Showing posts with label AIDS. Show all posts
Showing posts with label AIDS. Show all posts

Monday, November 25, 2024

ਫ਼ਿਰੋਜ਼ਪੁਰ: ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਸੈਮੀਨਾਰ

 From Harmeet Vidiarthy 25th November 2014 at 14:14 Regarding  Seminar 

ਨਗਿੰਦਰ ਕਲਾ ਮੰਚ ਵੱਲੋਂ ਯਾਦਗਾਰੀ ਨਾਟਕ ਵੀ ਖੇਡਿਆ ਗਿਆ 


ਫ਼ਿਰੋਜ਼ਪੁਰ
: 25 ਨਵੰਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ)::

ਅੱਜ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿੱਚ ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੈਡਮ ਮੋਨਿਕਾ ਬੇਦੀ ਕੌਂਸਲਰ ਸਿਵਲ ਹਸਪਤਾਲ ਮੁੱਖ ਬੁਲਾਰੇ ਦੇ ਤੌਰ ਤੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਮੈਡਮ ਮੋਨਿਕਾ ਬੇਦੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਪੌਜ਼ਿਟਿਵ ਨੂੰ ਏਡਜ਼ ਬਣਨ ਤੋਂ ਰੋਕਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

ਇਸ ਮੌਕੇ ਤੇ ਨਗਿੰਦਰ ਕਲਾ ਮੰਚ ਵੱਲੋਂ ਜਸਵੀਰ ਸਿੰਘ ਦੀ ਅਗਵਾਈ ਵਿੱਚ ਨਾਟਕ ਟੀਮ ਨੇ ਏਡਜ਼ ਬਾਰੇ ਆਪਣਾ ਨਾਟਕ ਪੇਸ਼ ਕੀਤਾ। ਸਕੂਲ ਦੀ ਹੋਣ ਹਾਰ ਵਿਦਿਆਰਥਣ ਮਨਜੋਤ ਕੌਰ ਨੇ ਨਸ਼ਿਆਂ ਦੇ ਖ਼ਿਲਾਫ਼ ਆਪਣੀ ਲਿਖੀ ਰਚਨਾ 'ਛੇਵਾਂ ਦਰਿਆ' ਸਾਂਝੀ ਕੀਤੀ। ਸਕੂਲ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ ਨਸ਼ਿਆਂ ਦੇ ਸਮਾਜ ਵਿੱਚ ਮਾੜੇ ਅਸਰ ਬਾਰੇ ਨਾਟਕ ਖੇਡਿਆ। ਪਿੰਡ ਵਾਸੀਆਂ ਨੇ ਸਕੂਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਸਕੂਲ ਮੁਖੀ ਸ਼੍ਰੀਮਤੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਉਪਰਾਲਿਆਂ ਦੀ ਲੋੜ ਤੇ ਜ਼ੋਰ ਦਿੱਤਾ। ਇਸ ਆਯੋਜਨ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਦੇ ਲੈਕਚਰਾਰ ਦੀਪਕ ਗੁਪਤਾ ਅਤੇ ਕਰਨ ਆਨੰਦ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਹਰਜੀਤ, ਸਰਪੰਚ ਰਾਜ,ਦਿਲਬਾਗ ਸਿੰਘ ਅਤੇ ਪ੍ਰਵਿੰਦਰ ਸਿੰਘ ਬੱਗਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਸੈਮੀਨਾਰ ਦੇ ਅੰਤ ਵਿੱਚ ਸਕੂਲ ਮੁਖੀ  ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ। ਅੰਤ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਵੱਲੋਂ ਸਕੂਲ ਮੁਖੀ ਰਮਿੰਦਰ ਕੌਰ ਅਤੇ ਕੌਂਸਲਰ ਮੋਨਿਕਾ ਬੇਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਆਯੋਜਨ ਬਹੁਤ ਹੀ ਸਿੱਖਿਆਦਾਇਕ ਅਤੇ ਯਾਦਗਾਰੀ ਰਿਹਾ। 

Monday, January 15, 2018

GCG: ਏਡਜ਼ ਜਾਗਰੂਕਤਾ ਦਿਵਸ ਮਨਾਇਆ

Mon, Jan 15, 2018 at 3:06 PM
ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਏਡਜ਼ ਲਗਾਤਾਰ ਦੁਨੀਆ ਦੀ ਇੱਕ ਵੱਡੀ ਮਹਾਂਮਾਰੀ ਬਣੀ ਹੋਈ ਹੈ। ਪ੍ਰਚਾਰ ਅਤੇ ਜਾਗਰੂਕਤਾ ਨਾਲ ਇਸ ਦੀ ਮਾਰ ਨੂੰ ਰੋਕਣ ਵਿੱਚ ਕਾਫੀ ਮਦਦ ਵੀ ਮਿਲੀ ਹੈ ਲੇਕਿਨ ਅਜੇ ਵੀ ਇਸਦਾ ਖਤਰਾ ਘੱਟ ਨਹੀਂ ਹੋਇਆ। ਇਸਤੋਂ ਬਚਾਓ ਲਈ ਸਭ ਤੋਂ ਵੱਧ ਜ਼ਰੂਰੀ ਹੈ ਸੰਜਮ ਅਤੇ ਜਾਗਰੂਕਤਾ। ਇਸ ਮਕਸਦ ਲਈ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਵੱਲੋਂ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਏ. ਭਾਗ ਪਹਿਲਾ ਦੀ ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪ੍ਰਭਜੋਤ ਕੌਰ ਤੇ ਅਨੁਸ਼ਕਾ ਜੈਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਐਮ.ਏ. ਭਾਗ ਦੂਜਾ ਦੀ ਅਮਨਦੀਪ ਕੌਰ ਅਤੇ ਬੀ.ਏ. ਭਾਗ ਪਹਿਲਾ ਸ਼ਿਵਾਨੀ ਨੇ ਹੌਸਲਾ ਵਧਾਉ ਇਨਾਮ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੀ ਜਸਮੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਐਮ.ਏ. ਭਾਗ ਪਹਿਲਾ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆ ਦੇ ਅੰਤ ਤੇ ਡਾ. ਜਸਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।   
   

Wednesday, March 18, 2015

ਲੋਕਾਂ ਦੇ ਦਿਲਾਂ ਅਤੇ ਸੋਸ਼ਲ ਮੀਡੀਆ ਤੇ ਛਾਏ ਚਿਹਰੇ

ਇਸ ਵਾਰ ਚਰਚਾ ਮਨੁੱਖਤਾ ਦੇ ਭਲੇ ਲਈ ਸਮਰਪਿਤ ਜਿਓਤਸਨਾ ਦੀ
ਲੁਧਿਆਣਾ: 17 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜਕਲ੍ਹ ਜਦੋਂ  ਲੋਕ ਆਪਣੇ ਸਵਾਰਥ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੋਚਦੇ ਬੜੀ ਚਿੰਤਾ ਹੁੰਦੀ ਹੈ ਕਿ  ਦੁਨੀਆ  ਕਿਧਰ ਨੂੰ ਜਾ ਰਹੀ ਹੈ। "ਬਾਪ ਬੜਾ ਨ ਭਈਆ ਸਬਸੇ ਬੜਾ ਰੁਪਈਆ" ਦੀ ਸੋਚ ਵਾਲੇ ਇਸ ਵਰਤਾਰੇ ਵਿੱਚ ਹੁਣ ਓਹ ਲੋਕ ਵੀ ਸ਼ਾਮਲ ਹੁੰਦੇ ਜਾ  ਰਹੇ ਹਨ ਜਿਹਨਾਂ ਨੇ ਧੋਖਿਆਂ ਅਤੇ ਬੇਵਫਾਈਆਂ ਦੇ ਦਰਦ ਹੱਡੀਂ ਹੰਡਾਏ ਹਨ। ਕੁਝ ਭੈੜੇ ਵਿਅਕਤੀਆਂ ਦੀਆਂ ਜ਼ਿਆਦਤੀਆਂ ਦਾ ਬਦਲਾ ਓਹ ਉਹਨਾਂ ਕੋਲੋਂ ਲੈਣ ਦੀ ਬਜਾਏ ਕੁਝ ਭਲੇ ਅਤੇ ਨਿਰਦੋਸ਼ ਲੋਕਾਂ ਕੋਲੋਂ ਲੈਣ ਤੁਰ ਪੈਂਦੇ ਹਨ। ਦੁਸ਼ਮਣਾਂ ਸਾਹਮਣੇ ਵੱਸ ਨਾ ਚੱਲਦਾ ਦੇਖ ਓਹ ਦੋਸਤਾਂ ਨੂੰ ਆਪਣੀਆਂ ਚਲਾਕੀਆਂ ਦਿਖਾਉਣ ਤੁਰ ਪੈਂਦੇ ਹਨ। ਬਣੀਆ  ਸੋਚ ਦੇ ਧਾਰਣੀ  ਹੋ ਚੁੱਕੇ ਇਹਨਾਂ ਲੋਕਾਂ ਦੀ ਸਾਰੀ ਉਮਰ ਨਫੇ ਨੁਕਸਾਨ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਗੁਜ਼ਰ ਜਾਂਦੀ ਹੈ ਅਤੇ ਇਹ ਲੋਕ ਸਰੀਰ ਵਜੋਂ ਵਿਚਰਦੇ ਹੋਏ ਸਰੀਰ ਵੱਜੋਂ ਹੀ ਖਤਮ ਹੋ ਜਾਂਦੇ ਹਨ। ਆਤਮਾ-ਪ੍ਰਮਾਤਮਾ ਜਾਂ ਜਾਗਦੀ ਜ਼ਮੀਰ  ਵਾਲੀਆਂ ਗੱਲਾਂ ਇਹਨਾਂ ਲੋਕਾਂ ਲਈ ਸਿਰਫ ਕਿਤਾਬੀ ਗਲਾਂ ਹੁੰਦੀਆਂ ਹਨ। ਇਸੇ ਦੌਰਾਨ ਵਾਟਸਅਪ ਤੇ ਕੁਝ ਤਸਵੀਰਾਂ ਮਿਲੀਆਂ ਜਿਹਨਾਂ ਵਿੱਚ ਚੰਗੇ ਕਰਮਾਂ ਦੀਆਂ ਗੱਲਾਂ ਸਨ ਜ਼ਿੰਦਗੀ ਤੋਂ ਬਾਅਦ ਵੀ ਜਿਊਂਦੇ ਰਹਿਣ ਦੇ ਨੁਸਖੇ ਸਨ ਪਰ ਸਚਮੁਚ ਦੀ ਜ਼ਿੰਦਗੀ  ਵਿੱਚ ਕੋਈ ਚੇਹਰਾ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਇਹਨਾਂ ਭਾਵਨਾਵਾਂ ਪ੍ਰਤੀ ਸਮਰਪਿਤ ਹੋਵੇ। ਜਿਓਤਸਨਾ ਅਤੇ ਉਸਦੀ ਟੀਮ ਬਾਰੇ ਪਤਾ ਲੱਗਣ ਤੇ  ਫੇਰ ਵਿਸ਼ਵਾਸ ਹੋਣ ਲੱਗ ਪਿਆ ਕਿ ਅਜਿਹੇ ਲੋਕ ਅੱਜ ਦੇ ਸਵਾਰਥ ਪੂਰਣ ਯੁਗ ਵਿੱਚ ਵੀ ਮੌਜੂਦ ਹਨ।
ਬਿਰਧ ਆਸ਼ਰਮ  ਵਿੱਚ ਜਿਓਤਸਨਾ ਅਤੇ ਉਸਦੀ ਟੀਮ
ਬੜੀ ਛੋਟੀ ਜਿਹੀ ਉਮਰ ਵਿੱਚ ਹੀ ਕਈ ਮਾਣ ਸਨਮਾਣ ਲੈਣ ਵਾਲੀ ਜਿਓਤਸਨਾ ਦੇਸ਼ ਵਿਦੇਸ਼ ਵਿੱਚ ਘੁੰਮ ਕੇ ਵੀ ਆਪਣੇ ਦੇਸ਼ ਨੂੰ ਨਹੀਂ ਭੁੱਲੀ। ਵਿਦੇਸ਼ੀ ਸਵਰਗਾਂ ਦੇ ਨਜ਼ਾਰੇ ਦੇਖ ਕੇ ਵੀ ਉਹ ਆਪਣੇ ਦੇਸ਼ ਪ੍ਰਤੀ ਸੁਚੇਤ ਰਹਿੰਦੀ ਹੈ। ਦੇਸ਼ ਪਰਤ ਕੇ ਉਹ ਆਪਣੇ ਦੇਸ਼ ਨੂੰ ਵੀ ਸਵਰਗ ਬਣਾਉਣ ਲਈ  ਉੱਦਮ ਕਰਦੀ ਹੈ। ਕਦੇ ਥੈਲਾਸੀਮਿਕ ਬੱਚਿਆਂ ਲਈ  ਬਲੱਡ ਕੈਪ, ਕਦੇ ਕੁੜੀਆਂ ਲਈ  ਫ੍ਰੀ ਸੈਲਫ ਡਿਫੈਂਸ ਦੀ ਟ੍ਰੇਨਿੰਗ ਅਤੇ ਕਦੇ ਨਸ਼ਿਆਂ ਦੇ ਖਿਲਾਫ਼ ਕਿਸੇ ਸਰਗਰਮ ਅੰਦੋਲਨ ਵਿੱਚ।
ਇਸ ਵਾਰ ਉਹ ਪੁੱਜੀ ਹੰਬੜਾ ਰੋਡ ਤੇ ਸਥਿਤ ਪਿੰਡਾਂ ਵਿੱਚ। ਮਕਸਦ ਸੀ ਏਡਸ  ਦੇ ਖਿਲਾਫ਼ ਜਾਗਰੂਕਤਾ ਲਿਆਉਣਾ। ਉਸਦੇ ਨਾਲ ਸਨ ਦੀਕਸ਼ਾ, ਭਾਵਿਆ ਅਤੇ ਹੋਰ ਸਹੇਲੀਆਂ।  ਪਿੰਡ ਦੀ ਸਰਪੰਚ ਪਰਮਜੀਤ ਕੌਰ ਕੋਲੋਂ ਬਾਕਾਇਦਾ ਇਜ਼ਾਜ਼ਤ ਅਤੇ ਆਸ਼ੀਰਵਾਦ ਲੈ ਕੇ ਜਿਓਤਸਨਾ ਦੀ ਟੀਮ ਨੇ ਪਿੰਡਾਂ ਦੀਆਂ ਗਲੀਆਂ ਵਿੱਚ ਰਾਊਂਡ ਲਾਇਆ ਅਤੇ ਲੋਕਾਂ ਨੂੰ ਪੰਜਾਬੀ ਵਿੱਚ ਛਪੇ ਪਰਚੇ ਵੀ ਵੰਡੇ। ਉਮੀਦ ਹੈ ਇਸ ਕੁੜੀ ਦੀਆਂ ਕੋਸ਼ਿਸ਼ਾਂ ਸਮਾਜ ਨੂੰ ਬਣਾਉਣ ਲਈ  ਛੇਤੀ ਹੀ ਆਪਣੇ ਕਾਫ਼ਿਲੇ ਨੂੰ ਹੋਰ ਵੱਡਾ ਕਰ ਲੈਣਗੀਆਂ।

Wednesday, December 11, 2013

Gadvasu: ਏਡਜ਼ ਸਬੰਧੀ ਵਧਾਈ ਜਾਗਰੂਕਤਾ

ਵੈਟਨਰੀ ਯੂਨੀਵਰਸਿਟੀ ਦੇ NSS ਵਲੰਟੀਅਰਾਂ ਨੇ ਕੀਤਾ ਇੱਕ ਹੋਰ ਕਮਾਲ 
ਲੁਧਿਆਣਾ-10-ਦਸੰਬਰ-2013: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ  ਦੇ ਫ਼ਿਸ਼ਰੀਜ਼ ਕਾਲਜ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਕੌਮੀ ਸੇਵਾ ਯੋਜਨਾ (ਐਨ.ਐਸ. ਐਸ.) ਦੇ ਵਿਦਿਆਰਥੀਆਂ ਨੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿੱਚ ਇਕ ਵਿਸ਼ੇਸ਼ ਸੈਮੀਨਾਰ ਕੀਤਾ।ਜਿਸ ਵਿੱਚ ਏਡਜ਼ ਸਬੰਧੀ ਜਾਗਰੂਕਤਾ ਨੂੰ ਪ੍ਰਚਾਰਿਆ ਗਿਆ।ਯੂਨੀਵਰਸਿਟੀ ਦੇ ਐਨ.ਐਸ. ਐਸ. ਸੰਯੋਜਕ ਡਾ. ਸਯੱਦ ਹਸਨ ਨੇ ਦੱਸਿਆ ਕਿ ਸੈਮੀਨਾਰ ਮੌਕੇ ਵਿਦਿਆਰਥੀਆਂ ਨੇ ਏਡਜ਼ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਦਾ ਅਹਿਦ ਕੀਤਾ ਉੱਥੇ ਨਾਲ ਹੀ ਇਸ ਸਬੰਧੀ ਜਾਗਰੂਕਤਾ ਮਹਿੰਮ ਵੀ ਸ਼ੁਰੂ ਕੀਤੀ।ਇਹ ਸੈਮੀਨਾਰ ਫਲੋਰਾ ਐਂਡ ਫੋਨਾ ਸੋਸਾਇਟੀ ਜੋ ਕਿ ਵਾਤਾਵਰਣ ਸੰਭਾਲ ਲਈ ਕੰਮ ਕਰਦੀ ਹੈ ਉਸਦੇ ਸਹਿਯੋਗ ਨਾਲ ਕੀਤਾ ਗਿਆ।ਸੈਮੀਨਾਰ ਵਿੱਚ ਦੱਸਿਆ ਗਿਆ ਕਿ ਬਿਮਾਰੀ ਕਿਸ ਤਰ੍ਹਾਂ ਹੁੰਦੀ ਹੈ ਕਿਵੇਂ ਵੱਧਦੀ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ।ਡਾ. ਹਸਨ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਜਿੱਥੇ ਸਦਾਚਾਰੀ ਜੀਵਨ ਅਪਨਾਉਣ ਦੀ ਜਰੂਰਤ ਹੈ ਉੱਥੇ ਬਿਮਾਰੀ ਦੇ ਹੋਰ ਕਾਰਣ ਜਿਵੇਂ ਨਸ਼ਿਆਂ ਦੇ ਟੀਕੇ ਲਗਾਉਣੇ, ਅਸ਼ੁੱਧ ਟੀਕਾ ਸਰਿੰਜਾਂ ਦੀ ਵਰਤੋਂ ਕਰਨੀ ਆਦਿ ਕਾਰਣਾਂ ਤੋਂ ਬਚਣਾ ਚਾਹੀਦਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜ, ਸਿਹਤ, ਸਿੱਖਿਆ, ਰਾਜਨੀਤੀ, ਧਰਮ ਅਤੇ ਹੋਰ ਕਾਰਜਾਂ ਲਈ ਕੰਮ ਕਰਦੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਜਾਗਰੂਕ ਕਰਨ ਦੇ ਨਾਲ ਇਸ ਬਿਮਾਰੀ ਵਿੱਚ ਗ੍ਰਸੇ ਲੋਕਾਂ ਦੀ ਸਿਹਤਯਾਬੀ ਅਤੇ ਚੰਗੇ ਇਲਾਜ ਲਈ ਵੀ ਕੰਮ ਕੀਤਾ ਜਾਏ।ਡਾ.  ਹਸਨ ਨੇ ਐਨ.ਐਸ. ਐਸ. ਵਲੰਟੀਅਰਾਂ ਦੀ ਪ੍ਰਸੰਸਾ ਕੀਤੀ ਕਿ ਜਿੱਥੇ ਉਨ੍ਹਾਂ ਲੁਧਿਆਣਾ, ਜਲੰਧਰ, ਰੋਪੜ, ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਮੋਹਾਲੀ ਅਤੇ ਸੰਗਰੂਰ ਜ਼ਿਲਿਆਂ ਵਿੱਚ ਏਡਜ਼ ਦੇ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਉੱਥੇ ਨਾਲ ਲਗਦੇ ਸੂਬਿਆਂ ਵਿੱਚ ਵੀ ਰੈਲੀਆਂ ਕੱਢ ਕੇ ਲੋਕਾਂ ਨੂੰ ਸਿੱਖਿਅਤ ਕੀਤਾ।ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਲੋਕਾਂ ਨਾਲ ਹਮਦਰਦੀ ਵਾਲਾ ਰਵਈਆ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਬਿਮਾਰੀ ਕਿਸੇ ਸਾਧਾਰਣ ਸੰਪਰਕ ਨਾਲ ਨਹੀਂ ਫੈਲਦੀ ਜਾਂ ਵੱਧਦੀ।ਸਿਹਤਮੰਦ ਸਮਾਜ ਲਈ ਸਿਹਤਮੰਦ ਲੋਕਾਂ ਦਾ ਹੋਣਾ ਬਹੁਤ ਜਰੂਰੀ ਹੈ ਇਸ ਲਈ ਲੋਕਾਂ ਦੀ ਸਿਹਤ ਨੂੰ ਸਮਾਜ ਦੀ ਸਿਹਤ ਮੰਨ ਕੇ ਵਿਚਾਰਨਾ ਚਾਹੀਦਾ ਹੈ।ਡੇਅਰੀ ਸਾਇੰਸ ਕਾਲਜ ਦੇ ਡਾ. ਅਮਿਤ ਕੁਮਾਰ ਅਤੇ ਫਲੋਰਾ ਅਤੇ ਫੋਨਾ ਸੋਸਾਇਟੀ ਦੇ ਨੁਮਾਇੰਦੇ ਵੀ ਇਸ ਮੌਕੇ ਤੇ ਮੌਜੂਦ ਸਨ।

Thursday, February 28, 2013

ਏਡਸ ਅਤੇ ਨਸ਼ਿਆਂ ਦੇ ਖਿਲਾਫ਼ ਸਰਗਰਮ ਇੱਕ ਹੋਰ ਕਾਫ਼ਿਲਾ

ਫਿਲਮੀ ਹੀਰੋ ਸਤੀਸ਼ ਕੌਲ ਨੇ ਵੀ ਕੀਤਾ ਹਰ ਕਦਮ ਨਾਲ ਤੁਰਨ ਦਾ ਐਲਾਨ
ਜ਼ਿੰਦਗੀ ਫਿਲਮੀ ਦੁਨੀਆ ਦੇ ਰੰਗੀਨ ਮਾਹੌਲ ਵਿੱਚ ਗੁਜ਼ਰੀ ਹੋਵੇ ਤਾਂ ਬੁਢਾਪੇ ਦੀਆਂ ਕੌੜੀਆਂ ਹਕੀਕਤਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ। ਪਰ ਕੁਝ ਲੋਕ ਇੱਕ ਵਾਰ ਫੇਰ ਨਿੱਤਰੇ ਨੇ  ਤੁਫਾਨਾਂ ਦੇ ਬਾਵਜੂਦ ਹਨੇਰੀਆਂ ਰਾਤਾਂ ਵਿੱਚ ਚਿਰਾਗ ਜਗਾਉਣ। ਦਿਲਚਸਪ ਗੱਲ ਹੈ ਕਿ ਇਹ ਹੁਣ ਪੂਰਾ ਕਾਫ਼ਿਲਾ ਬਣ ਗਿਆ ਹੈ ਜਿਸਦਾ ਨਿਸ਼ਾਨਾ ਹੈ ਪੰਜਾਬ ਵਿੱਚੋਂ ਨਸ਼ਿਆਂ ਦਾ ਕੋਹੜ ਵਢਣਾ  ਅਤੇ ਪੰਜਾਬ ਦੀ ਪਾਵਨ ਧਰਤੀ ਨੂੰ ਪੂਰੀ ਤਰ੍ਹਾਂ ਏਡਸ ਤੋਂ ਰਹਿਤ ਕਰਨਾ।  ਕਾਫ਼ਿਲੇ ਦੀ ਅਗਵਾਈ ਕਰ ਰਹੇ ਹਨ ਲੁਧਿਆਣਾ ਵਿਚਲੇ ਕੋਟਨਿਸ ਹਸਪਤਾਲ ਦੇ ਮੁਖੀ ਡਾਕਟਰ ਇੰਦਰਜੀਤ ਸਿੰਘ ਢੀੰਗਰਾ, ਪੰਜਾਬੀ ਫਿਲਮੀ ਦੁਨੀਆ ਦੀ ਮੰਨੇ ਪ੍ਰਮੰਨੇ ਹੀਰੋ ਸਤੀਸ਼ ਕੌਲ ਅਤੇ ਕੈੰਸਰ ਵਰਗੀ ਬਿਮਾਰੀ ਨੂੰ ਵੀ ਹਰਾ ਦੇਣ ਵਾਲੀ ਡਾਕਟਰ ਮੈਡਮ ਐਸ ਕੇ ਬਲ।

ਇਸ ਕਾਫ਼ਿਲੇ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ  ਕੁਝ ਉਹਨਾਂ ਲੋਕਾਂ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ ਜਿਹਨਾਂ ਨੇ ਇਸ ਕਾਫ਼ਿਲੇ ਆਸਰੇ ਨਸ਼ਿਆਂ ਦੀਆਂ ਜੰਜੀਰਾਂ ਨੂੰ ਤੋੜ ਕੇ ਇਕ ਨਵੀਂ ਜਿੰਦਗੀ ਸ਼ੁਰੂ ਕੀਤੀ ਹੈ। ਨਸ਼ਾ ਮੁਕਤ ਸਿਹਤਮੰਦ ਜਿੰਦਗੀ। ਸਮਾਗਮ ਵਿੱਚ ਫਿਲਮੀ ਹੀਰੋ ਸਤੀਸ਼ ਕੌਲ ਨੇ ਸਾਰੀਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਉਹ ਇਸ ਕਾਫ਼ਿਲੇ ਦੇ ਨਾਲ ਪੰਜਾਬ ਦੀ ਹਰ ਨੁੱਕਰ, ਹਰ ਗਾਲੀ ਵਿੱਚ ਜਾਣਗੇ ਭਾਵੇਂ ਉਹਨਾਂ ਨੂੰ ਪੈਦਲ ਹੀ ਕਿਓਂ ਨਾ ਤੁਰਨਾ ਪਵੇ। ਉਹਨਾਂ ਸਟੇਜ ਤੋਂ ਇਹ ਐਲਾਨ ਵੀ ਕੀਤਾ ਕਿ ਜੇ ਉਹਨਾਂ ਨੂੰ ਪਿਤਾ ਦੇ ਰੋਲ ਵਾਲੀਆਂ ਕੁਝ ਫਿਲਮਾਂ ਮਿਲੀਆਂ ਤਾਂ ਉਸ ਆਮਦਨ ਵਿੱਚੋਂ ਵੀ ਉਹ ਘਟੋਘੱਟ ਦਸ ਫੀਸਦੀ ਰਕਮ ਇਸ ਨੇਕ ਮਕਸਦ ਲਈ ਵੀ ਜਰੂਰ ਦੀਆ ਕਰਨਗੇ।
ਸਮਾਗਮ ਵਿੱਚ ਡਿਊਟੀ ਨੂੰ ਇਬਾਦਤ ਸਮਝਣ ਵਾਲੇ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਸੂਚ ਵੀ ਮੌਜੂਦ ਸਨ ਅਤੇ ਕਈ ਹੋਰ ਸ਼ਖਸੀਅਤਾਂ ਵੀ। --ਰੈਕਟਰ ਕਥੂਰੀਆ //ਐਸ ਕੇ ਗੋਗਨਾ 

ਕੁਝ ਹੋਰ ਵੇਰਵਾ ਅਗਲੀ ਪੋਸਟ ਵਿੱਚ