Showing posts with label 26 January. Show all posts
Showing posts with label 26 January. Show all posts

Thursday, January 26, 2023

ਇਨਕਮ ਟੈਕਸ ਵਿਭਾਗ ਨੇ ਵੀ ਮਨਾਇਆ 74ਵਾਂ ਗਣਤੰਤਰ ਦਿਵਸ

ਵਿਭਾਗ ਦੇ ਚੀਫ ਕਮਿਸ਼ਰ, ਸ਼੍ਰੀ ਪਰਨੀਤ ਸਿੰਘ ਸਚਦੇਵ ਨੇ ਝੰਡਾ ਲਹਿਰਾਇਆ 


ਚੰਡੀਗੜ੍ਹ
: 26 ਜਨਵਰੀ 2023: (PIB//ਪੰਜਾਬ ਸਕਰੀਨ ਬਿਊਰੋ)::

ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਗਣਤੰਤਰ ਦਿਵਸ ਮੌਕੇ ਬਹੁਤ ਹੀ ਰੌਣਕਾਂ ਰਹੀਆਂ। ਇਨਕਮ ਟੈਕਸ ਵਿਭਾਗ ਵੱਲੋਂ 26 ਜਨਵਰੀ 2023 ਨੂੰ ਆਯਾਕਰ ਭਵਨ, ਸੈਕਟਰ-17 ਈ, ਚੰਡੀਗੜ੍ਹ ਵਿਖੇ 74ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਚੰਡੀਗੜ੍ਹ ਦੇ ਉੱਤਰ-ਪੱਛਮੀ ਖੇਤਰ ਦੇ ਇਨਕਮ ਟੈਕਸ ਦੇ ਚੀਫ ਕਮਿਸ਼ਰ, ਸ਼੍ਰੀ ਪਰਨੀਤ ਸਿੰਘ ਸਚਦੇਵ, ਇਸ ਅਵਸਰ ‘ਤੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਤਿਰੰਗਾ ਲਹਿਰਾਇਆ ਅਤੇ ਗਾਰਡ ਆਫ਼ ਆਨਰ ਪ੍ਰਾਪਤ ਕੀਤਾ। 

ਮੁੱਖ ਮਹਿਮਾਨ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੇਸ਼ ਦੇ ਨਾਲ-ਨਾਲ ਵਿਭਾਗ ਦੇ ਵਧਦੇ ਕੱਦ ਦੇ ਪ੍ਰਤੀਕ ਤਿਰੰਗੇ ਗੁਬਾਰੇ ਵੀ ਛੱਡੇ। ਇਸ ਮੌਕੇ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ, ਗੁਰੂਕੁਲ ਗਲੋਬਲ ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ਵੱਖ-ਵੱਖ ਥੀਮਜ਼ ਜਿਵੇਂ ਕਵਿਤਾ, ਸਮੂਹ ਨਾਚ ਅਤੇ ਗੀਤ ਪੇਸ਼ ਕੀਤੇ। 

ਵੱਖ-ਵੱਖ ਪੇਸ਼ਕਾਰੀਆਂ ਰਾਹੀਂ, ਬੱਚਿਆਂ ਨੇ ਦਰਸ਼ਕਾਂ ਨੂੰ ਸਾਡੇ ਦੇਸ਼ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਤੋਂ ਸਾਨੂੰ ਆਜ਼ਾਦੀ ਦਿਵਾਉਣ ਅਤੇ ਔਖੇ ਸਮੇਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਦਿਨ-ਰਾਤ ਰਾਖੀ ਕੀਤੀ। ਉਨ੍ਹਾਂ ਨੇ ਵਿਸ਼ਵ-ਵਿਆਪੀ ਭਾਈਚਾਰੇ 'ਤੇ ਵੀ ਜ਼ੋਰ ਦਿੱਤਾ ਅਤੇ ਸਾਡੀ ਮਾਂ ਰਾਸ਼ਟਰ ਦੀ ਵਿਭਿੰਨਤਾ ਦਾ ਜਸ਼ਨ ਮਨਾਇਆ। 

ਮੁੱਖ ਮਹਿਮਾਨ ਸ਼੍ਰੀ ਪਰਨੀਤ ਸਿੰਘ ਸਚਦੇਵ ਨੇ ਇੱਕ ਭਾਵਪੂਰਤ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਕਾਰਜ ਵਿੱਚ ਇਨਕਮ ਟੈਕਸ ਵਿਭਾਗ ਦੀ ਮਹਾਨ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਵਿਭਾਗ ਦੇ ਸਫ਼ਰ ਦਾ ਪਤਾ ਲਗਾਇਆ ਜਦੋਂ ਦੇਸ਼ ਦੀ ਵਿੱਤੀ ਕਿੱਟੀ ਦੇ ਟੈਕਸਾਂ ਵਿੱਚ ਇਸ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟੈਕਸ ਦੀ ਉਗਰਾਹੀ ਦੇ ਨਾਲ-ਨਾਲ ਮਿਆਰੀ ਟੈਕਸਦਾਤਾ ਸੇਵਾਵਾਂ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵੱਡੇ ਹੋ ਕੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਅਵਧੇਸ਼ ਕੁਮਾਰ ਮਿਸ਼ਰਾ, ਡੀਜੀਆਈਟੀ(ਇਨ.), ਚੰਡੀਗੜ੍ਹ, ਸ਼੍ਰੀ ਐੱਨ. ਜੈਸ਼ੰਕਰ, ਪੀਸੀਆਈਟੀ.-1, ਚੰਡੀਗੜ੍ਹ, ਡਾ. ਜੀ. ਫਣੀ ਕਿਸ਼ੋਰ, ਪੀਸੀਆਈਟੀ, ਡਾ. ਦੇਵੇਂਦਰ ਸਿੰਘ, ਸੀਆਈਟੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਅਧਿਕਾਰੀ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਮੌਜੂਦ ਸਨ।

Tuesday, January 24, 2023

ਮੋਹਾਲੀ ਵਿਖੇ 74ਵੇਂ ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ

Tuesday 24th January 2023 at 5:13 PM

ਕੈਬਿਨੇਟ ਮੰਤਰੀ ਅਮਨ ਅਰੋੜਾ 26 ਜਨਵਰੀ ਨੂੰ ਲਹਿਰਾਉਣਗੇ ਕੌਮੀ ਝੰਡਾ


ਐਸ.ਏ.ਐਸ. ਨਗਰ
: 24 ਜਨਵਰੀ 2023: (ਕਾਰਤਿਕਾ ਸਿੰਘ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ 74ਵੇ ਗਣਤੰਤਰਤਾ ਦਿਵਸ ਲਈ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋ ਕੌਮੀ ਝੰਡਾ ਲਹਿਰਾਉਂਣ ਦੀ ਰਸਮ ਵੀ ਅਦਾ ਕੀਤੀ ਗਈ। ਸਭ ਕੁਝ ਬੜੀ ਸਫਲਤਾ ਨਾਲ ਨੇਪਰੇ ਚੜ੍ਹਿਆ। 

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਲੋਂ ਦਸਿਆ ਗਿਆ ਕਿ 26 ਜਨਵਰੀ ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਵਿੱਚ ਪੰਜਾਬ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਨਵੀਂ ਅਤੇ ਨਵਿਆਉਣਯੋਗ ਊਰਜਾ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ਼੍ਰੀ ਅਮਨ ਅਰੋੜਾ ਮੁੱਖ ਮਹਿਮਾਨ ਹੋਣਗੇ ਅਤੇ ਕੌਮੀ ਝੰਡਾ ਲਹਿਰਾਉਂਣ ਦੀ ਰਸਮ ਅਦਾ ਕਰਨਗੇ।

ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਗਣਤੰਤਰਤਾ ਦਿਵਸ ਸੱਭਿਆਚਾਰਕ ਪੋ੍ਗਰਾਮ ਕਰਵਾਉਂਦੇ ਹੋਏ ਪੂਰੇ ਜਸ਼ਨਾਂ ਨਾਲ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਤੇ ਐਨਸੀਸੀ ਕੈਡਿਟਾਂ ਦੀਆਂ ਟੁਕੜੀਆਂ ਪਰੇਡ ਵਿੱਚ ਹਿੱਸਾ ਲੈ ਰਹੀਆਂ ਹਨ।  

ਇਸ ਤੋਂ ਇਲਾਵਾ ਉਨਾਂ ਦਸਿਆ ਕਿ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਸੱਭਿਆਚਾਰਕ ਪ੍ਰੋਗਰਮਾ ਵਿੱਚ ਹਿੱਸਾ ਲੈਣਗੇ।  ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀਟੀ ਡਰਿੱਲ ਕੀਤੀ ਜਾਵੇਗੀ।  ਸਤਲੁਜ ਪਬਲਿਕ ਸਕੂਲ ਡੇਰਾਬੱਸੀ ਦੇ ਵਿਦਿਆਰਥੀਆਂ ਵੱਲੋਂ ਫੈਨ ਡਰਿੱਲ ਪੇਸ਼ ਕੀਤੀ ਜਾਵੇਗੀ।  ਸ਼ਿਵਾਲਿਕ ਸਕੂਲ, ਮੋਹਾਲੀ ਦੇ ਵਿਦਿਆਰਥੀ ਲੋਕ ਨਾਚ ਸਾਮੀ ਪੇਸ਼ ਕਰਨਗੇ।  ਪ੍ਰੋਗਰਾਮ ਦੀ ਸਮਾਪਤੀ 'ਤੇ 3ਬੀ1 ਸਰਕਾਰੀ ਸਕੂਲ ਦੇ ਵਿਸ਼ੇਸ਼ ਬੱਚੇ ਰਾਸ਼ਟਰੀ ਗੀਤ ਪੇਸ਼ ਕਰਨਗੇ।  ਇਸ ਮੌਕੇ ਜਨਤਕ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਰੈੱਡ ਕਰਾਸ ਸੁਸਾਇਟੀ ਮੁਹਾਲੀ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰਾਂ ਅਤੇ ਬਿਊਟੀ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ।  ਉਨਾਂ ਦਸਿਆ ਕਿ ਝਾਕਿਆ ਵੱਖ-ਵੱਖ ਵਿਭਾਗਾਂ ਦੇ ਕੰਮਾਂ ਨੂੰ ਪ੍ਰਦਰਸ਼ਿਤ ਕਰਨਗੀਆ।  ਬਾਜਰੇ ਦੇ ਪੌਸ਼ਟਿਕ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਬਾਜਰੇ ਦਾ ਸਟਾਲ ਵੀ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਇਹ ਜਸ਼ਨ ਪੂਰੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਕਰਵਾਏ ਜਾਣਗੇ।

ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ,ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ (ਜ) ਸ੍ਰੀ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਸ਼ਿ) ਸ੍ਰੀ ਇੰਦਰ ਪਾਲ, ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਅਜਿੰਦਰ ਸਿੰਘ, ਐਸਪੀ ਹੈੱਡਕੁਆਰਟਰ ਤੋਂ ਇਲਾਵਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

Friday, January 27, 2017

ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ-VC ਡਾ. ਢਿੱਲੋਂ

PAU ਵਿਖੇ ਮਨਾਇਆ ਗਿਆ 68ਵਾਂ ਗਣਤੰਤਰ ਦਿਵਸ 

ਲੁਧਿਆਣਾ: 26 ਜਨਵਰੀ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਸਰਦੀ ਦੇ ਮੌਸਮ ਵਿੱਚ ਰਾਤ ਤੋਂ ਜਾਰੀ ਬਰਸਾਤ ਅਤੇ ਸੀਤ ਲਹਿਰ ਨੇ ਭਾਂਵੇਂ ਮਾਹੌਲ ਨੂੰ ਬਰਫੀਲਾ ਬਣਾ ਦਿੱਤਾ ਸੀ ਪਰ ਕੌਮੀ ਤਿਓਹਾਰ ਗਣਤੰਤਰ ਦਿਵਸ ਦੇ ਉਤਸ਼ਾਹ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ, ਪ੍ਰੋਫੈਸਰਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਜੋਸ਼ ਸਾਹਮਣੇ ਕਾਂਬਾ ਛੇੜਣ ਵਾਲੀ ਠੰਡ ਦੀ ਵੀ ਇੱਕ ਨ ਚੱਲੀ। ਪੀਏਯੂ ਦੇ ਕੁਦਰਤੀ ਰੰਗਾਂ ਵਾਲੇ ਮਾਹੌਲ ਨੇ ਇਸ ਮੌਕੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਸੀ। ਸਮਾਗਮ ਦਾ ਸ਼ੁਭ ਆਰੰਭ ਕੌਮੀਜੀਤ ਜਨ ਗਨ ਮਨ ਨਾਲ ਹੋਇਆ। ਇਸ ਸਮਾਗਮ ਵਿੱਚ 26 ਜਨਵਰੀ ਦੀਆਂ ਵਧਾਈਆਂ ਦੇ ਨਾਲ ਨਾਲ ਪੀਏਯੂ ਦੀਆਂ ਪ੍ਰਾਪਤੀਆਂ, ਖੇਤੀ ਖੋਜ ਦੇ ਤਜਰਬਿਆਂ, ਕਿਸਾਨੀ ਵਿਕਾਸ ਦੀਆਂ ਯੋਜਨਾਵਾਂ ਅਤੇ ਮਾਰਕੀਟਿੰਗ ਖੇਤਰ ਦੀਆਂ ਚੁਣੌਤੀਆਂ ਬਾਰੇ ਵੀ ਗੱਲਾਂ ਹੋਈਆਂ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਨ ਐਨ ਸੀ ਦੇ ਵਿਦਿਆਰਥੀਆਂ ਨਾਲ ਸਲਾਮੀ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਰਾਜ ਅਤੇ ਭਾਰਤ ਦੇਸ਼ ਨੂੰ ਭੋਜਨ ਪੱਖੋਂ ਭਰਪੂਰ ਬਣਾਉਣ ਲਈ ਹਾਲੇ ਬਹੁਤ ਕੰਮ ਕਰਨੇ ਬਾਕੀ ਹਨ ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅਹਿਮ ਰੋਲ ਨਿਭਾਉਂਦੇ ਰਹਿਣਾ ਹੈ। ਪੰਜਾਬੀਆਂ ਦੇ ਇਸ ਵੱਡੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਹੁਣ ਸਾਡਾ ਫਰਜ ਬਣਦਾ ਹੈ ਕਿ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਬਿਨਾਂ ਸ਼ੱਕ ਅੰਨ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੈ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਇਆ। ਅਸੀਂ ਪੰਜਾਬੀ ਕਿਸਾਨਾਂ ਨਾਲ ਆਪਣਾ ਭਰੋਸਾ ਬਣਾਈ ਰੱਖਣਾ ਹੈ, ਇਸੇ ਵਿੱਚ ਹੀ ਯੂਨੀਵਰਸਿੰਟੀ ਦੀ ਵੱਡੀ ਸਫਲਤਾ ਹੈ। ਡਾ ਢਿੱਲੋਂ ਨੇ ਕਿਹਾ ਕਿ ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਚਿੱਟੀ ਮੱਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਇਕੱਠੇ ਯਤਨਾਂ ਕਰਕੇ ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕੇ ਹਾਂ। ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਝੋਨੇ ਦੀਆਂ ਸਿਫਾਰਸ਼ ਕਿਸਮਾਂ ਅਧੀਨ ਸੂਬੇ ਵਿੱਚ ਰਕਬਾ ਵਧਿਆ ਹੈ ਅਤੇ ਸੂਬੇ ਵਿੱਚ ਰਸਾਇਣਾਂ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। 
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੀ ਆਜ਼ਾਦੀ ਦੇ ਗੌਰਵ ਦੇ ਨਾਲ–ਨਾਲ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ, ਦਾਜ–ਦਹੇਜ, ਭਰੂਣ ਹੱਤਿਆ, ਨਸ਼ਿਆਂ ਅਤੇ ਫਜ਼ੂਲ ਖਰਚੀ ਆਦਿ ਸਮਾਜ ਵਿਰੋਧੀ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਡਾ ਜਸਕਰਨ ਸਿੰਘ ਮਾਹਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਪਿਰਤਪਾਲ ਸਿੰਘ ਲੁਬਾਣਾ, ਵੱਖ–ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਵਿਸ਼ਾਲ ਬੈਕਟਰ ਨੇ ਕਹੇ। ਐਨ ਸੀ ਸੀ ਪਰੇਡ ਡਾ: ਲਵਲੀਸ਼ ਗਰਗ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਸਮਾਗਮ ਮਗਰੋਂ ਗਰਮਾ ਗਰਮ ਚਾਹ ਅਤੇ ਰਵਾਇਤੀ ਅੰਦਾਜ਼ ਵਾਲੇ ਮੋਟੀ ਬੂੰਦੀ ਦੇ ਲੱਡੂਆਂ ਨੇ ਇੱਕ ਨਵੀਂ ਤਾਜ਼ਗੀ ਅਤੇ ਸ਼ਕਤੀ ਵੀ ਦਿੱਤੀ। 

Thursday, January 24, 2013

ਬਹਾਦਰੀ ਨੂੰ ਸਲਾਮ ਅਤੇ ਬਹਾਦਰਾਂ ਨੂੰ ਮਿਲੀ ਸ਼ਾਬਾਸ਼

ਬਹਾਦਰੀ ਦਿਖਾਉਣ ਵਾਲਿਆਂ ਦੀ ਪਿਠ ਥਾਪੜੀ ਪ੍ਰਧਾਨ ਮੰਤਰੀ ਨੇ 
ਬਹਾਦਰ ਅਖਵਾਉਣ ਦੀ ਤਮੰਨਾ ਤਾਂ ਹਰ ਦਿਲ ਵਿੱਚ ਹੁੰਦੀ ਹੈ ਪਰ ਪਤਾ ਲੱਗਦਾ ਹੈ ਵਕ਼ਤ ਆਉਣ ਤੇ। ਜਦੋਂ ਕਿਸੇ ਨ ਕਿਸੇ ਤੇ ਮੁਸੀਬਤ ਆਉਂਦੀ ਹੈ ਤਾਂ ਉਸ ਵੇਲੇ ਆਪੋ ਆਪਣੇ ਬੂਹੇ ਬਾਰੀਆਂ ਬੰਦ ਕਰਨ ਵਾਲੇ ਲੋਕ ਜਿਆਦਾ ਹੁੰਦੇ ਹਨ ਅਤੇ ਮੁਸੀਬਤ ਮਾਰੇ ਵਿਅਕਤੀ ਦੀ ਮਦਦ ਲਈ ਨਿੱਤਰਨ ਵਾਲੇ ਬਹੁਤ ਹੀ ਘੱਟ।  ਆਖਿਰ ਕੌਣ ਪਾਉਂਦਾ ਹੈ ਆਪਣੀ ਜਾਨ ਖਤਰੇ ਵਿੱਚ। ਪਰ ਜਿਹਨਾਂ ਬਹਾਦਰਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਔਖਾ ਵੇਲਾ ਆਉਣ ਤੇ ਕੋਈ ਕਮਜ਼ੋਰੀ ਨਹੀਂ ਦਿਖਾਈ। ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਹਨਾਂ ਨੇ ਕਿਸੇ ਨ ਕਿਸੇ ਦੀ ਮਦਦ ਕੀਤੀ। ਇਹੀ ਕਾਰਣ ਹੈ ਕਿ  ਇਹਨਾਂ ਨੂੰ ਨੈਸ਼ਨਲ ਬ੍ਰੇਵਾਰੀ ਐਵਾਰਡ-2012 ਨਾਲ ਸਨਮਾਨਿਆ ਗਿਆ ਹੈ। ਇਹਨਾਂ ਬਹਾਦਰਾਂ ਨੂੰ ਸ਼ਾਬਾਸ਼ੀ ਦੇਣ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਯੂ ਪੀ ਏ ਚੇਅਰਪਰਸਨ ਸੋਨੀਆ ਗਾਂਧੀ, ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੀ ਮੰਤਰੀ ਕ੍ਰਿਸ਼ਨਾ ਤੀਰਥ ਅਤੇ ਪ੍ਰਧਾਨ ਮੰਤਰੀ ਦੀ ਧਰਮ ਪਤਨੀ ਗੁਰਚਰਨ ਕੌਰ ਨੇ ਵੀ 24 ਜਨਵਰੀ 2013 ਨੂੰ ਉਚੇਚੇ ਤੌਰ ਤੇ ਸਮਾਂ ਕਢਿਆ।  ਇਹਨਾਂ ਯਾਦਗਾਰੀ ਪਲਾਂ ਨੂੰ ਹਮੇਸ਼ਾਂ ਲਈ ਅੱਖਾਂ ਸਾਹਮਣੇ ਰੱਖਣ ਦੇ ਨੇਕ ਮਕਸਦ ਨਾਲ ਪੱਤਰ ਸੂਚਨਾ ਦਫਤਰ ਅਰਥਾਤ ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਕੈਮਰਾਮੈਨ ਨੇ ਝੱਟ ਪੱਟ ਆਪਣੇ ਕੈਮਰੇ ਨੂੰ ਕਲਿੱਕ ਕਰ ਲਿਆ। (ਵੇਰਵਾ-ਰੈਕਟਰ ਕਥੂਰੀਆ ਅਤੇ ਤਸਵੀਰ ਪੀਆਈਬੀ)