Showing posts with label Surjit Gag. Show all posts
Showing posts with label Surjit Gag. Show all posts

Tuesday, July 26, 2022

ਪਲਸ ਮੰਚ ਨੇ ਵੀ ਸੁਰਜੀਤ ਗੱਗ ਨੂੰ ਲੰਮੇ ਹਥੀਂ ਲਿਆ

 ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਨਿਖੇਧੀਯੋਗ 

ਜਲੰਧਰ//ਜਗਰਾਓਂ26 ਜੁਲਾਈ 2022: (ਕਾਮਰੇਡ ਸਕਰੀਨ//ਪੰਜਾਬ ਸਕਰੀਨ ਬਿਊਰੋ)::

ਪਲਸ ਮੰਚ ਦੇ ਆਗੂ ਵੀ ਸੁਰਜੀਤ ਗੱਗ ਦੀ ਆਲੋਚਨਾ ਕਰਨ ਵਿੱਚ ਖੁੱਲ੍ਹ ਕੇ ਅੱਗੇ ਆਏ ਹਨ। ਉਹਨਾਂ ਗੱਗ ਵੱਲੋਂ ਪੋਸਟ ਕੀਤੀ ਫੋਟੋ ਨੂੰ ਇਤਰਾਜਯਪਗ ਦੱਸਦਿਆਂ ਇਸਦੀ ਨਿਖੇਧੀ ਕੀਤੀ ਹੈ।

ਕੰਵਲਜੀਤ ਖੰਨਾ ਅਤੇ ਅਮੋਲਕ ਸਿੰਘ 
ਕਾਮਰੇਡ ਅਮੋਲਕ ਸਿੰਘ ਹੁਰਾਂ ਨੇ ਵੀ ਇਸ ਸਬੰਧੀ ਕਾਮਰੇਡ ਕੰਵਲਜੀਤ ਖੰਨਾ ਹੁਰਾਂ ਦਾ ਬਿਆਨ ਜਾਰੀ ਕੀਤਾ ਹੈ
: ਇਸ ਬਿਆਨ ਵਿਚ ਉਹਨਾਂ ਕਿਹਾ ਹੈ ਕਿ ਸੁਰਜੀਤ ਗੱਗ ਦੀ ਪਲਸ ਮੰਚ ਸੀ ਤਿੱਖੀ ਆਲੋਚਨਾ ਕਰਦਾ ਹੈ। 
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਸੁਰਜੀਤ ਗੱਗ ਵੱਲੋਂ ਬਾਬਾ ਨਾਨਕ ਦੀ ਤਸਵੀਰ ਨੂੰ ਮਨਮਾਨੇ ਢੰਗ ਨਾਲ, ਬਿਨਾਂ ਕਿਸੇ ਠੋਸ ਇਤਿਹਾਸਕ ਪ੍ਰਮਾਣ ਦੇਣ ਦੇ ਪਾ ਕੇ ਬੇਲੋੜੇ ਵਾਦ-ਵਿਵਾਦ, ਭੜਕਾਹਟ ਨੂੰ ਜਨਮ ਅਤੇ ਬੜਾਵਾ ਦੇਣ ਦਾ ਮਾਹੌਲ ਸਿਰਜਣ ਦਾ ਕੰਮ ਕਰਨਾ ਹਰ ਸੁਹਿਰਦ ਲੇਖਕ, ਕਵੀ, ਸਾਹਿਤਕਾਰ, ਚਿਤਰਕਾਰ,ਆਲੋਚਕ ਦੀ ਨਜ਼ਰ ਵਿਚ ਨਿੰਦਣਯੋਗ ਹੈ।
ਪਲਸ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਅੱਜ ਜਦੋਂ ਆਰ ਐਸ ਐਸ, ਮੋਦੀ ਅਮਿਤ ਸ਼ਾਹ ਜੋੜੀ ਦੀ ਭਾਜਪਾ ਹਕੂਮਤ ਹਰ ਕੋਝਾ ਹੱਥਕੰਡਾ ਅਪਣਾ ਕੇ ਸਮਾਜ ਅੰਦਰ ਧਰਮ, ਫ਼ਿਰਕੇ, ਇਲਾਕੇ ਆਦਿ ਦੇ ਨਾਂਅ ਤੇ ਵੰਡੀਆਂ ਪਾਉਣ, ਫਿਰਕੂ ਦਹਿਸ਼ਤਗਰਦੀ ਦੇ ਭਾਂਬੜ ਬਾਲਣ ਲਈ ਥਾਂ ਥਾਂ ਤੇਲ ਛਿੜਕਣ ਅਤੇ ਤੀਲੀਆਂ ਸੁੱਟਣ ਦੇ ਕਾਰੇ ਕਰ ਰਹੀ ਹੈ ਅਜਿਹੇ ਮੌਕੇ ਗੱਗ, ਅਜਿਹੀ ਹੋਛੀ ਕਲਮ ਘਸਾਈ ਕਰਕੇ ਆਖ਼ਰ ਕੀ ਹਾਸਲ ਕਰਨਾ ਚਾਹੁੰਦਾ ਹੈ,ਇਸ ਨਾਲ ਲੋਕਾਂ ਦਾ ਕੀ ਸੰਵਰਦਾ ਹੈ ਇਹ ਸੰਵੇਦਨਸ਼ੀਲ ਲੋਕਾਂ ਦਾ ਉਸ ਅੱਗੇ ਤਿੱਖਾ ਸੁਆਲ ਹੈ।
ਮੰਚ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਉਪਰ ਮੋਦੀ ਹਕੂਮਤ ਦੇ ਵਹਿਸ਼ੀ ਪੰਜੇ ਝਪਟ ਰਹੇ ਹਨ, ਜਦੋਂ ਵਿਵੱਸਥਾ ਦੀ ਚਾਕਰੀ ਕਰਦੇ ਆਪੇ ਸਜੇ ਮਹਾਂ ਵਿਦਵਾਨ, ਸੁਹਿਰਦ ਸੰਪਾਦਕਾਂ, ਪੱਤਰਕਾਰਾਂ, ਲੋਕ ਪੱਖੀ ਕਾਮਿਆਂ ਉਪਰ ਤਿੱਖੇ ਹਮਲੇ ਕਰ ਰਹੇ ਹਨ , ਇਹਨਾਂ ਨੂੰ ਸਿੱਧੇ ਮੱਥੇ ਟੱਕਰਨ ਦੀ ਬਜਾਏ ਗੱਗ, ਫੋਕੀ ਸ਼ੋਹਰਤ ਦੀ ਭੁੱਖ ਪੂਰੀ ਕਰਨ ਦੀ ਦੌੜ ਵਿਚ ਹਾਬੜਿਆ ਆਪਣੇ ਦੱਬੇ ਕੁਚਲੇ ਲੋਕਾਂ ਦੀ ਬਾਤ ਪਾਉਣ ਤੋਂ ਕਿਨਾਰਾ ਕਸ਼ੀ ਕਰਕੇ ਅਜਿਹਾ ਕੰਮ ਕਰ ਰਿਹਾ ਹੈ ਜਿਸ ਨਾਲ ਫਿਰਕੂ ਟੋਲਿਆਂ ਦੇ ਹੀ ਢਿੱਡ ਲੱਡੂ ਫੁੱਟਦੇ ਹਨ।
ਉਹਨਾਂ ਕਿਹਾ ਕਿ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ, ਬਿਜਲੀ, ਮਹਿਗਾਈ, ਸਾਮਰਾਜੀ, ਵਿਸ਼ਵ ਬੈਂਕ, ਵਿਸ਼ਵ ਕਾਰਪੋਰੇਟ ਘਰਾਣਿਆਂ ਦੇ ਚੌਤਰਫੇ ਹੱਲੇ, ਬੁੱਧੀਜੀਵੀਆਂ ਨੂੰ ਬਿਨਾਂ ਵਜਾਹ ਸੀਖਾਂ ਪਿੱਛੇ ਡੱਕਿਆ, ਮਾਰਿਆ, ਸਾੜਿਆ ਅਤੇ ਤਿਲ਼ ਤਿਲ਼ ਕਰਕੇ ਮੌਤ ਦੇ ਜਬਾੜਿਆਂ ਚ ਧੱਕਿਆ ਜਾ ਰਿਹਾ ਹੈ ਗੱਗ ਵੱਲੋਂ ਉਸ ਪਾਸੇ ਵੱਲ ਕਲਮ ਚਲਾਉਣ ਦੀ ਬਜਾਏ ਉਹ ਕੰਮ ਕੀਤਾ ਜਾ ਰਿਹਾ ਜੋ ਸਿੱਖ ਬਨਾਮ ਕਾਮਰੇਡ ਦਾ ਕਰੁੱਤਾ ਬਿਰਤਾਂਤ ਛੇੜਨ ਦਾ ਕੰਮ ਕਰ ਰਿਹਾ ਹੈ ਜਦ ਕਿ ਲੋੜ ਵੱਖ ਵੱਖ ਧਰਮਾਂ, ਫਿਰਕਿਆਂ ਵਿਚ ਵੰਡੇ ਲੋਕਾਂ ਦੀ ਵਿਸ਼ਾਲ ਜਨਤਕ ਲਹਿਰ ਉਸਾਰਨ ਦੀ ਹੈ।

ਲਿਬਰੇਸ਼ਨ ਸਮੇਤ ਕਈ ਖੱਬੇ ਪੱਖੀ ਸੰਗਠਨਾਂ ਵੱਲੋਂ ਸੁਰਜੀਤ ਗੱਗ ਦੀ ਤਿੱਖੀ ਆਲੋਚਨਾ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ 'ਤੇ ਟੋਪੀ ਦਿਖਾਉਂਦੀ ਫੋਟੋ ਛਾਪੀ 

ਲੁਧਿਆਣਾ: 26 ਜੁਲਾਈ 2022: (ਪੰਜਾਬ ਸਕਰੀਨ//ਕਾਮਰੇਡ ਸਕਰੀਨ ਬਿਊਰੋ)::
ਗੱਗ ਦੀ ਇਹ ਇਹ ਫੋਟੋ ਵਿਕੀਮੀਡੀਆ ਕਾਮਨਜ਼ ਤੋਂ ਧੰਨਵਾਦ ਸਹਿਤ
ਫੋਟੋ ਉੱਪਰ ਟੈਕਸਟ ਪੰਜਾਬ ਸਕਰੀਨ ਟੀਮ ਵੱਲੋਂ ਇਨਪੁਟ 
ਸਿਆਸੀ ਆਧਾਰ 'ਤੇ ਸ਼ਰਨ ਲੈ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਕਈ ਹੋਰ ਖੱਬੇ ਪੱਖੀ ਸੰਗਠਨਾਂ ਨੇ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜਾਹਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਅਤੇ  ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ  ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ। ਪਾਰਟੀ ਆਗੂਆਂ ਨੇ ਇਸਨੂੰ ਬੇਹੱਦ ਮੰਦਭਾਗਾ ਆਖਿਆ ਹੈ। ਇਨਕਲਾਬੀ ਕੇਂਦਰ ਪੰਜਾਬ ਅਤੇ ਪਲਸ ਮੰਚ ਨੇ ਵੀ ਗੱਗ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਇਸ ਫੋਟੋ ਤੇ ਸਖਤ ਇਤਰਾਜ਼ ਕੀਤਾ ਹੈ। ਕਹਾਣੀਕਾਰ ਅਤਰਜੀਤ ਸਿੰਘ ਅਤੇ ਹੋਰਨਾਂ ਨੇ ਵੀ ਇਸ ਫੋਟੋ ਦੇ ਪ੍ਰਕਾਸ਼ਨ ਨੂੰ ਇਤਰਾਜ਼ਯੋਗ ਅਤੇ ਸ਼ਰਾਰਤਪੂਰਨ ਦੱਸਿਆ ਹੈ। 
ਲਿਬਰੇਸ਼ਨ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ਉਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਦੇ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।
    
ਸੁਖਦਰਸ਼ਨ ਨੱਤ ਅਤੇ ਹਰਭਗਵਾਨ ਭੀਖੀ 
ਬਿਆਨ ਵਿਚ ਕਿਹਾ ਗਿਆ ਹੈ ਕਿ
ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸ਼ਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜ਼ੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ। ਕਾਮਰੇਡ ਹਰਭਗਵਾਨ ਭੀਖੀ ਨੇ ਵੀ ਇਸਦੀ ਸਖਤ ਨਿਖੇਧੀ ਕੀਤੀ ਹੈ। 

ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਹੈ ਕਿ ਸਾਥੀਓ, ਅਪਣੀ ਇਕ ਕਵਿਤਾ ਨਾਲ ਗੱਗ ਨੇ  ਸਿੱਖ ਭਾਈਚਾਰੇ ਨੂੰ ਭੜਕਾਉਣ ਵਾਲੀ ਬਾਬੇ ਨਾਨਕ ਦੀ ਇਹ ਫੋਟੋ ਫੇਸ ਬੁੱਕ ਉਤੇ ਪਾਈ ਹੈ। ਉਹ ਗੈਰ ਜ਼ਿੰਮੇਵਾਰ ਬੰਦਾ ਖੁਦ ਤਾਂ ਕਨੇਡਾ ਬੈਠਾ ਹੈ, ਪਰ ਹੇਠ "ਇਨਕਲਾਬ ਜ਼ਿੰਦਾਬਾਦ" ਲਿਖ ਕੇ ਉਹ ਆਪਣੀ ਇਸ ਕਰਤੂਤ ਨਾਲ ਸਿੱਖ ਨੌਜਵਾਨਾਂ ਨੂੰ ਸਮੁੱਚੇ ਕਾਮਰੇਡਾਂ ਖ਼ਿਲਾਫ਼ ਭੜਕਾਉਣ ਦੀ ਸਾਜਿਸ ਕਰ ਰਿਹਾ ਹੈ। ਸਾਨੂੰ ਉਸ ਦੀ ਇਸ ਕੋਝੀ ਹਰਕਤ ਦੀ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਅਪਣੇ ਆਪ ਨੂੰ ਇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲੈਣਾ ਚਾਹੀਦਾ ਹੈ। ਉਸ ਦੀ ਇਹ ਹਰਕਤ ਫਾਸ਼ੀਵਾਦ ਖ਼ਿਲਾਫ਼ ਮੋਰਚੇ ਵਿਚ ਘੱਟਗਿਣਤੀਆਂ , ਦਲਿਤਾਂ ਤੇ ਹੋਰ ਜਮਹੂਰੀ ਅਨਸਰਾਂ ਨੂੰ ਜੋੜਨ ਦੇ ਸਾਡੇ ਯਤਨਾਂ ਨੂੰ ਬੁਰੀ ਤਰਾਂ ਸਾਬੋਤਾਜ ਕਰਨ ਵਾਲੀ ਹੈ। ਇਸ ਲਈ ਸਾਰੇ ਆਗੂ ਸਾਥੀਆਂ ਨੂੰ ਇਸ ਦਾ ਤੁਰੰਤ ਨੋਟਿਸ ਲੈਦਿਆਂ ਇਸ ਬਾਰੇ ਹਰ ਜਿਲੇ 'ਚੋਂ ਪ੍ਰੈਸ ਅਤੇ ਸੋਸ਼ਲ ਮੀਡੀਆ ਉਤੇ ਨਿਖੇਧੀ ਦੇ ਬਿਆਨ ਜਾਰੀ ਕਰਨੇ ਚਾਹੀਦੇ ਨੇ।