Monday, January 15, 2018

GCG: ਏਡਜ਼ ਜਾਗਰੂਕਤਾ ਦਿਵਸ ਮਨਾਇਆ

Mon, Jan 15, 2018 at 3:06 PM
ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਏਡਜ਼ ਲਗਾਤਾਰ ਦੁਨੀਆ ਦੀ ਇੱਕ ਵੱਡੀ ਮਹਾਂਮਾਰੀ ਬਣੀ ਹੋਈ ਹੈ। ਪ੍ਰਚਾਰ ਅਤੇ ਜਾਗਰੂਕਤਾ ਨਾਲ ਇਸ ਦੀ ਮਾਰ ਨੂੰ ਰੋਕਣ ਵਿੱਚ ਕਾਫੀ ਮਦਦ ਵੀ ਮਿਲੀ ਹੈ ਲੇਕਿਨ ਅਜੇ ਵੀ ਇਸਦਾ ਖਤਰਾ ਘੱਟ ਨਹੀਂ ਹੋਇਆ। ਇਸਤੋਂ ਬਚਾਓ ਲਈ ਸਭ ਤੋਂ ਵੱਧ ਜ਼ਰੂਰੀ ਹੈ ਸੰਜਮ ਅਤੇ ਜਾਗਰੂਕਤਾ। ਇਸ ਮਕਸਦ ਲਈ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਵੱਲੋਂ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਏ. ਭਾਗ ਪਹਿਲਾ ਦੀ ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪ੍ਰਭਜੋਤ ਕੌਰ ਤੇ ਅਨੁਸ਼ਕਾ ਜੈਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਐਮ.ਏ. ਭਾਗ ਦੂਜਾ ਦੀ ਅਮਨਦੀਪ ਕੌਰ ਅਤੇ ਬੀ.ਏ. ਭਾਗ ਪਹਿਲਾ ਸ਼ਿਵਾਨੀ ਨੇ ਹੌਸਲਾ ਵਧਾਉ ਇਨਾਮ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੀ ਜਸਮੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਐਮ.ਏ. ਭਾਗ ਪਹਿਲਾ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆ ਦੇ ਅੰਤ ਤੇ ਡਾ. ਜਸਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।   
   

No comments: