ਇਸਤਰੀਆਂ ਨੂੰ ਹੋਰ ਹੱਕ ਦੇਕੇ ਪਹਿਲੇ ਵਾਂਗ ਹੀ ਸਿੱਖ ਪੰਥ ਦਾ ਗੌਰਵ ਵਧਾਇਆ
ਲੁਧਿਆਣਾ: 12 ਮਈ 2017: (ਪੰਜਾਬ ਸਕਰੀਨ ਬਿਊਰੋ)::
ਸ਼ਰੋਮਣੀ ਗੁਰਦਵਾਰਾ ਪ੍ਬੰਧਕ ਕਮੇਟੀ ਚੋਣਾ ਵਾਸਤੇ ਤਿਆਰੀ ਕਰ ਰਹੇ ਕੁਛ ਸੱਜਣਾਂ ਨੇ ਨਾਮਧਾਰੀਆਂ ਦਾ ਨਾਮ ਵਰਤ ਕੇ ਸਿਖ ਭਾਵਨਾਵਾਂ ਨੂੰ ਬੇਵਜਹ ਭੜਕਾਇਆ ਹੈ। ਇਹਨਾਂ ਨੇ ਦੋਸ਼ ਲਾਏ ਹਨ-
1, ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ ਆਪਣੀਆਂ ਸੰਗਤਾਂ ਨੂੰ ਅੰਮ੍ਰਿਤ ਛਕਵਾਇਆ।
2, ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ ਹਵਨ ਕਰਵਾਇਆ।
ਇਤਹਾਸ ਦੀ ਅਧੂਰੀ ਜਾਣਕਾਰੀ ਹੋਣ ਕਾਰਨ ਇਹ ਸੱਜਣ ਜਾਣੇ ਅਣਜਾਣੇ ਸੰਗਤਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਨੇ। ਇਤਿਹਾਸ ਅਨੁਸਾਰ ਸਿਖ ਪੰਥ ਵਿੱਚ ਜੂਨ 1863ਈ, ਵਿੱਚ, ਸਭ ਤੋਂ ਪਹਿਲੋਂ ਨਾਮਧਾਰੀਆਂ ਦੇ ਗੁਰੂ-ਸਤਿਗੁਰੂ ਰਾਮ ਸਿੰਘ ਜੀ ਨੇ ਬਾਣੀ ਵਿਚੋਂ ਲਾਵਾਂ ਪੜ੍ਹ ਕੇ ਹਵਨ ਅਤੇ ਵੇਦੀ ਨਾਲ ਅਨੰਦ ਕਾਰਜ ਦੀ ਮਰਿਆਦਾ ਬਣਾਈ।
ਇਸ ਤੋਂ ਪਹਿਲੋਂ ਸਾਰੇ ਗੁਰੂ ਸਾਹਿਬਾਨਾਂ ਦੇ ਵਿਆਹ ਹਵਨ ਦੁਵਾਲੇ ਵੇਦ ਰੀਤੀ ਨਾਲ ਪੰਡਿਤਾਂ ਨੇ ਕੀਤੇ ਸਨ। ਏਸ ਸਬੰਧੀ ਗਿ. ਗਿਆਨ ਸਿੰਘ ਨੇ ਲਿਖਿਆ ਹੈ “ ਸ੍ਰੀ ਰਾਮ ਸਿੰਘ ਕੂਕੇ ਪਹਿਲੇ। ਅਨੰਦ ਸੁ ਛੰਦ ਪੜਾਏ ਸਹੇਲੇ। ਤਿਨ ਕੌ ਦੇਖ ਔਰ ਸਿੱਖ ਘਨੇ। ਲਗੇ ਅਨੰਦ ਪੜਾਵਨ ਤਨੇ”। ਗਿ.ਗਿਆਨ ਸਿੰਘ ਇਸਤਰੀਆਂ ਨੂੰ ਅੰਮ੍ਰਿਤਧਾਰੀ ਬਣਾ ਕੇ ਸਤਿਗਰੂ ਗੋਬਿੰਦ ਸਿੰਘ ਜੀ ਦੇ ਬਣਾਏ ਖਾਲਸਾ ਪੰਥ ਵਿੱਚ ਸ਼ਾਮਲ ਕਰਨ ਵਾਸਤੇ, 1863ਈ, ਨਾਮਧਾਰੀਆਂ ਦੇ ਗੁਰੂ ਜੀ ਨੇ ਹੀ ਸਭ ਤੋਂ ਪਹਿਲੋਂ ਇਸਤਰੀਆਂ ਨੂੰ ਸਿਆੜ ਪਿੰਡ ਵਿੱਚ ਖੰਡੇ ਦਾ ਅੰਮ੍ਰਿਤ ਛਕਾਇਆ ਅਤੇ ਕਛਹਿਰੇ ਪਵਾਏ। ਇਤਿਹਾਸ ਅਨੁਸਾਰ ਦਸਵੇਂ ਪਾਤਸ਼ਾਹ ਨੇ ਇਸਤਰੀਆਂ ਨੂੰ ਅੰਮ੍ਰਿਤ ਨਹੀਂ ਛਕਾਇਆ। ਨਾਮਧਾਰੀਆਂ ਨੇ ਗੁਰਬਾਣੀ ਆਸ਼ੇ ਅਨੁਸਾਰ ਇਸਤਰੀਆਂ ਨੂੰ ਹੋਰ ਹੱਕ ਦੇਕੇ ਉਚਾ ਚੁਕਿਆ। ਅੰਮ੍ਰਿਤ ਸੰਚਾਰ ਨੂੰ ਵਧਾਇਆ, ਵਿਆਹ ਦੀਆਂ ਸਾਰੀਆਂ ਰਸਮਾਂ ਸਿੰਘਣੀਆਂ ਤੋਂ ਕਰਵਾ ਦਿੱਤੀਆਂ। ਨਾਮਧਾਰੀਆਂ ਨੇ ਸਿੰਘਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਹੱਕ ਦੇਕੇ ਸਿੱਖ ਹਿਰਦੇ ਵਲੂੰਧਰੇ ਨਹੀਂ ਸਗੋਂ ਸਿੱਖ ਪੰਥ ਦਾ ਗੌਰਵ ਵਧਾਇਆ ਹੈ। ਨਾਮਧਾਰੀਆਂ ਨੇ ਸਿਖੀ ਸਿਧਾਂਤਾਂ ਉਲਟ ਕੁੱਛ ਵੀ ਨਹੀਂ ਕੀਤਾ। ਹਾਂ ਸਿਖੀ ਦਾ ਪ੍ਰਚਾਰ ਜ਼ਰੂਰ ਕੀਤਾ ਹੈ। ਸੋਚਣ ਦੀ ਲੋੜ ਹੈ ਜੇ ਇਸਤਰੀ ਅੰਮ੍ਰਿਤ ਛਕ ਸਕਦੀ ਹੈ ਤਾਂ ਛਕਾ ਕਿਉਂ ਨਹੀਂ ਸਕਦੀ! ਕਲਗੀਧਰ ਜੀ ਨੇ ਕਿਤੇ ਹੁਕਮ ਨਹੀਂ ਕੀਤਾ ਕਿ ਇਸਤਰੀ ਅੰਮ੍ਰਿਤ ਨਹੀਂ ਛਕਾ ਸਕਦੀ।
ਅੰਮ੍ਰਿਤਧਾਰੀ ਸਿੰਘਾਂ ਜਾਂ ਸਿੰਘਣੀਆਂ ਤੋਂ ਹਵਨ ਕਰਵਾਨਾ ਗਲਤ ਨਹੀਂ ਹੈ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪ ਹਵਨ ਕੀਤਾ, ਓਨਾ ਨੇ ਹਵਨ ਯੱਗ ਹੋਣੇ ਸਥਾਪਿਤ ਕੀਤੇ “ ਫਿਰ ਯੱਗ ਹੋਮ ਠਹਿਰਾਇ ਕੈ ਨਿਜ ਧਰਮ ਸਵਾਰਾ“। ਭਾਈ ਗੁਰਦਾਸ ਦੂਜਾ, ਵਾਰ 41, ਪੌੜੀ 18। ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ ਸਾਰੇ ਸਿੱਖ ਵੀ ਹਵਨ ਕਰਦੇ ਰਹੇ। “ਹੋਮ ਜੱਗ ਕਰਵਾਤੇ, ਪ੍ਸਾਦ ਬਟਵਾਤੇ, ਰੌਣਕ ਰਖਾਤੇ, ਗਾਤੇ ਸ਼ਬਦ ਜਬਾਨੀ ਥੇ”--ਗਿ, ਗਿਆਨ ਸਿੰਘ। ਫਿਰ ਜੇ ਨਾਮਧਾਰੀਆਂ ਨੇ ਅੰਮ੍ਰਿਤਧਾਰੀ ਸਿੰਘਣੀਆਂ ਤੋਂ ਹਵਨ ਕਰਵਾ ਦਿੱਤਾ ਤਾਂ ਗਲਤ ਕੀ ਕਰ ਦਿਤਾ ਹੈ?
ਸਾਰੀਆਂ ਸਿੱਖ ਸੰਪਰਦਾਵਾਂ ਦੀ ਆਪੋ ਆਪਣੀ ਮਰਿਯਾਦਾ ਹੈ, ਹਰਿਮੰਦਿਰ ਸਾਹਬ ਅਤੇ ਅਕਾਲ ਤਖਤ ਸਾਹਿਬ ਦੀ ਵੀ ਆਪੋ ਆਪਣੀ ਮਰਿਯਾਦਾ ਹੈ, ਜੋ ਵੱਖੋ ਵੱਖ ਹੈ। ਜੋ ਪੁਰਾਤਨ ਸਿਖਾਂ ਵਾਲੀ ਮਰਿਯਾਦਾ ਨਾਮਧਾਰੀ ਦ੍ਰਿੜ ਕਰਵਾਉਂਦੇ ਹਨ ਉਹ ਮਰਿਯਾਦਾ ਸ਼ੋਮਣੀ ਕਮੇਟੀ ਦੀ ਰਹਿਤ ਮਰਿਯਾਦਾ ਤੋਂ ਕਿਤੇ ਪੁਰਾਣੀ ਹੈ। ਸਿੰਘਣੀਆਂ ਰਾਹੀਂ ਅੰਮ੍ਰਿਤ ਛਕਵਾ ਕੇ ਨਾਮਧਾਰੀਆਂ ਨੇ ਸ਼ਰੋਮਣੀ ਕਮੇਟੀ ਦੀ ਬਣਾਈ ਮਰਿਯਾਦਾ ਨੂੰ ਤੋੜਿਆ ਨਹੀਂ, ਸਗੋਂ ਲਾਗੂ ਕੀਤਾ ਹੈ। ਕਿਉਂਕਿ, ਸ਼ਰੋਮਣੀ ਕਮੇਟੀ ਦੀ ਲਿਖੀ ਰਹਿਤ ਮਰਿਯਾਦਾ ਅਨੁਸਾਰ ਵੀ ਪੰਨਾ 27 ਉਤੇ ਅੰਕਿਤ ਹੈ ਕਿ ਸਿੰਘਣੀਆਂ ਅੰਮ੍ਰਿਤ ਛਕਾ ਸਕਦੀਆਂ ਹਨ। ਅਸੀਂ ਨਾਮਧਾਰੀਆਂ ਨੇ ਇਸਤਰੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਉਣ ਦੀ ਪਹਿਲ ਕੀਤੀ ਸੀ, ਅੱਜ ਨਾਮਧਾਰੀਆਂ ਨੇ ਹੀ ਇਸਤਰੀਆਂ ਤੋਂ ਅੰਮ੍ਰਿਤ ਛਕਵਾਉਣ (ਅੰਮ੍ਰਿਤ ਸੰਚਾਰ) ਦੀ ਪਹਿਲ ਕੀਤੀ ਤਾਂ ਇਸ ਨਾਲ ਕਿਹੜੀ ਮਰਿਯਾਦਾ ਭੰਗ ਹੋ ਗਈ?
ਹਵਨ ਪਰੰਪਰਾ ਬਾਕੀ ਸਿਖ ਸੰਪਰਦਾਵਾਂ ਨੇ ਘਟਾ ਦਿੱਤੀ, ਨਾਮਧਾਰੀਆਂ ਨੇ ਰੱਖ ਲਈ। ਅੱਜ ਵੀ ਕਈ ਸਿੱਖ ਸੰਪਰਦਾਵਾਂ ਵਿੱਚ ਵੱਖੋ ਵੱਖ ਢੰਗ ਨਾਲ ਹਵਨ ਹੁੰਦਾ ਹੈ, ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ। ਸ਼ਰੋਮਣੀ ਕਮੇਟੀ ਦੀ ਛਪੀ ਰਹਿਤ ਮਰਿਯਾਦਾ ਵਿੱਚ ਤਾਂ ਜੋਤ ਜਗੌਣ ਦੀ ਵੀ ਮਨਾਹੀ ਹੈ, ਪਰ ਬਹੁਤੇ ਗੁਰਦਵਾਰਿਆਂ ਵਿਚ ਜੋਤ ਜਗਦੀ ਹੈ। ਗੁਰਦਵਾਰਿਆਂ ਵਿਚ ਕਈ ਹੋਰ ਐਸੇ ਕੰਮ ਕੀਤੇ ਜਾਂਦੇ ਹਨ ਜੋ ਸ਼ਰੋਮਣੀ ਕਮੇਟੀ ਦੀ ਛਪੀ ਰਹਿਤ ਮਰਿਯਾਦਾ ਵਿਰੁਧ ਹਨ। ਉਹਨਾਂ ਉਤੇ ਰੌਲਾ ਕਿਉਂ ਨਹੀਂ ਪੈਂਦਾ ? ਸ਼ਾਇਦ ਉਨਾ ਬਾਰੇ ਰੌਲਾ ਪਾਇਆਂ ਵੋਟਾਂ ਨਹੀਂ ਬਣਦੀਆਂ।
ਉਪਰੋਕਤ ਤੋਂ ਸਪਸ਼ਟ ਹੈ ਕਿ ਨਾਮਧਾਰੀਆਂ ਨੇ ਸਿਖੀ ਸਿਧਾਂਤਾਂ ਅਤੇ ਸਿੱਖੀ ਪਰੰਪਰਾਵਾਂ ਉਲਟ ਕੁਛ ਨਹੀਂ ਕੀਤਾ। ਸਿੰਘਣੀਆਂ ਨੂੰ ਧਾਰਮਿਕ ਖੇਤਰ ਵਿੱਚ ਅੱਗੇ ਲਿਆਕੇ ਸਿੱਖੀ ਸਿਧਾਂਤਾਂ ਨੂੰ, ਸਿੱਖੀ ਪਰੰਪਰਾਵਾਂ ਨੂੰ ਪਰਪੱਕ ਕਰਕੇ ਹੋਰ ਅੱਗੇ ਵਧਾਇਆ ਹੈ।
ਸਚਾਈ ਤਾਂ ਇਹ ਹੈ ਕਿ ਨਾਮਧਾਰੀਆਂ ਦੇ ਉਲਟ ਗਲਤ ਪਰਚਾਰ ਕਰਕੇ, ਸ਼ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਵਾਸਤੇ ਇਹਨਾਂ ਸੱਜਣਾਂ ਨੇ ਸਿਖ ਭਾਵਨਾਵਾਂ ਨੂੰ ਭੜਕਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਨਾਮਧਾਰੀਆਂ ਵਿਰੁਧ ਝੂਠੇ ਦੋਸ਼ ਲਾਕੇ ਸਿਖੀ ਸਿਧਾਂਤਾਂ ਅਤੇ ਸਿੱਖੀ ਪਰੰਪਰਾਵਾਂ ਉਲਟ ਇਹਨਾ ਸੱਜਨਾ ਨੇ ਗਲਤ ਕੰਮ ਕੀਤਾ ਹੈ। ਇਹਨਾਂ ਸੱਜਣਾਂ ਵਿਰੁਧ ਕਾਨੂੰਨੀ ਕਾਰਵਾਈ ਅਸੀ ਨਹੀਂ ਕਰਨੀ ਕਿਉਂਕਿ ਸਿੱਖੀ ਸਿਧਾਂਤ ਅਨੁਸਾਰ ਖਿਮਾ ਕਰਨੀ ਚਾਹੀਦੀ ਹੈ।
No comments:
Post a Comment