Showing posts with label Puls Manch. Show all posts
Showing posts with label Puls Manch. Show all posts

Tuesday, July 26, 2022

ਪਲਸ ਮੰਚ ਨੇ ਵੀ ਸੁਰਜੀਤ ਗੱਗ ਨੂੰ ਲੰਮੇ ਹਥੀਂ ਲਿਆ

 ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਨਿਖੇਧੀਯੋਗ 

ਜਲੰਧਰ//ਜਗਰਾਓਂ:  26 ਜੁਲਾਈ 2022: (ਕਾਮਰੇਡ ਸਕਰੀਨ//ਪੰਜਾਬ ਸਕਰੀਨ ਬਿਊਰੋ)::

ਪਲਸ ਮੰਚ ਦੇ ਆਗੂ ਵੀ ਸੁਰਜੀਤ ਗੱਗ ਦੀ ਆਲੋਚਨਾ ਕਰਨ ਵਿੱਚ ਖੁੱਲ੍ਹ ਕੇ ਅੱਗੇ ਆਏ ਹਨ। ਉਹਨਾਂ ਗੱਗ ਵੱਲੋਂ ਪੋਸਟ ਕੀਤੀ ਫੋਟੋ ਨੂੰ ਇਤਰਾਜਯਪਗ ਦੱਸਦਿਆਂ ਇਸਦੀ ਨਿਖੇਧੀ ਕੀਤੀ ਹੈ।

ਕੰਵਲਜੀਤ ਖੰਨਾ ਅਤੇ ਅਮੋਲਕ ਸਿੰਘ 
ਕਾਮਰੇਡ ਅਮੋਲਕ ਸਿੰਘ ਹੁਰਾਂ ਨੇ ਵੀ ਇਸ ਸਬੰਧੀ ਕਾਮਰੇਡ ਕੰਵਲਜੀਤ ਖੰਨਾ ਹੁਰਾਂ ਦਾ ਬਿਆਨ ਜਾਰੀ ਕੀਤਾ ਹੈ
: ਇਸ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਸੁਰਜੀਤ ਗੱਗ ਦੀ ਪਲਸ ਮੰਚ ਸੀ ਤਿੱਖੀ ਆਲੋਚਨਾ ਕਰਦਾ ਹੈ। 
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਸੁਰਜੀਤ ਗੱਗ ਵੱਲੋਂ ਬਾਬਾ ਨਾਨਕ ਦੀ ਤਸਵੀਰ ਨੂੰ ਮਨਮਾਨੇ ਢੰਗ ਨਾਲ, ਬਿਨਾਂ ਕਿਸੇ ਠੋਸ ਇਤਿਹਾਸਕ ਪ੍ਰਮਾਣ ਦੇਣ ਦੇ ਪਾ ਕੇ ਬੇਲੋੜੇ ਵਾਦ-ਵਿਵਾਦ, ਭੜਕਾਹਟ ਨੂੰ ਜਨਮ ਅਤੇ ਬੜਾਵਾ ਦੇਣ ਦਾ ਮਾਹੌਲ ਸਿਰਜਣ ਦਾ ਕੰਮ ਕਰਨਾ ਹਰ ਸੁਹਿਰਦ ਲੇਖਕ, ਕਵੀ, ਸਾਹਿਤਕਾਰ, ਚਿਤਰਕਾਰ,ਆਲੋਚਕ ਦੀ ਨਜ਼ਰ ਵਿਚ ਨਿੰਦਣਯੋਗ ਹੈ।
ਪਲਸ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਜਦੋਂ ਆਰ ਐਸ ਐਸ, ਮੋਦੀ ਅਮਿਤ ਸ਼ਾਹ ਜੋੜੀ ਦੀ ਭਾਜਪਾ ਹਕੂਮਤ ਹਰ ਕੋਝਾ ਹੱਥਕੰਡਾ ਅਪਣਾ ਕੇ ਸਮਾਜ ਅੰਦਰ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਨਾਂਅ ਤੇ ਵੰਡੀਆਂ ਪਾਉਣ, ਫਿਰਕੂ ਦਹਿਸ਼ਤਗਰਦੀ ਦੇ ਭਾਂਬੜ ਬਾਲਣ ਲਈ ਥਾਂ ਥਾਂ ਤੇਲ ਛਿੜਕਣ ਅਤੇ ਤੀਲੀਆਂ ਸੁੱਟਣ ਦੇ ਕਾਰੇ ਕਰ ਰਹੀ ਹੈ ਅਜਿਹੇ ਮੌਕੇ ਗੱਗ, ਅਜਿਹੀ ਹੋਛੀ ਕਲਮ ਘਸਾਈ ਕਰਕੇ ਆਖ਼ਰ ਕੀ ਹਾਸਲ ਕਰਨਾ ਚਾਹੁੰਦਾ ਹੈ,ਇਸ ਨਾਲ ਲੋਕਾਂ ਦਾ ਕੀ ਸੰਵਰਦਾ ਹੈ ਇਹ ਸੰਵੇਦਨਸ਼ੀਲ ਲੋਕਾਂ ਦਾ ਉਸ ਅੱਗੇ ਤਿੱਖਾ ਸੁਆਲ ਹੈ।
ਮੰਚ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਉਪਰ ਮੋਦੀ ਹਕੂਮਤ ਦੇ ਵਹਿਸ਼ੀ ਪੰਜੇ ਝਪਟ ਰਹੇ ਹਨ, ਜਦੋਂ ਵਿਵੱਸਥਾ ਦੀ ਚਾਕਰੀ ਕਰਦੇ ਆਪੇ ਸਜੇ ਮਹਾਂ ਵਿਦਵਾਨ, ਸੁਹਿਰਦ ਸੰਪਾਦਕਾਂ, ਪੱਤਰਕਾਰਾਂ, ਲੋਕ ਪੱਖੀ ਕਾਮਿਆਂ ਉਪਰ ਤਿੱਖੇ ਹਮਲੇ ਕਰ ਰਹੇ ਹਨ , ਇਹਨਾਂ ਨੂੰ ਸਿੱਧੇ ਮੱਥੇ ਟੱਕਰਨ ਦੀ ਬਜਾਏ ਗੱਗ, ਫੋਕੀ ਸ਼ੋਹਰਤ ਦੀ ਭੁੱਖ ਪੂਰੀ ਕਰਨ ਦੀ ਦੌੜ ਵਿਚ ਹਾਬੜਿਆ ਆਪਣੇ ਦੱਬੇ ਕੁਚਲੇ ਲੋਕਾਂ ਦੀ ਬਾਤ ਪਾਉਣ ਤੋਂ ਕਿਨਾਰਾ ਕਸ਼ੀ ਕਰਕੇ ਅਜਿਹਾ ਕੰਮ ਕਰ ਰਿਹਾ ਹੈ ਜਿਸ ਨਾਲ ਫਿਰਕੂ ਟੋਲਿਆਂ ਦੇ ਹੀ ਢਿੱਡ ਲੱਡੂ ਫੁੱਟਦੇ ਹਨ।
ਉਹਨਾਂ ਕਿਹਾ ਕਿ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ, ਬਿਜਲੀ, ਮਹਿਗਾਈ, ਸਾਮਰਾਜੀ, ਵਿਸ਼ਵ ਬੈਂਕ, ਵਿਸ਼ਵ ਕਾਰਪੋਰੇਟ ਘਰਾਣਿਆਂ ਦੇ ਚੌਤਰਫੇ ਹੱਲੇ, ਬੁੱਧੀਜੀਵੀਆਂ ਨੂੰ ਬਿਨਾਂ ਵਜਾਹ ਸੀਖਾਂ ਪਿੱਛੇ ਡੱਕਿਆ, ਮਾਰਿਆ, ਸਾੜਿਆ ਅਤੇ ਤਿਲ਼ ਤਿਲ਼ ਕਰਕੇ ਮੌਤ ਦੇ ਜਬਾੜਿਆਂ ਚ ਧੱਕਿਆ ਜਾ ਰਿਹਾ ਹੈ ਗੱਗ ਵੱਲੋਂ ਉਸ ਪਾਸੇ ਵੱਲ ਕਲਮ ਚਲਾਉਣ ਦੀ ਬਜਾਏ ਉਹ ਕੰਮ ਕੀਤਾ ਜਾ ਰਿਹਾ ਜੋ ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਕਰ ਰਿਹਾ ਹੈ ਜਦ ਕਿ ਲੋੜ ਵੱਖ ਵੱਖ ਧਰਮਾਂ, ਫਿਰਕਿਆਂ ਵਿਚ ਵੰਡੇ ਲੋਕਾਂ ਦੀ ਵਿਸ਼ਾਲ ਜਨਤਕ ਲਹਿਰ ਉਸਾਰਨ ਦੀ ਹੈ।

Sunday, July 30, 2017

ਹੇਮ ਜਿਓਤੀ ਸਮਾਗਮ ਨੇ ਯਾਦ ਕਰਾਇਆ ਲੋਕ ਪੱਖੀ ਪੱਤਰਕਾਰੀ ਦਾ ਸੁਨਹਿਰਾ ਸਮਾਂ

ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਨੇ ਦਿੱਤਾ ਲੋਕ ਸੰਗਰਾਮਾਂ ਦੀ ਲੋੜ ਤੇ ਜ਼ੋਰ 
ਨਾਮਵਰ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਕੀਤਾ ਸਨਮਾਨ 
ਲੁਧਿਆਣਾ: 30  ਜੁਲਾਈ 2017: (ਪ੍ਰਦੀਪ ਸ਼ਰਮਾ ਇਪਟਾ//ਸਤੀਸ਼ ਸਚਦੇਵਾ//ਪੰਜਾਬ ਸਕਰੀਨ)::  
ਅੱਜ ਦੀ ਪੱਤਰਕਾਰੀ ਤਕਨੀਕੀ ਪੱਖੋਂ ਬਹੁਤ ਵਿਕਸਿਤ ਹੈ। ਰੰਗੀਨ ਛਪਾਈ ਵਾਲੇ ਪਰਚੇ ਬੜੀ ਤੇਜ਼ ਰਫਤਾਰ ਪ੍ਰਿੰਟਿੰਗ ਪ੍ਰੈਸ ਵਿੱਚ ਗਿਣ ਕੇ ਬਾਹਰ ਨਿਕਲਦੇ ਹਨ। ਅੱਜ ਦੀ ਪੱਤਰਕਾਰੀ ਵਿੱਚ ਕਵਰੇਜ, ਪਹੁੰਚ ਅਤੇ ਨੈਟਵਰਕ ਵੀ ਕਮਾਲ ਦਾ ਹੈ ਪਰ ਪੰਜਾਬੀ ਵਿੱਚ ਹੁਣ ਸ਼ਾਇਦ ਕੋਈ ਅਜਿਹਾ ਪਰਚਾ ਨਹੀਂ ਰਿਹਾ ਜਿਸਦੀ ਬੇਸਬਰੀ ਨਾਲ ਉਡੀਕ ਹੁੰਦੀ ਹੋਵੇ। ਪਾਠਕ ਮੁੜ ਮੁੜ ਸਟਾਲਾਂ ਤੇ ਜਾ ਕੇ ਦੇਖਣ ਕਿ ਹੁਣ ਨਵਾਂ ਅੰਕ ਆਇਆ ਹੈ ਜਾਂ ਨਹੀਂ? ਪਰ ਹੇਮ ਜਿਓਤੀ ਦੇ ਦੌਰ ਵਿੱਚ ਅਜਿਹਾ ਹਰ ਮਹੀਨੇ ਹੁੰਦਾ ਸੀ। ਅਤਰਜੀਤ ਹੁਰਾਂ ਨੇ ਅੱਜ ਦੇ ਸਮਾਗਮ ਵਿੱਚ ਉਸ ਦੌਰ ਵਾਲੀ ਲੋਕ ਪੱਖੀ ਪਤੱਰਕਾਰੀ ਦੀ ਯਾਦ ਤਾਜ਼ਾ ਕਰਾਉਂਦਿਆਂ ਰੋਹਲੇ ਬਾਣ ਅਤੇ ਸਿਆੜ ਵਰਗੇ ਕਿ ਹੋਰ ਖਾਸ ਪਰਚਿਆਂ ਦਾ ਵੀ ਜ਼ਿਕਰ ਕੀਤਾ। 
Click here to see more pics on facebook
    ਸੱਤਰਵਿਆਂ ਦੇ ਦੌਰ "ਚ ਸਾਹਿਤਕ ਅੰਬਰ ਦੇ ਧਰੂ ਤਾਰੇ ਸੁਰਿੰਦਰ 'ਹੇਮ ਜਯੋਤੀ' ਦੀ ਯਾਦ 'ਚ ਪੰਜਾਬ ਲੋਕ ਸੱਭਿਆਚਾਰ ਮੰਚ ( ਪਲਸ ਮੰਚ) ਵਲੋਂ ਅੱਜ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ  ਨਾਲ ਯਾਦਗਾਰੀ ਸੂਬਾਈ ਸਾਹਿਤਕ ਸਮਾਗਮ, ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ।  ਇਹ ਅਹਿਸਾਸ ਅੱਜ ਉਸੇ ਸਮਾਗਮ ਦੌਰਾਨ ਮਹਿਸੂਸ ਹੋਏ। 
     ਪ੍ਰੋਫੈਸਰ ਅਜਮੇਰ ਔਲਖ ਦੇ ਜੀਵਨ ਸਾਥਣ ਮਨਜੀਤ ਕੌਰ ਔਲਖ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਤੀਨਿਧ ਡਾਕਟਰ ਗੁਲਜ਼ਾਰ ਸਿੰਘ ਪੰਧੇਰ, ਪੰਜਾਬ ਲੋਕ ਸੱਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ  ਵਿੱਚ ਹੋਏ ਇਸ ਸਮਾਗਮ  ਵਿੱਚ ਮੁੱਖ ਵਕਤਾ ਹਿਮਾਂਸ਼ੂ ਕੁਮਾਰ ਅਤੇ ਸਨਮਾਨਿਤ ਕੀਤੀ ਜਾਣ ਵਾਲੀ ਸ਼ਖਸੀਅਤ ਨਾਮਵਰ ਨਾਵਲਕਾਰ ਓਮ ਪ੍ਰਕਾਸ਼ ਗਾਸੋ ਮੰਚ ਤੇ ਸਸ਼ੋਬਤ ਸਨ।  Click here to see more pics on facebook
   ਪ੍ਰੋਫੈਸਰ ਅਜਮੇਰ ਸਿੰਘ ਔਲਖ, ਕਵੀ ਇਕਬਾਲ ਰਾਮੂੰਵਾਲੀਆ ਅਤੇ ਪ੍ਰਸਿੱਧ ਵਿਗਿਆਨੀ ਯਸ਼ਪਾਲ ਨੂੰ ਪੰਡਾਲ ਵਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਸਮਾਗਮ ਦਾ ਆਰੰਭ ਹੋਇਆ। ਉੱਘੇ ਕਹਾਣੀਕਾਰ  ਅਤਰਜੀਤ ਨੇ ਸੁਰੇਂਦਰ 'ਹੇਮਜਯੋਤੀ' ਸਬੰਧੀ ਦਿਲ ਨੂੰ ਛੂਹਣ ਵਾਲੇ ਵਿਚਾਰ ਰੱਖੇ।
  ਸਮਾਗਮ ਦੇ ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਨੇ ਆਪਣਾ ਭਾਸ਼ਣ ਵਿੰਅਗਆਤਮਿਕ ਕਵਿਤਾ ਨਾਲ ਸ਼ੁਰੂ ਕੀਤਾ। ਉਹਨਾਂ  ਨੇ ਲੋਕ ਸਾਹਿਤ  ਦੀ ਸਿਰਜਣਾ ਤੋਂ ਵਰਜਿਤ ਕਰਦੀਆਂ ਕਰਦੀਆਂ ਸ਼ਕਤੀਆਂ ਦੇ ਇਰਾਦਿਆਂ ਦਾ ਪਰਦਾਫਾਸ਼ ਕੀਤਾ।
ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਕਾਲਪਨਿਕ  ਅਤੀਤ ਵੱਲ ਲਿਜਾਣ ਦੇ ਨਾਂਅ ਹੇਠ ਉਹਨਾਂ ਕੋਲੋਂ ਉਹਨਾਂ ਦਾ ਵਰਤਮਾਨ ਅਤੇ ਭਵਿੱਖ ਖੋਹ ਲਿਆ ਜਾਂਦਾ ਹੈ।
Click here to see more pics on facebook
 ਉਹਨਾਂ ਕਿਹਾ ਕਿ ਹੱਦਾਂ, ਸਰਹੱਦਾਂ, ਧਰਮ, ਜਾਤੀ, ਫਿਰਕਿਆਂ ਦੇ ਨਾਂ ਤੇ ਦਬਾਉਣ, ਨਸਲਘਾਤ ਕਰਣ ਦੇ ਫਾਸ਼ੀ ਹੱਲਿਆਂ ਦਾ ਅਸਲ ਮਨੋਰਥ ਲੋਕਾਂ ਦੀ ਲੁੱਟ-ਖਸੁੱਟ ਜਾਰੀ ਰੱਖਣਾ ਅਤੇ ਲੋਕਾਂ ਦੀ ਮੁਕਤੀ ਦੇ ਕਾਜ਼ ਨੂੰ ਚੌਤਰਫੀ ਸੱਟ ਮਾਰਨਾ ਹੈ।
 ਉਹਨਾਂ ਖਬਰਦਾਰ ਕੀਤਾ ਕਿ ਸਾਡੇ ਦੇਸ਼ ਨੂੰ ਜਿਸ ਦਿਸ਼ਾ ਵੱਲ ਖਿੱਚਿਆ ਜਾ ਰਿਹਾ ਹੈ ਇਹ ਹਿਟਲਰ ਦੇ ਫਾਸ਼ੀ ਦੌਰ ਦਾ ਘਿਨੌਣਾ ਵਰਤਾਰਾ ਸਾਡੀ ਧਰਤੀ ਤੇ ਵਰਤਾਇਆ ਜਾ ਸਕਦਾ ਹੈ। ਉਹਨਾਂ ਨੇ  ਆਰ ਐਸ ਐਸ ਦੀ ਭੂਮਿਕਾ ਕਿੰਵੇਂ ਆਜ਼ਾਦੀ  ਸੰਗਰਾਮ ਵਿੱਚ ਨਾਂਹ ਵਾਚਕ ਰਹੀ ਹੈ, ਇਸਦੀ ਤੱਥਾਂ ਸਹਿਤ ਤਸਵੀਰ ਖਿੱਚੀ।
  ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਜਿੰਵੇਂ ਭਾਜਪਾ, ਆਰ ਐਸ ਐਸ ਯੋਜਨਾਬੱਧ  ਤਰੀਕੇ ਨਾਲ ਧਰਮ, ਜਾਤੀ, ਫਿਰਕੇ ਦੇ  ਆਧਾਰ ਤੇ ਮੁਲਕ ਅੰਦਰ ਭਰਾ ਮਾਰ ਲੜਾਈ ਲਈ ਕੋਝੇ ਯਤਨ ਕਰ ਰਹੀ ਹੈ ਇਸ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਵਿਗਿਆਨਕ, ਚੇਤਨ ਲੋਕ ਲਹਿਰ ਉਸਾਰਨ ਦੀ ਲੋੜ ਹੈ।
    ਪਲਸ ਮੰਚ ਦੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਮਤੇ ਅਤੇ ਵਿਸ਼ੇਸ਼ ਅਪੀਲ ਮੰਚ ਤੋਂ ਪੜ੍ਹੀ, ਜਿਸਨੂੰ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। Click here to see more pics on facebook
ਮਤਿਆਂ "ਚ ਧਾਰਾ 295 ਏ ਵਾਪਿਸ ਲੈਣ, ਬਲਦੇਵ ਸੜਕਨਾਮਾ ਦੇ ਨਾਵਲ ਸੂਰਜ ਦੀ ਅੱਖ ਬਾਰੇ ਵਾ ਵੇਲਾ ਖੜ੍ਹਾ ਕਰਕੇ ਧਮਕੀਆਂ ਦੇਣ,  ਸਿਲੇਬਸ ਵਿਚੋਂ ਪਾਸ਼ ਦੀ ਕਵਿਤਾ " ਸੱਭ ਤੋਂ ਖਤਰਨਾਕ", ਰਾਬਿੰਦਰ ਨਾਥ ਟੈਗੋਰ, ਹੂਸੈਨ ਦੀਆਂ ਪੇਂਟਿੰਗਜ ਆਦਿ  ਬਾਹਰ ਕਰਨ ਦੇ ਯਤਨਾਂ ਦਾ ਜੋਰਦਾਰ ਵਿਰੋਧ ਕੀਤਾ ਗਿਆ। ਕਵੀ ਸੁਰਜੀਤ ਗੱਗ ਨੂੰ ਜੇਲ੍ਹ ਸੁੱਟਣ ਦਾ ਵਿਰੋਧ ਕਰਦਿਆਂ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਵੀ ਕੀਤੀ ਗਈ।
  ਪਲਸ ਮੰਚ ਨੇ ਵਿਸ਼ੇਸ਼ ਮਤੇ ਰਾਂਹੀ ਸਮੂਹ ਲੇਖਕ ਤਰਕਸ਼ੀਲ, ਜਮਹੂਰੀ ਅਤੇ ਲੋਕ ਜਥੇਬੰਦੀਆਂ ਨੂੰ ਫਿਰਕੂ ਫਾਸ਼ੀ ਹੱਲੇ ਖਿਲਾਫ ਇੱਕਜੁੱਟ ਹੋ ਕੇ ਲੋਕ ਸੰਗਰਾਮ ਦਾ ਸੱਦਾ ਦਿੱਤਾ।
Click here to see more pics on facebook
ਪ੍ਰਤੀਬੱਧਤ  ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਬੋਲਦਿਆਂ ਗਾਸੋ ਨੇ ਕਿਹਾ ਇਹ ਸਨਮਾਨ ਮੇਰੀ ਜ਼ਿੰਦਗੀ ਅਤੇ ਕਲਮ ਲਈ ਮਾਣਮੱਤਾ ਹੈ। ਇਹ ਮੇਰੇ ਸਿਰ ਹੋਰ ਵੀ ਜ਼ਿੰਮੇਵਾਰੀਆਂ ਆਇਦ ਕਰਦਾ ਹੈ। ਉਹਨਾਂ ਦੇ ਸਨਮਾਨ ਸਮੇਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਪਲਸ ਮੰਚ ਦੇ ਮੀਤ ਪ੍ਰਧਾਨ ਹੰਸਾ ਸਿੰਘ, ਵਿੱਤ ਸਕੱਤਰ ਕਸਤੂਰੀ ਲਾਲ, ਸਹਾਇਕ ਸਕੱਤਰ ਰਾਮ ਕੁਮਾਰ, ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ, ਅਤੇ ਗੁਰਪ੍ਰੀਤ ਹਾਜ਼ਰ ਸਨ।
  ਲੋਕ ਸੰਗਤ ਮੰਡਲੀ ਭਦੌੜ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਗੀਤ ਪੇਸ਼ ਕੀਤੇ।
  ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਕ ਦੀ ਭੂਮਿਕਾ ਅਦਾ ਕੀਤੀ।
Click here to see more pics on facebook

Monday, May 01, 2017

ਲੋਕ-ਸਾਹਿਤ ਦਾ ਮਾਣਮੱਤਾ ਸਿਰਨਾਵਾਂ ਬਲਦੇਵ ਸੜਕਨਾਮਾ

ਬਲਦੇਵ ਸੜਕਨਾਮਾ ਸਾਡਾ ਹੈ-ਭਾਈ ਲਾਲੋਆਂ ਦਾ ਹੈ
ਬਹੁ-ਪੱਖੀ ਸ਼ਖਸੀਅਤ ਬਲਦੇਵ ਸਿੰਘ; ਸਾਹਿਤਕਾਰ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਲੇਖਕ ਗੱਲ ਕੀ ਸਾਹਿਤ ਦੀਆਂ ਬਹੁ-ਵੰਨਗੀ ਵਿਧਾਵਾਂ ਉਪਰ ਨਿਠਕੇ ਕੰਮ ਕਰਨ ਵਾਲਾ, ਜਮਹੂਰੀਅਤ ਪਸੰਦ, ਹੱਕ, ਸੱਚ, ਇਨਸਾਫ਼ ਅਤੇ ਲੋਕਾਂ ਦੀ ਮੁਕਤੀ ਦੀ ਆਵਾਜ਼ ਸੰਗ ਆਵਾਜ਼ ਮਿਲਾਉਣ ਵਾਲਾ ਸੰਵੇਦਨਸ਼ੀਲ ਅਤੇ ਨਿਧੜਕ ਕਲਮਕਾਰ ਤਾਂ ਹੈ ਹੀ। 
ਪਤਾ ਨਹੀਂ ਕਿਉਂ ਅਸਾਡੇ ਅੰਦਰਲੇ ਮੁਹੱਬਤਾਂ ਭਰੇ ਸਾਗਰ ਦੀਆਂ ਛੱਲਾਂ ਸਾਨੂੰ ਵਾਰ ਵਾਰ ਪੰਚਮ ਸੁਰ ’ਚ ਨਵਾਂ ਸੰਗੀਤ ਸੁਣਾ ਰਹੀਆਂ ਨੇ। ਉਸ ਸੰਗੀਤ ਵਿੱਚ ਇਹ ਮੋਹ ਭਿੱਜੇ ਮਿੱਠੜੇ ਬੋਲ ਸਮੋਏ ਨੇ ਕਿ ਇਸ ਸਾਹਿਤਕ ਰਚਨਾ ਸੰਸਾਰ ਨਾਲੋਂ ਵੱਡੀ ਉਪਾਧੀ ਇੱਕ ਹੋਰ ਹੈ, ਬਾਈ ਬਲਦੇਵ ਦੀ। ਉਹ ਇਹ ਹੈ; ਅਸੀਂ ਪੂਰੀ ਨਿੱਘੀ ਬੁੱਕਲ ਖੋਲ੍ਹਕੇ, ਲੋਕ ਰੰਗ ਮੰਚ ਦੇ ਚਬੂਤਰੇ ਅਤੇ ਸੰਗਰਾਮਾਂ ਦੇ ਪਿੜ ਅੰਦਰ ਹਿੱਕ ਠੋਕਕੇ, ਮਾਣ-ਮੱਤੇ ਅੰਦਾਜ਼ ਵਿੱਚ ਕਹਿ ਸਕਦੇ ਹਾਂ ਕਿ ਬਲਦੇਵ ਸੜਕਨਾਮਾ ਸਾਡਾ ਹੈ। ਭਾਈ ਲਾਲੋਆਂ ਦਾ ਹੈ।
ਟਰੱਕ ਡਰਾਈਵਰ ਤੋਂ ਚੋਟੀ ਦੇ ਨਾਵਲਕਾਰ ਅਤੇ ਲੇਖਕ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਬਲਦੇਵ ਸੜਕਨਾਮਾ ਨੇ, ਸੜਕਾਂ ਤੇ ਸਿਰਫ਼ ਮੀਲ ਪੱਥਰ ਅਤੇ ਸਾਈਨ ਬੋਰਡ ਹੀ ਨਹੀਂ ਪੜ੍ਹੇ ਸਗੋਂ ਤਜਾਰਤੀ ਹਵਸ ਵਿੱਚ ਤੇਜ਼ ਦੌੜਦੇ ਟਾਇਰਾਂ ਹੇਠ ਦਰੜੀ ਜਾ ਰਹੀ ਲੋਕਾਈ ਦੀ ਦਰਦ ਭਰੀ ਆਵਾਜ਼ ਨੂੰ ਆਪਣੇ ਸਾਹਾਂ ਵਿੱਚ ਸਮੋਇਆ ਹੈ।
ਬਲਦੇਵ ਬਾਈ ਨੇ ਸੜਕਾਂ ਤੇ ਗੱਡੀਆਂ ਦੇ ਸ਼ੋਰ ਮਚਾਉਂਦੇ ਹਾਰਨ ਹੀ ਨਹੀਂ ਸੁਣੇ ਸਗੋਂ ਸੜਕਾਂ ਦੇ ਨਾਲ ਦੌੜਦੇ ਕੋਠਿਆਂ ਵਿੱਚ, ਜਿਸਮ ਵੇਚਦੀਆਂ ਇਸ ਧਰਤੀ ਦੀਆਂ ਧੀਆਂ ਦੀ ਵੇਦਨਾ ਅਤੇ ਘੁੰਗਰੂਆਂ ਦੀ ਦਰਦ-ਭਿੱਜੀ ਛਣਕਾਰ ਗਹੁ ਨਾਲ ਸੁਣੀ ਹੈ।
ਦਰਸ਼ਨ, ਇਤਿਹਾਸ, ਰਾਜਨੀਤੀ, ਸਮਾਜ, ਸਾਹਿਤ, ਮਨੋਵਿਗਿਆਨ, ਰੰਗ ਮੰਚ ਬਣੀ ਜ਼ਿੰਦਗੀ ਨੂੰ ਹਰੇਕ ਕੋਨ ਤੋਂ ਵੇਖਣ, ਅਧਿਐਨ ਕਰਨ ਵਾਲਾ ਬਲਦੇਵ ਸੜਕਨਾਮਾ, ਸਦਾ ਸਫ਼ਰ ’ਤੇ ਰਹਿਣ ਵਾਲਾ ਅਣਥੱਕ ਮੁਸਾਫ਼ਰ ਹੈ।
ਬਲਦੇਵ ਸੜਕਨਾਮਾ, ਚਲਦਾ ਫਿਰਦਾ ਇਨਸਾਈਕਲੋਪੀਡੀਆ ਹੈ। ਉਹਦੇ ਜੀਵਨ ਅਤੇ ਰਚਨਾ ਸੰਸਾਰ ਦੀ ਗੱਲ ਕਰਦਿਆਂ ਪਤਾ ਨਹੀਂ ਲੱਗ ਸਕਦਾ ਕਦੋਂ ਦਿਨ ਚੜ੍ਹ ਜਾਏ, ਕਦੋਂ ਰਾਤ ਪੈ ਜਾਏ। 
ਬਲਦੇਵ ਦਾ ਜਨਮ 11 ਦਸੰਬਰ 1942 ਨੂੰ ਪਿੰਡ ਚੰਦ ਨਵਾਂ (ਮੋਗਾ) ਵਿਖੇ ਮਾਂ ਬਚਿੰਤ ਕੌਰ ਅਤੇ ਪਿਤਾ ਹਰਦਿਆਲ ਸਿੰਘ ਦੇ ਘਰ ਹੋਇਆ। ਕੁਲਜੀਤ ਕੌਰ 1963 ਵਿੱਚ ਉਹਨਾਂ ਦੀ ਜੀਵਨ-ਸਾਥਣ ਬਣੀ। ਬਲਦੇਵ ਨੇ 1968 ਵਿੱਚ ਕਲਕੱਤੇ ਆਪਣੀ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਲੰਮਾ ਸਮਾਂ ਖੁਦ ਟਰੱਕ ਚਲਾਇਆ। ਟਰੱਕ ਚਲਾਉਂਦਿਆਂ ਹੀ ਕਲਮ ਚਲਾਉਣ ਵੱਲ ਗੇਅਰ ਬਦਲੀ ਕਦੋਂ ਅਤੇ ਕਿਵੇਂ ਹੋ ਗਈ, ਇਸਦਾ ਸਾਨੂੰ ਤਾਂ ਕੀ, ਬਲਦੇਵ ਬਾਈ ਨੂੰ ਵੀ ਪੂਰਾ ਭੇਦ ਨਹੀਂ ਪੈ ਰਿਹਾ।
ਨਿੱਕੜੀ ਜਿਹੀ ਕਹਾਣੀ ‘ਨਾਗਮਣੀ’ ਵਿੱਚ ਛਪਣ ਤੋਂ ਸ਼ੁਰੂ ਹੋਇਆ ਕਲਮੀ ਸਫ਼ਰ, ਸੜਕਾਂ ਦੇ ਲੰਮੇ ਸਫ਼ਰ ਤੋਂ ਵੀ ਕਿਤੇ ਲੰਮਾ ਹੋ ਗਿਆ। ਮੁਲਕ ਅੰਦਰ ਹਾਕਮ ਜਮਾਤੀ ਹਿੱਤਾਂ ਨੂੰ ਪਰਨਾਏ ਰਾਜਨੀਤੀਵਾਨਾਂ ਵੱਲੋਂ ਵਗਾਈਆਂ ਤੱਤੀਆਂ ਹਵਾਵਾਂ ਦੇ ਮੌਸਮ ਵਿੱਚ ਉਹ 1985 ਵਿੱਚ ਮੋਗੇ ਆ ਗਏ। ਮੋਗੇ ਆ ਕੇ ਵੀ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। 
ਸਮਾਜ ਅੰਦਰ ਧੁਖ਼ਦੇ ਬਲ਼ਦੇ ਅਨੇਕਾਂ ਸੁਆਲਾਂ ਨੇ ਬਲਦੇਵ ਨੂੰ ਟਰੱਕ ਦਾ ਸਟੇਰਿੰਗ ਫੜਨ ਦੀ ਬਜਾਏ ਹੋਰ ਵੀ ਮਜ਼ਬੂਤੀ ਨਾਲ ਕਲਮ ਫੜਨ ਲਈ ਵੰਗਾਰਿਆ। ਬਲਦੇਵ ਬਾਈ ਨੇ ਇਹ ਵੰਗਾਰ ਐਸੀ ਕਬੂਲ ਕੀਤੀ ਕਿ ਸਮਾਜ ਅੰਦਰ ਰਵਾਇਤੀ ਤੌਰ ’ਤੇ ਡਰਾਈਵਰ ਭਾਈਚਾਰੇ ਬਾਰੇ ਬਣੇ ਬਿੰਬਾਂ ਨੂੰ ਉਸ ਦੀ ਮਿਹਨਤੀ, ਵਿਗਿਆਨਕ, ਸੰਜੀਦਾ, ਜ਼ਿਮੇਦਾਰਾਨਾ ਅਤੇ ਸੂਖ਼ਮ ਕਲਮ ਨੇ ਭੰਨ ਸੁੱਟਿਆ। ਨਵੇਂ ਬਿੰਬ ਸਿਰਜੇ। ਸਹਿਜ ਮਤੇ ਵਾਲੇ ਬਲਦੇਵ ਨੇ ਆਪਣੀ ਜ਼ਿੰਦਗੀ ’ਚ ਗੱਡੀ ਸ਼ਾਇਦ ਧੀਮੀ ਗਤੀ ਚਲਾਈ ਹੋਵੇ ਪਰ ਸਹਿਜਤਾ ਉਪਰ ਪੂਰੀ ਪਕੜ ਰੱਖਦਿਆਂ ਉਹਨਾਂ ਨੇ ਆਪਣੀ ਕਲਮ ਟਾਪ ਗੇਅਰ ਵਿੱਚ ਰੱਖੀ ਹੈ। ਮੋੜਾਂ, ਘੋੜਾਂ, ਸਾਹਿਤਕ ਸਫ਼ਰ-ਚਿੰਨ੍ਹਾਂ ਦਾ ਵੀ ਧਿਆਨ ਰੱਖਕੇ ਸਾਵਧਾਨੀ ਅਤੇ ਦਲੇਰੀ ਨਾਲ ਚਲਾਈ ਹੈ।
ਉਹਨਾਂ ਦੇ 20 ਕਹਾਣੀ ਸੰਗ੍ਰਹਿ, 21 ਨਾਵਲ, ਦਰਜਣ ਦੇ ਕਰੀਬ ਨਾਟਕ, ਅੱਧੀ ਦਰਜਣ ਸਫ਼ਰਨਾਮੇ, ਦੋ ਸਾਹਿਤਕ ਜੀਵਨੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬਾਲ ਸਾਹਿਤ ਦੀ ਝੋਲੀ 6 ਪੁਸਤਕਾਂ ਪਾ ਚੁੱਕੇ ਹਨ। ਉਹਨਾਂ ਨੇ 3 ਪੁਸਤਕਾਂ ਦਾ ਸੰਪਾਦਨ ਅਤੇ 4 ਦਾ ਅਨੁਵਾਦ ਵੀ ਕੀਤਾ ਹੈ।
ਕਦੇ ਵਿਸ਼ਵੀਕਰਣ, ਨਿੱਜੀਕਰਣ, ਉਦਾਰੀਕਰਣ, ਕਦੇ ਅੰਨ੍ਹੇ ਰਾਸ਼ਟਰਵਾਦ ਦੀ ਧੁੰਦ ਫੈਲਾ ਕੇ ਲੋਕਾਂ ਉਪਰ ਕਾਠੀ ਪਾਉਣ ਦੇ ਖ਼ਤਰਿਆਂ/ਚੁਣੌਤੀਆਂ ਬਾਰੇ ਬਲਦੇਵ ਹੋਰਾਂ ਨੇ ‘ਦੂਸਰਾ ਹੀਰੋਸ਼ੀਮਾ’ ਵਿੱਚ ਬਹੁਤ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਸੀ। ‘ਕੱਲਰੀ ਧਰਤੀ’, ‘ਕੱਚੀਆਂ ਕੰਧਾਂ’ ਆਦਿ ਚਿਰਕੇ ਪਹਿਲਾਂ ਹੀ ਕਰਜ਼ੇ, ਖ਼ੁਦਕੁਸ਼ੀਆਂ, ਤੰਗੀਆਂ ਦੀ ਭੰਨੀ ਕਿਸਾਨੀ ਦਾ ਦਰਦ ਦਰਸਾ ਰਹੀਆਂ ਸਨ।
‘ਪੰਜਵਾਂ ਸਾਹਿਬਜ਼ਾਦਾ’, ‘ਮਹਾਂਬਲੀ ਸੂਰਾ’, ‘ਸਤਲੁਜ ਵਹਿੰਦਾ ਰਿਹਾ’, ‘ਢਾਹਾਂ ਦਿੱਲੀ ਦੇ ਕਿੰਗਰੇ’, ‘ਕਾਲੇ ਪਾਣੀਆਂ ਦਾ ਸੁੱਚਾ ਮੋਤੀ’, ‘ਸੂਰਜ ਦੀ ਅੱਖ’ ਵਰਗੀਆਂ ਪੁਸਤਕਾਂ ਬਾਰੇ ਇਹ ਕਹਿਣਾ ਕੋਈ ਅੱਤਕਥਨੀ ਨਹੀਂ ਕਿ ਬਲਦੇਵ ਦੁਆਰਾ ਰਚਿਤ ਪੁਸਤਕਾਂ ਪਾਠਕ ਹੱਥੋਂ ਹੱਥੀਂ ਇਉਂ ਲੈ ਕੇ ਜਾਂਦੇ ਹਨ ਜਿਵੇਂ ਛਪਾਰ ਦੇ ਮੇਲੇ ਤੋਂ ਮਠਿਆਈਆਂ।
ਗ਼ਦਰੀ ਬਾਬਿਆਂ ਦੇ ਮੇਲੇ ’ਚ ਜਦੋਂ ਬਲਦੇਵ ਸੜਕਨਾਮਾ ਦੇ ਨਾਵਲ ‘ਲਾਲ ਬੱਤੀ’ ਤੇ ਅਧਾਰਤ ਨਾਟਕ ਦਾ ਕੇਵਲ ਧਾਲੀਵਾਲ ਨੇ ਮੰਚਣ ਕੀਤਾ ਤਾਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਅਜੇਹੀ ਖੂਬਸੂਰਤ, ਅਰਥ-ਭਰਪੂਰ, ਕਲਾ ਕਿਰਤ ਦੀ ਪੇਸ਼ਕਾਰੀ ਸਦਕਾ, ਗ਼ਦਰੀ ਬਾਬਿਆਂ ਦੇ ਮੇਲੇ ਨੇ ਉਚੇਰੀ ਪਰਵਾਜ਼ ਭਰੀ ਹੈ।
ਪਲਸ ਮੰਚ ਦੇ ਸਮਾਗਮਾਂ ’ਚ ਬਲਦੇਵ ਸੜਕਨਾਮਾ ਦਾ ਹਮੇਸ਼ਾਂ ਹੀ ਸੰਗ-ਸਾਥ ਵੀ ਰਿਹਾ ਹੈ ਅਤੇ ਉਹਨਾਂ ਦੇ ਨਾਟਕਾਂ ਦਾ ਮੰਚਣ ਵੀ। ਉਹਨਾਂ ਦਾ ਨਾਟਕ ‘ਮਿੱਟੀ ਰੁਦਨ ਕਰੇ’ ਪਲਸ ਮੰਚ ਦੀਆਂ ਟੀਮਾਂ, ਹੋਰਨਾਂ ਟੀਮਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਨਾਟ-ਮੁਕਾਬਲਿਆਂ ਵਿੱਚ ਐਨਾ ਮਕਬੂਲ ਹੋਇਆ ਕਿ ਮੂੰਹ ਜ਼ੁਬਾਨੀ ਦੇ ਲੋਕ ਗੀਤਾਂ ਵਾਂਗ ਹੁਣ ਦਰਸ਼ਕਾਂ ਨੂੰ ਨਾਟਕ ਯਾਦ ਹੈ। ਬਲਦੇਵ ਸੜਕਨਾਮਾ ਦੀਆਂ ਤਾਜ਼ਾ ਰਚਨਾਵਾਂ ਅਤੇ ਉਹਨਾਂ ਦੀ ਸਿਹਤ ਤੋਂ ਇਹ ਅੰਦਾਜ਼ਾ ਲਗਾ ਸਕਣਾ ਨਾ-ਮੁਮਕਿਨ ਹੈ ਕਿ ਉਹ ਡਰਾਈਵਰੀ ਅਤੇ ਸਾਹਿਤਕ ਸਫ਼ਰ ਦੀਆਂ 74 ਬਸੰਤ ਰੁੱਤਾਂ ਪਾਰ ਕਰ ਚੁੱਕੇ ਹਨ।
ਉਹ ਲੋਕ ਹਿੱਤਾਂ ਨੂੰ ਪਰਨਾਏ ਸੁਹਿਰਦ ਕਲਮਕਾਰ ਹੀ ਨਹੀਂ ਸਗੋਂ ਉਹ ਲੋਕਾਂ ਦੇ ਸੰਗਰਾਮਾਂ ਦੇ ਵੀ ਸੰਗੀ ਸਾਥੀ ਹਨ। ਅਗਨ ਪ੍ਰੀਖਿਆ ਦੇ ਦੌਰ ਅੰਦਰ ਜਦੋਂ ਪਲਸ ਮੰਚ ਦੇ ਬਾਨੀ ਗੁਰਸ਼ਰਨ ਭਾਅ ਜੀ ਦੀ ਰਹਿਨੁਮਾਈ ਹੇਠ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਸਰਗਰਮੀ ਨਾਲ ਬੁੱਧੀਜੀਵੀ ਵਰਗ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀ ਜੋਟੀ ਮਜ਼ਬੂਤ ਕਰਨ ਲਈ ਅੱਗੇ ਆਇਆ ਤਾਂ ਬਲਦੇਵ ਸੜਕਨਾਮਾ ਨੇ ਆਪਣੇ ਹੋਰਨਾਂ ਸੰਗੀ ਸਾਥੀਆਂ ਨੂੰ ਨਾਲ ਜੋੜਕੇ, ਫਰੰਟ ਦੀਆਂ ਸਰਗਰਮੀਆਂ ਵਿੱਚ ਮੋਢਾ ਲਾਇਆ।
ਪਲਸ ਮੰਚ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਬੀਤੇ 35 ਵਰ੍ਹਿਆਂ ਤੋਂ ਨਿਰੰਤਰ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ, ਇਸ ਵਾਰ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ।
ਅਜੇਹੇ ਮਹਾਨ ਇਤਿਹਾਸ ਨੂੰ ਸਮਰਪਿਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਬਲਦੇਵ ਸੜਕਨਾਮਾ ਦਾ ਸਨਮਾਨ ਵਿਲੱਖਣ ਮਹੱਤਤਾ ਰੱਖਦਾ ਹੈ। ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹਾ ਰੰਗ ਮੰਚ ਤੇ ਜੁੜੇ ਭਰੇ ਪੰਡਾਲ ਵੱਲੋਂ ਬਲਦੇਵ ਸੜਕਨਾਮਾ ਦਾ ਕੀਤਾ ਜਾ ਰਿਹਾ ਸਨਮਾਨ ਉਹਨਾਂ ਸਭਨਾਂ ਕਲਮਾਂ ਦਾ ਵੀ ਸਨਮਾਨ ਹੈ ਜਿਹੜੀਆਂ ਲੋਕ-ਸਰੋਕਾਰਾਂ ਲਈ ਪ੍ਰਤੀਬੱਧਤ ਹਨ।

ਅਮੋਲਕ ਸਿੰਘ
ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ ਮੰਚ
ਸੰਪਰਕ: 94170 76735
            9814078799

Sunday, July 17, 2016

"ਜੰਗ ਅਤੇ ਠੁਕਾਈ" ਦੇ "ਉਪਾਸ਼ਕਾਂ" ਦਾ ਮੂੰਹਤੋੜ ਜਵਾਬ ਬਣਿਆ "ਪਲਸ ਮੰਚ"

31 ਜੁਲਾਈ ਨੂੰ ਦਿੱਤਾ ਜਾਏਗਾ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਹੋਕਾ 
ਲੁਧਿਆਣਾ: 16 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਵੱਟਸਐਪ 'ਤੇ ਚੱਲ ਰਹੀਂ ਇੱਕ ਪੋਸਟ 
31 ਜੁਲਾਈ ਦੇ ਮੁੱਖ ਵਕਤਾ 
ਪਿਛਲੇ ਕੁਝ ਸਮੇਂ ਤੋਂ ਜੰਗ ਦਾ ਜਨੂੰਨ ਫਿਰ ਭੜਕਾਇਆ ਜਾ ਰਿਹਾ ਹੈ। ਕਸ਼ਮੀਰ ਵਿੱਚ "ਠੁਕਾਈ" ਜਾਰੀ ਰੱਖਣ ਦੀ ਭਾਸ਼ਾ ਆਏ ਦਿਨ ਬੋਲੀ ਜਾ ਰਹੀ ਹੈ।  ਸਕਿਓਰਿਟੀ ਦੇ "ਬੰਨੇ ਹੋਏ ਹੱਥਾਂ" ਨੂੰ ਖੋਹਲਣ ਦੀਆਂ ਵੰਗਾਰਾਂ ਜਾਰੀ ਹੋ ਰਹੀਆਂ ਹਨ। ਇਹਨਾਂ ਦਾ ਟਾਕਰਾ ਕਰਨ ਅਤੇ ਇਹਨਾਂ ਦੀਆਂ ਅੱਖਾਂ ਖੋਹਲਣ ਲਈ "ਪਲਸ ਮੰਚ" ਅਤੇ ਹੋਰ ਖੱਬੇਪੱਖੀ ਸੰਗਠਨ ਇੱਕ ਵਾਰ ਫੇਰ ਖੁੱਲ ਕੇ ਮੈਦਾਨ ਵਿੱਚ ਨਿੱਤਰੇ ਹਨ ਬਿਲਕੁਲ ਓਸੇ ਤਰਾਂ ਜਿਵੈਂ ਉਹ ਅੱਸੀਵਿਆਂ ਦੌਰਾਨ ਸਾਹਮਣੇ ਆਏ ਸਨ ਜਦੋਂ ਪੰਜਾਬ ਵਿੱਚ ਨਿੱਤ ਸਕੋਰ ਗਿਣੇ ਜਾਂਦੇ ਸਨ। ਹੁਣ ਕਸ਼ਮੀਰ ਦੇ ਮਾਮਲੇ ਵਿੱਚ ਸਕੋਰ ਗਿਣੇ ਜਾ ਰਹੇ ਹਨ। ਫਿਰਕੂ ਜਨੂੰਨ ਨੂੰ ਲਾਂਬੂ ਲਾਏ ਜਾ ਰਹੇ ਹਨ। 
ਅੱਜਕਲ੍ਹ ਕਸ਼ਮੀਰ ਦਾ ਮਸਲਾ ਫਿਰ ਭਖਿਆ ਹੋਇਆ ਹੈ। ਸੈਂਸਰਸ਼ਿਪ ਲੱਗੀ ਹੋਈ ਹੈ।  ਇੰਟਰਨੈੱਟ ਬੰਦ ਹੈ।  ਮੋਬਾਈਲ ਫੋਨ ਵੀ ਬੰਦ ਹਨ। ਇਸਦੇ ਬਾਵਜੂਦ ਕਿਸੇ ਨ ਕਿਸੇ ਤਰਾਂ ਲੋਕ ਲਗਾਤਾਰ ਕੁਝ ਨ ਕੁਝ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਹਨ। ਕੁਝ ਪੋਸਟਾਂ ਫੌਜ ਦੇ ਹੱਕ ਵਿੱਚ ਹਨ ਅਤੇ ਕੁਝ ਫੌਜ ਦੇ ਖਿਲਾਫ। ਇਹਨਾਂ ਪੋਸਟਾਂ ਵਿੱਚ ਇੱਕ ਸੰਦੇਸ਼ ਬੜਾ ਤੇਜ਼ੀ ਨਾਲ ਪ੍ਰਚਾਰਿਆ ਜਾ ਰਿਹਾ ਹੈ---ਚਿੰਤਾ ਨਾ ਕਰੋ ਦਾਲ ਤਾਂ ਅਸੀਂ ਚਾਰ ਸੋ  ਰੁਪਏ ਕਿੱਲੋ  ਲੈ ਕੇ ਵੀ ਖਾ ਲਵਾਂਗੇ ਪਰ ਕਸ਼ਮੀਰ ਵਿੱਚ ਚੱਲ ਰਾਹੀਂ ਠੁਕਾਈ  ਬੰਦ ਨਹੀਂ ਹੋਣੀ ਚਾਹੀਦੀ। ਹੁਣ ਇਹਨਾਂ ਨੂੰ ਕੋਈ ਪੁਛੇ ਕਿ ਕੀ ਇਸ ਸੰਦੇਸ਼ ਦਾ ਮਤਲਬ ਵੀ ਸਮਝਦੇ ਹਨ ਲੋਕ? ਸਾਨੂੰ ਲੱਗਦਾ ਹੈ ਕਿ ਚੰਗੀਤਰਾਂ ਹੀ ਨਹੀਂ ਬਲਕਿ ਬਹੁਤ ਹੀ ਚੰਗੀ ਤਰਾਂ ਸਮਝਦੇ ਹਾਂ ਪਰ ਮਚਲੇ ਬਣੇ ਹੋਏ ਹਨ। ਇਹਨਾਂ ਨੂੰ ਤਾਂ ਮਸਾਂ ਮਸਾਂ ਮੌਕਾ ਮਿਲਿਆ ਹੈ ਮਹਿੰਗਾਈ ਦੇ ਬੁਰੇ  ਦਿਨਾਂ ਨੂੰ ਭੁਲਾਉਣ ਅਤੇ ਅੱਛੇ ਦਿਨਾਂ ਵਾਲੇ ਊਂਠ ਦੇ ਬੁਲ ਨੂੰ ਇੱਕ ਵਾਰ ਫੇਰ ਆਪਣਾ ਚੋਣ ਮੁੱਦਾ ਬਣਾਉਣ ਦਾ। 
ਕਿਸੇ ਵੇਲੇ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ ਇੱਕ ਲੰਮੀ ਰਚਨਾ ਲਿਖੀ ਸੀ-ਪਰਛਾਈਆਂ- ਜੋ ਬਹੁਤ ਹਰਮਨ ਪਿਆਰੀ ਹੋਈ। ਕੋਈ ਸੰਵੇਦਨਸ਼ੀਲ ਵਿਅਕਤੀ ਨਹੀਂ ਹੋਵੇਗਾ ਜਿਹੜਾ ਉਸਨੂੰ ਪੜ੍ਹ ਕੇ ਹਲੂਣਿਆ ਨਾ ਜਾਵੇ। ਹਾਂ ਆਪਣਾ ਮੁਨਾਫ਼ਾ ਦੇਖਣ ਵਾਲੇ ਜੰਗ ਦੇ ਤਾਜਰਾਂ ਦੀ ਗੱਲ ਵੱਖਰੀ ਹੈ। ਉਹ ਤਾਂ ਚਾਰ ਸੋ ਰੁਪਏ ਕਿੱਲੋ ਦਾਲ ਲੈਣ ਲਈ ਤਿਆਰ ਹਨ। ਜੰਗ ਦਾ ਜ਼ਿਕਰ ਕਰਦਿਆਂ ਸਾਹਿਰ ਸਾਹਿਬ ਕਹਿੰਦੇ ਹਨ- 
ਧੂਲ ਉੜਨੇ ਲਗੀ ਬਾਜ਼ਾਰੋਂ ਮੈਂ, ਭੂਖ ਉਗਨੇ ਲਗੀ ਖਲਿਯਾਨੋ ਮੈਂ 
ਹਰ ਚੀਜ਼ ਦੁਕਾਨੋਂ ਸੇ ਉੱਠ ਕਰ ਰੂਪੋਸ਼ ਹੁਈ ਤਹਿਖਾਨੋਂ ਮੈਂ। 

ਬਦਹਾਲ ਘਰੋਂ ਕੀ ਬਦਹਾਲੀ, ਬੜ੍ਹਤੇ ਬੜ੍ਹਤੇ ਜੰਜਾਲ ਬਣੀ,
ਮਹਿੰਗਾਈ ਬੜ੍ਹ ਕਰ ਕਾਲ ਬਣੀ, ਸਾਰੀ ਬਸਤੀ ਕੰਗਾਲ ਬਣੀ।   

ਚਰਵਾਹੀਆਂ ਰਸਤਾ ਭੂਲ ਗਈਂ, ਪਨਿਹਾਰੀਆਂ ਪਨਘਟ ਛੋੜ ਗਈਂ ,
 ਕਿਤਨੀ ਹੀ ਕੰਵਾਰੀ ਅਬਲਾਏਂ ਮਾਂ-ਬਾਪ ਕੀ ਚੌਖਟ ਛੋੜ ਗਈਂ।  

ਇਫਲਾਸ ਜ਼ਦਾ ਦਹਿਕਾਨੋਂ ਕੇ ਹਲ ਬੈਲ ਬਿਕੇ, ਖਲਿਆਨ ਬਿਕੇ,
ਜੀਨੇ ਕਿ ਤਮੰਨਾ ਕੇ ਹਾਥੋਂ, ਜੀਨੇ ਕੇ ਹੀ ਸਬ ਸਮਾਨ ਬਿਕੇ। 

 ਕੁਛ ਭੀ ਨ ਰਹਾ ਜਬ ਬਿਕਨੇ ਕੋ, ਜਿਸਮੋਂ ਕੀ ਤਿਜਾਰਤ ਹੋਨੇ ਲਗੀ,
ਖ਼ਲਵਤ ਮੈਂ ਭੀ ਜੋ ਮਮਨੂਅ ਥੀ ਵੋ, ਜਲਵਤ ਮੈਂ ਜਿਸਾਰਤ ਹੋਨੇ ਲਗੀ। 

ਅਜਿਹੀਆਂ ਹਜ਼ਾਰਾਂ ਬੁਰਾਈਆਂ ਵਾਲੀ ਜੰਗ ਦੀ ਭਾਵਨਾ ਨੂੰ ਹਵਾ ਦੇ ਕੇ ਆਪਣੀ ਸਿਆਸਤ ਚਮਕਾਉਣ ਵਾਲੇ ਸ਼ਾਇਦ ਭੁੱਲ ਗਏ ਹਨ ਕਿ ਅੱਗ ਜਦੋਂ ਭੜਕਦੀ ਹੈ ਤਾਂ ਪਤਾ ਨਹੀਂ ਕਿਸ ਕਿਸ ਦਾ ਨੁਕਸਾਨ ਕਰਦੀ ਹੈ।  ਉਸਦੀ ਤਬਾਹੀ ਚਾਰ ਚੁਫੇਰੇ ਵੀ ਹੋ ਸਕਦੀ ਹੈ। ਅੱਸੀਵਿਆਂ ਦੌਰਾਨ ਪੰਜਾਬ ਵਿੱਚ ਕੀਤੇ ਗਏ ਅਜਿਹੇ ਖਤਰਨਾਕ ਤਜਰਬੇ ਹੁਣ ਤੱਕ ਆਪਣੇ ਖਤਰਨਾਕ ਨਤੀਜੇ ਸਾਹਮਣੇ ਲਿਆ ਰਹੇ ਹਨ। 
ਨੇੜ ਭਵਿੱਖ ਵਿੱਚ ਕਿਸੇ ਸ਼ਾਇਰ ਨੂੰ ਕਿਤੇ ਇਹ ਗੱਲ ਫਿਰ ਨਾ ਦੁਹਰਾਉਣੀ ਪਵੇ--
ਅਬ ਆਗ ਸੇ ਕਿਉਂ ਘਬਰਾਤੇ ਹੋ?
ਸ਼ੋਅਲੋਂ ਕੋ ਹਵਾ ਦੇਨੇ ਵਾਲੋ। 
ਕਸ਼ਮੀਰ ਵਿੱਚ ਜਾਂ ਫੇਰ ਬਾਰਡਰ ਤੇ ਠੁਕਾਈ ਦੀ ਭਾਸ਼ਾ ਬੋਲਣ ਵਾਲੇ ਇਹਨਾਂ ਲੋਕਾਂ ਨੂੰ ਸ਼ਾਇਦ ਇਨਸਾਨੀ ਜ਼ਿੰਦਗੀ ਦੀ ਮਾੜੀ ਮੋਟੀ ਵੀ ਕਦਰ ਨਹੀਂ। ਜੰਗ ਨੂੰ ਆਪਣੀ ਸਿਆਸੀ ਖੇਡ ਸਮਝਣ ਵਾਲੇ ਇਹਨਾਂ ਲੋਕਾਂ ਲਈ ਸਾਹਿਰ ਸਾਹਿਬ ਦੀ ਉੱਸੇ ਲੰਮੀ ਕਵਿਤਾ ਵਿੱਚੋਂ ਦੋ ਕੁ ਸਤਰਾਂ ਹੋਰ--
ਉਸ ਸ਼ਾਮ ਮੁਝੇ ਮਾਲੂਮ ਹੂਆ, ਜਬ ਭਾਈ ਜੰਗ ਮੈਂ ਕਾਮ ਆਏ,
ਸਰਮਾਏ ਕੇ ਕਹਿਬਰਖਾਨੇ ਮੈਂ ਬਹਿਨੋਂ ਕੀ ਜਵਾਨੀ ਬਿਕਤੀ ਹੈ। 

ਸੂਰਜ ਕੇ ਲਹੂ ਮੈਂ ਲਿਥੜੀ ਹੁਈ ਵੋਹ ਸ਼ਾਮ ਹੈ ਅਬ ਤੱਕ ਯਾਦ ਮੁਝੇ; 
ਚਾਹਤ ਕੇ ਸੁਨਹਿਰੇ ਖ਼ਾਬੋਂ ਕਾ ਅੰਜਾਮ ਹੈ ਅਬ ਤੱਕ ਯਾਦ ਮੁਝੇ। 

ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 31 ਜੁਲਾਈ ਨੂੰ ਇੱਕ ਸਮਾਗਮ ਸੁਰਿੰਦਰ ਹੇਮਜਿਓਤੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਜਿਸ ਵਿੱਚ ਜੁਲਾਈ ਮਹੀਨੇ ਦੇ ਸ਼ਹੀਦਾਂ- ਸ਼ਹੀਦ ਊਧਮ ਸਿੰਘ, ਸ਼ਹੀਦ ਪ੍ਰਿਥੀ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਕਸ਼ਮੀਰ ਦੇ ਲੋਕਾਂ ਖਿਲਾਫ ਢਾਏ ਜਾ ਰਹੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਜਾਏਗੀ ਅਤੇ ਬਾਕੀਆਂ ਨੂੰ ਵੀ ਇਹ ਆਵਾਜ਼ ਉਠਾਉਣ ਦਾ ਹੋਕਾ ਦਿੱਤਾ ਜਾਏਗਾ। ਡਾਕਟਰ ਹਰਬੰਸ ਸਿੰਘ ਸੰਧੂ ਨੂੰ ਸਮਰਪਿਤ ਇਸ ਸਮਾਗਮ ਵਿੱਚ ਪਲਸ ਮੰਚ ਨਾਲ ਸਬੰਧਿਤ ਟੀਮਾਂ ਦੇ ਨਾਲ ਨਾਲ ਲੋਕਾਂ ਨਾਲ ਜੁੜੇ ਹੋਰਨਾਂ ਸ਼ਾਂਤੀ ਪਸੰਦ ਸੰਗਠਨਾਂ ਦੀ ਵੀ ਸਰਗਰਮ ਸ਼ਮੂਲੀਅਤ ਰਹੇਗੀ।  ਇਸ ਮੌਕੇ ਕਸ਼ਮੀਰ ਦੀ ਸਥਿਤੀ ਦੀਆਂ ਕੁਝ ਖਾਸ ਤਸਵੀਰਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਵਿਸ਼ੇਸ਼ ਰਿਪੋਰਟਾਂ ਵੀ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਮੁੱਖ ਵਕਤ ਹੋਣਗੇ Subhash Gatarhe ਜਿਹੜੇ ਇਸ ਮਾਮਲੇ ਤੇ ਵਿਸਥਾਰਤ ਵਿਚਾਰ ਰੱਖਣਗੇ।
ਇਸ ਵਿਵਾਦ ਦੇ ਦੂਜੇ ਪਹਿਲੂ ਬਾਰੇ ਵੱਖਰੀ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ। ਜਿਹੜੀ ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ। 

Sunday, April 10, 2016

ਫਿਰ ਹੋਇਆ ਗੁਰਸ਼ਰਨ ਭਾਅ ਜੀ ਦੀ ਮੌਜੂਦਗੀ ਦਾ ਅਹਿਸਾਸ

ਪਲਸ ਮੰਚ ਦੀ ਨਵੀਂ ਚੋਣ ਵਿੱਚ ਬਣੇ ਅਮੋਲਕ ਸਿੰਘ ਪ੍ਰਧਾਨ
ਲੁਧਿਆਣਾ, 10 ਅਪ੍ਰੈਲ 2016; (ਪੰਜਾਬ ਸਕਰੀਨ ਬਿਊਰੋ):

ਕਲਾ ਨੂੰ ਲੋਕ ਭਲੇ ਦੀ ਜੰਗ ਦੌਰਾਨ ਹਥਿਆਰ ਵਾਂਗ ਵਰਤਣਾ ਸਿਖਾਉਣ ਵਾਲੇ ਗੁਰਸ਼ਰਨ ਭਾਅ ਜੀ ਦਾ ਸੁਪਨਾ ਅੱਜ ਇੱਕ ਵਾਰ ਫੇਰ ਸਾਕਾਰ ਹੋਣ ਦੇ ਨੇੜੇ ਹੁੰਦਾ ਜਾਪਿਆ। ਉਹਨਾਂ ਵੱਲੋਂ ਸਥਾਪਿਤ ਪੰਜਾਬ ਲੋਕ ਸੱਭਿਆਚਾਰਕ ਮੰਚ ਪੁਲਾਂਘਾਂ ਪੁੱਟਦਾ ਮਹਿਸੂਸ ਹੋਇਆ। ਫਿਰਕੂ ਅਤੇ ਫ਼ਾਸ਼ੀ ਹਨੇਰੀਆਂ ਤੇਜ਼ ਹੋਣ ਤੋਂ ਬਾਅਦ ਪਲਸ ਮੰਚ ਇੱਕ ਵਾਰ ਫੇਰ ਲੋਕਾਂ ਦੀ ਧਿਰ ਬਣ ਕੇ ਆ ਡਟਿਆ। ਹਿੰਦੂ ਰਾਸ਼ਟਰ ਅਤੇ ਸਿੱਖ ਰਾਸ਼ਟਰ ਦੀ ਬਹਿਸ ਦੌਰਾਨ ਮਜ਼ਬੂਤ ਲੋਕ ਰਾਸ਼ਟਰ ਦੀ ਕਾਇਮੀ ਦਾ ਸੰਕਲਪ ਦੋਹਰਾਇਆ ਗਿਆ। ਦੀਵਾਰਾਂ ਤੇ ਲੱਗੀਆਂ ਸ਼ਹੀਦ ਭਗਤ ਸਿੰਘ ਦੀਆਂ ਟੂਕਾਂ ਇਸ ਆਯੋਜਨ ਦੇ ਮਕਸਦ ਨੂੰ ਸਵਾਗਤੀ ਹਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸਪਸ਼ਟ ਕਰ ਰਹੀਆਂ ਸਨ। ਪੰਜਾਬ ਨਾਲ ਹੁੰਦੀਆਂ ਸਾਜ਼ਿਸ਼ਾਂ ਅਤੇ ਖੂਨ ਖਰਾਬੇ ਨੂੰ ਹੱਡੀਂ ਹੰਢਾਉਣ ਵਾਲੀ ਅਮੋਲਕ ਸਿੰਘ, ਕੰਵਲਜੀਤ ਖੰਨਾ ਅਤੇ ਕਸਤੂਰੀ ਲਾਲ ਦੀ ਟੀਮ ਅੱਜ ਉਮਰ ਵਧਣ ਦੇ ਬਾਵਜੂਦ ਪੁਰਾਣੇ ਜੋਸ਼ੋ ਖਰੋਸ਼ ਨਾਲ ਕਾਇਮ ਸੀ। ਪਲਸ ਮੰਚ ਦਾ ਸੂਬਾਈ ਇਜਲਾਸ ਅੱਜ ਪੰਜਾਬੀ ਭਵਨ ਵਿਖੇ ਸਫ਼ਲਤਾਪੂਰਕ ਢੰਗ ਨਾਲ ਨੇਪਰੇ ਚੜ੍ਹਿਆ।
ਲੋਕਾਂ ਨਾਲ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਸਿਲਸਿਲਾ ਵੀ ਪੁਰਾਣਾ ਹੈ ਅਤੇ ਇਹਨਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਸੰਗਰਾਮਾਂ ਦੀ ਗਾਥਾ ਵੀ ਲਗਾਤਾਰ ਨਿੱਤ ਨਵੀਂ ਤੋਂ ਨਵੀਂ ਹੁੰਦੀ ਰਹੀ ਹੈ। ਇਹ ਸਿਲਸਿਲਾ ਸੱਤਰਵਿਆਂ ਦੀ ਦਹਿਸ਼ਤ ਵੇਲੇ ਵੀ ਜਾਰੀ ਰਿਹਾ ਅਤੇ ਅੱਸੀਵਿਆਂ ਦੇ ਖੂਨੀ ਦਹਾਕੇ ਦੌਰਾਨ ਵੀ। ਇਹਨਾਂ ਸੰਗ੍ਰਾਮਾਂ ਨੂੰ ਉਭਾਰਨ ਲਈ ਜਿਹੜੇ ਲੋਕ ਆਪਣੇ ਸੁੱਖਾਂ ਨੂੰ ਛੱਡ ਕੇ ਅੱਗੇ ਆਏ ਉਹਨਾਂ ਵਿੱਚ ਗੁਰਸ਼ਰਨ ਭਾਅ ਜੀ ਦਾ ਨਾਮ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਜਦੋਂ ਬੋਲਣ ਵਾਲੇ ਡਰ ਜਾਂ ਲਾਲਚਾਂ ਕਾਰਣ ਮਚਲੇ ਬਣ ਗਏ ਸਨ ਉਦੋਂ ਗੁਰਸ਼ਰਨ ਭਾਅ ਜੀ ਦੀ ਆਵਾਜ਼ ਗੂੰਜਦੀ ਸੀ। ਨੁੱਕੜ ਨਾਟਕਾਂ ਰਾਹੀਂ ਹਲੂਣਾ ਦੇਂਦੀ ਸੀ। ਉਹਨਾਂ ਦੇ ਤੁਰ ਜਾਣ ਮਗਰੋਂ ਵੀ ਉਹ ਆਵਾਜ਼ ਬੁਲਾ ਰਹੀ ਹੈ ਸੰਘਰਸ਼ਾਂ ਦਾ ਸੱਦਾ ਦੇਂਦੀ ਹੈ। ਪਲਸ ਮੰਚ ਉਸ ਆਵਾਜ਼ ਨੂੰ ਹੀ ਅੱਗੇ ਲਿਜਾ ਰਿਹਾ ਹੈ। ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਹੋਏ ਪਲਸ ਮੰਚ ਦੇ ਸੂਬਾਈ ਸਮਾਗਮ ਦੌਰਾਨ ਇਸ ਆਵਾਜ਼ ਨੂੰ ਹੋਰ ਅੱਗੇ ਲਿਜਾਣ ਦਾ ਸੰਕਲਪ ਕੀਤਾ ਗਿਆਤਾਂਕਿ ਚੰਗੇ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਹੋ ਸਕੇ। 
ਇਸ ਅਜਲਾਸ ਦੌਰਾਨ ਸੂਬਾ ਕਮੇਟੀ ਦੇ ਬੀਤੇ ਸੈਸ਼ਨ ਦੀਆਂ ਸਰਗਰਮੀਆਂ ਵਾਲੀ ਮੂਲਾਂਕਣ ਰਿਪੋਰਟ 'ਤੇ ਗੰਭੀਰ ਸਾਰਥਕ ਚਰਚਾ ਹੋਈ।  ਇਜਲਾਸ ਨੇ ਸਰਗਰਮੀਆਂ ਵਿਚੋਂ ਨਿਕਲੇ ਤਜਰਬਿਆਂ ਨੂੰ ਭਵਿੱਖ 'ਚ ਸੰਭਾਲਣ, ਊਣਤਾਈਆਂ 'ਤੇ ਕਾਬੂ ਪਾਉਣ ਦੀ ਬਾਰੀਕੀ ਅਤੇ ਸੰਵੇਦਨਾ ਭਰੀ ਪਹੁੰਚ ਅਪਣਾਉਂਦਿਆਂ ਅਗਲੇ ਸ਼ੈਸਨ ਲਈ ਮਹੱਤਵਪੂਰਨ ਕਾਰਜ ਹੱਥ ਲੈਣ ਦਾ ਨਿਰਣਾ ਲਿਆ ਹੈ।ਇਸ ਮੌਕੇ ਇਜਲਾਸ ਦੌਰਾਨ ਫ਼ੈਸਲਾ ਕੀਤਾ ਕਿ ਅਗਲੇ ਵਰ੍ਹੇ ਵੀ ਸੰਸਥਾਗਤ ਰੂਪ 'ਚ ਮੰਚ ਦਾ ਹਰ ਪੱਧਰ 'ਤੇ ਜਥੇਬੰਦਕ ਢਾਂਚਾ ਉਸਾਰਨ, ਮਜ਼ਬੂਤ ਕਰਨ ਤੇ ਸਾਹਿਤਕ ਸੱਭਿਆਚਾਰਕ ਕਾਮਿਆਂ ਅੰਦਰ ਪ੍ਰਤੀਬੱਧਤਾ, ਨਿਸ਼ਚਾ ਤੇ ਲੋਕ ਸੰਗਰਾਮ ਨਾਲ ਰੰਗ-ਮੰਚ ਦੀ ਧੜਕਣ ਸਾਂਝੀ ਕਰਨ ਦੇ ਅਹਿਮ ਕਦਮ ਚੁੱਕਣ ਦਾ ਅਹਿਦ ਲਿਆ।  ਇਸ ਮੌਕੇ ਵਿੱਤ ਸਕੱਤਰ ਕਸਤੂਰੀ ਲਾਲ ਵੱਲੋਂ ਰੱਖੀ ਵਿੱਤ ਰਿਪੋਰਟ ਵੀ ਪਾਸ ਕੀਤੀ ਗਈ। ਇਸ ਮੌਕੇ ਕੁਝ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਇਜਲਾਸ ਵਿਚ ਪਾਸ ਕੀਤਾ ਗਿਆ। ਅਜਲਾਸ ਵਿਚ ਬੀਤੇ ਅਰਸੇ ਦਾ ਲੇਖਾਜੋਖਾ ਕਰਨ ਵਾਲੀ ਬਹਿਸ ਦੌਰਾਨ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕਮਲਜੀਤ ਖੰਨਾ ਤੇ ਖ਼ਜਾਨਚੀ ਕਸਤੂਰੀ ਲਾਲ ਨੇ ਵਿਸਥਾਰਪੂਰਕ ਵਿਚਾਰ ਚਰਚਾ ਕੀਤੀ। ਇਸ ਮੌਕੇ ਸਰਬਸੰਮਤੀ ਨਾਲ ਅਗਲੇ ਸੈਸ਼ਨ ਲਈ ਦੁਬਾਰਾ ਤੋਂ ਅਮੋਲਕ ਸਿੰਘ ਨੂੰ ਮੰਚ ਦਾ ਸੂਬਾ ਪ੍ਰਧਾਨ, ਕਮਲਜੀਤ ਖੰਨਾ ਜਨਰਲ ਸਕੱਤਰ, ਹੰਸਾ ਮੀਤ ਪ੍ਰਧਾਨ, ਮਾਸਟਰ ਰਾਮ ਕੁਮਾਰ ਸੰਯੁਕਤ ਸਕੱਤਰ, ਕਸਤੂਰੀ ਲਾਲ ਵਿੱਤ ਸਕੱਤਰ ਅਤੇ ਗੁਰਪ੍ਰੀਤ ਕੌਰ, ਹਰਵਿੰਦਰ ਦਿਵਾਨਾ ਸੂਬਾ ਕਮੇਟੀ ਮੈਂਬਰ ਚੁਣੇ ਗਏ। ਇਸੇ ਦੌਰਾਨ ਪੰਜਾਬ ਭਰ ਦੀਆਂ ਨਾਟਕ ਅਤੇ ਗੀਤ-ਸੰਗੀਤ ਮੰਡਲੀਆਂ 'ਚੋਂ 22 ਮੈਂਬਰੀ ਜਨਰਲ ਬਾਡੀ ਚੁਣੀ ਗਈ, ਜਿਸ ਵਿਚ 6-6 ਮਹੀਨੇ ਦੀ ਰੂਪ ਰੇਖਾ ਉਲੀਕੀ ਜਾਇਆ ਕਰੇਗੀ। ਕੁਲ ਮਿਲਾ ਕੇ ਇਹ ਇੱਕ ਸਫਲ ਅਜਲਾਸ ਸੀ ਜਿਸ ਨੇ ਹੋਰ ਬਹੁਤ ਸਾਰੀਆਂ ਉਮੀਦਾਂ ਵੀ ਜਗਾਈਆਂ ਹਨ।