Monday: 5th July 2021 at 5:10 PM
ਸਮੇਂ ਦੀ ਧੂੜ ਨੇ ਵੀ ਡਾ. ਅਮਰ ਸਿੰਘ ਨੂੰ ਲੋਕ ਮਸਲੇ ਨਹੀਂ ਭੁੱਲਣ ਦਿੱਤੇ
ਲੋਕ ਸਭਾ ਮੈਂਬਰ ਉੱਤਰੀ ਰੇਲਵੇ ਦੇ GM ਆਸ਼ੂਤੋਸ਼ ਗੰਗਲ ਨੂੰ ਮਿਲੇ |
ਰਾਏਕੋਟ: 5 ਜੁਲਾਈ 2021: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::
ਕੋਰੋਨਾ ਦੇ ਨਾਂਅ ਨਾਲ ਪ੍ਰਸਿੱਧ ਹੋਏ ਕੋਵਿਡ-19 ਵਾਲੇ ਵਾਇਰਸ ਦੀ ਆਮਦ ਤੇ ਬਹੁਤ ਕੁਝ ਬੰਦ ਕਰ ਦਿੱਤਾ ਗਿਆ ਜਾਂ ਬਦਲ ਦਿੱਤਾ ਗਿਆ। ਵਿਵਾਦਾਂ ਦਾ ਸ਼ਿਕਾਰ ਬਣੇ ਤਿੰਨ ਕੇਂਦਰੀ ਖੇਤੀ ਕਾਨੂੰਨ ਵੀ ਉਦੋਂ ਹਫੜਾ ਦਫੜ ਜਿਹੀ 'ਚ ਬਣਾ ਦਿੱਤੇ ਗਏ ਜਿਹਨਾਂ ਦਾ ਰੇੜਕਾ ਅਜੇ ਤੀਕ ਜਾਰੀ ਹੈ। ਇੱਸੇ ਤਰ੍ਹਾਂ ਮਜ਼ਦੂਰਾਂ ਦੇ ਬਹੁਤ ਸਾਰੇ ਹੱਕਾਂ ਤੇ ਨਵੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆਂ। ਇਹਨਾਂ ਸੋਧਾਂ ਨੇ ਮਜ਼ਦੂਰਾਂ ਦੇ ਹੱਕਾਂ ਤੇ ਸਿੱਧਾ ਛਾਪਾ ਮਾਰਿਆ।
ਟਰੇਡ ਯੂਨੀਅਨਾਂ ਨੇ ਮਜ਼ਦੂਰ ਹੱਕਾਂ ਦੇ ਖਿਲਾਫ ਹੋਈ ਕਾਰਵਾਈ ਦੇ ਖਿਲਾਫ ਸੰਘਰਸ਼ਾਂ ਦਾ ਬਿਗਲ ਵਜਾਇਆ ਅਤੇ ਕਿਸਾਨਾਂ ਨੇ ਖੇਤੀ ਕਾਨੂੰਨ ਦੇ ਖਿਲਾਫ ਮੋਰਚਾ ਲਾ ਲਿਆ।
ਬਾਕੀ ਜਨਤਾ ਨਾਲ ਜੋ ਕੁਝ ਹੋਇਆ ਉਸ ਸਭ ਕੁਝ ਬਾਰੇ ਐਨ ਡੀ ਟੀ ਵੀ ਵਾਲੇ ਰਵੀਸ਼ ਕੁਮਾਰ, ਮੀਡੀਆ ਵਿੱਚ ਨਵੀਆਂ ਪੀੜਤਾਂ ਪਾਉਣ ਵਾਲੀ ਬਰਖ ਦੱਤ, ਪੁਸਤਕ ਨੂੰ ਰਵਾਇਤੀ ਮੀਡੀਆ ਦੇ ਖਿਲਾਫ ਜ਼ੋਰਦਾਰ ਮੰਚ ਵੱਜੋਂ ਵਰਤਣ ਵਾਲੀ ਰਾਣਾ ਅਯੂਬ ਅਤੇ ਬੇਬਾਕੀ ਨਾਲ ਹਿੰਮਤ ਭਰੀਆਂ ਰਿਪੋਰਟਾਂ ਸਾਹਮਣੇ ਲਿਆਉਣ ਵਾਲੀ ਆਰਿਫ਼ ਖਾਨੁਮ ਸ਼ੇਰਵਾਨੀ ਵਰਗਿਆਂ ਨੇ ਆਵਾਜ਼ ਬੁਲੰਦ ਕੀਤੀ। ਮੀਡੀਆ ਦੇ ਜਾਂਬਾਜ਼ ਸਿਪਾਹੀ ਹੋਰ ਵੀ ਹਨ ਜਿਹਨਾਂ ਦੇ ਨਾਮ ਇਥੇ ਨਹੀਂ ਦਿੱਤੇ ਜਾ ਸਕੇ ਪਰ ਵੱਡੇ ਵੱਡੇ ਸ਼ਹਿਰਾਂ ਵਿੱਚ ਬਹੁਤਿਆਂ ਨੇ ਤਾਂ ਨਿੱਕੇ ਨਿੱਕੇ ਮੁੱਦਿਆਂ ਨੂੰ ਲਿਆ। ਹਾਲਾਂਕਿ ਇਹਨਾਂ ਵਿੱਚੋਂ ਕਈਆਂ ਕੋਲ ਬੈਨਰ ਵੀ ਵੱਡੇ ਵੱਡੇ ਸਨ।
ਕੋਵਿਡ ਕਾਲ ਵਾਲੇ ਇਹਨਾਂ ਸਾਰੇ ਝਮੇਲਿਆਂ ਵਿੱਚ ਆਮ ਜਨਤਾ ਨੂੰ ਬਹੁਤ ਕੁਝ ਗੁਆਉਣਾ ਪਿਆ। ਹਾਲਤ ਅਜਿਹੀ ਵੀ ਆਈ ਜਦੋਂ ਸਿਰਫ ਆਪਣੀ ਜਾਨ ਬਚਾਉਣ ਦੀ ਚਿੰਤਾ ਹੀ ਗੰਭੀਰ ਹੋ ਗਈ। ਫੇਸਬੁੱਕ ਅਤੇ ਵਟਸਐਪ ਦੇ ਸੁਨੇਹੇ ਹਰ ਰੋਜ਼ ਡਰਾਉਣੇ ਹੋਣ ਲੱਗ ਪੈ। ਹਰ ਰੋਜ਼ ਕੁਝ ਮਿੱਤਰ ਪਿਆਰਿਆਂ ਦੇ ਤੁਰ ਜਾਣ ਦੀ ਖਬਰ ਨਾਲ ਸਾਹਮਣਾ ਹੁੰਦਾ। ਸ਼ਾਇਦ ਹੀ ਕੋਈ ਘਰ ਬਚਿਆ ਹੋਵੇ ਜਿਸਦੇ ਕੋਈ ਨੇੜਲਾ ਸਨੇਹੀ ਮੌਤ ਦੇ ਮੂੰਹ ਨਾ ਚਲਾ ਗਿਆ ਹੋਵੇ।
ਹਲਕਾ ਸ਼੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਆਪਣੀ ਬਜ਼ੁਰਗ ਅਵਸਥਾ ਦੇ ਬਾਵਜੂਦ ਇਹਨਾਂ ਸਾਰੇ ਸਮਿਆਂ ਵਿੱਚ ਵੀ ਸਰਗਰਮ ਰਹੇ। ਉਹਨਾਂ ਮੁੱਦੇ ਚੁੱਕੇ ਜਿਹੜੇ ਖੁਦ ਆਮ ਲੋਕਾਂ ਨੇ ਵੀ ਰੱਬ ਦਾ ਮੰਨ ਲਏ ਸਨ। ਉਹਨਾਂ ਦਾ ਕਦੇ ਕੋਈ ਨਿਰਥਰਕ ਬਿਆਨ ਨਾ ਦੇਖਿਆ ਗਿਆ। ਹਰ ਵਾਰ ਉਹ ਮੁੱਦਾ ਉਠਾਉਂਦੇ। ਸਬੰਧਤ ਮਹਿਕਮੇ ਕੋਲ ਪੁੱਜਦੇ ਅਤੇ ਇਸਦਾ ਹੱਲ ਲੱਭਣ ਦੀ ਬੇਨਤੀ ਕਰਦੇ। ਉਹਨਾਂ ਦੀ ਬੇਨਤੀ ਲਿਖਤੀ ਹੁੰਦੀ। ਇਸਦੀ ਜਾਣਕਾਰੀ ਉਹ ਨਾਲੋਂ ਨਾਲੋਂ ਮੀਡੀਆ ਨੂੰ ਵੀ ਦੇਂਦੇ। ਜਿੱਥੇ ਸਰਕਾਰੀ ਮਹਿਕਮਿਆਂ ਨੂੰ ਸਾਰੇ ਮੁੱਦੇ ਠੰਡੇ ਬਸਤੀਆਂ ਵਿੱਚ ਸੁੱਟਣ ਦੀ ਆਦਤ ਪੈ ਜਾਏ ਉੱਥੇ ਅਜਿਹਾ ਕਰਨਾ ਜ਼ਰੂਰੀ ਵੀ ਹੁੰਦਾ ਹੈ।
ਇਸ ਵਾਰ ਉਹਨਾਂ ਨੇ ਉਠਾਇਆ ਹੈ ਸਰਹਿੰਦ ਵਰਗੇ ਖਾਸ ਥਾਂ ਵਾਲੇ ਰੇਲਵੇ ਸਟੇਸ਼ਨ ਦਾ ਮੁੱਦਾ। ਕੋਵਿਡ-19 ਦੌਰਾਨ ਬੰਦ ਕੀਤੀਆਂ ਰੇਲ ਗੱਡੀਆਂ ਹੁਣ ਵੀ ਇਥੇ ਨਹੀਂ ਰੁਕਦੀਆਂ। ਇਹਨਾਂ ਦੀ ਬਹਾਲੀ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਹੈ ਲੋਕਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ। ਉਹਨਾਂ ਨੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਆਸ਼ੂਤੋਸ਼ ਗੰਗਲ ਨਾਲ ਉਚੇਚਾ ਜਾ ਕੇ ਮੁਲਾਕਾਤ ਵੀ ਕੀਤੀ। ਇਸ ਮੁਲਾਕਾਤ ਦੌਰਾਨ ਉਹਨਾਂ ਮੰਗ ਕੀਤੀ ਕਿ ਸਰਹਿੰਦ ਸਟੇਸ਼ਨ ਤੋਂ ਰੁਕੀਆਂ ਵੱਖ ਵੱਖ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਉਨ੍ਹਾਂ ਬੇਗਮਪੁਰਾ ਐਕਸਪ੍ਰੈਸ, ਸੱਚਖੰਡ ਐਕਸਪ੍ਰੈਸ, ਹੇਮਕੁੰਡ ਐਕਸਪ੍ਰੈਸ, ਸਰਯੂ ਐਕਸਪ੍ਰੈਸ ਅਤੇ ਟਾਟਾ ਜਾਟ ਐਕਸਪ੍ਰੈਸ ਨੂੰ ਸਰਹਿੰਦ ਸਟੇਸ਼ਨ ਤੋਂ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਜੀ.ਐਮ. ਨੂੰ ਦੱਸਿਆ ਕਿ ਹਜ਼ਾਰਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਰਸਤੇ ਬਦਲੇ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਹੋਈ ਸੀ ਅਤੇ ਜਿਸ ਕਾਰਨ ਸ਼ਹੀਦੀ ਜੋੜ ਮੇਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇਨ੍ਹਾਂ ਰੇਲ ਗੱਡੀਆਂ ਨੂੰ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ।
ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਮੰਗ ਤੋਂ ਇਲਾਵਾ ਡਾ. ਅਮਰ ਸਿੰਘ ਨੇ ਇਹ ਵੀ ਬੇਨਤੀ ਕੀਤੀ ਕਿ ਸੰਘੋਲ ਵਿਖੇ ਇਸ ਦੇ ਪੁਰਾਣੇ ਇਤਿਹਾਸ ਨੂੰ ਦਰਸਾਉਂਦਿਆਂ ਰੇਲਵੇ ਸਟੇਸ਼ਨ ਸਥਾਪਤ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਸਾਹਨੇਵਾਲ ਦੇ ਢੰਡਾਰੀ ਕਲਾਂ ਲਈ ਪੁਲ ਦੇ ਉੱਪਰ ਰੇਲਵੇ ਓਵਰਬ੍ਰਿਜ ਦੀ ਮੰਗ ਵੀ ਕੀਤੀ ਗਈ।
No comments:
Post a Comment