Showing posts with label Barnala. Show all posts
Showing posts with label Barnala. Show all posts

Wednesday, April 27, 2016

ਕਿਸਾਨ ਅਤੇ ਕਿਸਾਨ ਮਾਤਾ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ

ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ, ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ!
ਬਰਨਾਲੇ ਨੇੜਲੇ ਪਿੰਡ 'ਚ ਕਰਜ਼ੇ ਕਾਰਨ ਆਤਮਹੱਤਿਆ ਕਰ ਗਏ ਕਿਸਾਨ ਮਾਂ-ਪੁੱਤ ਦੇ ਨਾਂਅ......
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ,
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
ਲਿਖੋ ਹਰਫ਼ ਅਸਾਡੀ ਹੋਣੀ ਦੇ,
ਕੁੱਝ ਬਲ੍ਹਦੇ ਤੇ ਕੁੱਝ ਸੀਤ ਲਿਖੋ।
ਜਾਬਰ ਦੀਆਂ ਧਾੜਾਂ ਚੜ੍ਹ ਆਈਆਂ,
ਬੜੀ ਡੂੰਘੀ ਸਾਜਿਸ਼ ਘੜ ਆਈਆਂ।
ਆਇਆ ਜਦ ਲੈ ਕੇ ਮਰਹਮ ਹੁਣ,
ਉਸ ਹਾਕਮ ਨੂੰ ਬਦਨੀਤ ਲਿਖੋ।
ਅਰਸੇ ਤੋਂ ਪਲ ਪਲ ਮਰਦੇ ਰਹੇ,
ਬੱਸ ਅੱਜ ਕੱਲ੍ਹ-ਅੱਜ ਕੱਲ੍ਹ ਕਰਦੇ ਰਹੇ।
ਸੁਫ਼ਨੇ ਸਨ ਜੀਹਨਾਂ ਅੱਖਾਂ ਵਿੱਚ,
ਹੁਣ ਪੱਥਰ ਨੇ, ਭੈਭੀਤ ਲਿਖੋ।
ਸਾਡੀ ਵੀ ਜੀਣ ਦੀ ਖਾਹਿਸ਼ ਸੀ,
ਜੋ ਅੱਧ-ਵਿਚਾਲੇ ਟੁੱਟ ਗਈ ਏ।
ਤੁਸੀਂ ਜਿਉਂਦਿਆਂ ਦਾ ਕੋਈ ਫ਼ਿਕਰ ਕਰੋ
ਸਾਨੂੰ ਕਰਜ਼ਾ-ਮੁਕਤ ਅਤੀਤ ਲਿਖੋ।
ਸਾਡਾ ਮਾਂ-ਪੁੱਤ ਦਾ ਕੋਈ ਗੀਤ ਲਿਖੋ
ਮਿੱਟੀ ਸੰਗ ਨਿਭ ਗਈ ਪ੍ਰੀਤ ਲਿਖੋ।
-ਸੁਖਦੀਪ ਸਿੱਧੂ 

Monday, March 09, 2015

ਇਤਿਹਾਸਿਕ ਹੋ ਨਿੱਬੜਿਆ ਲੋਕ ਨਾਇਕ ਅਜਮੇਰ ਸਿੰਘ ਔਲਖ ਦਾ ਸਨਮਾਣ

ਲੋਕਾਂ ਦੀਆਂ ਖੁਸ਼ੀਆਂ 'ਤੇ ਝਪਟਦੀਆਂ ਇੱਲਾਂ ਨੂੰ ਫੁੰਡਣ ਦਾ ਸੰਕਲਪ ਸੀ ਇਹ ਸਮਾਗਮ
ਬਰਨਾਲਾ ਤੋਂ ਪਰਤ ਕੇ ਰੈਕਟਰ  ਕਥੂਰੀਆ
ਆਮ ਚਰਚਾ ਹੁੰਦੀ ਹੈ ਕਿ ਕਲਿਯੁਗ ਆ ਗਿਐ ਹੁਣ ਇਸਦਾ ਕੋਈ ਬਦਲ ਨਹੀਂ ਪਰ ਬਰਨਾਲਾ ਦੀ ਧਰਤੀ ਤੇ ਇਕੱਠੇ ਹੋਏ ਲੋਕਾਂ ਦੇ ਸਮੁੰਦਰ ਨੇ ਇੱਕ ਨਵਾਂ ਬਦਲ ਉੱਸਰਦਾ ਦੇਖਿਆ। ਇਹ ਸਿਆਸੀ ਲੋਕਾਂ ਦਾ ਨਹੀਂ ਕਲਮਾਂ ਵਾਲਿਆਂ  ਦਾ ਬਦਲ ਸੀ। ਲੋਕ  ਪੱਖੀ ਕਲਮਾਂ ਵਾਲਿਆਂ ਦਾ। ਇੱਕ ਅਜਿਹਾ ਬਦਲ ਜੋ ਇੱਕੋ ਹੱਲੇ ਸਮਾਜ ਦੇ ਸਾਰੇ ਗੰਦ-ਮੰਦ ਨੂੰ ਹੂੰਝ ਕੇ ਕਿਤੇ ਦਫਨ ਕਰ ਦੇਵੇਗਾ। ਬਾਰ ਬਾਰ ਮਿਲਦੇ ਧੋਖਿਆਂ ਤੋਂ ਅੱਕੇ ਹੋਏ ਲੋਕਾਂ  ਅਤੇ ਸਿਆਸੀ ਪਾਰਟੀਆਂ ਦੇ ਨਿੱਤ ਦਿਹਾੜੀ ਹੁੰਦੇ ਡਰਾਮਿਆਂ ਕਾਰਣ ਨਿਰਾਸ਼ ਹੋਏ ਲੋਕਾਂ ਨੂੰ ਹੋਂਸਲਾ ਦੇਣ ਦਾ ਕੰਮ ਕੀਤਾ ਅਜਮੇਰ ਸਿੰਘ ਔਲਖ ਸਨਮਾਨ ਸਮਾਰੋਹ ਨੇ। ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਬਸ ਇੱਕ ਬਹਾਨਾ ਹੀ ਬਣੀ ਅਸਲ ਵਿੱਚ ਇਹ ਲੋਕਾਂ ਦਾ ਸਨਮਾਨ ਸੀ, ਕਿਰਤ ਦਾ ਸਨਮਾਣ ਸੀ, ਹੱਕ ਸਚ ਲਈ ਉੱਠਦੀ ਆਵਾਜ਼ ਦਾ ਸਨਮਾਣ ਸੀ। ਇਸਦਾ ਥੀਮ ਗੀਤ ਸਮਾਗਮ ਤੋਂ ਬਾਅਦ ਵੀ ਕੰਨਾਂ ਵਿੱਚ ਬਾਰ ਬਾਰ ਗੂੰਜ ਰਿਹਾ ਸੀ-
ਪਾ ਗਲਵੱਕੜੀ ਕਿਰਤ ਕਲਾ ਸੰਗਰਾਮਾਂ ਦੀ,
ਏਹਦੇ ਸੀਨੇ ਧਮਕ ਹੈ ਲੋਕ ਤੁਫਾਨਾਂ ਦੀ।  
ਏਨਾ ਵੱਡਾ ਇਕਠ ਅਤੇ ਉਹ ਵੀ ਸਵੈ ਅਨੁਸ਼ਾਸਨ ਵਿੱਚ--ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਪਾਰਕਿੰਗ ਤੋਂ ਲੈ ਕੇ ਲੰਗਰ ਤੱਕ ਇੱਕ ਘਰ ਵਰਗਾ ਮਾਹੌਲ ਸੀ।   ਪਰਿਵਾਰ ਅਪਣਤ ਵਾਂਗ ਸਾਰਾ ਕੁਝ  ਵਿੱਚ ਚੱਲ ਰਿਹਾ ਸੀ। ਪੰਡਾਲ ਵਿੱਚ ਵੀ ਕੁਰਸੀਆਂ  ਨੂੰ ਲੈ ਕੇ ਕੋਈ ਧੂਹ ਨਹੀਂ ਸੀ।  ਲੋਕ ਆਪਣੀਆਂ ਕੁਰਸੀਆਂ ਛੱਡ ਕੇ ਆਉਣ ਵਾਲੇ ਮਹਿਮਾਨਾਂ ਨੂੰ ਦੇ ਰਹੇ ਸਨ ਕਿਓਂਕਿ  ਸਮਾਗਮ ਸੀ, ਕਿਰਤ ਦਾ ਸਮਾਗਮ ਸੀ, ਸੰਗਰਾਮ ਦਾ ਸਮਾਗਮ ਸੀ ਕੁਰਸੀਆਂ ਦੀ ਦੌੜ ਵਾਲਿਆਂ  ਦਾ ਨਹੀਂ।
 ਪੰਜਾਬ ਭਰ ਤੋਂ ਆਏ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਦਾਣਾ ਮੰਡੀ ਆਕਾਰ ਵਿੱਚ ਭਾਵੇਂ ਛੋਟੀ ਹੋਈ ਲੱਗ ਰਹੀ ਸੀ ਪਰ ਇਸ ਪੂਰੇ ਇਲਾਕੇ ਦਾ ਨਾਂਅ ਅੱਜ ਸਾਹਿਤਿਕ ਅਤੇ ਕਿਰਤੀ ਹਲਕਿਆਂ ਵਿੱਚ ਸ਼ਾਨ ਨਾਲ ਉੱਚਾ ਹੋਇਆ ਮਹਿਸੂਸ ਹੋ ਰਿਹਾ ਸੀ। ਜਦੋਂ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਭੇਟ ਕੀਤਾ ਗਿਆ ਤਾਂ ਓਹ ਪਲ ਬੜੇ ਭਾਵੁਕ ਸਨ।  ‘ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ’ ਦੇ ਸੱਦੇ ’ਤੇ ਹੋਏ ਇਸ ‘ਇਨਕਲਾਬੀ ਸਲਾਮ ਕਾਫਲੇ’ ਨੇ ਇੱਕ ਵਾਰ ਫੇਰ ਦੋ ਮਹੀਨੇ ਤੱਕ ਦਿਨ ਰਾਤ ਇੱਕ ਕਰਕੇ ਚੱਲੀ ਲੰਮੀ ਤਿਆਰੀ ਤੋਂ ਬਾਅਦ ਸਾਬਿਤ ਕੀਤਾ ਕਿ ਹੁਣ ਲੋਕ ਉਸਾਰੂ ਤਬਦੀਲੀ ਲਈ ਸਿਆਸੀ ਲੀਡਰਾਂ ਵੱਲ ਨਹੀਂ ਬਲਕਿ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਵੱਲ ਦੇਖ ਰਹੇ ਹਨ। ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਦਿਨ ਰਾਤ ਇਸ ਮੁਹਿੰਮ ’ਚ ਜੁਟੇ ਰਹੇ ਤੇ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ  ਸੀ। ਇਹ ਲੋਕ ਨਾ ਤਾਂ ਨੰਗੇ ਨਾਚ ਦੇਖਣ ਆਏ ਸਨ ਅਤੇ ਨਾ ਹੀ ਕਿਸੇ ਫਿਲਮੀ ਹੀਰੋ ਜਾਨ ਹੀਰੋਇਨ  ਨੂੰ ਦੇਖਣ। ਲਗਪਗ 500 ਪਿੰਡਾਂ ’ਚ ਨੁੱਕੜ ਨਾਟਕ ਅਤੇ ਇਨਕਲਾਬੀ ਕਲਾ ਸੰਗੀਤ ਦੀਆਂ ਹਲੂਣਾ ਦੇਂਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਹਿਤ ਤੇ ਕਲਾ ਦੇ ਮਹੱਤਵ ਬਾਰੇ ਅਤੇ ਸ੍ਰੀ ਔਲਖ ਦੀ ਭੂਮਿਕਾ ਬਾਰੇ ਬੜੀ ਹੀ ਸਾਦਗੀ ਨਾਲ ਦੱਸਿਆ ਗਿਆ। ਮਾਨਸਾ ਸਥਿਤ ਅਜਮੇਰ ਔਲਖ ਦੇ ਨਿਵਾਸ ਤੋਂ ਉਨ੍ਹਾਂ ਦੇ ਪਰਿਵਾਰ ਸਮੇਤ ਰਵਾਨਾ ਹੋਣ ਵਾਲੇ ਪ੍ਰਸ਼ੰਸਕਾਂ ਦਾ ਕਾਫ਼ਲਾ ਜਦੋਂ ਬਰਨਾਲਾ ਦਾਣਾ ਮੰਡੀ ’ਚ ਦਾਖ਼ਲ ਹੋਇਆ ਤਾਂ ਹਰ ਪਾਸੇ ਨਾਅਰਿਆਂ ਦੀ ਗੂੰਜ ਸੀ ਅਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਸ੍ਰੀ ਔਲਖ ਬਿਮਾਰੀ  ਕਾਰਨ ਪੰਡਾਲ ’ਚ ਬਣੇ ਕੋਰੀਡੋਰ ਰਾਹੀਂ ਵੀਲ-ਚੇਅਰ ਦੀ ਸਹਾਇਤਾ ਨਾਲ ਸਟੇਜ ’ਤੇ ਪੁੱਜੇ। ਬਿਮਾਰੀ ਅਤੇ ਥਕਾਵਟ ਦੇ ਬਾਵਜੂਦ ਸਰਦਾਰ ਔਲਖ ਦੇ ਚਿਹਰੇ  ਮੁਸਕਾਣ ਜਿਹੜੀ ਆਪਣੀਆਂ ਨਾਲ ਮਿਲ ਕੇ ਸਹਿਜੇ ਹੀ ਆ ਪ੍ਰਗਟ ਹੋ ਜਾਂਦੀ ਹੈ। 
ਸਮਾਗਮ ਦਾ ਮਾਹੌਲ ਵੀ ਬੜਾ ਕ੍ਰਾਂਤੀ ਰੰਗਿਆ ਸੀ। ਪੰਡਾਲ ਵਿੱਚ ਬੈਨਰਾਂ ’ਤੇ ਅਜਮੇਰ ਸਿੰਘ ਔਲਖ ਦੀ ਕਲਾ ਬਾਰੇ, ਸਾਹਿਤ ਕਲਾ ਦੇ ਮੰਤਵ ਅਤੇ ਮਕਬੂਲ ਸਾਹਿਤਕਾਰਾਂ ਦੀਆਂ ਟੂਕਾਂ ਅੰਕਿਤ ਸਨ। ਮਹਿਮਾਣ ਗੈਲਰੀ ਗਦਰੀ ਜੰਗ ਵਿੱਚ ਯੋਗਦਾਨ ਪਾਉਣ ਵਾਲੀ ਗੁਲਾਬ ਕੌਰ ਨੂੰ ਸਮਰਪਿਤ ਕੀਤਾ ਗਿਆ ਸੀ। ਇਨਕਲਾਬੀ ਆਗੂ ਅਮੋਲਕ ਸਿੰਘ ਅਤੇ ਜ਼ੋਰਾ ਸਿੰਘ ਨਸਰਾਲੀ ਵੱਲੋਂ ਮੰਚ ਦਾ ਸੰਚਾਲਨ ਬੜੇ ਹੀ ਸੰਤੁਲਿਤ ਅਤੇ ਜਜ਼ਬਾਤੀ ਢੰਗ ਨਾਲ ਚੱਲ ਰਿਹਾ ਸੀ। 
ਸਟੇਜ ਤੋਂ ਹੋ ਰਹੀਆਂ ਲੋਕ ਪੱਖੀ ਜੋਸ਼ੀਲੀਆਂ ਤਕਰੀਰਾਂ ਵੀ ਸੰਘਰਸ਼ਸ਼ੀਲ ਲੋਕਾਂ ਅਤੇ ਕਲਮਕਾਰਾਂ ਦੇ ਸੰਗਮ ਦੀ ਝਲਕ ਪੇਸ਼ ਕਰ ਰਹੀਆਂ ਸਨ। ਸ੍ਰੀ ਔਲਖ ਦੀ ਲੇਖਣੀ ਅਤੇ ਰੰਗਮੰਚ ਦੇ ਲੋਕ-ਮੁਖੀ ਸਰੋਕਾਰਾਂ ਅਤੇ ਸ਼ਿੱਦਤ ਦੀ ਚਰਚਾ ਕੱਦਾਵਾਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਸ਼ੁਰੂ ਕੀਤੀ। ਫੇਰ ਨਾਟਕਕਾਰ ਸਵਰਾਜਬੀਰ, ਸਾਹਿਤ-ਵਿਸ਼ਲੇਸ਼ਕ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਅਰੀਤ ਕੌਰ ਨੇ ਵੀ ਵਿਚਾਰ ਪ੍ਰਗਟ ਕੀਤੇ। ਡਾ.  ਅਰੀਤ ਦੀ ਮੌਜੂਦਗੀ ਤਾਂ ਗੁਰਸ਼ਰਨ ਭਾਅ ਜੀ ਦੀ ਮੌਜੂਦਗੀ ਦਾ ਅਹਿਸਾਸ ਕਰ ਰਹੀ ਸੀ। ਨਾਟਕਕਾਰ ਡਾ. ਆਤਮਜੀਤ ਅਤੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਭੇਜੇ ਸੰਦੇਸ਼ ਮੰਚ ਤੋਂ ਪੜ੍ਹੇ ਗਏ  ਜੋ ਕਿ ਕਾਫੀ ਜਜ਼ਬਾਤੀ ਸਨ। ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸਰਦਾਰ ਔਲਖ ਦੀ ਲੇਖਣੀ ਅਤੇ ਸ਼ੈਲੀ ਬਾਰੇ ਵੀ ਗੱਲਾਂ ਕੀਤੀਆਂ। ਇਸ ਦੌਰਾਨ ਸ੍ਰੀ ਔਲਖ ਦੇ ਨਾਟਕ ‘ਨਿੱਕੇ ਸੂਰਜਾਂ ਦੀ ਲੜਾਈ’ ਵਿੱਚੋਂ ਲਏ ਗਏ ਇੱਕ ਗੀਤ ‘ਚੱਲ ਨੀਂ ਮਸ਼ੀਨੇ, ਚੱਲ ਚੱਲ …‘  ਨੂੰ ਸਲਾਮ ਕਾਫ਼ਲੇ ਦੇ ਸਮਰਪਿਤ ਕਲਾਕਾਰਾਂ ਵੱਲੋਂ ਬੜੇ ਹੀ ਸੁਰੀਲੇ ਅੰਦਾਜ਼ ਨਾਲ ਪੇਸ਼ ਕੀਤਾ ਗਿਆ। ਸ੍ਰੀ ਅਜਮੇਰ ਸਿੰਘ ਔਲਖ ਨੂੰ ‘ਭਾਈ ਲਾਲੋ ਕਲਾ‘ ਸਨਮਾਨ ਚਿੰਨ੍ਹ ਭੇਟ ਕਰਨ ਤੋਂ ਪਹਿਲਾਂ ਸੁਰਜੀਤ ਪਾਤਰ ਨੇ ਆਪਣੀ ਗਜ਼ਲ ‘ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ‘‘ ਪੇਸ਼ ਕੀਤੀ। ਇਸ ਤੋਂ ਬਾਅਦ ਕਾਫ਼ਲਾ ਕਨਵੀਨਰ ਜਸਪਾਲ ਜੱਸੀ ਨੇ ਸਮੁੱਚੀ ਕਾਫ਼ਲਾ ਟੀਮ ਸਮੇਤ ਸ੍ਰੀ ਔਲਖ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸ੍ਰੀ ਅਜਮੇਰ ਸਿੰਘ ਔਲਖ ਨੇ ਆਖਿਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਕਦੇ ਨਹੀਂ ਭੁੱਲਣਗੇ ਅਤੇ ਰਹਿੰਦੀ ਜ਼ਿੰਦਗੀ ਆਪਣੀ ਕਲਮ ਅਤੇ ਰੰਗਮੰਚ ਨੂੰ ਹੋਰ ਵੀ ਸ਼ਿੱਦਤ ਨਾਲ ਲੋਕ ਹਿਤਾਂ ਨੂੰ ਸਮਰਪਿਤ ਕਰਨਗੇ। ਉਹਨਾਂ ਆਪਣੀ ਲੇਖਣੀ ਦੇ ਮੁਢਲੇ ਦੌਰ ਦੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂਅਤੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ।  
ਸਮਾਗਮ ਦੇ ਅੰਤ ‘ਚ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ ’ਚ ਤਿਆਰ ਕੀਤੀ ਗਈ ਕੋਰੀਓਗਰਾਫ਼ੀ ‘ਗਲਵੱਕੜੀ’ ਕਈ ਟੀਮਾਂ ਤੇ ਦਰਜਨਾਂ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ। ਇਸਦੀ ਧੁਨ, ਇਸਦੇ ਸ਼ਬਦ ਅਤੇ ਇਸਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੋ ਨਿੱਬੜੇ। ਇਸ ਗੀਤ ਦਾ ਅੰਤ ਇੰਝ ਸੀ ਜਿਵੇਂ ਲੋਕ ਕਿਸੇ ਗੂਹੜੀ ਨੀਂਦ ਵਿੱਚੋਂ ਅਭੜਵਾਹੇ ਉਠ ਬੈਠੇ ਹੋਣ। ਇਸਨੇ ਪੂਰੇ ਵਾਤਾਵਰਣ   ਨੂੰ ਹਲੂਣ ਦਿੱਤਾ ਸੀ।
ਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਸ੍ਰੀ ਔਲਖ ਦੇ ਨਾਟਕਾਂ ਦੀਆਂ ਦੋ ਪੁਸਤਕਾਂ ‘ਮੇਰੇ ਸਾਰੇ ਇਕਾਂਗੀ’, ‘ਮੇਰੇ ਸਾਰੇ ਲਘੂ ਨਾਟਕ’ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਬਿਨਾਂ ਦੋ ਹੋਰ ਪੁਸਤਕਾਂ ‘ਭੁੰਨੀ ਹੋਈ ਛੱਲੀ- ਜੀਵਨ ਯਾਦਾਂ’ ਅਤੇ ‘ਦੱਬੇ ਰੋਹ ਦੀ ਨਾਟਕੀ ਜ਼ੁਬਾਨ’ ਵੀ ਇਸ ਮੌਕੇ ਰਿਲੀਜ਼ ਕੀਤੀਆਂ ਗਈਆਂ। ਇਸ ਤਰਾਂ ਇਹ ਕਲਮੀ ਮੇਲਾ ਵਿਦਾ ਹੋ ਗਿਆ ਛੇਤੀ ਹੀ ਮੁੜ ਮਿਲਣ ਦੇ ਵਾਅਦੇ ਨਾਲ--ਨਵਾਂ ਜੋਸ਼, ਨਵੀਂ ਉਮੰਗ ਅਤੇ ਨਵੇਂ ਉਤਸ਼ਾਹ ਦੇ ਨਾਲ। 

Friday, August 30, 2013

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਕਦੋ ਰੁਕੇਗਾ ਰੋਟੀ ਟੁੱਕ ਦੇ ਜੁਗਾੜ ਲਈ ਬਾਹਰ ਜਾਣ ਵਾਲਿਆਂ ਦਾ ਕਾਫ਼ਿਲਾ?
ਬਰਨਾਲਾ:30 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਕੋਈ ਸਮਾਂ ਸੀ ਜਦੋਂ ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਨੇ ਰੋਜ਼ੀ ਰੋਟੀ ਦੇ ਚੱਕਰਾਂ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਦਰਦ ਦੀ ਗੱਲ ਕਰਦਿਆਂ ਲਿਖਿਆ ਸੀ ਕੀ ਜਦ ਓਹ ਓਰ੍ਤ੍ਦੇ ਹਨ ਤਾਂ ਉਹਨਾਂ ਨੂੰ ਮਾਂ ਦੇ ਸਿਵੇ ਦੀ ਅਗਨ ਸੇਕਣੀ ਪੈਂਦੀ ਹੈ ਤੇ ਜਾਂ ਫੇਰ ਪਿਓ ਦੀ ਕਬਰ ਦੇ ਰੁੱਖ ਹੇਠ ਜਾ ਕੇ ਬੈਠਣਾ ਪੈਂਦਾ ਹੈ। ਇਸ ਕੁੜੀ ਹਕੀਕਤ ਦੇ ਬਾਵਜੂਦ ਸਦਾ ਸਮਾਜ ਸਦਾ ਦੇਸ਼, ਇਸਦੇ ਹਾਕਮ, ਇਸਦੇ ਲੋਕ ਵਿਦੇਸ਼ਾਂ ਨੂੰ ਜਾਣ ਵਾਲਿਆਂ ਦੀ ਗਿਣਤੀ ਘਟਾ ਨਾ ਸਕੇ। ਮਾਲ੍ਟਾ ਕਾਂਡ ਵਰਗੇ ਦੁਖਾਂਤ ਵੀ ਵਾਪਰੇ ਪਰ ਨੌਜਵਾਨ ਦਿਲ ਤੇ ਪੱਥਰ ਰੱਖ ਕੇ ਆਪਣਾ ਘਰ, ਆਪਣਾ ਪਰਿਵਾਰ, ਆਪਣਾ ਦੇਸ਼ ਸਭ ਕੁਝ ਛੱਡ ਕੇ ਰੋਟੀ ਟੁੱਕ ਦੇ ਜੁਗਾੜ ਲਈ ਵਿਦੇਸ਼ਾਂ ਵੱਲ ਜਾਣ ਵਾਸਤੇ ਮਜਬੂਰ ਹੁੰਦੇ ਰਹੇ। ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਕਿਹੜੇ ਕਿਹੜੇ ਪਾਪੜ ਵੇਲਣ ਲਈ ਮਜਬੂਰ ਕੀਤਾ ਜਾਂਦਾ ਹੈ-ਇਹ ਇੱਕ ਵੱਖਰੀ ਦਾਸਤਾਨ ਹੈ। ਅੱਜ ਫੇਰ ਇੱਕ ਦੁਖਦਾਈ ਖਬਰ ਦੱਸ ਰਹੀ ਹੈ ਕਿ ਅਜਿਹੇ ਨੌਜਵਾਨਾਂ ਦੀ ਸਲਾਮਤੀ ਲਗਾਤਾਰ ਖਤਰੇ ਵਿੱਚ ਹੈ। ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ ਕਿਸੇ ਨ ਕਿਸੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਹੋਰ ਮੰਦਭਾਗੀ ਖਬਰ ਆਈ ਹੈ ਅਮਰੀਕਾ ਤੋਂ ਜਿੱਥੇ ਪੰਜਾਬ ਦਾ ਇੱਕ ਪੁੱਤਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜ਼ਿਲਾ ਬਰਨਾਲਾ ਦੇ ਪਿੰਡ ਧਨੇਰ ਤੋਂ ਅਮਰੀਕਾ ਗਏ 14 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਨੂੰ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪਰਿਵਾਰਿਕ ਸੂਤਰਾਂ ਨੇ ਮੀਡੀਆ ਨੂੰ 
ਦੱਸਿਆ ਕਿ ਸੁਰਿੰਦਰ ਸਿੰਘ ਅਮਰੀਕਾ ਦੇ ਸ਼ਹਿਰ ਨਿਊ ਜਰਸੀ ‘ਚ ਰੋਜ਼ਗਾਰ ਦੀ ਖੋਜ ਕਰਨ ਲਈ ਗਿਆ ਸੀ ਅਤੇ ਅੱਜਕਲ੍ਹ ਉੱਥੇ ਉਹ ਪੈਟਰੋਲ ਪੰਪ ‘ਤੇ ਕੰਮ ਕਰ ਰਿਹਾ ਸੀ। ਇਸ ਪੈਟ੍ਰੋਲ ਪੰਪ 'ਤੇ ਬੀਤੇ ਦਿਨੀਂ 2 ਲੁਟੇਰਿਆਂ ਨੇ ਉਸ ‘ਤੇ ਗੋਲੀਆਂ ਚੱਲਾ ਦਿੱਤੀਆਂ। ਮ੍ਰਿਤਕ ਦੇ ਜੱਦੀ ਪਿੰਡ ਧਨੇਰ ‘ਚ ਇਸ ਘਟਨਾ ਨਾਲ ਬਹੁਤ ਹੀ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਸੁਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਅਮਰੀਕਾ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਵੀ ਇਸ ਮਾਮਲੇ ‘ਚ ਤੁਰੰਤ ਪ੍ਰਭਾਵੀ ਦਖਲ ਦੇਣ ਅਤੇ ਅਮਰੀਕਾ ਦੀ ਸਰਕਾਰ ਨਾਲ ਫੌਰੀ ਉਚ ਪਧਰ ਦਾ ਰਾਬਤਾ ਕਾਇਮ ਕਰਨ ਦੀ ਮੰਗ ਕੀਤੀ ਹੈ। ਇਹ ਸਭ ਕੁਝ ਹੋਣਾ ਵੀ ਚਾਹੀਦਾਹੈ ਅਤੇ ਹੋ ਵੀ ਜਾਣਾ ਹੈ ਪਰ ਇਸ ਨਾਲ ਇਸ ਜਹਾਨੋਂ ਗਾਏ ਹੋਏ ਨੇ ਪਰਤ ਨਹੀਂ ਆਉਣਾ। ਇਸ ਲਈ ਸਭ ਤੋਂ ਜਰੂਰੀ ਹੈ ਕੀ ਵਿਦੇਸ਼ਾਂ 'ਚ ਬੈਠੇ ਨੌਜਵਾਨਾਂ ਦੀ ਸੁਰੱਖਿਆ ਲਈ ਅਸਰਦਾਇਕ ਕਦਮ ਚੁਕਵਾਏ ਜਾਣ। ਇਸ ਤੋਂ ਵੀ ਜਿਆਦਾ ਜਰੂਰੀ ਹੈ ਕੀ ਆਪਣੇ ਹੀ ਦੇਸ਼ ਵਿੱਚ ਰੋਜ਼ਗਾਰ ਦੇ ਏਨੇ ਮੌਕੇ ਪੈਦਾ ਕੀਤੇ ਜਾਣ ਕਿ ਖੁਦਕੁਸ਼ੀਆਂ ਦਾ ਕਾਰਨ ਬਣਦੇ ਕਰਜਿਆਂ ਦਾ ਜੰਜਾਲ ਕਿਸੇ ਦੇ ਗਲ ਨਾ ਪਵੇ ਤੇ ਜਿਹਨਾਂ ਗਲ ਪਿਆ ਹੋਇਆ ਹੈ ਉਹਨਾਂ ਨੂੰ ਵਿਦੇਸ਼ਾਂ ਵੱਲ ਨਾ ਦੇਖਣਾ ਪਵੇ।
ਇੱਕ ਹੋਰ ਪੰਜਾਬੀ ਨੌਜਵਾਨ ਦੇ ਇਸ ਬਲਿਦਾਨ ਨੇ ਜਿਥੇ ਇੱਕ ਵਾਰ ਫੇਰ ਮੇਰਾ ਭਾਰਤ ਮਹਾਂ ਦੇ ਦਾਅਵੇ ਦੀ ਹਕੀਕਤ ਲੋਕਾਂ ਸਾਹਮਣੇ ਲਿਆਂਦੀ ਹੈ ਉਥੇ ਅਮਰੀਕਾ ਭਗਤਾਂ ਨੂੰ ਵੀ ਸਾਫ਼ ਕਰ ਦਿੱਤਾ ਹੈ ਕਿ ਉਥੇ ਜੁਰਮ, ਲੁੱਟਮਾਰ,ਆਮ ਇਨਸਾਨ ਦੀ ਸੁਰੱਖਿਆ ਅਤੇ ਹੋਰ ਜਰੂਰੀ ਮਾਮਲਿਆਂ ਵਿੱਚ ਅਸਲੀ ਹਕੀਕਤ ਕੀ ਹੈ ਅਤੇ ਪ੍ਰਚਾਰੀ ਜਾਂਦੀ ਹਕੀਕਤ ਕੀ?  ਕਿੰਨਾ ਚੰਗਾ ਹੋਵੇ ਜੇ ਅਸੀਂ ਇੱਕ ਵਾਰ ਫੇਰ ਇਹ ਸਭ ਕੁਝ ਆਪਣੇ ਦੇਸ਼ ਲਈ ਕਰੀਏ।..ਖਤਰੇ ਸਹੇੜੀਏ ਤਾਂ ਆਪਣੇ ਮੁਲਕ ਲਈ, ਆਪਣੀ ਜਮੀਨ ਲਈ...ਆਪਣੇ ਸਮਾਜ ਲਈ! ਯਾਦ ਆ ਰਹੀਆਂ ਹਨ ਸ਼ਾਇਰ ਦੁਸ਼ਿਅੰਤ ਕੁਮਾਰ ਦੀਆਂ ਸਤਰਾਂ--
ਜਿਏਂ ਤੋ ਆਪਣੇ ਬਗੀਚੇ  ਮੇਂ ਗੁਲਮੋਹਰ ਕੇ ਤਲੇ;
ਮਰੇਂ ਤੋ ਗੈਰ ਕੀ ਗਲੀਓਂ ਮੇਂ ਗੁਲਮੋਹਰ ਕੇ ਲੀਏ!

Friday, February 08, 2013

ਸੁਖਿੰਦਰ ਨਾਲ ਮਿਲਣੀ 17 ਨੂੰ ਬਰਨਾਲਾ ਵਿਖੇ

ਕਿਤਾਬਾਂ ਵੀ ਰਲੀਜ਼ ਹੋਣਗੀਆਂ ਅਤੇ ਵਿਚਾਰ ਵਟਾਂਦਰੇ ਵੀ ਚੱਲਣਗੇ
ਕਲਮਕਾਰ ਸੁਖਿੰਦਰ, ਕਾਮਰੇਡ ਸੁਖਿੰਦਰ, ਸੰਪਾਦਕ ਸੁਖਿੰਦਰ, ਸ਼ਾਇਰ ਸੁਖਿੰਦਰ----ਅਰੇ ਪਤਾ ਨੀ ਕਿੰਨਾ ਕੁਝ ਹੋਰ ਵੀ।  ਲੋਕ ਉਸ ਨਾਲ ਬਹਿਸਦੇ ਵੀ ਹਨ ਪਰ ਉਸ ਨਾਲ ਪਿਆਰ ਵੀ ਕਰਦੇ ਹਨ। ਉਹ ਨਿਸ਼ਾਨਾ ਬਣਦਾ ਵੀ ਹੈ ਅਤੇ ਬੇਲਿਹਾਜ਼ ਹੋ ਕੇ ਬਣਾਉਦਾ ਵੀ ਹੈ ਪਰ ਇਸ ਸਾਰੇ ਵਰਤਾਰੇ ਨਾਲ ਉਸ ਦੀਆਂ ਦੋਸਤੀਆਂ ਹੋਰ ਪੱਕੀਆਂ ਹੁੰਦੀਆਂ ਜਾਂਦੀਆਂ ਹਨ। ਉਹ ਦਾਰੂ ਪੀਣ ਦੀ ਗੱਲ ਸਾਰਿਆਂ ਸਾਹਮਣੇ ਕਬੂਲ ਕਰਦਿਆਂ ਦਾਰੂ ਦਾ ਸਮਰਥਨ ਵੀ ਕਰ ਸਕਦਾ ਹੈ ਪਰ ਨਾਲ ਹੀ ਇਹ ਉਪਦੇਸ਼ ਵੀ ਕਿ ਜੇ ਘਰ ਰੋਟੀ ਦੇ ਲਾਲੇ ਪਏ ਹੋਣ ਤਾਂ ਦਾਰੂ ਕੋਈ ਚੰਗੀ ਚੀਜ਼ ਨਹੀਂ। ਕੁਲ ਮਿਲਾ ਕੇ ਉਹ ਤੁਹਾਨੂੰ ਸੋਚਣ ਲਈ ਮਜਬੂਰ ਕਰਦਾ ਹੈ---ਬਈ ਸੋਚੋ--ਜਰੂਰ ਸੋਚੋ ਤੇ ਫਿਰ ਕੁਝ ਕਰੋ ਵੀ ਭਾਵੇਂ ਆਪਣੀ ਮਰਜ਼ੀ ਕਰ ਲਿਓ। ਉਹ ਆਪਣੇ ਵਿਚਾਰਾਂ ਦਾ ਇਸ਼ਾਰਾ ਜਰੂਰ ਦੇਂਦਾ ਹੈ ਪਰ ਆਪਣੀ ਮਰਜ਼ੀ ਕਦੇ ਥੋਪਦਾ  । ਉਹ ਸੁਖਿੰਦਰ ਅੱਜਕਲ੍ਹ  ਫਿਰ ਪੰਜਾਬ ਵਿੱਚ ਹੈ। ਪਿਛਲੇ ਦਿਨੀਂ ਰੇਡੀਓ ਸਟੇਸ਼ਨ ਵਿਖੇ ਚਾਰ ਕੁ ਘੰਟਿਆਂ ਦੇ ਫਰਕ ਅਤੇ ਪੂਰਵ ਨਿਸਚਿਤ ਰੁਝੇਵਿਆਂ ਕਾਰਣ ਸਾਡੀ ਮੁਲਾਕਾਤ ਨਹੀਂ ਹੋ ਸਕੀ। ਹੁਣ ਸੁਖਿੰਦਰ ਨੇ ਸਭ ਸੱਜਣਾਂ ਮਿੱਤਰਾਂ ਅਤੇ 'ਵਿਰੋਧੀਆਂ'  ਨੂੰ ਮਿਲਣਾ ਹੈ ਬਰਨਾਲਾ ਵਿਖੇ 17 ਫਰਵਰੀ ਨੂੰ। ਇਸ ਸਾਹਿਤਿਕ ਮਿਲਣੀ ਵਿੱਚ ਕਿਤਾਬਾਂ ਵੀ ਰਲੀਜ਼ ਹੋਣੀਆਂ ਹਨ ਅਤੇ ਕਵਿਤਾ ਦਰਬਾਰ ਦੇ ਨਾਲ ਕਈ ਹੋਰ ਵਿਚਾਰਾਂ ਵੀ। ਪੂਰਾ ਪ੍ਰੋਗਰਾਮ ਤੁਸੀਂ ਪੜ੍ਹ ਸਕਦੇ ਹੋ ਸੱਦਾ ਪੱਤਰ ਤੋਂ ਜਿਸਦੀ ਤਸਵੀਰ ਇਥੇ ਨਾਲ ਹੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਮਾਲਵਾ ਸਾਹਿਤ ਸਭਾ ਬਰਨਾਲਾ ਅਤੇ ਲਿਖਾਰੀ ਸਭਾ ਬਰਨਾਲਾ ਦੇ ਸਾਂਝੇ ਸਹਿਯੋਗ ਨਾਲ ਹੋ ਰਹੇ ਇਸ ਆਯੋਜਨ ਵਿੱਚ ਵਿਸ਼ਵ ਭਾਰਤੀ ਪ੍ਰਕਾਸ਼ਨ ਅਤੇ ਸੰਵਾਦ ਕਨੇਡਾ ਦਾ ਉੱਦਮ ਉਪਰਾਲਾ ਵੀ ਸ਼ਾਮਿਲ ਹੈ। ਉਮੀਦ ਕਰਨੀ ਬਣਦੀ ਹੈ ਕਿ ਇਸ ਸਾਂਝੀ ਕਲਮੀ ਇਕੱਤਰਤਾ ਨਾਲ ਸਾਹਿਤ ਅਤੇ ਭਾਸ਼ਾ ਬਾਰੇ ਕਈ ਹੋਰ ਨਵੀਆਂ ਅਤੇ ਠੋਸ ਯੋਜਨਾਵਾਂ ਦੇ ਰਾਹ ਵੀ ਉਲੀਕੇ ਜਾਣਗੇ। -- ਰੈਕਟਰ ਕਥੂਰੀਆ