ਲੋਕਾਂ ਦੀਆਂ ਖੁਸ਼ੀਆਂ 'ਤੇ ਝਪਟਦੀਆਂ ਇੱਲਾਂ ਨੂੰ ਫੁੰਡਣ ਦਾ ਸੰਕਲਪ ਸੀ ਇਹ ਸਮਾਗਮ
ਬਰਨਾਲਾ ਤੋਂ ਪਰਤ ਕੇ ਰੈਕਟਰ ਕਥੂਰੀਆ
ਆਮ ਚਰਚਾ ਹੁੰਦੀ ਹੈ ਕਿ ਕਲਿਯੁਗ ਆ ਗਿਐ ਹੁਣ ਇਸਦਾ ਕੋਈ ਬਦਲ ਨਹੀਂ ਪਰ ਬਰਨਾਲਾ ਦੀ ਧਰਤੀ ਤੇ ਇਕੱਠੇ ਹੋਏ ਲੋਕਾਂ ਦੇ ਸਮੁੰਦਰ ਨੇ ਇੱਕ ਨਵਾਂ ਬਦਲ ਉੱਸਰਦਾ ਦੇਖਿਆ। ਇਹ ਸਿਆਸੀ ਲੋਕਾਂ ਦਾ ਨਹੀਂ ਕਲਮਾਂ ਵਾਲਿਆਂ ਦਾ ਬਦਲ ਸੀ। ਲੋਕ ਪੱਖੀ ਕਲਮਾਂ ਵਾਲਿਆਂ ਦਾ। ਇੱਕ ਅਜਿਹਾ ਬਦਲ ਜੋ ਇੱਕੋ ਹੱਲੇ ਸਮਾਜ ਦੇ ਸਾਰੇ ਗੰਦ-ਮੰਦ ਨੂੰ ਹੂੰਝ ਕੇ ਕਿਤੇ ਦਫਨ ਕਰ ਦੇਵੇਗਾ। ਬਾਰ ਬਾਰ ਮਿਲਦੇ ਧੋਖਿਆਂ ਤੋਂ ਅੱਕੇ ਹੋਏ ਲੋਕਾਂ ਅਤੇ ਸਿਆਸੀ ਪਾਰਟੀਆਂ ਦੇ ਨਿੱਤ ਦਿਹਾੜੀ ਹੁੰਦੇ ਡਰਾਮਿਆਂ ਕਾਰਣ ਨਿਰਾਸ਼ ਹੋਏ ਲੋਕਾਂ ਨੂੰ ਹੋਂਸਲਾ ਦੇਣ ਦਾ ਕੰਮ ਕੀਤਾ ਅਜਮੇਰ ਸਿੰਘ ਔਲਖ ਸਨਮਾਨ ਸਮਾਰੋਹ ਨੇ। ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਬਸ ਇੱਕ ਬਹਾਨਾ ਹੀ ਬਣੀ ਅਸਲ ਵਿੱਚ ਇਹ ਲੋਕਾਂ ਦਾ ਸਨਮਾਨ ਸੀ, ਕਿਰਤ ਦਾ ਸਨਮਾਣ ਸੀ, ਹੱਕ ਸਚ ਲਈ ਉੱਠਦੀ ਆਵਾਜ਼ ਦਾ ਸਨਮਾਣ ਸੀ। ਇਸਦਾ ਥੀਮ ਗੀਤ ਸਮਾਗਮ ਤੋਂ ਬਾਅਦ ਵੀ ਕੰਨਾਂ ਵਿੱਚ ਬਾਰ ਬਾਰ ਗੂੰਜ ਰਿਹਾ ਸੀ-
ਪਾ ਗਲਵੱਕੜੀ ਕਿਰਤ ਕਲਾ ਸੰਗਰਾਮਾਂ ਦੀ,
ਏਹਦੇ ਸੀਨੇ ਧਮਕ ਹੈ ਲੋਕ ਤੁਫਾਨਾਂ ਦੀ।
ਏਨਾ ਵੱਡਾ ਇਕਠ ਅਤੇ ਉਹ ਵੀ ਸਵੈ ਅਨੁਸ਼ਾਸਨ ਵਿੱਚ--ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਪਾਰਕਿੰਗ ਤੋਂ ਲੈ ਕੇ ਲੰਗਰ ਤੱਕ ਇੱਕ ਘਰ ਵਰਗਾ ਮਾਹੌਲ ਸੀ। ਪਰਿਵਾਰ ਅਪਣਤ ਵਾਂਗ ਸਾਰਾ ਕੁਝ ਵਿੱਚ ਚੱਲ ਰਿਹਾ ਸੀ। ਪੰਡਾਲ ਵਿੱਚ ਵੀ ਕੁਰਸੀਆਂ ਨੂੰ ਲੈ ਕੇ ਕੋਈ ਧੂਹ ਨਹੀਂ ਸੀ। ਲੋਕ ਆਪਣੀਆਂ ਕੁਰਸੀਆਂ ਛੱਡ ਕੇ ਆਉਣ ਵਾਲੇ ਮਹਿਮਾਨਾਂ ਨੂੰ ਦੇ ਰਹੇ ਸਨ ਕਿਓਂਕਿ ਸਮਾਗਮ ਸੀ, ਕਿਰਤ ਦਾ ਸਮਾਗਮ ਸੀ, ਸੰਗਰਾਮ ਦਾ ਸਮਾਗਮ ਸੀ ਕੁਰਸੀਆਂ ਦੀ ਦੌੜ ਵਾਲਿਆਂ ਦਾ ਨਹੀਂ।
ਪੰਜਾਬ ਭਰ ਤੋਂ ਆਏ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਦਾਣਾ ਮੰਡੀ ਆਕਾਰ ਵਿੱਚ ਭਾਵੇਂ ਛੋਟੀ ਹੋਈ ਲੱਗ ਰਹੀ ਸੀ ਪਰ ਇਸ ਪੂਰੇ ਇਲਾਕੇ ਦਾ ਨਾਂਅ ਅੱਜ ਸਾਹਿਤਿਕ ਅਤੇ ਕਿਰਤੀ ਹਲਕਿਆਂ ਵਿੱਚ ਸ਼ਾਨ ਨਾਲ ਉੱਚਾ ਹੋਇਆ ਮਹਿਸੂਸ ਹੋ ਰਿਹਾ ਸੀ। ਜਦੋਂ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਭੇਟ ਕੀਤਾ ਗਿਆ ਤਾਂ ਓਹ ਪਲ ਬੜੇ ਭਾਵੁਕ ਸਨ। ‘ਗੁਰਸ਼ਰਨ
ਸਿੰਘ ਲੋਕ ਕਲਾ ਸਨਮਾਨ ਕਾਫ਼ਲਾ’ ਦੇ ਸੱਦੇ ’ਤੇ ਹੋਏ ਇਸ ‘ਇਨਕਲਾਬੀ ਸਲਾਮ ਕਾਫਲੇ’ ਨੇ ਇੱਕ ਵਾਰ ਫੇਰ ਦੋ ਮਹੀਨੇ ਤੱਕ ਦਿਨ ਰਾਤ ਇੱਕ ਕਰਕੇ ਚੱਲੀ ਲੰਮੀ ਤਿਆਰੀ ਤੋਂ ਬਾਅਦ ਸਾਬਿਤ ਕੀਤਾ ਕਿ ਹੁਣ ਲੋਕ ਉਸਾਰੂ ਤਬਦੀਲੀ ਲਈ ਸਿਆਸੀ ਲੀਡਰਾਂ ਵੱਲ ਨਹੀਂ ਬਲਕਿ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਵੱਲ ਦੇਖ ਰਹੇ ਹਨ। ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਦਿਨ ਰਾਤ ਇਸ ਮੁਹਿੰਮ ’ਚ
ਜੁਟੇ ਰਹੇ ਤੇ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਸੀ। ਇਹ ਲੋਕ ਨਾ ਤਾਂ ਨੰਗੇ ਨਾਚ ਦੇਖਣ ਆਏ ਸਨ ਅਤੇ ਨਾ ਹੀ ਕਿਸੇ ਫਿਲਮੀ ਹੀਰੋ ਜਾਨ ਹੀਰੋਇਨ ਨੂੰ ਦੇਖਣ। ਲਗਪਗ 500 ਪਿੰਡਾਂ ’ਚ ਨੁੱਕੜ ਨਾਟਕ ਅਤੇ ਇਨਕਲਾਬੀ ਕਲਾ ਸੰਗੀਤ
ਦੀਆਂ ਹਲੂਣਾ ਦੇਂਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਹਿਤ ਤੇ ਕਲਾ ਦੇ ਮਹੱਤਵ ਬਾਰੇ ਅਤੇ ਸ੍ਰੀ
ਔਲਖ ਦੀ ਭੂਮਿਕਾ ਬਾਰੇ ਬੜੀ ਹੀ ਸਾਦਗੀ ਨਾਲ ਦੱਸਿਆ ਗਿਆ। ਮਾਨਸਾ ਸਥਿਤ ਅਜਮੇਰ ਔਲਖ ਦੇ ਨਿਵਾਸ ਤੋਂ
ਉਨ੍ਹਾਂ ਦੇ ਪਰਿਵਾਰ ਸਮੇਤ ਰਵਾਨਾ ਹੋਣ ਵਾਲੇ ਪ੍ਰਸ਼ੰਸਕਾਂ ਦਾ ਕਾਫ਼ਲਾ ਜਦੋਂ ਬਰਨਾਲਾ
ਦਾਣਾ ਮੰਡੀ ’ਚ ਦਾਖ਼ਲ ਹੋਇਆ ਤਾਂ ਹਰ ਪਾਸੇ ਨਾਅਰਿਆਂ ਦੀ ਗੂੰਜ ਸੀ ਅਤੇ ਫੁੱਲਾਂ ਦੀ
ਵਰਖਾ ਹੋ ਰਹੀ ਸੀ। ਸ੍ਰੀ ਔਲਖ ਬਿਮਾਰੀ ਕਾਰਨ ਪੰਡਾਲ ’ਚ ਬਣੇ ਕੋਰੀਡੋਰ ਰਾਹੀਂ
ਵੀਲ-ਚੇਅਰ ਦੀ ਸਹਾਇਤਾ ਨਾਲ ਸਟੇਜ ’ਤੇ ਪੁੱਜੇ। ਬਿਮਾਰੀ ਅਤੇ ਥਕਾਵਟ ਦੇ ਬਾਵਜੂਦ ਸਰਦਾਰ ਔਲਖ ਦੇ ਚਿਹਰੇ ਮੁਸਕਾਣ ਜਿਹੜੀ ਆਪਣੀਆਂ ਨਾਲ ਮਿਲ ਕੇ ਸਹਿਜੇ ਹੀ ਆ ਪ੍ਰਗਟ ਹੋ ਜਾਂਦੀ ਹੈ।
ਸਮਾਗਮ ਦਾ ਮਾਹੌਲ ਵੀ ਬੜਾ ਕ੍ਰਾਂਤੀ ਰੰਗਿਆ ਸੀ। ਪੰਡਾਲ ਵਿੱਚ ਬੈਨਰਾਂ ’ਤੇ ਅਜਮੇਰ
ਸਿੰਘ ਔਲਖ ਦੀ ਕਲਾ ਬਾਰੇ, ਸਾਹਿਤ ਕਲਾ ਦੇ ਮੰਤਵ ਅਤੇ ਮਕਬੂਲ ਸਾਹਿਤਕਾਰਾਂ ਦੀਆਂ ਟੂਕਾਂ ਅੰਕਿਤ ਸਨ। ਮਹਿਮਾਣ ਗੈਲਰੀ ਗਦਰੀ ਜੰਗ ਵਿੱਚ ਯੋਗਦਾਨ ਪਾਉਣ ਵਾਲੀ ਗੁਲਾਬ ਕੌਰ ਨੂੰ ਸਮਰਪਿਤ ਕੀਤਾ ਗਿਆ ਸੀ। ਇਨਕਲਾਬੀ ਆਗੂ ਅਮੋਲਕ ਸਿੰਘ ਅਤੇ ਜ਼ੋਰਾ
ਸਿੰਘ ਨਸਰਾਲੀ ਵੱਲੋਂ ਮੰਚ ਦਾ ਸੰਚਾਲਨ ਬੜੇ ਹੀ ਸੰਤੁਲਿਤ ਅਤੇ ਜਜ਼ਬਾਤੀ ਢੰਗ ਨਾਲ ਚੱਲ ਰਿਹਾ ਸੀ।

ਸਮਾਗਮ ਦੇ ਅੰਤ ‘ਚ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ ’ਚ ਤਿਆਰ ਕੀਤੀ ਗਈ
ਕੋਰੀਓਗਰਾਫ਼ੀ ‘ਗਲਵੱਕੜੀ’ ਕਈ ਟੀਮਾਂ ਤੇ ਦਰਜਨਾਂ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ। ਇਸਦੀ ਧੁਨ, ਇਸਦੇ ਸ਼ਬਦ ਅਤੇ ਇਸਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੋ ਨਿੱਬੜੇ। ਇਸ ਗੀਤ ਦਾ ਅੰਤ ਇੰਝ ਸੀ ਜਿਵੇਂ ਲੋਕ ਕਿਸੇ ਗੂਹੜੀ ਨੀਂਦ ਵਿੱਚੋਂ ਅਭੜਵਾਹੇ ਉਠ ਬੈਠੇ ਹੋਣ। ਇਸਨੇ ਪੂਰੇ ਵਾਤਾਵਰਣ ਨੂੰ ਹਲੂਣ ਦਿੱਤਾ ਸੀ।
ਇਸ
ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਸ੍ਰੀ ਔਲਖ ਦੇ ਨਾਟਕਾਂ ਦੀਆਂ ਦੋ ਪੁਸਤਕਾਂ
‘ਮੇਰੇ ਸਾਰੇ ਇਕਾਂਗੀ’, ‘ਮੇਰੇ ਸਾਰੇ ਲਘੂ ਨਾਟਕ’ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ
ਬਿਨਾਂ ਦੋ ਹੋਰ ਪੁਸਤਕਾਂ ‘ਭੁੰਨੀ ਹੋਈ ਛੱਲੀ- ਜੀਵਨ ਯਾਦਾਂ’ ਅਤੇ ‘ਦੱਬੇ ਰੋਹ ਦੀ ਨਾਟਕੀ
ਜ਼ੁਬਾਨ’ ਵੀ ਇਸ ਮੌਕੇ ਰਿਲੀਜ਼ ਕੀਤੀਆਂ ਗਈਆਂ। ਇਸ ਤਰਾਂ ਇਹ ਕਲਮੀ ਮੇਲਾ ਵਿਦਾ ਹੋ ਗਿਆ ਛੇਤੀ ਹੀ ਮੁੜ ਮਿਲਣ ਦੇ ਵਾਅਦੇ ਨਾਲ--ਨਵਾਂ ਜੋਸ਼, ਨਵੀਂ ਉਮੰਗ ਅਤੇ ਨਵੇਂ ਉਤਸ਼ਾਹ ਦੇ ਨਾਲ।
No comments:
Post a Comment