Monday, November 25, 2024

ਫ਼ਿਰੋਜ਼ਪੁਰ: ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਸੈਮੀਨਾਰ

 From Harmeet Vidiarthy 25th November 2014 at 14:14 Regarding  Seminar 

ਨਗਿੰਦਰ ਕਲਾ ਮੰਚ ਵੱਲੋਂ ਯਾਦਗਾਰੀ ਨਾਟਕ ਵੀ ਖੇਡਿਆ ਗਿਆ 


ਫ਼ਿਰੋਜ਼ਪੁਰ
: 25 ਨਵੰਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ)::

ਅੱਜ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿੱਚ ਏਡਜ਼ ਅਤੇ ਡਰਗਜ਼ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੈਡਮ ਮੋਨਿਕਾ ਬੇਦੀ ਕੌਂਸਲਰ ਸਿਵਲ ਹਸਪਤਾਲ ਮੁੱਖ ਬੁਲਾਰੇ ਦੇ ਤੌਰ ਤੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਮੈਡਮ ਮੋਨਿਕਾ ਬੇਦੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਪੌਜ਼ਿਟਿਵ ਨੂੰ ਏਡਜ਼ ਬਣਨ ਤੋਂ ਰੋਕਣ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 

ਇਸ ਮੌਕੇ ਤੇ ਨਗਿੰਦਰ ਕਲਾ ਮੰਚ ਵੱਲੋਂ ਜਸਵੀਰ ਸਿੰਘ ਦੀ ਅਗਵਾਈ ਵਿੱਚ ਨਾਟਕ ਟੀਮ ਨੇ ਏਡਜ਼ ਬਾਰੇ ਆਪਣਾ ਨਾਟਕ ਪੇਸ਼ ਕੀਤਾ। ਸਕੂਲ ਦੀ ਹੋਣ ਹਾਰ ਵਿਦਿਆਰਥਣ ਮਨਜੋਤ ਕੌਰ ਨੇ ਨਸ਼ਿਆਂ ਦੇ ਖ਼ਿਲਾਫ਼ ਆਪਣੀ ਲਿਖੀ ਰਚਨਾ 'ਛੇਵਾਂ ਦਰਿਆ' ਸਾਂਝੀ ਕੀਤੀ। ਸਕੂਲ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ ਨਸ਼ਿਆਂ ਦੇ ਸਮਾਜ ਵਿੱਚ ਮਾੜੇ ਅਸਰ ਬਾਰੇ ਨਾਟਕ ਖੇਡਿਆ। ਪਿੰਡ ਵਾਸੀਆਂ ਨੇ ਸਕੂਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਸਕੂਲ ਮੁਖੀ ਸ਼੍ਰੀਮਤੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਉਪਰਾਲਿਆਂ ਦੀ ਲੋੜ ਤੇ ਜ਼ੋਰ ਦਿੱਤਾ। ਇਸ ਆਯੋਜਨ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਦੇ ਲੈਕਚਰਾਰ ਦੀਪਕ ਗੁਪਤਾ ਅਤੇ ਕਰਨ ਆਨੰਦ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਹਰਜੀਤ, ਸਰਪੰਚ ਰਾਜ,ਦਿਲਬਾਗ ਸਿੰਘ ਅਤੇ ਪ੍ਰਵਿੰਦਰ ਸਿੰਘ ਬੱਗਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

ਸੈਮੀਨਾਰ ਦੇ ਅੰਤ ਵਿੱਚ ਸਕੂਲ ਮੁਖੀ  ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਵਿਦਿਆਰਥੀਆਂ, ਨੌਜਵਾਨ ਪੀੜ੍ਹੀ ਅਤੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੇ ਹਨ। ਅੰਤ ਵਿੱਚ ਸਰਕਾਰੀ ਪੌਲੀਟੈਕਨਿਕ ਫ਼ਿਰੋਜ਼ਪੁਰ ਵੱਲੋਂ ਸਕੂਲ ਮੁਖੀ ਰਮਿੰਦਰ ਕੌਰ ਅਤੇ ਕੌਂਸਲਰ ਮੋਨਿਕਾ ਬੇਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਆਯੋਜਨ ਬਹੁਤ ਹੀ ਸਿੱਖਿਆਦਾਇਕ ਅਤੇ ਯਾਦਗਾਰੀ ਰਿਹਾ। 

No comments: