Monday, July 01, 2019

PAU ਦੇ VC ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਵਿੱਚ ਇੱਕ ਹੋਰ ਵਾਧਾ


Jul 1, 2019, 5:21 PM
29 ਜੂਨ ਨੂੰ ਵਿਸ਼ੇਸ਼ ਮੀਟਿੰਗ ਵਿੱਚ ਲਿਆ ਸਰਵ-ਸੰਮਤੀ ਨਾਲ  ਫੈਸਲਾ
ਲੁਧਿਆਣਾ: 1 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਉਘੇ ਖੇਤੀ ਵਿਗਿਆਨੀ, ਕੁਸ਼ਲ ਪ੍ਰਬੰਧਕ ਅਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਡਾ. ਬਲਦੇਵ ਸਿੰਘ ਢਿੱਲੋਂ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਵਿੱਚ ਬੋਰਡ ਦੀ 29 ਜੂਨ 2019 ਨੂੰ 292ਵੀਂ ਵਿਸ਼ੇਸ਼ ਮੀਟਿੰਗ ਵਿੱਚ ਇਹ ਫੈਸਲਾ ਸਰਵ-ਸੰਮਤੀ ਨਾਲ ਲਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਡਾ. ਬਲਦੇਵ ਸਿੰਘ ਢਿੱਲੋਂ ਪੀ.ਏ.ਯੂ. ਦੇ ਇਤਿਹਾਸ ਵਿੱਚ ਪਹਿਲੇ ਅਜਿਹੇ ਵਾਈਸ ਚਾਂਸਲਰ ਹਨ ਜਿਹਨਾਂ  ਨੂੰ ਕਾਰਜਕਾਲ ਵਿੱਚ ਲਗਾਤਾਰ ਤਿੰਨ ਵਾਰੀ ਵਾਈਸ ਚਾਂਸਲਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਡਾ. ਢਿੱਲੋਂ ਦੀ ਅਗਵਾਈ ਵਿੱਚ ਪੀ.ਏ.ਯੂ. ਨੇ ਬੀਤੇ ਇੱਕ ਦਹਾਕੇ ਵਿੱਚ ਵਿਸ਼ੇਸ਼ ਤੌਰ ਤੇ ਨਾਮਣਾ ਖੱਟਿਆ ਹੈ। ਯੂਨੀਵਰਸਿਟੀ ਨੂੰ 1995 ਤੋਂ ਬਾਅਦ ਜਿੱਥੇ ਸਰਦਾਰ ਪਟੇਲ ਆਊਟਸਟੈਡਿੰਗ ਇੰਸਟੀਚਿਊਸ਼ਨ ਐਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ ਉਥੇ ਇਸੇ ਸਾਲ ਭਾਰਤ ਸਰਕਾਰ ਵੱਲੋਂ ਡਾ. ਢਿੱਲੋਂ ਦੀਆਂ ਖੇਤੀ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਨੂੰ 'ਪਦਮ ਸ਼੍ਰੀ' ਸਨਮਾਨ ਨਾਲ ਵੀ ਨਿਵਜ਼ਿਆ ਗਿਆ ਸੀ। ਡਾ.ਢਿੱਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਦੇ ਕਿਸਮ ਸੁਧਾਰਕ ਵਜੋਂ ਜਾਣੇ ਜਾਂਦੇ ਹਨ। ਅਣਥੱਕ ਮਿਹਨਤ, ਸਹੀ ਸੇਧ ਤੇ ਅਗਵਾਈ ਅਤੇ ਨਿਰੰਤਰ ਗਤੀਸ਼ੀਲਤਾ ਉਹਨਾਂ ਦੀ ਸਖਸ਼ੀਅਤ ਦੇ ਜਾਣੇ-ਪਛਾਣੇ ਗੁਣ ਹਨ। ਉਹ ਪਿਛਲੇ ਅੱਠ ਸਾਲ ਤੋਂ ਪੀ.ਏ.ਯੂ ਦੇ ਵਾਈਸ ਚਾਂਸਲਰ ਵਜੋਂ ਨਿਰੰਤਰ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ ਡਾਇਰੈਕਟਰ, ਨਾਨ ਟੀਚਿੰਗ ਸਟਾਫ਼, ਵਿਦਿਆਰਥੀਆਂ, ਖੇਤੀ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਅਤੇ ਅਕਾਦਮਿਕ ਹਲਕਿਆਂ ਵੱਲੋਂ ਦੇਸ਼-ਵਿਦੇਸ਼ ਤੋਂ ਡਾ. ਢਿੱਲੋਂ ਨੂੰ ਵਧਾਈ ਸੰਦੇਸ਼ ਪ੍ਰਾਪਤ ਹੋ ਰਹੇ ਹਨ । ਇਹ ਪੀ.ਏ.ਯੂ. ਪ੍ਰਸ਼ਾਸਨ ਦੇ ਇਤਿਹਾਸ ਵਿੱਚ ਬੇਹੱਦ ਅਹਿਮ ਪਲ ਹੈ। ਨਿਸ਼ਚੇ ਹੀ ਉਹਨਾਂ ਦੀ ਅਗਵਾਈ ਵਿੱਚ ਪੀ.ਏ.ਯੂ. ਪੰਜਾਬ ਦੀ ਖੇਤੀ ਨੂੰ ਸਾਰਥਕ ਲੀਹਾਂ ਤੇ ਤੋਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ।

No comments: