Showing posts with label ਖਾਸ ਰਿਪੋਰਟ. Show all posts
Showing posts with label ਖਾਸ ਰਿਪੋਰਟ. Show all posts

Sunday, February 10, 2013

ਭਾਸ਼ਾ ਨੂੰ ਲਾਗੂ ਕਰਨਾ ਇਕੱਲੇ ਸਰਕਾਰ ਅਤੇ ਲੇਖਕਾਂ ਦੀ ਲਡ਼ਾਈ ਨਹੀਂ

Sat, Feb 9, 2013 at 10:30 PM
ਸਾਹਿਤ ਸਭਾ ਦਸੂਹਾ ਗਡ਼੍ਹਦੀਵਾਲਾ ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਦਸੂਹਾ:(ਏ.ਐਸ.ਮਠਾਰੂ ): ਸਾਹਿਤ ਸਭਾ ਦਸੂਹਾ ਗਡ਼੍ਹਦੀਵਾਲਾ (ਰਜ਼ਿ) ਵਲੋਂ ਪਰਵਾਸੀ ਲੇਖਕ ਅਵਤਾਰ ਸਿੰਘ ਆਦਮਪੁਰੀ ਦਾ ਸਨਮਾਨ ਲਈ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਸਹਿਯੋਗ ਨਾਲ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਭੁਪਿੰਦਰ ਸਿੰਘ ਘੁੰਮਣ, ਸੱਚੀ ਗੱਲ ਦੇ ਸੰਪਾਦਕ ਸੰਜੀਵ ਮੋਹਨ ਡਾਬਰ , ਜਗਦੀਸ਼ ਸਿੰਘ ਸੋਈ , ਗੁਰਦੀਪ ਸਿੰਘ ਢੀਡਸਾ ਅਤੇ ਪ੍ਰਿੰਸੀਪਲ ਭਾਗ ਮੱਲ ਹਾਜਰ ਹੋਏ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਅਵਤਾਰ ਸਿੰਘ ਆਦਮਪੁਰੀ ਨੇ ਕਿਹਾ ਕਿ ਆਪਣੀ ਮਾਂ ਬੋਲੀ ਦੀ ਸਾਂਭ ਸੰਭਾਲ ਆਪਾਂ ਨੂੰ ਹੀ ਕਰਨੀ ਪੈਣੀ ਹੈ । ਮਾਂ ਬੋਲੀ ਦਾ ਸਤਿਕਾਰ ਕਿਤੇ ਵੀ ਅਤੇ ਕਦੇ ਵੀ ਘਟਣ ਨਹੀਂ ਦੇਣਾਂ ਚਾਹੀਦਾ । ਇਸ ਮੌਕੇ ਉਨ੍ਹਾਂ ਪਰਵਾਸੀ ਪੰਜਾਬੀ ਲੇਖਕਾਂ ਦੀ ਸੰਪਾਦਕ ਕੀਤੀ ਗਈ ਕਿਤਾਬ “ ਕਲਮੀ ਰਮਜ਼ਾਂ ” ਵੀ ਭੇਂਟ ਕੀਤੀ । ਆਦਮਪੁਰੀ ਨੇ ਇਸ ਸਮੇਂ ਆਪਣੀਆ ਰਚਨਾਵਾਂ ' ਤੇਰੇ ਉਪਕਾਰ ' ਸਤਿਗੁਰੂ ਨਾਨਕ ਤੇਰੀ ਬਾਣੀ, ਹੈਲੋ ਦੇਖੋ ਪੰਜਾਬ ਜਲ ਰਿਹਾ ਹੈ ਆਦਿ ਸਰੋਤਿਆਂ ਨੂੰ ਸੁਣਾਈਆਂ । ਸਭਾ ਅਤੇ ਸਕੂਲ ਦੇ ਪ੍ਰਬੰਧਕਾਂ ਵਲੋਂ ਆਦਮਪੁਰੀ ਨੂੰ ਦੁਸ਼ਾਲਾ ਅਤੇ ਮੈਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਭਾ ਦੇ ਸਾਹਿਤ ਸਭਾ ਦਸੂਹਾ ਗਡ਼੍ਹਦੀਵਾਲਾ (ਰਜਿ) ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਸਟੇਜ ਸੰਚਾਲਨ ਬਾਖੂਬੀ ਕੀਤੀ ਤੇ ਕਿਹਾ ਕਿ ਪੰਜਾਬੀ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਹਰੇਕ ਪੰਜਾਬੀ ਨੂੰ ਪਹਿਲਾਂ ਆਪਣੀ ਜਮੀਰ ਨੂੰ ਜਗਾਉਣਾ ਪਵੇਗਾ । ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਬਡ਼ਾ ਕੁਝ ਨਵਾਂ ਕਰਨ ਅਤੇ ਪਾਰਦਰਸ਼ੀ ਮਾਹੌਲ ਦੀ ਸਿਰਜਨਾ ਸਮੇਂ ਦੀ ਲੋਡ਼ ਹੈ । ਕਿਸੇ ਇਨਸਾਨ ਵੱਲੋਂ ਮਾਂ ਬੋਲੀ ਪ੍ਰਤੀ ਵਿਖਾਈ ਗਈ ਬੇਮੁਖਤਾ ਆਪਣੀ ਮਾਂ ਦੀ ਕੁੱਖ ਦੇ ਨਿੱਘ ਤੋਂ ਇਨਕਾਰੀ ਹੋਣ ਵਾਲੀ ਗੱਲ ਹੈ । ਸੁੱਤਿਆ ਹੋਇਆ ਨੂੰ ਜਾਗਦੇ ਰੱਖਣ ਲਈ ਆਪ ਜਾਗਦੇ ਰਹਿਣਾ ਬਡ਼ਾ ਜਰੂਰੀ ਹੈ । ਉਹਨਾਂ ਕਿਹਾ ਕਿ ਹੁਣ ਤੱਕ ਰਾਜਨੀਤਕ ਸੋਚਾਂ ਵੱਲੋਂ ਇੱਕ ਸਿਆਸਤ ਤਹਿਤ ਰੁਜ਼ਗਾਰ ਅਤੇ ਸਿੱਖਿਆ ਨੂੰ ਵਿਦੇਸ਼ੀ ਭਾਸ਼ਾ ਅਤੇ ਪ੍ਰਭਾਵਾਂ ਨਾਲ ਜੋਡ਼ ਕੇ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬ ਪ੍ਰਤੀ ਸਮਰਪਿਤਤਾ ਨੂੰ ਹਮੇਸ਼ਾ ਘਟਾਇਆ ਹੈ । ਇਸ ਲਈ ਪਹਿਲੇ ਉਪਰਾਲੇ ਤਹਿਤ ਸਿੱਖਿਆ ਅਤੇ ਰੋਜਗਾਰ ਨੂੰ ਮਾਤ ਭਾਸ਼ਾ ਪੰਜਾਬੀ ਨਾਲ ਜੋਡ਼ਨਾ ਚਾਹੀਦਾ ਹੈ ।ਸਾਹਿਤਕ ਜਥੇਬੰਦੀਆਂ,ਸਾਹਿਤਕ ਸਭਾਵਾਂ ਅਤੇ ਜਾਗਰੂਪ ਲੇਖਕਾਂ ਨੂੰ ਨਾਲ ਲੈ ਕੇ ਇੱਕ ਵਿਸ਼ੇਸ਼ ਪੰਜਾਬੀ ਟ੍ਰਿਬਿਊਨਲ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ । ਲਾਲ ਸਿੰਘ ਦਸੂਹਾ ਨੇ ਕਿਹਾ ਕਿ ਪੰਜਾਬ ਭਾਸ਼ਾ ਨੂੰ ਲਾਗੂ ਕਰਨਾ ਇਕੱਲੇ ਸਰਕਾਰ ਅਤੇ ਲੇਖਕਾਂ ਦੀ ਲਡ਼ਾਈ ਨਹੀਂ ਹੈ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਦੀ ਲਡ਼ਾਈ ਹੈ । ਮਾਂ ਬੋਲੀ ਦੀ ਵਡੱਪਣ ਨੂੰ ਮਹਿਸੂਸ ਕੀਤੇ ਬਿਨਾਂ ਗਿਆਨ ਅਤੇ ਬੁੱਧੀ ਦੇ ਨਵੇਂ ਦਰ ਖੁੱਲ ਹੀ ਨਹੀਂ ਸਕਦੇ । ਪੰਜਾਬੀ ਰਾਜ ਭਾਸ਼ਾ ਐਕਟ ਜਹੇ ਕਾਨੂੰਨ ਬਣਾ ਕੇ ਇਸ ਨੂੰ ਲਾਗੂ ਕਰਵਾਉਣ ਦੀ ਲੋਡ਼ ਅਤੇ ਸਰਕਾਰੀ ਉਪਰਾਲਿਆਂ ਦੇ ਬਾਵਜੂਦ ਵੀ ਜੇ ਪੰਜਾਬੀ,ਪੰਜਾਬ ਵਿੱਚ ਹੀ ਮਤਰੇਈ ਬਣ ਰਹੀ ਹੈ ਤਾਂ ਇਸ ਦੇ ਕਸੂਰਵਾਰ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੀ ਨਹੀਂ , ਸਗੋਂ ਅਸੀ ਵੀ ਬਰਾਬਰ ਦੇ ਕਸੂਰਵਾਰ ਹਾਂ ,ਅਸੀਂ ਮਾਂ ਬੋਲੀ ਦੀ ਮਹਾਨਤਾ ਨੂੰ ਸਵੀਕਾਰਨ ਅਤੇ ਇਸ ਨੂੰ ਵਡਿਆਉਣ ਵਿੱਚ ਸਦਾ ਹੀ ਦੂਹਰੇ ਮਾਪ-ਢੰਡਾਂ ਤੋਂ ਕੰਮ ਲਿਆ ਹੈ । ਪਰਿਵਾਰਿਕ ਅਤੇ ਨਿੱਜ ਦੇ ਸਵਾਰਥ ਹਮੇਸ਼ਾਂ ਸਮਾਜਿਕ ਸਰੋਕਾਰਾਂ ਤੋਂ ਉੱਪਰ ਰਹੇ ਹਨ । ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਹਰੇਕ ਪੰਜਾਬ , ਸਾਹਿਤਕਾਰ , ਸਿਆਸਤਦਾਨ,ਅਧਿਆਪਕ,ਅਫ਼ਸਰਾਂ ਅਤੇ ਸਰਕਾਰਾਂ  ਨੂੰ ਸੁਚੇਤ ਰੂਪ ਵਿੱਚ ਅਤੇ ਨਿਰੰਤਰ ਸਾਰਥਕ ਯਤਨਾਂ ਨਾਲ ਸੰਜੀਦਾ ਉਪਰਾਲੇ ਕਰਨੇ ਚਾਹਿਦੇ ਹਨ । ਉੱਥੇ ਸਰਕਾਰੀ ਅਦਾਰਿਆਂ , ਅਫ਼ਸਰਾਂ ਅਤੇ ਹੋਰ ਸੰਸਥਾਵਾਂ ਸਮੇਤ ਪੰਜਾਬੀ ਭਾਸ਼ਾ ਪ੍ਰਤੀ ਬੇਰੁੱਖ ਅਪਨਾਉਣ ਵਾਲਿਆਂ ਅਤੇ ਇਸ ਦੀ ਮਹੱਤਤਾ ਤੋਂ ਇਨਕਾਰੀ ਹੋਣ ਵਾਲਿਆਂ ਅਤੇ ਜਾਣ ਬੁਝ ਕੇ ਕੋਤਾਹੀ ਕਰਨ ਵਾਲਿਆਂ ਨੂੰ ਸਖਤੀ ਨਾਲ ਸੁਚੇਤ ਕਰਨ ਦੀ ਲੋਡ਼ ਹੈ ਅਤੇ ਪੰਜਾਬੀਆਂ ਨੂੰ ਆਪਣੇ ਮਾਂ ਦੇ ਦੁੱਧ ਦੇ ਵਾਸਤੇ ਨਾਲ ਉਹਨਾਂ ਦੀ ਜਮੀਨ ਨੂੰ ਝੰਜੋਨਣ ਦੀ ਲੋਡ਼ ਹੈ। 
ਅਖੀਰ ਵਿੱਚ ਹੋਏ ਕਵੀ ਦਰਬਾਰ ਵਿੱਚ ਨੰਦਨੀ ਸ਼ਰਮਾ ਨੇ 'ਜਿੰਦਗੀ', ਇੰਦਰਜੀਤ ਕਾਜ਼ਲ ਨੇ ਆਪਣੀ ਰਚਨਾ ' ਚੰਦਾ ਮਾਮਾ ', ਗੁਰਇਕਬਾਲ ਸਿੰਘ ਬੋਦਲ ਨੇ ' ਜੱਗ ਦੀ ਸੁੱਚਮ', ਕਰਨੈਲ ਸਿੰਘ ਨੇਕਨਾਮਾ ਨੇ 'ਇਸ ਧਰਤੀ ਦੇ ਵਾਰਸਾ' ਪੇਸ਼ ਕੀਤੀਆਂ । ਇਸ ਸਮਾਗਮ ਨੂੰ ਮਾਸਟਰ ਜਰਨੈਲ ਸਿੰਘ ਘੁੰਮਣ, ਸੁਖਜੀਵਨ ਸਿੰਘ ਸਫਰੀ ਨੇ ਵੀ ਸੰਬੋਧਨ ਕੀਤਾ । ਪਿੰਸੀਪਲ ਨਵਦੀਪ ਦਿੰਘ ਵਿਰਕ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਨਾਵਲਕਾਰ ਸੁਰਿਂਦਰ ਸਿੰਘ ਨੇਕੀ, ਜਸਵੀਰ ਸਿੰਘ ਸਹੋਤਾ, ਮੈਡਮ ਸੋਨੀਆ, ਨੀਤੂ ਬਾਲਾ, ਕੁਲਜਿੰਦਰ ਸਿੰਘ ਗਿੱਲ, ਪਰਵੀਨ ਕੁਮਾਰੀ, ਪਰਵੀਨ ਸਿੰਘ ਮਾਂਗਟ, ਸਿਮਰਨਜੀਤ ਕੌਰ, ਪਰਦੀਪ ਰੱਤੂ, ਸਰਜੀਵਨ ਕੁਮਾਰ, ਦਲਜੀਤ ਕੌਰ, ਹਰਦੇਵ ਸਿੰਘ, ਗੁਰਦਿਆਲ ਸਿੰਘ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।     --ਏ.ਐਸ.ਮਠਾਰੂ

Saturday, January 14, 2012

ਬੇਦਾਵਾ ਕਿੱਥੇ ਲਿਖਿਆ ਗਿਆ ? - ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮਨ ਵਿਚ ਕਈ ਸਵਾਲ ਸਹਿਜੇ ਹੀ ਉਤਪੰਨ ਹੋ ਜਾਂਦੇ ਹਨ
ਬੇਸ਼ੱਕ ਮਾਘੀ ਦਾ ਸਿੱਖ ਇਤਿਹਾਸ ਵਿਚ ਕੋਈ ਜ਼ਿਆਦਾ ਮਹੱਤਵ ਨਹੀਂ ਪਰ ਜਦੋਂ ਮੁਕਤਸਰ ਦੀ ਮਾਘੀ ਦਾ ਜ਼ਿਕਰ ਆਉਂਦਾ ਹੈ ਤਾਂ ਬੇਦਾਵਾ ਪਾਡ਼ਨ ਦੀ ਗੱਲ ਜ਼ਰੂਰ ਤੁਰਦੀ ਹੈ। ਮੁਕਤਸਰ ਦੀ ਜੰਗ ਭਾਵੇਂ ਵੈਸਾਖ ਵਿਚ ਹੋਈ ਸੀ ਪਰ ਉਨ੍ਹਾਂ ਦਿਨਾਂ ਵਿਚ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਦੀ ਘਾਟ ਹੁੰਦੀ ਸੀ। ਇਸੇ ਲਈ ਇਹ ਮੇਲਾ ਮਾਘ ਦੀ ਸੰਗਰਾਂਦ ਵਾਲੇ ਦਿਨ ਲੱਗਣਾ ਸ਼ੁਰੂ ਹੋ ਗਿਆ। ਪਰ ਅੱਜ-ਕੱਲ੍ਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਵਿਖੇ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਦੋ ਦਿਨ ਮਨਾਏ ਜਾਂਦੇ ਹਨ। ਪਹਿਲਾ ਇਕ ਮਾਘ ਨੂੰ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਫਿਰ 21 ਵੈਸਾਖ ਭਾਵ 3 ਜਾਂ 4 ਮਈ ਨੂੰ ਮੁਕਤਸਰ ਦੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਮੁਕਤਸਰ ਵਿਖੇ ਬੇਦਾਵਾ ਪਾਡ਼ਨ ਦਾ ਜ਼ਿਕਰ ਤਾਂ ਅਸੀਂ ਪਡ਼੍ਹਦੇ-ਸੁਣਦੇ ਹਾਂ ਪਰ ਜਦੋਂ ਇਤਿਹਾਸ ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਦਾ ਜ਼ਿਕਰ ਆਉਂਦਾ ਹੈ ਤਾਂ ਮਨ ਵਿਚ ਕਈ ਸਵਾਲ ਸਹਿਜੇ ਹੀ ਉਤਪੰਨ ਹੋ ਜਾਂਦੇ ਹਨ।
1. ਕੀ ਗੁਰੂ ਦੇ ਸਿੱਖ ਐਨੇ ਹੀ ਗਏ ਗੁਜ਼ਰੇ ਸਨ, ਜੋ ਭੁੱਖ ਹੱਥੋਂ ਹਾਰ ਕੇ ਗੁਰੂ ਜੀ ਤੋਂ ਬੇਮੁੱਖ ਹੋ ਗਏ।
2. ਆਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗਡ਼੍ਹ ਜਿਸ ਨੂੰ ਕਾਫੀ ਲੰਮੇ ਸਮੇਂ ਤੋਂ ਮੁਗ਼ਲਾਂ ਅਤੇ ਪਹਾਡ਼ੀ ਰਾਜਿਆਂ ਦੀਆਂ ਫੌਜਾਂ ਨੇ ਘੇਰ ਰੱਖਿਆ ਸੀ। ਉਸ ਘੇਰੇ ਵਿਚੋਂ ਚਾਲੀ ਸਿੰਘ ਕਿਵੇਂ ਬਚ ਕੇ ਨਿਕਲ ਸਕਦੇ ਸਨ।
3. ਜਿਸ ਕਾਗਜ਼ ਉਪਰ ਬੇਦਾਵਾ ਲਿਖਿਆ ਗਿਆ, ਗੁਰੂ ਗੋਬਿੰਦ ਸਿੰਘ ਨੇ ਉਸ ਕਾਗਜ਼ ਨੂੰ ਐਨਾ ਚਿਰ ਕਿਵੇਂ ਸੰਭਾਲ ਕੇ ਰੱਖਿਆ ਜਦੋਂ ਕਿ ਸਰਸਾ ਨਦੀ ਪਾਰ ਕਰਨ ਲੱਗਿਆ ਕਿੰਨੇ-ਕਿੰਨੇ ਪਾਣੀ ਵਿਚੋਂ ਲੰਘਣਾ ਪਿਆ। ਕੀ ਉਹ ਕਾਗਜ਼ ਦਾ ਟੁਕਡ਼ਾ ਪਾਣੀ ਨਾਲ ਗਲਿਆ ਨਹੀਂ ਜਾਂ ਜੇ ਇਹ ਵੀ ਮੰਨ ਲਈਏ ਕਿ ਗੁਰੂ ਸਾਹਿਬ ਨੇ ਉਸ ਕਾਗਜ਼ ਨੂੰ ਆਪਣੀ ਦਸਤਾਰ ਵਿਚ ਛੁਪਾ ਰੱਖਿਆ ਸੀ, ਚਮਕੌਰ ਸਾਹਿਬ ਦੀ ਜੰਗ ਮਗਰੋਂ ਮਾਛੀਵਾਡ਼ੇ ਦੀ ਧਰਤੀ ਤੋਂ ‘ਨੀਲਾ ਬਾਣਾ’ ਪਹਿਨਣ ਲੱਗਿਆਂ ਉਸ ਕਾਗਜ਼ ਦੇ ਟੁਕਡ਼ੇ ਦਾ ਜ਼ਿਕਰ ਇਤਿਹਾਸ ਵਿਚ ਜ਼ਰੂਰ ਹੋਣਾ ਚਾਹੀਦਾ ਸੀ ਪਰ ਬੇਦਾਵਾ ਲਿਖਣ ਤੋਂ ਬੇਦਾਵਾ ਪਾਡ਼੍ਹਨ ਦਾ ਜ਼ਿਕਰ ਹੀ ਪਡ਼੍ਹਨ ਨੂੰ ਮਿਲਦਾ ਹੈ ਪਰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਅਜਿਹੇ ਔਖੇ ਸਮੇਂ ਬੇਦਾਵਾ ਸੰਭਾਲ ਕੇ ਰੱਖਿਆ, ਬਾਰੇ ਕੋਈ ਨਿਰਣਾ ਲੈਣਾ ਅਸੰਭਵ ਹੈ।
4. ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਵਾਲੇ ਕਿਸੇ ਇਕ ਵੀ ਸਿੱਖ ਦਾ ਨਾਂ ਇਤਿਹਾਸ ਵਿਚ ਨਹੀਂ ਮਿਲਦਾ ਪਰ ਆਖਰ ਵਿਚ ਮਹਾਂ ਸਿੰਘ ਦਾ ਨਾਂ ਹੀ ਆਉਂਦਾ ਹੈ ਜਿਸ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾਡ਼ਨ ਦੀ ਬੇਨਤੀ ਕੀਤੀ। ਜਿਵੇਂ ਕਿ ਅੱਠਵੀਂ ਜਮਾਤ ਦੀ ਪੁਸਤਕ ਵਿਚ ਹੀ ਇਹ ਪਡ਼੍ਹਨ ਨੂੰ ਮਿਲ ਜਾਂਦਾ ਹੈ ਕਿ ਚਾਲੀ ਸਿੰਘ ਜੋ ਆਨੰਦਪੁਰ ਸਾਹਿਬ ਦੀ ਜੰਗ ਸਮੇਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆ ਗਏ ਸਨ, ਪਰ ਜਦ ਘਰ ਪਰਤੇ ਤਾਂ ਉਨ੍ਹਾਂ ਦੀਆਂ ਸਿੰਘਣੀਆਂ ਨੇ ਉਨ੍ਹਾਂ ਦੀ ਕਾਫੀ ਝਾਡ਼ਝੰਬ ਕੀਤੀ। ਅੰਤ ਉਹ ਸਿੰਘ ਮਾਈ ਭਾਗੋ ਦੀ ਕਮਾਨ ਹੇਠ ਖਿਦਰਾਣੇ ਦੀ ਢਾਬ ‘ਤੇ ਮੁਗ਼ਲ ਫੌਜ ਵਿਰੁੱਧ ਲਡ਼ੇ ਤੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਦਿਆਂ ਹੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਬੇਦਾਵਾ ਲਿਖਣ ਦੀ ਘਟਨਾ ਨੂੰ ਆਨੰਦਪੁਰ ਸਾਹਿਬ ਵਿਖੇ ਨਹੀਂ ਮੰਨਿਆ। ਨਿਰੰਜਣ ਸਿੰਘ ਸਾਥੀ ਨੇ ਆਪਣੇ ਲਿਖੇ ਲਡ਼ੀਵਾਰ ਇਤਿਹਾਸਕ ਲੇਖਾਂ ਵਿਚ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਹਨ ਜਿਨ੍ਹਾਂ ਵਿਚ ਪੋ੍ਰ. ਕਰਤਾਰ ਸਿੰਘ, ਪੋ੍ਰ. ਪਿਆਰਾ ਸਿੰਘ ਪਦਮ ਅਤੇ ਗਿਆਨੀ ਸੋਹਣ ਸਿੰਘ ਸੀਤਲ ਨੇ ਬਡ਼ੀ ਡੂੰਘੀ ਸੋਚ ਵਿਚਾਰ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਬੇਦਾਵਾ ਆਨੰਦਪੁਰ ਸਾਹਿਬ ਵਿਖੇ ਨਹੀਂ ਲਿਖਿਆ ਗਿਆ। ਇਸੇ ਤਰ੍ਹਾਂ ਪੋ੍ਰ. ਸਾਹਿਬ ਸਿੰਘ ਨੇ, ਅੰਗਰੇਜ਼ੀ ਵਿਚ ਲਿਖੀ ਆਪਣੀ ਪੁਸਤਕ  ਗੁਰੂ ਗੋਬਿੰਦ ਸਿੰਘ ਅਤੇ ਪ੍ਰਿੰ. ਸਤਬੀਰ ਸਿੰਘ ਨੇ ਵੀ ਆਪਣੀ ਪੁਸਤਕ ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ) ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਦੀ ਨਹੀਂ ਸਗੋਂ ਮਾਡ਼ੀ ਘਟਨਾ ਵਾਪਰਨ ਦੀ ਜ਼ਿੰਮੇਵਾਰੀ ਲੈਣ ਵਾਲਾ ਇਕਰਾਰਨਾਮਾ ਲਿਖਣ ਦੀ ਹੀ ਗੱਲ ਕੀਤੀ ਹੈ। ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਡਾ. ਗੁਰਚਰਨ ਸਿੰਘ ਨਈਅਰ ਆਪਣੀ ਪੁਸਤਕ ‘ਸਿੱਖਸ ਇਨ ਫਰਮੈਂਟ’ (ਬੈਟਲਜ਼ ਆਫ ਦੀ ਸਿੱਖ ਗੁਰੂਜ਼) ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵੇ ਦੀ ਰਵਾਇਤ ਨੂੰ ਪਡ਼ਤਾਲਯੋਗ ਕਹਿੰਦੇ ਹਨ।  (1 traditidon still requires probing) ਡਾ. ਸੰਗਤ ਸਿੰਘ ਆਪਣੀ ਪੁਸਤਕ ਦੀ ‘ਸਿੱਖਸ ਇਨ ਹਿਸਟਰੀ’ ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵੇ ਨੂੰ ਸ਼ੰਕਿਆਂ ਭਰਪੂਰ (Riven with holes) ਆਖਦੇ ਹਨ।
ਪਰ ਇਹ ਰੀਤ ਕਿਉਂ ਪ੍ਰਚਲਿਤ ਹੋ ਗਈ?
ਸੋਹਣ ਸਿੰਘ ਸੀਤਲ ਆਪਣੀ ਕਿਤਾਬ ‘ਮਨੁੱਖਤਾ ਦੇ ਗੁਰੂ, ਗੁਰੂ ਗੋਬਿੰਦ ਸਿੰਘ ਦੇ ਪੰਨਾ ਨੰ. 222 ‘ਤੇ ਇਸ ਘਟਨਾ ਦਾ ਜ਼ਿਕਰ ਕਰਦੇ ਹਨ ਜੋ ਹੂਬਹੂ ਇਸ ਤਰ੍ਹਾਂ ਹੈ:
ਗੁਰੂ ਗੋਬਿੰਦ ਸਿੰਘ ਜੀ ਬਾਰੇ ਸਭ ਤੋਂ ਪੁਰਾਣੀ ਇਤਿਹਾਸਕ ਪੁਸਤਕ ‘ਸ੍ਰੀ ਗੁਰੂ ਸੋਭਾ’ ਮਿਲਦੀ ਹੈ। ਜੋ ਗੁਰੂ ਮਹਾਰਾਜ ਦੇ ਹਜ਼ੂਰੀ ਕਵੀ ‘ਸੈਨਾਪਤੀ’ ਦੀ ਰਚਨਾ ਹੈ। ਇਸ ਪੁਸਤਕ ਦੇ ਗਿਆਰਵੇਂ ਅਧਿਆਏ ਵਿਚ ਇਸ ਘਟਨਾ ਬਾਰੇ ਇਉਂ ਲਿਖਿਆ ਹੈ:
ਸਤਿਗੁਰ ਕਹੀ, ਸੁਨੋ ਬਿਧਿ ਸਾਈ।
ਬੁਰੀ ਹੋਤ, ਤੁਮਰੇ ਸਿਰ ਭਾਈ।
ਯਉ ਸਬ ਸੋ ਤਉ ਹਦ ਲਿਖਵਾਏ।
ਹੋਹੁ ਤਯਾਰ, ਤਬੈ ਫੁਰਮਾਏ।
ਆਗੂ ਹੋਣ ਦੀ ਹੈਸੀਅਤ ਵਿਚ ਹਰ ਬੁਰੇ ਭਲੇ ਦੀ ਜ਼ਿੰਮੇਵਾਰੀ ਗੁਰੂ ਮਹਾਰਾਜ ਦੇ ਸਿਰ ਆਉਂਦੀ ਸੀ। ਇਸੇ ਵਾਸਤੇ ਉਹ ਆਨੰਦਪੁਰ ਛੱਡਣ ਦੇ ਹੱਕ ਵਿਚ ਨਹੀਂ ਸਨ ਪਰ ਗੁਰੂ ਮਹਾਰਾਜ ਨੇ ਸਿੱਖਾਂ ਵਿਚ ‘ਲੋਕ ਰਾਏ’ ਦਾ ਰਵਾਜ ਪਾਇਆ ਸੀ ਤੇ ਹਜ਼ੂਰ ਆਪ ਬਹੁਮੰਤਵੀ ਦੀ ਰਾਏ ਦੀ ਬਡ਼ੀ ਕਦਰ ਕਰਦੇ ਸਨ। ਇਹੀ ਕਾਰਨ ਹੈ ਕਿ ਗੁਰਦੇਵ ਬਹੁਸੰਮਤੀ (ਸਾਰੇ ਸਿੱਖਾਂ) ਦੀ ਰਾਏ ਨੂੰ ਰੱਦ ਨਾ ਕਰ ਸਕੇ। ਹਜ਼ੂਰ ਨੇ ਵਾਪਰਨ ਵਾਲੇ ਭਲੇ ਬੁਰੇ ਦੀ ਜ਼ਿੰਮੇਵਾਰੀ ਸਿੱਖਾਂ ਦੇ ਸਿਰ ਪਾਉਂਦਿਆਂ ਸਾਫ ਸ਼ਬਦਾਂ ਵਿਚ ਕਹਿ ਦਿੱਤਾ, ”ਬੁਰਾ ਹੋਤ, ਤੁਮਰੇ ਸਿਰ ਭਾਈ’ (ਜੇ ਕੁਛ ਬੁਰਾ ਹੋਇਆ ਤਾਂ ਜ਼ਿੰਮੇਵਾਰੀ ਤੁਹਾਡੇ ਸਿਰ ਹੋਵੇਗੀ) ਇਸ ਤੋਂ ਅਗਲੀ ਪੰਗਤੀ ਹੀ ਭੁਲੇਖਾ ਪਾਉਣ ਵਾਲੀ ਹੈ ਤੇ ਉਹ ਚੌਪਈ ਦੇ ਚਾਰੇ ਚਰਣ ਪੂਰੇ ਕਰਨ ਵਾਸਤੇ ਲਿਖੀ ਗਈ ਜਾਪਦੀ ਹੈ। ਨਹੀਂ ਤਾਂ ਸਿੱਧਾ ਪ੍ਰਸੰਗ ਤਾਂ ਇਉਂ ਹੀ ਜਚਦਾ ਹੈ। ਗੁਰੂ ਜੀ ਨੇ ਫੁਰਮਾਇਆ, ”ਹੁਣ ਜੋ ਵੀ ਚੰਗੀ ਮਾਡ਼ੀ ਵਾਪਰੇ, ਉਸ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੋਵੇਗੀ¨ ਚਲੋ, ਤਿਆਰ ਹੋਵੋ।” (ਹੋਹੁ ਤਯਾਰ ਤਬੈ ਫੁਰਮਾਏ) ਗੁਰਦੇਵ ਨੇ ਸਿੱਖਾਂ ਦੀ ਬੇਨਤੀ ਮੰਨ ਲਈ ਤੇ ਸਾਰੇ ਤਿਆਰ ਹੋ ਕੇ ਆਨੰਦਪੁਰ ਛੱਡ ਤੁਰੇ।
ਉਸ ਭੁਲੇਖਾ ਪਾਊ ਪੰਗਤੀ (ਯਉ ਸਭ ਸੋ ਤਉ ਹਦ ਲਿਖਵਾਏ) ਵਿਚ ‘ਹਦ ਲਿਖਵਾਏ’ ਹੀ ਟਪਲਾ ਲਾਉਣ ਵਾਲੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਕਰਨ ਵਾਲਿਆਂ ਮੰਨ ਲਿਆ ਕਿ ਗੁਰੂ ਜੀ ਨੇ ‘ਬੇਦਾਵਾ’ ਲਿਖਵਾ ਲਿਆ। ਪਰ ‘ਬੇਦਾਵਾ ਲਿਖਿਆ’ ਮੰਨਣ ਵਾਲੇ ਕਹਿੰਦੇ ਹਨ ਕਿ ਕੁਝ ਸਿੱਖ (ਚਾਲੀ ਜਾਂ ਡੇਢ ਹਜ਼ਾਰ) ਬੇਦਾਵਾ ਹੋ ਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ। ਇਸ ਦੇ ਉਲਟ ਸੈਨਾਪਤੀ ਕਹਿੰਦਾ ਹੈ ਕਿ ਗੁਰੂ ਜੀ ਨੇ ਤਿਆਰੀ ਦਾ ਹੁਕਮ ਦੇ ਦਿੱਤਾ ਤੇ ਆਪ ਵੀ ਸਿੱਖਾਂ ਦੇ ਨਾਲ ਆਨੰਦਪੁਰ ਸਾਹਿਬ ਛੱਡ ਕੇ ਤੁਰ ਪਏ। ਭਾਵ ਸਾਰੇ ਸਿੱਖ ਗੁਰੂ ਜੀ ਨਾਲ ਹੀ ਰਹੇ, ਵਿਚੋਂ ਕੋਈ ਸਿੱਖ ਗੁਰੂ ਜੀ ਨੂੰ ਛੱਡ ਕੇ ਨਹੀਂ ਗਿਆ।
ਸੈਨਾਪਤੀ ਦੇ ਸ਼ਬਦ ‘ਹਦ ਲਿਖਵਾਏ’ ਕਵਿਤਾ ਦਾ ਤੁਕਾਂਤ ਤੇ ਚੌਪਈ ਦਾ ਚੌਥਾ ਚਰਣ ਪੂਰਾ ਕਰਨ ਵਾਸਤੇ ਕੇਵਲ ਭਰਤੀ ਵਜੋਂ ਜਾਪਦੇ ਹਨ। ਆਮ ਬੋਲਚਾਲ ਵਿਚ ਵੀ ਤਾਂ ਅਸੀਂ ਕਹਿੰਦੇ ਹਾਂ ‘ਲਿਖਵਾ ਲੋ ਮੈਥੋਂ, ਇਹ ਗੱਲ ਜ਼ਰੂਰ ਹੋਵੇਗੀ’ ਜਾਂ ਲਿਖ ਦਿਓ, ਕਿ ਇਹ ਗੱਲ ਨਹੀਂ ਹੋਵੇਗੀ।’ ‘ਇਹ ਲਿਖਵਾ ਲਓ’ ਤੇ ‘ਲਿਖ ਦਿਓ’ ਰਸਮੀ ਸ਼ਬਦ ਹੁੰਦੇ ਹਨ, ਜੋ ਅਮਲ ਵਿਚ ਨਹੀਂ ਆਉਂਦੇ।
ਮੁਕਦੀ ਗੱਲ, ਸੈਨਾਪਤੀ ਦੀ ਲਿਖਤ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਬੇਦਾਵਾ ਲਿਖਿਆ ਗਿਆ ਸੀ ਜਾਂ ਕੁਝ ਸਿੱਖ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ ਸਨ। ਇਸ ਪੁਸਤਕ ਵਿਚ ਅਸੀਂ ਤੁਹਾਡੇ ਸਿੱਖ ਨਹੀਂ ਅਤੇ ਤੁਸੀਂ ਸਾਡੇ ਗੁਰੂ ਨਹੀਂ ਵਰਗਾ ਬੇਦਾਵਾ ਲਿਖਣ ਦੀ ਉੱਕਾ ਕੋਈ ਗੱਲ ਨਹੀਂ ਹੈ।
ਸੈਨਾਪਤੀ ਤੋਂ ਪਿੱਛੋਂ ਭਾਈ ਸੁੱਖਾ ਸਿੰਘ ਨੇ 1797 ਈਸਵੀ ਵਿਚ ‘ਗੁਰਬਿਲਾਸ’ ਲਿਖਿਆ। ਭਾਈ ਸੁੱਖਾ ਸਿੰਘ, ਸੈਨਾਪਤੀ ਦੇ ਮਗਰ-ਮਗਰ ਚਲਦਾ ਹੈ। ਇਥੋਂ ਤਕ ਕਿ ‘ਸ੍ਰੀ ਗੁਰੂ ਸੋਭਾ’ ਦੀਆਂ ਕਈ ਪੰਗਤੀਆਂ ਜਿਉਂ ਦੀਆਂ ਤਿਉਂ ‘ਗੁਰਬਿਲਾਸ’ ਵਿਚ ਆਉਂਦੀਆਂ ਹਨ:
ਸ੍ਰੀ ਮੁਖ ਕਹਾ, ਸੁਨੋ ਚਿਤ ਲਾਈ।
ਬੁਰੋ ਹੋਤ, ਤੁਮਰੇ ਸਿਰ ਭਾਈ।
ਤੁਮ ਯਹਿ ਬਾਤ ਭੇਵ ਨਹਿ ਜਾਨੋ।
ਬਾਰਕ ਹੋ, ਬਚ ਐਸ ਬਖ਼ਾਨੋ।੨੪੧।
ਯੌ ਕਹ ਸਭ ਸੋ ਹੱਦ ਲਿਖਾਈ।
ਸਿੱਖ ਗੁਰੂ ਬਿਦਾਵ ਕਰਾਈ।
ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰਬਿਲਾਸ, ਉਸ ਘਟਨਾ ਤੋਂ 93 ਸਾਲ ਪਿੱਛੋਂ ਲਿਖਿਆ ਗਿਆ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਤਿਹਾਸਕ ਕਥਾਵਾਂ ਨਾਲ ਲੋਕਾਂ ਦੇ ਮੂੰਹ ਚਡ਼੍ਹੀਆਂ ਅਫਵਾਹਾਂ ਮਿਲ ਕੇ ਸੱਚਾਈ ਨੂੰ ਧੁੰਦਲਾ ਕਰੀ ਜਾਂਦੀਆਂ ਹਨ। ਇਹੀ ਭੁਲੇਖਾ ਇਥੇ ਲੱਗਾ ਜਾਪਦਾ ਹੈ। ਸੈਨਾਪਤੀ ਦੇ ਸ਼ਬਦ ‘ਹਦ ਲਿਖਵਾਏ’ ਗੁਰਬਿਲਾਸ ਵਿਚ ‘ਹੱਦ ਲਿਖਾਈ’ ਬਣ ਗਏ। ਅਗਲੀ ਪੰਗਤੀ ਵਿਚ ਲੇਖਕ ਨੇ ਇਕ ਕਦਮ ਹੋਰ ਅੱਗੇ ਚੁੱਕਿਆ ਤੇ ਲਿਖ ਦਿੱਤਾ ‘ਸਿੱਖੀ ਗੁਰੂ ਬਿਦਾਵ ਕਰਾਈ’ ਖੰਭਾਂ ਦੀ ਡਾਰ ਵਾਲਾ ਮੁਹਾਵਰਾ ਵਰਤਿਆ ਗਿਆ ਜਾਪਦਾ ਹੈ। ਲੇਖਕ ਆਪ ਹੀ ਸ਼ੰਕਾ ਪ੍ਰਗਟ ਕਰਦਾ ਲਿਖਦਾ ਹੈ, ‘ਕਈ ਕਹਿੰਦੇ ਹਨ, ਮੁਕਤਿਆਂ (ਮੁਕਤਸਰ ਸ਼ਹੀਦ ਹੋਣ ਵਾਲਿਆਂ) ਬੇਦਾਵਾ ਨਹੀਂ ਲਿਖਿਆ। ਕਈ ਕਹਿੰਦੇ ਹਨ, ਸਾਰਿਆਂ ਲਿਖ ਦਿੱਤਾ। ਮੇਰੇ ਵਿਚਾਰ ਅਨੁਸਾਰ ਸਾਰਿਆਂ ਹੀ ਬੇਦਾਵਾ ਲਿਖ ਦਿੱਤਾ ਸੀ ਤੇ ਲੇਖਕ ਅਨੁਸਾਰ ਕੋਈ ਵੀ ਸਿੱਖ ਗੁਰੂ ਦਾ ਸਾਥ ਛੱਡ ਕੇ ਗਿਆ ਨਹੀਂ, ਸਗੋਂ ਗੁਰੂ ਜੀ ਨੇ ਉਨ੍ਹਾਂ ਦੇ ਨਾਲ ਆਨੰਦਪੁਰ ਛੱਡ ਕੇ ਤੁਰ ਪੈਣਾ ਸੀ ਤਾਂ ਫਿਰ ‘ਬੇਦਾਵਾ’ ਲਿਖਵਾਉਣ ਦੀ ਕੀ ਲੋਡ਼ ਸੀ? ਦੂਸਰੇ ਪਾਸੇ ਜੇ ਸਿੱਖਾਂ ਨੇ ਬੇਦਾਵਾ ਲਿਖ ਕੇ ਵੀ ਗੁਰੂ ਜੀ ਦੇ ਨਾਲ ਹੀ ਰਹਿਣਾ ਸੀ ਤਾਂ ਬੇਦਾਵਾ ਲਿਖਣ ਦਾ ਕੀ ਅਰਥ? ਸੁੱਖਾ ਸਿੰਘ ਤੋਂ ਬਾਅਦ ਰਤਨ ਸਿੰਘ ਭੰਗੂ ਨੇ ਇਕ ਤੁਕ ਜੋਡ਼ੀ ‘ਤੁਮ ਹਮ ਗੁਰੂ ਨਾ ਹਮ ਤੁਮ ਸਿੱਖ’ ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਵੀ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਨਹੀਂ ਲਿਖਿਆ। ਸਗੋਂ ਸਣੇ ਮਾਤਾ ਜੀ ਸਾਰੇ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ। ਇਹ ਵਹੀਰ ਸਰਸਾ ਨਦੀ ਦੇ ਕੰਢੇ ਵਿਛਡ਼ ਗਈ। ਜੇ ਕਿਸੇ ਨੂੰ ਬੇਦਾਵੀਆ ਮੰਨਣਾ ਹੀ ਹੈ ਤਾਂ ਉਹ ਮਸੰਦ ਦੁਨੀ ਚੰਦ ਤੇ ਉਹਦੇ ਸਾਥੀ ਸੀ, ਜੋ ਰਾਜਾ ਕੇਸਰੀ ਚੰਦ ਦੇ ਹਾਥੀ ਨਾਲ ਲਡ਼ਨ ਤੋਂ ਡਰਦਾ ਗੁਰੂ ਜੀ ਦਾ ਸਾਥ ਛੱਡ ਕੇ ਰਾਤ ਚੋਰੀ ਨੱਸ ਗਿਆ ਸੀ। ਉਸੇ ਭੁੱਲ ਨੂੰ ਪਿੱਛੋਂ ਉਹਦੇ ਪੋਤਰਿਆਂ ਸਰੂਪ ਸਿੰਘ ਅਤੇ ਅਨੂਪ ਸਿੰਘ ਨੇ ਗੁਰੂ ਜੀ ਦੀ ਸ਼ਰਨ ਵਿਚ ਆ ਕੇ ਬਖਸ਼ਾਇਆ।
ਫਿਰ ਕੀ ਹੈ ਬੇਦਾਵੇ ਦੀ ਅਸਲੀਅਤ?
ਭਾਈ ਸੰਤੋਖ ਸਿੰਘ (ਸੂਰਜ ਪ੍ਰਕਾਸ਼ ਗ੍ਰੰਥ) ਅਤੇ ਭਾਈ ਸਵਰੂਪ ਸਿੰਘ ਕੌਸ਼ਿਕ ਰਚਿਤ ਗੁਰੂ ਕੀਆਂ ਸਾਖੀਆਂ ਵਿਚ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਬੇਦਾਵਾ ਲਿਖਣ ਦੀ ਘਟਨਾ ਰਾਮਆਣੇ ਤੋਂ ਅੱਗੇ ਪਿੰਡ ਰੁਪਾਣੇ ਅਤੇ ਖਿਦਰਾਣੇ ਦੀ ਢਾਬ ਵਿਚਕਾਰ ਵਾਪਰੀ ਸੀ। ਜਦੋਂ ਮਝੈਲ ਦੇ ਸਿੰਘਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਮਾਲਵੇ ਵਿਚ ਦੀਨਾ ਕਾਂਗਡ਼ ਦੀ ਧਰਤੀ ‘ਤੇ ਵਿਚਰ ਰਹੇ ਹਨ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਨੀਂ ਦਿਨੀਂ ਮਾਝੇ ਵਿਚ ਹੀ ਪੱਟੀ ਦੇ ਭਾਈ ਸੁਲਤਾਨ ਸਿੰਘ ਅਤੇ ਨਿਧਾਨ ਸਿੰਘ ਦਾ ਪਿਤਾ ਭਾਈ ਦੇਸ ਰਾਜ ਵਡ਼ੈਚ ਚਡ਼੍ਹਾਈ ਕਰ ਗਿਆ। ਇਸ ਘਰ ਵਿਚ ਪਿੰਡ ਝਬਾਲ ਦੀ ਮਾਈ ਭਾਗੋ ਵਿਆਹੀ ਹੋਈ ਸੀ ਅਤੇ ਉਹ ਭਾਈ ਨਿਧਾਨ ਸਿੰਘ ਦੀ ਪਤਨੀ ਸੀ। ਭਾਈ ਦੇਸ ਰਾਜ ਦੀ ਸਤਾਰ੍ਹਵੀਂ ਵਾਲੇ ਦਿਨ ਪੱਟੀ ਵਿਚ ਸਿੱਖਾਂ ਦਾ ਚੰਗਾ ਇਕੱਠ ਹੋਇਆ। ਇਸ ਇਕੱਠ ਵਿਚ ਇਕ ਸਿੰਘ ਨੇ ਗੁਰੂ ਦਸਮੇਸ਼ ਦੀ ਗੱਲ ਚਲਾਈ ਅਤੇ ਸੰਗਤ ਨੇ ਆਨੰਦਪੁਰ ਤੋਂ ਲੈ ਕੇ ਦੀਨੇ-ਕਾਂਗਡ਼ ਤਕ ਦੇ ਸਾਰੇ ਹਾਲਾਤ ਸੁਣਾ ਕੇ ਆਖਿਆ ਕਿ ਅਸੀਂ ਬਡ਼ੇ ਨਿਭਾਗੇ ਸਿੱਖ ਹਾਂ ਜਿਹਡ਼ੇ ਅਜਿਹੇ ਘੋਰ ਸੰਕਟ ਦੇ ਦਿਨਾਂ ਵਿਚ ਦਸਮੇਸ਼  ਪਿਤਾ ਕੋਲ ਨਹੀਂ ਪਹੁੰਚ ਸਕੇ। ਅੱਜ-ਕੱਲ੍ਹ ਗੁਰੂ ਜੀ ਦੀਨੇ ਕਾਂਗਡ਼ ਵਿਚ ਨਿਵਾਸ ਕਰਦੇ ਹਨ। ਵਾਪਰੀਆਂ ਦੁਖਦਾਈ ਘਟਨਾਵਾਂ ਦਾ ਅਫਸੋਸ ਕਰਨ ਲਈ ਸਾਨੂੰ ਗੁਰੂ ਜੀ ਦੇ ਪਾਸ ਜਾਣਾ ਚਾਹੀਦਾ ਹੈ। ਅੱਜ ਦੇ ਇਕੱਠ ਵਿਚ ਭਾਈ ਭਾਗ ਸਿੰਘ ਝਬਾਲੀਏ ਵਰਗੇ ਅਸਰ-ਰਸੂਖ ਵਾਲੇ ਸਿੰਘ ਵੀ ਆਏ ਹੋਏ ਹਨ। ਉਹ ਸਰਕਾਰ ਨਾਲ ਗੁਰੂ ਜੀ ਦੀ ਸੁਲਾਹ ਕਰਾ ਸਕਦੇ ਹਨ। ਗੁਰੂ ਜੀ ਨੂੰ ਸੁਲਾਹ ਦਾ ਸੁਝਾਅ ਵੀ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਸਲਾਹਾਂ ਕਰਕੇ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਪਾਸ ਹਾਜ਼ਰ ਹੋਣ ਦਾ ਫੈਸਲਾ ਕਰ ਲਿਆ।
ਮਾਝੇ ਵਿਚੋਂ ਤੁਰਿਆ ਇਹ ਕਾਫਲਾ ਦਰਿਆ ਬਿਆਸ ਤੇ ਸਤਲੁਜ ਨੂੰ ਪਾਰ ਕਰਕੇ ਜ਼ੀਰੇ ਵਿਚੀਂ ਹੁੰਦਾ ਹੋਇਆ ਜਦੋਂ ਮੋਗੇ ਪਹੁੰਚਾ ਤਾਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਕਾਂਗਡ਼ ਦਾ ਨਿਵਾਸ ਛੱਡ ਕੇ ਕੋਟਕਪੂਰੇ ਤੋਂ ਅੱਗੇ ਖਿਦਰਾਣੇ ਦੀ ਢਾਬ ਵੱਲ ਚਲੇ ਗਏ ਹਨ। ਮਾਲਵੇ ਦੇ ਰੋਹੀ ਬੀਆਬਾਨ ਵਿਚ ਗੁਰੂ ਜੀ ਨੂੰ ਲੱਭਣਾ ਕੋਈ ਸੌਖੀ ਗੱਲ ਨਹੀਂ ਸੀ। ਦੂਜੇ ਪਾਸੇ ਮੁਗ਼ਲ ਫੌਜ ਵੀ ਦਸਮ ਪਾਤਸ਼ਾਹ ਨੂੰ ਫਡ਼ਨ ਕਰਨ ਲਈ ਮਾਲਵੇ ਦੇ ਟਿੱਬਿਆਂ ਦੀ ਰੇਤ ਛਾਣ ਰਹੀ ਸੀ। ਸੂਬੇਦਾਰ ਵਜ਼ੀਨ ਖਾਨ ਨੂੰ ਇੰਜ ਲੱਗਦਾ ਸੀ ਕਿ ਹੁਣ ਸਵੇਰੇ ਜਾਂ ਸ਼ਾਮੀਂ ਗੁਰੂ ਗੋਬਿੰਦ ਸਿੰਘ ਸਾਡੇ ਹੱਥ ਆ ਜਾਏਗਾ।
ਰਾਮੇਆਣਾ ਨੂੰ ਪਿੱਛੇ ਛੱਡ ਕੇ ਗੁਰੂ ਕੀ ਫੌਜ ਜਦੋਂ ਰੂਪੇਆਣੇ ਤੋਂ ਕੁਝ ਮੀਲ ਅੱਗੇ ਗਈ ਤਾਂ ਪਿੱਛੇ ਕੁਝ ਦੂਰੀ ‘ਤੇ ਧੂਡ਼ ਉਡਦੀ ਨਜ਼ਰ ਆਈ। ਗੁਰੂ ਕਾ ਵਹੀਰ ਇਕਦਮ ਚੌਕਸ ਹੋ ਗਿਆ।  ਸ਼ਾਇਦ ਮੁਗ਼ਲ ਫੌਜ ਨੇਡ਼ੇ ਢੁਕ ਆਈ ਸੀ ਪਰ ਥੋਡ਼੍ਹੇ ਚਿਰ ਪਿੱਛੋਂ ਜਦੋਂ ਧੂਡ਼ ਦੇ ਬੱਦਲ ਕੁਝ ਪਤਲੇ ਹੋਏ ਤਾਂ ਘੋਡ਼ਿਆਂ ‘ਤੇ ਸਵਾਰ ਸਿੰਘਾਂ ਦੇ ਧੁੰਦਲੇ ਚਿਹਰੇ ਨਜ਼ਰ ਆਉਣ ਲੱਗ ਪਏ। ਛੇਤੀ ਹੀ ਮਾਝੇ ਦਾ ਜੱਥਾ ਗੁਰੂ ਦਸਮੇਸ਼ ਜੀ ਦੇ ਸਨਮੁੱਖ ਆਣ ਖਲੋਤਾ। ਵਾਤਾਵਰਨ ‘ਸਤ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ‘ਗੁਰੂ ਕੀਆਂ ਸਾਖੀਆਂ’ ਵਿਚ ਇਸ ਪਲ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ, ‘ਇਹ ਜਥਾ ਪੁੱਛਦਾ ਪੁਛਾਂਦਾ ਰਾਮੇਆਣਾ ਨਗਰੀ ਸੇ ਆਗੇ ਰੂਪੇਆਣਾ ਕੇ ਪਾਸ ਰੋਹੀਂ ਮੇਂ ਜਾਇ ਮਿਲਿਆ। ਸਤਿਗੁਰਾਂ ਇਨੈ ਆਖਿਆ ਦੇਖ ਮਾਨ ਸਿੰਘ ਸੇ ਕਹਾ ਕਿ ਘੋਡ਼ੇ ਸੇ ਉਤਰ ਚਾਦਰਾ ਵਿਛਾਇ ਦੇਹ ਤਾਂ ਕਿ ਇਨ ਆਏ ਸਿੱਖਾਂ ਸੇ ਬਾਤਚੀਤ ਕੀ ਜਾਏ’ ਇਥੋਂ ਖਿਦਰਾਣੇ ਦੀ ਢਾਬ ਬਹੁਤੀ ਦੂਰ ਨਹੀਂ ਸੀ।
ਮਝੈਲ ਜਥੇ ਦੇ ਮੋਹਰੀ ਭਾਈ ਭਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ ਝਬਾਲੀਆਂ ਨੇ ਪਿਛਲੇ ਮਹੀਨਿਆਂ ਵਿਚ ਜੋ ਕੁਝ ਵਾਪਰਿਆ ਸੀ, ਉਸ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਫੇਰ ਇਸ ਤਰ੍ਹਾਂ ਬੇਨਤੀ ਕੀਤੀ, ”ਮਹਾਰਾਜ, ਅਸੀਂ ਸਾਰੇ ਮਿਲ ਕੇ ਮਾਝਾ ਦੇਸ਼ ਦੀ ਤਰਫ ਸੇ ਦਿਹਲੀ ਸਰਕਾਰ ਕੇ ਗੈਲ ਹਮੇਸ਼ਾ ਲਈ ਸਮਝੌਤਾ ਕਰਾਏ ਦੇਤੇ ਹੈ ਤਾਂ ਕਿ ਤੁਸੀਂ ਆਗੇ ਸੇ ਬਾਕੀ ਕੀ ਜ਼ਿੰਦਗੀ ਕਾ ਹਿੱਸਾ ਚੰਗੀ ਤਰਹ ਸੇ ਬਿਤੀਤ ਕਰ ਸਕੇਂ ਤੇ ਅਸੀਂ ਆਪ ਕੇ ਸੇਵਕ ਬਨੇ ਰਹੀਏ।’ ਇਸ ਤੋਂ ਬਿਨਾਂ ਲਾਹੌਰੀਏ ਸਿੱਖਾਂ ਨੇ ਵੀ ਸੁਲਾਹ ਦੇ ਹੱਕ ਵਿਚ ਕੁਝ ਦਲੀਲਾਂ ਦਿੱਤੀਆਂ।
ਪਰ ਗੁਰੂ ਜੀ ਨੂੰ ਸੁਲਾਹ ਦੀ ਗੱਲ ਚੰਗੀ ਨਹੀਂ ਲੱਗੀ। ਹੁਣ ਜਦੋਂ ਗੁਰੂ ਜੀ ਦਾ ਘਰ-ਘਾਟ, ਆਰ-ਪਰਿਵਾਰ ਅਤੇ ਸਿੱਖ ਫੁਲਵਾਡ਼ੀ ਸਭ ਕੁਝ ਤਬਾਹ ਹੋ ਚੁੱਕਾ ਸੀ ਅਤੇ ਮੁਗ਼ਲ ਫੌਜ ਹੁਣ ਵੀ ਸਿਰ ‘ਤੇ ਚਡ਼੍ਹੀ ਆ ਰਹੀ ਸੀ, ਸੁਲਾਹ ਦਾ ਇਹ ਕੋਈ ਮੌਕਾ ਨਹੀਂ ਸੀ। ਇਸ ਲਈ ਮਝੈਲ ਸਿੰਘਾਂ ਨੂੰ ਦਿੱਤੇ ਜਵਾਬ ਵਿਚ ਇਸ ਸਮੇਂ ਜਿੰਨੇ ਕਰਡ਼ੇ ਸ਼ਬਦ ਦਸਮ ਪਾਤਸ਼ਾਹ ਨੇ ਵਰਤੇ ਉਨੇ ਕਠੋਰ ਸ਼ਬਦ ਹੋਰ ਕਿਤੇ ਦੇਖਣ-ਸੁਨਣ ਵਿਚ ਨਹੀਂ ਆਉਂਦੇ। ਕਹਿਣ ਲੱਗੇ, ”ਸਿੱਖ ਤਾਂ ਹੁੰਦੇ ਹਨ ਉਪਦੇਸ਼ ਲੈਣ ਲਈ, ਤੁਸੀਂ ਸਾਨੂੰ ਉਪਦੇਸ਼ ਦੇਣ ਆਏ ਹੋ। ਹੁਣ ਤੁਸੀਂ ਸਾਡੇ ਝਗਡ਼ੇ ਨਿਬੇਡ਼ਨਾ ਚਾਹੁੰਦੇ ਹੋ, ਪਹਿਲਾਂ ਤੁਸੀਂ ਕਿੱਥੇ ਗਏ ਹੋਏ ਸੀ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਉਦੋਂ ਤਾਂ ਬਾਦਸ਼ਾਹ ਨੂੰ ਕੁਝ ਕਹਿਣ ਲਈ ਕੋਈ ਨਹੀਂ ਗਿਆ। ਸਾਰੇ ਆਪਣੇ-ਆਪਣੇ ਘਰਾਂ ਵਿਚ ਡਰ ਕੇ ਬੈਠੇ ਰਹੇ। ਫੇਰ ਨੌਵੇਂ ਪਾਤਸ਼ਾਹ ਸ਼ਹਾਦਤ ਦੇਣ ਦਿੱਲੀ ਗਏ। ਕਿਸੇ ਨੇ ਜਾ ਕੇ ਬਾਦਸ਼ਾਹ ਨੂੰ ਕੁਝ ਨਾ ਆਖਿਆ। ਇਸ ਸਾਕੇ ਵਿਚ ਕਿਸੇ ਨੇ ਦਖਲ ਨਾ ਦਿੱਤਾ। ਹੁਣ ਤੁਸੀਂ ਸਾਨੂੰ ਉਪਦੇਸ਼ ਕਰਨ ਆ ਗਏ ਹੋ। ਇਹੋ ਜਿਹੀਆਂ ਗੱਲਾਂ ਕਰਦਿਆਂ ਤੁਹਾਨੂੰ ਲੱਜਿਆ ਨਹੀਂ ਆਉਂਦੀ।”
ਸਿੱਖ ਹੋਤਿ ਲੈਬੇ ਉਪਦੇਸ਼ੂ।
ਦੇਹੁ ਹਮੇ ਬਿਪ੍ਰੀਤ ਵਿਸ਼ੇਸ਼ੂ।…
ਹਮਰੇ ਝਗਰੇ ਚਹਹੁ ਨਿਬੇਰਾ।
ਕਹਾਂ ਗਏ ਤੁਮ ਪੂਰਬ ਵੇਰਾ।
ਸ੍ਰੀ ਗੁਰੂ ਅਰਜਨ ਕੋ ਭਾ ਕਾਰਨ।
ਨਹਿਂ ਗਮਨੇ ਨਹਿਂ ਕਰਯੋ ਉਚਾਰਨਿ।
ਨਿਜ-ਨਿਜ ਸਦਨ ਥਿਰੇ ਡਰ ਧਾਰਯੋ।
ਪੁਨ ਨੌਮੇ ਪਾਤਿਸ਼ਾਹੁ ਭਏ ਹੈਂ।
ਦਿੱਲੀ ਮਹਿਂ ਸਿਰ ਦੇਨ ਗਏ ਹੈਂ।…
ਕਿਨਹੂੰ ਕਹਯੋਂ ਨ ਸ਼ਾਹੁ ਅਗਾਰੀ।
ਪਰਯੋਂ ਨ ਕੋਊ ਝਗਰ ਮਝਾਰੀ।…
ਅਬਿ ਉਪਦੇਸ਼ ਕਰਨਿਕੋ ਆਏ।
ਕਹਨਿ ਬਾਕ ਕੋ ਨਹਿਨ ਲਜਾਏ।
ਇਹ ਸਤਿਗੁਰਾਂ ਦੇ ਬਚਨ ਸੁਨ ਆਗੇ ਸੇ ਭਾਗ ਸਿੰਘ ਝਬਾਲੀਏ ਨੇ ਕਹਾ, ”ਗਰੀਬ ਨਿਵਾਜ਼, ਜੇ ਤੁਸਾਂ ਇਸੇ ਤਰਹ ਰਹਿਨਾ ਹੈ ਤਾਂ ਹਮਾਰੇ ਸੇ ਆਪ ਕੀ ਸਿੱਖੀ ਨਹੀਂ ਨਿਭ ਸਕਦੀ, ਹਮ ਵਾਪਸ ਜਾਤੇ ਹੈਂ।” … ਗੁਰੂ ਜੀ ਨੇ ਆਗੇ ਸੇ ਕਹਾ, ”…ਜੇ ਤੁਮ ਆਏ ਹੋ ਤਾਂ ਲਿਖ ਕੇ ਦੇ ਜਾਈਏ ਕਿ ਆਜ ਸੇ ਮਾਝਾ ਦੇਸ਼ ਗੁਰੂ ਕਾ ਸਿੱਖ ਨਹੀਂ ਰਹਾ।” (ਗੁਰੂ ਕੀਆਂ ਸਾਖੀਆਂ, ਸਾਖੀ 90ਵੀਂ)
ਇਹ ਸੀ ਉਹ ਅਭਾਗੀ ਘਡ਼ੀ ਜਦੋਂ ਮਾਝੇ ਦੇ ਕੇਵਲ ਚਾਰ ਢਿੱਲੋਂ ਗੋਤ ਦੇ ਸਿੱਖਾਂ ਨੇ ਬੇਦਾਵੇ ਦੇ ਕਾਗਜ਼ ‘ਤੇ ਦਸਤਖਤ ਕਰ ਦਿੱਤੇ। ‘ਗੁਰੂ ਕੀਆਂ ਸਾਖੀਆਂ’ ਅਨੁਸਾਰ ‘ਪ੍ਰਿਥਮੇ ਭਾਗ ਸਿੰਘ ਝਬਾਲੀਏ ਲਿਖਾ, ਇਸੇ ਦੇਖ ਦਿਲਬਾਗ ਸਿੰਘ, ਘਰਬਾਰਾ ਸਿੰਘ ਤੇ ਗੰਡਾ ਸਿੰਘ ਚੌਹਾਂ ਝਬਾਲੀਆਂ ਨੇ ਕਲਮ ਪਕਡ਼ ਦਸਤਖਤ ਕਰ ਦੀਏ। ਜਥੇ ਦੇ ਬਾਕੀ ਸਿੰਘ ਅਚਾਨਕ ਵਾਪਰ ਗਈ ਇਸ ਘਟਨਾ ‘ਤੇ ਹੈਰਾਨ ਹੁੰਦੇ ਹੋਏ ਡੂੰਘੀਆਂ ਸੋਚਾਂ ਵਿਚ ਪੈ ਗਏ ਅਤੇ ਗੁਰੂ ਨਾਲੋਂ ਤੋਡ਼ ਵਿਛੋਡ਼ੀ ਕਰਨ ਵਾਲੇ ਬੇਦਾਵੇ ‘ਤੇ ਦਸਤਖਤ ਕਰਨ ਦਾ ਹੌਸਲਾ ਨਾ ਕਰ ਸਕੇ। 
ਖਿਦਰਾਣੇ ਦੀ ਢਾਬ ਦੇ ਨਜ਼ਦੀਕ ਸਰਕਾਰ ਨਾਲ ਸੁਲਾਹ ਕਰਨ ਦਾ ਸੁਝਾਅ ਦੇਣ ਵਾਲੇ ਮਝੈਲਾਂ ਨੂੰ ਗੁਰੂ ਜੀ ਵੱਲੋਂ ਪਾਈ ਗਈ ਝਾਡ਼ ਅਤੇ ਇਸੇ ਅਸਥਾਨ ‘ਤੇ ਕੇਵਲ ਚਾਰ ਸਿੱਖਾਂ ਵੱਲੋਂ ਲਿਖੇ ਬੇਦਾਵੇ ਨੂੰ ਬਹੁਤ ਸਾਰੇ ਪੁਰਾਤਨ ਅਤੇ ਆਧੁਨਿਕ ਵਿਦਵਾਨਾਂ ਨੇ ਸਹੀ ਮੰਨ ਕੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਆਪਣੀਆਂ ਪੁਸਤਕਾਂ ਵਿਚ ਦਰਜ ਕੀਤਾ ਹੈ। ਅਜਿਹੇ ਵਿਦਵਾਨਾਂ ਵਿਚ ਭਾਈ ਸਵਰੂਪ ਸਿੰਘ ਕੌਸ਼ਿਸ਼ (ਗੁਰੂ ਕੀਆਂ ਸਾਖੀਆਂ), ਭਾਈ ਸੰਤੋਖ ਸਿੰਘ, ਗਿਆਨ ਸਿੰਘ, ਮੈਕਾਲਿਫ, ਭਾਈ ਵੀਰ ਸਿੰਘ (ਕਲਗੀਧਰ ਚਮਤਕਾਰ) ਪ੍ਰਿੰ. ਸਤਿਬੀਰ ਸਿੰਘ, ਪੋ੍ਰ. ਪਿਆਰਾ ਸਿੰਘ ਪਦਮ, ਡਾ. ਗੁਰਬਚਨ ਸਿੰਘ ਨਈਅਰ ਅਤੇ ਡਾ. ਸੰਗਤ ਸਿੰਘ ਆਦਿ ਸ਼ਾਮਲ ਹਨ। (ਇਹ ਸਾਰਾ ਉਤਾਰਾ ਨਿਰੰਜਣ ਸਿੰਘ ਸਾਥੀ ਦੇ ਲਿਖੇ ਲਡ਼ੀਵਾਰ ਇਤਿਹਾਸਕ ਲੇਖਾਂ ਵਿਚੋਂ ਹੈ)
ਸੋਹਣ ਸਿੰਘ ਸੀਤਲ ਰੁਪਾਣੇ ਵਿਚ ਵੀ ਬੇਦਾਵਾ ਲਿਖਣ ਦੀ ਰੀਤ ਨੂੰ ਪ੍ਰਵਾਨਗੀ ਨਹੀਂ ਦਿੰਦੇ। ਉਹ ਲਿਖਦੇ ਹਨ ਕਿ ‘ਉਥੇ ਵੀ ਬੇਦਾਵਾ ਲਿਖੇ ਜਾਣ ਦੀ ਕੋਈ ਮਜਬੂਰੀ ਨਹੀਂ ਜਾਪਦੀ’ ਇਸ ਵਿਚਾਰ ਚਰਚਾ ‘ਚੋਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੇ ਮੁਕਤਸਰ ਦੀ ਧਰਤੀ ‘ਤੇ ਬੇਦਾਵਾ ਪਾਡ਼ਿਆ ਗਿਆ ਹੈ ਤਾਂ ਬੇਦਾਵਾ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਗਿਆ। ਮੁਕਤਸਰ ਦੇ ਨੇਡ਼ੇ-ਤੇਡ਼ੇ ਹੀ ਲਿਖਿਆ ਗਿਆ ਹੈ ਅਤੇ ਬੇਦਾਵੇ ਦਾ ਕਾਗਜ਼ ਇਕ ਤਾਜ਼ਾ ਦਸਤਾਵੇਜ਼ ਸੀ ਅਤੇ ਸੁਭਾਵਿਕ ਤੌਰ ‘ਤੇ ਉਹ ਗੁਰੂ ਦੀ ਜੇਬ ਵਿਚ ਮੌਜੂਦ ਸੀ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

Wednesday, December 14, 2011

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਬਾਦਲ ਦਾ ਸਪਸ਼ਟ ਐਲਾਨ

ਟਿਕਟਾਂ ਦੀ ਵੰਡ ਵੇਲੇ ਕਸੌਟੀ ਹੋਵੇਗੀ  
ਉਮੀਦਵਾਰ ਦੀ ਜਿੱਤਣ-ਸਮਰੱਥਾ,ਵਫ਼ਾਦਾਰੀ ਅਤੇ ਪਾਰਟੀ ਪ੍ਰਤੀ ਸੇਵਾਵਾਂ 
*ਸਭ ਤੋਂ ਵੱਧ ਵੋਟਾਂ ਲੈਣ ਵਾਲੇ ਵਿਧਾਇਕ ਨੂੰ ਮਿਲੇਗਾ ਸੋਨ ਤਮਗੇ ਦਾ ਸਨਮਾਨ 
*ਖੇਤੀਬਾੜੀ ਅਤੇ ਸਨਅਤ ਦੀ ਬਰਬਾਦੀ ਲਈ ਠਹਿਰਾਇਆ ਯੂ.ਪੀ.ਏ. ਸਰਕਾਰ ਨੂੰ ਜ਼ਿੰਮੇਵਾਰ 
ਅੰਮ੍ਰਿਤਸਰ//13  ਦਸੰਬਰ//ਗਜਿੰਦਰ ਸਿੰਘ ਕਿੰਗ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਛੁੱਕ ਉਮੀਦਵਾਰਾਂ ਨੂੰ ਜਿੱਤਣ ਦੀ ਸਮਰੱਥਾ, ਪਾਰਟੀ ਪ੍ਰਤੀ ਯੋਗਦਾਨ ਤੇ ਵਫ਼ਾਦਾਰੀ ਨੂੰ ਧਿਆਨ ਵਿੱਚ ਰੱਖ ਕੇ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਾਰਟੀ ਵਿਧਾਇਕ ਨੂੰ 'ਗੋਲਡ ਮੈਡਲ' ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ ਉਸ ਦੇ ਹਲਕੇ ਲਈ ਵਿਸ਼ੇਸ਼ ਵਿਕਾਸਮਈ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ।
     ਅੱਜ ਇੱਥੇ ਵਿਧਾਨ ਸਭਾ ਹਲਕਾ ਅਟਾਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲਾਮਿਸਾਲ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੀਨੀਅਰ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਪਿੱਛੋਂ ਇਕ ਮਹੀਨੇ ਦੇ ਵਿੱਚ-ਵਿੱਚ ਟਿਕਟਾਂ ਦੀ ਵੰਡ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਅਟੁੱਟ ਰਿਸ਼ਤਾ ਹੈ ਅਤੇ ਜੇਕਰ ਕਿਧਰੇ ਵਿਧਾਨ ਸਭਾ ਹਲਕਿਆਂ ਵਿੱਚ ਤਬਦੀਲੀ ਦੀ ਲੋੜ ਹੋਈ ਤਾਂ ਆਪਸੀ ਸਹਿਮਤੀ ਨਾਲ ਵਟਾਂਦਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ,'' ਸੀਟਾਂ ਦੀ ਸਾਂਝੇਦਾਰੀ ਦਾ ਮਾਮਲਾ ਦੋਵਾਂ ਪਾਰਟੀਆਂ ਦੇ ਨੇਤਾ ਡੂੰਘਾਈ ਨਾਲ ਵਿਚਾਰਨਗੇ।''
     ਸ਼ਹਿਰਾਂ ਦੇ ਵਿਕਾਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਰਾਜ ਵਿੱਚ ਸ਼ਹਿਰ ਵਾਸੀਆਂ ਨੂੰ ਸੀਵਰੇਜ, ਜਲ ਸਪਲਾਈ, ਸਟਰੀਟ ਲਾਈਟਾਂ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਚਾਰ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।
ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਏਜੰਡੇ ਬਾਰੇ ਦੱਸਦਿਆਂ, ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜ ਸਾਲਾਂ ਵਿੱਚ ਕੀਤੇ ਲਾਮਿਸਾਲ ਵਿਕਾਸ, ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁੱਦੇ ਨੂੰ ਲੈ ਕੇ ਵੋਟਾਂ ਮੰਗੀਆਂ ਜਾਣਗੀਆਂ।
     ਇਸ ਤੋਂ ਮਗਰੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਦੁਸ਼ਮਣ ਜਮਾਤ ਕਾਂਗਰਸ ਦਾ ਮੁਕੰਮਲ ਸਫਾਇਆ ਕਰਕੇ ਮੁੜ ਅਕਾਲੀ-ਭਾਜਪਾ ਸਰਕਾਰ ਕਾਇਮ ਕੀਤੀ ਜਾਵੇ ਤਾਂ ਜੋ ਵਿਕਾਸ ਦੀ ਗਤੀ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਕਿਉਂਕਿ ਇਸ ਪਾਰਟੀ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਿਰੋਧੀਆਂ ਨੀਤੀਆਂ ਘੜ ਕੇ ਖੁਸ਼ਹਾਲ ਸੂਬੇ ਨੂੰ ਬਰਬਾਦੀ ਵੱਲ ਧੱਕਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਨੂੰ ਗੁਆਂਢੀ ਮੁਲਕਾਂ ਤੋਂ ਕੋਈ ਖਤਰਾ ਖੜ੍ਹਾ ਹੋਇਆ ਹੈ ਤਾਂ ਪੰਜਾਬ ਦੇ ਬਹਾਦਰ ਜਵਾਨਾਂ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਪਰ ਸਮੇਂ-ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਨਾਲ ਪੈਰ-ਪੈਰ 'ਤੇ ਘੋਰ ਬੇਇਨਸਾਫੀ ਕੀਤੀ ਹੈ ਜੋ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਤੇ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਪਰ ਮੁਲਕ ਵਿੱਚ ਅੱਜ ਵੀ ਘੋਰ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਮਹਿੰਗਾਈ ਜਿਹੀਆਂ ਅਲਾਮਤਾਂ ਜਿਉਂ ਦੀਆਂ ਤਿਉਂ ਸਿਰ ਚੁੱਕੀ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਰਾਜ ਤਾਂ ਮੁਗਲਾਂ ਅਤੇ ਅੰਗਰੇਜ਼ ਹਕੂਮਤਾਂ ਤੋਂ ਵੀ ਬਦਤਰ ਹੈ ਜਿੱਥੇ ਆਮ ਆਦਮੀ ਸਮੱਸਿਆਵਾਂ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬੀਆਂ 'ਤੇ ਏਨੇ ਜ਼ੁਲਮ ਕੀਤੇ ਹਨ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤਾ ਹਮਲਾ ਅਤੇ '84 ਦੇ ਸਿੱਖ ਕਤਲੇਆਮ ਦੌਰਾਨ ਸਿੱਖਾਂ ਨੂੰ ਦਿੱਤੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ ਜੋ ਕਾਂਗਰਸ ਦੀਆਂ ਪੰਜਾਬੀਆਂ ਖਿਲਾਫ਼ ਜ਼ਿਆਦਤੀਆਂ ਦੀ ਯਾਦ ਦਿਵਾਉਂਦੇ ਰਹਿਣਗੇ। ਸ. ਬਾਦਲ ਨੇ ਕਿਹਾ,'' ਅਸੀਂ ਕਾਂਗਰਸ ਸੱਤਾ ਦੌਰਾਨ ਪੰਜਾਬ ਨਾਲ ਹੋਈ ਧੱਕੇਸ਼ਾਹੀ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਇਸ ਤੋਂ ਵੀ ਦੁਖਦਾਇਕ ਗੱਲ ਹੈ ਕਿ ਕਾਂਗਰਸ ਅੱਜ ਵੀ ਸਾਡੇ ਸਮਾਜਿਕ, ਸਿਆਸੀ ਅਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੀ।''
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਕਰਨ ਵਾਲੇ ਪੰਜਾਬ ਦੇ ਕਿਸਾਨ 30 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਖੇਤੀਬਾੜੀ ਅੱਜ ਘਾਟੇ ਵਾਲਾ ਧੰਦਾ ਬਣ ਗਈ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਮੁਸੀਬਤਾਂ ਵਿੱਚ ਡੁੱਬੀ ਕਿਸਾਨੀ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਖੇਤੀ ਟਿਊਬਵੈਲਾਂ ਦੇ ਬਿੱਲ ਮੁਆਫੀ ਦੀ ਛੋਟ ਦਿੱਤੀ ਹੋਈ ਹੈ ਜਿਸ ਨਾਲ ਕਿਸਾਨਾਂ ਨੂੰ 3800 ਕਰੋੜ ਰੁਪਏ ਦਾ ਵੱਡਾ ਫਾਇਦਾ ਹੋਇਆ ਹੈ।
ਰਾਜ ਵਿੱਚ ਸਨਅਤੀ ਖੇਤਰ ਦੀ ਮੰਦਹਾਲੀ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਸ. ਬਾਦਲ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਸਨਅਤੀ ਖੇਤਰ ਵਿੱਚ ਵੱਡੀਆਂ ਛੋਟਾਂ ਦੇ ਕੇ ਰਾਜ ਨਾਲ ਵਿਤਕਰੇਬਾਜ਼ੀ ਕੀਤੀ ਹੈ ਜਿਸ ਨਾਲ ਰਾਜ ਦੀ ਸਨਅਤ ਨੂੰ ਵੱਡਾ ਧੱਕਾ ਲੱਗਾ ਹੈ।
     ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਇਸ ਗੱਲ ਦਾ ਫੈਸਲਾ ਕਰਨਗੀਆਂ ਕਿ ਰਾਜ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਦੀ ਵਿਕਾਸ ਦੀ ਨੀਤੀ ਨੂੰ ਪਸੰਦ ਕਰਦੇ ਹਨ ਜਾਂ ਕਾਂਗਰਸ ਵੱਲੋਂ ਸਿਆਸੀ ਬਦਲਾਖੋਰੀ ਦੇ ਕੀਤੇ ਜਾ ਰਹੇ ਪ੍ਰਚਾਰ ਨੂੰ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਵਿੱਚ ਲਾਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਮੁੜ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣ। ਉਨ੍ਹਾਂ ਕਿਹਾ,''ਮੈਂ ਆਸ ਕਰਦਾ ਹਾਂ ਕਿ ਤੁਸੀਂ ਲੋਕ ਅਗਾਮੀ ਵਿਧਾਨ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਕਰ ਦਿਓਗੇ ਤਾਂ ਜੋ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।''
ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਦੇਸ਼ ਭਰ ਵਿੱਚ ਕਾਂਗਰਸ ਦੀਆਂ ਲੋਕ ਵਿਰੋਧੀਆਂ ਨੀਤੀਆਂ ਕਰਕੇ ਇਸ ਪਾਰਟੀ ਦੀ ਬੇੜੀ ਡੁੱਬ ਰਹੀ ਹੈ ਅਤੇ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦਾ ਬਿਸਤਰਾ ਗੋਲ ਹੋ ਜਾਵੇਗਾ।
ਸੰਸਦ ਮੈਂਬਰ ਅਤੇ ਭਾਜਪਾ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੁਲਕਾਂ ਦੇ ਵੱਡੇ ਅਮੀਰ ਘਰਾਣਿਆਂ ਨੂੰ ਤਾਂ 5 ਲੱਖ 25 ਹਜ਼ਾਰ ਕਰੋੜ ਰੁਪਏ ਦੀ ਰਾਹਤ ਦੇ ਦਿੱਤੀ ਜਦਕਿ ਪੰਜਾਬ ਨੂੰ ਫੁੱਟੀ ਕੌਡੀ ਨਹੀਂ ਦਿੱਤੀ।
     ਇਸ ਮੌਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਾਣੀਕੇ ਨੇ ਹਲਕੇ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
     ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

Sunday, December 11, 2011

ਪੀਪੀਪੀ ਵੀ ਕੁੱਦੀ ਦੇਸ਼ ਦੀ ਆਰਥਿਕ ਆਜ਼ਾਦੀ ਦੀ ਲੜਾਈ 'ਚ

ਅਸੀਂ ਪੂਰੀ ਤਰਾਂ ਦਿਆਂਗੇ ਸ੍ਰੀ ਅੰਨਾ ਦਾ ਸਾਥਮਨਪ੍ਰੀਤ
*ਮਨਪ੍ਰੀਤ ਬਾਦਲ ਸਾਥੀਆਂ ਸਮੇਤ ਗ੍ਰਿਫਤਾਰ ਤੇ ਰਿਹਾਅ

ਚੰਡੀਗੜ੍ਹ// ਦਸੰਬਰ//ਬਿਊਰੋ ਰਿਪੋਰਟ:
ਜਿਨ੍ਹੀ ਦੇਰ ਦੇਸ਼ 'ਚੌਂ ਰਿਸ਼ਵਤਖੌਰੀ ਦਾ ਖ਼ਾਤਮਾ ਨਹੀਂ ਹੁੰਦਾ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਜਾਣਾ ਪਵੇਗਾ। ਉਨ੍ਹਾਂ ਨੂੰ ਸਰਕਾਰ ਦੀਆਂ ਡਾਂਗਾ ਵੀ ਖਾਣੀਆਂ ਪੈਣਗੀਆਂ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣੀ ਪਵੇਗੀ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ੍ਰੀ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਸਮਰਥਨ ਦੇਣ ਤੋਂ ਪਹਿਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਦੀ ਇਹ ਆਜ਼ਾਦੀ ਦੀ ਦੂਸਰੀ ਲੜ੍ਹਾਈ ਹੈ ਅਤੇ ਪੀਪੀਪੀ ਉਨ੍ਹਾਂ ਦੀ ਇਸ ਭਾਵਨਾ ਅਤੇ ਕੁਰਬਾਨੀ ਜ਼ਜਬੇ ਨੂੰ ਸਲਾਮ ਕਰਦੀ ਹੋਈ ਉਨ੍ਹਾਂ ਦੀ ਹਮਾਇਤ ਕਰਦੀ ਹੈ।
ਸ. ਬਾਦਲ ਨੇ ਕਿਹਾ ਕਿ ਸ੍ਰੀ ਅੰਨਾ ਹਜ਼ਾਰੇ ਕੋਈ ਨਿੱਜੀ ਲੜਾਈ ਲਈ ਦੇਸ਼ ਵਾਸੀਆਂ ਨੂੰ ਇੱਕਤਰ ਨਹੀਂ ਕਰ ਰਹੇ ਬਲਕਿ ਇਹ ਹਰ ਭਾਰਤੀ ਦੀ ਲੜ੍ਹਾਈ ਹੈ ਅਤੇ ਇਹ ਦੇਸ਼ ਨੂੰ ਆਰਥਿਕ ਰੂਪ 'ਚ ਆਜ਼ਾਦ ਕਰਵਾਉਣ ਲਈ ਵਿੱਢਿਆ ਸੰਘਰਸ਼ ਹੈ। ਜਿਸ ਲਈ ਸਮੁੱਚੇ ਦੇਸ਼ਵਾਸੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਪਾਲ ਬਿੱਲ ਵਿੱਚ ਵਾਰ-ਵਾਰ ਬਦਲਾਓ ਕਰਕੇ ਇਸ ਨੂੰ ਕਮਜ਼ੋਰ ਬਨਾਉਣਾ ਚਾਹੁੰਦੀ ਹੈ, ਕਿ ਸ਼ਾਇਦ ਲੋਕ ਭੁੱਲ ਜਾਣ ਪ੍ਰੰਤੂ ਸਰਕਾਰ ਦਾ ਇਹ ਅੰਦਾਜ਼ਾ ਗਲਤ ਹੈ ਕਿਉਂਕਿ ਦੇਸ਼ ਦੇ ਲੋਕ ਹੁਣ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਇਰਾਦਾ ਲੈ ਕੇ ਸੜਕਾਂ 'ਤੇ ਨਿਕਲ ਪਏ ਹਨ। ਇੱਥੇ ਜ਼ਿਕਰਯੋਗ ਹੈ ਕਿ ਸ. ਮਨਪ੍ਰੀਤ ਅੱਜ ਸਥਾਨਕ ਪਾਰਟੀ ਦਫ਼ਤਰ ਤੋਂ ਆਪਣੇ ਹਜ਼ਾਰਾਂ ਪਾਰਟੀ ਦੇ ਅਹੁਦੇਦਾਰ ਤੇ ਵਰਕਰਾਂ ਨਾਲ ਅੰਨਾ ਹਜ਼ਾਰੇ ਦੇ ਸਮਰਥਨ ਲਈ ਸੈਕਟਰ 17 ਪਲਾਜ਼ਾ ਵੱਲ ਚੱਲੇ, ਪ੍ਰੰਤੂ ਉਨ੍ਹਾਂ ਨੂੰ ਸੈਕਟਰ 17 ਦੀ ਹੱਦ ਤੋਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ।  ਕਰੀਬ ਤਿੰਨ ਘੰਟੇ ਪੁਲਿਸ ਹਿਰਾਸਤ ਦੇ 'ਚ ਰੱਖਣ ਉਪਰੰਤ ਛੱਡ ਦਿੱਤਾ ਗਿਆ।
ਸ. ਮਨਪ੍ਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਜਨ ਲੋਕਪਾਲ ਬਿੱਲ ਨੂੰ ਸਹੀ ਭਾਵਨਾ ਨਾਲ ਪਾਸ ਨਹੀਂ ਕਰਵਾਏ।  ਕਿਉਂਕਿ ਸ੍ਰੀ ਅੰਨਾ ਹਜ਼ਾਰੇ ਅਨੁਸਾਰ ਜੇ ਬਿੱਲ ਪਾਸ ਨਹੀਂ ਹੁੰਦਾ ਤਾਂ ਉਹ 27 ਦਸੰਬਰ ਤੋਂ ਸਤਿਆਗ੍ਰਹਿ ਸ਼ੁਰੂ ਕਰਨਗੇ ਅਤੇ ਉਨ੍ਹਾਂ ਦੇ ਪਿਛਲੇ ਅੰਦੋਲਨ ਨੇ ਸਰਕਾਰ ਦੀ ਜੜ੍ਹਾ ਹਿਲਾ ਦਿੱਤੀਆਂ ਸਨ ਤੇ ਇਸ ਵਾਰ ਸਰਕਾਰ ਦੀ ਬੇ-ਰੁੱਖੀ ਤੇ ਅਵੇਸਲਾਪਨ ਅਜਿਹੀ ਲੋਕ ਲਹਿਰ 'ਚ ਤਬਦੀਲ ਹੋਵੇਗਾ ਜਿਸ ਨੂੰ ਸੰਭਾਲਣਾ ਸਰਕਾਰ ਦੇ ਵੱਸੋਂ ਬਾਹਰ ਹੋ ਜਾਵੇਗਾ।
ਅੱਜ ਸ. ਮਨਪ੍ਰੀਤ ਦੇ ਨਾਲ ਪਾਰਟੀ ਦੇ ਸ੍ਰਪਰਸਤ ਡਾ. ਐੱਸ.ਐੱਸ. ਜੌਹਲ, ਪੀਪੀਪੀ ਦੇ ਸੀਨੀਅਰ ਮੀਤ ਪ੍ਰਧਾਨ ਸ. ਕੁਸ਼ਲਦੀਪ ਸਿੰਘ ਢਿੱਲੋਂ, ਸ. ਦਰਸ਼ਨ ਸਿੰਘ ਮੰਧੀਰ, ਮੀਤ ਪ੍ਰਧਾਨ ਸ੍ਰੀ ਅਭੈ ਸੰਧੂ, ਸ. ਸ਼ਮਸ਼ੇਰ ਸਿੰਘ ਲਿੱਟ, ਸ. ਕੁਲਦੀਪ ਸਿੰਘ ਢੋਸ, ਸ੍ਰੀ ਭਗਵੰਤ ਮਾਨ, ਸ. ਜੈ ਜੀਤ ਸਿੰਘ ਜੌਹਲ, ਪ੍ਰੈਸ ਸਕੱਤਰ ਸ. ਅਰੁਣਜੋਤ ਸਿੰਘ ਸੋਢੀ, ਸ. ਜਸਵੀਰ ਸਿੰਘ ਢਿੱਲੋਂ ਨਿੱਜੀ ਸਕੱਤਰ, ਜਨਰਲ ਸਕੱਤਰ ਸ੍ਰੀ ਭਾਰਤ ਭੂਸ਼ਣ ਥਾਪਰ,  ਸ. ਹਰਨੇਕ ਸਿੰਘ ਘੜੂੰਆਂ ਸਾਬਕਾ ਮੰਤਰੀ, ਸ. ਜਗਜੀਤ ਸਿੰਘ ਘੰਗੂਰਾਣਾ, ਐਡਵੋਕੇਟ ਬੀ. ਐੱਸ.ਰਿਆੜ, ਸ. ਜਗਦੀਪ ਸਿੰਘ ਜਗਰਾਓਂ ਤੇ ਸ. ਯਾਦਵਿੰਦਰ ਸਿੰਘ ਬੁੱਟਰ, ਸ੍ਰੀ ਦੀਪਕ ਪੁਰੀ, ਸ੍ਰੀ ਸੁਰਿੰਦਰ ਕੁਮਾਰ ਪੌਂਮਪੀ, ਸ. ਕੁਲਵਿੰਦਰ ਸਿੰਘ ਕਾਲਾ, ਸ. ਗੁਰਮੀਤ ਸਿੰਘ ਬੱਲੋ, ਸ੍ਰੀ ਸਤਪਾਲ ਜੋਸ਼ੀਲਾ, ਪਿੰ੍ਰਸੀਪਲ ਹਰਦੀਪ ਸਿੰਘ, ਸ. ਮਨਿੰਦਰਪਾਲ ਸਿੰਘ ਪਲਾਸੌਰ, ਚੌਧਰੀ ਵਿਜੈਪਾਲ, ਸ. ਅਮਨਪ੍ਰੀਤ ਸਿਘ ਛੀਨਾ, ਸ੍ਰੀ ਰਾਮ ਸ਼ਰਨਪਾਲ ਸ਼ਰਮਾ, ਸ. ਅਵਤਾਰ ਸਿੰਘ ਹਰਪਾਲਪੁਰ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।      **********

Sunday, December 04, 2011

ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ//ਡਾ. ਹਿਰਦੇਪਾਲ ਸਿੰਘ

ਕਈ ਬੇਨਤੀਆਂ ਦੇ ਬਾਵਜੂਦ ਨਹੀਂ ਬਹਾਲ ਕੀਤਾ ਗਿਆ  
ਇੱਕ ਲੱਖ ਰੁਪਏ ਵਾਲਾ--"ਸ.ਸੋਭਾ ਸਿੰਘ ਪੁਰਸਕਾਰ" 
ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਾਹੌਰ ਤੋਂ ਅੰਦਰੇਟਾ ਜ਼ਿਲ੍ਹਾ ਕਾਂਗਡ਼ਾ, ਜੋ ਉਸ ਸਮੇਂ ਪੰਜਾਬ ਦਾ ਹੀ ਇੱਕ ਹਿੱਸਾ ਸੀ, ਵਿਖੇ ਆਏ। ਇਹ ਖ਼ੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿੱਚ ਇੱਕ ਵਾਰੀ ਪ੍ਰੀਤ ਨਗਰ ਤੋਂ ਆ ਕੇ  ਦੇਖਿਆ ਸੀ ਅਤੇ ਕਾਦਰ ਦੀ ਕੁਦਰਤ ਦੇ ਸੁੱਹਪਣ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਸਨ। ਦੇਸ਼ ਵੰਡ ਵੇਲੇ ਉਹ ਮਜਬੂਰ ਹੋਕੇ ਆਪਣਾ ਆਰਟ ਸਟੂਡੀਓ ਤੇ 300 ਦੇ ਕਰੀਬ ਚਿੱਤਰ, ਜਿਨ੍ਹਾਂ ਵਿੱਚ 60 ਦੇ ਕਰੀਬ ਆਇਲ ਪੇਂਟਿੰਗ ਸਨ, ਲਾਹੌਰ ਛੱਡ ਕੇ ਇੱਥੇ ਆਏ ਸਨ। ਬੇਸ਼ੱਕ ਹਾਲਾਤ ਸੁਖਾਵੇਂ ਨਹੀਂ ਸਨ ਪਰ ਉਨ੍ਹਾਂ ਅੰਦਰੇਟਾ ਵਿਖੇ ਆਪਣੀ ਸਾਦਗੀ, ਸਨਿਮਰ ਤੇ ਮਿਲਾਪਡ਼ੇ ਸੁਭਾਅ ਅਤੇ ਮਿਹਨਤ ਨਾਲ ਆਪਣਾ ਸਥਾਨ ਬਣਾਇਆ। ਸਭ ਤੋਂ ਪਹਿਲਾਂ ਇੱਥੇ ਥੋਡ਼੍ਹੀ ਜਿਹੀ ਜ਼ਮੀਨ ਖਰੀਦ ਕੇ ਆਪਣਾ ਕੱਚਾ ਘਰ ਤੇ ਆਰਟ ਸਟੂਡੀਓ ਬਣਾਇਆ। ਸਮੇਂ ਦੇ ਨਾਲ-ਨਾਲ ਉਹ ਆਪਣੀ ਕਮਾਈ ‘ਚੋਂ ਬੱਚਤ ਨਾਲ ਹੋਰ ਤਸਵੀਰਾਂ ਲਗਾਉਣ ਲਈ ਇਸ ਵਿੱਚ ਵਾਧਾ ਤੇ ਇਸ ਨੂੰ ਪੱਕਾ ਕਰਦੇ ਗਏ। ਹੌਲੀ-ਹੌਲੀ ਕਲਾ ਪ੍ਰੇਮੀ ਤੇ ਹੋਰ ਦਰਸ਼ਕ ਆਰਟ ਗੈਲਰੀ ਵੇਖਣ ਤੇ ਚਿੱਤਰਕਾਰ ਨੂੰ ਮਿਲਣ ਲਈ ਆਉਣ ਲੱਗੇ। ਡਾ. ਮਹਿੰਦਰ ਸਿੰਘ ਰੰਧਾਵਾ, ਜੋ ਲਾਹੌਰ ਵਿਖੇ ਆਪਣੀ ਪਡ਼੍ਹਾਈ ਦੇ ਸਮੇਂ ਤੋਂ ਇਸ ਚਿੱਤਰਕਾਰ ਦੇ ਦੋਸਤ, ਪ੍ਰਸ਼ੰਸਕ ਅਤੇ ਜ਼ਿਲ੍ਹਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਸਨ, ਨੇ ਉਨ੍ਹਾਂ ਦੇ ਚਿੱਤਰਾਂ ਦੀਆਂ ਕਈ ਨੁਮਾਇਸ਼ਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਵਿੱਚ ਕਈ ਚਿੱਤਰ ਵਿਕੇ ਅਤੇ ਪੈਸੇ ਹੱਥ ਆਏ। ਫਿਰ ਜਦੋਂ ਡਾ. ਰੰਧਾਵਾ ਡਿਵੈਲਪਮੈਂਟ ਕਮਿਸ਼ਨਰ ਬਣੇ ਤਾਂ ਉਨ੍ਹਾਂ ਅੰਦਰੇਟਾ ਵਿਖੇ ਬੀ.ਡੀ.ਓ. ਦਾ ਦਫ਼ਤਰ ਖੋਲ੍ਹ ਦਿੱਤਾ ਜਿਸ ਨਾਲ ਪਿੰਡ ਵਿੱਚ ਰੌਣਕ ਵਧਣ ਲੱਗੀ। ਇਹ ਦਫ਼ਤਰ ਹੁਣ ਲਾਗਲੇ ਪਿੰਡ ਪੰਚਰੁਖੀ ਸ਼ਿਫਟ ਹੋ ਗਿਆ ਹੈ। ਉਸ ਸਮੇਂ ਪਾਲਮਪੁਰ ਤੋਂ ਅੰਦਰੇਟੇ ਜਾਣ ਲਈ ਕੱਚੀ ਸਡ਼ਕ ਹੁੰਦੀ ਸੀ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ 1962 ਵਿੱਚ ਸੋਭਾ ਸਿੰਘ ਨੂੰ ਮਿਲਣ ਆਏ ਤਾਂ ਆਰਟ ਗੈਲਰੀ ਦੇ ਸਾਹਮਣੇ ਤਕਰੀਬਨ 200 ਗਜ਼ ਦਾ ਟੋਟਾ ਪੱਕਾ ਕਰਵਾ ਦਿੱਤਾ ਤਾਂ ਜੋ ਧੂਡ਼ ਉੱਡ ਕੇ ਤਸਵੀਰਾਂ ਉਤੇ ਨਾ ਪਵੇ। ਇਸੇ ਤਰ੍ਹਾਂ ਰੇਲਵੇ ਬੋਰਡ ਦੇ ਤਤਕਾਲੀ ਚੇਅਰਮੈਨ ਕਰਨੈਲ ਸਿੰਘ ਵੱਲੋਂ ਪਠਾਨਕੋਟ-ਬੈਜਨਾਥ ਰੇਲਵੇ ਲਾਈਨ ਉਤੇ ਪੰਚਰੁਖੀ ਸਟੇਸ਼ਨ ਬਣਾਏ ਜਾਣ ਮਗਰੋਂ ਲਾਗਲੇ ਪਿੰਡ ਅੰਦਰੇਟੇ ਆਉਣਾ ਜਾਣਾ ਸੌਖਾ ਹੋ ਗਿਆ।
ਦੇਸ਼-ਵੰਡ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਣਾਏ ਚਿੱਤਰ ਤੇ ਡਿਜ਼ਾਈਨ ਸ. ਗੁਰਬਖ਼ਸ਼ ਸਿੰਘ ਦੇ ਮਾਸਿਕ ਪੱਤਰ ਪ੍ਰੀਤਲਡ਼ੀ ਅਤੇ ਨਾਵਲਕਾਰ ਨਾਨਕ ਸਿੰਘ ਦੇ ਮਾਸਿਕ ਪੱਤਰ ‘ਲੋਕ ਸਾਹਿਤ’ ਦੇ ਟਾਈਟਲ ਪੇਜ ਉਤੇ ਛਪਦੇ ਰਹੇ ਸਨ। ਇਸ ਕਾਰਨ ਉਨ੍ਹਾਂ ਦੀ ਪੰਜਾਬੀਆਂ ਕਲਾ ਪ੍ਰੇਮੀਆਂ ਵਿੱਚ ਇੱਕ ਖ਼ਾਸ ਪਛਾਣ ਬਣ ਚੁੱਕੀ ਸੀ। ਜੰਮੂ ਕਸ਼ਮੀਰ ਦੇ ਮਹਾਰਾਜਾ ਡਾ. ਕਰਨ ਸਿੰਘ ਨੇ 1952 ਵਿੱਚ ਸੋਹਣੀ ਮਹੀਵਾਲ ਦਾ ਚਿੱਤਰ ਖਰੀਦਿਆ। ਇਸ ਦੇ ਪ੍ਰਿੰਟ ਛਪ ਕੇ ਫ਼ੌਜੀ ਮੈਸਾਂ ਤੇ ਪੰਜਾਬੀਆਂ ਦੇ ਘਰਾਂ ਵਿੱਚ ਲੱਗਣ ਲੱਗੇ ਤਾਂ ਚਿੱਤਰਕਾਰ ਸੋਭਾ ਸਿੰਘ ਦੀ ਸੋਭਾ ਬਹੁਤ ਵਧ ਗਈ। ਡਾ. ਕਰਨ ਸਿੰਘ ਅਕਸਰ ਅੰਦਰੇਟੇ ਆਉਂਦੇ ਰਹਿੰਦੇ ਸਨ। ਉਹ ਅਕਸਰ ਕਲਾਕਾਰ ਨਾਲ ਧਰਮ ਤੇ ਫਿਲਾਸਫੀ ਬਾਰੇ ਵਿਚਾਰ ਵਿਟਾਂਦਰਾ ਕਰਦੇ। ਡਾ. ਸਿੰਘ ਨੇ ਆਪਣੇ ਸ਼ਾਹੀ ਖਾਨਦਾਨ ਦੇ ਕਈ ਮੈਂਬਰਾ ਦੇ ਚਿੱਤਰ ਵੀ ਬਣਵਾਏ ਜੋ ਇਸ ਸਮੇਂ ਅਮਰ ਮਹਿਲ ਮਿਊਜ਼ੀਅਮ ਜੰਮੂ ਵਿੱਚ ਲੱਗੇ ਹੋਏ ਹਨ।
ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਜੀ ਦਾ ਜੋ ਚਿੱਤਰ (ਸੱਜੇ ਹੱਥ ਨਾਲ ਅਸ਼ੀਰਵਾਦ ਦਿੰਦੇ ਹੋਏ) ਛਪਵਾਇਆ ਉਹ ਬਹੁਤ ਹੀ ਮਕਬੂਲ ਹੋਇਆ ਤੇ ਹੁਣ ਵੀ ਆਮ ਘਰਾਂ ਵਿੱਚ ਦੇਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1974 ਵਿੱਚ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ।  ਉਨ੍ਹਾਂ ਨੇ ਯੂਨੀਵਰਸਿਟੀ ਨੂੰ ਆਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਪੋਰਟਰੇਟ ਬਣਾ ਕੇ ਦਿੱਤੇ। ਇਸ ਤੋਂ ਬਿਨਾਂ ਕਈ ਫ਼ੌਜੀ ਰੈਜਮੈਂਟਾਂ ਤੇ ਜਨਰਲ ਕਰਿਆਂਪਾ ਸਮੇਤ ਕਈ ਫ਼ੌਜੀ ਜਰਨੈਲ਼ਾਂ ਦੇ ਚਿੱਤਰ ਵੀ ਬਣਾਏ।
ਉਨ੍ਹਾਂ ਨੂੰ 1972 ਵਿੱਚ  ਅਧਰੰਗ ਦਾ ਹਲਕਾ ਝਟਕਾ ਲੱਗਣ ਕਾਰਨ ਇਲਾਜ ਚੱਲ ਰਿਹਾ ਸੀ। ਉਸ ਸਮੇਂ ਪੰਜਾਬ ਦੇ ਗਵਰਨਰ ਡਾ.ਡੀ.ਸੀ. ਪਾਵਟੇ ਤੇ ਫਿਰ ਐਮ.ਐਮ. ਚੌਧਰੀ ਅੰਦਰੇਟਾ ਉਨ੍ਹਾਂ ਨੂੰ ਮਿਲਣ ਆਏ। ਉਨ੍ਹਾਂ ਸਲਾਹ ਦਿੱਤੀ ਕਿ ਪੰਜਾਬ ਆ ਜਾਓ, ਸਰਕਾਰ ਸਿਹਤ ਸਮੇਤ ਸਭ ਸਹੂਲਤਾਂ ਪ੍ਰਦਾਨ ਕਰੇਗੀ। ਇਸ ਮੰਤਵ ਲਈ ਚੰਡੀਗਡ਼੍ਹ ਤੇ ਛੱਤਬੀਡ਼ ਦੇ ਵਿਚਕਾਰ ਇੱਕ ਰਮਣੀਕ ਥਾਂ ਪਸੰਦ ਕੀਤੀ ਗਈ ਪਰ ਸਰਕਾਰ ਦੀਆਂ ਕਈ ਸ਼ਰਤਾਂ ਕਾਰਨ ਗੱਲਬਾਤ ਸਿਰੇ ਨਾ ਚਡ਼੍ਹ ਸਕੀ।

ਸ਼ਹਿਰੀ ਜ਼ਿੰਦਗੀ ਤੇ ਮੀਡੀਆ ਤੋਂ ਦੂਰ ਇੱਕ ਛੋਟੇ ਜਿਹੇ ਪਹਾਡ਼ੀ ਪਿੰਡ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਬਹੁਤ ਸ਼ੁਹਰਤ, ਮਾਣ ਸਤਿਕਾਰ ਤੇ ਸਨਮਾਨ ਮਿਲੇ। ਗਿਆਨੀ ਜ਼ੈਲ ਸਿੰਘ ਦੀ ਪੰਜਾਬ ਸਰਕਾਰ ਨੇ ‘ਸਟੇਟ ਆਰਟਿਸਟ’ ਦੀ ਉਪਾਧੀ ਤੇ ਭਾਰਤ ਸਰਕਾਰ ਨੇ ਪਦਮ ਸ਼੍ਰੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਡੀ.ਲਿਟ. ਦੀ ਆਨਰੇਰੀ ਡਿਗਰੀ ਦਿੱਤੀ। ਭਾਰਤ ਸਰਕਾਰ ਦੇ ਫਿਲਮ ਡਿਵੀਜ਼ਨ, ਬੀ.ਬੀ.ਸੀ. (ਲੰਡਨ) ਅਤੇ ਦੂਰਦਰਸ਼ਨ ਜਲੰਧਰ ਨੇ ਉਨ੍ਹਾਂ ਦੇ ਜੀਵਨ ਤੇ ਕਲਾ ਬਾਰੇ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ।
ਅਗਸਤ 1986 ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਗੈਲਰੀ ਦਾ ਨਾਂ ”ਸ. ਸੋਭਾ ਸਿੰਘ ਆਰਟ ਗੈਲਰੀ” ਰੱਖ ਦਿੱਤਾ। ਉਨ੍ਹਾਂ ਦੇ ਬਣਾਏ ਚਿੱਤਰਾਂ ਦੇ ਛਪੇ ਹੋਏ ਪ੍ਰਿੰਟਾਂ (ਕਾਪੀਆਂ) ਦੀ ਵਿਕਰੀ ਨਾਲ ਇਸ ਗੈਲਰੀ ਦੀ ਦੇਖ ਭਾਲ ਕੀਤੀ ਜਾ ਰਹੀ ਸੀ ਪਰ ਹੁਣ ਪਾਇਰੇਸੀ ਕਾਰਨ ਡੁਪਲੀਕੇਟ ਤਸਵੀਰਾਂ ਵਿਕਣ ਲੱਗੀਆਂ ਹਨ, ਇਹ ਆਮਦਨ ਵੀ ਬੰਦ ਹੋ ਚੱਲੀ ਹੈ।
ਗੈਲਰੀ ਉਪਰਲੇ ਰਿਹਾਇਸ਼ੀ ਕਮਰੇ ਖਾਲੀ ਕਰਕੇ ਚਿੱਤਰਕਾਰ ਦੇ ਜੀਵਨ ਨਾਲ ਸਬੰਧਿਤ ਲਗਭਗ 100 ਫੋਟੋਆਂ, ਉਨ੍ਹਾਂ ਵੱਲੋਂ ਤਰਾਸ਼ੇ ਕਈ ਬੁੱਤ, ਉਨ੍ਹਾਂ ਦੀਆਂ 200 ਦੇ ਕਰੀਬ ਪੁਸਤਕਾਂ, ਰੰਗ ਬੁਰਸ਼, ਉਨ੍ਹਾਂ ਦੇ ਬਸਤਰ ਤੇ ਐਨਕਾਂ ਆਦਿ ਅਤੇ ਹੋਰ ਵਸਤੂਆਂ ਪ੍ਰਦਰਸ਼ਤ ਕਰਕੇ ”ਸ.ਸੋਭਾ ਸਿੰਘ ਮਿਊਜ਼ੀਅਮ” ਸਥਾਪਤ ਕੀਤਾ ਹੈ, ਜਿਸ ਦਾ ਉਦਘਾਟਨ ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੁਮਲ ਨੇ ਇਸ ਸਾਲ 21 ਮਾਰਚ ਨੂੰ ਕੀਤਾ। ਪਰਿਵਾਰ ਵੱਲੋਂ ਗੈਲਰੀ ਦਾ ਵਿਸਤਾਰ ਕਰਨ ਦੀ ਯੋਜਨਾ ਹੈ, ਜਿਸ ‘ਤੇ ਲਗਭਗ 30 ਲੱਖ ਰੁਪਏ ਦੀ ਲਾਗਤ ਆਏਗੀ। ਹਿਮਾਚਲ ਸਰਕਾਰ ਨੇ ਗੈਲਰੀ ਦੇ ਵਿਸਤਾਰ ਲਈ ਕੋਈ ਗਰਾਂਟ ਦੇਣ ਤੋਂ ਅਸਮਰੱਥਾ ਪ੍ਰਗਟਾਈ ਹੈ ਤੇ ਸਲਾਹ ਦਿੱਤੀ ਹੈ ਕਿ ਭਾਰਤ ਸਰਕਾਰ ਪਾਸ ਪਹੁੰਚ ਕੀਤੀ ਜਾਏ। ਉਨ੍ਹਾਂ ਦੇ ਬੁਰਸ਼ ਤੋਂ ਬਣੇ ਚਿੱਤਰ ਸਾਡੇ ਦੇਸ਼ ਤੇ ਕੌਮ ਦਾ ਅਨਮੋਲ ਸਰਮਾਇਆ ਹਨ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਸ. ਤਰਲੋਚਨ ਸਿੰਘ ਦੇ ਯਤਨਾਂ ਸਦਕਾ ਹਿਮਾਚਲ ਸਰਕਾਰ ਨੇ ਸਾਲ 2001 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ, ਪਠਾਨਕੋਟ-ਮੰਡੀ ਮੁੱਖ ਸਡ਼ਕ ਦੇ ਮੋਡ਼ ‘ਕਾਲੂ ਦੀ ਹੱਟੀ’ (ਪਾਲਮਪੁਰ) ਤੋਂ ਅੰਦਰੇਟਾ ਤਕ ਵਾਲੀ ਸਡ਼ਕ ਦਾ ਨਾਂ ”ਸ.ਸੋਭਾ ਸਿੰਘ ਮਾਰਗ” ਰੱਖਿਆ ਅਤੇ ਅੰਦਰੇਟਾ ਵਿਖੇ ਸਰਕਾਰੀ ਹਾਈ ਸਕੂਲ ਦਾ ਨਾਂ ਵੀ ਉਨ੍ਹਾਂ ਦੇ ਨਾਂ ‘ਤੇ ਰਖਿਆ ਗਿਆ ਹੈ। ਹਿਮਾਚਲ ਸਰਕਾਰ ਨੇ ਉਸ ਸਮੇਂ ਕਿਸੇ ਪ੍ਰਮੁੱਖ ਚਿੱਤਰਕਾਰ ਨੂੰ ਹਰ ਸਾਲ ਦੇਣ ਵਾਸਤੇ ”ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਹੀ ਵਰ੍ਹੇ ਸੱਤਾ ਵਿੱਚ ਆਈ ਸਰਕਾਰ ਨੇ ਬੰਦ ਕਰ ਦਿੱਤਾ ਸੀ। ਪ੍ਰੋ. ਧੂਮਲ ਨੇ ਦੁਬਾਰਾ ਸੱਤਾ ਵਿੱਚ ਆਕੇ ਸਾਲ 2009 ਵਿੱਚ ਫਿਰ ਇਹ ਸਨਮਾਨ ਬਹਾਲ ਕਰ ਦਿੱਤਾ ਪਰ ਕੁਝ ਕਾਰਨਾਂ ਕਰਕੇ ਅਗਲੇ ਹੀ ਸਾਲ ਇਹ ਪੁਰਸਕਾਰ ਫਿਰ ਬੰਦ ਕਰ ਦਿੱਤਾ ਗਿਆ। ਗੈਲਰੀ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤਕ ਖੁੱਲ੍ਹੀ ਰਹਿੰਦੀ ਹੈ, ਦੁਪਹਿਰ ਦੇ ਖਾਣੇ ਲਈ ਇੱਕ ਤੋਂ ਦੋ ਵਜੇ ਤਕ ਬੰਦ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ 2001 ਵਿੱਚ ਜਨਮ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਈ ਸੀ ਅਤੇ ਇੱਕ ਲੱਖ ਰੁਪਏ ਵਾਲਾ ”ਸ.ਸੋਭਾ ਸਿੰਘ ਪੁਰਸਕਾਰ” ਸਥਾਪਤ ਕੀਤਾ ਸੀ, ਜੋ ਅਗਲੇ ਵਰ੍ਹੇ ਹੋਂਦ ਵਿੱਚ ਆਈ ਸਰਕਾਰ ਨੇ ਬੰਦ ਕਰ ਦਿੱਤਾ ਸੀ। ਬਾਦਲ ਸਰਕਾਰ ਨੇ 2007 ਵਿੱਚ ਮੁਡ਼ ਸੱਤਾ ਵਿੱਚ ਆਉਣ ‘ਤੇ ਕਈ ਬੇਨਤੀਆਂ ਦੇ ਬਾਵਜੂਦ ਇਹ ਪੁਰਸਕਾਰ ਬਹਾਲ ਨਹੀਂ ਕੀਤਾ।(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ}  

* ਮੋਬਾਈਲ: 094180-97070

Saturday, December 03, 2011

ਲੋਕ ਗਥਾਵਾਂ ਦੇ ਅੰਬਰ ਦਾ ਸੂਰਜ ਸਪੁਰਦ-ਇ-ਖ਼ਾਕ

ਹੁੰਮ ਹੁਮਾ ਕੇ ਪੁੱਜੇ ਲੋਕ:ਭਿੱਜੀਆਂ ਅੱਖਾਂ ਨਾਲ ਕਹੀ ਅੰਤਿਮ ਵਿਦਾ                                                                   ਰਣਜੀਤ ਸਿੰਘ ਪ੍ਰੀਤ ਵੱਲੋਂ ਖਾਸ ਰਿਪੋਰਟ 
ਬਸ ਹੁਣ ਬਾਕੀ ਯਾਦਾਂ ਬਚੀਆਂ ਗੀਤ ਅਤੇ ਤਸਵੀਰਾਂ 
ਬਸ ਹੁਣ ਬਾਕੀ ਯਾਦਾਂ ਬਚੀਆਂ ਗੀਤ ਅਤੇ ਤਸਵੀਰਾਂ ਫੇਸਬੁਕ ਫੋਟੋ 
ਲੰਮਾ ਸਮਾਂ ਆਪਣੀ ਸੁਰੀਲੀ,ਬੁਲੰਦ,ਅਤੇ ਵਿਲੱਖਣ ਅੰਦਾਜ਼ ਦੀ ਗਰਜਵੀਂ ਆਵਾਜ਼ ਨਾਲ ਪੰਜਾਬ ਦੀ ਫ਼ਿਜ਼ਾ ਵਿੱਚ ਰਸ ਘੋਲਣ ਵਾਲੇ,50 ਸਾਲਾਂ ਤੱਕ ਲੋਕ ਗਥਾਵਾਂ ,ਅਤੇ ਉਸਾਰੂ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਲਤੀਫ਼ ਮੁਹੰਮਦ ,ਜਿਸ ਨੂੰ ਲੱਧਾ ਵੀ ਕਿਹਾ ਕਰਦੇ ਸਨ,ਅਤੇ ਬਾਅਦ ਵਿੱਚ ਕੁਲਦੀਪ ਮਾਣਕ ਅਖਵਾਉਣ ਵਾਲੇ ,ਸਿਰਮੌਰ ਗਾਇਕ ਜੋ 30 ਨਵੰਬਰ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਿਨੇ ਡੇਢ ਵਜੇ ਇਸ ਫ਼ਾਨੀ ਜਗਤ ਤੋਂ ਕੂਚ ਕਰ ਗਏ ਸਨ, ਉਹਨਾਂ ਨੂੰ 2 ਦਸੰਬਰ ਦੀ ਦੁਪਹਿਰੇ, ਉਹਨਾਂ ਦੇ ਜੱਦੀ ਪਿੰਡ ਜਲਾਲ ਵਿਖੇ ਸਪੁਰਦ-ਇ-ਖ਼ਾਕ ਕਰ ਦਿੱਤਾ ਗਿਆ । ਇਸ ਸਮੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਨਮ ਹੋਏ ਬਿਨਾਂ ਨਾ ਰਹਿ ਸਕੀਆਂ।ਮਾਣਕ ਦਾ ਇਹ ਗੀਤ “ਜਦ ਮੈ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ” ਲਗਾਤਾਰ ਚੱਲਦਾ ਰਿਹਾ।ਜਿਸ ਨਾਲ ਹੋਰ ਵੀ ਮਹੌਲ ਗ਼ਮਗੀਨ ਬਣਿਆਂ ਰਿਹਾ। ਬਾਹਰੋਂ ਆਉਣ ਵਾਲੇ ਉਹਦੇ ਚਹੇਤੇ ਜੋ ਗੱਡੀਆਂ ‘ਤੇ ਆਏ ਸਨ ,ਉਹਨਾਂ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਮਾਣਕ ਦੀ ਫੋਟੋ ਦੇ ਨਾਲ ਹੀ ਇਹ ਗੀਤ ਵੀ ਲਿਖਿਆ ਹੋਇਆ ਸੀ।
         ਫੁੱਲਾਂ ਨਾਲ ਲੱਦੀ ਮਾਣਕ ਦੀ ਦੇਹ ਵਾਲੀ ਗੱਡੀ, ਫ਼ਨਕਾਰਾਂ ਅਤੇ ਹੋਰਨਾਂ ਸਨੇਹੀਆਂ ਦੇ ਵੱਡੇ ਕਾਫ਼ਲੇ ਨਾਲ, ਕਰੀਬ 12 ਕੁ ਵਜੇ ਪਿੰਡ ਜਲਾਲ ਵਿਖੇ ਪਹੁੰਚੀ ਤਾਂ ਹਰ ਅੱਖ ਸੇਜਲ ਹੋਏ ਬਿਨਾਂ ਨਾ ਰਹਿ ਸਕੀ ਅਤੇ “ ਮਾਣਕ ਅਮਰ ਰਹੇ” ਦੇ ਨਾਹਰੇ ਗੂੰਜਦੇ ਰਹੇ। ਲਾਲ ਰੰਗ ਦੇ ਬਾਕਸ ਵਿੱਚ ਲਿਆਦੀ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਨਾਜ ਮੰਡੀ ਵਿੱਚ ਇਕ ਵਿਸ਼ੇਸ਼ ਪਲੇਟ ਫ਼ਾਰਮ’ਤੇ ਦਰਸ਼ਨਾਂ ਲਈ ਰੱਖਿਆ ਗਿਆ । ਜਿੱਥੇ ਲੋਕ ਕਤਾਰਾਂ ਬੰਨ੍ਹ ਕੇ ਆਪਣੇ ਮਹਿਬੂਬ ਗਾਇਕ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ,ਭੀਡ਼ ਏਨੀ ਸੀ ਕਿ ਪੁਲੀਸ ਨੂੰ ਵੀ ਕੰਟਰੌਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਜਿੱਥੇ ਬਾਬਾ ਅਮਰੀਕ ਸਿੰਘ ਅਤੇ ਪੰਚਾਇਤ ਵੱਲੋਂ ਲੰਗਰ-ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ,ਉਥੇ ਕੀਰਤਨੀ ਜੱਥਾ ਵੈਰਾਗਮਈ ਕੀਰਤਨ ਕਰ ਰਿਹਾ ਸੀ। ਨਾਲ ਹੀ ਜੁਮੇ ਦੀ ਨਮਾਜ ਅਦਾਅ ਕੀਤੀ ਜਾ ਰਹੀ ਸੀ । ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗਡ਼ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ,ਕਮੇਡੀ ਕਲਾਕਾਰ ਅਤੇ ਪੀਪਲਜ਼ ਪਾਰਟੀ ਪੰਜਾਬ ਦੇ ਭਗਵੰਤ ਮਾਨ ਵੱਲੋਂ, ਬਲਵੰਤ ਸਿੰਘ ਰਾਮੂੰਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ,ਮਾਣਕ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ,ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਪਰਮਜੀਤ ਸਿੰਘ ਸਿਧਵਾਂ,ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਂਨ ਅਤੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ,ਹਲਕਾ ਨਥਾਣਾ ਦੇ ਵਿਧਾਇਕ ਅਜਾਇਬ ਸਿੰਘ ਭੱਟੀ, ਵੀ ਮੌਜੂਦ ਸਨ।
ਜਦ ਉਹਨਾਂ ਦੀ ਦੇਹ ਨੂੰ ਸਪੁਰਦ-ਇ-ਖ਼ਾਕ ਕਰਨ ਲਈ ਜਨਾਜਾ ਪਡ਼੍ਹਨ ਉਪਰੰਤ ਕਬਰਸਤਾਨ ਵੱਲ ਲਿਜਾਇਆ ਜਾ ਰਿਹਾ ਸੀ,ਤਾਂ ਸਾਰਿਆਂ ਨੂੰ ਧੀਮੇ ਧੀਮੇ ਨਾਲ ਲਿਜਾਣ ਦੀ ਬਜਾਇ ਪੁਲੀਸ ਪਾਇਲਟ ਗੱਡੀ ਭਜਾ ਕੇ ਲੈ ਗਈ,ਜਿਸ ਦੀ ਵਜ੍ਹਾ ਕਰਕੇ ਕਈ ਸੀਨੀਅਰ ਕਲਾਕਾਰਾਂ ਅਤੇ ਬਜ਼ਰਗਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਮੁਹੰਮਦ ਸਦੀਕ ਨੂੰ ਵੀ ਹੋਰਨਾਂ ਵਾਂਗ ਵਾਹਣਾਂ ਵਿੱਚ ਦੀ ਆਪਣੇ ਮਹਿਬੂਬ ਦੇ ਅੰਤਿਮ ਦਰਸ਼ਨਾਂ ਲਈ ਜਾਣਾ ਪਿਆ । ਜਦ ਮਾਣਕ ਦੀ ਦੇਹ ਵਾਲੇ ਬਾਕਸ ਨੂੰ ਕਬਰ ਵਿੱਚ  ਉਤਾਰਿਆ ਜਾਣ ਲੱਗਿਆ ਤਾਂ ਹਰ ਕੋਈ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਿਹਾ ਸੀ। ਇਸ ਮੌਕੇ ਉਹਨਾਂ ਦੀ ਪਤਨੀ ਸਰਬਜੀਤ ਮਾਣਕ,ਬੇਟੀ ਸ਼ਕਤੀ ਮਾਣਕ,ਬੇਟਾ ਯੁਧਵੀਰ ਮਾਣਕ ,ਸ਼ਗਿਰਦ ਜੈਜ਼ੀ ਬੈਂਸ,ਸੁਰਿੰਦਰ ਛਿੰਦਾ,ਮੁਹੰਮਦ ਸਦੀਕ,ਦੇਵ ਥਰੀਕੇ ਵਾਲਾ,ਉਸਦੇ ਨੇਡ਼ੇ ਮੌਜੂਦ ਸਨ। ਬਹੁਤ ਸਾਰੇ ਲੋਕ ਪਹਿਲਾਂ ਹੀ ਕਬਰਸਤਾਨ ਪਹੁੰਚ ਚੁੱਕੇ ਸਨ। ਪੰਜਾਬ ਪੁਲੀਸ ਨੇ ਐਸ ਡੀ ਐਮ ਦੀ ਅਗਵਾਈ ਵਿੱਚ ਕਈ ਫ਼ਾਇਰ ਕਰਕੇ ਸਲਾਮੀ ਦਿੱਤੀ। ਦਲੀਪ ਸਿੰਘ ਸਿੱਧੂ ਕਣਕਵਾਲੀਆ ਨੇ ਕਿਹਾ “ਅੱਜ ਉਹਦਾ ਛੋਟਾ ਭਰਾ ਨਹੀਂ ਰਿਹਾ”।ਜਗਦੇਵ ਜੱਸੋਵਾਲ ਦਾ ਕਹਿਣਾ ਸੀ “ਅੱਜ ਅਸੀਂ ਇੱਕ ਅਨਮੋਲ ਹੀਰੇ ਤੋਂ ਵਿਰਵੇ ਹੋ ਗਏ ਹਾਂ”। ਦੇਵ ਥਰੀਕੇ ਵਾਲਿਆਂ  ਕਿਹਾ “ਅੱਜ ਉਹ ਅਪਾਹਜ ਹੋ ਗਿਆ ਹੈ”।
                   ਇਸ ਮੌਕੇ ਸਰਬਜੀਤ ਮਾਣਕ ਅਤੇ ਸ਼ਕਤੀ ਮਾਣਕ ਦੀ ਹਾਲਤ ਵੀ ਬਹੁਤ ਵਿਗਡ਼ ਗਈ,ਉਸ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ । ਯੁਧਵੀਰ ਮਾਣਕ ਨੂੰ ਇਹ ਵੀ ਪਤਾ ਨਹੀਂ ਸੀ ਪਤਾ ਕਿ ਉਸਦਾ ਪਿਤਾ ਅੱਜ ਇਸ ਦੁਨੀਆਂ ’ ਤੇ ਨਹੀਂ ਰਿਹਾ । ਇਸ ਗੱਲ ਦਾ ਦੁੱਖ ਵੀ ਸਾਰਿਆਂ ਦੇ ਸੀਨੇ ਛਲਣੀ ਕਰ ਰਿਹਾ ਸੀ। ਪਿਛਲੇ ਸਮੇ ਤੋਂ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਜਿਸ ਦਾ ਗ਼ਮ ਖ਼ੁਦ ਮਾਣਕ ਨੂੰ ਵੀ ਲੈ ਬੈਠਾ।
               ਇਸ ਦੁਖਦਾਈ ਸਮੇ ਪਰਿਵਾਰ ਨਾਲ ਮੌਕੇ ‘ਤੇ ਹਮਦਰਦੀ ਪ੍ਰਗਟਾਉਣ ਵਾਲਿਆਂ ਵਿੱਚ ਮੁਹੰਮਦ ਸਦੀਕ,ਕਰਨੈਲ ਗਿੱਲ,ਜਸਵੰਤ ਸੰਦੀਲਾ,ਹੰਸ ਰਾਜ ਹੰਸ,ਸਰਦੂਲ ਸਿਕੰਦਰ,ਪੰਮੀ ਬਾਈ,ਹਰਭਜਨ ਮਾਨ,ਸੁਰਿੰਦਰ ਛਿੰਦਾ,ਜੈਂਜੀ ਬੈਂਸ,ਮਨਮੋਹਨ ਵਾਰਿਸ,ਕਰਤਾਰ ਰਮਲਾ,ਕੇ ਦੀਪ,ਪਲਵਿੰਦਰ ਧਾਮੀ,ਸੁਖਵਿੰਦਰ ਪੰਛੀ,ਨਛੱਤਰ ਗਿੱਲ,ਹਾਕਮ ਸੂਫ਼ੀ,ਮੱਖਣ ਬਰਾਡ਼,ਸਰਬਜੀਤ ਚੀਮਾਂ,ਪ੍ਰੀਤ ਹਰਪਾਲ,ਹਰਜੀਤ ਹਰਮਨ,ਰਣਜੀਤ ਮਣੀ,ਭਿੰਦਰ ਡੱਬਵਾਲੀ,ਜਗਤਾਰ ਜੱਗੀ,ਕੁਵਿੰਦਰ ਕੈਲੀ,ਗੋਰਾ ਚੱਕ ਵਾਲਾ,ਵੀਰ ਦਵਿੰਦਰ, ਦੀਪਕ ਬਾਲੀ,ਸਵਰਨ ਟਹਿਣਾ,ਦਲਵਿੰਦਰ ਦਿਆਲਪੁਰੀ,ਰਾਇ ਜੁਝਾਰ,ਗਿੱਲ ਹਰਦੀਪ,ਲਾਭ ਹੀਰਾ,ਹਰਦੀਪ ਗਿੱਲ,ਸੁਖਵਿੰਦਰ ਸੁੱਖੀ,ਅਮਰਿੰਦਰ ਗਿੱਲ,ਰੌਸ਼ਨ ਪ੍ਰਿੰਸ,ਲਖਵਿੰਦਰ ਲੱਕੀ,ਮੇਜਰ ਸਾਬ੍ਹ,ਰਣਧੀਰ ਧੀਰਾ,ਅਮਨਦੀਪ ਲੱਕੀ, ਬਲਵੰਤ ਹੀਰਾ,ਸੁਰਜੀਤ ਭੁੱਲਰ,ਜਸਵੰਤ ਸਦੀਲਾ,ਹਾਕਮ ਬਖਤਡ਼ੀਵਾਲਾ,ਹਰਪਾਲ ਠੱਠੇਵਾਲਾ,ਅੰਗਰੇਜ਼ ਅਲੀ, ਬਬਲੀ ਬਰਾਡ਼,ਜਸਵਿੰਦਰ ਬਰਾਡ਼,ਜੇਸਮੀਨ ਜੱਸੀ,ਬਲਬੀਰ ਚੋਟੀਆਂ,ਮਿਸ ਨੀਲਮ ,ਕੰਠ ਕਲੇਰ,ਮਨਜੀਤ ਰੂਪੋਵਾਲੀਆ,ਬਲਕਾਰ ਅਣਖ਼ੀਲਾ,ਲਹਿੰਬਰ ਹੁਸੈਨਪੁਰੀ,ਪਾਲੀ ਦੇਤਵਾਲੀਆ,ਬਚਨ ਬੇਦਿਲ, ਦੀਪ ਢਿੱਲੋਂ,ਮਨਿੰਦਰ ਗੁਲਸ਼ਨ,ਬਾਈ ਅਮਰਜੀਤ,ਅੰਗਰੇਜ਼ ਅਲੀ,ਹੈਪੀ ਘੋਤਡ਼ਾ,ਵਿਵੇਕ ਆਸ਼ਰਮ ਦੇ ਗੰਗਾ ਰਾਮ,ਦੀਪਾ ਘੋਲੀਆ,ਬੂਟਾ ਭਾਈਰੂਪਾ,ਨਛੱਤਰ ਸਿੰਘ ਪੀ ਟੀ ਆਈ,ਟਰਾਂਸਪੋਰਟਰ ਪ੍ਰਿਥੀਪਾਲ ਸਿੰਘ ਜਲਾਲ, ਪ੍ਰਧਾਨ ਜਗਸੀਰ ਸਿੰਘ,ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਜਗਦੀਸ਼ ਪੱਪੂ,ਅਤੇ ਜਤਿੰਦਰ ਸਿੰਘ, ਆਦਿ ਸ਼ਾਮਲ ਸਨ ।
               ਕੁਲਦੀਪ ਮਾਣਕ ਦੀ ਅੰਤਿਮ ਯਾਤਰਾ ਨੇ ਲੋਕਾਂ ਦੇ ਭਾਈਚਾਰੇ ਦੀ ਗੱਲ ਨੂੰ ਵੀ ਸਹੀ ਸਿੱਧ ਕਰਿਆ ਕਿ ਉਹ ਹਰ ਵਰਗ ,ਧਰਮ, ਜਾਤ ਦਾ ਗਾਇਕ ਸੀ,ਅਤੇ ਕਲਾਕਾਰ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ,ਉਹ ਸਭ ਦਾ ਸਾਂਝਾ ਹੁੰਦਾ ਹੈ ।

-ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੋਬਾਇਲ ਨੰਬਰ:98157-07232

Tuesday, November 29, 2011

ਵਿਵਾਦਾਂ ਦਾ ਸ਼ਿਕਾਰ ਹੋਇਆ ਕਬੱਡੀ ਵਿਸ਼ਵ ਕੱਪ

ਰਣਜੀਤ ਸਿੰਘ ਪ੍ਰੀਤ 
ਪਹਿਲੀ ਨਵੰਬਰ ਤੋਂ 20 ਨਵੰਬਰ ਤੱਕ ਖੇਡੇ ਗਏ ਕੁੱਲ 51 ਮੈਚ ਲੋਕਾਂ ਦੀਆਂ ਟਿੱਪਣੀਆਂ ਦਾ ਸਿਕਾਰ ਹੋ ਗਏ ਹਨ। ਦੋ ਚਾਰ ਮੈਚਾਂ ਤੋਂ ਬਿਨਾਂ ਬਾਕੀ ਸਾਰੇ ਮੈਚ ਇੱਕ ਪਾਸਡ਼ ਹੀ ਰਹੇ।ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ ਭਾਵੇਂ ਬਹੁਤੇ ਮੈਚ ਖੇਡੇ ਗਏ। ਪਰ ਆਮ ਲੋਕਾਂ ਦੀ ਸੁਣੀ ਜਾਂਦੀ ਰਾਇ ਅਨੁਸਾਰ ਇਸ ਨਾਲੋਂ ਪਿਛਲਾ ਵਿਸ਼ਵ ਕੱਪ ਚੰਗਾ ਰਿਹਾ ਸੀ।ਇਸ ਵਾਰ ਰਾਜਨੀਤੀ  ਦੇ ਬੱਦਲਾਂ ਦੀ ਵੀ ਤਿੱਤਰ ਖੰਭੀ ਬਣੀ ਰਹੀ।ਸਮੁੱਚੇ ਤੌਰ ‘ਤੇ ਕੋਈ ਸਾਂਝੀ ਜਥੇਬੰਦੀ ਦਾ ਨਾਂ ਹੋਣਾ ਵੀ ਦੁਖਦਾਈ ਗੱਲ ਹੈ।ਰਹੀ ਗੱਲ ਉਲੰਪਿਕ ਖੇਡਾਂ 2016 ਵਿੱਚ ਕਬੱਡੀ ਦੀ ਸ਼ਮੂਲੀਅਤ ਦੀ,ਇਹ ਸੰਭਾਵਨਾ ਨਾਂ-ਮਾਤਰ ਹੀ ਹੈ। ਕਿਓਂਕਿ ਉਲੰਪਿਕ ਲਈ ਜੋ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਦਾ ਪਹਿਲਾਂ ਹੀ ਐਲਾਨ ਹੋ ਚੁੱਕਿਆ ਹੈ।ਹਾਂ 2020 ਦੀਆਂ ਖੇਡਾਂ ਵਾਸਤੇ ਅਜਿਹਾ ਸੋਚਿਆ ਜਾ ਸਕਦਾ ਹੈ। ਡੋਪ ਦੇ ਡੰਗ ਦਾ ਜ਼ਹਿਰ ਵੀ ਕਬੱਡੀ ਕੱਪ ਲਈ ਗ੍ਰਹਿਣ ਵਾਂਗ ਰਿਹਾ। ਰੇਡ ਦਾ ਸਮਾਂ 30 ਸਕਿੰਟ ਅਤੇ ਚੁੱਪ ਰੇਡ ਵੀ ਟਿੱਪਣੀਆਂ ਵਿੱਚ ਰਹੀ।
                 ਡੋਪ ਟੈਸਟ ਲਈ 47 ਲੱਖ ਦੀ ਰਾਸ਼ੀ ਖ਼ਰਚ ਕੀਤੀ ਗਈ,ਅਫਗਾਨਿਸਤਾਨ,ਸ਼੍ਰੀਲੰਕਾ ਅਤੇ ਨੇਪਾਲ ਦੀਆਂ ਟੀਮਾਂ ਤੋਂ ਇਲਾਵਾ ਹਰੇਕ ਟੀਮ ਦੇ ਖਿਡਾਰੀ ਇਸ ਟੈਸਟਿੰਗ ਦਾ ਸ਼ਿਕਾਰ ਹੋਏ । ਕੁੱਲ ਮਿਲਾਕੇ 311 ਖਿਡਾਰੀਆਂ ਦਾ ਡੋਪ ਟੈਸਟ ਨਾਡਾ ਵੱਲੋਂ ਕੀਤਾ ਗਿਆ। ਜਿਸ ਦੌਰਾਂਨ 73 ਨਤੀਜੇ ਪਾਜ਼ੇਟਿਵ ਪਾਏ ਗਏ। ਇਹਨਾਂ ਵਿੱਚ ਮੁਕਾਬਲਾ ਸ਼ਰੂ ਹੋਣ ਤੋਂ ਪਹਿਲਾਂ ਦੇ 93 ਨਮੂਨੇ ਵੀ ਸ਼ਾਮਲ ਹਨ।ਜਿਨ੍ਹਾਂ ਵਿੱਚੋਂ 20 ਪਾਜ਼ੇਟਿਵ ਪਾਏ ਗਏ ਸਨ। ਵਿਸ਼ਵ ਕੱਪ ਦੌਰਾਨ ਪੁਰਸ਼ਾਂ ਦੇ 194 ਅਤੇ ਮਹਿਲਾਵਾਂ ਦੇ 24 ਟੈਸਟ ਕੀਤੇ ਗਏ ।ਮਹਿਲਾ ਵਰਗ ਵਿੱਚ ਕੋਈ ਨਤੀਜਾ ਪਲੱਸ ਨਹੀਂ ਰਿਹਾ,ਪਰ ਪੁਰਸ਼ ਵਰੲਗ ਵਿੱਚ 53 ਨਤੀਜੇ ਪਲੱਸ ਆਏ ਹਨ।ਇਹਨਾਂ ਵਿੱਚ ਅਮਰੀਕਾ ਦੇ ਉਹ 4 ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੈਂਪਲ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਸੀ। ਅਮਰੀਕਾ ਦੇ ਸੱਭ ਤੋਂ ਵੱਧ 10 ਖਿਡਾਰੀ ਇਸ ਡੰਗ ਦਾ ਸ਼ਿਕਾਰ ਹੋਏ ਹਨ। ਕੈਨੇਡਾ ਇੰਗਲੈਡ ਦੇ 8-8,ਸਪੇਨ- 7,ਆਸਟਰੇਲੀਆ ਇਟਲੀ ਦੇ 6-6,ਨਾਰਵੇ ਦੇ-3,ਭਾਰਤ,ਜਰਮਨੀ,ਅਰਜਨਟੀਨਾ ਦਾ ਇੱਕ ਇੱਕ ਖਿਡਾਰੀ ਇਸ ਮਾਰ ਹੇਠ ਆਇਆ ਹੈ।
            ਮੈਚ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੇ ਆਪਣੀ ਵੱਖਰੀ ਭਾਸ਼ਾ ਬਣਾਈ ਹੋਈ ਸੀ,ਜਿਸ ਦਾ ਕੋਲ ਬੈਠਿਆਂ ਨੂੰ ਵੀ ਪਤਾ ਨਹੀਂ ਸੀ ਲਗਦਾ,ਮਸਲਿਨ “ਰਾਈਟ ਵੇਅ” “ਮੌਕੇ ਵਾਲਾ”
ਜਿਸ ਦਾ ਅਰਥ ਮਫੈਟਨ,ਅਤੇ ਟਰਮਨ ਟੀਕੇ ਹਨ। “ਕਿੱਟ” ਸ਼ਬਦ ਨਾਲ ਅਜਿਹੇ ਟੀਕਿਆਂ ਦਾ ਸਬੰਧ ਹੈ,ਜੋ ਧੁੰਨੀ ਵਿੱਚ ਲਗਾਏ ਜਾਂਦੇ ਹਨ।ਟੀਕਿਆਂ ਵਾਲੇ ਖਿਡਾਰੀ ਹੇਠਲੇ ਬੁੱਲਾਂ ਨੂੰ ਵਾਰ ਵਾਰ ਦੰਦਾਂ ਨਾਲ ਚਬਦੇ ਰਹਿੰਦੇ ਹਨ। “ਸਪੀਡ” ਅਤੇ “ਚਿੱਟਾ” ਨਾਂਅ ਦਾ ਪਦਾਰਥ ਜੀਭ ਉੱਤੇ ਰੱਖਿਆ ਜਾਂਦਾ ਹੈ। ਇਹਨਾਂ ਦਾ ਸੇਵਨ ਕਰਨ ਵਾਲੇ ਵਾਰ ਵਾਰ ਜੀਭ ਬਾਹਰ ਕੱਢਦੇ ਹਨ। ਰਾਤ ਸਮੇਂ ਇਹਨਾਂ ਨੂੰ ਬਹੁਤ ਬੇ-ਅਰਾਮੀ ਹੁੰਦੀ ਹੈ ਅਤੇ ਸ਼ਰਾਬ ਜਾਂ ਨੀਂਦ ਵਾਲੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ। ਡੋਪ ਟੈਸਟ ਦਾ ਸਿਸਟਮ ਵੀ ਬਹੁਤ ਵਧੀਆ ਹੈ,90 ਮਿਲੀਲਿਟਰ ਪਿਸ਼ਾਬ ਨੂੰ ਗੁਪਤ ਕੋਡ ਤਹਿਤ ਦੋ ਸ਼ੀਸ਼ੀਆਂ ਵਿੱਚ ਖਿਡਾਰੀ ਦੇ ਸਾਹਮਣੇ ਹੀ ਸੀਲ ਬੰਦ ਕਰ ਦਿੱਤਾ ਜਾਂਦਾ ਹੈ।ਏ ਸੈਂਪਲ ਲਈ ਹਰੇ ਰੰਗ ਦੀ ਸ਼ੀਸ਼ੀ ਵਿੱਚ 60 ਮਿਲੀਲਿਟਰ ਅਤੇ 30 ਮਿਲੀਲਿਟਰ ਪੀਲੇ ਰੰਗ ਦੀ ਸ਼ੀਸ਼ੀ ਵਿੱਚ ਬੀ ਸੈਂਪਲ ਲਈ ਬੰਦ ਕੀਤਾ ਜਾਂਦਾ ਹੈ।ਇੱਕ ਟੈਸਟ ਨੇ ਕਈ ਗੇਡ਼ਾਂ ਵਿੱਚੋਂ ਲੰਘਣਾ ਹੁੰਦਾ ਹੈ,ਸਵੈ-ਚਾਲਕ ਮਸ਼ੀਨਾਂ ਵੀ ਰੋਲ ਨਿਭਾਉਂਦੀਆਂ ਹਨ। ਇਸ ਵਾਸਤੇ 48 ਘੰਟੇ ਲਗਦੇ ਹਨ।            
                    ਕਬੱਡੀ ਵਿਸ਼ਵ ਕੱਪ ਦੌਰਾਂਨ ਜੋ ਖਿਡਾਰੀ ਇਸ ਲਪੇਟ ਵਿੱਚ ਆਏ ਹਨ,ਉਹਨਾਂ ਦੀ ਇਨਾਮੀ ਰਾਸ਼ੀ ਕੱਟ ਦਿੱਤੀ ਗਈ ਹੈ,ਇਨਾਮ ਵੀ ਨਹੀਂ ਮਿਲੇ।ਜਿਨ੍ਹਾਂ ਟੀਮਾਂ ਦੇ 6 ਜਾਂ ਇਸ ਤੋਂ ਘੱਟ ਖਿਡਾਰੀ ਇਸ ਵਿੱਚ ਫਸੇ ਹਨ,ਉਹਨਾਂ ਟੀਮਾਂ ਤੋ 5 % ਦੀ ਕਟੌਤੀ ਵੀ ਕੀਤੀ ਗਈ ਹੈ। ਜਿਨ੍ਹਾਂ ਟੀਮਾਂ ਦੇ 7 ਜਾਂ ਇਸ ਤੋਂ ਵੱਧ ਖਿਡਾਰੀ ਇਸ ਦਾ ਸ਼ਿਕਾਰ ਹੋਏ ਹਨ,ਉਹਨਾਂ ਨੂੰ 15 % ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।ਜਿਨ੍ਹਾਂ ਟੀਮਾਂ ਨੂੰ 10-10 ਲੱਖ ਮਿਲਣਾ ਸੀ ,ਉਹਨਾਂ ਦਾ ਜੇ ਇੱਕ ਖਿਡਾਰੀ ਹੈ ਤਾਂ ਉਸ ਤੋਂ 62500 ਰੁਪਏ ਦੀ ਕਟੌਤੀ ਹੋਈ ਹੈ।ਏਸੇ ਹਿਸਾਬ ਨਾਲ ਬਾਕੀਆਂ ਦਾ ਫੈਸਲਾ ਹੋਇਆ ਹੈ।ਜੁਰਮਾਨਾ ਵੱਖਰਾ ਅਦਾਅ ਕਰਨਾ ਪਿਆ ਹੈ।ਇਸ ਮੁਤਾਬਕ ਇੱਕ ਕਰੋਡ਼ ਤੋਂ ਵੱਧ ਦੀ ਰਕਮ ਕਟੌਤੀ ਵਜੋਂ ਬਣਦੀ ਹੈ,ਕੋਚਾਂ ਨੂੰ ਹਿੱਸਾ ਵੀ ਇਸ ਵਿੱਚੋਂ ਹੀ ਦਿੱਤਾ ਜਾਣਾ ਹੈ।
           ਇਸ ਤੋਂ ਇਲਾਵਾ ਮਹਿਲਾ ਵਰਗ ਦੀ ਖ਼ਿਤਾਬ ਜੇਤੂ ਟੀਮ “ਨੰਨੀ ਛਾਂ” ਨੂੰ ਜਿੱਥੇ ਨਾਂ-ਮਾਤਰ ਰਾਸ਼ੀ ਸਿਰਫ 25 ਲੱਖ ਦਿੱਤੇ ਗਏ,ਉਥੇ ਉਹਨਾਂ ਨਾਲ ਗੁਰੂ ਨਾਨਕ ਸਟੇਡੀਅਮ ਵਿੱਚ ਫੋਟੋਆਂ ਖਿਚਵਾਉਣ ਵਾਲੇ,ਟੀਮ ਦੀ ਹੋਟਲ ਤੱਕ ਵਾਪਸੀ ਦਾ ਪ੍ਰਬੰਧ ਵੀ ਨਾਂ ਕਰ ਸਕੇ । ਕੁੱਝ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਨੂੰ ਦੱਸੇ ਬਗੈਰ ਹੀ ਇਹ ਖਿਡਾਰਨਾਂ ਚਲੀਆਂ ਗਈਆਂ । ਡਿਪਟੀ ਡਾਇਰੈਕਟਰ ਸੋਹਣ ਲਾਲ ਲੋਟੇ ਦਾ ਮੱਤ ਹੈ ਕਿ ਅਜਿਹਾ ਪ੍ਰਾਈਵੇਟ ਕੋਚ ਹੋਣ ਦੀ ਵਜ੍ਹਾ ਕਰਕੇ ਵਾਪਰਿਆ ਹੈ।ਪਰ ਜਸਕਰਨ ਕੌਰ ਅਤੇ ਕੁਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਹਨਾਂ ਨੇ ਪ੍ਰਬੰਧਕਾਂ ਅਤੇ ਹੋਰ ਅਧਿਕਾਰੀਆਂ ਨੂੰ ਫੋਨ ਕੀਤੇ, ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਉਧਰ ਹੋਟਲ ਵਾਲਿਆਂ 22000 ਰੁਪਏ ਬਿੱਲ ਦੀ ਅਦਾਇਗੀ ਨਾ ਹੋਣ ਕਾਰਣ ਉਹਨਾਂ ਨੂੰ ਉਥੇ ਠਹਿਰਣ ਤੋਂ ਨਾਂਹ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਰਕਮ ਵਿੱਚ 15000 ਦੀ ਸ਼ਰਾਬ ਦਾ ਬਿੱਲ ਕਿਵੇਂ ਸ਼ਾਮਲ ਹੈ ? ਇਸ ਲਈ ਇਸ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।ਮਹਿਲਾ ਵਰਗ ਦੀਆਂ ਖਿਡਾਰਨਾਂ ਨੇ ਖ਼ੁਦ ਹੈਰਾਨਗੀ ਜਾਹਿਰ ਕੀਤੀ ਹੈ, ਕਿ ਸ਼ਰਾਬ ਦਾ ਬਿੱਲ ਉਹਨਾਂ ਦੇ ਬਿੱਲ ਵਿੱਚ ਕਿਵੇ ਦਰਜ ਹੋਇਆ ਹੈ ? ਇਸ ਤਰ੍ਹਾਂ ਦੀਆਂ ਟਿੱਪਣੀਆਂ–ਦੋਸ਼-ਨਿਰਦੋਸ਼ ਆਦਿ ਦੀਆਂ ਗੱਲਾਂ ਦਾ ਅਜੇ ਵੀ ਬਜ਼ਾਰ ਭਖਿਆ ਹੋਇਆ ਹੈ। ਆਓ ਵੇਖੀਏ ਹੋਰ ਕੀ ਕੀ ਨਵੇਂ ਸੱਪ ਨਿਕਲਦੇ ਹਨ?
                                    **********************

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)

Sunday, November 27, 2011

ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ

ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪਡ਼੍ਹਾ ਹੈ  ?  
ਫਿਲਮ ਬਾਜੀਗਰ ਦੇ ਇੱਕ ਗੀਤ ਵਿੱਚ ਪੁਛਿਆ ਗਿਆ ਇਹ ਸੁਆਲ ਅੱਜ ਤੁਹਾਡੇ ਲਈ ਵੀ ਹੈ ਕਿਓਂਕਿ ਹਕੀਕਤ ਇਹੀ ਹੈ ਕਿ ਪੰਜਾਬੀ ਵਿੱਚ ਪੁਸਤਕਾਂ ਪੜ੍ਹਨ ਦਾ ਓਨਾ ਚਾਅ ਨਹੀਂ ਜਿੰਨਾ ਹੋਣਾ ਚਾਹੀਦਾ ਹੈ, ਇਸ ਰਾਹ ਦੀ ਉਹ ਚਾਹ ਨਹੀਂ ਜਿੰਨੀ ਹੋਣੀ ਚਾਹੀਦੀ ਹੈ. ਇਸ ਸਚਾਈ ਦੇ ਬਾਵਜੂਦ ਪੰਜਾਬੀ ਵਿੱਚ ਕਿਤਾਬਾਂ ਦੇ ਓਹ ਸ਼ੈਦਾਈ ਵੀ ਮੌਜੂਦ ਹਨ ਜਿਹੜੇ ਕਿਤਾਬਾਂ ਲਈ ਜ਼ਿੰਦਗੀ ਲਾ ਦੇਂਦੇ ਹਨ. ਇਸਦੀ ਚਰਚਾ ਪਿਛੇ ਜਿਹੇ ਮੈਂ ਆਪਣੀ ਇੱਕ ਰੇਡੀਓ  ਪ੍ਰੋਗਰਾਮ   ਵੀ ਕੀਤਾ ਸੀ. ਉਸ ਪ੍ਰੋਗਰਾਮ ਦੇ ਬਹੁਤ ਸਾਰੇ ਅੰਸ਼ ਇਸ ਲੇਖ ਵਿੱਚ ਵੀ ਹਨ ਪਰ ਅਫਸੋਸ ਹੈ ਕਿ ਕੁਝ ਵਿਦਵਾਨਾਂ ਦੇ ਵਿਚਾਰ ਤਕਨੀਕੀ ਕਾਰਨਾਂ ਕਰਕੇ ਇਥੇ ਨਹੀਂ ਦਿੱਤੇ ਜਾ ਸਕੇ. ਇਸ ਲਈ ਓਹ ਫੇਰ ਕਦੇ ਸਹੀ.

ਜੀ ਹਾਂ ਪਡ਼੍ਹਨ ਵਾਲੇ ਸਚਮੁਚ ਬਹੁਤ ਸਾਰੀਆਂ ਕਿਤਾਬਾਂ ਪਡ਼੍ਹਦੇ ਹਨ. ਦਿਨ ਹੋਵੇ ਜਾਂ ਰਾਤ. ਘਰ ਹੋਵੇ ਜਾਂ ਦਫਤਰ, ਬਸ ਹੋਵੇ ਜਾਂ ਟ੍ਰੇਨ ...ਕਿਤਾਬਾਂ ਨਾਲ ਉਹਨਾਂ ਦਾ ਇਸ਼ਕ਼ ਲਗਾਤਾਰ ਨਿਭਦਾ ਹੈ. ਆਮਦਨ ਦਾ ਬਹੁਤ ਸਾਰਾ ਹਿੱਸਾ ਵੀ ਕਿਤਾਬਾਂ ਦੀ ਭੇਂਟ ਹੀ ਹੋਇਆ ਕਰਦਾ ਹੈ ਅਤੇ ਅਜਿਹੇ ਲੋਕਾਂ ਨੂੰ ਖੁਸ਼ ਰੱਖਣ ਲਈ ਉਹਨਾਂ ਦੇ ਮਿੱਤਰ ਅਤੇ ਮਿਲਣ ਗਿਲਣ ਵਾਲੇ ਅਕਸਰ ਸੌਗਾਤ ਵੀ ਕਿਸੇ ਚੰਗੀ ਜਿਹੀ ਕਿਤਾਬ ਦੀ ਹੀ ਦੇਂਦੇ ਹਨ. ਜੇ ਇਹ ਕਹਿ ਲਿਆ ਜਾਏ ਕਿ ਸਾਰੀ ਕਿਤਾਬ ਇੰਡਸਟਰੀ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦੀ ਹੈ ਤਾਂ ਸ਼ਾਇਦ ਕੋਈ ਅਤਿਕਥਨੀ ਨਾ ਹੋਵੇ. ਕਿਤਾਬਾਂ ਦਾ ਲਗਾਤਾਰ ਅਧਿਐਨ ਇਹਨਾਂ ਲੋਕਾਂ ਦੀ ਜ਼ਿੰਦਗੀ ਤੇ ਵੀ ਅਸਰ ਪਾਉਂਦਾ ਹੈ. ਇਹਨਾਂ ਲੋਕਾਂ ਨੂੰ ਅਕਸਰ ਅਜਿਹੇ ਸੁਆਲ ਸੁਣਨੇ ਪੈਂਦੇ ਹਨ ਜਿਵੇਂ ਕਿ ਇਹ ਸੁਆਲ ਹੈ.....ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ?

ਹੁਣ ਸੁਆਲ ਕਰਨ ਵਾਲਿਆਂ ਨੂੰ ਕੌਣ ਸਮਝਾਵੇ ਕਿ ਇਹ ਤਾਂ ਚਿਹਰਾ ਦੇਖੇ ਬਿਨਾ ਵੀ ਦਿਲਾਂ ਦੇ ਸਮੁੰਦਰਾਂ ਦੀ ਡੂੰਘੀ ਤੱਕ ਪੁੱਜ ਜਾਂਦੇ ਨੇ. ਮੈਂ ਖੁਦ ਵੀ ਅਜਿਹੀਆਂ ਕਈ ਰਚਨਾਵਾਂ ਪੜ੍ਹੀਆਂ ਜਿਹਨਾਂ ਦੇ ਲੇਖਕਾਂ ਨੂੰ ਮੈਂ ਕਦੇ ਨਹੀਂ ਮਿਲ ਸਕੀ ਪਰ ਹਰ ਵਾਰ ਇਹੀ ਜਾਪਿਆ ਕਿ ਉਹਨਾਂ ਨੇ ਸਿਰਫ ਮੇਰੇ ਹੀ ਦਿਲ ਦੀ ਗੱਲ ਕੀਤੀ ਹੈ. ਬੜੀ ਹੈਰਾਨੀ ਹੁੰਦੀ ਕਿ ਦੁਨਿਆ ਦੇ ਦੂਜੇ ਕੋਨੇ ਵਿਚ ਬੈਠੇ ਜਾਨ ਫਿਰ ਮੇਰੇ ਜਨਮ ਤੋਂ ਵੀ ਪਹਿਲਾਂ ਇਸ ਦੁਨੀਆ  ਨੂੰ ਅਲਵਿਦਾ ਕਹਿ ਚੁੱਕੇ  ਇਹਨਾਂ ਕਲਮਕਾਰਾਂ ਨੂੰ ਮੇਰੇ ਦਿਲ ਦਿਮਾਗ ਦੀ ਹਾਲਤ ਕਿਵੇਂ ਪਤਾ ਲੱਗੀ? ਉਹਨਾਂ ਨੇ ਕਿਵੇਂ ਜਾਂ ਲਿਆ ਕਿ ਮੇਰੇ ਨਾਲ ਆਹ ਕੁਝ ਹੋਇਆ ਜਾਣ ਫਿਰ ਆਹ ਕੁਝ ਹੋਣਾ ਹੈ ? ਮੈਂ ਕਦੇ ਵੀ ਜੋਤਿਸ਼ ਜਾਂ ਜੋਤਿਸ਼ੀਆਂ ਨਾਲ ਕੋਈ ਵਾਹ ਨਹੀਂ ਰੱਖਿਆ ਪਰ ਸੁਣਿਆ ਹੈ ਕਿ ਜੋਤਿਸ ਦੇ ਭ੍ਰਿਗੂ ਸ਼ਾਸਤਰ ਸਟਾਈਲ ਵਿੱਚ ਜੇ ਸਹੀ ਪੱਤਰਾ ਮਿਲ ਜਾਵੇ ਤਾਂ ਉਸ ਵਿੱਚ ਉਥੇ ਆਉਣ ਵਾਲੇ ਦਾ ਨਾਮ-ਪਤਾ ਅਤੇ ਤਾਰੀਖ-ਸਮਾਂ ਵੀ ਪਹਿਲਾਂ ਹੀ ਲਿਖਿਆ ਹੁੰਦਾ ਹੈ ਅਤੇ ਪੁੱਚੇ ਜਾਂ ਵਾਲੇ ਸੁਆਲ ਦਾ ਜੁਆਬ ਵੀ. ਮੈਨੂੰ ਕਦੇ ਵੀ ਇਸ ਗੱਲ ਤੇ ਯਕੀਨ ਨਹੀਂ ਹੋਇਆ ਪਰ ਜਦੋਂ ਦੂਰ ਦੁਰਾਡੇ ਬੈਠੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਆਪਣੇ ਦਿਲ ਦੀ ਹਾਲਤ, ਆਪਣੀ ਹੀ ਜ਼ਿੰਦਗੀ ਵਾਰ੍ਗਿਓ ਦਾਸਤਾਨ ਲਿਖੀ ਪੜ੍ਹੀ ਤਾਂ ਜਾਪਣ ਲੱਗ ਪਿਆ ਕਿ ਅਜਿਹੇ ਕਰਿਸ਼ਮੇ ਵੀ ਹੋ ਸਕਦੇ ਹਨ. 

ਅਸਲ ਵਿੱਚ ਕਿਤਾਬਾਂ ਨਾਲ ਪ੍ਰੇਮ ਕਰਨ ਵਾਲੇ ਅਜਿਹੇ ਲੋਕ ਤੁਹਾਨੂੰ ਜ਼ਿੰਦਗੀ ਵਿੱਚ ਕਿਤੇ ਵੀ ਮਿਲ ਜਾਣਗੇ ਪਰ ਪੁਸਤਕ ਮੇਲੇ ਜਾਂ ਫਿਰ ਕੋਈ ਲਾਇਬ੍ਰੇਰੀ ਇਹਨਾਂ ਦਾ ਮਨ ਪਸੰਦ ਥਾਂ ਹੁੰਦਾ ਹੈ. ਪੁਸਤਕ ਪ੍ਰਦਰਸ਼ਨੀ ਜਾਂ ਫਿਰ ਕਿਸੇ ਪੁਸਤਕ ਮੇਲੇ ਵਿੱਚ ਜਾ ਕੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਮੇਲੇ ਚੋਂ ਵਾਪਿਸ ਪਰਤਦਿਆਂ ਭਾਵੇਂ ਜੇਬ ਵਿਚਲੇ ਸਾਰੇ ਪੈਸੇ ਕਿਤਾਬਾਂ ਤੇ ਹੀ ਖਰਚ ਕਰ ਦੇਣ ਲੇਕਿਨ ਇਹ ਬਹੁਤ ਖੁਸ਼ ਹੁੰਦੇ ਹਨ. ਇਹਨਾਂ ਨੂੰ ਇੱਕ ਅਲੌਕਿਕ ਖੁਸ਼ੀ ਮਿਲਦੀ ਹੈ ਇੱਕ ਅਜਿਹਾ ਸਕੂਨ ਜਿਹਡ਼ਾ ਸਾਰਿਆਂ ਦੀ ਕਿਸਮਤ ਵਿੱਚ ਹੀ ਨਹੀਂ ਹੁੰਦਾ.  ਕਿਤਾਬਾਂ ਦਾ ਭਾਰ ਵੀ ਇਹ ਖੁਸ਼ੀ ਖੁਸ਼ੀ ਚੁੱਕਦੇ ਹਨ ਅਤੇ ਤੇਜ਼ੀ ਨਾਲ ਘਰ ਪਹੁੰਚਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਕਿਤਾਬ ਦੇ ਰੂਬਰੂ ਹੋਇਆ ਜਾਵੇ. ਪੁਸਤਕ ਮੇਲਿਆਂ ਵਿੱਚ ਪੁਸਤਕ ਪ੍ਰੇਮੀਆਂ ਨੂੰ ਖਾਸ ਛੂਟ ਵੀ ਦਿੱਤੀ ਜਾਂਦੀ ਹੈ ਕਿਓਂਕਿ ਇਹ ਮੇਲੇ ਤਾਂ ਹੁੰਦੇ ਹੀ ਖਾਸ ਤੌਰ ਤੇ ਉਹਨਾਂ ਲਈ ਹਨ.                                          

ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ

ਪਿਛੇ ਜਿਹੇ ਜਦੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 19ਵਾਂ  ਵਿਸ਼ਵ ਪੁਸਤਕ ਮੇਲਾ ਲੱਗਿਆ ਤਾਂ ਇਸ  ਵਿੱਚ  ਕਿਤਾਬਾਂ ਦੀ ਦੁਨੀਆ ਦਾ ਇਕ ਅਜਿਹਾ ਰੰਗ ਰੂਪ ਸਾਹਮਣੇ ਆਇਆ ਜਿਸਤੇ ਹੁਣ ਵੀ ਰਸ਼ਕ ਕੀਤਾ  ਜਾ ਸਕਦਾ ਹੈ. ਕਿਤਾਬਾਂ ਨੇ ਇਸ ਮੇਲੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ. ਇਹ ਮੇਲਾ 9 ਦਿਨਾਂ ਤੱਕ ਚੱਲਿਆ ਅਤੇ ਇਸ ਵਿੱਚ ਦੇਸ਼ ਵਿਦੇਸ਼ ਦੇ ਕਰੀਬ 1200 ਪ੍ਰਕਾਸ਼ਕਾਂ ਨੇ ਭਾਗ ਲਿਆ. ਇੱਕ ਨਵਾਂ ਇਤਿਹਾਸ ਰਚਣ ਵਾਲੇ ਇਸ ਮੇਲੇ ਦਾ ਰਕਬਾ ਵੀ ਬਡ਼ਾ ਵਿਸ਼ਾਲ ਸੀ. ਬਿਆਲੀ (42 ) ਹਜ਼ਾਰ  ਵਰਗ ਮੀਟਰ ਵਿੱਚ ਫੈਲੇ ਹੋਏ ਇਸ ਪੁਸਤਕ ਮੇਲੇ ਵਿੱਚ 2400 ਸਟਾਲ ਅਤੇ ਸਟੈਂਡ ਲਗਾਏ ਗਏ ਸਨ ਜਿਹਨਾਂ ਤੇ ਸੁਸ਼ੋਭਿਤ ਸਨ ਤਰਾਂ ਤਰਾਂ ਦੀਆਂ ਕਿਤਾਬਾਂ. ਮੇਲਾ ਖਤਮ ਹੋਣ ਤੋਂ ਤਿੰਨ ਕੁ ਦਿਨ ਪਹਿਲਾਂ ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ ਨੇ ਦੱਸਿਆ ਇਸ ਮੇਲੇ ਵਿੱਚ ਇੱਕਲੇ ਨੈਸ਼ਨਲ ਬੁਕ ਟਰਸਟ ਨੇ ਹੀ 18 ਲੱਖ  ਰੁਪਏ ਦੀਆਂ ਕਿਤਾਬਾਂ ਵੇਚੀਆ ਹਨ. ਮੇਲਾ ਖਤਮ ਹੋਣ ਤੱਕ ਇਹ ਅੰਕਡ਼ਾ 35 ਲੱਖ ਨੂੰ ਪਾਰ ਕਰ ਜਾਣ ਦੀ ਉਮੀਦ ਵੀ ਉਹਨਾਂ ਜ਼ਾਹਿਰ ਕੀਤੀ ਸੀ. ਸਪੋਰਟਸ ਪੈਵਿਲੀਅਨ ਵਿੱਚ 800 ਤੋਂ ਜਿਆਦਾ ਕਿਤਾਬਾਂ ਖੇਡਾਂ ਨਾਲ ਹੀ ਸਬੰਧਿਤ ਸਨ. ਬੱਚਿਆਂ ਲਈ ਬਣੇ ਹਾਲ ਨੰਬਰ ਸੱਤ ਈ ਵਿੱਚ ਬਾਲ ਮਨ ਵਾਲੀਆਂ ਪੁਸਤਕਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ. ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਲਿਖੀਆਂ ਪੁਸਤਕਾਂ ਇਸ ਮੇਲੇ ਵਿੱਚ ਵਿਸ਼ੇਸ਼ ਆਕਰਸ਼ਨ  ਦਾ ਕੇਂਦਰ ਬਣੀਆਂ ਹੋਈਆਂ ਸਨ. ਇਤਿਹਾਸ ਅਤੇ ਕਲਾ ਜਗਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਆਪਣੀ ਮੌਜੂਦਗੀ ਨੂੰ ਯਾਦਗਾਰੀ ਬਣਾਇਆ ਹੋਇਆ ਸੀ. ਦਿਲਚਸਪ ਗੱਲ ਹੈ ਕਿ ਪ੍ਰਿੰਟ ਐਡੀਸ਼ਨ ਵਾਲੀਆਂ ਇਹਨਾਂ ਕਿਤਾਬਾਂ ਦੇ ਨਾਲ ਨਾਲ  ਆਧੁਨਿਕ ਤਕਨੀਕ ਵਾਲੀਆਂ ਡਿਜੀਟਲ ਕਿਤਾਬਾਂ ਨੇ ਵੀ ਇਸ ਮੇਲੇ ਵਿੱਚ ਆ ਕੇ ਆਪਣੀ ਦਸਤਕ ਜਬਰਦਸਤ ਢੰਗ ਨਾਲ ਦਿੱਤੀ. ਨੈਸ਼ਨਲ ਕੋਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੀ ਸੀਡੀ ਨੇ ਵੀ ਆਪਣੀ ਚਡ਼ਤ ਜੋਰ ਸ਼ੋਰ ਨਾਲ ਦਰਜ ਕਰਾਈ ਸੀ. ਇਸ ਸੀ ਡੀ ਵਿੱਚ ਇਤਿਹਾਸ ਅਤੇ ਕਲਾ ਵਰਗੇ ਦਿਲਚਸਪ ਵਿਸ਼ਿਆਂ ਦੇ ਨਾਲ ਨਾਲ ਹਿਸਾਬ ਵਰਗੇ ਵਿਸ਼ੇ ਨੂੰ ਵੀ ਬਡ਼ੇ ਹੀ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਸੀ.

ਇਸ ਤੋਂ ਬਾਅਦ ਜਦੋਂ ਜਨਵਰੀ ਮਹੀਨੇ ਦੀ ਕਡ਼ਾਕੇਦਾਰ ਠੰਡ ਜੋਰਾਂ ਤੇ ਸੀ ਤਾਂ ਬਠਿੰਡਾ ਵਿੱਚ ਪੁਸਤਕ ਮੇਲਾ ਲੱਗਿਆ ਜਿਸ ਨੇ ਕਿਤਾਬਾਂ ਦੀ ਵਧ ਰਹੀ ਮੰਗ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ.ਉਦੋਂ ਵੀ ਕਰੀਬ 45 ਲੱਖ ਰੁਪਏ ਦੀਆਂ ਪੁਸਤਕਾਂ ਵਿਕ ਗਈਆਂ. ਇੱਕ ਫਖਰਯੋਗ ਗੱਲ ਸੀ ਕਿ ਇਸ ਮੇਲੇ ਦੌਰਾਨ ਅੰਗ੍ਰੇਜ਼ੀ ਅਤੇ ਪੰਜਾਬੀ ਪੁਸਤਕਾਂ ਦੀ ਵਿਕਰੀ ਵਿੱਚ ਬਡ਼ਾ ਹੀ ਨੇਡ਼ੇ ਦਾ ਮੁਕਾਬਲਾ ਰਿਹਾ. ਉਰਦੂ ਦੀਆਂ 16  ਹਜ਼ਾਰ ਕਿਤਾਬਾਂ ਦੀ ਵਿਕਰੀ ਨੇ ਵੀ ਸਾਬਿਤ ਕੀਤਾ ਕਿ ਕੌਣ ਕਹਿੰਦਾ ਹੈ ਕਿ ਅੱਜ ਕੱਲ ਉਰਦੂ ਨਹੀਂ ਪਡ਼੍ਹਿਆ ਜਾਂਦਾ. 

ਪੁਸਤਕ ਪ੍ਰੇਮੀ ਕਰੀਨਾ ਕਪੂਰ 

ਕਰੀਬ 9 ਦਿੰਨ ਤੱਕ ਚੱਲੇ ਇਸ ਮੇਲੇ ਦੀ ਸਮਾਪਤੀ ਮੌਕੇ ਨੈਸ਼ਨਲ ਬੁਕ ਟਰਸਟ ਦੇ ਮੁੱਖ ਪ੍ਰਬੰਧਕ ਡਾ.ਬਲਦੇਵ ਸਿੰਘ ਬਧਣ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਦਾਅਵਾ ਕੀਤਾ ਕਿ ਇਸ ਪੁਸਤਕ ਮੇਲੇ ਵਿੱਚ 70 ਤੋਂ 75 ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ. ਇਸ ਪੁਸਤਕ ਮੇਲੇ ਵਿੱਚ ਹਰ ਰੋਜ਼ ਲੇਖਕਾਂ ਨਾਲ ਮਿਲਣੀ ਵੀ ਕਰਾਈ ਜਾਂਦੀ ਸੀ ‘ਇਸ ਪ੍ਰੋਗਰਾਮ ਅਧੀਨ ਦਰਜਨਾਂ ਕਲਮਕਾਰ ਆਪਣੇ ਪਾਠਕਾਂ ਦੇ ਰੂਬਰੂ ਹੋਏ. ਮੇਲੇ ਵਿੱਚ ਤਕਰੀਬਨ 50 ਪ੍ਰਕਾਸ਼ਕਾਂ ਵੱਲੋਂ 72 ਸਟਾਲ ਲਾਏ ਗਏ ਸਨ ਮੌਸਮ ਦੀ ਸਖ਼ਤ ਠੰਡ ਦੇ ਬਾਵਜੂਦ ਮੇਲੇ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ. ਪਰਾਪਤ ਵੇਰਵੇ ਮੁਤਾਬਿਕ ਇਸ ਮੇਲੇ ਵਿੱਚ ਪੰਜਾਬੀ ਕਿਤਾਬਾਂ 18 ਲਖ ਰੁਪਏ ਦੀਆਂ ਵਿਕੀਆਂ ਜਦਕਿ ਅੰਗ੍ਰੇਜ਼ੀ ਕਿਤਾਬਾਂ 16 ਲੱਖ ਰੁਪਏ ਦੀਆਂ. ਧਾਰਮਿਕ ਕਿਤਾਬਾਂ ਅਤੇ ਬਾਲ ਸਾਹਿਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਵਿਕਰੀ ਦੇ ਮਾਮਲੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ. ਵਿਕਰੀ ਦੇ ਮਾਮਲੇ ਵਿੱਚ ਹਿੰਦੀ ਭਾਸ਼ਾ ਦੀਆਂ ਕਿਤਾਬਾਂ ਦਾ ਸਥਾਨ ਤੀਸਰਾ ਰਿਹਾ.  ਜ਼ਿਕਰਯੋਗ ਹੈ ਕਿ ਇਹ ਪੰਜਾਬ ਦਾ 12 ਵਾਂ ਪੁਸਤਕ ਮੇਲਾ ਸੀ.

ਅਜਿਹੇ ਮੇਲਿਆਂ ਤੋਂ ਇਲਾਵਾ ਨੈਸ਼ਨਲ ਬੁਕ ਟਰਸਟ ਵੱਲੋਂ ਪੰਜਾਬ ਵਿੱਚ ਕਿਤਾਬਾਂ ਦੀਆਂ ਢਾਈ ਸੋ ਪ੍ਰਦਰਸ਼ਨੀਆਂ  ਵੀ  ਆਯੋਜਿਤ ਕਰਾਈਆਂ ਗਈਆਂ. ਪਹਿਲੀ ਜਨਵਰੀ 2011 ਨੂੰ ਲੱਗਿਆਂ ਬਠਿੰਡੇ ਵਾਲਾ ਪੁਸਤਕ ਮੇਲਾ ਪੰਜਾਬ ਵਿੱਚ ਅਜਿਹਾ 12 ਵਾਂ  ਮੇਲਾ ਸੀ. ਡਾਕਟਰ ਬਧਣ ਨੇ ਆਖਿਆ ਸੀ ਕਿ ਅਜਿਹੇ ਪੁਸਤਕ ਮੇਲਿਆਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ਰਾਹੀਂ ਸਾਡਾ ਮਕ਼ਸਦ ਸਿਰਫ ਕਿਤਾਬਾਂ ਵੇਚਣਾ ਹੀ ਨਹੀਂ, ਅਸੀਂ ਪੁਸਤਕ ਸਭਿਆਚਾਰ ਵੀ ਪੈਦਾ ਕਰਨਾ ਚਾਹੁੰਦੇ ਹਾਂ. ਪੁਸਤਕ ਸਭਿਆਚਾਰ ਵਾਲੇ ਇਸ ਨਵੇਂ ਸਮਾਜ ਦੀ ਸਿਰਜਣਾਂ ਵਿੱਚ ਯੋਗਦਾਨ ਪਾਉਣ ਵਾਲੇ ਇਸ ਯਾਦਗਾਰੀ ਉਪਰਾਲੇ ਵਿੱਚ ਸਮਾਜ ਦੇ ਲੋਕ ਵੀ ਵਧ ਚਡ਼੍ਹ ਕੇ ਅੱਗੇ ਆਏ.  ਸਮਾਜ ਦੇ ਵੱਖ ਵਰਗਾਂ ਨਾਲ ਜੁਡ਼ੇ ਹੋਏ ਲੋਕਾਂ ਨੇ ਇਹਨਾਂ ਆਯੋਜਨਾਂ ਦੀ ਸਫਲਤਾ ਲਈ ਆਪੋ ਆਪਣਾ ਤਾਣ ਲਾਇਆ.
                 ਮੀਡੀਆ ਰਿਪੋਰਟਾਂ ਮੁਤਾਬਿਕ ਇਸ ਪੁਸਤਕ ਮੇਲੇ ਵਿੱਚ ਸਭ ਤੋਂ ਵੱਧ ਵਿਕਰੀ ਮਦਾਨ ਬੁੱਕ ਹਾਊਸ ਪਟਿਆਲਾ ਵਾਲਿਆਂ ਦੇ ਸਟਾਲ ਤੋਂ ਹੋਈ. ਇਸ ਅਦਾਰੇ  ਵੱਲੋਂ 10 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ ਜਦੋਂ ਕਿ ਨੈਸ਼ਨਲ ਬੁੱਕ ਟਰੱਸਟ ਵੱਲੋਂ 5.50 ਲੱਖ ਦੀਆਂ ਪੁਸਤਕਾਂ ਵੇਚੀਆਂ ਗਈਆਂ ਸਨ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਲ ਤੋਂ ਡੇਢ ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਸੀ. ਇਸੇ ਤਰ੍ਹਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ 1.05 ਲੱਖ ਦੀਆਂ ਕਿਤਾਬਾਂ ਵੇਚੀਆਂ ਗਈਆਂ ਸਨ. ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ 3.50 ਲੱਖ ਦੀਆਂ ਕਿਤਾਬਾਂ ਵਿਕੀਆਂ ਤੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਢਾਈ ਲੱਖ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਕੀਤੀ ਗਈ. ਭਾਸ਼ਾ ਵਿਭਾਗ ਪੰਜਾਬ ਦੀਆਂ ਕੇਵਲ 30 ਹਜ਼ਾਰ ਦੀਆਂ ਪੁਸਤਕਾਂ ਵਿਕੀਆਂ ਤੇ ਓਸ਼ੋ ਫਾਊਡੇਸ਼ਨ ਦੀਆਂ 90 ਹਜ਼ਾਰ ਰੁਪਏ ਦੀਆਂ ਕਿਤਾਬਾਂ ਵਿਕੀਆਂ ਸਨ. ਆਰਸੀ ਦਿੱਲੀ ਦੇ ਸਟਾਲ ਤੋਂ 80 ਹਜ਼ਾਰ ਰੁਪਏ ਤੇ ਨਵਯੁਗ ਦਿੱਲੀ ਵਾਲੇ ਸਟਾਲ ਤੋਂ 60 ਹਜ਼ਾਰ ਰੁਪਏ ਦੀਆਂ ਪੁਸਤਕਾਂ ਵਿਕੀਆਂ. ਏਸੇ ਤਰਾਂ  ਲੱਖੀ ਜੰਗਲ ਪੰਜਾਬੀ ਸੱਥ ਦੇ ਸਟਾਲ ਤੋਂ 68 ਹਜ਼ਾਰ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਈ.

ਅਸਲ ਵਿੱਚ ਅਜਿਹੇ ਮੇਲੇ ਲੇਖਕਾਂ, ਪ੍ਰਕਾਸ਼ਕਾਂ ਅਤੇ ਪਾਠਕਾਂ ਦਰਮਿਆਨ ਅਜਿਹਾ ਪੁਲ ਵੀ ਸਿਰਜਦੇ ਹਨ ਜਿਸ ਨਾਲ ਇਹਨਾਂ ਤਿੰਨਾਂ ਧਿਰਾਂ ਦਰਮਿਆਨ ਪੈਦਾ ਹੋਈ ਨੇਡ਼ਤਾ ਅਤੇ ਸਮਝ ਇੱਕ ਨਵੇਂ ਆਦਰਸ਼ਕ ਸਮਾਜ ਦੀ ਸਿਰਜਨਾਂ ਵਿੱਚ ਸਹਾਇਕ ਸਾਬਿਤ ਹੁੰਦੀ ਹੈ.ਨੌਜਵਾਨਾਂ ਵੱਲੋਂ ਇਨਕਲਾਬੀ ਸਾਹਿਤ ਖਰੀਦਿਆ ਜਾਂਦਾ ਹੈ ਅਤੇ ਇਨਕਲਾਬੀ ਪੋਸਟਰ ਵੀ ਵੱਡੀ ਗਿਣਤੀ ਵਿੱਚ ਖਰੀਦੇ ਜਾਂਦੇ ਹਨ. ਪੁਸਤਕ ਮੇਲਿਆਂ ਵਿੱਚ ‘ਲੇਖਕ ਨਾਲ ਮਿਲਣੀ’ ਪ੍ਰੋਗਰਾਮ ਵੀ ਉਸਾਰੂ ਸਾਬਿਤ ਹੁੰਦੇ ਹਨ ਅਤੇ ਆਮ ਜਾਂ ਸਾਧਾਰਣ ਪਾਠਕ ਅਰਥਾਂ ਦੇ ਅਨਰਥ ਵਾਲੀ ਸਥਿਤੀ ਤੋਂ ਬਚ ਕੇ ਲੇਖਕ ਜਾਂ ਸ਼ਾਇਰ ਨੂੰ ਖੁਦ ਪੁਛ ਸਕਦਾ ਹੈ ਕਿ ਉਹ ਆਪਣੀ ਕਿਸ ਰਚਨਾ ਵਿੱਚ ਕੀ ਕਹਿਣਾ ਚਾਹੁੰਦਾ ਹੈ.
ਮੇਲਿਆਂ ਦੇ ਨਾਲ ਨਾਲ ਕਈ ਸ਼ਖਸੀਅਤਾਂ ਨਿਜੀ ਤੌਰ ਤੇ ਵੀ ਸਰਗਰਮ ਹਨ. ਪੁਸਤਕਾਂ ਦੇ ਤੋਹਫ਼ੇ, ਪੁਸਤਕਾਂ ਨਾਲ ਸਨਮਾਣ, ਪੁਸਤਕਾਂ ਦਾ ਦਾਨ ਕੁਝ ਅਜਿਹੇ ਹੀ ਉਪਰਾਲੇ ਹਨ. ਕਰੀਨਾ ਕਪੂਰ ਅੱਜ ਦੀ ਤਾਰੀਖ ਵਿੱਚ ਬਾਲੀਵੁਡ ਦੀ ਸਭ ਤੋਂ ਜ਼ਿਆਦਾ ਬਿਜ਼ੀ ਅਭਿਨੇਤਰੀਆਂ ਵਿੱਚੋਂ ਗਿਣੀ ਜਾਂਦੀ ਹੈ. ਇਸ ਦੇ ਬਾਵਜੂਦ ਉਹ ਸਮਾਜਕ ਸਰੋਕਾਰਾਂ ਨਾਲ ਜੁਡ਼ੇ ਕੰਮਾਂ ਲਈ ਸਮਾਂ ਕੱਢ ਲੈਂਦੀ ਹੈ. ਉਸਦੇ ਦਿਲ ਤੇ ਜਿਹਡ਼ੇ ਲੋਕ ਰਾਜ ਕਰਦੇ ਹਨ ਉਹਨਾਂ ਵਿੱਚ ਕਿਤਾਬਾਂ ਵੀ ਸ਼ਾਮਿਲ ਹਨ. ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਬਡ਼ੀ ਹੀ ਚੁਲਬੁਲੀ ਜਿਹੀ ਨਜ਼ਰ ਆਉਣ ਵਾਲੀ ਕਰੀਨਾ ਕਪੂਰ ਉਂਝ ਬਹੁਤ ਗੰਭੀਰ ਹੈ.  ਕਰੀਨਾ ਕਪੂਰ ਨੂੰ ਸਿਖਿਆ ਦੇ ਪ੍ਰਸਾਰ ਵਿੱਚ ਡੂੰਘੀ ਦਿਲਚਸਪੀ ਹੈ ਅਤੇ ਇਸ ਲਈ ਉਹ ਮੁੰਬਈ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮੇਂ-ਸਮੇਂ ‘ਤੇ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਦਾਨ ਕਰਦੀ ਰਹਿੰਦੀ ਹੈ.
ਡਾਕਟਰ ਸਰੂਪ ਸਿੰਘ ਅਲਗ
ਏਸੇ ਤਰਾਂ ਸਵਾਰਥ ਦੇ ਇਸ ਯੁਗ ਵਿੱਚ ਵੀ ਪੂਰੀ ਤਰਾਂ ਨਿਸ਼ਕਾਮ ਸੇਵਾ ਵਾਲੀ ਇੱਕ ਮਿਸਾਲ ਕਾਇਮ ਕੀਤੀ ਹੈ ਡਾਕਟਰ ਸਰੂਪ ਸਿੰਘ ਅਲਗ ਨੇ. ਉਹਨਾਂ ਨੇ ਲਗਾਤਾਰ ਕਈ ਸਾਲਾਂ ਤੱਕ ਆਪਣੀ ਤਨਖਾਹ ਦਾ ਦੋ ਤਿਹਾਈ ਹਿਸਾ ਸਿੱਖ ਧਰਮ ਅਤੇ ਨਰੋਏ ਸਮਾਜ ਦੀ ਸਿਰਜਣਾ ਨਾਲ ਸਬੰਧਿਤ ਵਿਸ਼ਿਆਂ ਵਾਲੀਆਂ ਮੌਲਿਕ ਕਿਤਾਬਾਂ ਦੀ ਛਪਾਈ ਤੇ ਖਰਚਿਆ ਅਤੇ ਖੁਦ ਸਾਧਾਰਣ ਚੱਦਰ ਵਾਲੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕੀਤਾ. ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਉਹਨਾਂ ਇਸ ਯੱਗ ਵਿੱਚ ਹੀ ਅਰਪਿਤ ਕਰ ਦਿੱਤੇ. ਇਹਨਾਂ ਔਖਿਆਈਆਂ ਨੂੰ ਗਲੇ ਲਗਾ ਕੇ ਉਹਨਾਂ ਨੇ ਕਿਤਾਬਾਂ ਛਾਪਣ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਕਿ ਕ੍ਰਾਂਤੀਕਾਰੀ ਸੀ. ਲੋਕਾਂ ਨੇ ਉਹਨਾਂ ਦੀ ਇਸ ਘਾਲਣਾ ਨੂੰ ਜਲਦੀ ਹੀ ਸ਼ਬਦ ਯੱਗ ਦਾ ਨਾਮ ਦੇ ਦਿੱਤਾ. ਓਹ ਆਪਣੀਆਂ ਸਾਰੀਆਂ ਕਿਤਾਬਾਂ ਬਿਨਾ ਕਿਸੇ ਭੇਟਾ ਦੇ ਵੰਡਦੇ ਅਤੇ ਜਾਂ ਫੇਰ ਇਹਨਾਂ ਕਿਤਾਬਾਂ ਨਾਲ ਹੀ ਆਪਣੇ ਮਹਿਮਾਨਾਂ ਅਤੇ ਚਾਹੁਣ ਵਾਲਿਆਂ ਦਾ ਸਨਮਾਣ ਕਰਦੇ. ਅੱਜ ਉਹਨਾਂ ਦੀ ਕਦਰ ਕਰਨ ਵਾਲੇ ਕਈ ਸਪਾਂਸਰ ਅਤੇ ਸਰਗਰਮ ਸਹਿਯੋਗੀ  ਦੁਨੀਆ ਭਰ ਵਿੱਚ ਮੌਜੂਦ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਬਡ਼ੀ ਮਹਿੰਗੀ ਛਪਾਈ ਅਤੇ ਆਕਰਸ਼ਕ ਦਿੱਖ ਵਾਲੀਆਂ ਕਿਤਾਬਾਂ ਛਾਪਦੇ ਹਨ ਅਤੇ ਓਸੇ ਤਰਾਂ ਬਿਲਕੁਲ ਫਰੀ ਵੰਡਦੇ ਹਨ ਜਿਵੇਂ ਕਿ ਪਹਿਲਾਂ ਆਪਣੀ ਇਸ ਮੁਹਿੰਮ ਦੇ ਸ਼ੁਰੂ ਸ਼ੁਰੂ ਵਿੱਚ ਵੰਡਿਆ ਕਰਦੇ ਸਨ. ਇਹ ਗੱਲ ਵੱਖਰੀ ਹੈ ਕਿ ਡਾਕਟਰ ਸ੍ਰੁਉਪ ਸਿੰਘ ਅਲਗ ਦੀ ਏਸ ਸ਼ੁਭ ਭਾਵਨਾ ਦਾ ਫਾਇਦਾ ਉਠਾ ਕੇ ਆਪਣੀਆਂ ਜੇਬਾਂ ਭਰਨ ਵਾਲੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਗੁਰੂ ਘਰ ਅਤੇ ਗੁਰਬਾਣੀ ਦੇ ਏਸ ਪ੍ਰਚਾਰ ਵਿੱਚ ਵੀ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ. ਇਹਨਾਂ ਸ੍ਵਾਰਥੀ ਅਨਸਰਾਂ ਦੀ ਚਰਚਾ ਫੇਰ ਕਦੇ ਕੀਤੀ ਜਾਵੇਗੀ ਕਿਸ ਏ ਵੱਖਰੇ ਲੇਖ ਜਾਂ ਰਿਪੋਰਟ ਵਿੱਚ ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਹਮਣੇ ਲਿਆਓ ਫਿਲਹਾਲ ਗੱਲ ਕਰਦੇ ਹਾਂ ਕਤਾਬਾਂ ਰਹਿਣ ਗਈਆਂ ਦਾ ਚੰਨਾਂ ਫੈਲਾਉਣ ਵਾਲਿਆਂ ਅਤੇ ਕੁਝ ਕਰ ਦਿਖਾਉਣ ਵਾਲਿਆਂ ਦੀ. ਡਾਕਟਰ ਅਲਗ ਦੀ ਘਾਲਣਾ ਵੱਲ ਦੇਖੀਏ ਤਾਂ ਖੁਸ਼ੀ ਵੀ ਮਿਲਦੀ ਹੈ ਅਤੇ ਤੱਸਲੀ ਵੀ.ਨਿਸਚੇ ਹੀ ਇਹ ਸਾਰੀਆਂ ਖਬਰਾਂ ਬਡ਼ੀਆਂ ਚੰਗੀਆਂ ਚੰਗੀਆਂ ਲੱਗਦੀਆਂ ਹਨ. ਤਕਨੀਕ ਦੇ ਇਸ ਕਾਰੋਬਾਰੀ ਅਤੇ ਅਤਿ ਆਧੁਨਿਕ ਯੁਗ ਵਿੱਚ ਵੀ ਨਾਂ ਤਾਂ ਲੋਕ ਅਜੇ ਕਿਤਾਬਾਂ ਨੂੰ ਭੁੱਲੇ ਹਨ ਅਤੇ ਨਾਂ ਹੀ ਜਜਬਾਤਾਂ ਨੂੰ. ਪਰ ਇਹ ਮੁਕੰਮਲ ਸਚਾਈ ਨਹੀਂ ਹੈ.

                  ਇਸ ਦੁਨੀਆ ਵਿੱਚ ਓਹ ਲੋਕ ਵੀ ਹਨ ਜਿਹਡ਼ੇ ਜਾਂ ਤਾਂ ਜਜ਼ਬਾਤਾਂ ਤੋਂ ਬਹੁਤ ਦੂਰ ਹਨ ਅਤੇ ਜਾਂ ਫੇਰ ਏਨੇ ਸ਼ਾਤਿਰ ਹਨ ਕਿ ਓਹ ਦਿਲ ਅਤੇ ਦਿਮਾਗ 'ਚ ਚੱਲ ਰਹੀਆਂ ਭਾਵਨਾਵਾਂ ਨੂੰ ਕੰਟ੍ਰੋਲ ਕਰਕੇ ਉਹਨਾਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੀ ਪੂਰੀ ਤਰਾਂ ਮਾਹਿਰ ਹਨ.  ਉਹਨਾਂ ਨੇ ਵੀ ਇਸ ਤਕਨੀਕ ਦਾ ਪੂਰਾ ਪੂਰਾ ਫਾਇਦਾ ਉਠਾਇਆ ਹੈ. ਕਿਸੇ ਵੀ ਬੁਕ  ਸਟਾਲ ਤੇ ਜਾ ਕੇ ਜਾਂ ਫੇਰ ਕਿਤਾਬਾਂ ਦੀ ਵਣਗੀ ਅਤੇ ਗਿਣਤੀ ਦੇਖ ਕੇ ਬੰਦਾ ਚਕਰਾ ਜਾਂਦਾ ਹੈ. ਇੱਕੋ ਇੱਕੋ ਵਿਸ਼ੇ ਤੇ ਹੀ ਏਨੀਆਂ ਏਨੀਆਂ ਕਿਤਾਬਾਂ ਮੌਜੂਦ ਹਨ ਕਿ ਸਮਝ ਨਹੀਂ ਆਉਂਦੀ ਕਿ ਕਿਹਡ਼ੀ ਪੁਸਤਕ ਪ੍ਰਮਾਣਿਕ ਹੈ, ਕਿਹਡ਼ੀ ਪੁਸਤਕ ਅਸਲੀ ਹੈ, ਕਿਹਡ਼ੀ ਕਿਤਾਬ ਪਡ਼੍ਹੀ ਜਾਏ ਕਿਹਡ਼ੀ ਛੱਡੀ ਜਾਏ ?

                 ਮੇਰੇ ਵਾਂਗ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਹੋਵੇਗਾ ਸਕੂਲੀ ਪਡ਼੍ਹਾਈ ਦੇ ਆਰੰਭ ਦਾ ਉਹ ਜ਼ਮਾਨਾ ਜਦੋਂ ਸਕੂਲ ਦੇ ਸਿਲੇਬਸ ਵਾਲੀਆਂ  ਕਿਤਾਬਾਂ ਬਸ ਗਿਣਤੀ ਦੀਆਂ ਹੀ ਹੁੰਦੀਆਂ ਸਨ. ਜਿਹਡ਼ੇ ਬੱਚੇ ਕਿਸੇ ਵੀ ਕਾਰਣ ਆਪੋ ਆਪਣੀ ਕਲਾਸ ਦੀਆਂ ਪੂਰੀਆਂ ਕਿਤਾਬਾਂ ਖਰੀਦ ਨਹੀਂ ਸਨ ਸਕਦੇ  ਜਾਂ ਫੇਰ ਪਡ਼੍ਹ ਨਹੀਂ ਸਨ ਸਕਦੇ ਓਹ ਫਿਰ ਇਮਤਿਹਾਨਾਂ ਦੇ ਨੇਡ਼ੇ ਜਾ ਕੇ ਇੱਕ ਹੋਰ ਕਿਤਾਬ ਦਾ ਸਹਾਰਾ ਲੈਂਦੇ ਸਨ. ਇਸ ਕਿਤਾਬ ਨੂੰ ਕਿਹਾ ਜਾਂਦਾ ਸੀ ਸਫਲਤਾ ਦੀ ਕੁੰਜੀ. ਜੇ ਟੀਚਰ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਬੱਚੇ ਕੋਲ ਸਫਲਤਾ ਦੀ ਕੁੰਜੀ  ਹੈ ਤਾਂ ਉਸ ਨੂੰ ਸਜ਼ਾ ਮਿਲਦੀ ਸੀ. ਉਸਦੀ ਝਾਡ਼ ਝੰਭ ਹੁੰਦੀ ਸੀ. ਉਸ ਨੂੰ ਪੁਛਿਆ ਜਾਂਦਾ ਸੀ ਕਿ ਅਖੀਰ ਤੂੰ ਆਪਣੀ ਕਿਤਾਬ ਵਿਚੋਂ ਸਿਧਾ ਸਿਧਾ ਕਿਓਂ ਨਹੀਂ ਪਡ਼੍ਹ ਸਕਦਾ ? ਕਿਓਂ ਨਹੀਂ ਸਮਝ ਸਕਦਾ ਅਤੇ ਫਿਰ ਉਸ ਨੂੰ ਆਪਣੀ ਕਿਤਾਬ ਸਿਧਿਆਂ ਸਮਝਣ ਦਾ ਆਦਤ ਪਾਈ ਜਾਂਦੀ ਸੀ. ਫਿਰ ਜ਼ਮਾਨਾ ਬਦਲਿਆ ਤਾਂ ਅਜਿਹਾ ਬਦਲਿਆ ਕਿ ਅੱਜ ਸਕੂਲਾਂ ਵਿੱਚ ਸਾਫ਼ ਸਾਫ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਫਲਾਂ ਫਲਾਂ ਗਾਈਡ ਖਰੀਦੋ. ਵੱਖ ਵੱਖ ਪ੍ਰਕਾਸ਼ਕ ਆਪੋ ਆਪਣੀ ਗਾਈਡ ਦੇ ਹੱਕ ਵਿੱਚ ਸਕੂਲੀ ਬੱਚਿਆਂ ਨੂੰ ਸਲਾਹ ਜਾਂ ਹਦਾਇਤ ਦਵਾਉਣ ਲਈ ਮਹਿੰਗੀਆਂ ਸੌਗਾਤਾਂ ਅਤੇ ਕਮਿਸ਼ਨਾਂ ਸਮੇਤ ਓਹ ਸਾਰੀਆਂ ਤਰਕੀਬਾਂ ਵਰਤਦੇ ਹਨ ਜਿਹਡ਼ੀਆਂ ਬਾਜ਼ਾਰ ਦੀ ਮੰਗ ਮੁਤਾਬਿਕ ਜ਼ਰੂਰੀ ਹੁੰਦੀਆਂ ਹਨ. ਅੱਜ ਕਲ ਸਫਲਤਾ ਦੀ ਕੁੰਜੀ ਦਾ ਨਵਾਂ ਅਤੇ ਪਾਪੂਲਰ ਨਾਮ ਗਾਈਡ ਹੈ. ਸਮਝ ਨਹੀਂ ਆਉਂਦੀ ਕਿ ਜੇ ਇਸ ਤਰਾਂ ਗਾਈਡ ਬਜ਼ਾਰੋਂ ਮਿਲਦੇ ਹਨ ਤਾਂ ਫਿਰ ਸਕੂਲ ਵਿੱਚ ਪਡ਼੍ਹਾ ਰਿਹਾ ਟੀਚਰ ਆਪਣੇ ਸਟੂਡੈਂਟ ਨੂੰ ਕੀ ਗਾਈਡ ਕਰ ਰਿਹਾ ਹੈ ? ਕਿਤਾਬਾਂ ਬਾਰੇ ਕਿਤਾਬਾਂ ਦਾ ਇਹ ਸਿਲਸਿਲਾ ਭਾਵੇਂ ਕਿਸੇ ਚੰਗੀ ਭਾਵਨਾ ਨਾਲ ਹੀ ਸ਼ੁਰੂ ਹੋਇਆ ਹੋਵੇ ਪਰ ਇਸਦੀ ਵਿਕਰੀ ਵਿੱਚ ਆਉਂਦੀ ਤੇਜ਼ੀ ਨੇ ਪ੍ਰਕਾਸ਼ਕਾਂ ਨੂੰ ਬਹੁਤ ਹੀ ਥੋਹਡ਼ੇ ਸਮੇਂ ਵਿੱਚ ਮਾਲੋਮਾਲ ਕਰ ਦਿੱਤਾ. ਉਹਨਾਂ ਦੀ ਦੇਖਾ ਦੇਖੀ ਕਈ ਨਵੇਂ ਲੋਕ ਆਉਂਦੇ ਗਏ ਅਤੇ ਬਾਜ਼ਾਰਾਂ ਵਿੱਚ ਵਧ ਗਈ ਕਿਤਾਬਾਂ ਦੀ ਭੀਡ਼. ਕਿਤਾਬਾਂ ਦੇ ਇਸ ਢੇਰ ਵਿੱਚ ਪਈਆਂ ਕਿਤਾਬਾਂ ਵੱਲ ਨਜ਼ਰ ਮਾਰੀ ਜਾਏ ਤਾਂ ਤਕਰੀਬਨ ਹਰ ਕਿਤਾਬ ਤੇ ਹੁੰਦਾ ਹੈ ਜ਼ਬਰਦਸਤ ਦਾਅਵਾ. ਹਰ ਕਿਤਾਬ ਦੇ ਅਸਲੀ ਹੋਣ ਦੀ ਗਾਰੰਟੀ. ਇਹ ਭੰਬਲਭੂਸਾ ਏਨਾ ਵਧਿਆ ਕਿ ਆਰਥਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਤੱਕ ਵੀ ਫੈਲ ਗਿਆ. ਬਾਜ਼ਾਰ ਜਾ ਕੇ ਕਿਸੇ ਸਟਾਲ ਤੇ ਜਾਂ ਫੇਰ ਇਹਨਾਂ ਦੇ ਇਸ਼ਤਿਹਾਰਾਂ ਵੱਲ ਨਜ਼ਰ ਮਾਰੀ ਜਾਏ ਤਾਂ ਆਮ ਦੇਖਿਆ ਜਾ ਸਕਦਾ ਹੈ ਕਿ ਜਿਹਡ਼ੀ ਕਿਤਾਬ ਤੁਸੀਂ ਲਭਣਾ ਚਾਹ ਰਹੇ ਹੋ ਉਹ ਆਸਾਨੀ ਨਾਲ ਨਹੀਂ ਮਿਲੇਗੀ. ਉਸ ਵਰਗੀਆਂ ਬਡ਼ੀਆਂ ਕਿਤਾਬਾਂ ਹੋਣਗੀਆਂ. ਬਡ਼ਾ ਮੋਟਾ ਮੋਟਾ ਲਿਖਿਆ ਹੋਵੇਗਾ ਜਿਸ ਦਾ ਅਰਥ ਹੋਵੇਗਾ ਬਸ ਇਹੀ ਹੈ ਅਸਲੀ ਕਿਤਾਬ. ਇਹੀ ਹੈ ਅਸਲੀ ਲੇਖਕ. ਇਹੀ ਹੈ ਤੁਹਾਡੀ ਤਲਾਸ਼. ਬਸ ਇਹੀ ਕਿਤਾਬ ਆਈ ਹੈ ਤੁਹਾਡੇ ਸਾਹਮਣੇ ਪਹਿਲੀ ਵਾਰ.
          ਇਸ ਭੀਡ਼ ਵਿੱਚ ਅਸਲੀ ਕਿਤਾਬ ਸਚਮੁਚ ਗੁਆਚ ਚੁਕੀ ਹੈ. ਕਾਲੇ ਅੱਖਰਾਂ ਦੇ ਨਾਲ ਨਾਲ ਰੰਗ ਬਰੰਗੇ ਅਖਰਾਂ ਦਾ ਇਹ ਚਾਨਣ ਏਨਾ ਤੇਜ਼ ਹੈ ਕਿ ਇਸ ਵਿੱਚ ਅੱਖਾਂ ਚੁੰਧਿਆ ਜਾਂਦੀਆਂ ਹਨ. ਇਸ ਧੁੰਦ ਵਿੱਚ ਵੀ ਖੱਡਾਂ ਵਾਲਾ ਰਸਤਾ ਓਨਾ ਹੀ ਖਤਰਨਾਕ ਹੋ ਜਾਂਦਾ ਹੈ ਜਿੰਨਾ ਕਿ ਕਾਲੇ ਸੰਘਣੇ ਹਨੇਰੇ ਵਿੱਚ. ਬਲਕਿ ਕਈ ਵਾਰ ਤਾਂ ਰਾਤ ਦੇ ਹਨੇਰੇ ਨਾਲੋਂ ਵੀ ਵਧ ਖਤਰਨਾਕ ਹੋ ਜਾਂਦਾ ਹੈ ਇਹ ਚੁੰਧਿਆ ਦੇਣ ਵਾਲਾ ਚਾਨਣ. ਇਸ ਚਿੱਟੇ ਹਨੇਰੇ ਨੇ ਹੀ ਲੋਕਾਂ ਵਿਚ ਕਿਤਾਬਾਂ ਪਡ਼੍ਹਨ ਵਾਲਿਆਂ ਬਾਰੇ ਕਈ ਤਰਾਂ ਦੇ ਸ਼ੰਕੇ ਪੈਦਾ ਕੀਤੇ ਅਤੇ ਓਹ ਕਿਤਾਬਾਂ ਪਡ਼੍ਹਨ ਵਾਲਿਆਂ ਕੋਲੋਂ ਪੁਛਣ ਲੱਗ ਪਏ....:ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 
                ਤਕਨੀਕ ਵਾਲੇ ਇਸ ਯੁਗ ਦੀ ਤੇਜ਼ ਰਫਤਾਰੀ ਵਿੱਚ ਜਦੋਂ ਇੰਟਰਨੈਟ ਆਮ ਲੋਕਾਂ ਤੱਕ ਪਹੁੰਚਿਆ ਤਾਂ ਇਸਨੇ ਕਿਤਾਬਾਂ ਪਡ਼੍ਹਨ ਵਾਲਿਆਂ ਤੇ ਵੀ ਅਸਰ ਪਾਇਆ. ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਕਿਤਾਬਾਂ ਇੰਟਰਨੈਟ ਤੇ ਆਮ ਹੋ ਗਈਆਂ. ਇੱਕ ਵਧੀਆ ਜਿਹਾ ਮੋਬਾਈਲ ਸੈਟ ਤੇ ਕਿਤਾਬਾਂ ਦੀ ਦੁਨੀਆ ਆ ਗਈ ਤੁਹਾਡੀ ਮੁਠੀ ਵਿੱਚ. ਸਰਚ ਕਰੋ ਤੇ ਜਦੋਂ ਚਾਹੋ, ਜਿਥੇ ਚਾਹੋ ਕੋਈ ਵੀ ਕਿਤਾਬ ਪਡ਼੍ਹ ਲਓ. ਪੁਸਤਕ ਪ੍ਰੇਮੀਆਂ ਲਈ ਤਾਂ ਇਹ ਸਿਸਟਮ ਇੱਕ ਵਰਦਾਨ ਬਣ ਕੇ ਆਇਆ. ਨਾਂ ਅਲਮਾਰੀਆਂ ਦਾ ਖਰਚਾ, ਨਾਂ ਰੱਖ ਰਖਾਅ ਵਾਲੀ ਖੇਚਲ ਤੇ ਨਾਂ ਹੀ ਸਿਓਂਕ ਲੱਗਣ ਦਾ ਕੋਈ ਡਰ. ਨਾਲ ਹੀ ਨਵੀਆਂ ਵੈਬ ਕਿਤਾਬਾਂ ਦਾ ਛਾਪਣਾ ਵੀ ਸਸਤਾ ਸੌਖਾ ਅਤੇ ਟਿਕਾਊ. ਕਾਗਜ਼ ਅਤੇ ਜਿਲਦ ਸਿਸਟਮ ਵਾਲੀ ਪ੍ਰਿੰਟਿੰਗ ਦੀ ਮੁਕਾਬਲੇ ਤੇ ਸੀਡੀ ਵਾਲੀ ਕਿਤਾਬ ਸਸਤੀ ਪੈਣ ਲੱਗ ਪਈ. ਇਸ ਨਾਲ ਕਿਤਾਬਾਂ ਦੀ ਗਿਣਤੀ ਹੋਰ ਵਧ ਗਈ ਤੇ ਨਾਲ ਹੀ ਵਧ ਗਿਆ ਇੱਕ ਖਤਰਾ. ਅਖਾਂ ਰਾਹੀਂ ਦਿਲ ਦਿਮਾਗ ਵਿੱਚ ਅਜਿਹੇ ਵਿਸ਼ੇ ਦਾਖਿਲ ਹੋਣ ਲੱਗ ਪਏ ਜਿਹਨਾਂ ਬਾਰੇ ਕਦੇ ਕਿਸੇ ਨੇ ਕੁਝ ਨਹੀਂ ਸੋਚਿਆ ਹੁੰਦਾ. ਇੱਕ ਸਬਜੈਕਟ ਸਰਚ ਕਰੋ ਤਾਂ ਕਿਤਾਬਾਂ ਦੀ ਬਹੁਤ ਵੱਡੀ ਗਿਣਤੀ ਸਾਹਮਣੇ ਆਉਣ ਲੱਗ ਪਈ. ਬੰਦਾ ਪਡ਼੍ਹਦਾ ਗਿਆ ਪਡ਼੍ਹਦਾ ਗਿਆ ਤੇ ਏਨਾ ਗੁਆਚਣ ਲੱਗ ਪਿਆ ਕਿ ਅਸਲ ਜ਼ਿੰਦਗੀ ਵਿੱਚ ਬਾਰ ਬਾਰ ਉਸਨੂੰ ਇਹੀ ਸੁਆਲ ਸੁਣਨਾ ਪੈਂਦਾ
ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 

ਕਿਸੇ ਤੁਫਾਨ ਵਾਂਗ ਆਇਆ ਡਿਜਿਟਲ ਕਿਤਾਬਾਂ ਦਾ ਇਹ ਰੁਝਾਨ ਵਿਦੇਸ਼ਾਂ ਵਿੱਚ ਕਾਫੀ ਪੁਰਾਣਾ ਹੋ ਚੁੱਕਿਆ ਹੈ ਪਰ ਨਾਂ ਤਾਂ ਉਥੇ ਕਾਗਜ਼ ਤੇ ਛਪਣ ਵਾਲਿਆਂ ਅਖਬਾਰਾਂ ਦੀ ਗਿਣਤੀ ਘਟੀ ਅਤੇ ਨਾਂ ਹੀ ਕਾਗਜ਼ ਤੇ ਛਪਣ ਵਾਲੀਆਂ ਕਿਤਾਬਾਂ ਦੀ. ਉਥੇ ਇਹਨਾਂ ਦੋਹਾਂ ਤਰਾਂ ਦੇ ਤਕਨੀਕੀ ਰੁਝਾਨਾਂ ਨੇ ਇੱਕ ਦੂਸਰੇ ਨੂੰ ਫਾਇਦਾ ਹੀ ਪਹੁੰਚਾਇਆ. ਜਿਹਡ਼ੀਆਂ ਕਿਤਾਬਾਂ ਜਾਂ ਪਰਚੇ ਸੀਮਤ ਛਪਾਈ ਜਾਂ ਭੂਗੋਲਿਕ ਦੂਰੀਆਂ ਕਾਰਣ ਸ਼੍ਸਾਰ ਦੇ ਕਿਸੇ ਦੂਜੇ ਕੋਨੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਉਹਨਾਂ ਦੇ ਚਾਹੁਣ ਵਾਲੇ ਨੈਟ ਐਡੀਸ਼ਨ ਤੇ ਪਡ਼੍ਹ ਲੈਂਦੇ ਹਨ. ਤਕਰੀਬਨ ਹਰ ਚੰਗੀ ਅਖਬਾਰ ਦਾ ਇੰਟਰਨੈਟ ਐਡੀਸ਼ਨ ਵੀ ਨਿਕਲ ਰਿਹਾ ਹੈ. ਇਸਦੇ ਐਡੀਸ਼ਨ ਦੇ ਅੱਖਰ ਵੱਡੇ ਛੋਟੇ ਹੋ ਜਾਂਦੇ ਹਨ ਅਤੇ ਇਸ ਨੂੰ ਕਿਸੇ ਵੀ ਵੇਲੇ ਪਡ਼੍ਹਿਆ ਜਾ ਸਕਦਾ ਹੈ. ਇਸਦਾ ਕੋਈ ਪੁਰਾਣਾ ਐਡੀਸ਼ਨ ਵੀ ਝੱਟ ਪੱਟ ਤੁਹਾਡੇ ਸਾਹਮਣੇ ਆ ਜਾਂਦਾ ਹੈ. ਇਸ ਤਕਨੀਕ ਦਾ ਫਾਇਦਾ ਪੁਸਤਕਾਂ ਵਿਚ ਵੀ ਹੋ ਰਿਹਾ ਹੈ. ਡਿਜੀਟਲ ਲਾਇਬ੍ਰੇਰੀਆਂ ਵਧ ਰਹੀਆਂ ਹਨ.
           ਪਡ਼੍ਹਾਈ ਲਿਖਾਈ ਦੇ ਇਸ ਆਧੁਨਿਕ ਯੁਗ ਇਕ ਅਜਿਹਾ ਦੌਰ ਵੀ ਆਇਆ ਜਦੋਂ ਨੀਮ ਹਕੀਮਾਂ ਨੇ ਤਾਕਤ ਦੀ ਬਾਦਸ਼ਾਹੀ ਦੇ ਦਾਅਵੇ ਵੀ ਕੀਤੇ ਅਤੇ ਕਿਤਾਬਾਂ ਵੀ ਲਿਖੀਆਂ. ਨੀਮ ਹਕੀਮਾਂ ਦੀਆਂ ਇਹਨਾਂ ਅਧ ਕਚਰੀਆਂ ਕਾਰੋਬਾਰੀ ਕਿਤਾਬਾਂ ਨੇ ਕਿੰਨੇ ਲੋਕਾਂ ਨੂੰ ਬੀਮਾਰ ਕੀਤਾ ਹੋਵੇਗਾ ਇਸਦਾ ਸਹੀ ਸਹੀ ਅੰਦਾਜ਼ਾ ਲਗਾ ਸਕਣਾ ਵੀ ਮੁਸ਼ਕਿਲ ਹੈ. ਤਕਰੀਬਨ ਤਕਰੀਬਨ ਇਹੀ ਹਾਲ ਕੁਝ ਹੋਰਨਾਂ ਖੇਤਰਾਂ ਵਿੱਚ ਵੀ ਹੋਇਆ.  ਜਦੋਂ ਤੱਕ ਇਹ ਬੀਮਾਰ ਆਪਣੇ ਅਸਲੀ ਡਾਕਟਰ ਕੋਲ ਪਹੁੰਚਦੇ ਹਨ ਉਦੋਂ ਤੱਕ ਬਡ਼ੀ ਦੇਰ ਹੋ ਜਾਂਦੀ.
              ਕਿਤਾਬਾਂ ਨੇ ਹੰਕਾਰ ਦਾ ਹਨੇਰਾ ਵੀ ਫੈਲਾਇਆ. ਕਈ ਅਜਿਹੇ ਲੋਕ ਦੇਖੇ ਜਾਂਦੇ ਹਨ ਜਿਹਡ਼ੇ ਪਡ਼੍ਹੀ ਜਾਂਦੇ ਹਨ, ਪਡ਼੍ਹੀ ਜਾਂਦੇ ਹਨ ਤੇ ਏਨਾ ਪਡ਼੍ਹੀ ਜਾਂਦੇ ਹਨ ਕਿ ਅਮਲੀ ਜ਼ਿੰਦਗੀ ਨਾਲੋਂ ਬਿਲਕੁਲ ਕੱਟੇ ਜਾਂਦੇ ਹਨ. ਜਦ ਕਦੇ ਜ਼ਿੰਦਗੀ 'ਚ ਆਉਂਦੀਆਂ ਔਕਡ਼ਾਂ ਦਾ ਚਡ਼੍ਹਿਆ ਹੋਇਆ ਸ਼ੂਕਦਾ ਦਰਿਆ ਤੈਰ ਕੇ ਪਾਰ ਕਰਨਾ ਪੈਂਦਾ ਹੈ ਤਾਂ ਓਹ ਘਬਰਾ ਜਾਂਦੇ ਹਨ ਜਾਂ ਡੁੱਬ ਜਾਂਦੇ ਹਨ ਕਿਓਂਕਿ ਉਹਨਾਂ ਤੈਰਨਾ ਸਿੱਖਣ ਲਈ ਸਿਰਫ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ ਕਦੇ ਵੀ ਨਦੀ 'ਚ ਛਾਲ ਤਾਂ ਮਾਰੀ ਹੀ ਨਹੀਂ ਹੁੰਦੀ. ਇਸ ਲਈ ਜ਼ਰੂਰੀ ਹੈ ਕਿ ਥਿਊਰੀ ਅਤੇ ਪ੍ਰੈਕਟਿਸ ਦਾ ਸੰਤੁਲਨ ਬਣਾ ਕੇ ਚੱਲਿਆ ਜਾਏ. ਨਹੀਂ ਤਾਂ ਲੋਕ ਇਹੀ ਕਹਿਣਗੇ...

...ਤੂੰ ਇਲਮੋਂ ਬਸ ਕਰੀਂ ਓ ਯਾਰ....
ਕਿਤਾਬਾਂ ਦੇ ਢੇਰ ਕਿਵੇਂ ਹਨੇਰ ਕਰਦੇ ਰਹੇ ਇਸਦੀਆਂ ਕਈ ਕਹਾਣੀਆਂ ਮਿਲ ਜਾਣਗੀਆਂ. ਸ਼ਾਇਦ ਕੋਈ ਦੱਸ ਨਾਂ ਸਕੇ ਜਾਂ ਫੇਰ ਦੱਸਣਾ ਨਾਂ ਚਾਹੇ ਜਾਂ ਫੇਰ ਉਸਦੀ ਕੋਈ ਹੋਰ ਮਜਬੂਰੀ ਹੁੰਦੀ ਹੋਵੇ ਇਹ ਤਾਂ ਵੱਖਰੀ ਗੱਲ ਹੈ ਪਰ ਸਚ ਤਾਂ ਇਹੀ ਹੈ ਅਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਕਾਵਿ ਸਤਰਾਂ ਬਡ਼ੀ ਡੂੰਘੀ ਗੱਲ ਆਖ ਰਹੀਆਂ ਹਨ...ਲਓ ਤੁਸੀਂ  ਵੀ ਪੜ੍ਹੋ...ਤੁਸੀਂ ਵੀ ਮਹਿਸੂਸ ਕਰੋ....!

ਤੂੰ ਅਚਲ ,ਅਡੋਲ ,ਅਬੋਲ ਖਡ਼ੀ

ਹਿੱਕ ਤੇਰੀ ਨਾਲ ਯਕੀਨ ਭਰੀ
ਖਨਗਾਹ ਦੇ ਉਤੇ ਆਣ ਨਾਲ
ਇਕ ਦੀਵੇ ਦੇ ਟਿਮਕਾਣ ਨਾਲ
ਸਭ ਸੰਸੇ ਤੇਰੇ ਦੂਰ ਹੋਏ
ਹਿੱਕ-ਖੂੰਜੇ ਨੂਰੋ ਨੂਰ ਹੋਏ

ਪਰ ਪਡ਼੍ਹ ਪਡ਼੍ਹ ਪੁਸਤਕ ਢੇਰ ਕੁਡ਼ੇ
ਮੇਰਾ ਵਧਦਾ ਜਾਏ ਹਨ੍ਹੇਰ ਕੁਡ਼ੇ
ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ
ਮੈਨੂੰ ਮਾਰਿਆ ਕੀ ਕਿਉਂ ਕਿੱਦਾਂ ਨੇ

ਮੈਂ ਨਿਸਚੇ ਬਾਝੋਂ ਭਟਕ ਰਿਹਾ
ਜੱਨਤ ਦੋਜ਼ਖ਼ ਵਿਚ ਲਟਕ ਰਿਹਾ

ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ

ਇਹ ਅਵਸਥਾ ਆਮ ਤੌਰ ਤੇ ਹਰ ਉਸ ਵਿਅਕਤੀ ਤੇ ਆਉਂਦੀ ਹੈ ਜਿਸਨੇ ਕਿਤਾਬਾਂ ਨਾਲ ਪਿਆਰ ਕਰਦਿਆਂ ਜ਼ਿੰਦਗੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਪਿਆਰ ਕੀਤਾ ਹੁੰਦਾ ਹੈ. ਇਹ ਗੱਲ ਜ਼ਰੂਰ ਹੈ ਕਿ  ਇਹ ਹਨੇਰ ਉਸ ਖਤਰੇ ਤੋਂ ਬਿਲਕੁਲ ਵੱਖਰਾ ਹੈ ਜਿਸ ਬਾਰੇ ਕਿਹਾ ਗਿਆ ਸੀ ਕਿ ਇਲਮੋਂ ਬਸ ਕਰੀਂ ਓ ਯਾਰ....ਕਿਓਂਕਿ ਇਹ ਹਨੇਰਾ ਪਡ਼੍ਹਨ ਤੋਂ ਬਾਅਦ ਆ ਰਿਹਾ ਹੈ....ਆਓ ਸੋਚੀਏ ਕਿ ਚਾਨਣ ਵੰਡਣ ਵਾਲੀਂ ਕਿਤਾਬਾਂ ਨਾਲ ਹਨੇਰਾ ਕਿਓਂ ਪੈਦਾ ਹੋਣ ਲੱਗ ਪਿਆ.....ਜੇ ਖਾਨਗਾਹ ਤੇ ਗਈ ਕੁਡ਼ੀ ਕੋਲੋਂ ਚਿਣਗ ਮੰਗਣੀ ਪਵੇ ਤਾਂ ਨਿਸਚੇ ਹੀ ਉਹਨਾਂ ਕਿਤਾਬਾਂ ਵਿਚਲੇ ਖੋਖਲੇਪਨ ਬਾਰੇ ਸੋਚਣ ਦੀ ਲੋਡ਼ ਹੈ ਜਿਹਡ਼ੀਆਂ ਬਡ਼ੇ ਵੱਡੇ ਵੱਡੇ ਦਾਵੇ ਕਰਦੀਆਂ ਹਨ.....  ਛਪਾਈ ਦੇ ਰੰਗਾਂ ਦੀ ਚਮਕ ਅਤੇ ਸ਼ਾਨਦਾਰ ਦਿੱਖ ਵਾਲੀਂ ਕਿਤਾਬਾਂ ਵਿੱਚ ਚਾਨਣ ਵਾਲੀ ਅਸਲੀ ਗੱਲ ਵੀ ਹੈ ਕਿ ਨਹੀਂ ਹੁਣ ਪਾਠਕ ਇਹ ਵੀ ਦੇਖਣਗੇ...?                   --ਕਲਿਆਣ ਕੌਰ, (ਲੁਧਿਆਣਾ)

ਕਲਿਆਣ ਕੌਰ ਦੀਆਂ ਕੁਝ ਹੋਰ ਲਿਖਤਾਂ:--
ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ