Friday, September 30, 2016

ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਮੁਨਾਫ਼ੇ ਵੱਲ ਧਿਆਨ ਦਿਓ–ਡਾ. ਢਿਲੋਂ

 PAU ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਦਰ ਵਿਖੇ ਕਿਸਾਨ ਮੇਲਾ ਆਯੋਜਤ
ਲੁਧਿਆਣਾ: 29 ਸਤੰਬਰ 2016:(ਬਠਿੰਡਾ ਤੋਂ ਪਰਤ ਕੇ ਪੰਜਾਬ ਸਕਰੀਨ ਲਈ ਰੈਕਟਰ ਕਥੂਰੀਆ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾੜੀ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਬਠਿੰਡਾ ਵਿੱਚ ਲੱਗੇ ਭਰਵੇਂ ਮੇਲੇ ਨਾਲ ਸਮਾਪਤ ਹੋ ਗਿਆ। ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਆਪਣੇ ਬੇਬਾਕ ਅੰਦਾਜ਼ ਨਾਲ ਅੱਜ ਵੀ ਕਿਸਾਨ ਅਤੇ ਕਿਸਾਨੀ ਦੀ ਭਲਾਈ ਬਾਰੇ ਬਹੁਤ ਸਾਰੀਆਂ ਚੰਗੀਆਂ ਸਲਾਹਾਂ ਦਿੱਤੀਆਂ। ਉਹਨਾਂ ਆਰਥਿਕ ਖੁਸ਼ਹਾਲੀ ਦਾ ਮੰਤਰ ਸਮਝਾਉਂਦਿਆਂ ਕਿਹਾ ਕਿ ਆਮਦਨ ਵੱਲ ਨਹੀਂ ਮੁਨਾਫ਼ੇ ਵੱਲ ਧਿਆਨ ਦਿਓ। ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਆਪਣੀਆਂ ਲੋੜਾਂ ਅਤੇ ਇੱਛਾਵਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬਠਿੰਡਾ ਵਿਖੇ ਕਿਸਾਨ ਮੇਲੇ ਦਾ ਯਾਦਗਾਰੀ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਬਲਦੇਵ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੇਲੇ ਦਾ ਮੁੱਖ ਉਦੇਸ਼ ''ਪੀ.ਏ.ਯੂ. ਖੇਤੀ ਸਿਫਾਰਸਾਂ, ਫਸਲਾਂ ਲਈ ਵਰਦਾਨ, ਵਿਗਿਆਨਿਕ ਖੇਤੀ ਨਾਲ ਹੀ, ਸਫਲ ਹੋਣ ਕਿਰਸਾਨ'' ਰੱਖਿਆ ਗਿਆ ਸੀ। ਇਸ ਮੌਕੇ ਬਠਿੰਡਾ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਛੱਤਰ ਸਿੰਘ ਔਲਖ ਵੀ ਹਾਜ਼ਰ ਸਨ।
ਅੱਜ ਬਠਿੰਡਾ ਵਿੱਚ ਭਰਵਾਂ ਕਿਸਾਨ ਮੇਲਾ ਲੱਗਿਆ। ਉਦਘਾਟਨ ਤੋਂ ਬਾਅਦ ਸਟੇਜ ਦੇ ਇੱਕ ਵਿਸ਼ਾਲ ਮੁੱਖ ਸਮਾਗਮ ਦੌਰਾਨ ਡਾ. ਆਰ.ਕੇ. ਗੂੰਬਰ  ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਬਿਲੇ ਜ਼ਿਕਰ ਹੈ ਕਿ ਠੇਠ ਪੰਜਾਬੀ ਵਿੱਚ ਵਿਗਿਆਨ ਅਤੇ ਤਕਨੀਕ ਦੀਆਂ ਡੂੰਘੀਆਂ ਰਮਜ਼ਾਂ ਸਮਝਾਉਣ ਵਾਲੇ ਡਾਕਟਰ ਗੁੰਬਰ ਇਸੇ ਸਾਲ ਨਵੰਬਰ ਵਿੱਚ ਰਿਟਾਇਰ ਹੋਣ ਵਾਲੇ ਹਨ।  ਇਸ ਦੇ ਨਾਲ ਹੀ ਇਸ ਵਾਰ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਸਮਾਪਤ ਹੋ ਗਿਆ। ਬਠਿੰਡਾ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਵੀ ਵਾਈਸ ਚਾਂਸਲਰ ਡਾਕਟਰ  ਸਿੰਘ ਢਿੱਲੋਂ ਨੇ ਮੇਲੇ 'ਚ ਲੱਗੇ ਸਟਾਲਾਂ ਵਿੱਚ ਖੁਦ ਜਾ ਕੇ ਸਾਰਾ ਜਾਇਜ਼ਾ ਲਿਆ।  ਉਹ ਖੇਤੀ ਖੋਜ ਤਜਰਬੇ ਦੇਖਣ ਲਈ ਵੀ ਗਏ ਅਤੇ ਆਪਣੀ ਰਾਏ ਮਾਹਰਾਂ ਨੂੰ ਦੱਸੀ।  
      ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਡਾ. ਢਿਲੋਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਖੋਜ ਕਾਰਜਾਂ ਦੀ ਅਸਲ ਪਰਖ ਕਿਸਾਨ ਦੇ ਖੇਤ ਵਿੱਚ ਹੁੰਦੀ ਹੈ ਕਿਉਕਿ ਕਿਸਾਨ ਵੀ ਇੱਕ ਵਿਗਿਆਨੀ ਹੈ ਜੋ ਕਿ ਸੁਚੇਤ ਅਤੇ ਅਚੇਤ ਮਨ ਨਾਲ ਤਜਰਬੇ ਆਪਣੇ ਖੇਤ ਵਿੱਚ ਕਰਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਤਕ ਸੂਚਨਾ ਪਹੁੰਚਾਉਣ ਲਈ ਕਈ ਤਰ•ਾਂ ਦੇ ਉਪਰਾਲੇ ਵਿੱਢੇ ਜਾਂਦੇ ਹਨ। ਇਹਨਾਂ ਉਪਰਾਲਿਆਂ ਵਿਚੋਂ ਯੂਨੀਵਰਸਿਟੀ ਵੱਲੋਂ ਆਯੋਜਿਤ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਕਿਸਾਨਾਂ ਅਤੇ ਸਾਇੰਸਦਾਨਾਂ ਲਈ ਸੂਚਨਾ ਅਤੇ ਗਿਆਨ ਦਾ ਅਦਾਨ ਪ੍ਰਦਾਨ ਇਹਨਾਂ ਮੇਲਿਆਂ ਰਾਹੀ ਸੰਭਵ ਹੈ। ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਵਿੱਚ ਆ ਰਿਹਾ ਨਿਘਾਰ ਅਤੇ ਮੁੱਢਲੀਆਂ ਲਾਗਤਾਂ ਵਿੱਚ ਵੱਧ ਹੋਣ ਵਾਲਾ ਖਰਚਾ, ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਾਨੂੰ ਮਸ਼ੀਨੀਕਰਨ ਅਤੇ ਮੰਡੀਕਰਨ ਦੇ ਲਈ ਇੱਕ ਮੁੱਠ ਹੋਣਾ ਪਵੇਗਾ। ਇਸ ਨਾਲ ਅਸੀਂ ਹੋਣ ਵਾਲੇ ਮੁੱਢਲੇ ਖਰਚੇ ਤੇ ਠੱਲ੍ਹ ਪਾ ਸਕਦੇ ਹਾਂ। ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਖੇਤੀ ਦੇ ਵਿੱਚ ਹਿਸਾਬ–ਕਿਤਾਬ ਜਰੂਰ ਰੱਖਣਾ ਚਾਹੀਦਾ ਹੈ ਅਤੇ ਜਰੂਰਤ ਅਨੁਸਾਰ ਹੀ ਕੀਟ ਨਾਸ਼ਕਾਂ ਦੀ ਵਰਤੋ ਕਰਨੀ ਚਾਹੀਦੀ ਹੈ। ਖੇਤੀ ਵਿਭਿੰਨਤਾ ਬਾਰੇ ਬੋਲਦਿਆਂ ਡਾ. ਢਿਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਇੱਕ ਕਨਾਲ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਪੰਜਾਬ ਦਾ ਕਾਫੀ ਖੇਤਰ ਸਬਜ਼ੀਆਂ ਦੀ ਕਾਸ਼ਤ ਹੇਠ ਆਵੇਗਾ ਅਤੇ ਅਸੀਂ ਨਰੋਈ ਖੁਰਾਕ ਵੀ ਪ੍ਰਾਪਤ ਕਰ ਸਕਾਂਗੇ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਦੌਰਾਨ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਉਸ ਦੀ ਸੁਚੱਜੀ ਵਰਤੋ ਕੀਤੀ ਜਾਵੇ। ਉਹਨਾਂ ਯੂਨੀਵਰਸਿਟੀ ਵੱਲੋ ਸਿਫਾਰਿਸ਼ ਜੈਵਿਕ ਖਾਦਾਂ ਵਰਤਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋ ਵੱਧ ਸਹਾਇਕ ਕਿੱਤਿਆਂ  ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀ ਆਪਣੀ ਖੇਤੀ ਨੂੰ ਆਰਥਿਕ ਪੱਖੋ ਮਜਬੂਤ ਕਰ ਸਕੀਏ।
      ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ. ਆਰ.ਕੇ. ਗੁੰਬਰ ਨੇ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਯੂਨੀਵਰਸਿਟੀ ਵੱਲੋ ਕਣਕ ਦੀਆਂ ਦੋ ਨਵੀਆਂ ਕਿਸਮਾਂ  ਪੀ.ਬੀ.ਡਬਲਯੂ 725 ਅਤੇ ਪੀ.ਬੀ.ਡਬਲਯੂ 677 ਦੀ ਸਿਫਾਰਿਸ ਕੀਤੀ ਗਈ ਹੈ ਅਤੇ ਇਹ ਦੋਵੇਂ ਕਿਸਮਾਂ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋ ਕੀਤੀਆਂ ਨਵੀਆਂ ਸਿਫਾਰਿਸਾਂ, ਤਕਨੀਕਾ ਅਤੇ ਮਸ਼ੀਨਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਸਾਨਾਂ ਨੂੰ ਬੀਜ ਸੋਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
      ਇਸ ਤੋ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਦੇ ਲਈ ਯੂਨੀਵਰਸਿਟੀ ਦੇ ਵੱਖ–ਵੱਖ ਜ਼ਿਲਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਦਰਾਂ, ਫਾਰਮ ਸਲਾਹਕਾਰ ਕੇਦਰਾਂ ਦੇ ਨਾਲ ਰਾਬਤਾ ਬਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਵੱਧ ਤੋ ਵੱਧ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਡਾ. ਔਲਖ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਵੱਖ–ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੇਲੇ ਵਿੱਚ ਕਿਤਾਬਾਂ ਦੇ ਵੀ ਕਈ ਸਟਾਲ ਸਨ। ਕਿਤਾਬਾਂ ਦ ਏਨੇ ਸਟਾਲਾਂ ਦੀ ਗਿਣਤੀ ਸ਼ਾਇਦ ਬਠਿੰਡਾ ਵਿੱਚ ਸਭ ਤੋਂ ਵੱਧ ਸੀ ਜੋ ਇਸ ਜ਼ਿਲੇ ਦੀ ਬੌਧਿਕ ਤਰੱਕੀ ਦਾ ਵੀ ਪਤਾ ਦੇਂਦੀ ਹੈ। ਇਹਨਾਂ ਸਟਾਲਾਂ 'ਤੇ ਓਸ਼ੋ, ਖੁਸ਼ਵੰਤ ਸਿੰਘ, ਅਤੇ ਸਿੱਖੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਵੀ ਕਿਤਾਬਾਂ ਸਨ। 
ਇਸਦੇ ਨਾਲ ਹੀ ਇਸ ਮੇਲੇ ਨੇ ਕਈ ਅਜਿਹੇ ਲੋਕਾਂ ਨੂੰ ਵੀ ਅੱਜ ਰੋਜ਼ਗਾਰ ਦਿੱਤਾ ਜਿਹਨਾਂ ਦਾ ਖੇਤੀਬਾੜੀ ਨਾਲ ਕੋਈ ਸੰਬੰਧ ਨਹੀਂ। ਵਿੱਸਰ ਚੁੱਕੇ ਰਿਵਾਜਾਂ ਅਤੇ  ਨਿੱਕੀਆਂ ਖੁਸ਼ੀਆਂ ਨੂੰ ਸੰਭਾਲਦੇ ਇਹ ਲੋ ਮੇਲੇ ਵਿਛਕ ਮਿਲੇ ਆਰਥਿਕ ਲਾਹੇ ਕਾਰਨ ਬੇਹੱਦ ਖੁਸ਼ ਸਨ। 
   ਅਜੇ ਦੇ ਇਸ ਸਮਾਗਮ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ–ਵੱਖ ਵਿਸ਼ੇ ਦੇ ਮਾਹਿਰਾਂ ਵੱਲੋ ਮੌਕੇ ਤੇ ਹੀ ਦਿੱਤੇ ਗਏ। ਮੇਲੇ ਦੌਰਾਨ ਵੱਖ–ਵੱਖ ਵਿਭਾਗਾਂ ਵੱਲੋ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਟਾਲ ਅਤੇ ਪ੍ਰਦਰਸਨੀ ਪਲਾਟ ਲਗਾਏ ਗਏ। ਇਸ ਮੌਕੇ ਵਿਸ਼ੇਸ ਤੌਰ ਤੇ ਡਾ. ਗੁੰਬਰ ਨੂੰ ਖੇਤੀ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੇ ਲਈ ਸਨਮਾਨਤ ਕੀਤਾ ਗਿਆ। ਮੇਲੇ ਦੌਰਾਨ ਬੀਜ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ।
ਸਮਾਗਮ ਦੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕੇਦਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਕਹੇ। ਛੇਤੀ ਹੀ ਮੁੜ ਮਿਲਣ ਦੀਆਂ ਆਸਾਂ  ਲੈ ਕੇ ਮੇਲਾ ਵਿੱਛੜ ਗਿਆ। ਗਰਮੀ ਬਹੁਤ ਜ਼ਿਆਦਾ ਸੀ ਪਾਰ ਲੋਕਾਂ ਨੇ ਭੁਜੇ ਬਹਿ ਕੇ ਵੀ ਮਾਹਰਾਂ ਅਤੇ ਬੁਲਾਰਿਆਂ ਨੂੰ ਸੁਣਿਆ। ਕਈ ਤਾਂ ਨ ਬੁੱਕ ਤੇ ਨ ਕਰਦੇ ਵੀ ਦੇਖੇ ਗਏ। ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗੀਤ ਬੜਾ ਹੀ ਭਾਵਪੂਰਤ ਸੀ। 

No comments: