੂਤ ਬਣਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਅਪਣਾਉਣਗੇ?

ਉਹਨਾਂ ਕਿਹਾ  ਕਿ ਊਰਜਾ ਦਾ ਖੇਤਰ ਇੱਕ ਅਹਿਮ ਖੇਤਰ ਹੈ ਜਿਹੜਾ ਸਾਡੇ ਸਮਾਜ ਲਈ ਬੇਹੱਦ ਮਹੱਤਵ ਰੱਖਦਾ ਹੈ। ਸੰਨ 1947 ਤੋਂ ਬਾਅਦ ਕੇਂਦਰ ਵਿੱਚ ਬਣੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਅੰਦਰਲੇ ਆਪਣੇ ਰਾਜਨੀਤਕ ਦਲਾਲਾਂ ਦੀ ਸਹਾਇਤਾ ਨਾਲ ਪੰਜਾਬ ਨੂੰ ਇਸ ਦੇ ਦਰਿਆਵਾਂ ਦੇ ਪਾਣੀਆ ਅਤੇ ਦਰਿਆਵਾਂ ਉੱਤੇ ਉਸਰੇ ਹੈੱਡਵਰਕਸ ਦੀ ਮਾਲਕੀ ਤੋਂ ਲਗਾਤਾਰ ਵਾਂਝਾ ਰੱਖਿਆ ਹੈ। ਹੁਣ ਇਹਨਾਂ ਸੋਮਿਆਂ ਦੀ ਰਾਖੀ ਲਈ ਕਿ ਕੁਝ ਕਿਵੇਂ ਕੀਤਾ ਜਾਈ ਇਸ ਬਾਰੇ ਇਹ ਪਾਰਟੀ ਅਜੇ ਚੁੱਪ ਹੈ। ਸ਼ਾਇਦ ਪਾਰਟੀ ਆਪਣੇ ਏਜੰਡੇ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕਰੇ। 

ਪਾਰਟੀ ਉਮੀਦਵਾਰ ਜਿਹੜਾ ਕਿ ਨੌਜਵਾਨ ਹੀ ਹੈ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਉਸਾਰੇ ਗਏ  ਥਰਮਲ ਪਲਾਂਟ ਪੰਜਾਬ ਦੀ ਕਿਸੇ ਲੋੜ ਵਿੱਚੋਂ ਨਹੀਂ ਉਸਾਰੇ ਗਏ ਸਗੋਂ ਇਹ ਪੰਜਾਬ ਨੂੰ ਕੇਂਦਰ ਸਰਕਾਰ ਮੂਹਰੇ ਲਗਾਤਾਰ ਠੂਠਾ ਫੜ੍ਹਕੇ ਮੰਗਣ ਦੇ ਮੰਤਵ ਨਾਲ ਉਸਾਰੇ ਗਏ ਹਨ। ਇਨ੍ਹਾਂ ਥਰਮਲ ਪਲਾਂਟਾਂ ਵਾਸਤੇ ਕੋਲੇ ਦੀ ਲੋੜ ਦੇ ਚੱਲਦਿਆਂ ਪੰਜਾਬ ਸਦਾ ਹੀ ਕੇਂਦਰ ਮੂਹਰੇ ਮੰਗਣ  ਲਈ ਮਜਬੂਰ ਹੈ। 

ਆਰ ਐਸ ਪੀ ਆਗੂ ਮੁਤਾਬਿਕ ਕੇਂਦਰ ਵੱਲੋਂ  ਪੰਜਾਬ ਦੇ ਸਿਰ ਦੋ ਪ੍ਰਮਾਣੂ ਊਰਜਾ ਪਲਾਂਟ ਮੜ੍ਹਨ ਦੀ ਯੋਜਨਾ ਵੀ ਹੈ। ਪੰਜਾਬ ਨੂੰ ਨਾ ਹੀ ਥਰਮਲ ਪਲਾਂਟਾਂ ਦੀ ਲੋੜ ਹੈ ਅਤੇ ਨਾ ਹੀ ਪ੍ਰਮਾਣੂ ਊਰਜਾ ਪਲਾਂਟਾਂ ਦੀ ਪ੍ਰਮਾਣੂ ਪਲਾਂਟ ਜੰਗ ਵਿਚ ਵਿਰੋਧੀ ਧਿਰ ਦਾ ਪਹਿਲਾ ਨਿਸ਼ਾਨਾ ਬਣਦਾ ਹੈ। ਇਸ ਦੀ ਕਾਰਜਸ਼ੀਲਤਾ ਅਨਿਸਚਤ ਹੁੰਦੀ ਹੈ। ਜੰਗ ਤੋਂ ਇਲਾਵਾ ਸਾਧਾਰਨ ਰੂਪ ਵਿਚ ਵੀ ਅਜਿਹੇ ਪਲਾਂਟ ਖਤਰਾ ਮੁਕਤ ਨਹੀ ਹੁੰਦੇ। ਇਕ ਕੌਮਾਂਤਰੀ ਅਧਿਐਨ ਅਨੁਸਾਰ 1952 ਵਿੱਚ ਪਹਿਲਾ ਐਟਮੀ ਪਲਾਂਟ ਹਾਦਸਾ ਕੈਨੇਡਾ ਦੇ ਚਾਕ ਦਰਿਆ ਦੇ ਨੇੜੇ ਐਂਟੈਰੀਉ ਸੂਬੇ ਵਿਚ ਹੋਇਆ ਸੀ। 

ਇਸ ਪਿਛੋਂ ਵੱਖ -ਵੱਖ ਦੇਸਾਂ ਵਿਚ ਅਜਿਹੇ 32 ਹੋਰ ਹਾਦਸੇ ਹੋ ਚੁਕੇ ਹਨ। ਚਰਨੋਬਲ (ਰੂਸ) ਵਾਲਾ ਹਾਦਸਾ ਬਹੁਤ ਹੀ ਤਬਾਹਕੁਨ ਗਿਣਿਆ ਜਾਂਦਾ ਹੈ ਜਿਸ ਦੀ ਪੂਰੀ ਤਸਵੀਰ ਵੀ ਸਾਹਮਣੇ ਨਹੀਂ ਆਉਣ ਦਿਤੀ ਗਈ। ਇਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਪੰਜਾਬ ਨੂੰ ਸਿਰਫ ਪਣ-ਬਿਜਲੀ ਅਤੇ ਸੂਰਜੀ ਬਿਜਲੀ ਸੂਤ ਬੈਠਦੀ ਹੈ। ਇਸ ਲਈ ਪੰਜਾਬ ਦੇ ਦਰਿਆਵਾਂ ਉੱਤੇ ਉਸਾਰੇ ਗਏ ਹੈੱਡਵਰਕਸ ਅਤੇ ਪਾਵਰ ਪਲਾਂਟਾਂ ਦੀ ਮਾਲਕੀ ਪੰਜਾਬ ਨੂੰ ਸੌਂਪਣ ਦੀ ਮੰਗ ਕਰਨਾ ਹਰ ਇੱਕ ਪੰਜਾਬੀ ਦੀ ਅਹਿਮ ਜ਼ਿੰਮੇਵਾਰੀ ਹੈ। ਪੰਜਾਬ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੰਜਾਬ ਦੇ ਪਣ ਬਿਜਲੀ ਪ੍ਰਾਜੈਕਟਾਂ ਦੇ ਨਾਲ ਨਾਲ ਸੂਰਜੀ ਊਰਜਾ ਪਲਾਂਟ ਲਾ ਕੇ ਪੂਰਾ ਕਰਨ ਦੀ ਨੀਤੀ ਉੱਤੇ  ਚੱਲਿਆ ਜਾਣਾ ਚਾਹੀਦਾ ਹੈ। ਇਸ ਨੀਤੀ ਉਤੇ ਚੱਲਿਆ ਜਾਣਾ ਪੰਜਾਬ ਦੇ ਖੁਸ਼ਹਾਲ ਭਵਿੱਖ ਲਈ ਬੇਹੱਦ ਜ਼ਰੂਰੀ ਹੈ ਅਤੇ ਪੰਜਾਬ ਨੂੰ ਇੱਕ ਅਜਿਹੀ ਸੂਬਾ ਸਰਕਾਰ ਚਾਹੀਦੀ ਹੈ ਜਿਹੜੀ ਇਸ ਨੀਤੀ ਉੱਤੇ ਡੱਟਕੇ ਚੱਲ ਸਕੇ। ਅਸੀ ਇਸ ਨੀਤੀ ਉੱਤੇ ਚੱਲਣ ਲਈ ਅਸੀਂ ਵਚਨਬੱਧ ਹਾਂ। 

ਅਖੀਰ ਵਿੱਚ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੀ ਇੱਕ ਪੁਰਾਣੀ ਵੀਡੀਓ ਵੀ ਦੇਖ ਲਓ:

ਇਹ ਵੀਡੀਓ ਨਵੰਬਰ-2016 ਦੀ ਹੈ। ਇਹ ਭਾਸ਼ਣ ਉਹਨਾਂ ਨੇ ਪੰਜਾਬੀ ਭਵਨ ਵਿਚ ਹੋਏ ਇੱਕ ਸਿੱਖ ਸੈਮੀਨਾਰ ਦੌਰਾਨ ਦਿੱਤਾ ਸੀ।


No comments: