Showing posts with label ਸਿਰਜਣਾ ਦੇ ਪਲ. Show all posts
Showing posts with label ਸਿਰਜਣਾ ਦੇ ਪਲ. Show all posts

Sunday, June 02, 2013

ਹਾਇਕੂ 'ਚ ਕਹੇ ਨਾਲੋਂ ਅਣਕਿਹਾ ਵਧ ਹੁੰਦਾ ਹੈ

ਹਾਇਕੂ ਕਰਾਂਤੀ:ਸਾਰਥਕ ਫਿਲਮਾਂ ਰਾਹੀਂ ਵੀ ਆਇਆ ਹਾਇਕੂ ਦਾ ਸੁਨੇਹਾ 
ਹਾਇਕੂ ਕਾਫੀ ਦੇਰ ਤੋਂ ਚਰਚਾ ਵਿੱਚ ਹੈ। ਇਹ ਬੂਟਾ ਹੀ ਤੇਜ਼ੀ ਨਾਲ ਸੰਘਣਾ ਬ੍ਰਿਛ ਬਣ ਰਿਹਾ ਹੈ। ਡਾਕਟਰ ਮੈਡਮ ਹਰਦੀਪ ਕੌਰ ਸੰਧੂ ਵੀ ਇਸ ਪਾਸੇ ਕਾਫੀ ਸਮਰਪਿਤ ਚਲੇ ਆ ਰਹੇ ਹਨ। ਉਹਨਾਂ ਨੇ ਇਸ ਮਕਸਦ ਲਈ ਇੱਕ ਵਿਸ਼ੇਸ਼ ਬਲਾਗ ਵੀ ਸ਼ੁਰੂ ਕੀਤਾ ਹੋਇਆ ਹੈ। ਡਾਕਟਰ ਹਰਜਿੰਦਰ ਸਿੰਘ ਲਾਲ ਇਸਨੂੰ ਅਣੂ ਕਵਿਤਾ ਆਖਦੇ ਰਹੇ ਹਨ। 
Gurmeet Sandhu ਗੁਰਮੀਤ ਸੰਧੂ ਜੀ ਇਸ ਵਿਧਾ ਬਾਰੇ ਪੰਜਾਬੀ ਹਾਇਕੂ ਗਰੁੱਪ ਵਿੱਚ ਇਸਦੇ ਨਿਯਮਾਂ ਦੀ ਗੱਲ ਕਰਦਿਆਂ ਆਖਦੇ ਹਨ:-
ਗੁਰਮੀਤ ਸੰਧੂ
-ਹਾਇਜਨ (ਹਾਇਕੂ ਕਵੀ) ਦੋਸਤੋ, 
ਹਾਇਕੂ ਰਚਨਾ ਦੇ ਮੁਢਲੇ ਨਿਯਮਾਂ ਬਾਰੇ ਇਕ ਬੇਸਿਕ ਚੈਕ ਲਿਸਟ ਤਿਆਰ ਕੀਤੀ ਗਈ ਹੈ। ਬੇਨਤੀ ਹੈ ਕਿ ਆਪਣਾ ਹਾਇਕੂ ਪੋਸਟ ਕਰਨ ਤੋਂ ਪਹਿਲਾਂ ਇਸ ਲਿਸਟ ਦੁਆਰਾ ਆਪਣੀ ਲਿਖਤ ਨੂੰ ਜਰੂਰ ਹੀ ਚੈਕ ਕਰ ਲਿਆ ਜਾਵੇ ...ਵਧੇਰੇ ਜਾਣਕਾਰੀ ਲਈ ਉਪਰ ਫਾਈਲ ਵਿਚ ਦਿੱਤੇ “ਹਾਇਕੂ:ਸੋਧ ਤੇ ਸੰਪਾਦਨ” ਨੂੰ ਚੰਗੀ ਤਰ੍ਹਾਂ ਪੜ੍ਹਦੇ ਰਹਿਣਾ ਚਾਹੀਦਾ ਹੈ...ਨਿਮਨ ਲਿਖਤ ਲਿਸਟ ਨਵੇਂ ਹਾਇਕੂ ਲੇਖਕਾਂ ਲਈ ਹਾਇਕੂ ਰਚਨਾ ਦੀ ਮੁਢਲੀ ਜਾਣਕਾਰੀ ਵਜੋਂ ਦਿੱਤੀ ਗਈ ਹੈ...ਹਾਇਕੂ ਰਚਨਾ ਇਕ ਨਿਰੰਤਰ ਯਾਤਰਾ ਹੈ, ਇਹਦੇ ਉਸਤਾਦ ਕਵੀਆਂ ਤੋਂ ਲੈ ਕੇ ਹੁਣ ਤਕ ਅਨੇਕਾਂ ਹਾਇਕੂ ਲੇਖਕਾਂ ਦੀਆਂ ਕ੍ਰਿਤਾਂ ਵਿਚ ਰੂਪ,ਸੋਹਜ ਅਤੇ ਸ਼ਿਲਪਕਾਰੀ ਵਿਚ ਨਵੇਂ ਨਵੇਂ ਪ੍ਰਯੋਗ ਹੋਏ ਹਨ ਅਤੇ ਹੋ ਰਹੇ ਹਨ.....
੧.ਕੀ ਤੁਹਾਡੀ ਹਾਇਕੂ ਰਚਨਾ ਦੀਆਂ ਤਿੰਨ ਸਤਰਾਂ ਹਨ?
੨.ਕੀ ਹਾਇਕੂ ਕਿਸੇ ਅਲੌਕਿਕ ਖਿਣ ਦੇ ਅਨੁਭਵ ਉਤੇ ਅਧਾਰਿਤ ਹੈ?
.ਕੀ ਹਾਇਕੂ ਵਿਚ ਰੁੱਤ ਦਾ ਹਵਾਲਾ ਹੈ?
੪. ਕੀ ਸੈਨਰਿਊ ਮਨੁੱਖੀ ਵਰਤਾਰੇ ‘ਤੇ ਅਧਾਰਿਤ ਹੈ ਅਤੇ ਇਹਦੇ ਰਾਹੀਂ ਮਜਾਹ

ਕਟਾਖਸ਼ ਅਤੇ ਹਾਸਰਸ ਉਤਪਨ ਹੋ ਰਿਹਾ ਹੈ?

੫.ਕੀ ਤੁਹਾਡੀ ਰਚਨਾ ਵਿਚ ਅਜੇਹਾ ਵੇਰਵਾ ਤਾਂ ਨਹੀਂ , ਜਿਸ ਤੋਂ ਬਿਨਾਂ ਸਰ ਸਕਦਾ ਹੈ?
੬.ਕੀ ਇਹ ਇਕ ਬਿਆਨ, ਸੰਦੇਸ਼ ਜਾਂ ਵਿਚਾਰ ਤਾਂ ਨਹੀਂ ਲਗ ਰਿਹਾ?
੭. ਕੀ ਹਾਇਕੂ ਰਚਨਾ ਦੇ ਦੋ ਭਾਗ (fragment) ਵਾਕ-ਅੰਸ਼ ਅਤੇ(phrase) ਵਾਕ ਕਟ ਮਾਰਕ ਰਾਹੀਂ ਵਖਰਾਏ ਗਏ ਹਨ?
੮.ਕੀ ਹਾਇਕੂ ਦਾ ਅਨੁਭਵ ਵਰਤਮਾਨ ਕਾਲ ਵਿਚ ਦਰਸਾਇਆ ਗਿਆ ਹੈ?
੯.ਕੀ ਦੋ ਠੋਸ ਬਿੰਬ ਵਰਤੇ ਗਏ ਹਨ ਅਤੇ ਬਿੰਬ ਨਿਖਰ ਕੇ ਪ੍ਰਗਟ ਹੋ ਰਹੇ ਹਨ?
੧੦.ਕੀ ਹਾਇਕੂ ਵਿਚ ਕਲਪਨਾ ਦਾ ਪ੍ਰਗਟਾਵਾ ਤਾਂ ਨਹੀਂ?
ਮਨਦੀਪ ਮਾਨ ਇਸ ਵਿਧਾ ਬਾਰੇ ਦਸਦੇ ਹਨ---
ਹਾਇਕੂ ਬਾਰੇ ਸੋਖੇ ਅਲਫਾਜ਼ਾਂ ਵਿਚ ਜਾਣਕਾਰੀ ਹੈ:--
- ਹਾਇਕੂ "ਹੁਣ" ਖਿਨ ਦੀ ਕਵਿਤਾ ਹੈ ਜੋ ਵਰਤਮਾਨ ਕਾਲ ਵਿਚ ਲਿਖੀ ਜਾਂਦੀ ਹੈ।
- ਹਾਇਕੂ ਤਿੰਨ ਲਾਇਨਾ- ਛੋਟੀ- ਲੰਮੀ -ਛੋਟੀ ਲਾਇਨ 'ਚ ਰਚਿਆ ਜਾਂਦਾ ਹੈ। 
- ਹਾਇਕੂ 'ਜੋ ਹੈ ਸੋ ਹੈ' ਦੇ ਸੱਚ ਨੂੰ ਦਰਸਾਉਂਦੀ ਕਵਿਤਾ ਹੈ। 
- ਹਾਇਕੂ ਹਉਮੈ ਤੋਂ ਦੂਰੀ ਰਖਦਾ ਹੈ। ਮੈਂ, ਮੇਰਾ ਆਦਿ ਵਰਤਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। 
- ਹਾਇਕੂ ਕੁਦਰਤ ਦਾ ਚਿਤਰਣ ਕਰਦਾ ਹੈ। 
- ਹਾਇਕੂ 'ਚ ਠੋਸ ਇੰਦਰਾਵੀ ਬਿੰਬ ਹੁੰਦੇ ਹਨ - ਜੋ ਪਾਠਕ ਖੁਦ ਮਹਿਸੂਸ ਕਰ ਸਕੇ... 
- ਹਾਇਕੂ ਵਿਚ ਲਿਖਣ ਵਾਲਾ ਅਪਣੇ ਵਿਚਾਰ, ਭਾਵ ਜਾਂ ਨਿਰਨਾ ਨਹੀਂ ਦਿੰਦਾ। 
- ਹਾਇਕੂ ਬਹੁਤ ਸੰਖੇਪ ਹੋਣ ਕਰ ਕੇ ਬਹੁ-ਅਰਥੀ ਵੀ ਹੁੰਦਾ ਹੈ। 
- ਹਾਇਕੂ ਵਿਚ "ਰੁੱਤ ਦਾ ਪ੍ਰਤੀਕ" ਸ਼ਬਦ ਹੋ ਸਕਦਾ ਹੈ।
- ਹਾਇਕੂ 'ਚ ਦੋ ਬਿੰਬਾਂ ਨੂੰ ਨੇੜੇ ਨੇੜੇ ਰਖ ਕੇ ਦਰਸਾਇਆ ਜਾ ਸਕਦਾ ਹੈ 
ਮਨਦੀਪ ਮਾਨ
- ਹਾਇਕੂ 'ਚ ਕਹੇ ਨਾਲੋਂ ਅਣਕਿਹਾ ਵੱਧ ਹੁੰਦਾ ਹੈ। haiku is like just clicking an image ---normally we click the image by camera and to see what we have clicked we devolop the print --and same with haiku --here we click the image with our eyes just like camera and to see what we have clicked we draw that image on paper with pen in a poetic way in three lines ---this should be done in present tense ------mandeep maan
ਹਾਇਕੂ ਕੈਮਰੇ ਨਾਲ ਫੋਟੋ ਖਿਚਣ ਵਾਂਗ ਹੈ ----ਆਮਤੋਰ ਤੇ ਅੱਸੀ ਕੈਮਰੇ ਨਾਲ ਫੋਟੋ ਖਿਚਦੇ ਹਾਂ ਤੇ ਅੱਸੀ ਕੀ ਖਿਚਿਆ ਹੈ ਇਹ ਦੇਖਣ ਲਈ ਅੱਸੀ ਪ੍ਰਿੰਟ ਕਾਗਜ ਤੇ ਛਾਪਦੇ ਹਾਂ --ਹਾਇਕੂ ਵੀ ਇਸੇ ਹੀ ਤਰਾ ਦੀ ਪਰਿਕ੍ਰਿਆ ਹੈ ---ਇਥੇ ਵੀ ਅੱਸੀ ਫੋਟੋ ਖਿਚਣੀ ਹੈ ਪਰ ਕੈਮਰੇ ਦੀ ਜਗਹ ਆਪਣੀਆਂ ਅਖਾਂ ਨਾਲ ਤੇ ਜੋ ਅੱਸੀ ਆਪਣੀਆਂ ਅਖਾਂ ਨਾਲ ਖਿਚਿਆ ਹੈ ਉੱਸ ਨੂੰ ਕਲਮ ਨਾਲ ਕਾਗਜ ਤੇ ਪ੍ਰਿੰਟ ਕਰ ਦੇਣਾ ਹੈ ਕਾਵਿਕ ਰੂਪ ਦੀ ਸ਼ਕਲ ਵਿਚ ਤਿੰਨ ਸਤਰਾਂ ਵਿਚ --ਇਹ ਸਾਰੀ ਪਰਿਕ੍ਰਿਆ ਵਰਤਮਾਨ ਕਾਲ ਵਿਚ ਹੋਣੀ ਚਾਹੀਦੀ ਹੈ --
ਏਸੇ ਤਰ੍ਹਾਂ ਹਾਇਕੂ ਵਿਧਾ ਦੇ ਖੇਤਰ ਵਿੱਚ ਇੱਕ ਸੁਖਾਵਾਂ ਉਛਾਲਾ ਲਿਆਉਣ ਵਾਲਾ ਉਪਰਾਲਾ ਸਾਬਿਤ ਹੋਇਆ ਪੰਜਾਬੀ ਹਾਇਕੂ ਮਹਿਫਿਲ । ਇਹ ਇੱਕ ਅਜਿਹਾ ਤਜਰਬਾ ਸੀ ਜਿਹੜਾ ਉਮੀਦ ਨਾਲੋਂ ਜਿਆਦਾ ਸਫਲ ਹੋ ਰਿਹਾ। ਘੱਟ ਸਮੇਂ ਵਿੱਚ ਕੰਮ ਦੀ ਗੱਲ---ਸਿਰਫ ਗੱਲ ਨਹੀਂ ਕੋਈ ਸਾਰਥਿਕ ਸੁਨੇਹਾ ਵੀ। ਪੰਜਾਬੀ ਹਾਇਕੂ ਮਹਿਫਿਲ ਵਾਲੇ ਆਖਦੇ ਹਨ:ਦੋਸਤੋ, ਹਾਇਕੂ ਮਹਿਫਲ ਦਾ ਮੁੱਖ ਉਦੇਸ਼, ਹਾਇਕੂ ਨੂੰ ਸੰਦੇਸ਼ ਵਾਹਕ ਬਣਾ ਕੇ ਲੋਕਾਈ ਦੀ ਬੇਹਤਰ ਕੀਮਤਾਂ ਨਾਲ ਜੋੜਨਾਹੈ।, ਇਸ ਲਈ ਸੰਦੇਸ਼ ਮਹਤਵਪੂਰਨ ਹੈ ਨਾ ਕਿ ਨਿਯਮ, ਨਿਯਮ ਬਨਾਉਣੇ ਜ਼ਰੂਰੀ ਹੁੰਦੇ ਹਨ ਪਰ ਇਹ ਵੀ ਨਾ ਹੋਵੇ ਕਿ ਨਿਯਮਾਂ ਦਾ ਪਹਿਰਾ ਪਿੰਜਰਾ ਬਣ ਜਾਵੇ। ਹਾਇਜ਼ਨ ਨਿਯਮਾਂ ਬਾਰੇ ਬੇਸਿਕ ਗਿਆਨ ਰੱਖਦੇ ਹਨ, ਇਸਲਈ ਸਿਰਫ ਨਿਯਮ ਦਾ ਫਾਰਮੇਟ ਹੀ ਮੁੱਖ ਰਖਿਆ ਜਾਵੇ ਤਾਂ ਸੰਦੇਸ਼ ਦੀ ਗੱਲ ਨਹੀ ਹੋ ਸਕਦੀ। ਇਸਲਈ ਇਸ ਵਿਚ ਖੁਲ ਲੈਣ ਦਾ ਸਮਰਥਨ ਕਰਦੇ ਹਾਂ। ਸਮੇ ਸਮੇਂ ਨਿਯਮਾਂ ਬਾਰੇ ਆਰਟੀਕਲ ਲਿਖਾਂਗੇ ਜੋ ਹਾਇਕੂ ਲਿਖਣ ਵਿਚ ਸਹਾਈ ਹੋਣਗੇ ਪਰ ਹਾਇਜ਼ਨ ਦੇ ਲਿਖੇ ਦਾ ਅਸਲ ਮੰਤਵ ਕੀ ਹੈ ਤੇ ਉਸ ਦਾ ਮਕਸਦ ਸਮਾਜ ਦੇ ਕਿਸੇ ਪੱਖ ਤੌਂ ਗੌਲਣਯੋਗ ਹੈ ਇਸ ਤੇ ਵਿਚਾਰ ਵੀ ਕੀਤਾ ਜਾਵੇਗਾ ਤੇ ਸਮਝ ਮੁਤਾਬਕ ਵਿਆਖਿਆ ਵੀ। ਜੇ ਕਿਸੇ ਦੋਸਤ ਨੇ ਨਿਯਮ ਸਬੰਧੀ ਕੋਈ ਸੁਆਲ ਪੁਛਣਾ ਹੈ ਤਾਂ ਉਸਨੂੰ ਵਖਰੀ ਤਰ੍ਹਾਂ ਲੈਕੇ ਸਿਰਫ ਉਸ ਪੁੱਛੇ ਨਿਯਮ ਤੇ ਗੱਲ ਹੀ ਕਰਾਂਗੇ। ਨਿਯਮ ਨੂੰ ਸਿਖਣਾ ਹਾਇਜ਼ਨ ਦਾ ਵਿਅਕਤੀਗੱਤ ਮਸਲਾ ਹੈ ਜਿਸ ਨੂੰ ਜਿਤਨੀ ਚਾਹੇ ਸਮਗਰੀ ਵੀ ਮੁਹਈਆ ਕਰਾਂਵਾਂਗੇ। ਮਾਸਟਰ ਨਹੀ ਸਾਥੀ ਬਣਕੇ ਹੀ ਗੱਲ ਕੀਤੀ ਜਾਵੇਗੀ, ਮੁੱਖ ਪ੍ਰਬੋਧ ਤਾਂ ਸੰਦੇਸ਼ ਦਾ ਹੈ। 
ਦਿਲਚਸਪ ਗੱਲ ਹੈ ਕਿ ਲੋਕ ਇਸ ਮੰਚ ਤੇ ਆ ਕੇ ਤਿੰਨ ਤਿੰਨ ਸਤਰਾਂ ਵਿੱਚ ਕਈ  ਕਈ ਸਦੀਆਂ ਦੀ ਗੱਲ ਕਰ ਰਹੇ ਹਨ। ਇਸ ਵਿਧਾ ਅਤੇ ਇਸਦੀ ਭਾਵਨਾ ਨਾਲ ਸਬਧਿਤ ਰਚਨਾਵਾਂ ਨੂੰ ਆਧੁਨਿਕ ਤਕਨੀਕ ਦੀ ਸਹਾਇਤਾ  ਨਾਲ ਬਣਾਈ ਗਈ ਇੱਕ ਦਸਤਾਵੇਜ਼ੀ ਫਿਲਮ ਦੇ ਰੂਪ ਵਿੱਚ ਵੀ ਸਾਹਮਣੇ ਲਿਆਂਦਾ ਗਿਆ ਹੈ। ਇਹ ਫਿਲਮ ਅਸਲ ਵਿੱਚ ਉਹਨਾਂ ਕਿਤਾਬਾਂ ਦੀ ਇੱਕ ਝਲਕ ਹੈ ਜਿਹੜੀਆਂ ਹੁਣ ਛੇਤੀ ਹੀ ਬਿਨਾ ਕਾਗਜ਼ ਦੇ ਲੋਕਾਂ ਸਾਹਮਣੇ ਆਇਆ ਕਰਨਗੀਆਂ। ਤੇਜ਼ੀ ਨਾਲ ਪ੍ਰਫੁੱਲਤ ਹੋ ਰਹੀ ਇਸ ਨਵੀਂ ਵਿਧਾ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। ਫਿਲਮਾਂ ਦੇ ਲਿੰਕ ਹੇਠਾਂ ਦਿੱਤੇ ਜਾ ਰਹੇ ਹਨ।--ਰੈਕਟਰ ਕਥੂਰੀਆ 

ਪੰਜਾਬੀ ਹਾਇਕੂ//Kavidarbar Haiku//              


ਰਮਈਆ ਵਸਤਾਵਈਆ  Ramayya Vastawaiyya




Friday, April 19, 2013

ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ

ਕਵਿਤਾ ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ
ਲੁਧਿਆਣਾ : 18 ਅਪ੍ਰੈਲ : (*ਜਸਵੰਤ ਜ਼ਫ਼ਰ)ਸਾਹਿਤ ਅਤੇ ਚਿੰਤਨ ਨੂੰ ਸਮਰਪਿਤ ਆਦਾਰਾ ਸ਼ਬਦਲੋਕ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਭਰਵੇਂ ਸਹਿਯੋਗ ਨਾਲ ਵਿਲੱਖਣ ਕਿਸਮ ਦਾ ਦੋ ਰੋਜ਼ਾ ਪੰਜਾਬੀ ਕਵਿਤਾ ਮੇਲਾ -2013 ਮਿਤੀ 19 ਅਤੇ 20 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਅਤੇ ਸ਼ਬਦਲੋਕ ਦੇੇ ਜਨਰਲ ਸਕੱਤਰ ਕਵੀ ਜਸਵੰਤ ਜ਼ਫ਼ਰ ਨੇ ਦਸਿਆ ਕਿ ਜਿੱਥੇ ਦੇਸ਼ ਵਿਦੇਸ਼ ਤੋਂ 100 ਦੇ ਕਰੀਬ ਕਵਿਤਾ ਨਾਲ ਸਬੰਧਿਤ ਵਿਦਵਾਨ ਅਤੇ ਸਥਾਪਿਤ ਕਵੀ ਭਾਗ ਲੈਣਗੇ ਉਥੇ ਅਨੇਕਾਂ ਪੁੰਗਰਦੇ ਕਵੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ। ਇਸ ਵਿਚ ਪਿਛਲੇ ਸਮੇਂ ਵਿਚ ਪ੍ਰਕਾਸ਼ਿਤ ਹੋਈਆਂ ਕਵਿਤਾ ਦੀਆਂ ਕਿਤਾਬਾਂ ਵਿਚੋਂ ਇਨਾਂ ਦੇ ਕਵੀ ਚੋਣਵੀਆਂ ਕਵਿਤਾਵਾਂ ਪੇਸ਼ ਕਰਨਗੇ। ਵਿਦਵਾਨ ਇਨਾਂ ਰਚਨਾਵਾਂ ’ਤੇ ਵਿਚਾਰ ਚਰਚਾ ਕਰਨਗੇ। ਕਵਿਤਾ ਨਾਲ ਸਬੰਧਿਤ ਸਕਰੀਨ ਸ਼ੋਅ ਅਤੇ ਖੁੱਲੇ ਕਵੀ ਦਰਬਾਰ ਹੋਣਗੇ। ਪੁਰਾਤਨ ਅਤੇ ਕਲਾਸੀਕਲ ਪੰਜਾਬੀ ਸ਼ਾਇਰੀ ਦੀ ਗਾਇਕੀ ਦਾ ਵਿਸ਼ੇਸ਼ ਪ੍ਰੋਗ੍ਰਾਮ ਹੋਵੇਗਾ। ਉਨਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਪੰਜਾਬ ਵਿਚ ਪੰਜਾਬੀ ਕਵਿਤਾ ਦੀ ਇਕ ਲਹਿਰ ਪੈਦਾ ਕਰਨਾ ਹੈ।
ਇਸ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸਰਵਨ ਸਿੰਘ ਫਿਲੌਰ ਕਰਨਗੇ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪਦਮਸ੍ਰੀ ਡਾ. ਸੁਰਜੀਤ ਪਾਤਰ ਕਰਨਗੇ ਅਤੇ ਮੁੱਖ ਭਾਸ਼ਨ ਉੱਘੇ ਵਿਦਵਾਨ ਡਾ. ਜਗਜੀਤ ਸਿੰਘ ਦੇਣਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪੋ੍ਰ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਭਵਨ ਵਿਚ ਪਹਿਲੀ ਵਾਰ ਆਉਣ ਵਾਲੇ ਨੌਜਵਾਨ ਕਵੀਆਂ ਨੂੰ ਅਕਾਡਮੀ ਵਲੋਂ ਇਸ ਮੇਲੇ ਨਾਲ ਸਬੰਧਿਤ ਵਿਸ਼ੇਸ਼ ਯਾਦ-ਚਿੰਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਸ ਮੇਲੇ ਦੌਰਾਨ ਕਵੀਆਂ ਦੀ ਨਵੀਂ ਅਤੇ ਪੁਰਾਣੀ ਪੀੜੀ ਨੂੰ ਇਕ ਦੂਜੇ ਦੇ ਰੂਬਰੂ ਹੋਣ ਦਾ ਅਤੇ ਜਾਣਨ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਪੰਜਾਬੀ ਸ਼ਬਦ ਸਭਿਆਚਾਰ ਨੂੰ ਸੰਚਾਰਿਆ ਅਤੇ ਪਸਾਰਿਆ ਜਾ ਸਕਦਾ ਹੈ। ਇਸ ਮੇਲੇ ਵਿਚ ਸਥਾਨਕ ਕਵੀਆਂ ਤੇ ਵਿਦਵਾਨਾ ਤੋਂ ਇਲਾਵਾ ਜਪਾਨ ਤੋਂ ਕਵੀ ਪਰਮਿੰਦਰ ਸੋਢੀ, ਦਿੱਲੀ ਤੋਂ ਡਾ. ਮੋਹਨਜੀਤ, ਡਾ. ਕੁਲਬੀਰ ਅਤੇ ਡਾ. ਜਗਬੀਰ ਸਿੰਘ, ਹਰਿਆਣਾ ਤੋਂ ਡਾ. ਰਮੇਸ਼ ਕੁਮਾਰ, ਡਾ. ਪਾਲ ਕੌਰ ਅਤੇ ਡਾ. ਨਰਿੰਦਰਪਾਲ ਸਿੰਘ, ਅੰਮਿ੍ਰਤਸਰ ਤੋਂ ਸ੍ਰੀ ਪ੍ਰਮਿੰਦਰਜੀਤ ਅਤੇ ਡਾ. ਅਮਰੀਸ਼, ਫਿਰੋਜ਼ਪੁਰ ਤੋਂ ਗੁਰਤੇਜ ਕੁਹਾਰਵਾਲਾ ਅਤੇ ਅਨਿਲ ਆਦਮ, ਫਰੀਦਕੋਟ ਤੋਂ ਵਿਜੇ ਵਿਵੇਕ, ਚੰਡੀਗੜ ਤੋਂ ਗੁਰਦੇਵ ਚੌਹਾਨ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ, ਡਾ. ਗੁਰਮਿੰਦਰ ਸਿੱਧੂ, ਡਾ. ਯੋਗਰਾਜ, ਲਾਭ ਸਿੰਘ ਖੀਵਾ ਅਤੇ ਜੈਪਾਲ, ਬਟਾਲਾ ਤੋਂ ਡਾ. ਅਨੂਪ ਸਿੰਘ ਅਤੇ ਡਾ. ਰਵਿੰਦਰ, ਮਾਨਸਾ ਤੋਂ ਗੁਰਪ੍ਰੀਤ ਅਤੇ ਮਹਾਂਦੇਵ ਲਿੱਪੀ, ਖੰਨਾ ਤੋਂ ਬਲਵਿੰਦਰ ਗਰੇਵਾਲ ਅਤੇ ਡਾ. ਹਰਪਾਲ ਸਿੰਘ ਭੱਟੀ, ਜਲੰਧਰ ਤੋਂ ਸਿਮਰਨਜੋਤ ਮਾਨ, ਜਗਵਿੰਦਰ ਜੋਧਾ, ਮਾਲੇਰਕੋਟਲੇ ਤੋਂ ਡਾ. ਸ. ਤਰਸੇਮ, ਪਟਿਆਲਾ ਤੋਂ ਸੇਵਾ ਸਿੰਘ ਭਾਸ਼ੋ, ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ, ਬਰਨਾਲੇ ਤੋਂ ਤਰਸੇਮ ਅਤੇ ਸੁਰਿੰਦਰ ਭੱਠਲ ਸਮੇਤ ਪੰਜਾਬੀ ਕਵਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰ ਦਿੱਤੀ ਹੈ। ਵਿਦੇਸ਼ਾਂ ਵਿਚ ਵੱਸਦੇ ਜਾਂ ਪੰਜਾਬੋਂ ਦੂਰ ਗਏ ਹੋਏ ਕਵੀਆਂ ਦੀਆਂ ਨਵੀਆਂ ਛਪੀਆਂ ਕਿਤਾਬਾਂ ਨਾਲ ਸਬੰਧਿਤ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਹੋਵੇਗੀ। ਇਸ ਵਿਚ ਨਵਤੇਜ ਭਾਰਤੀ, ਮਨਮੋਹਨ, ਜਸਵੰਤ ਦੀਦ, ਕਮਲ ਦੇਵ ਪਾਲ, ਪਰਦੀਪ, ਰਾਣਾ ਰਣਦੀਪ ਅਤੇ ਜਗਜੀਤ ਸੰਧੂ ਦੀਆਂ ਕਿਤਾਬਾਂ ਦੀ ਸ਼ਾਇਰੀ ਬਾਰੇ ਚਰਚਾ ਹੋਵੇਗੀ। ਕਵੀ ਦਰਬਾਰਾਂ ਵਿਚ ਸਥਾਪਿਤ ਸ਼ਾਇਰਾਂ ਦੇ ਨਾਲ ਨਾਲ ਬਿਲਕੁਲ ਨਵੇਂ ਨਕੋਰ ਸ਼ਾਇਰ ਵੀ ਆਪਣਾ ਕਲਾਮ ਸਾਂਝਾ ਕਰ ਸਕਣਗੇ। ਮੇਲੇ ਦੌਰਾਨ ਚਿੱਤਰਕਾਰ ਬਲਵਿੰਦਰ ਸ਼ੈਲੀ ਅਤੇ ਸੁਖਵਿੰਦਰ ਲੋਟੇ ਵਲੋਂ ਪੰਜਾਬੀ ਸ਼ਾਇਰੀ ਨਾਲ ਸਬੰਧਿਤ ਆਪਣੀਆਂ ਵਿਸ਼ੇਸ਼ ਕਲਾ-�ਿਤਾਂ ਦੀਆਂ ਨੁਮਾਇਸ਼ਾਂ ਲਗਾਈਆਂ ਜਾਣਗੀਆਂ।
19 ਅਪ੍ਰੈਲ ਸ਼ਾਮ ਨੂੰ ਸ਼ਾਸਤਰੀ ਗਾਇਨ ਦੇ ਉਸਤਾਦ ਸੰਤ ਸਤਨਾਮ ਸਿੰਘ ਕਿਸ਼ਨਪੁਰੇ ਵਾਲੇ ਵਿਰਾਸਤੀ ਪੰਜਾਬੀ ਸ਼ਾਇਰੀ ਦਾ ਗਾਇਨ ਪੇਸ਼ ਕਰਨਗੇ। ਉਨਾਂ ਦੀ ਸੰਗਤ ਵਿਚ ਸੰਸਾਰ ਪ੍ਰਸਿੱਧ ਤਬਲਾ ਵਾਦਕ ਜਨਾਬ ਅਕਰਮ ਖ਼ਾਨ ਆਪਣੀ ਵਾਦਨ ਕਲਾ ਦਾ ਮੁਜਾਹਰਾ ਕਰਨਗੇ। ਦੇਸ਼ ਵਿਦੇਸ਼ ਦੇ ਬਹੁਤ ਸਾਰੇ ਰੇਡੀਓ ਚੈਨਲ ਇਸ ਪ੍ਰੋਗ੍ਰਾਮ ਦਾ ਇੰਟਰਨੈੱਟ ਰਾਹੀਂ ਨਾਲੋ ਨਾਲ ਪ੍ਰਸਾਰਨ ਕਰਨਗੇ। ਇਸ ਮੇਲੇ ਵਿਚ ਪੰਜਾਬੀ ਦੇ ਹਰ ਕਵੀ ਦਾ ਸੁਆਗਤ ਹੈ ਅਤੇ ਕਵਿਤਾ ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ।

*ਜਸਵੰਤ ਜ਼ਫ਼ਰ ਉਘੇ ਕਾਰਟੂਨਿਸਟ, ਦਿਲ ਨੂੰ ਹਲੂਣਾ ਦੇਣ ਵਾਲੇ ਸ਼ਾਇਰ, ਗੁਰਬਾਣੀ ਨਾਲ ਜੁੜੇ ਹੋਏ ਚਿੰਤਕ ਅਤੇ ਇਸ ਮੇਲੇ ਦੇ ਕਨਵੀਨਰ ਹਨ 


ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ



Sunday, May 13, 2012

ਇਨ ਹੀ ਕੀ ਕਿਰਪਾ ਸੇਏ...(ਸਿਰਜਨਾਂ ਦੇ ਪਲਾਂ 'ਤੇ ਇੱਕ ਝਾਤ)

ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ ,ਲੁੱਟੋ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ-ਲਾਲ ਸਿੰਘ ਦਸੂਹਾ ਦਾ ਸਵੈ-ਕਥਨ 
ਆਪਣੇ ਬਾਰੇ ਲਿਖਣਾ ਇਕ ਤਰ੍ਹਾਂ ਨਾਲ ਤਿੱਖੀ ਧਾਰ ‘ਤੇ ਤੁਰਨ ਵਰਗਾ ਲੱਗਦਾ । ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਉਂ ਕਰਦਿਆਂ ‘ਮੈਂ-ਮੈਂ” ਦੀ ਮੁਹਾਰਨੀ ਬਹੁਤੀ ਹੀ ਪਡ਼੍ਹਨੀ ਪੈਂਦੀ ਐ । ਉਂਝ ‘ ਮੈਂ “ ਪਾਤਰ ਰਾਹੀਂ ਹੋਈ ਸਮੁੱਚੀ ਅਭਿਵਿਅਕਤੀ ਬਾਰੇ ਟਾਕਰਵੀਆਂ ਰਾਵਾਂ ਹਨ । ਸਾਡੀ ਬੋਲੀ ਦੀ ਬਹੁ-ਗਿਣਤੀ ਕਹਾਣੀ, ਅਤੇ ਗ਼ਜਲ ਨੂੰ ਛੱਡ ਕੇ ਕਰੀਬ ਕਰੀਬ ਸਾਰੀ ਕਵਿਤਾ ਮੈਂ ਪਾਤਰ ਵਿੱਚ ਅੰਕਤ ਹੋਈ ਲੱਭਦੀ ਹੈ । ਸ਼ਾਇਦ ਇਸ ਲਈ ਸੁਰਜੀਤ ਪਾਤਰ ਦੇ ਕੱਦ-ਕਾਠ ਦਾ ਸ਼ਾਇਰ ਵੀ ਇਸ ਵੰਨਗੀ ਨਾਲ ਸਹਿਮਤੀ ਪ੍ਰਗਟਾਉਂਦਾ ਹੈ , ਭਾਵੇਂ ਦੱਬੀ ਸੁਰ ਵਿੱਚ ਹੀ । ਉਸ ਅਨੁਸਾਰ ‘ ਮੈਂ “ ਹਮੇਸ਼ਾਂ ਲੇਖਕ ਦੀ ਨਹੀਂ ਹੁੰਦੀ । ਕਦੀ ਇਹ ਆਪਣੇ ਦੇਸ਼ , ਕਦੇ ਧਰਮ ਦੀ , ਕਦੇ ਵਰਗ ਦੀ ਤੇ ਕਦੀ ਮਾਨਵਤਾ ਦੀ ਮੈਂ ਹੁੰਦੀ ਹੈ ।
ਇਸ ਦੇ ਵਿਪਰੀਤ ਦੂਸਰੀ ਧਿਰ ਦੀ ਧਾਰਨਾ ਹੈ ਕਿ ਮੈਂ ਸ਼ਬਦ ਦਾ ਨਿਰੰਤਰ ਦੁਹਰਾਇਆ ਜਾਣਾ ਕਿਸੇ ਵੀ ਤਰ੍ਹਾਂ ਕਲਾਤਮਕ ਵਿਅਕਤੀਤਵ ਦਾ ਚਿੰਨ੍ਹ ਨਹੀਂ । ਇਹਨ੍ਹਾਂ ਦੋਨਾਂ ਧਾਰਨਾਵਾਂ ਦੇ ਗੁਣ-ਅਵਗੁਣ ਵੀ ਹੋਣਗੇ ਤੇ ਸੀਮਾਵਾਂ –ਸਮਰੱਥਾਵਾਂ ਵੀ । ਹੱਥਲੀ ਲਿਖਤ ਇਸ ਬਹਿਸ ਦਾ ਵਿਸ਼ਾ ਨਹੀਂ । ਤਾਂ ਵੀ ਥੋਡ਼੍ਹੀ ਕੁ ਜਿੰਨੀ ਸ਼ੰਕਾ-ਨਵਿਰਤੀ ਲਈ ਇਹ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਕੀ ਅਧਿਆਤਮ ਦੀਆਂ ਸੁਰਾਂ-ਤਰਜ਼ਾਂ ਦੇ ਨਾਲ ਵਿਵਹਾਰਕ , ਸਮਾਜਕ, ਰਾਜਨੀਤਕ ਸੁਨੇਹਾ ਦਿੰਦਾ ਭਗਵਤ ਗੀਤਾ-ਗ੍ਰੰਥ ਅੰਦਰਲਾ ਮੈਂ ਪਾਤਰ , ਆਪਣੀ ਉਦੇਸ਼-ਪੂਰਤੀ ਵਿੱਚ ਵੱਧ ਕਾਰਗਰ ਜਾਪਦਾ ਹੈ ਜਾਂ ਗੁਰਬਾਣੀ ਰਾਹੀਂ ਕੁਦਰਤ ਦੇ ਅਦਭੁਤ ਪਾਸਾਰ ਸਮੇਤ ਮਨੁੱਖ ਦੀ ਰੂਹ-ਜਾਨ ਤਕ ਪੁੱਜਣ ਵਾਲਾ ਅਨਯ-ਪੁਰਖ ਰਾਹੀਂ ਪ੍ਰਸਾਰਤ-ਪ੍ਰਕਾਸ਼ਤ ਹੋਇਆ ਗੁਰ-ਉਪਦੇਸ਼ ?
ਮੇਰੇ ਨਿੱਜ ਨੂੰ ਅਨਯ-ਪੁਰਖ ਰਾਹੀਂ ਹੋਂਦ ਵਿੱਚ ਆਈ ਹਰ ਲਿਖਤ ਇਸ ਲਈ ਪਸੰਦ ਹੈ ਕਿ ਇਹ ਇੱਕ ਤਰ੍ਹਾਂ ਨਾਲ ਲੇਖਕ ਦੇ ਧੁਰ ਅੰਦਰ ਕਿਧਰੇ ਘਰ ਕਰੀ ਬੈਠੀ ਮਨੁੱਖੀ ਹਊਮੈਂ ਤੋਂ ਬਚੀ ਹੋਈ ਜਾਪਦੀ ਹੈ । ਸ਼ਾਇਦ ਇਹ ਹੀ ਕਾਰਨ ਹੋਵੇ ਕਿ ਮੇਰੀਆਂ ਬਹੁ-ਗਿਣਤੀ ਕਹਾਣੀਆਂ ਥਰਡ-ਪਰਸਨ ਰਾਹੀਂ ਹੀ ਅੰਕਿਤ ਹੋਈਆਂ ਅਤੇ ਥੋਡ਼੍ਹੀ ਕੁ ਗਿਣਤੀ ਵਿੱਚ ਮੈਂ ਪਾਤਰ ਭਾਵ ਉੱਤਮ-ਪੁਰਖ ਰਾਹੀਂ ਅਤੇ ਕੇਵਲ ਦੋ ਕਹਾਣੀਆਂ ‘ ਮਾਰਖੋਰੇ ‘ ਤੇ ‘ ਅਕਾਲਗਡ਼੍ਹ ‘ ਮੱਧਮ ਪੁਰਖ ( ਸੈਂਕਡ਼ ਪਰਸਨ ) ਰਾਹੀਂ ।
ਜੇ ਮੇਰੀ ਹੁਣ ਤਕ ਦੀ ਕਿਰਤ –ਕਮਾਈ ਦਾ ਜੋਡ਼-ਤੋਡ਼ ਵਾਚਣਾ ਹੋਵੇ , ਪਹਿਲੀ ਪੁਸਤਕ ‘ਮਾਰਖੋਰੇ ’ ਦੀਆਂ ਤੇਰਾਂ ਕਹਾਣੀਆਂ ਵਿਚੋਂ ਚਾਰ- ‘ਨਾਇਟ-ਸਰਵਿਸ ’, ‘ਧੁੰਦ ’ , ‘ਅਜੇ ਮੈਂ ਜੀਉਂਦਾ ਹਾਂ ’ ਤੇ ‘ਉਹ ਵੀ ਕੀ ਕਰਦਾ ’ , ਤੀਜੀ ਪੁਸਤਕ ‘ਧੁੱਪ-ਛਾਂ ’ ਦੀਆਂ ਸੱਤ ਕਹਾਣੀਆਂ ਵਿੱਚ ਕੇਵਲ ਇੱਕ ‘ਧੁੱਪ-ਛਾਂ ’, ਚੌਥੀ ਪੁਸਤਕ ‘ਕਾਲੀ-ਮਿੱਟੀ ’ ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ‘ਬੂਟਾ ਰਾਮ ਪੂਰਾ ਹੋ ਗਿਆ ! ’ ; ਪੰਜਵੀਂ ਪੁਸਤਕ ‘ਅੱਧੇ ਅਧੂਰੇ ’ ਦੀਆਂ ਸੱਤ ਕਹਾਣੀਆਂ ਵਿਚੋਂ ਵੀ ਇਕ ‘ਪੌਡ਼ੀ ’; ਅਤੇ ਛੇਵੀਂ ਪੁਸਤਕ ‘ਗਡ਼੍ਹੀ ਬਖਸ਼ਾ ਸਿੰਘ ’ ਦੀਆਂ ਛੇ ਕਹਾਣੀਆਂ ਵਿੱਚੋਂ ਤਿੰਨ ਕਹਾਣੀਆਂ – ‘ਥਰਸਟੀ ਕਰੋਅ ’ ,’ਚੀਕ ਬੁਲਬਲੀ ’ ਦੇ ‘ ਐਚਕਨ ‘ ਫਸਟ ਪਰਸਨ ਵਿੱਚ ਲਿਖੀਆਂ ਗਈਆਂ ਹਨ । ਇਹਨਾਂ ਦਾ ਕੁੱਲ ਜੋਡ਼ ਕੇਵਲ ਦਸ ਹੀ ਬਣਦਾ ਹੈ , ਦੂਜੀ ਕਹਾਣੀ ਪੁਸਤਕ ‘ਬਲੌਰ ’ ਵਿੱਚ ਕੋਈ ਵੀ ਕਹਾਣੀ ਉੱਤਮ-ਪੁਰਖੀ ਨਹੀਂ ਹੈ ।
ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ –ਪੁਰੀ ਫੋਟੋਗਰਾਫੀ ਵੀ ਸਾਹਿਤ ਨੂੰ ਪ੍ਰਵਾਨ ਨਹੀਂ । ਹਰ ਲਿਖਤ ਅੱਧੇ-ਪਚੱਧੇ ਕਾਲਪਨਿਕ ਵਿਸਥਾਰ ਦੇ ਆਸਰੇ ਉਸਰਦੀ ਹੈ । ਇਸ ਕਾਲਪਨਿੱਤਾ ਤੇ ਯਥਾਰਥ ਦੇ ਸੁਮੇਲ ਨੂੰ ਸਮਤਲ ਰੱਖਣ ਲਈ ਮੈਨੂੰ ਉਹ ਕਹਾਣੀਆਂ ‘ ਮੈਂ “ ਪਾਤਰ ਲਿਖਣ ਦੀ ਸੌਖ ਰਹੀ ਜਿਹਨਾਂ ਦੇ  ਵਿਸਥਾਰ ਅੰਦਰ ਮੇਰੀ ਹੋਂਦ ਵੱਧ ਦਖ਼ਲ-ਅੰਦਾਜ਼ ਸੀ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉੱਤਮ-ਪੁਰਖ ਰਾਹੀਂ ਲਿਖੀਆਂ ਕਹਾਣੀਆਂ ਵਿੱਚ ਮੈਂ ਲਿਖਤ ਅੰਦਰਲੇ ਸੱਚ ਦੇ ਬਹੁਤ ਨੇਡ਼ੇ ਪੁੱਜਿਆ ਰਿਹਾਂ ਹਾਂ ਜਾਂ ਇਹਨਾਂ ਅੰਦਰ ਪੇਸ਼ ਹੋਏ ਪਾਤਰਾਂ ਦੇ ਸਾਰੇ ਦੁੱਖ-ਦਰਦ ਮੈਂ ਆਪਣੇ ਅੰਦਰ ਵੀ ਸਮੇਅ ਲਏ ਹਨ , ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਉਂ ਕਰਦਿਆਂ ਮੈਨੂੰ ਉਹਨਾਂ ਵਰਗਾ ਹੋਣ-ਦਿਸਣ ਲੱਗਿਆਂ ਚੰਗਾ-ਚੰਗਾ ਲੱਗਦਾ ਰਿਹਾ । ਉਦਾਹਰਨ ਹਿਤ ‘ਮਾਰਖੋਰੇ ’ ਪੁਸਤਕ ਵਿਚਲੀ ‘ ਨਾਇਟ-ਸਰਵਿਸ ‘ ਕਹਾਣੀ ਅੱਸੀਵਿਆਂ ਦੇ ਸ਼ੁਰੂ ਵਿੱਚ , ਦਿੱਲੀ ਤੋਂ ਜਲੰਧਰ ਤਕ ਕੀਤੀ ਇਕ ਰਾਤ ਦੀ ਬੱਸ-ਯਾਤਰਾ ਦੀ ਪ੍ਰਤੀਫਲ ਹੈ । ਹੁਣ ਪੱਕਾ ਚੇਤਾ ਨਹੀਂ ਇਸ ਕਹਾਣੀ ਨੂੰ ਹੁੱਝ ਮਾਰਨ ਵਾਲਾ ਪਾਤਰ ਅੰਬਾਲੇ ਉੱਤਰਿਆ ਸੀ ਜਾਂ ਲਧਿਆਣੇ । ਚਡ਼੍ਹਿਆ ਉਹ ਦਿੱਲੀ ਸਬਜ਼ੀ ਮੰਡੀਉਂ ਸੀ । ਸ਼ਕਲੋਂ-ਸੂਰਤੋਂ ਉਹ ਨਾ ਨਿਪਾਲੀ ਗੋਰਖਾ ਲੱਗਦਾ ਸੀ ਨਾ ਬਿਹਾਰੀ ਭਈਆ । ਮਧਰਾ-ਭਰਵਾਂ ਬਦਨ, ਮੋਕਲੇ ਹੱਡ-ਪੈਰ , ਮੂੰਹ-ਚਿਹਰਾ ਅਤਿ ਦਾ ਕਰੂਪ । ਮਨੁੱਖੀ ਨਸਲ ਦੇ ਕਿਸੇ ਪੁਰਖੇ ਸ਼ਮਪੈਂਜੀ ਜਾਂ ਬੋਬੀਨ ਵਰਗਾ । ਉਸਦੇ ਗਲ ਇਕ ਵੰਡੀ ਸੀ ਤੇ ਤੇਡ਼ ਕੱਛਾ । ਵੰਡੀ ਦੀ ਲੰਮੀ-ਲਮਕਦੀ ਜੇਬ ਤੁੰਨੀ ਪਈ ਸੀ , ਪਤਾ ਨਹੀਂ ਕੀ ਕੁਝ ਨਾਲ । ਉਹ ਮੇਰੇ ਨਾਲ ਦੀ ਖਾਲੀ ਸੀਟ ‘ਤੇ ਬੈਠਦਿਆਂ ਸਾਰ ਸੌਂ ਗਿਆ । ਉਸਦਾ ਭਾਰਾ ਸਿਰ ਕਦੀ ਮੇਰੇ ਮੋਢੇ ‘ਚ ਵੱਜਦਾ, ਕਦੀ ਸਾਹਮਣੀ ਸੀਟ ਦੇ ਡੰਡੇ ‘ਤੇ । ਮੈਨੂੰ ਉਸ ਅੰਦਰ ਅਭਿਵਿਅਕਤ ਭਾਰਤ ਦੀ ਕੋਈ ਪੁਰਾਣੀ ਸਦੀ ਦ੍ਰਿਸ਼ਟੀਮਾਨ ਹੋ ਗਈ । ਮੈਂ ਇਸ ਨੂੰ ਅਠਾਰਵੀਂ ਦਾ ਨਾਮ ਦੇ ਲਿਆ । ਬਾਕੀ ਦੋਨੋਂ ‘ਸਦੀਆਂ ‘ ਨਾਲ ਬੱਸ ਭਰੀ ਪਈ ਸੀ – ਕੋਈ  ਆਧੁਨਿਕ ਕੋਈ ਅਤਿ-ਆਧੁਨਿਕ । ਮੈਨੂੰ ਲੱਗਾ ਇਸ ਪਾਤਰ ਨੂੰ ਉਘਾਡ਼ਨ ਲਈ ਆਮ ਤਰਕਪੂਰਨ ਮਨੌਤਾਂ ਦਾ ਸਹਾਰਾ ਵੀ ਲੈਣਾ ਪਵੇਗਾ ਤੇ ਮੇਰੇ ਨਾਲ ਖਹਿ ਕੇ ਬੈਠੇ ‘ਯਥਾਰਥ ‘ ਦਾ ਵੀ । ਇਹ ਕੰਮ ਅਨਯ-ਪੁਰਖ ਰਾਹੀਂ ਨਹੀਂ ਸੀ ਹੋ ਸਕਣਾ ।
ਇਹੋ ਵਿਧੀ ‘ਧੁੰਦ ‘ ਕਹਾਣੀ ਲਿਖਦਿਆਂ , ਇਤਿਹਾਸ ਦੇ ਇਕ  ਵਿਚਿੱਤਰ ਕਿਰਦਾਰ ਭਾਈ ਘਨ੍ਹੱਈਆ ਨੂੰ ‘ ਮੈਂ “ ਪਾਤਰ ਵਿੱਚ ਸਮੋਅ ਕੇ ਅਪਨਾਉਂਣੀ ਪਈ ।
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਖੁਰਖਿਆਂ ਵਿਚੋਂ ਸੰਨ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ , ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਆਇਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਰਤੀ-ਕਾਮੇ , ਨਾਈ, ਛੀਂਬੇ , ਖੱਤਰੀ । ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ-ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ ,ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਟੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਤਿੱਖੇ ਦਸਤੇ ਨਕਸਲਵਾਦ ਨੂੰ ਬਹੁਤ ਹੀ ਬੇ-ਰਹਿਮੀ ਨਾਲ ਮਾਰੇ-ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਇਕ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਂਦੀ ਹੈ । ਮੈਨੂੰ ਇਹ ਮੰਨ ਲੈਣ ਵਿੱਚ ਕੋਈ ਝਿਜਕ ਨਹੀਂ ਕਿ ਮੇਰੀਆਂ ਕਰੀਬ ਸਾਰੀਆਂ ਹੀ ਕਹਾਣੀਂਆਂ ਦੀ ਪਿੱਠ ਭੂਮੀ ‘ਚ ਪ੍ਰਤੀਬੱਧਤਾ ਦਾ ਮਾਰਕਸੀ ਸਿਧਾਂਤ ਕਾਰਜਸ਼ੀਲ ਰਿਹਾ ਹੈ ।
ਮੇਰੀ ਮਾਨਸਿਕਤਾ ਪਿਛਲੀ ਅੱਧੀ ਸਦੀ ਦੀ ਪਰਛਾਈਂ ਹੇਠ ਨਿਵੇਕਲੀ ਤਰ੍ਹਾਂ ਦੇ ਪ੍ਰਭਾਵ ਗ੍ਰਹਿਣ ਕਰਦੀ , ਜਿੱਥੇ ਸਮਾਜਕ ਤਬਦੀਲੀ ਦੇ ਮਾਰਕਸੀ ਸਿਧਾਂਤ ਨੂੰ ਪ੍ਰਣਾਏ ਸੁਹਿਰਦ ਕਾਮਿਆਂ ਦੀ ਕਾਰਜਸ਼ੈਲੀ ਨੂੰ ਸਮਰਪਤ ਹੋ ਉੱਠੀ , ਉੱਥੇ ਭਾਂਜਵਾਦੀ ਤੇ ਪਿੱਛਾਖਡ਼ੀ ਅਨਸਰਾਂ ਦਾ ਖੁੱਲ੍ਹਾ ਵਿਰੋਧ ਕਰਨ ਵਿੱਚ ਵੀ ਪਿੱਛੇ ਨਹੀਂ ਰਹੀ । ਪੰਜਾਬੀ ਮੱਧ ਵਰਗ ਆਪਣੀ ਕਬਾਇਲੀ ਪਿੱਠਭੂਮੀ ਕਾਰਨ ਜਿੰਨੀ ਰਫ਼ਤਾਰ ਨਾਲ ਸਮਾਜਕ-ਰਾਜਨੀਤਕ-ਸਭਿਆਚਰਕ ਖੇਤਰ ਵਿਚ ਅਗਾਂਹ ਵਧਿਆ , ਓਨੀ ਹੀ ਤੇਜ਼ੀ ਨਾਲ ਪਿੱਛਲਖੁਰੀ ਦੌਡ਼ ਨਿਕਲਿਆ । ਸੰਨ 1962 ਵਿੱਚ ਦੋ ਥਾਈ ਟੁਕਡ਼ੇ ਹੋਇਆ ਰਾਜਸੀ ਵਿੰਗ, ਸੰਨ 1967 ਵਿੱਚ ਤਿੰਨ ਅਤੇ ਪਿੱਛੋਂ ਤੇਰਾਂ , ਤੇ ਫਿਰ ਪਤਾ ਨਹੀਂ ਕਿੰਨੇ ਥਾਈਂ ਵੰਡਿਆ ਗਿਆ । ਜਿਸ ਦੇ ਫਲ-ਸਰੂਪ ਮਾਰਕਸੀ ਸਿਧਾਂਤ ‘ਤੇ ਆਸਥਾ ਰੱਖਣ ਵਾਲੇ ਜਨਸਧਾਰਨ ਸਮੇਤ,ਘਰ-ਵਾਰ ਛੱਡ ਕੇ ਯੁਗ-ਗ਼ਦਰੀ ਕਰਨ ਨਿਕਲਿਆ ਸੁਹਿਰਦ ਕਾਮਾ ਵੀ ਨਿਰਾਸਤਾ ਦੀ ਦਲਦਲ ਵਿਚ ਖੁੱਭ ਗਿਆ । ‘ਮਾਰਖੋਰੇ ’ ਸੰਗ੍ਰਹਿ ਦੀ ਅੰਤਲੀ ਕਹਾਣੀ ‘ਉਹ ਵੀ ਕੀ ਕਰਦਾ ! ’  ‘ਬਲੌਰ ’ ਕਹਾਣੀ ਸ਼ੰਗ੍ਰਹਿ ਦੀ ਕਹਾਣੀ ‘ਬਲੌਰ ’ ਅਤੇ ‘ਕਾਲੀ ਮਿੱਟੀ ’ ਸੰਗ੍ਰਹਿ ਦੀ ‘ਬੂਟਾ ਰਾਮ ਪੂਰਾ ਹੋ ਗਿਆ ! ’ ਤਾਂ ਸਿੱਧੇ ਰੂਪ ਵਿਚ ਹੀ ਇਸ ਨਿਰਾਸਤਾ ‘ਚੋਂ ਉਪਜੀਆਂ ਕਹਾਣੀਆਂ ਹਨ , ਪਰ ਇਸ ਦੀ ਪਰਛਾਈਂ ਮੇਰੀਆਂ ਹੁਣ ਤੱਕ ਦੀਆਂ ਕਰੀਬ ਸਾਰੀਆਂ ਹੀ ਕਹਾਣੀਆਂ ‘ਤੇ ਦੇਖੀ ਜਾ ਸਕਦੀ ਹੈ ।
‘ਉਹ ਵੀ ਕੀ ਕਰਦਾ ! ’ ਅੰਦਰ ਅੰਕਤ ਹੋਏ ਭਾਵ , ਮੇਰੀ ਗੂਡ਼੍ਹ ਜਾਣ-ਪਛਾਣ ਵਾਲੇ ਮਾਸਟਰ ਰਵੀ ਕੁਮਾਰ ਅੰਦਰ ਖੌਲਦੇ ਸਨ । ਉਹ ਪਠਾਨਕੋਟ ਲਾਗੇ ਤੋਂ ਪੱਕੀ ਸਕੂਲ ਅਧਿਆਪਕੀ ਛੱਡ ਕੇ ਕੁਲ ਵਕਤੀ ਕਾਮਾ ਬਣ ਗਿਆ ਸੀ । ਐੱਸ.ਐੱਨ.ਗਰੁੱਪ ਦਾ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ –ਹਿਮਾਚਲ ਸੂਬਿਆਂ ਦਾ ਸਾਂਝਾ ਸਕੱਤਰ ਬਲਦੇਵ ਸਿੰਘ ਗਰੇਵਾਲ ਪਹਿਲੋਂ ਰਵੀ ਦੀ ਭੈਣ ਨੂੰ ਵਿਆਹ ਕੇ ਉਸ ਨੂੰ ਘਰੋਂ ਲੈ ਗਿਆ , ਫਿਰ ਉਸਨੇ ਰਵੀ ਉੱਪਰ ਇੱਕ ਉੱਘੇ ਕਹਾਣੀਕਾਰ ਦੀ ਲਡ਼ਕੀ ਨਾਲ ਬਣਾਏ ਸੰਪਰਕ ਦੀ ਕੋਝੀ ਜਿਹੀ ਤੁਹਮਤ ਲਾ ਕੇ ਉਸਨੂੰ ਦੋ ਸਾਲਾਂ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ । ਰਵੀ ਦੇ ਦਰਦ ਨੂੰ ਮਹਿਸੂਸਣ ਲਈ ‘ਮੈਂ “ ਪਾਤਰ ਦਾ ਆਸਰਾ ਲੈਣਾ ਇਕ ਤਰ੍ਹਾਂ ਨਾਲ ਮੇਰੀ ਮਜਬੂਰੀ ਹੀ ਬਣ ਗਈ ਸੀ ।
ਇਵੇਂ ਹੀ ‘ ਅਜੇ ਮੈਂ ਜੀਊਂਦਾ ਹਾਂ ‘ ਦੀ ਪਿੱਠ –ਭੂਮੀ ਵਿੱਚ 1975 ਦੀ ਐਂਮਰਜੈਂਸੀ ਵਿਰੁੱਧ ਰੰਜਸ਼ ਦੀ ਭਾਵਨਾ ਕਾਰਜਸ਼ੀਲ ਹੈ ਜਿਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਾਰੀਆਂ ਵਿਧਾਨਕ ਤੇ ਪ੍ਰਸ਼ਾਸਨਕ ਸ਼ਕਤੀਆਂ ਆਪਣੀ ਮੁੱਠ ‘ਚ ਕਰਕੇ ਲੋਕ-ਤੰਤਰੀ ਵਿਵਸਥਾਂ ਦੀ ਗਲਾ ਘੁੱਟਿਆ ਗਿਆ ਸੀ । ਉਸ ਸਮੇਂ ਤਾਂ ਉਹ ਮੈਡਮ ਪ੍ਰਧਾਨ ਮੰਤਰੀ ਪਦ ਨੂੰ ਅਮਰੀਕੀ ਵਿਵਸਥਾ ਵਾਲੇ ਰਾਸ਼ਟਰਪਤੀ ਪ੍ਰਬੰਧ ਵਿੱਚ ਤਬਦੀਲ ਕਰਨ ਦੀਆਂ ਸਕੀਮਾਂ ਵੀ ਘਡ਼ਨ ਲੱਗ ਪਈ ਸੀ , ਪਰ ਅੰਗਰੇਜ਼ੀ ਰਾਜ ਦੀਆਂ ਤਲਖੀਆਂ ਹੰਢਾ ਚੁੱਕੇ ਭਾਰਤੀਆਂ ਨੇ ਇਸ ਉੱਥਲ-ਪੁੱਥਲ ਨੂੰ ਵੇਲੇ ਸਿਰ ਸਾਂਭ ਲਿਆ ਸੀ ।
ਮੇਰੀ ਦੂਸਰੀ ਕਹਾਣੀ ਪੁਸਤਕ ‘ਬਲੌਰ ‘ ਵਿੱਚ ‘ਬਲੌਰ ‘ ਨਾਮੀ ਕਹਾਣੀ ਵਿਚ ਤਿੰਨ ਟੋਟਿਆਂ ‘ਚ ਵੰਡੀ ਗਈ ਖੱਬੀ ਰਾਜਨੀਤਕ ਪਾਰਟੀ ਦੇ ਪ੍ਰਵਚਨ-ਵਕਤਾ ਆਪਣੇ ਹਿੱਸੇ ਦਾ ਕਾਰਜ ਕਰਨ ਵਾਲੇ ਨਿਮਨ ਵਰਗੀ ਬਹਾਦਰ ਨੂੰ , ਪਿੰਡ ਦੀ ਮੱਧ-ਸ੍ਰੈਣਿਤ ਸੱਤਾ-ਸੰਪੰਨ ਜਮਾਤ ਵੱਲੋਂ ਹੋਏ ਹਮਲੇ ਅੰਦਰ ਘਿਰੇ ਨੂੰ ਸਿਧਾਂਤ ਦਾ ਉਪਦੇਸ਼ ਤਾਂ ਖੂਬ ਰੱਜਵਾਂ ਦਿੰਦੇ ਹਨ ,ਪਰ ਅਸਲ ਵਿਚ ਉਸ ਨਾਲ ਉੱਠ ਤੁਰਨ ਨੂੰ ਕੋਈ ਵੀ ਤਿਆਰ ਨਹੀਂ । ਇਸ ਕਹਾਣੀ ਵਿਚ ਮੇਰੀ ‘ਮੈਂ “ ਸੁਜਾਨ ਸਿੰਘ ਦੇ ਰੂਪ ਵਿਚ ਹਾਜ਼ਰ ਹੋ ਕੇ , ਨਿਰਾਸ ਹੋਈ ਲੋਕਾਈ ਦੇ ਪ੍ਰਤੀਨਿਧ ਬਹਾਦਰ ਨੂੰ ਢਾਰਸ ਹੀ ਨਹੀਂ ਦਿੰਦੀ , ਸਗੋਂ ਉਸਦਾ ਪੂਰਾ ਪੂਰਾ ਸਾਥ ਦੇਣ ਦੀ ਬਚਨਬੱਧਤਾ ਵੀ ਦੁਹਰਾਉਂਦੀ ਹੈ ।
ਇਉਂ ਕਰਨ ਨਾਲ ਅਜਿਹੀਆਂ ਹਾਲਤਾਂ ਵਿਚ , ਮੇਰੀ ਲੋਚਾ ਅਨੁਸਾਰ ਸਾਹਿਤ ਦੀ ਬਣਦੀ ਭੂਮਿਕਾ ਨੂੰ ਵੀ ਬਲ ਮਿਲਿਆ ਹੈ ਤੇ ਆਪਣਾ ਭਾਰ ਕੱਦਵਰ ਕਹਾਣੀਕਾਰ ਸੁਜਾਨ ਸਿੰਘ ਦੇ ਮੋਢਿਆਂ ‘ਤੇ ਸੁੱਟ ਕੇ ਮੈਂ ਆਪਣੇ ਅੰਦਰਲੀ ਹਉਂ ਤੋਂ ਵੀ ਬਚਿਆ ਰਿਹਾ ਹਾਂ ।
ਪਰ , ਇਵੇਂ ਦਾ ਬਚਾਅ ‘ਕਾਲੀ ਮਿੱਟੀ ‘ ਪੁਸਤਕ ਦੀ ਅੰਤਲੀ ਕਹਾਣੀ ‘ਬੂਟਾ ਰਾਮ ਪੂਰਾ ਹੋ ਗਿਆ ! “ ਵਿਚ ਨਹੀਂ ਹੋ ਸਕਿਆ ।ਇਸ ਦੇ ਕਈਆਂ ਕਾਰਨਾਂ ‘ਚੋਂ ਦੋ ਕੁ ਦਾ ਵਰਨਣ ਕਰਨਾ ਜ਼ਰੂਰੀ ਹੈ । ਇਕ ਤਾਂ ਪੰਜਾਬ ਅੰਦਰਲਾ ਅੱਸੀਵਿਆਂ ਦਾ ਕਾਲਾ ਦੌਰ ਪੂਰੇ ‘ਜੋਬਨ’ ‘ਤੇ ਸੀ । ਪੰਜਾਬ ਦਾ ‘ਐਂਗਰੀ ਯੰਗ-ਮੈਨ ‘ ਇਕ ਵੱਡੇ ਭੁਲਾਵੇ ਦੀ ਲਪੇਟ ਵਿਚ ਆ ਕੇ ਬੇ-ਲਗਾਮ ਹੋਇਆ ਫਿਰਦਾ ਸੀ । ਇਹ ਬੇ-ਲਗਾਮੀ  ਧਰਮ ਦੀ ਪੁੱਠ ਕਾਰਨ ਮੂਰਖਤਾ ਭਰੇ ਐਕਸ਼ਨਾਂ ਵਿਚ ਗ਼ਲਤਾਨ ਹੋ ਗਈ ਸੀ । ਇਸ ਨੂੰ ਇੱਥੋਂ ਦੀ ਨਾ ਬੁੱਧੀਮੱਤਾ ਦੀ ਪਛਾਣ ਰਹੀ ਸੀ , ਨਾ ਜਾਤ-ਜਮਾਤ ਸਮੇਤ ਆਪਣੇ-ਪਰਾਏ ਦੀ । ਇਸ ਨੂੰ ਠੱਲ੍ਹ ਪਾਉਣ ਲਈ ਸਟੇਟ ਨੇ ਵੀ ਹਥਿਆਰਬੰਦ ਦਸਤਿਆਂ ਦੇ ਸਾਰੇ ਰੱਸੇ ਖੋਲ੍ਹ ਦਿੱਤੇ ਸਨ । ਸਿੱਟੇ ਵਜੋਂ ਸਾਰਾ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ । ‘ਬੂਟਾ ਰਾਮ ਪੂਰਾ ਹੋ ਗਿਆ ! ‘ ਦੇ ਲਿਖਤ ਕਾਰਜ ਪਿੱਛੇ ਕਾਰਜਸ਼ੀਲ ਦੂਜਾ ਵੱਡਾ ਕਾਰਨ ਸੀ – ਵਿਸ਼ਵ ਭਰ ਨੂੰ ਇਕ ਬਦਲਵੇਂ ਪ੍ਰਬੰਧ ‘ਤੇ ਲੱਗੀ ਰਹੀ ਟੇਕ ਦਾ ਟੁੱਟ ਜਾਣਾ , ਉਹ ਵੀ ਪੌਣੀ ਕੁ ਸਦੀ ਪੂਰੀ ਕਰਨ ਪਿੱਛੋਂ ਹੀ ।
ਇਹਨਾਂ ਕਾਰਨਾਂ ਕਾਰਨ ਮੇਰੇ ‘ਜ਼ਿਹਨੀ ਤੁਆਜ਼ਨ ‘ ਨੂੰ ਇਕ ਸਾਹਿਤਕ ਸਹਾਰੇ ਦੀ ਲੋਡ਼ ਦੀ ਜਿਵੇਂ ਖੋਹ ਜਿਹੀ ਪੈਣ ਲੱਗ ਪਈ । ਅੰਦਰ ਪਸਰੀ ਨਿਰਾਸ਼ਾ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਸੀ , ਪਰ ਕੁਝ ਵੀ ਲਿਖੇ ਜਾਣ ਦੀ ਕੋਈ ਵੀ ਤੰਦ ਹੱਥ ਨਹੀਂ ਸੀ ਲੱਗ ਰਹੀ । ਮੈਂ ਸਾਹਿਤ ਸਭਾ ਦਸੂਹਾ-ਗਡ਼੍ਹਦੀਵਾਲਾ ਦਾ ਜਨਰਲ ਸਕੱਤਰ  ਹੋਣ ਨਾਤੇ ਸਭਾ ਵੱਲੋਂ ਕੋਈ ਸਾਹਿਤਕ ਸਮਾਗਮ ਰੱਖ ਕੇ ਥੋਡ਼੍ਹੀ ਬਹੁਤ ਰਾਹਤ ਲੱਭਣ ਦੇ ਉਪਰਾਲੇ ਵਿੱਚ ਰੁੱਝ ਗਿਆ । ਸਭਾ ਵਾਲਿਆਂ ਆਪਣੇ ਮਰਹੂਮ ਪ੍ਰਧਾਨ ਪ੍ਰੋ: ਦੀਦਾਰ ਦੀ ਬਰਸੀ ‘ਤੇ ਇਕ ਕਵੀ ਦਰਬਾਰ ਕਰਵਾਉਣ ਲਈ ਇੱਕ ਮਿਤੀ ਨਿਸਚਤ ਕਰ ਲਈ । ਪਰ ਝੱਟ ਹੀ ਇਕ ਹਾਜ਼ਰ ਮੈਂਬਰ ਨੇ ਇਹ ਜਾਣਕਾਰੀ ਦੇ ਦਿੱਤੀ ਕਿ ਉਸ ਦਿਨ ਤਾਂ ਸਭਾ ਦੇ ਇਕ ਸਰਗਰਮ ਮੈਂਬਰ ਪ੍ਰੋ: ਬਲਦੇਵ ਬੱਲੀ ਦੇ ਭਰਾ ਦਾ ਭੋਗ ਹੈ । ਸਾਡੇ ਵਿਚੋਂ ਕਿਸੇ ਨੂੰ ਵੀ ਬੱਲੀ ਦੇ ਭਰਾ ਦੇ ਗੁਜ਼ਰ ਜਾਣ ਦੀ ਜਾਣਕਾਰੀ ਨਹੀਂ ਸੀ , ਉਸ ਮੈਂਬਰ ਤੋਂ ਬਿਨਾਂ । ਇਹ ਸੂਚਨਾ ਮਿਲਣ ‘ਤੇ ਮੇਰੇ ਅੰਦਰੋਂ ਜਿਵੇਂ ਹੌਲ ਜਿਹਾ ਉੱਠਿਆ – “ ਹੈਂਅ ਬੂਟਾ ਰਾਮ ਪੂਰਾ ਹੋ ਗਿਆ ! “ ਚੰਗੇ ਭਲੇ ਤੰਦਰੁਸਤ ਦਿਸਦੇ ਬੂਟਾ ਰਾਮ ਕੰਮਪਾਊਡਰ ਨੂੰ ਤਾਂ ਸਰਕਾਰੀ ਹਸਪਤਾਲ ਦੇ ਨਸ਼ੀਲੇ ਟੀਕੇ , ਕੈਪਸੂਲ ਲੈ ਬੈਠੇ ਸਨ , ਪਰ ਮੇਰੇ ਅੰਦਰ ਬਣੇ ਦਬਾਅ ਦੇ ਵਿਸਰਜਤ ਹੋਣ ਲਈ ਅਤਿ ਮਹੱਤਵਪੂਰਨ ਪਾਤਰ ਦੀ ਲੱਭਤ ਹੋ ਗਈ ਸੀ ।
ਅਸਲੀਅਤ ਦੇ ਵਰਤਾਰੇ ਵਿਚ ਇਹ ਪਾਤਰ ਜੋ ਕਹਾਣੀ ਵਿਚ ਕਾਮਰੇਡ ਹਰਭਜਨ ਵਜੋਂ ਅੰਕਤ ਹੈ , ਮੇਰੇ ਸੰਪਰਕ ਅੰਦਰਲੇ ਦੋ ਵਿਅਕਤੀਆਂ ਦਾ ਮਿਸ਼ਰਨ ਹੈ । ਇਕ , ਰੋਪਡ਼ ਲਾਗੇ ਪਿੰਡ ਚਲਾਕੀ ਦਾ ਤਾਰਾ ਸਿੰਘ , ਜਿਸ ਦੇ ਹਲਕਿਆਂ ਅਨੁਸਾਰ  ਰੱਖੇ ਵੱਖ ਵੱਖ ਨਾਵਾਂ ਵਿਚੋਂ ਕੰਢੀ ਏਰੀਏ ਲਈ ਰੱਖਿਆ ਨਾਮ ਮੱਖਣ ਸੀ । ਉਹ ਚਾਰੂ ਮਜੁਮਦਾਰ ਦੀ ਸੈਂਟਰਲ ਕਮੇਟੀ ਤੋਂ ਵੱਖ ਹੋਏ ਸੱਤਿਆ ਨਰਾਇਣ ਸਿੰਘ ਦੀ ਆਪਣੀ ਕੇਂਦਰੀ ਕਮੇਟੀ ਦੇ ਮੈਂਬਰ ਤੇ ਪੰਜਾਬ-ਹਿਮਾਚਲ ਦੇ ਸਕੱਤਰ ਦਾ ਸਹਾਇਕ ਸੀ । ਦੂਜਾ , ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਦੇ ਲਾਗਲੇ ਪਿੰਡ ਅੱਬੋਵਾਲ ਦੇ ਖਾਂਦੇ –ਪੀਂਦੇ ਕਿਸਾਨ ਦੇ ਪਹਿਲੇ ਵਿਆਹ ਦਾ ਘਰੋਂ ਭੱਜਿਆ ਪੁੱਤਰ , ਮਾਂ –ਮਹਿੱਟਰ ਮੋਹਨ ਹੈ।  ਮੋਹਨ ਸਾਡੇ ਪਿੰਡ ਝੱਜਾਂ ਦੇ ਚਡ਼੍ਹਦੇ ਪਾਸੇ ਸਥਿਤ ਇਕ ਛੋਟੀ ਜਿਹੀ ਮਟੀ , ਜੋ ਬਣ੍ਹਾ-ਸਾਬ੍ਹ ਕਰਕੇ ਜਾਣੀ ਜਾਂਦੀ ਹੈ  , ਲਾਗੇ ਕੁੱਲੀ ਪਾ ਕੇ ਇਸ ਲਈ ਆ ਟਿਕਿਆ ਕਿ ਉਸ ਦੇ ਪਿਉ ਨੇ ਕੰਜਰੀ ਬਾਜ਼ਾਰੋਂ ਆਪਣੇ ਲਈ ਦੂਜੀ ਘਰਵਾਲੀ ਲਿਆ ਵਸਾਈ ਸੀ । ਇਹਨਾਂ ਦੋਨਾਂ ਪਾਤਰਾਂ ਦੀ ਗਹਿ-ਗੱਚ ਇਕਸੁਰਤਾ ਕਾਰਨ ਹੋਂਦ ਵਿਚ ਆਈ ਕਹਾਣੀ ‘ਬੂਟਾ ਰਾਮ ਪੂਰਾ ਹੋ ਗਿਆ ! ‘ ਦਾ ਇਹ ਵਿਸ਼ਵਾਸ਼ ਅਜੇ ਵੀ ਬਰਕਰਾਰ ਹੈ ਕਿ ਅਤਿਵਾਦ ਦੋ ਦੌਰ ਦਾ ਦੂਹਰਾ ਤਸ਼ੱਦਦ ਝੱਲ ਕੇ ਵੀ ‘ ਬੂਟਾ ਰਾਮ ਦੀ ਕੁੱਲੀ ਅੰਦਰ ਜਗਦਾ ਦੀਵਾ ‘ ਅਜੇ ਵੀ ਲੋਕਾਈ ਦੇ ਬੰਨੇ –ਬਨੇਰਿਆਂ ਤਕ ਆਪਣਾ ਚਾਨਣ ਅੱਪਡ਼ਦਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਸ ਕਹਾਣੀ ਨੂੰ ‘ਮੈਂ “ ਪਾਤਰ ਰਾਹੀਂ ਉਲੀਕਦਿਆਂ ਮੇਰੀ ਮੈਂ , ਆਪਣੇ ਅੰਦਰਲੀ ਹਉਂ-ਹਉਮੈਂ ਦਾ ਖੁੱਲ੍ਹਮ-ਖੁੱਲ੍ਹਾ ਸ਼ਿਕਾਰ ਤਾਂ ਭਾਵੇਂ ਨਹੀਂ ਹੋਈ , ਤਾਂ ਵੀ ਇਸ ਕਹਾਣੀ ਅੰਦਰਲੇ ਕਿੰਨੇ ਸਾਰੇ ਕਾਰਜ ਨੂੰ ਆਪਣੇ ਸਿਰ ਲੈ ਕੇ ਮੈਂ , ਅੰਦਰ ਜਮ੍ਹਾਂ ਹੋਏ ਮਣਾਂ-ਮੂਹੀ ਬੋਝ ਨੂੰ ਕਾਫੀ ਸਾਰਾ ਹਲਕਾ ਜਰੂਰ ਕਰ ਸਕਿਆ ਸੀ ।
ਯੂਨਾਨੀ ਲੇਖਕ ਜ਼ੋਰਬਾ ਲਿਖਦਾ ਹੈ ਕਿ ਜਦੋਂ ਯੂਨਾਨ ਤੇ ਬਲਗਾਰੀਆ ਦੀ ਜੰਗ ਹੋ ਰਹੀ ਸੀ , ਮੇਰੇ ਅੰਦਰ ਇਕ ਰਾਤ ਦੁਸ਼ਕਣੀ ਦੀ ਵਿਹੁ ਘੁਲ ਗਈ । ਮੈਂ ਦੋ ਮਿੱਤਰਾਂ ਨੂੰ ਨਾਲ ਲੈ ਕੇ ਸਰਹੱਦ ਚੀਰ ਕੇ ਬੁਲਗਾਰੀਆ ਚਲਾ ਗਿਆ , ਤੇ ਰਾਤ ਦੇ ਹਨੇਰੇ ਵਿਚ ਪਾਦਰੀ ਨੂੰ ਮਾਰ ਕੇ ਆ ਗਿਆ । ਕੁਝ ਦਿਨਾਂ ਪਿੱਛੋਂ ਜੰਗ ਥਮ ਗਈ , ਸੁਲਾਹਨਾਮੇ ਹੋ ਗਏ  ।ਪਰ ਉਦੋਂ ਯੂਨਾਨ ਦੇ ਖੇਤਾਂ-ਪੈਲੀਆਂ ਵਿਚ ਉਜਾਡ਼ ਪੈ ਚੁੱਕੀ ਸੀ ।ਸਰਹੱਦ ਖੁੱਲ੍ਹ ਗਈ ਸੀ । ਇਸ ਲਈ ਕਈ ਲੋਕ ਹਿੰਮਤ ਕਰਕੇ ਜਾਂਦੇ , ਬੁਲਗਾਰੀਆ ਵਿਚੋਂ ਜੋ ਸਬਜ਼ੀ-ਭਾਜੀ ਲੱਭਦੀ ਖਰੀਦ ਲਿਆਉਂਦੇ ।
ਜ਼ੋਰਬਾ ਲਿਖਦਾ ਹੈ , ਮੈਂ ਵੀ ਇਕ ਦਿਨ ਕੁਝ ਖਰੀਦਣ ਲਈ ਗਿਆ ਤਾਂ ਇਕ ਸਡ਼ਕ ਉੱਤੇ ਪੰਜ ਨਿੱਕੇ ਨਿੱਕੇ ਬਾਲ ਭੀਖ ਮੰਗਦੇ ਦੇਖੇ । ਬਡ਼ੇ ਪਿਆਰੇ ਬੱਚੇ ਸਨ । ਮੈਂ ਕੋਲ ਜਾ ਕੇ ਉਹਨਾਂ ਨੂੰ ਪਿਆਰ ਕੀਤਾ । ਛੋਟੇ ਨੂੰ ਬਾਹਵਾਂ ਵਿਚ  ਚੁੱਕ ਲਿਆ ਤੇ ਪੁੱਛਿਆ – “ ਤੁਸੀ ਕਿਹਦੇ ਬੱਚੇ ਹੋ ?” ਬੱਚਿਆਂ ਦੇ ਕੱਪਡ਼ੇ ਪਾਟੇ ਹੋਏ ਸਨ । ਮੂੰਹ ਰੁਲ੍ਹੇ ਹੋਏ ਸਨ ਤੇ ਉਹ ਬਡ਼ੀਆਂ ਵੀਰਾਨ ਅੱਖਾਂ ਨਾਲ ਇਕ ਦੂਜੇ ਨੂੰ ਦੇਖਦੇ ਸਨ । ਉਹਨਾਂ ਵਿਚੋਂ ਜਿਹਡ਼ਾ ਕੋਈ ਵੱਡਾ ਸੀ , ਬੋਲਿਆ – “ ਅਸੀਂ ਪਾਦਰੀ ਦੇ ਬੱਚੇ ਹਾਂ । ਸਾਡੇ ਬਾਪ ਨੂੰ ਕੋਈ ਵੱਢ ਗਿਆ ਸੀ । “ ਉਸ ਘਡ਼ੀ ਦਾ ਆਪਣਾ ਹਾਲ ਜ਼ੋਰਬਾ ਲਿਖਦਾ ਹੈ –ਮੇਰੇ ਬੈਝੇ ਵਿੱਚ ਜਿੰਨੇ ਪੈਸੇ ਸਨ , ਛੇਤੀ ਨਾਲ ਸਾਰੇ ਬੱਚਿਆਂ ਦੀ ਝੋਲੀ ਪਾ ਕੇ ਮੈਂ ਉੱਥੋ ਦੌਡ਼ ਪਿਆ । ਅੱਜ ਤਕ ਦੌਡ਼ਦਾ ਆ ਰਿਹਾ ਹਾਂ – ਆਪਣੇ ਆਪ ਤੋਂ ਦੌਡ਼ ਰਿਹਾ ਹਾਂ ।
ਜ਼ੋਰਬਾ ਦੀ ਉਦਾਹਰਨ ਵਰਗੀ , ਮੇਰੇ ਨਿੱਜ ਦੀ ਦੌਡ਼ ਇਕ ਤਰ੍ਹਾਂ ਨਾਲ ਮੇਰੇ ਅੰਦਰਲੇ ਖ਼ਲਾਅ ਨੂੰ ਭਰਨ ਦੀ ਯਤਨ ਹੀ ਹੈ । ਇਹ ਖ਼ਲਾਅ ਭਲੀ-ਚੰਗੀ ਲਹਿਰ ਦੇ ਟੁਕਡ਼ਿਆਂ ਵਿੱਚ ਵਟ ਜਾਣ ਕਾਰਨ ਵੀ ਬਣਿਆ ਤੇ ਪੰਜਾਬ ਅੰਦਰ ਡੂਢ ਦਹਾਕਾ ਛਾਏ-ਪਸਰੇ ਰਹੇ ਕਾਲੇ ਦੌਰ ਕਾਰਨ ਵੀ । ਕੁਝ ਪ੍ਰਗਤੀਸ਼ੀਲ ਸਾਹਿਤ-ਸੰਵੇਦਨਾ ਵੀ ਇਸ ਖ਼ਲਾਅ ਨੂੰ ਭਰਨ-ਪੂਰਨ ਲਈ ਆਪਣੇ ਆਪਣੇ ਢੰਗ ਨਾਲ ਯਤਨਸ਼ੀਲ ਰਹੀ । ਮੇਰੇ ਲਈ ਪੰਜਾਬ ਦੀ ਅਮੀਰ ਵਿਰਾਸਤ ਅਤੇ ਭਾਰਤੀ ਆਜ਼ਾਦੀ ਲਈ ਲਡ਼੍ਹੇ ਯੁੱਧ ਦਾ ਮਿਸਾਲੀ ਇਤਿਹਾਸ ਇਕ ਬੇ-ਜੌਡ਼ ਠੁੰਮਣਾ ਸਿੱਧ ਹੋਇਆ । ਇਸ ਇਤਿਹਾਸ ਦੇ ਸੁਨਹਿਰੀ ਪੱਤਰੇ ਜਿੱਥੇ ਯੋਧਿਆਂ , ਸੂਰਬੀਰਾਂ , ਸਿਰਡ਼ੀ ਕਾਮਿਆਂ ਦੇ ਲਹੂ ਨਾਲ ਲਿਬਡ਼ੇ ਪਏ ਹਨ , ਉੱਥੇ ਇਹ ਨਿਰਾਸਤਾ ਦਾ ਗ੍ਰਿਫਤ ਵਿਚ ਆ ਚੁੱਕੀਆਂ ਕੌਮੀ  ਲਹਿਰਾਂ ਅੰਦਰ ਇਕ ਤਰ੍ਹਾਂ ਨਾਲ ਨਵੇਂ ਸਿਰਿਉਂ ਨਵੀਂ ਜਾਨ ਪਾਉਣ ਦਾ ਪਵਿੱਤਰ ਕਾਰਜ ਵੀ ਕਰਦੇ ਹਨ । ਇਸ ਵਿਚ ਕਾਮਾਗਾਟਾ ਮਾਰੂ ਵਾਲੀਆਂ ਘਟਨਾਵਾਂ ਵੀ ਸ਼ਾਮਲ ਹਨ ਅਤੇ ਕਿਰਤੀ ਲਹਿਰ,ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਭਾਰਤ ਨੌਜਵਾਨ ਸਭਾ , ਸਮੇਤ ਖੱਬੀ ਧਿਰ ਦੀ ਕਾਰਜਸ਼ੈਲੀ ਵੀ । ਇਕ ਅੰਦਾਜ਼ੇ ਮੁਤਾਬਕ ਇਹਨਾਂ ਵਿਚੋਂ ਇਕੱਲੇ ਕਮਿਊਨਿਸਟਾਂ ਨੂੰ ਹੋਈ ਕੈਦ, ਫਾਂਸੀਆਂ ਤੇ ਹੋਰਨਾਂ ਸਜ਼ਾਵਾਂ ਤੋ ਇਲਾਵਾ ,ਸਭ ਦੀ ਜੋਡ਼ ਕੇ ਚਾਰ ਹਜ਼ਾਰ ਸਾਲ ਬਣਦੀ ਹੈ ।
ਇਹਨਾਂ ਲਹਿਰਾਂ , ਘਟਨਾਂਵਾਂ ਅਤੇ ਸਜ਼ਾਵਾਂ ਦੇ ਭਾਗੀਦਾਰ ਬਣਦੇ ਰਹੇ ਦੇਸ਼-ਭਗਤਾਂ ਦਾ ਆਪਣੇ ਆਪ ਨੂੰ ਕਰਜ਼ਦਾਰ ਸਮਝ ਮੇ ਮੈਂ ਇਹਨਾਂ ਦੀ ਪੁਆਂਦੀ ਜਾ ਬੈਠਾ । ਇਹਨਾਂ ਨਾਲ ਰੱਜ ਕੇ ਗੱਲਾਂ ਕੀਤੀਆਂ । ਇਹ ਸਾਰੀਆਂ ‘ਨਵਾਂ ਜ਼ਮਾਨਾ ’ ਅਖਬਾਰ ਨੇ ਜਿਉਂ ਦੀਆਂ ਤਿਉਂ ਛਾਪੀਆਂ ਬੋਦਲਾਂ ਪਿੰਡ ਦੇ ਕਾਮਰੇਡ ਗੁਰਬ਼ਖਸ਼ ਸਿੰਘ , ਜਿਸ ਨੇ ਗੁਰਦੁਵਾਰਾ ਸੁਧਾਰ ਲਹਿਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਬੱਸ ਕਰਾਇਆ ਘੋਲ ਤਕ ਲਾ-ਮਿਸਾਲ ਹਿੱਸੇਦਾਰੀ ਪਾਈ ; ਗੰਭੋਆਲ ਪਿੰਡ ਦੇ ਕਾਮਰੇਡ ਯੋਗਰਾਜ , ਜਿਸ ਨੇ ਭਾਰਤ ਨੌਜਵਾਨ ਸਭਾ ਗੁਰਦਾਸਪੁਰ ਇਕਾਈ ਦਾ ਗਠਨ ਕਰਕੇ ਬਹੁਤ ਹੀ ‘ਖਤਰਨਾਕ ‘ ਕੰਮਾਂ ਨੂੰ ਅੰਜਾਮ ਵੀ ਦਿੱਤਾ ਤੇ ਸੰਨ ਉਨਤਾਲੀ-ਚਾਲੀ ਦੇ ਕਿਸਾਨ ਮੋਰਚੇ ਦੀ ਅਗਵਾਈ ਵੀ ਕੀਤੀ , ਜਿਸ ਦਾ ਇਕ ਸਾਲ ਕੁ ਦੀ ਉਮਰ ਦਾ ਪਲੇਠੀ ਦਾ ਪੁੱਤਰ ਗੁਰਮੀਤ ਲਾਹੌਰ ਦੇ ਕੈਦਖਾਨੇ ਦੇ ਹੁਸਡ਼ ਕਾਰਨ ਟਾਈਫਾਈਡ ਬੁਖਾਰ ਨਾਲ ਜੇਲ੍ਹ ਅੰਦਰ ਹੀ ਸੁਰਗਵਾਸ ਹੋ ਗਿਆ ; ਅਤੇ ਕੱਲੋਆਲ ਪਿੰਡ ਦੇ ਬਾਪੂ ਸੋਹਨ ਸਿੰਘ ਆਈ.ਐਨੀ.ਏ. ਜਿਸ ਨੇ ਦੂਜੀ ਵੱਡੀ ਜੰਗ ਸਮੇਂ ਇਟਲੀ ਵਿਖੇ ਸੁਭਾਸ਼ ਚੰਦਰ ਬੋਸ ਵੱਲੋਂ ਗਠਨ ਕੀਤੀ ਵਿਦਰੋਹੀ ਫੌਜ ਵਿਚ ਸ਼ਾਮਲ ਹੋਣ ਦੀ ਪਹਿਲ ਕਦਮੀ ਕੀਤੀ; ਤਿੰਨਾਂ ਦੇ ਇਤਿਹਾਸਕ ਅਮਲ ਨੂੰ ਆਧਾਰ ਬਣਾ ਕੇ ਲਿਖੀ ਕਹਾਣੀ ‘ਗਡ਼੍ਹੀ ਬਖ਼ਸ਼ਾ ਸਿੰਘ ‘ ਆਪਣੇ ਸਿਰ ਚਡ਼੍ਹੇ ਇਹਨਾਂ ਸੂਰਬੀਰਾਂ ਦੇ ਕਰਜ਼ ਦੇ ਭਾਰ ਨੂੰ ਹੌਲਿਆਂ ਕਰਨ ਦੀ ਤਰਕੀਬ ਹੈ । ਇਵੇਂ ਦੀ ਲਿਖਤ ਲਡ਼ੀ ਕਹਾਣੀ ‘ਅਕਾਲਗਡ਼੍ਹ ’ ਵਿਚ ਵੀ ਚਾਲੂ ਰਹੀ ਤੇ ‘ਗਦ਼ਰ ‘ ਵਿੱਚ ਵੀ । ‘ ਅਕਾਲਗਡ਼੍ਹ ‘ ਝੀਂਗਡ਼ ਕਲਾਂ ਦੇ ਨਕਸਲੀ ਆਗੂ ਕਾਮਰੇਡ ਬਚਿੱਤਰ ਸਿੰਘ ਅਤੇ ਮਲ੍ਹੇਆਲ ਪਿੰਡ ਦੇ ਸੀ.ਪੀ.ਐੱਮ. ਦੀ ਦਸੂਹਾ ਤਹਿਸੀਲ ਇਕਾਈ ਦੇ ਸਕੱਤਰ ਕਾਮਰੇਡ ਬੇਅੰਤ ਸਿੰਘ ‘ਤੇ ਟੇਕ ਰੱਖਦੀ ਹੋਈ ਇਹਨਾਂ ਦੋਨਾਂ ਦੇ ਗੂਡ਼੍ਹੇ ਸੰਪਰਕ ਵਿਚ ਰਹੇ ਬਾਬਾ ਬੂਝਾ ਸਿੰਘ ਤੇ ਤੇਜਾ ਸਿੰਘ ਸੁਤੰਤਰ ਦੀ ਜੋਡ਼ੀ ਵੱਲੋਂ ਰਿਆਸਤੀ ਰਾਜਿਆਂ ਦੇ ਜਾਗੀਰਦਾਰਾਂ ਵਿਰੁੱਧ ਚਲੀ ਮੁਜਾਰਾ ਲਹਿਰ ਨੂੰ ਸਫ਼ਲਤਾ ਤਕ ਅਪਡ਼ਾਉਣ ਦੇ ਉਹਨਾਂ ਦੇ ਰੋਲ ਦਾ ਜ਼ਿਕਰ ਵੀ ਛੇਡ਼ਦੀ ਹੈ ।
ਆਪਣੇ ਲੋਕਾਂ ਲਈ ਬਰਾਬਰੀ , ਆਜ਼ਾਦੀ , ਭਾਈਚਾਰਕ ਏਕਤ ਵਰਗੇ ਸੁਨਹਿਰੀ ਅਦਰਸ਼ਾਂ ਲਈ ਉਮਰਾਂ ਦੀਆਂ ਉਮਰਾਂ ਵਾਰ ਦੇਣ ਵਾਲੇ ਦੇਸ਼ ਭਗਤਾਂ ਦੀ , ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਹੋਂਦ ਵਿਚ ਆਈਆਂ ਆਪਣੀਆਂ ਗਿਣ ਹੁੰਦੀਆਂ ਸਰਕਾਰਾਂ ਸਮੇਂ ਵੀ , ਹੁੰਦੀ ਰਹੀ ਤੇ ਹੋ ਰਹੀ ਦੁਰਗਤ ਨੂੰ ਛੋਂਹਦੀ ਕਹਾਣੀ ‘ਗਦ਼ਰ ‘ ਨੂੰ ,ਪਹਿਲੀ ਟੋਹ ਸਿਖਰ ਦੁਪਹਿਰਾਂ ਦੇ ਤਿੱਖੇ ਹੁਸਡ਼ ਅੰਦਰ ਅਲਾਣੀ-ਢਿਲਕੀ ਮੰਜੀ ‘ਤੇ ਨੰਗੇ-ਧਡ਼ ਪਏ , ਅੱਸੀਵਿਆਂ ਨੂੰ ਟੱਪੇ ਗਿਆਨ ਸਿੰਘ ਮੂਣਕ ਨੇ ਲਾਈ , ਫਿਰ ਇਸ ਵਿਚ ਹੋਰ ਵੀ ਕਈ ਜਣੇ ਸ਼ਾਮਲ ਹੋ ਗਏ ।
ਇਵੇਂ ਦੀਆਂ ਕਹਾਣੀਆਂ ਲਿਖਕੇ ਮੈਂ ਆਪਣੇ ਅੰਦਰ ਪਸਰੇ ਖ਼ਲਾਅ ਨੂੰ ਪੂਰਨ ਦਾ ਯਤਨ ਵੀ ਕੀਤਾ ਹੈ ਅਤੇ ਨਾਲ ਦੀ ਨਾਲ , ਕੇਵਲ ਤੇ ਕੇਵਲ ਵਰਤਮਾਨ ਵਿੱਚ ਜਿਉਂਦੀ ਖੱਬੀ ਧਿਰ ਨੂੰ ਹਜ਼ਾਰੀ ਪ੍ਰਸ਼ਾਦ ਦਿਵੇਦੀ ਦਾ ਇਹ ਕਥਨ ਕਿ ‘ ਇਤਿਹਾਸ ਤੇ ਵਰਤਮਾਨ ਮਨੁੱਖ ਦੇ ਦੋ ਪੈਰ ਹਨ ‘ ਨੂੰ ਭੁੱਲ ਜਾਣ ਤੋਂ ਬਚਾਈ ਰੱਖਣ ਦਾ ਵੀ ਉਪਰਾਲਾ ਕੀਤਾ ਹੈ । ਕਿਉਂਜੋ ਇਤਿਹਾਸ ਨੂੰ ਇਕ ਵਾਰ ਭੁੱਲ ਜਾਣ ਦੀ ਗ਼ਲਤੀ ਵਾਰ ਵਾਰ ਹੋ ਕੇ ਇਕ ਵੱਡੇ ਦੁਖਾਂਤ ਵਿਚ ਬਦਲ ਜਾਂਦੀ ਹੈ । ਸ਼ਾਇਦ ਇਸੇ ਲਈ ਡਾ: ਜੇ.ਬੀ.ਸੇਖੋਂ ਨੇ ਇਹਨਾਂ ਕਹਾਣੀਆਂ ਦੀ ਮੁੱਖ ਸੁਰ ਨੂੰ ਸੂਤਰਬੱਧ ਕਰਦਿਆਂ , ਇਹਨਾਂ ਦੇ ਕੇਂਦਰੀ ਫਿਕਰ ਨੂੰ ‘ਇਨਕਲਾਬੀ ਬੰਦੇ ਦੀ ਸਿਧਾਂਤਕ ਤੇ ਵਿਹਾਰਕ ਵਿੱਥ ਨੂੰ ਮੁਤਾਬਿਕ ਹੋ ਕੇ ਇਹਨਾਂ ਨੂੰ ਪੰਜਾਬ ਦੇ ਵਿਸ਼ੇਸ਼ ਇਤਿਹਾਸਕ ਯੁਗ ਅੰਦਰ ਅਵਸਰਵਾਦ ਦੀ ਭੇਟ ਚਡ਼੍ਹ ਰਹੀਆਂ ਖੱਬੇ-ਪੱਖੀ ਤੇ ਲੋਕ-ਹਿਤੂ ਪ੍ਰਤੀਬੱਧਤਾਵਾਂ ਨੂੰ ਪੰਜਾਬੀ ਮਨੁੱਖ ਦੀ ਦੱਬੀ-ਘੁੱਟੀ ਤੇ ਨਪੀਡ਼ੀ ਮਾਨਸਿਕਤਾ ਦੁਆਰਾ ਪੇਸ਼ ਹੋਈਆਂ ਕਿਹਾ ਹੈ ।
         ਇਸ ਤੱਥ ਨੂੰ ਹੋਰ ਸਪਸ਼ਟ ਕਰਦਿਆਂ ਮੈਂ ਇਹ ਕਹਿਣ ਦੀ ਖੁੱਲ੍ਹ ਲਵਾਂਗਾ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ ,ਲੁੱਟੋ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ । ਲੋਕ ਕੋਈ ਭੀਡ਼ ਜਾਂ ਵਹੀਰ ਨਹੀਂ ਹੁੰਦੇ । ਇਹ ਉਹ ਹਨ ਜਿਹਡ਼ੇ ਕੰਮ ਕਰਦੇ ਹਨ । ਵਿਰੋਧਾਂ ਵਾਲੇ ਸਮਾਜ ਵਿਚ ਉਹ ਪਿਸਦੇ ਵੀ ਹਨ ਤੇ  ਇਹੋ ਲੋਕ ਇਤਿਹਾਸ ਬਣਾਉਣ ਵਾਲੀ ਨਿਰਣਾਇਕ ਸ਼ਕਤੀ ਵੀ ਬਣਦੇ ਹਨ ।ਇਹ ਜ਼ਰੂਰੀ ਨਹੀਂ ਕਿ ਇਸ ਨਿਰਣਾਇਕ ਲੋਕ-ਸ਼ਕਤੀ ਲਈ ਪ੍ਰਤੀਬੱਧ ਹੋਣ ਵਾਸਤੇ ਹਰ ਕੋਈ ਇਕੋ-ਇਕ ਨਿਸ਼ਚਤ ਮਾਰਕਸਵਾਦ ਦੇ ਸਿਧਾਂਤ ਦਾ ਗਿਆਤਾ ਹੋਵੇ । ਜਿਹਨਾਂ ਲਿਖਤਾਂ ਲਈ ਇਸ ਸਿਧਾਂਤ ਦੇ ਅਮਲ ਦਾ ਸਹਾਰਾ ਲਿਆ ਗਿਆ ਉਹ ਇਕ ਤਰ੍ਹਾਂ ਨਾਲ ਸੋਨੇ ਤੇ ਸੁਹਾਗੇ ਵਰਗੀਆਂ ਉਦਾਹਰਨਾਂ ਹਨ । ਪਰ ਇਸ ਸਿਧਾਂਤ ਦੀ ਅਮਲਕਾਰੀ ਤੋਂ ਪੂਰਵਲੀਆਂ ਅਨੇਕਾਂ ਲਿਖਤਾਂ ਵੀ ਨਿਰਾ-ਪੁਰਾ ਸੋਨਾ ਹਨ ।ਸੋਲਾਂ ਹਜ਼ਾਰ ਏਕਡ਼ ਦੀ ਮਾਲਕੀ ਤੋਂ ਪੂਰੀ ਤਰ੍ਹਾਂ ਬੇਲਾਗ ਹੋ ਕੇ ਕਿਸਾਨਾਂ-ਮਜ਼ਦੂਰਾਂ ਦੀਆਂ ਤਰਸਯੋਗ ਜੀਵਨ-ਹਾਲਤਾਂ ਨੂੰ ਵਰਨਣ ਕਰਦੀਆਂ ਤਾਲਸਤਾਏ ਦੀਆਂ ਲਿਖਤਾਂ ,ਰੂਸ ਦੀ ਜ਼ਾਰਦਾਰੀ ਸਮੇਂ ਦੀਆਂ ਸੰਸਾਰ ਪ੍ਰਸਿੱਧ ਬੇ-ਜੋਡ਼ ਲਿਖਤਾਂ ਹਨ । ਇਵੇਂ ਹੀ ਜਾਹਨ ਸਟੇਨਬੈਕ ਦੇ ਨਾਵਲ ‘ਦਾ ਗਰੈਪਸ ਆਫ ਰਾਬ ‘ ਦੀ ਲਾ-ਮਿਸਾਲ ਉਦਾਹਰਨ ਹੈ , ਜਿਸ ਦੇ ਛਪਦਿਆਂ ਸਾਰ ਅਮਰੀਕਾ ਵਿਚ ਏਨਾ ਹੰਗਾਮਾ ਹੋਇਆ ਕਿ ਵ੍ਹਾਇਟ ਹਾਊਸ ਕੰਬ ਉੱਠਿਆ ਸੀ । ਉਸ ਵੇਲੇ ਦੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਆਪਣੀ ਪਤਨੀ ਲੇਡੀ ਰੂਜ਼ਵੇਲਟ ਨੂੰ ਮਜ਼ਦੂਰਾਂ ਦੀ ਸਹੀ ਸਹੀ ਹਾਲਤ ਦਾ ਪਤਾ ਲਾਉਣ ਲਈ ਕਹਿਣਾ ਪਿਆ ਸੀ । ਲੇਡੀ ਰੂਜ਼ਵੈਲਟ ਨੇ ਆਪਣੀ ਰੀਪੋਰਟ ਵਿੱਚ ਦੱਸਿਆ ਸੀ ਕਿ ਨਾਵਲ ਵਿਚ ਲਿਖੀ ਮਜ਼ਦੂਰਾਂ ਦੀ ਸਥਿਤੀ ਇਕ ਕੌਡ਼ੀ ਸੱਚਾਈ ਹੈ । ਜੇ ਇਹਨਾਂ ਦੇ ਹਾਲਾਤ ਨਾ ਸੁਧਾਰੇ ਗਏ ਤਾਂ ਅਮਰੀਕਾ ਤਹਿਸ-ਨਹਿਸ ਹੋ ਜਾਵੇਗਾ । ਰਾਸ਼ਟਰਪਤੀ ਨੇ ਇਕ ਕਮਿਸ਼ਨ ਬਿਠਾ ਕੇ ਉਸ ਦੀਆਂ ਸ਼ਿਫਾਰਸ਼ਾਂ ‘ਤੇ ਮਜ਼ਦੂਰਾਂ ਲਈ ਅਸਰਦਾਰ ਕਾਨੂੰਨ ਬਣਾਏ ਸਨ ।
ਅਜਿਹੀਆਂ ਮਿਸਾਲੀ ਲਿਖਤਾਂ ਦੀ ਪੰਜਾਬੀ ਗਲਪਕਾਰੀ ਅੰਦਰ ਅਣਹੋਂਦ ਸਾਹਿਤ ਦੇ ਮਹਾਨ , ਸ਼੍ਰੋਮਣੀ ਜਾਂ ਸੁੱਧ ਰਤਨ ਬਣਨ-ਦਿਸਣ ਦੀ ਦੌਡ਼ ਵਿਚ ਉਲਝੇ ਲੇਖਕਾਂ ਸਾਹਮਣੇ ਇਕ ਵੱਡਾ ਪ੍ਰਸ਼ਨ-ਚਿੰਨ ਖਡ਼੍ਹਾ ਕਰਦੀ ਹੈ ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਮੁੱਢ-ਕਦੀਮ ਤੋਂ ਵਿਦਹੋਰੀ ਤੇ ਨਿਰਣਾਇਕ ਸੁਰ ਆਪਣਾਉਣ ਵਾਲੇ ਆਪਣੇ ਸਾਹਿਤਕ ਪੁਰਖਿਆਂ ਦੀ ਸਾਹਿਤਕ ਸਮਝਦਾਰੀ ਤੋਂ ਅੱਜ ਦੀ ਪੀਡ਼੍ਹੀ ਬਿਲਕੁਲ ਅਣਜਾਣ ਹੈ । ਜਾਂ ‘ਤਲਵਾਰ ਤੇ ਕਲਮ ‘ ਨੂੰ ਹੀ ਸੰਸਾਰ ਦੀਆਂ ਦੋ ਨਿਰਣਾਇਕ ਸ਼ਕਤੀਆਂ ਕਹਿਣ ਵਾਲੇ ਨੈਪੋਲੀਅਨ ਦੇ ਸੱਚ ਵਰਗੇ ਕਥਨ ਨੂੰ , ਇਸ ਨੇ ਅਣਗੌਲਿਆਂ ਕਰ ਛੱਡਿਆ ਹੈ। ਤਾਂ ਵੀ ਕਿਧਰੇ ਨਾ ਕਿਧਰੇ ਕੋਈ ਗਡ਼ਬਡ਼ ਜ਼ਰੂਰ ਹੋਈ ਦਿਸਦੀ ਹੈ । ਇਹ ਗਡ਼ਬਡ਼ ਸਮਾਜਕ ਬਣਤਰ ਅਤੇ ਇਸ ਅੰਦਰ ਕਾਰਜਸ਼ੀਲ ਧਿਰਾਂ ਦੀਆਂ ਜਮਾਤੀ ਤੇ ਆਪਸੀ ਵਿਰੋਧਤਾਈਆਂ ਦੇ ਅਨੁਪਾਤ ਨੂੰ ਸਮਝਣ ਵਿਚ ਹੋਈ ਲਗਦੀ ਹੈ ।
ਮੇਰੀ ਅਲਪ ਜਿਹੀ ਸਮਝ ਮੁਤਾਬਕ ਲੋਕ ਸਮੂਹ ਨੂੰ ਆਪਣੇ ਬਣਦੇ ਹਿੱਸੇ ਤੋਂ ਵਾਂਝਿਆਂ ਕਰਨ ਵਾਲੇ ਕਈਆਂ ਤੱਤਾਂ ਵਿਚੋਂ ਮੁੱਖ , ਪੰਜਾਬ ਦੇ ਸੰਦਰਭ ਵਿਚ ਇੱਥੋਂ ਦੀ ਫਿਊਡਲ ਦੀ ਰਹਿੰਦ-ਖੂਹਦ ਹੀ ਜਿੰਮੇਵਾਰ ਹੈ । ਜਿਸ ਅੰਦਰਲੀ ਹਉਂ ਉਸਦੀ ਬਿਖਰ ਚੁੱਕੀ ਸਲਤਨਤ ਦੇ ਬਾਵਜੂਦ , ਥਾਂ ਪੁਰ ਥਾਂ ਆਪਣੀਆਂ ਟੰਗਾਂ ਫਸਾਈ ਰੱਖਦੀ ਹੈ । ਇਸ ਦਾ ਸਾਥ ਗਲੋਬਲੀ ਪਾਸਾਰ ਦੀ ਨਿੱਜੀਕਰਨ ਦੀ ਨੀਤੀ ਦੇ ਸਿੱਟੇ ਵਜੋਂ, ਵੱਡੇ ਮਹਾਜਨੀ ਕਿੱਤਿਆਂ ਵੱਲ ਨੂੰ ਪੈਰ ਪਸਾਰਦਾ ਇੱਥੋਂ ਦਾ ਛੋਟਾ ਵਿਉਪਾਰੀ ਕਈ ਸਾਰੇ ਅੰਤਰ-ਵਿਰੋਧਾਂ ਦੇ ਹੁੰਦਿਆਂ ਹੋਇਆਂ ਵੀ ਦੇਣ ਲੱਗ ਪਿਆ ਹੈ । ਮੇਰੀਆਂ ਅਨਯ-ਪੁਰਖ ਰਾਹੀਂ ਅੰਕਤ ਹੋਈਆਂ ਕਹਾਣੀਆਂ ਵਿਚੋਂ ‘ਛਿੰਝ ’ ਦੇ ਬਾਪੂ ਜੀ , ‘ਧੁੱਪ-ਛਾਂ ’ ਕਹਾਣੀ ਦੇ ਸੰਘੇ-ਸਿੰਘਪੁਰੀ ਸਰਦਾਰ , ‘ਚੀਕ-ਬੁਲਬਲੀ ’  ਦਾ ਗੁਰਭਗਤ ਸਿੰਘ ਸੰਧੂ , ‘ਐਚਕਨ ’ ਕਹਾਣੀ ਦਾ ਗੁਰਮਖੁਜੀਤ ਸਿੰਘ ਸ਼ਾਹੀ , ‘ਪਿਡ਼ੀਆਂ ’  ਦਾ ਭੱਠਾ ਮਾਲਕ ਦੀਨ ਦਿਆਲ , ‘ਜਡ਼੍ਹ ’ ਕਹਾਣੀ ਦਾ ਤਾਰਾ ਸਿੰਘ ਮੱਲ੍ਹੀ ਤੇ ਲੋਕ ਨਾਥ ਲੰਬਡ਼ , ‘ਵੱਡੀ ਧਿਰ ’ ਦੇ ਸਿਰੀ ਰਾਮ ਤੇ ਅਲਾਟੀਏ । ‘ਚਿੱਟੀ ਬੇਂਈ –ਕਾਲੀ ਬੇਈਂ ’ ਦੇ ਖੇਤ-ਖੱਤੇ ਤੇ ਫਾਰਮ , ‘ਵਾਰੀ ਸਿਰ’ ਦਾ ਮਾਮਾ ਜੀ ਬੀ.ਡੀ.ਮਹਾਜਨ ਤੇ ਮਾਮੀ ਜੀ ; ‘ਮਾਰਖੋਰੇ ’ ਕਹਾਣੀ ਦਾ ਪ੍ਰੋ : ਕੌਡ਼ਾ , ‘ਮੋਮਬੱਤੀਆਂ ‘ ਦਾ ਸ਼ੈੱਲਰ ਮਾਲਕ ਗਿਆਨ ਸ਼ਾਹ , ‘ਰੁਮਾਲੀ ‘ ਦਾ ਮੋਹਣਾ ਪਹਿਲਵਾਨ , ‘ਉੱਚੇ ਰੁੱਖਾਂ ਦੀ ਛਾਂ ‘ ਦਾ ਵੱਡਾ ਸੰਤ , ‘ਪੈਰਾਂ ਭਾਰ –ਹੱਥਾਂ ਭਾਰ ‘ ਦਾ ਸੋਡੀ ਸਰਦਾਰ , ‘ਸੌਰੀ ਜਗਨ “ ਦਾ ਹੋਟਲ ਚੀਫ਼ ਮੈਨੇਜਰ ਜਗਨ ਨਾਥ , ‘ਅੱਧੇ-ਅਧੂਰੇ ‘ ਦਾ ਪੀ.ਟੀ.ਆਈ. ਗਿੱਲ , ‘ਜਿੰਨ ‘ ਕਹਾਣੀ ਦਾ ਚਰਨੀ ਉਰਫ ਰੱਬ ਜੀ , ‘ਇਕ ਕੰਢੇ ਵਾਲਾ ਦਰਿਆ ‘ ਦੇ ਕੁਮਾਰ ਜੀ ਤੇ ਵਰਮਾ ਆਦਿ ਪਾਤਰ ਉਪਰੋਤਕ ਭਾਈਚਾਰਾਂ ਦੀ ਪਹਿਲੀ ਜਾਂ ਦੂਜੀ ਵੰਨਗੀ ਵਿਚ ਸ਼ਾਮਲ ਹੋ ਸਕਦੇ ਹਨ ।
ਭਾਵੇਂ ਹਰ ਵਿਅਕਤੀ ਦਾ ਕਿਰਦਾਰੀ ਵਰਤਾਉ , ਸੁਭਾਅ, ਬੁੱਧ ਵਿਵੇਕ ਵੱਖਰਾ ਵੱਖਰਾ ਹੁੰਦਾ ਹੈ ਤਾਂ ਵੀ ਇਸ ਸਮੂਹ ਦੇ ਜਮਾਤੀ ਅਮਲ ਨੂੰ ਸਮਝਣ ਲਈ ਕੁਝ ਇਕ ਉਦਾਹਰਨਾਂ ਦੇਣੀਆਂ ਗੈਰ-ਵਾਜਬ ਨਹੀਂ ਹੋਣਗੀਆਂ । ਅਜਿਹੇ ਪਾਤਰ ਮੇਰੀਆਂ ਬਹੁ ਗਿਣਤੀ ਕਹਾਣੀਆਂ ਵਿਚ ਵਿਭਿੰਨ ਵਿਅਕਤੀ ਹੁੰਦੇ ਹੋਏ ਵੀ ਇਕ ਜਮਾਤ ਦੇ ਪ੍ਰਤੀਨਿਧ ਹਨ। ਇਹਨਾਂ ਵਿਚੋਂ ਸੰਘੇ ਸਿੰਘਪੁਰੀ ਸਰਦਾਰ ਗੁਰਦਾਸਪੁਰ ਜ਼ਿਲ੍ਹੇ ਦੇ ਨਹਿਰ ਕੰਢਲੇ ਇਕ ਪਿੰਡ ਦੀ ਸਾਰੀ ਭੋਂਇੰ ਦੇ ਮਾਲਕ ਦੋ ਸਕੇ ਭਰਾ ਸਨ । ਇਹਨਾਂ ਵਿਚੋਂ ਇਕ ਦਸੂਹੇ ਦੇ ਇਕ ਚੀਮਾ ਪਰਿਵਾਰ ਵਿਚ ਵਿਆਹਿਆ ਹੋਇਆ ਸੀ । ਉਸ ਦੇ ਇਕਲੌਤੇ ਲਡ਼ਕੇ ਨੇ ਕੰਨਸਟਰੱਕਸ਼ਨ ਕੰਪਨੀ ਖੋਲ੍ਹ ਕੇ ਮੁਕੇਰੀਆਂ ਹਾਈਡਲ ਦੇ ਇਕ ਪਾਵਰ ਹਾਊਸ ਨੂੰ ਬਣਵਾਉਣ ਦਾ ਠੇਕਾ ਵੀ ਲੈ ਰੱਖਿਆ ਸੀ । ਏਨਾ ਕੁਝ ਹੁੰਦਿਆ ਹੋਇਆ ਵੀ ਉਸ ਸੰਘੇ ਸਰਦਾਰ ਨੇ ਚੀਮਾ ਪਰਿਵਾਰ ਤੋਂ ਆਪਣੀ ਘਰ ਵਾਲੀ ਦੇ ਹਿੱਸੇ ਆਉਂਦੇ ਖੇਤ-ਖੱਤਿਆਂ ਸਮੇਤ ਵੱਡੀ ਹਵੇਲੀ ਵਿਚ ਬਣਦਾ ਆਪਣਾ ਹਿੱਸਾ ਕੋਰਟ-ਕਚਹਿਰੀ ਰਾਹੀਂ ਪ੍ਰਾਪਤ ਕਰਕੇ ਵੇਚ ਦਿੱਤਾ ਸੀ ।
‘ ਐਚਕਨ ‘ ਕਹਾਣੀ ਦਾ ਗੁਰਮੁਖਜੀਤ ਸਿੰਘ ਸ਼ਾਹੀ ਮੁਕੇਰੀਆਂ ਲਾਗਲੇ ਪਿੰਡ ਕੌਲਪੁਰ ਦਾ ਗਿਆਨੀ ਕਰਨੈਲ ਸਿੰਘ ਹੈ , ਜਿਸ ਨੇ ਲਾਇਲਪੁਰ ਦੇ ਚੱਕ ਨੰਬਰ 41 ਦੇ ਹਾਈ ਸਕੂਲ ਵਿਚ  ਪਡ਼੍ਹਦਿਆਂ ਹੈੱਡ ਮਾਸਟਰ , ਮਾਸਟਰ ਤਾਰਾ ਸਿੰਘ , ਗਿਆਨੀ ਕਰਤਾਰ ਸਿੰਘ,ਮਾਸਟਰ ਪੂਰਨਾ ਨੰਦ ਤੋਂ ਪ੍ਰਾਪਤ ਕੀਤੀ ‘ਚੇਟਕ ‘ ਬੱਸ ਥੋਡ਼੍ਹਾ ਚਿਰ ਹੀ ਕਾਇਮ ਰੱਖੀ । ਸੰਨ ‘ 47 ਦੇ ਉਜਾਡ਼ੇ ਪਿੱਛੋਂ ਇਧਰ ਆ ਕੇ ਆਪਣੀ ਸੱਜ-ਵਿਆਹੀ ਪਤਨੀ ਨਾਲ ਮਿਲ ਕੇ ਜੋਗਿੰਦਰ ਬਾਹਰਲੇ ਨਾਲ ਉਪੇਰੇ ਵੀ ਥੋਡ਼੍ਹਾ ਕੁ ਚਿਰ ਖੇਡੇ ਤੇ ਗਾਏ । ਪਰ ਕੌਲਪੁਰ ਪਿੰਡ ਵਿਖੇ ਹੋਈ ਪੱਕੀ ਅਲਾਟਮੈਂਟ ਪਿੱਛੋਂ, ਉਸ ਅੰਦਰਲਾ ਸਰਦਾਰ ਇਕ ਦਮ ਜਾਗ ਉੱਠਿਆ । ਆਪਣੀ ਰਾਜਸੀ ਸਰਗਰਮੀ ਸਾਰੀ  ਦੀ ਸਾਰੀ ਮਾਸਟਰ ਬਚਿੱਤਰ ਸਿੰਘ ਸਿਰ ਸੁੱਟ ਕੇ ਆਪ ਸਾਹਿਤ ਸਭਾ ਮੁਕੇਰੀਆਂ ਦੀ ਪ੍ਰਧਾਨਗੀ, ਜੀ.ਟੀ.ਯੂ. ਢਿੱਲੋ ਗਰੁੱਪ ਦੀ ਸਥਾਨਕ ਅਹੁਦੇਦਾਰੀ ਤਕ ਸੀਮਤ ਹੋ ਕੇ ਖੱਬੀਆਂ ਧਿਰਾਂ ਨਾਲ ਮੂੰਹ ਜੁਬਾਨੀ ਦੀ ਹਮਦਰਦੀ ਤੋਂ ਵੀ ਗੁਰੇਜ਼ ਕਰਨ ਲੱਗ ਪਿਆ ਸੀ ।
ਇਵੇਂ ਹੀ ‘ਸੌਰੀ ਜਗਨ ‘ ਕਹਾਣੀ ਦੀ ਲਿਖਤ ਪਿੱਛੇ ਦਿੱਲੀ ਦੇ ਇੱਕ ਯੂਥ ਕਾਂਗਰਸੀ ਵੱਲੋਂ ਆਪਣੀ ਜਿਊਂਦੀ ਪਤਨੀ ਨੂੰ ਤੰਦੂਰ ਵਿੱਚ ਸੁੱਟ ਕੇ ਸਾਡ਼ ਦੇਣ ਦੀ ਘਟਨਾ ਵੀ ਕਾਰਜਸ਼ੀਲ ਹੈ ਅਤੇ ਯੁਗਾਂਡਾ ਦੇ ਈਦੀ ਅਮੀਨ ਵਰਗੇ ਸਿਰਫਿਰੇ ਤਾਨਾਸ਼ਾਹ ਦੀ ਵੀ, ਜਿਸ ਦੇ ਨਾਸ਼ਤੇ  ਵਿਚ ਬਲੂਰ ਬਾਲਾਂ ਦੇ ਤਲੇ-ਭੁੱਜੇ ਬੋਟ ਪਰੋਸੇ ਜਾਂਦੇ ਸਨ । ਇਸ ਕਹਾਣੀ ਦੀ ਲਿਖਤ –ਹੋਂਦ ਦਾ ,ਤਤਕਾਲੀ ਕਾਰਨ ਅਖਬਾਜ ਵਿਚ ਛਪੀ ਉਹ ਖ਼ਬਰ ਵੀ ਬਣਿਆ ਜਿਸ ਵਿੱਚ ਤਾਈਵਾਨ ਦੇ ਇੱਕ ਰੈਸਟੋਂਰੈਂਟ ਵਿਚ ਇਕ ਆਦਮੀ ਨਵਜੰਮੇ ਬੱਚਿਆਂ ਦਾ ਤਲਿਆ ਬਦਨ ਪਲੇਟ ਵਿਚ ਰੱਖ ਕੇ ਖਾਂਦਿਆਂ ਦਰਸਾਇਆ ਗਿਆ ਸੀ ।
ਪੰਜਾਬੀ ਕਹਾਣੀ ਸਮੇਤ ਸਮੁੱਚੇ ਵਿਸ਼ਵ ਸਾਹਿਤ ਦਾ ਕੇਂਦਰੀ ਆਧਾਰ ਬਣਨ ਵਾਲੇ ਸਾਧਾਰਨ ਮਨੁੱਖ ਦੀਆਂ ਜੀਵਨ ਹਾਲਤਾਂ ਨੂੰ ਕਲੰਕਤ ਕਰਨ ਵਾਲੀ ਇਕ ਜਮਾਤ ਨੂੰ ਚਣੌਤੀ ਦੇਣ ਵਾਲੇ ‘ਸੌਰੀ ਜਗਨ ‘ ਕਹਾਣੀ ਦੇ ਅਖ਼ਤਰ ਝਟਕਈ ਵਰਗੇ ਹੋਰ ਵੀ ਅਨੇਕਾਂ ਪਾਤਰ ਮੇਰੀ ਸਮਰੱਥਾ-ਯੋਗਤਾ ਅਨੁਸਾਰ ਆਪਣਾ ਵਿਰੋਧ ਦਰਜ ਕਰਵਾਉਂਦੇ ਹੀ ਰਹਿੰਦੇ ਹਨ । ਭਾਵੇਂ ਸਮਾਜ ਅੰਦਰਲੀ ਸੱਤਾ-ਸੰਪੰਨ       ਸ਼੍ਰੇਣੀ ਸਮਕਾਲ ਦੇ ਰਾਜਨੀਤਕ-ਆਰਥਿਕ-ਸੱਭਿਆਚਰਕ ਵਰਤਾਰੇ ਨੂੰ ਆਪਣੇ ਹਿੱਤਾਂ ਅਨੁਸਾਰ ਤੋਰਨ ਢਾਲਣ ਲਈ ਲੋਕ-ਭਲਾਈ,ਉੱਨਤੀ-ਤਰੱਕੀ ਦੀ ਅਲੰਬਰਦਾਰ ਹੋਣ-ਦਿੱਸਣ ਦੇ ਮਖੌਟੇ ਚਾਡ਼੍ਹੀ , ਲੋਕ-ਪ੍ਰਤੀਨਿਧਾਂ ਨੂੰ ਲੁਭਾਉਣ ਦੇ ਯਤਨ ਵੀ ਕਰਦੀ ਹੈ । ਧਰਮ ਨਾਮੀਂ ਵਰਤਾਰਾ ਇਸ ਸ਼੍ਰੈਣੀ ਦੇ ਇਸ ਕਾਰਜ ਨੂੰ ਸਭ ਤੋਂ ਵੱਧ ਬਲ ਬਖਸ਼ਦਾ ਹੈ । ਇਸ ਨੂੰ ਇਸ ਕਥਨ ਦੀ ਸੱਚਾਈ ਦਾ ਪੂਰਾ ਪਤਾ ਹੈ ਕਿ ‘ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਸੱਚਾਈ, ਅਕਲਮੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਇਕ ਝੂਠ ਅਤੇ ਹਾਕਮਾਂ ਦੀਆਂ ਨਜ਼ਰਾਂ ਵਿੱਚ ਇਕ ਲਾਭਕਾਰੀ ਚੀਜ਼ ਹੈ । ‘ ਇਕ ਸਰਵੇਖਣ ਮੁਤਾਬਕ ਇਸ ‘ਲਾਭਕਾਰੀ ਚੀਜ਼ ‘ ਦੇ ਇਸ ਸਮੇਂ ਦੇਸ਼ ਵਿੱਚ ਸਥਾਨਾਂ ਦੀ ਗਿਣਤੀ 25 ਲੱਖ ਤਕ ਪਹੁੰਚ ਗਈ ਹੈ । ਜਦਕਿ ਜਨਸਮੂਹ ਦੀ ਸਿੱਖਿਆ-ਸਿਹਤ ਲਈ ਅਤਿ ਜ਼ਰੂਰੀ ਸੰਸਥਾਵਾਂ , ਸਕੂਲ ਕੇਵਲ ਪੰਦਰਾਂ ਲੱਖ ਅਤੇ ਹਸਪਤਾਲ ਸਿਰਫ਼ 75,000 ਹੀ ਹਨ । ਹਾਕਮ ਧਿਰ ਤੇ ਡੇਰਾਵਾਦ ਦੇ ਗੱਠਜੋਡ਼ ਰਾਹੀਂ ਉਪਜਦਾ ਵਿਗਸਦਾ ਸਰਕਾਰਾਂ ਨਾਮ ਦਾ ਢਕਵੰਜ , ਲੋਕ-ਸਮੂਹ ‘ਦੀ ਹੋਂਦ-ਹੋਣੀ ਦੇ ਕੀਤੇ ਜਾਂਦੇ ਵਿਕਾਸ ਦੇ ਨਾਂ ‘ਤੇ ਕੇਵਲ ਆਪਣੇ ਸਰਪ੍ਰਸਤਾਂ ਦੀ ਹੀ ਸੇਵਾ ਕਰਦਾ ਹੈ । ਅਰਥ-ਸ਼ਾਸਤਰ ਇਹਨਾਂ ਸਰਪ੍ਰਸਤਾਂ ਦੀ ਟੀਸੀ ‘ਤੇ ਬੈਠੇ , ਉਹਨਾਂ ਪੰਜ ਘਰਾਣਿਆਂ ਦਾ ਹਵਾਲਾ ਦੇਣਾ ਵੀ ਨਹੀਂ ਭੁੱਲਦਾ ਜਿੰਨ੍ਹਾਂ ਦੇ ਉਦਯੋਗਕ-ਵਿਉਪਾਰਕ ਵਸੀਲਿਆਂ ਦੀ ਰੋਜ਼ਾਨਾ ਆਮਦਨ ਤੀਹ ਕਰੋਡ਼ ਰੁਪਏ ਬਣਦੀ ਹੈ ਅਤੇ ਸੰਨ 2007 ਵਿਚ ਇੱਕੀ ਦੀ ਗਿਣਤੀ ਤੋਂ ਵਧ ਕੇ ਹੁਣ ਚਾਰ ਸੌ ਨੂੰ ਟੱਪੀ ਅਰਬਪਤੀਆਂ ਦੀ ਵੀ , ਜਿਹਨਾਂ ਦੇ ਰਹਿਮ-ਕਰਮ ‘ਤੇ ਦੇਸ਼ ਦੀਆਂ ਵੱਡੀਆਂ ਛੋਟੀਆਂ ਸਰਕਾਰਾਂ ਬਣਦੀਆਂ ਟਿਕਦੀਆਂ ਹਨ । ਇਹ ਸਰਕਾਰਾਂ ਵੀਹ ਰੁਪਏ ਰੋਜ਼ਾਨਾ ਆਮਦਨ ਵਾਲੇ ਮੁਲਕ ਦੇ 77 % ਲੋਕ-ਸਮੂਹ ਦੇ ਵਿਕਾਸ ਲਈ ‘ਚਿੰਤਾਵਾਨ ‘ ਵੀ ਰਹਿੰਦੀਆਂ ਹਨ । ਪਰ ਜਾਣੇ-ਪਛਾਣੇ ਅਰਥ ਸ਼ਾਸਤਰੀ ਗੈਲਬੁੱਬ ਨੇ ਵਿਕਾਸ ਦੀ ਇਉਂ ਦੀ ਪ੍ਰਕਿਰਿਆ ਨੂੰ ‘ਘੋਡ਼ਿਆਂ ਨੂੰ ਜਵਾਰ ਚਾਰਨ ਦੇ ਉਸ ਢੰਗ ਵਰਗੀ ਆਖਿਆ ਸੀ ,ਜਿਸ ਵਿਚੋਂ ਥੋਡ਼੍ਹੀ ਜਿਹੀ ਚਿਡ਼ੀਆ ਵਾਸਤੇ ਸਡ਼ਕਾਂ ‘ਤੇ ਵੀ ਖਿੱਲਰ ਜਾਏ । ‘
ਸਾਡੇ ਮੁਲਕ ਦੇ ਛੋਟੇ-ਵੱਡੇ , ਹੇਠਲੇ-ਉੱਤਲੇ ਸਦਨਾਂ ਦੇ ਸੈਂਕਡ਼ਿਆਂ ਦੀ ਗਿਣਤੀ ਨੂੰ ਪੁੱਜਦੇ ਮੰਤਰੀਆਂ , ਮੁੱਖ-ਮੰਤਰੀਆਂ ਦੇ ਵਿਵਹਾਰ ਦਾ ਇਕ ਪੱਖ ‘ਮਾਰਖੋਰੇ ‘ ਵਿੱਚ ਪ੍ਰੋ: ਕੌਡ਼ੇ ਦੇ ਝੋਲੀ ਚੁੱਕ ਕਿਰਦਾਰ ਰਾਹੀਂ ਵੀ ਪੇਸ਼ ਹੋਇਆ ਹੈ । ਇਸ ਕਹਾਣੀ ਦਾ ਉਸਾਰੂ-ਬਿੰਦੂ ਬਡ਼ਾ ਬਚਿੱਤਰ ਹੈ । ਸਾਡੇ ਪਿੰਡ ਝੱਜਾਂ ਦੇ ਦੱਖਣ ਵਾਲੇ ਪਾਸੇ ਮੀਲ ਕੁ ਵਿੱਥ ‘ਤੇ ਪਿੰਡ ਹੈ ਉੱਚਾ-ਬਡਾਲਾ ਤੇ ਉੱਤਰ ਪਾਸੇ ਪਿੰਡ ਨੈਣੋਵਾਲ ਵੈਦ । ਸੰਨ ’47 ਦੀ ਉੱਥਲ-ਪੁੱਥਲ ਕਾਰਨ ਉੱਜਡ਼ੇ ਇਹ ਦੋਨੋਂ ਪਿੰਡ , ਖੂਬ ਮੋਟੇ –ਤਾਜ਼ੇ ਦੋ ਸਾਨ੍ਹਾਂ ਨੇ ਇਕ ਇਕ ਕਰਕੇ ਜਿਵੇਂ ਮੱਲ ਹੀ ਲਏ ਸਨ । ਜੇ ਨੈਣੋਵਾਲ ਵੈਦ ਰਹਿੰਦਾ ਬੱਗਾ ਸਾਨ੍ਹ ਰੱਜ-ਮੇਲ੍ਹ ਕੇ ਬਡ਼੍ਹਕ ਮਾਰਦਾ ਤਾਂ ਬਡਾਲੇ ਰਹਿੰਦੇ ਕਾਲੇ ਸਾਨ੍ਹ ਤੋਂ ਬਰਦਾਸ਼ਤ ਨਾ ਹੁੰਦੀ । ਇਵੇਂ ਹੀ ਜੇ  ਕਾਲਾ ਪਹਿਲ ਕਰ ਜਾਂਦਾ ਤਾਂ ਬੱਗੇ ਤੋਂ ਸਹਾਰੀ ਨਾ ਜਾਂਦੀ । ਦੋਨੋਂ ਮਿੱਟੀ ਪੁੱਟਦੇ ਇਕ ਦੂਜੇ ਨੂੰ ਜਿਵੇਂ ਖਾ ਜਾਣ ਲਈ ਦੁਡ਼ਕੀ ਪੈ ਜਾਂਦੇ । ਵਿਚਕਾਰ ਸਾਡੇ ਪਿੰਡ ਦੀ ਖੁੱਲ੍ਹੀ ਰੌਅ ਇਹਨਾਂ ਦੇ ਯੁੱਧ-ਦੰਗਲ ਲਈ ਜਿਵੇਂ ਰਾਖਵੀਂ ਹੋਈ ਰਹਿੰਦੀ । ਅਸੀਂ ਛੋਟੇ ਬੱਚੇ ਕੋਠਿਆਂ ‘ਤੇ ਚਡ਼੍ਹ ਕੇ ਇਹਨਾਂ ਦੀ ਘਮਸਾਣ-ਕੁਸ਼ਤੀ ਦਾ ਆਨੰਦ ਵੀ ਲਈ ਜਾਂਦੇ ਤੇ ਡਰੀ ਵੀ ਜਾਂਦੇ । ਕਦੀ ਕਾਲਾ ਬੱਗੇ ਨੂੰ ਹਰਾ ਕੇ ਭਜਾ ਦਿੰਦਾ , ਕਦੀ ਬੱਗਾ ਕਾਲੇ ਨੂੰ । ਇਕ ਵਾਰ ਬੱਗੇ ਨੇ ਕਾਲੇ ਨੂੰ ਬੇਰੀਆਂ ਦੇ ਝੁੰਡ ‘ਚ ਫਸਾ ਕੇ ਉਸਦਾ ਸਿੰਙ ਤੋਡ਼ ਦਿੱਤਾ । ਉਸ ਤੋਂ ਪਿੱਛੋਂ ਕਾਲੇ ਨੇ ਕੋਈ ਟੱਕਰ ਨਹੀਂ ਸੀ ਲਈ । ਸੰਨ 1952 ਵਿਚ ਹੋਈ ਚੋਣ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੇ ਵੀ ਕਹਾਣੀ ਦੇ ਉਸਾਰ ਲਈ ਗੁੰਦਵੀਂ ਸਾਹਇਤਾ ਕੀਤੀ । ਇਸ ਕਹਾਣੀ ਦੇ ਹੋਰ ਵੇਰਵੇ ਸਭ ਦੇ ਸਾਹਮਣੇ ਚਿੱਟੇ ਦਿਨ ਵਾਂਗ ਖਿੱਲਰੇ-ਪਸਰੇ ਪਏ ਹਨ ।ਇਵੇਂ ਹੀ ‘ਧੁੱਪ-ਛਾਂ ‘ ਕਹਾਣੀ-ਸੰਗ੍ਰਹਿ ਦੀ ਕਹਾਣੀ , ‘ਵੱਡੀ ਗੱਲ ‘ ਮੰਦ-ਬੱਧੀ ਭੋਲੂ ਤੋਂ ਪੁਜਾਰੀ ਜੀ , ਫਿਰ ਫੈਕਟਰੀ ਮਾਲਕ , ਤੇ ਫਿਰ ਮੰਤਰੀ ਜੀ ਤਕ ਦੀ ਉਨਤੀ-ਤਰੱਕੀ ਕਰਦੇ ਇਕ ਸਿਆਸੀ ਖਿਡਾਰੀ ਦੀਆਂ ਕਲਾਬਾਜ਼ੀਆਂ ਦਾ ਜ਼ਿਕਰ ਛੇਡ਼ਦੀ ਹੈ ।


ਇਸ ਦਾ ਉਸਾਰ –ਬਿੰਦੂ ਵੀ ਘੱਟ ਰੌਚਿਕ ਨਹੀਂ ।


ਦਸੂਹਾ ਕਸਬੇ ਦੇ ਐੱਸ.ਡੀ.ਐਮ. ਦਫਤਰ ਨੂੰ ਮੁਡ਼ਦੀ ਗਲੀ ਦੀ ਐਨ ਨੁੱਕਰ ‘ਤੇ ਇਕ ਮੰਦਰ ਹੈ। ਤਿੰਨ ਕੁ ਦਹਾਕੇ ਪਹਿਲਾਂ ਇਸ ਦਾ ਕੋਈ ਨਾਮ-ਨਿਸ਼ਾਨ ਨਹੀਂ ਸੀ । ਹਾਂ ਇੱਥੇ ਛੋਟਾ ਜਿਹਾ ਪਿੱਪਲ ਜ਼ਰੂਰ ਸੀ । ਜਲੰਧਰੋਂ ਪਠਾਨਕੋਟ ਜਾਂਦੀ ਇਕਹਿਰੀ ਵੱਡੀ ਸਡ਼ਕ ਕੰਢੇ ਇੱਥੇ ਮੂਲਾ ਨਾਂ ਦਾ ਇੱਕ ਆਦਿ ਧਰਮੀ ਜੁੱਤੀਆਂ ਗੰਢਣ ਬੈਠਦਾ ਹੁੰਦਾ ਸੀ । ਪਹਿਲਾਂ ਉਸਨੇ ਬੈਠਣ ਗੋਚਰੀ ਥਾਂ ਨੂੰ ਮਿੱਟੀ ਪਾ ਕੇ ਉੱਚਾ ਕਰ ਲਿਆ । ਫਿਰ ਪਿੱਪਲ ਦੁਆਰੇ ਗੋਲ ਥਡ਼੍ਹ੍ਹੀ ਜਿਹੀ ਬਣਾ ਕੇ ਬੈਠਣ ਲੱਗ ਪਿਆ । ਉਹਦੇ ਪਰਲੋਕ ਸਿੱਧਾਰਨ ਪਿੱਛੋਂ, ਲਾਗੇ ਦੇ ਹੀ ਘਰ ਦਾ ਇਕ ਪੰਡਿਤ ਦੁਰਗਾ , ਜੋ ਮੱਝਾਂ –ਘੋਡ਼ੀਆਂ ਲਈ ਹਾਜ਼ਮੇ ਦੀ ਦੁਆਈ ਬਣਾਇਆ ਕਰਦਾ ਸੀ , ਨੇ ਇਕ ਛਿੱਕੂ ਵਿੱਚ ਰੱਖ ਕੇ ਦੁਆਈ ਦੀਆਂ ਪਿੰਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ । ਫਿਰ ਪਤਾ ਨਹੀਂ ਉਸਦੇ ਮਨ ‘ਚ ਕੀ ਆਈ , ਆਪਣੇ ਬੈਠਣ ਵਾਲੀ ਥਾਂ ‘ਤੇ ਛਿਡ਼ਕਾਅ ਕਰਨ ਦੇ ਨਾਲ ਨਾਲ ਉਸਨੇ ਪਿੱਪਲ ਦਾ ਪਤਲਾ ਜਿਹਾ ਤਣਾ ਧੋਣਾ-ਸੁਆਰਨਾ ਸ਼ੁਰੂ ਕਰ ਦਿੱਤਾ । ਨਾਲ ਹੀ ਇਕ ਭਗਵੇਂ ਰੰਗੀ ਝੰਡੀ ਪਿੱਪਲ ਦੀ ਇਕ ਟਾਹਣੀ ਨਾਲ ਬੰਨ੍ਹ ਦਿੱਤੀ । ਹੁਣ ਲੋਡ਼ਵੰਦ ਉਸਦੀਆਂ ਗੋਲੀਆਂ ਵੀ ਖਰੀਦਦੇ ਤੇ ਝੰਡੀ ਲੱਗੇ ਪਿੱਪਲ ਮੁੱਢ ਚੁਆਨੀ-ਅਠਿਆਨੀ ਦਾ ਮੱਥਾ ਵੀ ਟੇਕਣ ਲੱਗ ਪਏ । ਬੱਸ ਉਸ ਸ਼ੁਰੂਆਤ ਤੋਂ ਚਾਲੂ ਹੋਇਆ ਮੰਦਰ-ਖੇਲ੍ਹ ਅੱਜ ਪੂਰੀ ਮਾਨਤਾ ਵਾਲੀ ਥਾਂ ਬਣਿਆ ਹੋਇਆ । ਪੰਡਿਤ ਦੁਰਗਾ ਦਾਸ ਦੇ ਮੁੰਡੇ ਪ੍ਰੇਮ ਚੰਦ ਨੇ ਘਰ-ਕਮਰਿਆਂ ਦੀ ਥਾਂ ਦੁਕਾਨਾਂ ਉਸਾਰ ਲਈਆਂ ਹਨ । ਮੰਦਰ-ਚਡ਼੍ਹਾਵੇ ਨਾਲ ਵੀ ਉਸ ਬਿਨਾਂ ਕਿਸੇ ਦਾ ਕੋਈ ਲਾਗਾ-ਦੇਗਾ ਨਹੀਂ ।
       ਜਲੰਧਰ ਤੋਂ ਪਠਾਨਕੋਟ ਵਾਲੀ ਜਰਨੈਲੀ ਸਡ਼ਕ ਇਕਹਿਰੀ ਤੋਂ ਦੋ ਮਾਰਗੀ ਤੇ ਹੁਣ ਦੋ ਤੋਂ ਚਾਰ-ਮਾਰਗੀ ਹੁੰਦੀ ਨੇ ਮੰਦਰ ਲਾਗਲੇ ਪਿੱਪਲ ਦੀ ਬਲੀ ਤਾਂ ਲੈ ਲਈ ਹੈ , ਪਰ ਪ੍ਰੇਮ ਪੰਡਿਤ ਤੇ ਮੰਦਰ ਦਾ ਸਡ਼ਕ ਅਮਲਾ ਵਾਲ਼ ਤਕ ਨਹੀਂ ਵਿੰਗਾ ਕਰ ਸਕਿਆ ।
       ਪੁਸਤਕਾਂ ਤੋਂ ਬਾਹਰ ਦੀ ਕਹਾਣੀ ‘ਜੁਬਾਡ਼ੇ ‘ ਦਾ ਸਰੋਤ , ਅੱਜ ਦੀ ਸਿਆਸਤ ਵਿੱਚ ਪਰਿਵਾਰਵਾਦ ਦਾ ਖੁੱਲ੍ਹਮ-ਖੁੱਲ੍ਹਾ ਖ਼ਲਾਰ ਵੀ ਹੈ ਅਤੇ ਹਰ ਸ਼ਹਿਰ , ਹਰ ਕਸਬੇ ਵਿਚ , ਤੰਗੀਆਂ-ਤੁਰਸ਼ੀਆਂ ਦੀ ਜਿੱਲਣ ਵਿੱਚ ਫਸੀ ਕਿਸਾਨੀ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਭਾਅ  ਹਥਿਆ ਕੇ ਉਸਾਰੇ ਜਾ ਰਹੇ ਪੈਲਿਸਾਂ , ਰੀਜ਼ੋਰਟਾਂ , ਵੱਡੇ –ਹੱਟਾਂ ਦੇ ਨਾਲ ਨਾਲ ਸ਼ਹਿਰਾਂ ਵੱਲੋਂ ਨਾਲ ਲਗਦੇ ਪਿੰਡਾਂ ਨੂੰ ਇਕ ਤਰ੍ਹਾਂ ਖਾਣ-ਨਿਗਲਣ ਦੀ ਹਾਬਡ਼ੀ ਮੁੰਹਿਮ ਵਾਂਗ ਉਸਰਦੀਆਂ ਕਾਲੋਨੀਆਂ ਕਿਸੇ ਵੀ ਸੂਝਵਾਨ ਪਾਠਕ ਲਈ ਓਪਰੀਆਂ ਨਹੀਂ ਹਨ ।
      ਇੱਥੇ ਇਹ ਮੰਨ ਲੈਣ ਵਿਚ ਕੋਈ ਝਿਜਕ ਨਹੀਂ ਕਿ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਨੇ , ਸੂਚਨਾ-ਤਕਨਾਲੋਜੀ ਦੇ ਤੇਜ਼-ਤਰਾਰ ਯੁੱਗ ਵਿਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ ,ਮਨੁੱਖ ਦੀ ਬੌਧਿਕਤਾ , ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤਕ ਉੱਥਲ-ਪੁੱਥਲ ਕਰ ਦਿੱਤੇ ਹਨ । ਸਾਡੀ ਬੋਲੀ ਦੇ ਲੇਖਕ ਸਮੇਤ ਕਲਾ ਖੇਤਰ ਦਾ ਸ਼ਾਇਦ ਹੀ ਕੋਈ ਸੰਦੇਵਨਸ਼ੀਲ ਵਿਅਕਤੀ ਵਿਉਪਾਰੀਕਰਨ ਦੇ ਇਕ ਵਿਕਰਾਨ ਪ੍ਰਭਾਵ ਤੋਂ ਬਚਿਆ ਹੋਵੇ । ਹੁਣ ਕਲਕਾਰਾਂ ਦੀ ਪ੍ਰਗਤੀਸ਼ੀਲ ਗਿਣ ਹੁੰਦੀ ਸੰਵੇਦਨਾ ਵੀ , ਉੱਤਰ-ਆਧੁਨਿਕ ਹੋਈ ਪਾਪੂਲਇਜ਼ਮ ਦੀ ਗ੍ਰਿਫਤ ਵਿਚ ਆ ਗਈ ਹੈ । ‘ਗਡ਼੍ਹ ਬਖਸ਼ਾ ਸਿੰਘ ‘ ਕਹਾਣੀ ਸੰਗ੍ਰਹਿ ਅੰਦਰਲੀ ਕਹਾਣੀ ‘ਥਰਸਟੀ ਕਰੋਅ ‘ ਕਲਾ-ਖੇਤਰ ਅੰਦਰ ਪਸਰ ਗਈ ਪੈਸੇ ਦੇ ਪ੍ਰਸਿੱਧੀ ਦੀ ਪ੍ਰਾਪਤੀ ਲਈ ਸੰਗੀਤ ਵਰਗੀ ਪਾਰਸ ਗਿਣ ਹੁੰਦੀ ਸਿਨਫ਼ ਵਿੱਚ ਵੀ ਬਲਿਊ-ਡਾਕੂਮੈਂਟੇਸ਼ਨ ਦੇ ਨੰਗ-ਨੰਗੇਜ ਦੀ ਦਖਲਅੰਦਾਜ਼ੀ ਉੱਤੇ ਫਿਕਰਮੰਦ ਹੈ ।
       ਇਹ ਠੀਕ ਹੈ ਕਿ ਗਲੋਬਲ ਪਿੰਡ ਦੇ ਅਖੌਤੀ ਵਿਕਾਸ ਮਾਡਲ ਨੇ ਵਿਸ਼ਵ ਵਿਆਪੀ ਸੰਕਟ ਖਡ਼੍ਹੇ ਕੀਤੇ ਹਨ । ਇਕ ਭਾਸ਼ਾ ,ਇਕ ਸੱਭਿਆਚਾਰ ਵੱਲ ਨੂੰ ਵਧ ਰਹੇ ਇਸ ਵਰਤਾਰੇ ਨੇ ਸਭਿਆਚਰਕ ਅਨੇਕਤਾਵਾਂ ਦੀ ਬੇਸ਼ਕੀਮਤੀ ਦੌਲਤ ਨੂੰ ਵੀ ਖੋਰਾ ਲਾਇਆ ਹੈ ਅਤੇ ਮਨੁੱਖ ਅੰਦਰਲੀ ਮਨੁੱਖਤਾ ਨੂੰ ਅੰਦਰੋ-ਅੰਦਰ ਖਾ ਕੇ ਇਸ ਦੀ ਦ੍ਰਿਸ਼ਟੀ ਨੂੰ ਵੀ ਧੁੰਧਲਾ ਕੀਤਾ ਹੈ । ਤਾਂ ਵੀ ਸਾਡੇ ਜਨ-ਸਮੂਹ ਦੇ ਇਕ ਵੱਡੇ ਹਿੱਸੇ ਨੂੰ ,ਨਾ ਤਾਂ ਮੰਡੀ ਆਰਥਿਕਤਾ ਦੀ ਚਮਕ-ਦਮਕ ਹੀ ਰਾਸ ਆਉਂਦੀ ਦਿਸਦੀ ਹੈ ਤੇ ਨਾ ਹੀ ਇਸ ਦੇ ਬੀਮਾਰ ਸਭਿਆਚਾਰ ਕਾਰਨ ਵਿਭਾਜਤ ਹੋਏ ਰਿਸ਼ਤਿਆਂ ਦੀ ਅਨੈਤਿਕਤਾ ।
      ਅੱਜੋਕੇ ਕੇਂਦਰੀਕ੍ਰਿਤ ਵਿਕਾਸ-ਪ੍ਰਬੰਧ ਦਾ ਇਕ ਨਾਂਹ-ਪੱਖ ਇਹ ਵੀ ਹੈ ਕਿ ਇਸ ਸਾਹਮਣੇ ਬਦਲਵਾਂ ਮਾਡਲ ਪੇਸ਼ ਕਰਨ ਵਾਲੀਆਂ ਸਾਡੇ ਮੁਲਕ ਦੀਆਂ ਖੱਬੀਆਂ ਧਿਰਾਂ ਨੇ ਜਾਂ ਤਾਂ ਉਸੇ ਮਾਡਲ ਦੀ ਪ੍ਰਸੰਗਕਤਾ ਨੂੰ ਹੂ-ਬ-ਹੂ ਪ੍ਰਵਾਨ ਕਰ ਲਿਆ ਹੈ , ਜਾਂ ਫਿਰ ਆਪਣੇ ਵਰਤਾਰੇ ਨੂੰ ਅਪਡੇਟ ਕਰਕੇ , ਵਿਸ਼ਵੀਕ੍ਰਿਤ ਨੀਤੀਆਂ ਦੇ ਅਨੁਸਾਰੀ ਹੋਣ ਦਾ ਨਿਰਣਾ ਲੈ ਲਿਆ ਹੈ । ਇਸ ਦੇ ਸਿੱਟੇ ਵਜੋਂ ਸਾਡੇ ਸਾਹਿਤ , ਵਿਸ਼ੇਸ਼ ਕਰਕੇ ਕਹਾਣੀ ਲੇਖਕ ਨੇ ਮੰਡੀ ਦਾ ਕਹਾਣੀਕਾਰ ਬਣਨ ਨੂੰ ਪਹਿਲ ਦੇ ਦਿੱਤੀ ਜਾਂ ਫਿਰ ਸਮੁੱਚੇ ਮਾਨਵੀ ਸਮਾਜ ਦੀ ਥਾਂ ਇਸ ਅੰਦਰਲੇ ਜਾਤੀ , ਉਪ –ਜਾਤੀ ਟੋਟਿਆਂ ਦੁਆਲੇ ਆਪਣੀ ਕਲਮ ਨੂੰ ਕੇਂਦਰਤ ਕਰ ਲਿਆ । ਫਲ-ਸਰੂਪ ਅੱਜ ਦੀ ਚੋਖੀ ਕਹਾਣੀ ਯੋਗ-ਅਯੋਗ ਜਿਨਸੀ ਸੰਬੰਧਾਂ ਦੁਆਲੇ , ਜਾਂ ਦਲਿਤ ਗਿਣ ਹੁੰਦੇ ਵਰਗਾਂ ਦੀਆਂ ਲੌਡ਼ਾਂ-ਔਕਡ਼ਾਂ ਦੇ ਉਪ-ਭਾਵੁਕ ਵਰਨਣ ਦੁਆਲੇ ਹੀ ਪਰਿਕਰਮਾ ਕਰਦੀ ਜਾਪਦੀ ਹੈ ।
      ਪ੍ਰਗਤੀਸ਼ੀਲਤਾ-ਪ੍ਰਗਤੀਵਾਦ ਵਰਗੇ ਸੰਕਲਪ ਤਾਂ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫ਼ਨਾ ਦਿੱਤੇ ਹੋਣ । ਪਰ ਮੇਰੀ ਕਹਾਣੀ ਲਿਖਤ ਨੂੰ ਅਜੇ ਤਕ ਵੀ ਇਹ ਦੋਨੋਂ ਸੰਕਲਪ ਕਿਸੇ ਵੀ ਤਰ੍ਹਾਂ ਬੀਤ ਚੁੱਕੇ ਸਮੇਂ ਦੀ ਦਾਸਤਾਨ ਨਹੀਂ ਜਾਪਦੇ । ਮੈਨੂੰ ਅੱਜ ਵੀ ਇਹਨਾਂ ਅੰਦਰ ਪੂਰੀ ਦੀ ਪੂਰੀ ਮਨੁੱਖਤਾ ਲਈ ਕਲਿਆਣਕਾਰੀ ਵਿਵਸਥਾ ਉਸਾਰ ਲੈਣ ਦੀ ਸ਼ਕਤੀ ਦਾ ਆਭਾਸ ਹੈ । ਭਾਵੇਂ ਕਿ, ਇਤਿਹਾਸ ਦੀਆਂ ਕਈ ਸਾਰੀਆਂ ਉਦਾਹਰਨਾਂ ਵਰਗਾ ਤਿਆਗ ਤੇ ਦ੍ਰਿਡ਼ ਸੰਕਲਪ ਇਸ ਸਿਧਾਂਤ ਦੇ ਪੈਰੋਕਾਰਾਂ ਅੰਦਰੋਂ ਅਲੋਪ ਹੋ ਗਿਆ ਹੈ , ਤਾਂ ਵੀ ਹੋ ਚੀ ਮਿੰਨ੍ਹ ਦੀ ਸਾਦਗੀ ਦੇ ਬਚਨਬੱਧਤਾ ਦੀ ਉਦਾਹਰਨ ਇਹਨਾਂ ਕਾਮਿਆਂ ਅੰਦਰੋਂ ਖਿਸਕ ਚੁੱਕੀ ਦ੍ਰਿਡ਼ਤਾ ਨੂੰ ਮੁਡ਼ ਪੈਰਾਂ ਸਿਰ ਕਰ ਸਕਦੀ ਹੈ ।
      ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਆਰ.ਕੇ.ਨਰਾਇਣਨ ਨੇ ਦੱਸਿਆ ਕਿ ਉਹ ਆਈ.ਐੱਫ.ਐੱਸ. ਵਿਚ ਨਿਯੁਕਤ ਹੋ ਕੇ ਵੀਅਤਨਾਮ ਦੇ ਪ੍ਰਧਾਨ ਹੋ ਚੀ ਮਿੰਨ੍ਹ ਨੂੰ ਉਸ ਦੇ ਰਾਸ਼ਟਰਪਤੀ ਨਿਵਾਸ ‘ਤੇ ਮਿਲਣ ਗਏ । ਮਹੱਲ ਬਹੁਤ ਸ਼ਾਨਦਾਰ ਇਮਾਰਤ ਸੀ । ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਜੀ ਇਸ ਮਹੱਲ ਵਿੱਚ ਨਹੀਂ , ਨਾਲ ਲਗਦੇ ਛੋਟੇ ਜਿਹੇ ਮਕਾਨ ਵਿੱਚ ਨਿਵਾਸ ਕਰਦੇ ਹਨ । ਮਹੱਲ ਸਿਰਫ਼ ਸਰਕਾਰੀ ਮਹਿਮਾਨਾਂ ਲਈ ਵਰਤਿਆ ਜਾਂਦਾ ਹੈ । ਨਾਰਾਇਣਨ ਉਸ ਘਰ ਵਿਚ ਚਲੇ ਗਏ । ਜਾਂਦਿਆ ਉਹਨਾਂ ਦੇਖਿਆ ਕਿ ਪ੍ਰਧਾਨ ਹੋ ਚੀ ਮਿੰਨ੍ਹ ਮੱਝ ਚੋ ਰਹੇ ਸਨ । ਹੋ ਚੀ ਮਿੰਨ੍ਹ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਰਾਸ਼ਨ ਤੇ ਕੱਪਡ਼ੇ ਆਮ ਨਾਗਰਿਕਾਂ ਵਾਂਗ ਹੀ ਮਿਲਦੇ ਹਨ ।
        ਇਹ ਸ਼ਾਇਦ ਵੀਅਤਨਾਮੀ ਪ੍ਰਧਾਨ ਵਰਗੇ ਕਾਰਜਕਰਤਾਵਾਂ ਦੀ ਉਦਾਹਰਨ ਦਾ ਸਿੱਟਾ ਹੋਵੇ ਕਿ ਮੇਰੀ ਕਹਾਣੀ ‘ਗਡ਼੍ਹੀ ਬਖਸ਼ਾ ਸਿੰਘ ‘ ਦਾ ਪਾਤਰ ਸਮਿੱਤਰ ਆਪਣੇ ਉਮਰ ਭਰ ਦੇ ਜੋਟੀਦਾਰ ,ਤਿਆਗ ਦੇ ਦ੍ਰਿਡ਼-ਸੰਕਲਪ ਦੇ ਧਾਰਨੀ ਰਹੇ ਕਾਮਰੇਡ ਜੱਥੇਦਾਰ ਗੁਰਬਖਸ਼ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ , ਉਸ ਦੀ ਸੋਗੀ ਸੱਥ ‘ਤੇ ਬੈਠਾ ਟਿਕਟਿਕੀ ਲਾਈ ਅਜੇ ਵੀ ਜੱਥੇਦਾਰ ਵਰਗੇ ਕਿਸੇ ਦੀ ਆਮਦ ਨੂੰ ਤਾਂਘ ਰਿਹਾ ਹੈ । ਇਵੇਂ ਹੀ ‘ ਅਕਾਲਗਡ਼੍ਹ ‘ , ਕਹਾਣੀ ਦੇ ਪਾਤਰ ,ਪਿਆਰਾ ਤੇ ਗਿਆਨੀ ਬੰਤ ਸਿੰਘ ; ‘ਜੁਬਾਡ਼ੇ ‘ ਕਹਾਣੀ ਦੇ ਮਹਿੰਗਾ ਸਿੰਘ –ਬਚਨ ਕੌਰ ; ‘ਇਕ ਕੰਢੇ ਵਾਲਾ ਦਰਿਆ ‘ ਦੇ ਕਰਮੇਂ ; ‘ਜਿੰਨ ‘ ਕਹਾਣੀ ਦੇ ਕਿਰਪਾ ਸਿੰਘ ; ‘ਪੌਡ਼ੀ

Saturday, March 03, 2012

ਖਾਮੋਸ਼ੀਆਂ ਨੂੰ ਤੋੜਣ ਦੀ ਕੋਸ਼ਿਸ਼

ਜਦ ਅੰਦਰੋਂ ਕੁਝ ਟੁੱਟ ਜਾਂਦਾ ਹੈ ਜਾਂ ਫਿਰ ਦਿਲ ਮੰਨ ਲੈਂਦਾ ਹਾਰ .....!
ਜਨਮ ਜਨਮ ਦਾ ਚੱਕਰ ਪਲ ਪਲ ਵਾਪਰਦਾ ਹਰ ਦੁਨੀਆ ਵਿੱਚ ...
ਹਰ ਇੱਕ ਅੰਦਰ ਮੁੜ ਮੁੜ ਮਰਦਾ ਮੁੜ ਮੁੜ ਜੰਮਦਾ ਹੈ ਕੁਝ ਤਾਂ                 (ਫੋਟੋ ਧੰਨਵਾਦ ਸਹਿਤ:ਸੂਫੀ ਜ਼ੇਨ) 
ਕਹਿੰਦੇ ਨੇ ਜਨਮ ਤੋਂ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ.. ਜੈਨੇਟਿਕ ਵਿਗਿਆਨ ਦੀਆ ਬਹੁਤ ਸਾਰੀਆਂ ਹਕੀਕਤਾਂ ਨੂੰ ਪੜ੍ਹਕੇ ਮੇਰੇ ਮਨ ਵਿੱਚ ਵੀ ਜਿਗਿਆਸਾ ਜਾਗੀ ਸੀ ਕਿ ਜਨਮ ਅਤੇ ਮੌਤ ਦੇ ਪਲਾਂ ਨੂੰ ਨੇੜਿਓਂ ਹੋ ਕੇ ਮਹਿਸੂਸ ਕੀਤਾ ਜਾਏ. ਸੱਜਣਾਂ ਮਿੱਤਰਾਂ ਦੇ ਅੰਤਿਮ ਦਰਸ਼ਨ ਜਾਂ ਫੇਰ ਅੰਤਿਮ ਸੰਸਕਾਰ ਵੇਲੇ ਮੈ ਕਈ ਆਂ ਦੇ ਚਿਹਰਿਆਂ ਨੂੰ ਨੇੜੇ ਹੋ ਕੇ ਤੱਕਣ ਦੀ ਕੋਸ਼ਿਸ਼ ਕਰਦਾ ਤਾਂ ਆਮ ਤੌਰ ਤੇ ਉਹਨਾਂ ਦਾ ਚਿਹਰਾ ਸਭ ਕੁਝ ਬਿਆਨ ਕਰ ਦੇਂਦਾ ਕਿ ਉਹਨਾਂ ਨੇ ਮੌਤ ਨੂੰ ਕਿਸੇ ਦੋਸਤ ਵਾਂਗ ਗਲੇ ਲਗਾਇਆ, ਇਸ ਨੂੰ ਪ੍ਰਮਾਤਮਾ ਦਾ ਭਾਣਾ ਸਮਝਿਆ ਜਾਂ ਫੇਰ ਇਸ ਤੋਂ ਬਚਣ ਲਈ ਇਸ ਨਾਲ ਸੰਘਰਸ਼ ਕੀਤਾ. ਉਹ ਮੌਤ ਵੇਲੇ ਡਰੇ ਹੋਏ ਸਨ ਜਾਂ ਇਸਦਾ ਸਾਹਮਨ ਕਰਨ ਲਈ ਤਿਆਰ ਸਨ. ਉਹਨਾਂ ਦੇ ਚਿਹਰੇ 'ਤੇ ਉਹਨਾਂ ਦੇ ਮਨ ਦੀ ਉਹ ਅੰਤਲੀ ਹਾਲਤ, ਦਿਮਾਗ ਦੀ ਉਹ ਆਖਿਰੀ ਹਾਲਤ, ਖਿਆਲਾਂ ਦੀ ਕਸ਼ਮਕਸ਼ ਕਿਸੇ ਪ੍ਰਿੰਟ ਵਾਂਗ ਛਪੀ ਹੁੰਦੀ.  ਕਈ ਵਾਰ ਮੈਂ ਝਕਦਿਆਂ ਝਕਦਿਆਂ  ਮਿਰਤਕ ਦੇ ਘਰ ਪਰਿਵਾਰ ਦੇ ਮੈਂਬਰਾਂ  ਨੂੰ ਮੌਤ ਮਗਰੋਂ ਛਿੜੀ ਕਿਸੇ ਝਗੜੇ ਵਾਲੀ ਬਹਿਸ ਨੂੰ ਸਮੇਟਣ ਜਾਂ ਟਾਲਣ  ਲਈ ਬਿਨਾ ਕਿਸੇ ਭੂਮਿਕਾ ਦੇ ਬਸ ਇਸ਼ਾਰੇ ਜਿਹੇ 'ਚ ਹੀ ਆਖ ਦੇਂਦਾ ਕਿ ਅੰਤਲੇ ਵੇਲੇ ਉਸਦੀ ਹਾਲਤ ਇਹ ਸੀ ਇਹ ਸੀ ਇਸਲਈ ਤੁਸੀਂ ਉਸ ਬਾਰੇ ਸੋਚੋ ਨਾ ਕਿ ਜਾਣ ਵਾਲੇ ਬਾਰੇ. ਅਕਸਰ ਇਹ ਅੰਦਾਜ਼ਾ ਸਹੀ ਬੈਠਦਾ. ਲੋਕ ਪੁਛਣ ਲੱਗ ਜਾਂਦੇ ਕਿ ਤੁਸੀਂ ਤਾਂ ਕਾਫੀ ਚਿਰ ਤੋਂ  ਮ੍ਰਿਤਕ ਨੂੰ ਮਿਲੇ ਹੀ ਨਹੀਂ ਤੁਹਾਨੂੰ ਕਿਵੇਂ ਪਤਾ ਕਿ ਉਹ ਅੱਜ ਕਲ ਇਸ ਚਿੰਤਾ ਵਿੱਚ ਸੀ.. ਕਈ ਵਾਰ ਲੋਕ ਪੁਛਦੇ ਕਿ ਸਚ ਦੱਸੋ ਮ੍ਰਿਤਕ ਨੇ ਤੁਹਾਨੂੰ ਆਪਣੀ ਕਿਸੇ ਖਾਸ ਚਿੱਠੀ ਜਾਂ  ਫਿਰ ਕਿਸੇ ਫੋਨ ਵਾਰਤਾ ਵਿੱਚ ਹੋਰ ਕੀ ਕੀ  ਦੱਸਿਆ. 
ਕਈ ਕਾਰਨਾਂ ਅਤੇ ਸਾਵਧਾਨੀਆਂ ਕਰਕੇ ਉਹਨਾਂ ਨੂੰ ਇਹ ਦੱਸਣਾ ਠੀਕ ਨਾਂ ਲੱਗਦਾ ਕਿ ਇਹ ਅੰਤਲਾ ਚਿਹਰਾ ਏਨਾ ਸਚ ਬੋਲਦਾ ਹੈ ਕਿ ਉਸਦੇ ਸਾਹਮਣੇ ਕਿਸੇ ਹੋਰ ਗੱਲ ਦੀ ਕੋਈ ਲੋੜ ਹੀ ਨਹੀਂ ਰਹਿੰਦੀ. ਇਸ ਹਕੀਕਤ ਨੂੰ ਦੇਖ ਕੇ ਮੈਂ ਖੁਦ ਹੈਰਾਨ ਰਹਿ ਜਾਂਦਾ. ਮੈਨੂੰ ਹੋਲੀ ਹੋਲੀ ਸਮਝ ਆਉਣ ਲੱਗੀ ਕਿ ਸਾਰੀ ਉਮਰ ਭਰ ਦਾ ਲਾਈਫ  ਸਟਾਈਲ, ਉਮਰ ਭਰ ਦੀਆਂ ਸੋਚਾਂ, ਉਮਰ ਭਰ ਦੀ ਜੱਦੋਜਹਿਦ ਕਿਵੇਂ ਉਹਨਾਂ ਆਖਿਰੀ ਪਲਾਂ ਤੇ ਭਾਰੂ ਹੋ ਜਾਂਦੀ ਹੈ. ਅੰਤਲੇ ਸਮੇਂ ਉਸ ਆਖਿਰੀ ਚਿਹਰੇ ਦੀ ਆਖਿਰੀ ਤਸਵੀਰ ਕਿਹੜਿਆਂ ਕਿਹੜਿਆਂ  ਖਿਆਲਾਂ ਨਾਲ ਚੰਗੀ ਜਾਂ ਮੰਦੀ ਬਣ ਜਾਂਦੀ ਹੈ. ਹਥੋਂ ਛੁੱਟ ਜਾਣ ਵਾਲੇ ਧੰਨ ਦੌਲਤ ਦਾ ਮੋਹ ਜਾਂ ਫੇਰ ਕਿਸੇ ਅਸੀਮ ਸ਼ਕਤੀ ਵੱਲ ਲਗਾਓ ਕਿਵੇਂ ਉਸ ਆਖਿਰੀ ਚਿਹਰੇ ਦੀ ਤਸਵੀਰ ਬਣਾਉਂਦਾ ਹੈ...ਅੰਤ ਕਾਲ ਜੋ ਲੱਛਮੀ ਸਿਮਰੇ ਵਰਗੀਆਂ ਸਾਰੀਆਂ ਤੁਕਾਂ ਦੀ ਸਮਝ ਪੈਣ ਲੱਗਦੀ. 
ਹਾਲਾਂਕਿ ਇਸ ਪਾਸੇ ਧਿਆਨ ਲਾਉਣ ਦਾ ਜ਼ਿੰਦਗੀ 'ਚ ਕੋਈ ਦੁਨਿਆਵੀ ਲਾਹਾ ਨਹੀਂ ਸੀ ਹੋਣਾ ਪਰ ਫਿਰ ਵੀ ਮੇਰੀ ਦਿਲਚਸਪੀ ਇਸ ਪਾਸੇ ਲਗਾਤਾਰ ਵਧਦੀ ਗਈ. ਇਸ ਵਿਗਿਆਨ ਦੀ ਅਣਅਧਿਕਾਰਿਤ ਖੋਜ ਦੌਰਾਨ ਹੀ ਮੈਂ ਨਵ ਜਨਮੇ ਬੱਚਿਆਂ ਦੇ ਚਿਹਰੇ ਵੀ ਬੜੇ ਗਹੁ ਨਾਲ ਦੇਖਣ ਲੱਗ ਪਿਆ. ਕਿਸੇ ਵੀ ਨਵਜਨਮੇ ਬੱਚੇ ਦਾ ਚਿਹਰਾ ਉਸ ਅੰਦਰਲੀ ਜਮਾਂਦਰੂ ਸਿਆਣਪ  ਬਾਰੇ, ਉਸ ਅੰਦਰ ਛਿਪੀ ਪ੍ਰਤਿਭਾ ਬਾਰੇ, ਉਸ ਅੰਦਰ ਲੁਕੀ ਸੰਘਰਸ਼ ਦੀ ਸ਼ਕਤੀ ਬਾਰੇ ਬੜਾ ਕੁਝ ਦਸ ਦੇਂਦਾ. ਫਿਰ ਮੈਂ ਇਸਨੂੰ ਅੰਕ ਵਿਗਿਆਨ ਨਾਲ ਮਿਲਾ ਕੇ ਦੇਖਣਾ ਵੀ ਸ਼ੁਰੂ ਕੀਤਾ. ਬੱਚੇ ਵੱਡੇ ਹੁੰਦੇ ਤਾਂ ਮੈਂ ਉਹਨਾਂ ਦੇ ਘਰੇਲੂ ਹਾਲਾਤ ਅਤੇ ਵਾਤਾਵਰਣ ਬਾਰੇ ਵੀ ਦੇਖਦਾ. ਕਈ ਵਾਰ ਮੈਂ ਅਜਿਹੇ ਮਾਮਲੇ ਦੇਖੇ ਕਿ ਹਾਲਾਤ ਦੀਆਂ ਹਨੇਰੀਆਂ ਨੇ ਉਹਨਾਂ ਵਿਚਲੀ ਸ਼ਕਤੀ ਨੂੰ ਜਾਂ ਤਾਂ ਕਈ ਗੁਣਾ ਵਧਾ ਦਿੱਤਾ ਸੀ ਤੇ ਜਾਂ ਬਿਲਕੁਲ ਹੀ ਖਤਮ ਕਰ ਦਿੱਤਾ  ਸੀ. ਮੈਨੂੰ ਫਿਰ ਇਹ ਸਮਝ ਆਇਆ ਕਿ ਪੁਨਰ ਜਨਮ ਕੀ ਹੈ. ਸਾਡੇ ਬਾਰ ਬਾਰ ਟੁੱਟਦੇ ਅਤੇ ਨਵੇਂ ਸੈਲ ਕੀ ਆਖਦੇ ਹਨ. ਅਸੀਂ ਪਲ ਪਲ ਕਿਵੇਂ ਮਰਦੇ ਹਾਂ ਤੇ ਕਿਵੇਂ ਜਨਮ ਲੈਂਦੇ ਹਾਂ. ਸਦਾ ਬਚਪਨ ਵਾਲਾ ਚਿਹਰਾ ਕਿਓਂ ਨਹੀਂ ਰਹਿੰਦਾ, ਸਾਡੀ ਜੋਬਨ ਵਾਲੀ ਸ਼ਕਤੀ ਕਿਓਂ ਨਹੀਂ ਮੁੜਦੀ. ਕਈ ਵਾਰ ਹਿਸਾਬ ਕਿਤਾਬ ਬੜਾ ਉਲਝਿਆ ਲੱਗਦਾ. ਮਹਿਸੂਸ ਹੁੰਦਾ ਕਿ ਜੇ ਸਚਮੁਚ ਰਬ ਰੱਬ ਹੈ ਤਾਂ ਉਹ ਬਹੁਤ ਹੀ ਹਿਸਾਬੀ ਕਿਤਾਬੀ ਹੈ. ਇੱਕ ਚੀਜ਼ ਲਏ ਬਿਨਾ ਉਹ ਦੂਜੀ ਚੀਜ਼ ਨਹੀਂ ਦੇਂਦਾ. ਫਿਰ ਉਹ ਚੀਜ਼ ਭਾਵੇਂ ਮਨ ਦੀ ਹੋਵੇ ਜਾਂ ਤਨ ਦੀ. ਹੁਣ ਇੱਕ ਵਾਰ ਫੇਰ ਮੈਨੂੰ ਇੱਕ ਪਾਕਿਸਤਾਨੀ ਸ਼ਾਇਰ ਦਾ ਉਹ ਸ਼ਿਅਰ ਕਿਸੇ ਨਵੇਂ ਅੰਦਾਜ਼ ਨਾਲ ਸਮਝ ਆਉਣ ਲੱਗਿਆ...
ਲੜਕਪਨ ਵੀ, ਜਵਾਨੀ ਵੀ, ਬੁਢਾਪਾ ਵੀ ਮਿਰੇ ਰੱਬਾ !.
ਮੈਂ ਇੱਕ ਇੱਕ ਕਰਕੇ ਤੈਨੂੰ ਮੋੜਦਾ ਜਾਨਾਂ ਆਂ ਸੌਗਾਤਾਂ !
ਬਾਰ ਬਾਰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਸੰਸਾਰ ਨਾਸ਼ਵਾਨ ਹੈ ਪਰ ਇਸ  ਨਾਸ਼ਵਾਨ ਸੰਸਾਰ ਵਿੱਚ ਕਾਫੀ ਕੁਝ ਸ਼ਾਸ਼ਵਤ ਕਿਸਮ ਦਾ ਵੀ ਹੈ...ਬਹੁਤ ਕੁਝ ਹੈ ਜਿਸਦੀ ਉਮਰ ਘਟੋਘੱਟ ਸਾਡੇ ਨਾਲੋਂ ਲੰਮੀ ਲਮੇਰੀ ਹੁੰਦੀ ਹੈ  ਇਸ ਬਹੁਤ ਕੁਝ ਵਿਚ ਲਿਖਤਾਂ ਵੀ ਹਨ ਅਤੇ ਲਿਖਤਾਂ ਵਿੱਚ ਸ਼ਾਇਰੀ ਦਾ ਦਰਜਾ ਸ਼ਾਇਦ ਸਭ ਤੋਂ ਉੱਪਰ ਹੈ. ਇਹ ਸਭਕੁਝ ਯਾਦ ਆਇਆ ਜਗਰਾਓਂ ਦੇ ਸ਼ਾਇਰ ਕੁਲਦੀਪ ਸਿੰਘ ਢਿੱਲੋਂ ਦੀ ਇੱਕ ਰਚਨਾ ਪੜ੍ਹਕੇ. ਇਹ ਰਚਨਾ ਸੰਨ 1974  ਵਿੱਚ ਲਿਖੀ ਗਈ ਸੀ. ਇਸ ਵਿੱਚ ਸੰਕਲਪ ਸ਼ਕਤੀ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਹੁੰਦਾ ਹੈ. ਇਹ ਕਵਿਤਾ ਮੇਰੇ ਤੱਕ ਕਿਵੇਂ ਪੁੱਜੀ ਇਹ ਇੱਕ ਵੱਖਰੀ ਕਹਾਣੀ ਹੈ. ਛੇਤੀ ਹੀ ਉਸਦਾ ਜ਼ਿਕਰ ਵੀ ਕੀਤਾ ਜਾਏਗਾ ਪਰ ਪਹਿਲਾਂ ਤੁਸੀਂ ਇਹ ਰਚਨਾ ਪੜ੍ਹੋਜਿਸ ਦਾ ਸਿਰਲੇਖ ਵੀ ਪ੍ਰਤਿੱਗਿਆ ਹੈ ਅਤੇ ਇਸ ਵਿੱਚ ਬਾਰ ਬਾਰ ਇਹ ਸਾਹਮਣੇ ਵੀ ਆਉਂਦੀ ਹੈ:    
"ਪ੍ਰਤਿੱਗਿਆ"
ਕੁਲਦੀਪ ਸਿੰਘ ਢਿੱਲੋਂ (1974)
ਜਦੋਂ ਵੀ ਕਰਾਂਗਾ,
ਸੱਚ ਦੀ ਗੱਲ ਕਰਾਂਗਾ
ਇਨਸਾਫ਼ ਦੀ ਗੱਲ ਕਰਾਂਗਾ
ਮੌਤ ਦੀ ਨਹੀਂ,
ਜੀਵਨ ਦੀ ਗੱਲ ਕਰਾਂਗਾ
ਸਰਦ ਹੋਏ ਦਿਲਾਂ ਅੰਦਰ
ਸੱਧਰਾਂ ਦੀ ਅੱਗ ਬਲਾਂਗਾ
ਕਿਸੇ ਦੇ ਡੂੰਘੇ ਜ਼ਖਮਾਂ 'ਤੇ
ਸਾਹਸਾਂ ਦੀ ਟਾਕੀ ਰੱਖ ਕੇ
ਆਸਾਂ ਦੇ ਤੋਪੇ ਭਰਾਂਗਾ
ਮੈਂ ਕੋਈ ਅਰਜਣ ਨਹੀਂ
ਜੋ ਇਹ ਪ੍ਰਤਿਗਿਆ ਕਰਾਂਗਾ
ਜੇ ਸੂਰਜ ਛੁਪਣ ਤੱਕ 
ਜੰਗ ਨਾ ਜਿੱਤ ਸਕਿਆ
ਤਾਂ ਸਡ਼ ਕੇ ਮਰਾਂਗਾ
ਮੈਂ ਤਾਂ ਯਾਰੋ
ਇਹ ਪ੍ਰਤਿਗਿਆ ਕਰਾਂਗਾ
ਜਿਨਾਂ ਚਿਰ ਜ਼ੁਲਮ ਨੂੰ ਨਹੀਂ ਫੂਕਦਾ
ਮੈਂ ਜੀਂਦਾ ਹੀ ਰਹਾਂਗਾ
ਤੇ ਜ਼ੁਲਮ ਦੇ ਹਨ੍ਹੇਰੇ ਵਿੱਚ
ਇਮਾਨ ਨੂੰ ਸੱਜਦਾ ਕਰਾਂਗਾ
ਇਨਸਾਫ਼ ਨੂੰ ਸੱਜਦਾ ਕਰਾਂਗਾ
ਮੈਂ ਕੋਈ ਸੁਕਰਾਤ ਨਹੀਂ
ਜੋ ਜ਼ਹਿਰ ਦੀ ਘੁੱਟ
ਹੱਸ-ਹੱਸ ਕੇ ਭਰਾਂਗਾ
ਯਾਰੋ, ਮੈਂ ਤਾਂ ਹਾਂ ਦੀਪ ਸਿੰਘ
ਜੋ ਜੂਝ ਕੇ ਮਰਾਂਗਾ
ਬੇਸ਼ੱਕ ਕੱਟਿਆ ਜਾਵੇ ਲੱਖ ਵਾਰ ਸੀਸ
ਮੈਂ ਤਾਂ ਮੁਡ਼ ਸੀਸ ਤਲੀ 'ਤੇ ਧਰਾਂਗਾ
ਜ਼ਿੰਦਗੀ ਤੇ ਮੌਤ ਦਾ 
ਇਨਸਾਫ਼ ਫ਼ਿਰ ਕਰਾਂਗਾ
ਮੈਂ ਕੋਈ ਮਸੀਹ ਨਹੀਂ
ਜੋ ਸੂਲ਼ੀ ਦੀ ਸੇਜ 'ਤੇ
ਖ਼ਾਮੋਸ਼ ਹੀ ਸੌਂ ਜਾਵਾਂਗਾ
ਮੈਂ ਤਾਂ ਯਾਰੋ ਸੂਲ਼ੀ ਦੀ
ਤੰਦ-ਤੰਦ ਤੋਡ਼ਾਂਗਾ
ਮੈਂ ਕੋਈ ਗੌਤਮ ਨਹੀਂ
ਜੋ ਦੁੱਖਾਂ ਤੋਂ ਤੰਗ ਆ ਕੇ
ਜੰਗਲ ਵੱਲ ਤੁਰਾਂਗਾ
ਮੈਂ ਤਾਂ ਦੁਨੀਆਂ ਵਿੱਚ ਰਹਿ ਕੇ
ਦੁੱਖਾਂ ਨੂੰ ਛਾਣਾਂਗਾ ਤੇ
ਗਮਾਂ ਦੇ ਸਾਗਰ ਤਰਾਂਗਾ
ਭਾਵੇਂ ਲੱਖ ਵਾਰ ਜਿੱਤਾਂਗਾ
ਭਾਵੇਂ ਲੱਖ ਵਾਰ ਹਰਾਂਗਾ
ਪਰ ਫੇਰ ਵੀ
ਮੈਂ ਜਦੋਂ ਵੀ ਕਰਾਂਗਾ
ਸੱਚ ਦੀ ਗੱਲ
ਮਿਹਨਤ ਦੀ ਗੱਲ
ਇਨਸਾਫ਼ ਦੀ ਗੱਲ ਹੀ ਕਰਾਂਗਾ
ਕਿਸੇ ਗੌਤਮ ਦੀ ਨਹੀਂ
ਕਿਸੇ ਸੁਕਰਾਤ ਦੀ ਨਹੀਂ
ਕਿਸੇ ਮਸੀਹ ਦੀ ਨਹੀਂ
ਮੈਂ ਆਪਣੇ- ਆਪ ਦੀ ਗੱਲ ਕਰਾਂਗਾ
ਤੇ ਇਨਕਲਾਬ ਦੀ ਕਰਾਂਗਾ !
-----ਕੁਲਦੀਪ ਸਿੰਘ ਢਿੱਲੋਂ
   (ਪਿੰਡ ਗਗਡ਼ਾ-ਜਗਰਾਓਂ
ਮੈਂ ਅਜੇ ਵੀ ਨਹੀਂ ਜਾਣਦਾ ਕਿ ਇਸ ਸ਼ਾਇਰ ਨਾਲ ਅਜਿਹਾ ਕੀ ਵਾਪਰਿਆ ਕਿ ਮਿਹਨਤ, ਹੱਕ-ਸਚ ਅਤੇ ਇਨਸਾਫ਼ ਦੀ ਗੱਲ ਕਰਨ ਵਾਲੇ ਇਸ ਸ਼ਾਇਰ ਨੇ ਅਚਾਨਕ ਹੀ ਲਿਖਣਾ ਕਿਓਂ ਬੰਦ ਕਰ ਦਿੱਤਾ. ਇੱਕ ਜਿਊਂਦੇ ਜਾਗਦੇ ਇਨਸਾਨ ਅੰਦਰਲਾ ਸ਼ਾਇਰ ਮਾਰ ਗਿਆ / ਸੋਂ ਗਿਆ ਜਾਂ ਫੇਰ ਕੁਝ ਹੋਰ ???? 
ਸ਼ਾਇਰ ਦੀ ਇਸ ਖਾਮੋਸ਼ੀ ਨੇ ਇੱਕ ਸ਼ਾਇਰਾ ਦੇ ਦਿਲ ਨੂੰ ਬਹੁਤ ਹਲੂਣਿਆ. ਸ਼ਾਇਰਾ ਰਿਸ਼ਤੇ ਵਿੱਚ ਇਸ ਸ਼ਾਇਰ ਦੀ ਭੈਣ ਲੱਗਦੀ ਹੈ. ਆਪਣੇ ਭਰਾ ਦੀ ਇਹ ਖਾਮੋਸ਼ੀ ਉਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ. ਕਾਰਣ ਭਾਵੇਂ ਕੁਝ ਵੀ ਰਹੇ ਹੋਣ ਪਰ ਭੈਣ ਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਉਸਦੇ ਭਰਾ ਦੀ ਕਲਮ ਹਾਰ ਗਈ ਹੈ ਜਾਂ ਫੇਰ ਉਸ ਦੇ ਜਜ਼ਬਿਆਂ ਨੇ ਹਾਰ ਮੰਨ ਲਈ ਹੈ. ਆਖਿਰ ਉਸ ਭੈਣ ਨੇ ਵੀ ਫੈਸਲਾ ਕੀਤਾ ਕਿ ਉਹ ਇਸ ਇਨਸਾਨ ਅੰਦਰਲੇ ਸ਼ਾਇਰ ਨੂੰ ਮਰਨ ਨਹੀਂ ਦੇਵੇਗੀ. ਉਸਨੇ ਵੀ ਸੰਕਲਪ ਕੀਤਾ ਕਿ ਉਹ ਸ਼ਾਇਰੀ ਦਾ ਇਹ ਸਿਲਸਿਲਾ ਫਿਰ ਸੁਰਜੀਤ ਕਰੇਗੀ. ਉਸ ਸ਼ਾਇਰਾ ਬਾਰੇ ਅਤੇ ਉਸਦੇ ਸੰਕਲਪ ਬਾਰੇ ਕੁਝ ਵੇਰਵਾ ਕਿਸੇ ਅਗਲੀ ਪੋਸਟ ਵਿੱਚ ਜਲਦੀ ਹੀ. ਫਿਲਹਾਲ ਇਹ ਦੱਸੋ ਤੁਹਾਨੂੰ ਇਹ ਕਵਿਤਾ ਕਿਵੇਂ ਲੱਗੀ...ਇਸ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ

Saturday, January 21, 2012

ਮੇਰੀ ਮਨਪਸੰਦ ਪੁਸਤਕ: ਮੇਰਾ ਦਾਗ਼ਿਸਤਾਨ // ਪ੍ਰੇਮ ਗੋਰਖੀ

ਜੋ ਪ੍ਰਭਾਵ ‘ਮੇਰਾ ਦਾਗ਼ਿਸਤਾਨ’ ਨੇ ਮੇਰੇ ਉੱਪਰ ਪਾਇਆ ਉਹ ਤਾਂ ਬਸ ਕਮਾਲ ਸੀ                                                                                                              
ਮੈਂ ਗਿਆਨੀ ਪਾਸ ਕਰ ਲਈ ਤਾਂ ਮੇਰਾ ਗਿਆਨੀ ਟੀਚਰ ਤਰਲੋਕ ਕਾਲਡ਼ਾ ਮੈਨੂੰ ਕਦੀ ਕਦੀ ਕੌਫੀ ਹਾਊਸ ਲੈ ਜਾਂਦਾ। ਗਿਆਨੀ ਕਰਦਿਆਂ ਹੀ ਮੇਰੀ ਪਹਿਲੀ ਕਹਾਣੀ ‘ਨਾਗਮਣੀ’ ਵਿੱਚ ਛਪ ਗਈ ਸੀ। ਕੌਫੀ ਹਾਊਸ ਜਲੰਧਰ ਦੇ ਬਹੁਤੇ ਲੇਖਕ ਜੁਡ਼ਦੇ ਜਿਨ੍ਹਾਂ ਨਾਲ ਕਾਲਡ਼ਾ ਜੀ ਮੈਨੂੰ ਮਿਲਾਉਂਦੇ। ਇੱਥੇ ਹੀ ਮੈਨੂੰ ਜਸਵੰਤ ਸਿੰਘ ਵਿਰਦੀ ਮਿਲੇ। ਵਿਰਦੀ ਜੀ ਇਕ ਦਿਨ ਮੈਨੂੰ ਕੰਪਨੀ ਬਾਗ਼ ਵਿੱਚ ਲੈ ਗਏ ਤੇ ਮੇਰੇ ਨਾਲ ਕਿਤਾਬਾਂ ਦੀਆਂ, ਕਹਾਣੀਆਂ ਦੀਆਂ ਗੱਲਾਂ ਕਰਨ ਲੱਗੇ। ਉਨ੍ਹਾਂ ਹੀ ਨਵੀਂ ਆਈ ਕਿਤਾਬ ‘ਮੇਰਾ ਦਾਗ਼ਿਸਤਾਨ’ ਬਾਰੇ ਮੈਨੂੰ ਦੱਸਿਆ ਤੇ ਕਚਹਿਰੀਆਂ ਦੇ ਕੋਲ ਕਿਤਾਬਾਂ ਦੀ ਦੁਕਾਨ ‘ਤੇ ਲੈ ਕੇ ਗਏ ਤੇ ਹਿੰਦੀ ‘ਚ ਛਪੀ ਰਸੂਲ ਹਮਜ਼ਾਤੋਵ ਦੀ ਕਿਤਾਬ ‘ਮੇਰਾ ਦਾਗ਼ਿਸਤਾਨ’ ਲੈ ਕੇ ਦਿੱਤੀ ਸਿਰਫ਼ ਚਾਰ ਰੁਪਏ ਵਿੱਚ।
‘ਮੇਰਾ ਦਾਗ਼ਿਸਤਾਨ’ ਮੈਂ ਰੋਜ਼ ਪਡ਼੍ਹਦਾ, ਪਾਠ ਕਰਨ ਵਾਂਗ। 320 ਸਫ਼ਿਆਂ ਦੀ ਉਹ ਕਿਤਾਬ ਮਹੀਨੇ ਵਿੱਚ ਮੈਂ ਛੇ ਵਾਰ ਪਡ਼੍ਹੀ। ਜਦੋਂ ਵੀ ਮੈਂ ਕਿਤਾਬ ਖੋਲ੍ਹਦਾ ਰਸੂਲ ਹਮਜ਼ਾਤੋਵ ਮੇਰੇ ਕੋਲ ਆ ਬੈਠਾ, ਮੇਰੇ ਸਾਹਵੇਂ ਤੇ ਉਹ ਹਮੇਸ਼ਾ ਮੈਨੂੰ ਫੁੱਫਡ਼ ਪੂਰਨ ਜਾਪਦਾ। ਰਸੂਲ ਦੀਆਂ ਆਖੀਆਂ ਗੱਲਾਂ ਮੈਂ ਇਕ ਕਾਪੀ ਵਿੱਚ ਲਿਖ ਲੈਂਦਾ ਤੇ ਫਿਰ ਜਦੋਂ ਵੀ ਪਡ਼੍ਹਦਾ ਉਨ੍ਹਾਂ ਵਿੱਚੋਂ ਫੁੱਫਡ਼ ਪੂਰਨ ਦੀ ਆਵਾਜ਼ ਸੁਣਾਈ ਦੇਣ ਲੱਗਦੀ। ਫੁੱਫਡ਼ ਪੂਰਨ ਨਹੀਂ, ਹਮਜ਼ਾਤੋਵ ਨੇ ਕਿਹਾ—
”ਉਕਾਬ! ਤੂੰ ਕਿੱਥੇ ਜੰਮਿਆ ਸੈਂ?”
”ਤੰਗ ਗੁਫ਼ਾ ਵਿੱਚ।”
”ਉਕਾਬ! ਤੂੰ ਕਿਧਰ ਨੂੰ ਉੱਡਦਾ ਜਾ ਰਿਹੈਂ?”
”ਵਿਸ਼ਾਲ ਆਕਾਸ਼ ਵੱਲ!”
ਇਸੇ ਤਰ੍ਹਾਂ ਹਮਜ਼ਾਤੋਵ ਗੱਲ ਕਰਦਿਆਂ ਅੱਗੇ ਚੱਲ ਕੇ ਕਹਿੰਦਾ, ”ਨੀਂਦ ਖੁੱਲ੍ਹੇ ਤਾਂ ਇਕਦਮ ਨਾ ਬਿਸਤਰੇ ਵਿੱਚ ਕੁੱਦ ਪਵੋ, ਜਿਵੇਂ ਤੁਹਾਨੂੰ ਕਿਸੇ ਨੇ ਡੰਗਿਆ ਹੋਵੇ। ਪਹਿਲਾਂ, ਜੋ ਕੁਝ ਤੁਸੀਂ ਸੁਪਨੇ ਵਿੱਚ ਦੇਖਿਆ ਸੀ, ਉਸ ਬਾਰੇ ਵਿਚਾਰੋ।”
ਗੱਲ ਕਰਦਿਆਂ ਹਮਜ਼ਾਤੋਵ ਆਪਣੇ ਸਮੇਂ ਦੇ ਲੇਖਕ ਜਾਂ ਕਹਿ ਲਓ ਇਕ ਸਿਆਣੇ ਬੰਦੇ ਅਬੂਤਾਲਿਬ ਬਾਰੇ ਦੱਸਦਾ ਹੋਇਆ ਕਹਿੰਦਾ; ਅਬੂਤਾਲਿਬ ਦਾ ਕਹਿਣਾ ਸੀ: ਕਿਤਾਬ ਦਾ ਮੁੱਖਬੰਦ ਵਹਿਮਣ ਔਰਤ ਵੱਲੋਂ ਦੰਦਾਂ ਵਿਚਕਾਰ ਫਡ਼ੇ ਤਿਨਕੇ ਵਾਂਗ ਹੁੰਦਾ ਹੈ, ਜਦ ਉਹ ਆਪਣੇ ਪਤੀ ਦਾ ਭੇਡ ਦੀ ਖੱਲ ਵਾਲਾ ਕੋਟ ਮੁਰੰਮਤ ਕਰ ਰਹੀ ਹੁੰਦੀ ਹੈ। ਆਮ ਵਿਸ਼ਵਾਸ ਇਹ ਹੈ ਕਿ ਇਹੋ ਜਿਹਾ ਕੰਮ ਕਰਦਿਆਂ ਜੇ ਉਹ ਦੰਦਾਂ ਵਿੱਚ ਤਿਨਕਾ ਨਹੀਂ ਫਡ਼ੇਗੀ, ਤਾਂ ਭੇਡ ਦੀ ਖੱਲ ਵਾਲਾ ਕੋਟ ਉਸ ਦੇ ਕਫ਼ਨ ਵਿੱਚ ਬਦਲ ਸਕਦਾ ਹੈ।

ਰਸੂਲ ਹਮਜ਼ਾਤੋਵ ਆਪਣੀ ਨੋਟ ਬੁੱਕ ਵਿੱਚ ਲਿਖਦਾ: ‘ਕਈ ਵਾਰੀ ਆਸਾਨੀ ਨਾਲ ਲਿਖੀ ਕਵਿਤਾ ਪਡ਼੍ਹਨੀ ਬਡ਼ੀ ਮੁਹਾਲ ਹੋ ਜਾਂਦੀ ਹੈ। ਬਡ਼ੇ ਔਖੇ ਹੋ ਕੇ ਲਿਖੀ ਗਈ ਕਵਿਤਾ ਕਈ ਵਾਰੀ ਪਡ਼੍ਹਨੀ ਸਹਿਲ ਲੱਗਦੀ ਹੈ। ਰੂਪ ਤੇ ਵਸਤੂ ਕੱਪਡ਼ਿਆਂ ‘ਤੇ ਕੱਪਡ਼ੇ ਪਾਉਣ ਵਾਂਗ ਹੁੰਦੇ ਹਨ। ਜੇ ਆਦਮੀ ਚੰਗਾ, ਚੁਸਤ ਤੇ ਉੱਚੇ ਆਚਰਣ ਵਾਲਾ ਹੋਵੇ ਤਾਂ ਉਸ ਦੇ ਕੱਪਡ਼ੇ ਕਿਉਂ ਨਾ ਉਸ ਦੇ ਗੁਣਾਂ ਨਾਲ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।
ਪ੍ਰੇਮ ਗੋਰਖੀ
ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿੱਚ ਬਡ਼ੀ ਸੁੰਦਰ ਹੁੰਦੀ ਹੈ, ਪਰ ਅਕਲੋਂ ਖ਼ਾਲੀ। ਜੇ ਉਹ ਬਡ਼ੀ ਤੀਖ਼ਣ-ਬੁੱਧ ਹੁੰਦੀ ਹੈ ਤਾਂ ਦੇਖਣ ਵਿੱਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸੇ ਤਰ੍ਹਾਂ ਵਾਪਰ ਸਕਦਾ ਹੈ। ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿੱਚ ਚਮਕ-ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਅਸਲੀ ਕਲਾ-ਕੁਸ਼ਲਤਾ ਵਾਲੇ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।’
ਰਸੂਲ ਹਮਜ਼ਾਤੋਵ ਰੂਸ ਦੇ ਪਹਾਡ਼ੀ ਇਲਾਕੇ ਦਾਗ਼ਿਸਤਾਨ ਵਿੱਚ ਵਸਦਾ ਬਹੁਤ ਸਾਰੀਆਂ ਕਿਤਾਬਾਂ ਦਾ ਰਚੇਤਾ ਕਵੀ ਸੀ। ਉਹ ਹਿੰਦੁਸਤਾਨ ਵੀ ਆਇਆ ਤੇ ਇੱਥੋਂ ਦੇ ਕਈ ਸ਼ਹਿਰਾਂ ਵਿੱਚ ਘੁੰਮਿਆ-ਖ਼ਾਸ ਤੌਰ ਕਲਕੱਤਾ ਗਿਆ ਤੇ ਰਵਿੰਦਰ ਨਾਥ ਟੈਗੋਰ ਦੀਆਂ ਯਾਦਗਾਰੀ ਚੀਜ਼ਾਂ ਦੇਖੀਆਂ।
‘ਮੇਰਾ ਦਾਗ਼ਿਸਤਾਨ’ ਵਿੱਚ ਰਸੂਲ ਹਮਜ਼ਾਤੋਵ ਜ਼ਿੰਦਗੀ ਦੇ ਅਨੇਕਾਂ ਰੰਗਾਂ ਬਾਰੇ, ਬਹੁਤ ਸਾਰੇ ਦੁੱਖ-ਸੁੱਖ ਬਾਰੇ, ਬਹੁਤ ਸਾਰੀਆਂ ਕਹਾਵਤਾਂ, ਟੋਟਕੇ ਤੇ ਲਕੋਕਤੀਆਂ ਬਾਰੇ ਵਾਰ-ਵਾਰ ਜ਼ਿਕਰ ਕਰਦਾ ਹੈ।
ਇਸ ਕਿਤਾਬ ਵਿੱਚ ਵਾਰ-ਵਾਰ ਸਾਨੂੰ ਰਸੂਲ ਹਮਜ਼ਾਤੋਵ ਦੀ ਕਵਿਤਾ ਦੇ ਬੰਦ ਪਡ਼੍ਹਨ ਨੂੰ ਮਿਲਦੇ ਹਨ। ਇਹ ਕਿਤਾਬ ਨਾ ਨਾਵਲ ਹੈ, ਨਾ ਕਹਾਣੀ ਹੈ ਤੇ ਨਾ ਸਿਰਫ਼ ਕਵਿਤਾ ਹੈ ਤੇ ਨਾ ਹੀ ਸਵੈ-ਜੀਵਨੀ ਇਹੀ ਤਾਂ ਵੱਡਾ ਕਾਰਨ ਹੈ ਕਿ ਇਹ ਕਿਤਾਬ ਵਰ੍ਹਿਆਂ ਤੋਂ ਲਗਾਤਾਰ ਪਡ਼੍ਹੀ ਜਾ ਰਹੀ ਹੈ ਤੇ ਜਦੋਂ ਮੈਂ ਅੱਜ ਵੀ ਇਸ ਨੂੰ ਹੱਥ ਲਾਉਂਦਾ ਹਾਂ ਤਾਂ ਇਹ ਕਿਤਾਬ ਇਕਦਮ ਮੈਨੂੰ ਆਪਣੇ ਵੱਲ ਖਿੱਚ ਲੈਂਦੀ ਹੈ। ਇਸ ਕਿਤਾਬ ਵਿਚਲੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਉੱਪਰ ਇਸ ਤਰ੍ਹਾਂ ਅਸਰ ਕਰਦੀਆਂ ਹਨ, ਜਿਵੇਂ ਕਿਸੇ ਸਮੇਂ ਫੁੱਫਡ਼ ਪੂਰਨ ਦੀਆਂ ਗੱਲਾਂ ਮੈਨੂੰ ਖਿੱਚ ਲਿਆ ਕਰਦੀਆਂ ਸਨ ਤੇ ਦਿਮਾਗ ਨੂੰ ਝੰਜੋਡ਼ ਦਿਆ ਕਰਦੀਆਂ ਸਨ ਤੇ ਉਹ ਗੱਲਾਂ ਮੈਂ ਬਹੁਤ ਵਾਰ ਆਪਣੀਆਂ ਕਹਾਣੀਆਂ ਵਿਚਲੇ ਪਾਤਰਾਂ ਦੇ ਮੂੰਹਾਂ ਵਿੱਚ ਪਾਈਆਂ।
ਲਓ ਰਸੂਲ ਹਮਜ਼ਾਤੋਵ ਸਾਨੂੰ ਇਕ ਕਹਾਣੀ ਸੁਣਾਉਂਦਾ ਹੈ: ਇਕ ਪਰਬੱਤ ਵਾਸੀ ਕਿਸੇ ਖ਼ਾਸ ਕੰਮ ਮਾਖਾਚ-ਕਲਾ (ਸ਼ਹਿਰ ਦੀ ਇਕ ਥਾਂ) ਆਇਆ। ਉਸ ਦੇ ਕੋਲ ਬਡ਼ੇ ਪੈਸੇ ਸਨ, ਜਿਹਡ਼ੇ, ਬੇਸ਼ੱਕ ਉਸ ਦੇ ਆਪਣੇ ਨਹੀਂ ਸਨ, ਸਗੋਂ ਸਰਕਾਰੀ ਖਰਚ ਲਈ ਸਨ। ਉਹ ਰੇਸਤਰਾਂ ਵਿੱਚ ਖਾਂਦਾ ਤੇ ਪੀਂਦਾ। ਸ਼ਹਿਰ ਵਿੱਚ ਆ ਕੇ ਪਹਿਲੇ ਦਿਨ ਉਸ ਨੇ ਰੇਸਤਰਾਂ ਵਿੱਚ ਐਨੀ ਉੱਚੀ ਆਵਾਜ਼ ਦਿੱਤੀ ਕਿ ਸਾਰੇ ਸੁਣ ਸਕਦੇ ਸਨ:
”ਬਹਿਰਾ, ਕੁਝ ਹੋਰ ਬਰਾਂਡੀ ਲਿਆ!”
ਲੋਕ ਮੁਡ਼-ਮੁਡ਼ ਕੇ ਉਸ ਆਦਮੀ ਵੱਲ ਦੇਖਣ ਲੱਗੇ, ਜਿਹਡ਼ਾ ਐਨੀ ਮਹਿੰਗੀ ਬਰਾਂਡੀ ਪੀ ਰਿਹਾ ਸੀ ‘ਤੇ ਹੈਰਾਨ ਹੋਣ ਲੱਗੇ ਕਿ ਉਹ ਕੌਣ ਹੋ ਸਕਦਾ ਹੈ।
ਸ਼ਹਿਰ ਵਿੱਚ ਆਪਣੇ ਆਖਰੀ ਦਿਨ ਉਸ ਨੇ ਉਸੇ ਬਹਿਰੇ ਨੂੰ ਕੰਨ ਵਿੱਚ ਪੁੱਛਿਆ: ”ਤੁਹਾਡੇ ਰੇਸਤਰਾਂ ਵਿੱਚ ਸੇਵੀਆਂ ਦੀ ਇਕ ਪਲੇਟ ਕਿਸ ਤਰ੍ਹਾਂ ਮਿਲਦੀ ਹੈ?”

ਚੋਂ ਧੰਨਵਾਦ ਸਹਿਤ
ਸਾਨ੍ਹ ਦੀ ਤਾਕਤ ਦਾ ਅੰਦਾਜ਼ਾ ਹਲ਼ ਵਾਹੁਣ ਤੋਂ ਪਹਿਲਾਂ ਨਹੀਂ, ਸਗੋਂ ਪਿੱਛੋਂ ਲਾਉਣਾ ਚਾਹੀਦਾ ਹੈ, ਉਸ ਦੇ ਚਰਾਗਾਹ ਵਿੱਚ ਛਡ਼ਾਂ ਮਾਰਨ ਤੋਂ ਨਹੀਂ, ਸਗੋਂ ਉਸ ਦੇ ਹਲ਼ ਖਿੱਚਣ ਤੋਂ ਲਾਉਣਾ ਚਾਹੀਦਾ ਹੈ। ਘੋਡ਼ੇ ਨੂੰ ਉਦੋਂ ਸਲਾਹੁਣਾ ਚਾਹੀਦਾ ਹੈ, ਜਦੋਂ ਤੁਸੀਂ ਕਾਠੀ ਤੋਂ ਉਤਰਦੇ ਹੋ, ਨਾ ਕਿ ਉਦੋਂ ਜਦੋਂ ਕਾਠੀ ਉੱਤੇ ਬੈਠਦੇ ਹੋ।  
ਕੀ ਮੈਂ ਆਪਣੀ ਕਿਤਾਬ ਨੂੰ ਉਸੇ ਤਰ੍ਹਾਂ ਫੂਕਾਂ ਮਾਰ ਰਿਹਾ ਹਾਂ, ਜਿਸ ਤਰ੍ਹਾਂ ਅਨਸਾਲਤਾਨੀ ਆਪਣੀ ਪਾਈਪ ਨੂੰੂ ਮਾਰਦੇ ਹਨ?—ਸਫ਼ਰ ਦੇ ਆਰੰਭ ਵਿੱਚ ਟੀਚਾ ਬਡ਼ੀ ਦੂਰ ਲੱਗਦਾ ਹੈ। ਕੀ ਮੇਰੇ ਵਿੱਚ ਇਸ ਤੱਕ ਪਹੁੰਚਣ ਜੋਗੀ ਹਿੰਮਤ, ਪ੍ਰੇਮ ਤੇ ਸਬਰ ਹੈ? ਜਾਂ ਕਿ ਮੇਰਾ ਅੰਤ ਸੇਵੀਆਂ ਦੀ ਇਕ ਪਲੇਟ ਦੀ ਕੀਮਤ ਪੁੱਛਣ ਨਾਲ ਹੀ ਹੋਵੇਗਾ?
ਮੈਂ ਰੂਸੀ ਸਾਹਿਤ ਬਹੁਤ ਪਡ਼੍ਹਿਆ। ਉਦੋਂ ਇਕ ਲਹਿਰ ਵੀ ਸੀ ਸਾਹਿਤ ਪਡ਼੍ਹਨ ਦੀ। ਲੇਖਕ ਇਕ ਦੂਜੇ ਨੂੰ ਪੁੱਛਦੇ ਤੂੰ ਚੈਖ਼ਵ, ਟਾਲਸਟਾਏ, ਗੋਰਕੀ, ਦਾਸਤੋਵਸਕੀ ਦੀ ਆਹ ਕਿਤਾਬ ਪਡ਼੍ਹੀ? ਲੈ ਆਹ ਪਡ਼੍ਹ। ਇਹ ਕਿਤਾਬਾਂ ਸਨ ਨਾਵਲ, ਕਹਾਣੀਆਂ, ਸਵੈਜੀਵਨੀਆਂ। ਬਹੁਤ ਉੱਚ ਪਾਏ ਦਾ ਸਾਹਿਤ। ਮੈਨੂੰ ਸਾਰਾ ਕੁਝ ਹੀ ਯਾਦ ਹੈ, ਕਦੇ ਵੀ ਨਹੀਂ ਭੁੱਲ ਸਕਦਾ, ਪਰ ਜੋ ਕੁਝ ਹੀ ਯਾਦ ਹੈ, ਕਦੇ ਵੀ ਨਹੀਂ ਭੁੱਲ ਸਕਦਾ, ਪਰ ਜੋ ਪ੍ਰਭਾਵ ਤਾਜ਼ਾ-ਤਾਜ਼ਾ ਆਈ ਕਿਤਾਬ ‘ਮੇਰਾ ਦਾਗ਼ਿਸਤਾਨ’ ਨੇ ਮੇਰੇ ਉੱਪਰ ਪਾਇਆ ਉਹ ਤਾਂ ਬਸ ਕਮਾਲ ਸੀ। ਪਹਿਲਾਂ ਇਹ ਕਿਤਾਬ ਮੈਂ ਹਿੰਦੀ ਵਿੱਚ ਪਡ਼੍ਹੀ। ਮੈਂ ਝੱਟ ‘ਪ੍ਰਗਤੀ ਪ੍ਰਕਾਸ਼ਨ, 21, ਜ਼ੂਬੋਵਸਕੀ ਬੂਲੇਵਾਰ, ਮਾਸਕੋ, ਸੋਵੀਅਤ ਯੂਨੀਅਨ’ ਨੂੰ ਚਿੱਠੀ ਲਿਖੀ ਕਿ ਇਹ ਕਿਤਾਬ ਛੇਤੀ ਤੋਂ ਛੇਤੀ ਪੰਜਾਬੀ ਵਿੱਚ ਵੀ ਛਪਣੀ ਚਾਹੀਦੀ ਹੈ। ਠੀਕ ਡੇਢ ਸਾਲ ਬਾਅਦ ਜਲੰਧਰ ਦੇ ਪੰਜਾਬ ਬੁੱਕ ਸੈਂਟਰ ਤੋਂ ਇਹ ਕਿਤਾਬ ਵਿਕਣ ਲੱਗੀ ਤੇ ਮੁੱਲ ਸੀ ਚਾਰ ਰੁਪਏ। ਭਾਵੇਂ ਮੇਰਾ ਆਮਦਨ ਦਾ ਕੋਈ ਚੰਗਾ ਵਸੀਲਾ ਨਹੀਂ ਸੀ ਤੇ ਮੈਂ ਰਾਤ ਨੂੰ ਪੈਟਰੋਲ ਪੰਪ ‘ਤੇ ਜਾਂਦਾ ਸੀ, ਪਰ ਫਿਰ ਵੀ ਇਹ ਕਿਤਾਬ ਖਰੀਦ ਕੇ ਕਈ ਮਿੱਤਰ ਪਿਆਰਿਆਂ ਨੂੰ  ਦਿੱਤੀ।
*ਮੋਬਾਈਲ: 98555-91762

Saturday, December 31, 2011

ਤੇਰਾ ਮੇਲ // ਬਾਵਾ ਬਲਵੰਤ

ਤੇਰਾ ਮੇਲ ਕੋਈ ਜਜ਼ਬਾ ਪੁਕਰਦਾ ਰਿਹਾ,
ਫੂਕਾ ਸੌਂਕ ਦੀ ਚਿਣਗ ਤਾਈ ਮਾਰਦਾ ਰਿਹਾ
ਤੱਦੇ ਪਹੁੰਚਿਆ ਹੈ ਦਿਲ ਤੇਰੀ ਟੀਸਿਆ ਤੇ,
ਜਾਣ ਜਾਣ ਕੇ ਜੋ ਬਾਜ਼ੀਆ ਨੂ ਹਾਰਦਾ ਰਿਹਾ
ਫੂਕਾ ਸੌਂਕ ਦੀ ਚਿਣਗ ਤਾਈ ਮਾਰਦਾ ਰਿਹਾ
ਸੌਂਕ ਤੋਡ਼ ਲੰਘਿਆ ਕੋਟ ਅਫਾਤਾ ਦੇ
ਸਮਾਂ ਸੂਝ ਦੀਆਂ ਸ਼ੂਰੀਆ ਉਲਰਦਾ ਰਿਹਾ
ਏਹ੍ਹ ਫਲਸਫਾ ਖਿਆਲੀ ਬਿਨਾ ਜਿੰਦ ਜਾਨ ਤੋਂ
ਬੇਡ਼ੇ ਡੋਬ ਦਾ ਰਿਹਾ, ਇਸਕ ਤਾੱਰਦਾ ਰਿਹਾ
ਤੇਰੇ ਤਾਰੂਆ ਨੂ ਭੇ ਨਾ ਸੰਸ਼ਾਰ ਦਾ ਰਿਹਾ
ਤੇਰਾ ਮੇਲ ਕੋਈ ਜਜ਼ਬਾ ਪੁਕਾਰਦਾ ਰਿਹਾ

ਦੇਖ ਸਾਗਰ ਅਸ੍ਗਾਹ ਇਲਮ ਹੋਸ਼ ਭੁੱਲਿਆ ,
ਦੂਰ ਦੂਰ ਤੱਦੇ ਜੱਗ ਨੂ ਖਿਲ੍ਹਾਰਦਾ ਰਿਹਾ
ਓ ਹੈ ਮੌਤ, ਨਹੀ ਜਿੰਦਗੀ ਦੇ ਨਾਚ ਦਾ ਨਸ਼ਾ
ਜਿਹਡ਼ਾ ਅੱਜ਼ਲ ਦੇ ਸ਼ਰੂਰ ਨੂ ਉੱਤਰਦਾ ਰਿਹਾ
       ਜਿਹਡ਼ਾ ਅੱਜ਼ਲ ਦੇ ਸ਼ਰੂਰ ਨੂ ਉੱਤਰਦਾ ਰਿਹਾ
       ਓ ਤਾਂ ਸਿੱਪਿਆ ਚ ਮੋਤਿਆ ਨੂ ਮਾਰਦਾ ਰਿਹਾ

ਜੱਦੋ ਹੋਸ਼ ਨੁੰ ਭੀ ਹੋਸ਼ ਦਾ ਖਿਆਲ ਭੂਲਿਆ
ਆਨ ਆਰਸ਼ਾ ਤੋਂ ਜਿੰਦਗੀ ਤੇ ਨੂਰ ਡੁਲਿਆ
ਐਸਾ ਆਪਣੇ ਚੌਂ  ਆਪਣੇ ਦਾ ਦਰ ਖੁਿਲਆ,
ਿਦਲ 'ਖ਼ੂਬ! ਖ਼ੂਬ! ਖ਼ੂਬ! ਹੀ ਉਚਾਰ੍ਦਾ ਰਿਹਾ
ਪਾਂਧੀ ਸ਼ੌਂਕ ਦਾ ਸਰਵ-ਤ੍ਮ ਪਾਰ ਹੋ ਗਿਆ,
ਦਿਨ ਕੰਡਿਆ ਤੇ ਕਪਡ਼ੇ ਉਤਾਰਦਾ ਰਿਹਾ

ਓਹ ਨਾਕਾਮ ਭੀ ਹੈ ਚੰਗਾ ਕਾਮਯਾਬ ਦਿਲ ਤੋ, 
ਫੂਕਾ ਸ਼ੌਂਕ ਦੀ ਚਿਣਗ ਨੂ ਜੋ ਮਾਰਦਾ ਰਿਹਾ
 'ਤੇਰਾ ਮੇਲ' ਕੋਈ ਜਜ਼ਬਾ ਪੁਕਾਰਦਾ ਰਿਹਾ

Sunday, November 27, 2011

ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ

ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪਡ਼੍ਹਾ ਹੈ  ?  
ਫਿਲਮ ਬਾਜੀਗਰ ਦੇ ਇੱਕ ਗੀਤ ਵਿੱਚ ਪੁਛਿਆ ਗਿਆ ਇਹ ਸੁਆਲ ਅੱਜ ਤੁਹਾਡੇ ਲਈ ਵੀ ਹੈ ਕਿਓਂਕਿ ਹਕੀਕਤ ਇਹੀ ਹੈ ਕਿ ਪੰਜਾਬੀ ਵਿੱਚ ਪੁਸਤਕਾਂ ਪੜ੍ਹਨ ਦਾ ਓਨਾ ਚਾਅ ਨਹੀਂ ਜਿੰਨਾ ਹੋਣਾ ਚਾਹੀਦਾ ਹੈ, ਇਸ ਰਾਹ ਦੀ ਉਹ ਚਾਹ ਨਹੀਂ ਜਿੰਨੀ ਹੋਣੀ ਚਾਹੀਦੀ ਹੈ. ਇਸ ਸਚਾਈ ਦੇ ਬਾਵਜੂਦ ਪੰਜਾਬੀ ਵਿੱਚ ਕਿਤਾਬਾਂ ਦੇ ਓਹ ਸ਼ੈਦਾਈ ਵੀ ਮੌਜੂਦ ਹਨ ਜਿਹੜੇ ਕਿਤਾਬਾਂ ਲਈ ਜ਼ਿੰਦਗੀ ਲਾ ਦੇਂਦੇ ਹਨ. ਇਸਦੀ ਚਰਚਾ ਪਿਛੇ ਜਿਹੇ ਮੈਂ ਆਪਣੀ ਇੱਕ ਰੇਡੀਓ  ਪ੍ਰੋਗਰਾਮ   ਵੀ ਕੀਤਾ ਸੀ. ਉਸ ਪ੍ਰੋਗਰਾਮ ਦੇ ਬਹੁਤ ਸਾਰੇ ਅੰਸ਼ ਇਸ ਲੇਖ ਵਿੱਚ ਵੀ ਹਨ ਪਰ ਅਫਸੋਸ ਹੈ ਕਿ ਕੁਝ ਵਿਦਵਾਨਾਂ ਦੇ ਵਿਚਾਰ ਤਕਨੀਕੀ ਕਾਰਨਾਂ ਕਰਕੇ ਇਥੇ ਨਹੀਂ ਦਿੱਤੇ ਜਾ ਸਕੇ. ਇਸ ਲਈ ਓਹ ਫੇਰ ਕਦੇ ਸਹੀ.

ਜੀ ਹਾਂ ਪਡ਼੍ਹਨ ਵਾਲੇ ਸਚਮੁਚ ਬਹੁਤ ਸਾਰੀਆਂ ਕਿਤਾਬਾਂ ਪਡ਼੍ਹਦੇ ਹਨ. ਦਿਨ ਹੋਵੇ ਜਾਂ ਰਾਤ. ਘਰ ਹੋਵੇ ਜਾਂ ਦਫਤਰ, ਬਸ ਹੋਵੇ ਜਾਂ ਟ੍ਰੇਨ ...ਕਿਤਾਬਾਂ ਨਾਲ ਉਹਨਾਂ ਦਾ ਇਸ਼ਕ਼ ਲਗਾਤਾਰ ਨਿਭਦਾ ਹੈ. ਆਮਦਨ ਦਾ ਬਹੁਤ ਸਾਰਾ ਹਿੱਸਾ ਵੀ ਕਿਤਾਬਾਂ ਦੀ ਭੇਂਟ ਹੀ ਹੋਇਆ ਕਰਦਾ ਹੈ ਅਤੇ ਅਜਿਹੇ ਲੋਕਾਂ ਨੂੰ ਖੁਸ਼ ਰੱਖਣ ਲਈ ਉਹਨਾਂ ਦੇ ਮਿੱਤਰ ਅਤੇ ਮਿਲਣ ਗਿਲਣ ਵਾਲੇ ਅਕਸਰ ਸੌਗਾਤ ਵੀ ਕਿਸੇ ਚੰਗੀ ਜਿਹੀ ਕਿਤਾਬ ਦੀ ਹੀ ਦੇਂਦੇ ਹਨ. ਜੇ ਇਹ ਕਹਿ ਲਿਆ ਜਾਏ ਕਿ ਸਾਰੀ ਕਿਤਾਬ ਇੰਡਸਟਰੀ ਅਜਿਹੇ ਲੋਕਾਂ ਦੇ ਸਿਰ ਤੇ ਹੀ ਚਲਦੀ ਹੈ ਤਾਂ ਸ਼ਾਇਦ ਕੋਈ ਅਤਿਕਥਨੀ ਨਾ ਹੋਵੇ. ਕਿਤਾਬਾਂ ਦਾ ਲਗਾਤਾਰ ਅਧਿਐਨ ਇਹਨਾਂ ਲੋਕਾਂ ਦੀ ਜ਼ਿੰਦਗੀ ਤੇ ਵੀ ਅਸਰ ਪਾਉਂਦਾ ਹੈ. ਇਹਨਾਂ ਲੋਕਾਂ ਨੂੰ ਅਕਸਰ ਅਜਿਹੇ ਸੁਆਲ ਸੁਣਨੇ ਪੈਂਦੇ ਹਨ ਜਿਵੇਂ ਕਿ ਇਹ ਸੁਆਲ ਹੈ.....ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇ,ਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ?

ਹੁਣ ਸੁਆਲ ਕਰਨ ਵਾਲਿਆਂ ਨੂੰ ਕੌਣ ਸਮਝਾਵੇ ਕਿ ਇਹ ਤਾਂ ਚਿਹਰਾ ਦੇਖੇ ਬਿਨਾ ਵੀ ਦਿਲਾਂ ਦੇ ਸਮੁੰਦਰਾਂ ਦੀ ਡੂੰਘੀ ਤੱਕ ਪੁੱਜ ਜਾਂਦੇ ਨੇ. ਮੈਂ ਖੁਦ ਵੀ ਅਜਿਹੀਆਂ ਕਈ ਰਚਨਾਵਾਂ ਪੜ੍ਹੀਆਂ ਜਿਹਨਾਂ ਦੇ ਲੇਖਕਾਂ ਨੂੰ ਮੈਂ ਕਦੇ ਨਹੀਂ ਮਿਲ ਸਕੀ ਪਰ ਹਰ ਵਾਰ ਇਹੀ ਜਾਪਿਆ ਕਿ ਉਹਨਾਂ ਨੇ ਸਿਰਫ ਮੇਰੇ ਹੀ ਦਿਲ ਦੀ ਗੱਲ ਕੀਤੀ ਹੈ. ਬੜੀ ਹੈਰਾਨੀ ਹੁੰਦੀ ਕਿ ਦੁਨਿਆ ਦੇ ਦੂਜੇ ਕੋਨੇ ਵਿਚ ਬੈਠੇ ਜਾਨ ਫਿਰ ਮੇਰੇ ਜਨਮ ਤੋਂ ਵੀ ਪਹਿਲਾਂ ਇਸ ਦੁਨੀਆ  ਨੂੰ ਅਲਵਿਦਾ ਕਹਿ ਚੁੱਕੇ  ਇਹਨਾਂ ਕਲਮਕਾਰਾਂ ਨੂੰ ਮੇਰੇ ਦਿਲ ਦਿਮਾਗ ਦੀ ਹਾਲਤ ਕਿਵੇਂ ਪਤਾ ਲੱਗੀ? ਉਹਨਾਂ ਨੇ ਕਿਵੇਂ ਜਾਂ ਲਿਆ ਕਿ ਮੇਰੇ ਨਾਲ ਆਹ ਕੁਝ ਹੋਇਆ ਜਾਣ ਫਿਰ ਆਹ ਕੁਝ ਹੋਣਾ ਹੈ ? ਮੈਂ ਕਦੇ ਵੀ ਜੋਤਿਸ਼ ਜਾਂ ਜੋਤਿਸ਼ੀਆਂ ਨਾਲ ਕੋਈ ਵਾਹ ਨਹੀਂ ਰੱਖਿਆ ਪਰ ਸੁਣਿਆ ਹੈ ਕਿ ਜੋਤਿਸ ਦੇ ਭ੍ਰਿਗੂ ਸ਼ਾਸਤਰ ਸਟਾਈਲ ਵਿੱਚ ਜੇ ਸਹੀ ਪੱਤਰਾ ਮਿਲ ਜਾਵੇ ਤਾਂ ਉਸ ਵਿੱਚ ਉਥੇ ਆਉਣ ਵਾਲੇ ਦਾ ਨਾਮ-ਪਤਾ ਅਤੇ ਤਾਰੀਖ-ਸਮਾਂ ਵੀ ਪਹਿਲਾਂ ਹੀ ਲਿਖਿਆ ਹੁੰਦਾ ਹੈ ਅਤੇ ਪੁੱਚੇ ਜਾਂ ਵਾਲੇ ਸੁਆਲ ਦਾ ਜੁਆਬ ਵੀ. ਮੈਨੂੰ ਕਦੇ ਵੀ ਇਸ ਗੱਲ ਤੇ ਯਕੀਨ ਨਹੀਂ ਹੋਇਆ ਪਰ ਜਦੋਂ ਦੂਰ ਦੁਰਾਡੇ ਬੈਠੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਆਪਣੇ ਦਿਲ ਦੀ ਹਾਲਤ, ਆਪਣੀ ਹੀ ਜ਼ਿੰਦਗੀ ਵਾਰ੍ਗਿਓ ਦਾਸਤਾਨ ਲਿਖੀ ਪੜ੍ਹੀ ਤਾਂ ਜਾਪਣ ਲੱਗ ਪਿਆ ਕਿ ਅਜਿਹੇ ਕਰਿਸ਼ਮੇ ਵੀ ਹੋ ਸਕਦੇ ਹਨ. 

ਅਸਲ ਵਿੱਚ ਕਿਤਾਬਾਂ ਨਾਲ ਪ੍ਰੇਮ ਕਰਨ ਵਾਲੇ ਅਜਿਹੇ ਲੋਕ ਤੁਹਾਨੂੰ ਜ਼ਿੰਦਗੀ ਵਿੱਚ ਕਿਤੇ ਵੀ ਮਿਲ ਜਾਣਗੇ ਪਰ ਪੁਸਤਕ ਮੇਲੇ ਜਾਂ ਫਿਰ ਕੋਈ ਲਾਇਬ੍ਰੇਰੀ ਇਹਨਾਂ ਦਾ ਮਨ ਪਸੰਦ ਥਾਂ ਹੁੰਦਾ ਹੈ. ਪੁਸਤਕ ਪ੍ਰਦਰਸ਼ਨੀ ਜਾਂ ਫਿਰ ਕਿਸੇ ਪੁਸਤਕ ਮੇਲੇ ਵਿੱਚ ਜਾ ਕੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਮੇਲੇ ਚੋਂ ਵਾਪਿਸ ਪਰਤਦਿਆਂ ਭਾਵੇਂ ਜੇਬ ਵਿਚਲੇ ਸਾਰੇ ਪੈਸੇ ਕਿਤਾਬਾਂ ਤੇ ਹੀ ਖਰਚ ਕਰ ਦੇਣ ਲੇਕਿਨ ਇਹ ਬਹੁਤ ਖੁਸ਼ ਹੁੰਦੇ ਹਨ. ਇਹਨਾਂ ਨੂੰ ਇੱਕ ਅਲੌਕਿਕ ਖੁਸ਼ੀ ਮਿਲਦੀ ਹੈ ਇੱਕ ਅਜਿਹਾ ਸਕੂਨ ਜਿਹਡ਼ਾ ਸਾਰਿਆਂ ਦੀ ਕਿਸਮਤ ਵਿੱਚ ਹੀ ਨਹੀਂ ਹੁੰਦਾ.  ਕਿਤਾਬਾਂ ਦਾ ਭਾਰ ਵੀ ਇਹ ਖੁਸ਼ੀ ਖੁਸ਼ੀ ਚੁੱਕਦੇ ਹਨ ਅਤੇ ਤੇਜ਼ੀ ਨਾਲ ਘਰ ਪਹੁੰਚਦੇ ਹਨ ਤਾਂ ਕਿ ਜਲਦੀ ਤੋਂ ਜਲਦੀ ਕਿਤਾਬ ਦੇ ਰੂਬਰੂ ਹੋਇਆ ਜਾਵੇ. ਪੁਸਤਕ ਮੇਲਿਆਂ ਵਿੱਚ ਪੁਸਤਕ ਪ੍ਰੇਮੀਆਂ ਨੂੰ ਖਾਸ ਛੂਟ ਵੀ ਦਿੱਤੀ ਜਾਂਦੀ ਹੈ ਕਿਓਂਕਿ ਇਹ ਮੇਲੇ ਤਾਂ ਹੁੰਦੇ ਹੀ ਖਾਸ ਤੌਰ ਤੇ ਉਹਨਾਂ ਲਈ ਹਨ.                                          

ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ

ਪਿਛੇ ਜਿਹੇ ਜਦੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 19ਵਾਂ  ਵਿਸ਼ਵ ਪੁਸਤਕ ਮੇਲਾ ਲੱਗਿਆ ਤਾਂ ਇਸ  ਵਿੱਚ  ਕਿਤਾਬਾਂ ਦੀ ਦੁਨੀਆ ਦਾ ਇਕ ਅਜਿਹਾ ਰੰਗ ਰੂਪ ਸਾਹਮਣੇ ਆਇਆ ਜਿਸਤੇ ਹੁਣ ਵੀ ਰਸ਼ਕ ਕੀਤਾ  ਜਾ ਸਕਦਾ ਹੈ. ਕਿਤਾਬਾਂ ਨੇ ਇਸ ਮੇਲੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ. ਇਹ ਮੇਲਾ 9 ਦਿਨਾਂ ਤੱਕ ਚੱਲਿਆ ਅਤੇ ਇਸ ਵਿੱਚ ਦੇਸ਼ ਵਿਦੇਸ਼ ਦੇ ਕਰੀਬ 1200 ਪ੍ਰਕਾਸ਼ਕਾਂ ਨੇ ਭਾਗ ਲਿਆ. ਇੱਕ ਨਵਾਂ ਇਤਿਹਾਸ ਰਚਣ ਵਾਲੇ ਇਸ ਮੇਲੇ ਦਾ ਰਕਬਾ ਵੀ ਬਡ਼ਾ ਵਿਸ਼ਾਲ ਸੀ. ਬਿਆਲੀ (42 ) ਹਜ਼ਾਰ  ਵਰਗ ਮੀਟਰ ਵਿੱਚ ਫੈਲੇ ਹੋਏ ਇਸ ਪੁਸਤਕ ਮੇਲੇ ਵਿੱਚ 2400 ਸਟਾਲ ਅਤੇ ਸਟੈਂਡ ਲਗਾਏ ਗਏ ਸਨ ਜਿਹਨਾਂ ਤੇ ਸੁਸ਼ੋਭਿਤ ਸਨ ਤਰਾਂ ਤਰਾਂ ਦੀਆਂ ਕਿਤਾਬਾਂ. ਮੇਲਾ ਖਤਮ ਹੋਣ ਤੋਂ ਤਿੰਨ ਕੁ ਦਿਨ ਪਹਿਲਾਂ ਨੈਸ਼ਨਲ ਬੁਕ ਟਰਸਟ ਦੀ ਨਿਰਦੇਸ਼ਕ ਨੁਜਹਤ ਹਸਨ ਨੇ ਦੱਸਿਆ ਇਸ ਮੇਲੇ ਵਿੱਚ ਇੱਕਲੇ ਨੈਸ਼ਨਲ ਬੁਕ ਟਰਸਟ ਨੇ ਹੀ 18 ਲੱਖ  ਰੁਪਏ ਦੀਆਂ ਕਿਤਾਬਾਂ ਵੇਚੀਆ ਹਨ. ਮੇਲਾ ਖਤਮ ਹੋਣ ਤੱਕ ਇਹ ਅੰਕਡ਼ਾ 35 ਲੱਖ ਨੂੰ ਪਾਰ ਕਰ ਜਾਣ ਦੀ ਉਮੀਦ ਵੀ ਉਹਨਾਂ ਜ਼ਾਹਿਰ ਕੀਤੀ ਸੀ. ਸਪੋਰਟਸ ਪੈਵਿਲੀਅਨ ਵਿੱਚ 800 ਤੋਂ ਜਿਆਦਾ ਕਿਤਾਬਾਂ ਖੇਡਾਂ ਨਾਲ ਹੀ ਸਬੰਧਿਤ ਸਨ. ਬੱਚਿਆਂ ਲਈ ਬਣੇ ਹਾਲ ਨੰਬਰ ਸੱਤ ਈ ਵਿੱਚ ਬਾਲ ਮਨ ਵਾਲੀਆਂ ਪੁਸਤਕਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ. ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਲਿਖੀਆਂ ਪੁਸਤਕਾਂ ਇਸ ਮੇਲੇ ਵਿੱਚ ਵਿਸ਼ੇਸ਼ ਆਕਰਸ਼ਨ  ਦਾ ਕੇਂਦਰ ਬਣੀਆਂ ਹੋਈਆਂ ਸਨ. ਇਤਿਹਾਸ ਅਤੇ ਕਲਾ ਜਗਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਆਪਣੀ ਮੌਜੂਦਗੀ ਨੂੰ ਯਾਦਗਾਰੀ ਬਣਾਇਆ ਹੋਇਆ ਸੀ. ਦਿਲਚਸਪ ਗੱਲ ਹੈ ਕਿ ਪ੍ਰਿੰਟ ਐਡੀਸ਼ਨ ਵਾਲੀਆਂ ਇਹਨਾਂ ਕਿਤਾਬਾਂ ਦੇ ਨਾਲ ਨਾਲ  ਆਧੁਨਿਕ ਤਕਨੀਕ ਵਾਲੀਆਂ ਡਿਜੀਟਲ ਕਿਤਾਬਾਂ ਨੇ ਵੀ ਇਸ ਮੇਲੇ ਵਿੱਚ ਆ ਕੇ ਆਪਣੀ ਦਸਤਕ ਜਬਰਦਸਤ ਢੰਗ ਨਾਲ ਦਿੱਤੀ. ਨੈਸ਼ਨਲ ਕੋਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਦੀ ਸੀਡੀ ਨੇ ਵੀ ਆਪਣੀ ਚਡ਼ਤ ਜੋਰ ਸ਼ੋਰ ਨਾਲ ਦਰਜ ਕਰਾਈ ਸੀ. ਇਸ ਸੀ ਡੀ ਵਿੱਚ ਇਤਿਹਾਸ ਅਤੇ ਕਲਾ ਵਰਗੇ ਦਿਲਚਸਪ ਵਿਸ਼ਿਆਂ ਦੇ ਨਾਲ ਨਾਲ ਹਿਸਾਬ ਵਰਗੇ ਵਿਸ਼ੇ ਨੂੰ ਵੀ ਬਡ਼ੇ ਹੀ ਦਿਲਚਸਪ ਢੰਗ ਨਾਲ ਸਮਝਾਇਆ ਗਿਆ ਸੀ.

ਇਸ ਤੋਂ ਬਾਅਦ ਜਦੋਂ ਜਨਵਰੀ ਮਹੀਨੇ ਦੀ ਕਡ਼ਾਕੇਦਾਰ ਠੰਡ ਜੋਰਾਂ ਤੇ ਸੀ ਤਾਂ ਬਠਿੰਡਾ ਵਿੱਚ ਪੁਸਤਕ ਮੇਲਾ ਲੱਗਿਆ ਜਿਸ ਨੇ ਕਿਤਾਬਾਂ ਦੀ ਵਧ ਰਹੀ ਮੰਗ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ.ਉਦੋਂ ਵੀ ਕਰੀਬ 45 ਲੱਖ ਰੁਪਏ ਦੀਆਂ ਪੁਸਤਕਾਂ ਵਿਕ ਗਈਆਂ. ਇੱਕ ਫਖਰਯੋਗ ਗੱਲ ਸੀ ਕਿ ਇਸ ਮੇਲੇ ਦੌਰਾਨ ਅੰਗ੍ਰੇਜ਼ੀ ਅਤੇ ਪੰਜਾਬੀ ਪੁਸਤਕਾਂ ਦੀ ਵਿਕਰੀ ਵਿੱਚ ਬਡ਼ਾ ਹੀ ਨੇਡ਼ੇ ਦਾ ਮੁਕਾਬਲਾ ਰਿਹਾ. ਉਰਦੂ ਦੀਆਂ 16  ਹਜ਼ਾਰ ਕਿਤਾਬਾਂ ਦੀ ਵਿਕਰੀ ਨੇ ਵੀ ਸਾਬਿਤ ਕੀਤਾ ਕਿ ਕੌਣ ਕਹਿੰਦਾ ਹੈ ਕਿ ਅੱਜ ਕੱਲ ਉਰਦੂ ਨਹੀਂ ਪਡ਼੍ਹਿਆ ਜਾਂਦਾ. 

ਪੁਸਤਕ ਪ੍ਰੇਮੀ ਕਰੀਨਾ ਕਪੂਰ 

ਕਰੀਬ 9 ਦਿੰਨ ਤੱਕ ਚੱਲੇ ਇਸ ਮੇਲੇ ਦੀ ਸਮਾਪਤੀ ਮੌਕੇ ਨੈਸ਼ਨਲ ਬੁਕ ਟਰਸਟ ਦੇ ਮੁੱਖ ਪ੍ਰਬੰਧਕ ਡਾ.ਬਲਦੇਵ ਸਿੰਘ ਬਧਣ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਦਾਅਵਾ ਕੀਤਾ ਕਿ ਇਸ ਪੁਸਤਕ ਮੇਲੇ ਵਿੱਚ 70 ਤੋਂ 75 ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ. ਇਸ ਪੁਸਤਕ ਮੇਲੇ ਵਿੱਚ ਹਰ ਰੋਜ਼ ਲੇਖਕਾਂ ਨਾਲ ਮਿਲਣੀ ਵੀ ਕਰਾਈ ਜਾਂਦੀ ਸੀ ‘ਇਸ ਪ੍ਰੋਗਰਾਮ ਅਧੀਨ ਦਰਜਨਾਂ ਕਲਮਕਾਰ ਆਪਣੇ ਪਾਠਕਾਂ ਦੇ ਰੂਬਰੂ ਹੋਏ. ਮੇਲੇ ਵਿੱਚ ਤਕਰੀਬਨ 50 ਪ੍ਰਕਾਸ਼ਕਾਂ ਵੱਲੋਂ 72 ਸਟਾਲ ਲਾਏ ਗਏ ਸਨ ਮੌਸਮ ਦੀ ਸਖ਼ਤ ਠੰਡ ਦੇ ਬਾਵਜੂਦ ਮੇਲੇ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ. ਪਰਾਪਤ ਵੇਰਵੇ ਮੁਤਾਬਿਕ ਇਸ ਮੇਲੇ ਵਿੱਚ ਪੰਜਾਬੀ ਕਿਤਾਬਾਂ 18 ਲਖ ਰੁਪਏ ਦੀਆਂ ਵਿਕੀਆਂ ਜਦਕਿ ਅੰਗ੍ਰੇਜ਼ੀ ਕਿਤਾਬਾਂ 16 ਲੱਖ ਰੁਪਏ ਦੀਆਂ. ਧਾਰਮਿਕ ਕਿਤਾਬਾਂ ਅਤੇ ਬਾਲ ਸਾਹਿਤ ਨਾਲ ਸਬੰਧਿਤ ਪੁਸਤਕਾਂ ਨੇ ਵੀ ਵਿਕਰੀ ਦੇ ਮਾਮਲੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ. ਵਿਕਰੀ ਦੇ ਮਾਮਲੇ ਵਿੱਚ ਹਿੰਦੀ ਭਾਸ਼ਾ ਦੀਆਂ ਕਿਤਾਬਾਂ ਦਾ ਸਥਾਨ ਤੀਸਰਾ ਰਿਹਾ.  ਜ਼ਿਕਰਯੋਗ ਹੈ ਕਿ ਇਹ ਪੰਜਾਬ ਦਾ 12 ਵਾਂ ਪੁਸਤਕ ਮੇਲਾ ਸੀ.

ਅਜਿਹੇ ਮੇਲਿਆਂ ਤੋਂ ਇਲਾਵਾ ਨੈਸ਼ਨਲ ਬੁਕ ਟਰਸਟ ਵੱਲੋਂ ਪੰਜਾਬ ਵਿੱਚ ਕਿਤਾਬਾਂ ਦੀਆਂ ਢਾਈ ਸੋ ਪ੍ਰਦਰਸ਼ਨੀਆਂ  ਵੀ  ਆਯੋਜਿਤ ਕਰਾਈਆਂ ਗਈਆਂ. ਪਹਿਲੀ ਜਨਵਰੀ 2011 ਨੂੰ ਲੱਗਿਆਂ ਬਠਿੰਡੇ ਵਾਲਾ ਪੁਸਤਕ ਮੇਲਾ ਪੰਜਾਬ ਵਿੱਚ ਅਜਿਹਾ 12 ਵਾਂ  ਮੇਲਾ ਸੀ. ਡਾਕਟਰ ਬਧਣ ਨੇ ਆਖਿਆ ਸੀ ਕਿ ਅਜਿਹੇ ਪੁਸਤਕ ਮੇਲਿਆਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ਰਾਹੀਂ ਸਾਡਾ ਮਕ਼ਸਦ ਸਿਰਫ ਕਿਤਾਬਾਂ ਵੇਚਣਾ ਹੀ ਨਹੀਂ, ਅਸੀਂ ਪੁਸਤਕ ਸਭਿਆਚਾਰ ਵੀ ਪੈਦਾ ਕਰਨਾ ਚਾਹੁੰਦੇ ਹਾਂ. ਪੁਸਤਕ ਸਭਿਆਚਾਰ ਵਾਲੇ ਇਸ ਨਵੇਂ ਸਮਾਜ ਦੀ ਸਿਰਜਣਾਂ ਵਿੱਚ ਯੋਗਦਾਨ ਪਾਉਣ ਵਾਲੇ ਇਸ ਯਾਦਗਾਰੀ ਉਪਰਾਲੇ ਵਿੱਚ ਸਮਾਜ ਦੇ ਲੋਕ ਵੀ ਵਧ ਚਡ਼੍ਹ ਕੇ ਅੱਗੇ ਆਏ.  ਸਮਾਜ ਦੇ ਵੱਖ ਵਰਗਾਂ ਨਾਲ ਜੁਡ਼ੇ ਹੋਏ ਲੋਕਾਂ ਨੇ ਇਹਨਾਂ ਆਯੋਜਨਾਂ ਦੀ ਸਫਲਤਾ ਲਈ ਆਪੋ ਆਪਣਾ ਤਾਣ ਲਾਇਆ.
                 ਮੀਡੀਆ ਰਿਪੋਰਟਾਂ ਮੁਤਾਬਿਕ ਇਸ ਪੁਸਤਕ ਮੇਲੇ ਵਿੱਚ ਸਭ ਤੋਂ ਵੱਧ ਵਿਕਰੀ ਮਦਾਨ ਬੁੱਕ ਹਾਊਸ ਪਟਿਆਲਾ ਵਾਲਿਆਂ ਦੇ ਸਟਾਲ ਤੋਂ ਹੋਈ. ਇਸ ਅਦਾਰੇ  ਵੱਲੋਂ 10 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ ਜਦੋਂ ਕਿ ਨੈਸ਼ਨਲ ਬੁੱਕ ਟਰੱਸਟ ਵੱਲੋਂ 5.50 ਲੱਖ ਦੀਆਂ ਪੁਸਤਕਾਂ ਵੇਚੀਆਂ ਗਈਆਂ ਸਨ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਲ ਤੋਂ ਡੇਢ ਲੱਖ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਸੀ. ਇਸੇ ਤਰ੍ਹਾਂ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ 1.05 ਲੱਖ ਦੀਆਂ ਕਿਤਾਬਾਂ ਵੇਚੀਆਂ ਗਈਆਂ ਸਨ. ਚੇਤਨਾ ਪ੍ਰਕਾਸ਼ਨ ਦੇ ਸਟਾਲ ਤੋਂ 3.50 ਲੱਖ ਦੀਆਂ ਕਿਤਾਬਾਂ ਵਿਕੀਆਂ ਤੇ ਲੋਕ ਗੀਤ ਪ੍ਰਕਾਸ਼ਨ ਵੱਲੋਂ ਢਾਈ ਲੱਖ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਕੀਤੀ ਗਈ. ਭਾਸ਼ਾ ਵਿਭਾਗ ਪੰਜਾਬ ਦੀਆਂ ਕੇਵਲ 30 ਹਜ਼ਾਰ ਦੀਆਂ ਪੁਸਤਕਾਂ ਵਿਕੀਆਂ ਤੇ ਓਸ਼ੋ ਫਾਊਡੇਸ਼ਨ ਦੀਆਂ 90 ਹਜ਼ਾਰ ਰੁਪਏ ਦੀਆਂ ਕਿਤਾਬਾਂ ਵਿਕੀਆਂ ਸਨ. ਆਰਸੀ ਦਿੱਲੀ ਦੇ ਸਟਾਲ ਤੋਂ 80 ਹਜ਼ਾਰ ਰੁਪਏ ਤੇ ਨਵਯੁਗ ਦਿੱਲੀ ਵਾਲੇ ਸਟਾਲ ਤੋਂ 60 ਹਜ਼ਾਰ ਰੁਪਏ ਦੀਆਂ ਪੁਸਤਕਾਂ ਵਿਕੀਆਂ. ਏਸੇ ਤਰਾਂ  ਲੱਖੀ ਜੰਗਲ ਪੰਜਾਬੀ ਸੱਥ ਦੇ ਸਟਾਲ ਤੋਂ 68 ਹਜ਼ਾਰ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਈ.

ਅਸਲ ਵਿੱਚ ਅਜਿਹੇ ਮੇਲੇ ਲੇਖਕਾਂ, ਪ੍ਰਕਾਸ਼ਕਾਂ ਅਤੇ ਪਾਠਕਾਂ ਦਰਮਿਆਨ ਅਜਿਹਾ ਪੁਲ ਵੀ ਸਿਰਜਦੇ ਹਨ ਜਿਸ ਨਾਲ ਇਹਨਾਂ ਤਿੰਨਾਂ ਧਿਰਾਂ ਦਰਮਿਆਨ ਪੈਦਾ ਹੋਈ ਨੇਡ਼ਤਾ ਅਤੇ ਸਮਝ ਇੱਕ ਨਵੇਂ ਆਦਰਸ਼ਕ ਸਮਾਜ ਦੀ ਸਿਰਜਨਾਂ ਵਿੱਚ ਸਹਾਇਕ ਸਾਬਿਤ ਹੁੰਦੀ ਹੈ.ਨੌਜਵਾਨਾਂ ਵੱਲੋਂ ਇਨਕਲਾਬੀ ਸਾਹਿਤ ਖਰੀਦਿਆ ਜਾਂਦਾ ਹੈ ਅਤੇ ਇਨਕਲਾਬੀ ਪੋਸਟਰ ਵੀ ਵੱਡੀ ਗਿਣਤੀ ਵਿੱਚ ਖਰੀਦੇ ਜਾਂਦੇ ਹਨ. ਪੁਸਤਕ ਮੇਲਿਆਂ ਵਿੱਚ ‘ਲੇਖਕ ਨਾਲ ਮਿਲਣੀ’ ਪ੍ਰੋਗਰਾਮ ਵੀ ਉਸਾਰੂ ਸਾਬਿਤ ਹੁੰਦੇ ਹਨ ਅਤੇ ਆਮ ਜਾਂ ਸਾਧਾਰਣ ਪਾਠਕ ਅਰਥਾਂ ਦੇ ਅਨਰਥ ਵਾਲੀ ਸਥਿਤੀ ਤੋਂ ਬਚ ਕੇ ਲੇਖਕ ਜਾਂ ਸ਼ਾਇਰ ਨੂੰ ਖੁਦ ਪੁਛ ਸਕਦਾ ਹੈ ਕਿ ਉਹ ਆਪਣੀ ਕਿਸ ਰਚਨਾ ਵਿੱਚ ਕੀ ਕਹਿਣਾ ਚਾਹੁੰਦਾ ਹੈ.
ਮੇਲਿਆਂ ਦੇ ਨਾਲ ਨਾਲ ਕਈ ਸ਼ਖਸੀਅਤਾਂ ਨਿਜੀ ਤੌਰ ਤੇ ਵੀ ਸਰਗਰਮ ਹਨ. ਪੁਸਤਕਾਂ ਦੇ ਤੋਹਫ਼ੇ, ਪੁਸਤਕਾਂ ਨਾਲ ਸਨਮਾਣ, ਪੁਸਤਕਾਂ ਦਾ ਦਾਨ ਕੁਝ ਅਜਿਹੇ ਹੀ ਉਪਰਾਲੇ ਹਨ. ਕਰੀਨਾ ਕਪੂਰ ਅੱਜ ਦੀ ਤਾਰੀਖ ਵਿੱਚ ਬਾਲੀਵੁਡ ਦੀ ਸਭ ਤੋਂ ਜ਼ਿਆਦਾ ਬਿਜ਼ੀ ਅਭਿਨੇਤਰੀਆਂ ਵਿੱਚੋਂ ਗਿਣੀ ਜਾਂਦੀ ਹੈ. ਇਸ ਦੇ ਬਾਵਜੂਦ ਉਹ ਸਮਾਜਕ ਸਰੋਕਾਰਾਂ ਨਾਲ ਜੁਡ਼ੇ ਕੰਮਾਂ ਲਈ ਸਮਾਂ ਕੱਢ ਲੈਂਦੀ ਹੈ. ਉਸਦੇ ਦਿਲ ਤੇ ਜਿਹਡ਼ੇ ਲੋਕ ਰਾਜ ਕਰਦੇ ਹਨ ਉਹਨਾਂ ਵਿੱਚ ਕਿਤਾਬਾਂ ਵੀ ਸ਼ਾਮਿਲ ਹਨ. ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਬਡ਼ੀ ਹੀ ਚੁਲਬੁਲੀ ਜਿਹੀ ਨਜ਼ਰ ਆਉਣ ਵਾਲੀ ਕਰੀਨਾ ਕਪੂਰ ਉਂਝ ਬਹੁਤ ਗੰਭੀਰ ਹੈ.  ਕਰੀਨਾ ਕਪੂਰ ਨੂੰ ਸਿਖਿਆ ਦੇ ਪ੍ਰਸਾਰ ਵਿੱਚ ਡੂੰਘੀ ਦਿਲਚਸਪੀ ਹੈ ਅਤੇ ਇਸ ਲਈ ਉਹ ਮੁੰਬਈ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਸਮੇਂ-ਸਮੇਂ ‘ਤੇ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਦਾਨ ਕਰਦੀ ਰਹਿੰਦੀ ਹੈ.
ਡਾਕਟਰ ਸਰੂਪ ਸਿੰਘ ਅਲਗ
ਏਸੇ ਤਰਾਂ ਸਵਾਰਥ ਦੇ ਇਸ ਯੁਗ ਵਿੱਚ ਵੀ ਪੂਰੀ ਤਰਾਂ ਨਿਸ਼ਕਾਮ ਸੇਵਾ ਵਾਲੀ ਇੱਕ ਮਿਸਾਲ ਕਾਇਮ ਕੀਤੀ ਹੈ ਡਾਕਟਰ ਸਰੂਪ ਸਿੰਘ ਅਲਗ ਨੇ. ਉਹਨਾਂ ਨੇ ਲਗਾਤਾਰ ਕਈ ਸਾਲਾਂ ਤੱਕ ਆਪਣੀ ਤਨਖਾਹ ਦਾ ਦੋ ਤਿਹਾਈ ਹਿਸਾ ਸਿੱਖ ਧਰਮ ਅਤੇ ਨਰੋਏ ਸਮਾਜ ਦੀ ਸਿਰਜਣਾ ਨਾਲ ਸਬੰਧਿਤ ਵਿਸ਼ਿਆਂ ਵਾਲੀਆਂ ਮੌਲਿਕ ਕਿਤਾਬਾਂ ਦੀ ਛਪਾਈ ਤੇ ਖਰਚਿਆ ਅਤੇ ਖੁਦ ਸਾਧਾਰਣ ਚੱਦਰ ਵਾਲੇ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕੀਤਾ. ਆਪਣੀ ਪਤਨੀ ਦੇ ਸਾਰੇ ਗਹਿਣੇ ਵੀ ਉਹਨਾਂ ਇਸ ਯੱਗ ਵਿੱਚ ਹੀ ਅਰਪਿਤ ਕਰ ਦਿੱਤੇ. ਇਹਨਾਂ ਔਖਿਆਈਆਂ ਨੂੰ ਗਲੇ ਲਗਾ ਕੇ ਉਹਨਾਂ ਨੇ ਕਿਤਾਬਾਂ ਛਾਪਣ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਜੋ ਕਿ ਕ੍ਰਾਂਤੀਕਾਰੀ ਸੀ. ਲੋਕਾਂ ਨੇ ਉਹਨਾਂ ਦੀ ਇਸ ਘਾਲਣਾ ਨੂੰ ਜਲਦੀ ਹੀ ਸ਼ਬਦ ਯੱਗ ਦਾ ਨਾਮ ਦੇ ਦਿੱਤਾ. ਓਹ ਆਪਣੀਆਂ ਸਾਰੀਆਂ ਕਿਤਾਬਾਂ ਬਿਨਾ ਕਿਸੇ ਭੇਟਾ ਦੇ ਵੰਡਦੇ ਅਤੇ ਜਾਂ ਫੇਰ ਇਹਨਾਂ ਕਿਤਾਬਾਂ ਨਾਲ ਹੀ ਆਪਣੇ ਮਹਿਮਾਨਾਂ ਅਤੇ ਚਾਹੁਣ ਵਾਲਿਆਂ ਦਾ ਸਨਮਾਣ ਕਰਦੇ. ਅੱਜ ਉਹਨਾਂ ਦੀ ਕਦਰ ਕਰਨ ਵਾਲੇ ਕਈ ਸਪਾਂਸਰ ਅਤੇ ਸਰਗਰਮ ਸਹਿਯੋਗੀ  ਦੁਨੀਆ ਭਰ ਵਿੱਚ ਮੌਜੂਦ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਬਡ਼ੀ ਮਹਿੰਗੀ ਛਪਾਈ ਅਤੇ ਆਕਰਸ਼ਕ ਦਿੱਖ ਵਾਲੀਆਂ ਕਿਤਾਬਾਂ ਛਾਪਦੇ ਹਨ ਅਤੇ ਓਸੇ ਤਰਾਂ ਬਿਲਕੁਲ ਫਰੀ ਵੰਡਦੇ ਹਨ ਜਿਵੇਂ ਕਿ ਪਹਿਲਾਂ ਆਪਣੀ ਇਸ ਮੁਹਿੰਮ ਦੇ ਸ਼ੁਰੂ ਸ਼ੁਰੂ ਵਿੱਚ ਵੰਡਿਆ ਕਰਦੇ ਸਨ. ਇਹ ਗੱਲ ਵੱਖਰੀ ਹੈ ਕਿ ਡਾਕਟਰ ਸ੍ਰੁਉਪ ਸਿੰਘ ਅਲਗ ਦੀ ਏਸ ਸ਼ੁਭ ਭਾਵਨਾ ਦਾ ਫਾਇਦਾ ਉਠਾ ਕੇ ਆਪਣੀਆਂ ਜੇਬਾਂ ਭਰਨ ਵਾਲੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਗੁਰੂ ਘਰ ਅਤੇ ਗੁਰਬਾਣੀ ਦੇ ਏਸ ਪ੍ਰਚਾਰ ਵਿੱਚ ਵੀ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆਉਂਦੇ. ਇਹਨਾਂ ਸ੍ਵਾਰਥੀ ਅਨਸਰਾਂ ਦੀ ਚਰਚਾ ਫੇਰ ਕਦੇ ਕੀਤੀ ਜਾਵੇਗੀ ਕਿਸ ਏ ਵੱਖਰੇ ਲੇਖ ਜਾਂ ਰਿਪੋਰਟ ਵਿੱਚ ਜੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਹਮਣੇ ਲਿਆਓ ਫਿਲਹਾਲ ਗੱਲ ਕਰਦੇ ਹਾਂ ਕਤਾਬਾਂ ਰਹਿਣ ਗਈਆਂ ਦਾ ਚੰਨਾਂ ਫੈਲਾਉਣ ਵਾਲਿਆਂ ਅਤੇ ਕੁਝ ਕਰ ਦਿਖਾਉਣ ਵਾਲਿਆਂ ਦੀ. ਡਾਕਟਰ ਅਲਗ ਦੀ ਘਾਲਣਾ ਵੱਲ ਦੇਖੀਏ ਤਾਂ ਖੁਸ਼ੀ ਵੀ ਮਿਲਦੀ ਹੈ ਅਤੇ ਤੱਸਲੀ ਵੀ.ਨਿਸਚੇ ਹੀ ਇਹ ਸਾਰੀਆਂ ਖਬਰਾਂ ਬਡ਼ੀਆਂ ਚੰਗੀਆਂ ਚੰਗੀਆਂ ਲੱਗਦੀਆਂ ਹਨ. ਤਕਨੀਕ ਦੇ ਇਸ ਕਾਰੋਬਾਰੀ ਅਤੇ ਅਤਿ ਆਧੁਨਿਕ ਯੁਗ ਵਿੱਚ ਵੀ ਨਾਂ ਤਾਂ ਲੋਕ ਅਜੇ ਕਿਤਾਬਾਂ ਨੂੰ ਭੁੱਲੇ ਹਨ ਅਤੇ ਨਾਂ ਹੀ ਜਜਬਾਤਾਂ ਨੂੰ. ਪਰ ਇਹ ਮੁਕੰਮਲ ਸਚਾਈ ਨਹੀਂ ਹੈ.

                  ਇਸ ਦੁਨੀਆ ਵਿੱਚ ਓਹ ਲੋਕ ਵੀ ਹਨ ਜਿਹਡ਼ੇ ਜਾਂ ਤਾਂ ਜਜ਼ਬਾਤਾਂ ਤੋਂ ਬਹੁਤ ਦੂਰ ਹਨ ਅਤੇ ਜਾਂ ਫੇਰ ਏਨੇ ਸ਼ਾਤਿਰ ਹਨ ਕਿ ਓਹ ਦਿਲ ਅਤੇ ਦਿਮਾਗ 'ਚ ਚੱਲ ਰਹੀਆਂ ਭਾਵਨਾਵਾਂ ਨੂੰ ਕੰਟ੍ਰੋਲ ਕਰਕੇ ਉਹਨਾਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੀ ਪੂਰੀ ਤਰਾਂ ਮਾਹਿਰ ਹਨ.  ਉਹਨਾਂ ਨੇ ਵੀ ਇਸ ਤਕਨੀਕ ਦਾ ਪੂਰਾ ਪੂਰਾ ਫਾਇਦਾ ਉਠਾਇਆ ਹੈ. ਕਿਸੇ ਵੀ ਬੁਕ  ਸਟਾਲ ਤੇ ਜਾ ਕੇ ਜਾਂ ਫੇਰ ਕਿਤਾਬਾਂ ਦੀ ਵਣਗੀ ਅਤੇ ਗਿਣਤੀ ਦੇਖ ਕੇ ਬੰਦਾ ਚਕਰਾ ਜਾਂਦਾ ਹੈ. ਇੱਕੋ ਇੱਕੋ ਵਿਸ਼ੇ ਤੇ ਹੀ ਏਨੀਆਂ ਏਨੀਆਂ ਕਿਤਾਬਾਂ ਮੌਜੂਦ ਹਨ ਕਿ ਸਮਝ ਨਹੀਂ ਆਉਂਦੀ ਕਿ ਕਿਹਡ਼ੀ ਪੁਸਤਕ ਪ੍ਰਮਾਣਿਕ ਹੈ, ਕਿਹਡ਼ੀ ਪੁਸਤਕ ਅਸਲੀ ਹੈ, ਕਿਹਡ਼ੀ ਕਿਤਾਬ ਪਡ਼੍ਹੀ ਜਾਏ ਕਿਹਡ਼ੀ ਛੱਡੀ ਜਾਏ ?

                 ਮੇਰੇ ਵਾਂਗ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਹੋਵੇਗਾ ਸਕੂਲੀ ਪਡ਼੍ਹਾਈ ਦੇ ਆਰੰਭ ਦਾ ਉਹ ਜ਼ਮਾਨਾ ਜਦੋਂ ਸਕੂਲ ਦੇ ਸਿਲੇਬਸ ਵਾਲੀਆਂ  ਕਿਤਾਬਾਂ ਬਸ ਗਿਣਤੀ ਦੀਆਂ ਹੀ ਹੁੰਦੀਆਂ ਸਨ. ਜਿਹਡ਼ੇ ਬੱਚੇ ਕਿਸੇ ਵੀ ਕਾਰਣ ਆਪੋ ਆਪਣੀ ਕਲਾਸ ਦੀਆਂ ਪੂਰੀਆਂ ਕਿਤਾਬਾਂ ਖਰੀਦ ਨਹੀਂ ਸਨ ਸਕਦੇ  ਜਾਂ ਫੇਰ ਪਡ਼੍ਹ ਨਹੀਂ ਸਨ ਸਕਦੇ ਓਹ ਫਿਰ ਇਮਤਿਹਾਨਾਂ ਦੇ ਨੇਡ਼ੇ ਜਾ ਕੇ ਇੱਕ ਹੋਰ ਕਿਤਾਬ ਦਾ ਸਹਾਰਾ ਲੈਂਦੇ ਸਨ. ਇਸ ਕਿਤਾਬ ਨੂੰ ਕਿਹਾ ਜਾਂਦਾ ਸੀ ਸਫਲਤਾ ਦੀ ਕੁੰਜੀ. ਜੇ ਟੀਚਰ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਬੱਚੇ ਕੋਲ ਸਫਲਤਾ ਦੀ ਕੁੰਜੀ  ਹੈ ਤਾਂ ਉਸ ਨੂੰ ਸਜ਼ਾ ਮਿਲਦੀ ਸੀ. ਉਸਦੀ ਝਾਡ਼ ਝੰਭ ਹੁੰਦੀ ਸੀ. ਉਸ ਨੂੰ ਪੁਛਿਆ ਜਾਂਦਾ ਸੀ ਕਿ ਅਖੀਰ ਤੂੰ ਆਪਣੀ ਕਿਤਾਬ ਵਿਚੋਂ ਸਿਧਾ ਸਿਧਾ ਕਿਓਂ ਨਹੀਂ ਪਡ਼੍ਹ ਸਕਦਾ ? ਕਿਓਂ ਨਹੀਂ ਸਮਝ ਸਕਦਾ ਅਤੇ ਫਿਰ ਉਸ ਨੂੰ ਆਪਣੀ ਕਿਤਾਬ ਸਿਧਿਆਂ ਸਮਝਣ ਦਾ ਆਦਤ ਪਾਈ ਜਾਂਦੀ ਸੀ. ਫਿਰ ਜ਼ਮਾਨਾ ਬਦਲਿਆ ਤਾਂ ਅਜਿਹਾ ਬਦਲਿਆ ਕਿ ਅੱਜ ਸਕੂਲਾਂ ਵਿੱਚ ਸਾਫ਼ ਸਾਫ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਫਲਾਂ ਫਲਾਂ ਗਾਈਡ ਖਰੀਦੋ. ਵੱਖ ਵੱਖ ਪ੍ਰਕਾਸ਼ਕ ਆਪੋ ਆਪਣੀ ਗਾਈਡ ਦੇ ਹੱਕ ਵਿੱਚ ਸਕੂਲੀ ਬੱਚਿਆਂ ਨੂੰ ਸਲਾਹ ਜਾਂ ਹਦਾਇਤ ਦਵਾਉਣ ਲਈ ਮਹਿੰਗੀਆਂ ਸੌਗਾਤਾਂ ਅਤੇ ਕਮਿਸ਼ਨਾਂ ਸਮੇਤ ਓਹ ਸਾਰੀਆਂ ਤਰਕੀਬਾਂ ਵਰਤਦੇ ਹਨ ਜਿਹਡ਼ੀਆਂ ਬਾਜ਼ਾਰ ਦੀ ਮੰਗ ਮੁਤਾਬਿਕ ਜ਼ਰੂਰੀ ਹੁੰਦੀਆਂ ਹਨ. ਅੱਜ ਕਲ ਸਫਲਤਾ ਦੀ ਕੁੰਜੀ ਦਾ ਨਵਾਂ ਅਤੇ ਪਾਪੂਲਰ ਨਾਮ ਗਾਈਡ ਹੈ. ਸਮਝ ਨਹੀਂ ਆਉਂਦੀ ਕਿ ਜੇ ਇਸ ਤਰਾਂ ਗਾਈਡ ਬਜ਼ਾਰੋਂ ਮਿਲਦੇ ਹਨ ਤਾਂ ਫਿਰ ਸਕੂਲ ਵਿੱਚ ਪਡ਼੍ਹਾ ਰਿਹਾ ਟੀਚਰ ਆਪਣੇ ਸਟੂਡੈਂਟ ਨੂੰ ਕੀ ਗਾਈਡ ਕਰ ਰਿਹਾ ਹੈ ? ਕਿਤਾਬਾਂ ਬਾਰੇ ਕਿਤਾਬਾਂ ਦਾ ਇਹ ਸਿਲਸਿਲਾ ਭਾਵੇਂ ਕਿਸੇ ਚੰਗੀ ਭਾਵਨਾ ਨਾਲ ਹੀ ਸ਼ੁਰੂ ਹੋਇਆ ਹੋਵੇ ਪਰ ਇਸਦੀ ਵਿਕਰੀ ਵਿੱਚ ਆਉਂਦੀ ਤੇਜ਼ੀ ਨੇ ਪ੍ਰਕਾਸ਼ਕਾਂ ਨੂੰ ਬਹੁਤ ਹੀ ਥੋਹਡ਼ੇ ਸਮੇਂ ਵਿੱਚ ਮਾਲੋਮਾਲ ਕਰ ਦਿੱਤਾ. ਉਹਨਾਂ ਦੀ ਦੇਖਾ ਦੇਖੀ ਕਈ ਨਵੇਂ ਲੋਕ ਆਉਂਦੇ ਗਏ ਅਤੇ ਬਾਜ਼ਾਰਾਂ ਵਿੱਚ ਵਧ ਗਈ ਕਿਤਾਬਾਂ ਦੀ ਭੀਡ਼. ਕਿਤਾਬਾਂ ਦੇ ਇਸ ਢੇਰ ਵਿੱਚ ਪਈਆਂ ਕਿਤਾਬਾਂ ਵੱਲ ਨਜ਼ਰ ਮਾਰੀ ਜਾਏ ਤਾਂ ਤਕਰੀਬਨ ਹਰ ਕਿਤਾਬ ਤੇ ਹੁੰਦਾ ਹੈ ਜ਼ਬਰਦਸਤ ਦਾਅਵਾ. ਹਰ ਕਿਤਾਬ ਦੇ ਅਸਲੀ ਹੋਣ ਦੀ ਗਾਰੰਟੀ. ਇਹ ਭੰਬਲਭੂਸਾ ਏਨਾ ਵਧਿਆ ਕਿ ਆਰਥਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਤੱਕ ਵੀ ਫੈਲ ਗਿਆ. ਬਾਜ਼ਾਰ ਜਾ ਕੇ ਕਿਸੇ ਸਟਾਲ ਤੇ ਜਾਂ ਫੇਰ ਇਹਨਾਂ ਦੇ ਇਸ਼ਤਿਹਾਰਾਂ ਵੱਲ ਨਜ਼ਰ ਮਾਰੀ ਜਾਏ ਤਾਂ ਆਮ ਦੇਖਿਆ ਜਾ ਸਕਦਾ ਹੈ ਕਿ ਜਿਹਡ਼ੀ ਕਿਤਾਬ ਤੁਸੀਂ ਲਭਣਾ ਚਾਹ ਰਹੇ ਹੋ ਉਹ ਆਸਾਨੀ ਨਾਲ ਨਹੀਂ ਮਿਲੇਗੀ. ਉਸ ਵਰਗੀਆਂ ਬਡ਼ੀਆਂ ਕਿਤਾਬਾਂ ਹੋਣਗੀਆਂ. ਬਡ਼ਾ ਮੋਟਾ ਮੋਟਾ ਲਿਖਿਆ ਹੋਵੇਗਾ ਜਿਸ ਦਾ ਅਰਥ ਹੋਵੇਗਾ ਬਸ ਇਹੀ ਹੈ ਅਸਲੀ ਕਿਤਾਬ. ਇਹੀ ਹੈ ਅਸਲੀ ਲੇਖਕ. ਇਹੀ ਹੈ ਤੁਹਾਡੀ ਤਲਾਸ਼. ਬਸ ਇਹੀ ਕਿਤਾਬ ਆਈ ਹੈ ਤੁਹਾਡੇ ਸਾਹਮਣੇ ਪਹਿਲੀ ਵਾਰ.
          ਇਸ ਭੀਡ਼ ਵਿੱਚ ਅਸਲੀ ਕਿਤਾਬ ਸਚਮੁਚ ਗੁਆਚ ਚੁਕੀ ਹੈ. ਕਾਲੇ ਅੱਖਰਾਂ ਦੇ ਨਾਲ ਨਾਲ ਰੰਗ ਬਰੰਗੇ ਅਖਰਾਂ ਦਾ ਇਹ ਚਾਨਣ ਏਨਾ ਤੇਜ਼ ਹੈ ਕਿ ਇਸ ਵਿੱਚ ਅੱਖਾਂ ਚੁੰਧਿਆ ਜਾਂਦੀਆਂ ਹਨ. ਇਸ ਧੁੰਦ ਵਿੱਚ ਵੀ ਖੱਡਾਂ ਵਾਲਾ ਰਸਤਾ ਓਨਾ ਹੀ ਖਤਰਨਾਕ ਹੋ ਜਾਂਦਾ ਹੈ ਜਿੰਨਾ ਕਿ ਕਾਲੇ ਸੰਘਣੇ ਹਨੇਰੇ ਵਿੱਚ. ਬਲਕਿ ਕਈ ਵਾਰ ਤਾਂ ਰਾਤ ਦੇ ਹਨੇਰੇ ਨਾਲੋਂ ਵੀ ਵਧ ਖਤਰਨਾਕ ਹੋ ਜਾਂਦਾ ਹੈ ਇਹ ਚੁੰਧਿਆ ਦੇਣ ਵਾਲਾ ਚਾਨਣ. ਇਸ ਚਿੱਟੇ ਹਨੇਰੇ ਨੇ ਹੀ ਲੋਕਾਂ ਵਿਚ ਕਿਤਾਬਾਂ ਪਡ਼੍ਹਨ ਵਾਲਿਆਂ ਬਾਰੇ ਕਈ ਤਰਾਂ ਦੇ ਸ਼ੰਕੇ ਪੈਦਾ ਕੀਤੇ ਅਤੇ ਓਹ ਕਿਤਾਬਾਂ ਪਡ਼੍ਹਨ ਵਾਲਿਆਂ ਕੋਲੋਂ ਪੁਛਣ ਲੱਗ ਪਏ....:ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 
                ਤਕਨੀਕ ਵਾਲੇ ਇਸ ਯੁਗ ਦੀ ਤੇਜ਼ ਰਫਤਾਰੀ ਵਿੱਚ ਜਦੋਂ ਇੰਟਰਨੈਟ ਆਮ ਲੋਕਾਂ ਤੱਕ ਪਹੁੰਚਿਆ ਤਾਂ ਇਸਨੇ ਕਿਤਾਬਾਂ ਪਡ਼੍ਹਨ ਵਾਲਿਆਂ ਤੇ ਵੀ ਅਸਰ ਪਾਇਆ. ਬਹੁਤ ਸਾਰੀਆਂ ਨਵੀਆਂ ਪੁਰਾਣੀਆਂ ਕਿਤਾਬਾਂ ਇੰਟਰਨੈਟ ਤੇ ਆਮ ਹੋ ਗਈਆਂ. ਇੱਕ ਵਧੀਆ ਜਿਹਾ ਮੋਬਾਈਲ ਸੈਟ ਤੇ ਕਿਤਾਬਾਂ ਦੀ ਦੁਨੀਆ ਆ ਗਈ ਤੁਹਾਡੀ ਮੁਠੀ ਵਿੱਚ. ਸਰਚ ਕਰੋ ਤੇ ਜਦੋਂ ਚਾਹੋ, ਜਿਥੇ ਚਾਹੋ ਕੋਈ ਵੀ ਕਿਤਾਬ ਪਡ਼੍ਹ ਲਓ. ਪੁਸਤਕ ਪ੍ਰੇਮੀਆਂ ਲਈ ਤਾਂ ਇਹ ਸਿਸਟਮ ਇੱਕ ਵਰਦਾਨ ਬਣ ਕੇ ਆਇਆ. ਨਾਂ ਅਲਮਾਰੀਆਂ ਦਾ ਖਰਚਾ, ਨਾਂ ਰੱਖ ਰਖਾਅ ਵਾਲੀ ਖੇਚਲ ਤੇ ਨਾਂ ਹੀ ਸਿਓਂਕ ਲੱਗਣ ਦਾ ਕੋਈ ਡਰ. ਨਾਲ ਹੀ ਨਵੀਆਂ ਵੈਬ ਕਿਤਾਬਾਂ ਦਾ ਛਾਪਣਾ ਵੀ ਸਸਤਾ ਸੌਖਾ ਅਤੇ ਟਿਕਾਊ. ਕਾਗਜ਼ ਅਤੇ ਜਿਲਦ ਸਿਸਟਮ ਵਾਲੀ ਪ੍ਰਿੰਟਿੰਗ ਦੀ ਮੁਕਾਬਲੇ ਤੇ ਸੀਡੀ ਵਾਲੀ ਕਿਤਾਬ ਸਸਤੀ ਪੈਣ ਲੱਗ ਪਈ. ਇਸ ਨਾਲ ਕਿਤਾਬਾਂ ਦੀ ਗਿਣਤੀ ਹੋਰ ਵਧ ਗਈ ਤੇ ਨਾਲ ਹੀ ਵਧ ਗਿਆ ਇੱਕ ਖਤਰਾ. ਅਖਾਂ ਰਾਹੀਂ ਦਿਲ ਦਿਮਾਗ ਵਿੱਚ ਅਜਿਹੇ ਵਿਸ਼ੇ ਦਾਖਿਲ ਹੋਣ ਲੱਗ ਪਏ ਜਿਹਨਾਂ ਬਾਰੇ ਕਦੇ ਕਿਸੇ ਨੇ ਕੁਝ ਨਹੀਂ ਸੋਚਿਆ ਹੁੰਦਾ. ਇੱਕ ਸਬਜੈਕਟ ਸਰਚ ਕਰੋ ਤਾਂ ਕਿਤਾਬਾਂ ਦੀ ਬਹੁਤ ਵੱਡੀ ਗਿਣਤੀ ਸਾਹਮਣੇ ਆਉਣ ਲੱਗ ਪਈ. ਬੰਦਾ ਪਡ਼੍ਹਦਾ ਗਿਆ ਪਡ਼੍ਹਦਾ ਗਿਆ ਤੇ ਏਨਾ ਗੁਆਚਣ ਲੱਗ ਪਿਆ ਕਿ ਅਸਲ ਜ਼ਿੰਦਗੀ ਵਿੱਚ ਬਾਰ ਬਾਰ ਉਸਨੂੰ ਇਹੀ ਸੁਆਲ ਸੁਣਨਾ ਪੈਂਦਾ
ਕਿਤਾਬੇਂ ਬਹੁਤ ਸੀ ਪਡ਼੍ਹੀ ਹੋੰਗੀ ਤੁਮਨੇਮਗਰ ਕੋਈ ਚਿਹਰਾ ਭੀ ਤੁਮਨੇ ਪੜ੍ਹਾ ਹੈ ? 

ਕਿਸੇ ਤੁਫਾਨ ਵਾਂਗ ਆਇਆ ਡਿਜਿਟਲ ਕਿਤਾਬਾਂ ਦਾ ਇਹ ਰੁਝਾਨ ਵਿਦੇਸ਼ਾਂ ਵਿੱਚ ਕਾਫੀ ਪੁਰਾਣਾ ਹੋ ਚੁੱਕਿਆ ਹੈ ਪਰ ਨਾਂ ਤਾਂ ਉਥੇ ਕਾਗਜ਼ ਤੇ ਛਪਣ ਵਾਲਿਆਂ ਅਖਬਾਰਾਂ ਦੀ ਗਿਣਤੀ ਘਟੀ ਅਤੇ ਨਾਂ ਹੀ ਕਾਗਜ਼ ਤੇ ਛਪਣ ਵਾਲੀਆਂ ਕਿਤਾਬਾਂ ਦੀ. ਉਥੇ ਇਹਨਾਂ ਦੋਹਾਂ ਤਰਾਂ ਦੇ ਤਕਨੀਕੀ ਰੁਝਾਨਾਂ ਨੇ ਇੱਕ ਦੂਸਰੇ ਨੂੰ ਫਾਇਦਾ ਹੀ ਪਹੁੰਚਾਇਆ. ਜਿਹਡ਼ੀਆਂ ਕਿਤਾਬਾਂ ਜਾਂ ਪਰਚੇ ਸੀਮਤ ਛਪਾਈ ਜਾਂ ਭੂਗੋਲਿਕ ਦੂਰੀਆਂ ਕਾਰਣ ਸ਼੍ਸਾਰ ਦੇ ਕਿਸੇ ਦੂਜੇ ਕੋਨੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਉਹਨਾਂ ਦੇ ਚਾਹੁਣ ਵਾਲੇ ਨੈਟ ਐਡੀਸ਼ਨ ਤੇ ਪਡ਼੍ਹ ਲੈਂਦੇ ਹਨ. ਤਕਰੀਬਨ ਹਰ ਚੰਗੀ ਅਖਬਾਰ ਦਾ ਇੰਟਰਨੈਟ ਐਡੀਸ਼ਨ ਵੀ ਨਿਕਲ ਰਿਹਾ ਹੈ. ਇਸਦੇ ਐਡੀਸ਼ਨ ਦੇ ਅੱਖਰ ਵੱਡੇ ਛੋਟੇ ਹੋ ਜਾਂਦੇ ਹਨ ਅਤੇ ਇਸ ਨੂੰ ਕਿਸੇ ਵੀ ਵੇਲੇ ਪਡ਼੍ਹਿਆ ਜਾ ਸਕਦਾ ਹੈ. ਇਸਦਾ ਕੋਈ ਪੁਰਾਣਾ ਐਡੀਸ਼ਨ ਵੀ ਝੱਟ ਪੱਟ ਤੁਹਾਡੇ ਸਾਹਮਣੇ ਆ ਜਾਂਦਾ ਹੈ. ਇਸ ਤਕਨੀਕ ਦਾ ਫਾਇਦਾ ਪੁਸਤਕਾਂ ਵਿਚ ਵੀ ਹੋ ਰਿਹਾ ਹੈ. ਡਿਜੀਟਲ ਲਾਇਬ੍ਰੇਰੀਆਂ ਵਧ ਰਹੀਆਂ ਹਨ.
           ਪਡ਼੍ਹਾਈ ਲਿਖਾਈ ਦੇ ਇਸ ਆਧੁਨਿਕ ਯੁਗ ਇਕ ਅਜਿਹਾ ਦੌਰ ਵੀ ਆਇਆ ਜਦੋਂ ਨੀਮ ਹਕੀਮਾਂ ਨੇ ਤਾਕਤ ਦੀ ਬਾਦਸ਼ਾਹੀ ਦੇ ਦਾਅਵੇ ਵੀ ਕੀਤੇ ਅਤੇ ਕਿਤਾਬਾਂ ਵੀ ਲਿਖੀਆਂ. ਨੀਮ ਹਕੀਮਾਂ ਦੀਆਂ ਇਹਨਾਂ ਅਧ ਕਚਰੀਆਂ ਕਾਰੋਬਾਰੀ ਕਿਤਾਬਾਂ ਨੇ ਕਿੰਨੇ ਲੋਕਾਂ ਨੂੰ ਬੀਮਾਰ ਕੀਤਾ ਹੋਵੇਗਾ ਇਸਦਾ ਸਹੀ ਸਹੀ ਅੰਦਾਜ਼ਾ ਲਗਾ ਸਕਣਾ ਵੀ ਮੁਸ਼ਕਿਲ ਹੈ. ਤਕਰੀਬਨ ਤਕਰੀਬਨ ਇਹੀ ਹਾਲ ਕੁਝ ਹੋਰਨਾਂ ਖੇਤਰਾਂ ਵਿੱਚ ਵੀ ਹੋਇਆ.  ਜਦੋਂ ਤੱਕ ਇਹ ਬੀਮਾਰ ਆਪਣੇ ਅਸਲੀ ਡਾਕਟਰ ਕੋਲ ਪਹੁੰਚਦੇ ਹਨ ਉਦੋਂ ਤੱਕ ਬਡ਼ੀ ਦੇਰ ਹੋ ਜਾਂਦੀ.
              ਕਿਤਾਬਾਂ ਨੇ ਹੰਕਾਰ ਦਾ ਹਨੇਰਾ ਵੀ ਫੈਲਾਇਆ. ਕਈ ਅਜਿਹੇ ਲੋਕ ਦੇਖੇ ਜਾਂਦੇ ਹਨ ਜਿਹਡ਼ੇ ਪਡ਼੍ਹੀ ਜਾਂਦੇ ਹਨ, ਪਡ਼੍ਹੀ ਜਾਂਦੇ ਹਨ ਤੇ ਏਨਾ ਪਡ਼੍ਹੀ ਜਾਂਦੇ ਹਨ ਕਿ ਅਮਲੀ ਜ਼ਿੰਦਗੀ ਨਾਲੋਂ ਬਿਲਕੁਲ ਕੱਟੇ ਜਾਂਦੇ ਹਨ. ਜਦ ਕਦੇ ਜ਼ਿੰਦਗੀ 'ਚ ਆਉਂਦੀਆਂ ਔਕਡ਼ਾਂ ਦਾ ਚਡ਼੍ਹਿਆ ਹੋਇਆ ਸ਼ੂਕਦਾ ਦਰਿਆ ਤੈਰ ਕੇ ਪਾਰ ਕਰਨਾ ਪੈਂਦਾ ਹੈ ਤਾਂ ਓਹ ਘਬਰਾ ਜਾਂਦੇ ਹਨ ਜਾਂ ਡੁੱਬ ਜਾਂਦੇ ਹਨ ਕਿਓਂਕਿ ਉਹਨਾਂ ਤੈਰਨਾ ਸਿੱਖਣ ਲਈ ਸਿਰਫ ਕਿਤਾਬਾਂ ਪੜ੍ਹੀਆਂ ਹੁੰਦੀਆਂ ਹਨ ਕਦੇ ਵੀ ਨਦੀ 'ਚ ਛਾਲ ਤਾਂ ਮਾਰੀ ਹੀ ਨਹੀਂ ਹੁੰਦੀ. ਇਸ ਲਈ ਜ਼ਰੂਰੀ ਹੈ ਕਿ ਥਿਊਰੀ ਅਤੇ ਪ੍ਰੈਕਟਿਸ ਦਾ ਸੰਤੁਲਨ ਬਣਾ ਕੇ ਚੱਲਿਆ ਜਾਏ. ਨਹੀਂ ਤਾਂ ਲੋਕ ਇਹੀ ਕਹਿਣਗੇ...

...ਤੂੰ ਇਲਮੋਂ ਬਸ ਕਰੀਂ ਓ ਯਾਰ....
ਕਿਤਾਬਾਂ ਦੇ ਢੇਰ ਕਿਵੇਂ ਹਨੇਰ ਕਰਦੇ ਰਹੇ ਇਸਦੀਆਂ ਕਈ ਕਹਾਣੀਆਂ ਮਿਲ ਜਾਣਗੀਆਂ. ਸ਼ਾਇਦ ਕੋਈ ਦੱਸ ਨਾਂ ਸਕੇ ਜਾਂ ਫੇਰ ਦੱਸਣਾ ਨਾਂ ਚਾਹੇ ਜਾਂ ਫੇਰ ਉਸਦੀ ਕੋਈ ਹੋਰ ਮਜਬੂਰੀ ਹੁੰਦੀ ਹੋਵੇ ਇਹ ਤਾਂ ਵੱਖਰੀ ਗੱਲ ਹੈ ਪਰ ਸਚ ਤਾਂ ਇਹੀ ਹੈ ਅਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਕਾਵਿ ਸਤਰਾਂ ਬਡ਼ੀ ਡੂੰਘੀ ਗੱਲ ਆਖ ਰਹੀਆਂ ਹਨ...ਲਓ ਤੁਸੀਂ  ਵੀ ਪੜ੍ਹੋ...ਤੁਸੀਂ ਵੀ ਮਹਿਸੂਸ ਕਰੋ....!

ਤੂੰ ਅਚਲ ,ਅਡੋਲ ,ਅਬੋਲ ਖਡ਼ੀ

ਹਿੱਕ ਤੇਰੀ ਨਾਲ ਯਕੀਨ ਭਰੀ
ਖਨਗਾਹ ਦੇ ਉਤੇ ਆਣ ਨਾਲ
ਇਕ ਦੀਵੇ ਦੇ ਟਿਮਕਾਣ ਨਾਲ
ਸਭ ਸੰਸੇ ਤੇਰੇ ਦੂਰ ਹੋਏ
ਹਿੱਕ-ਖੂੰਜੇ ਨੂਰੋ ਨੂਰ ਹੋਏ

ਪਰ ਪਡ਼੍ਹ ਪਡ਼੍ਹ ਪੁਸਤਕ ਢੇਰ ਕੁਡ਼ੇ
ਮੇਰਾ ਵਧਦਾ ਜਾਏ ਹਨ੍ਹੇਰ ਕੁਡ਼ੇ
ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ
ਮੈਨੂੰ ਮਾਰਿਆ ਕੀ ਕਿਉਂ ਕਿੱਦਾਂ ਨੇ

ਮੈਂ ਨਿਸਚੇ ਬਾਝੋਂ ਭਟਕ ਰਿਹਾ
ਜੱਨਤ ਦੋਜ਼ਖ਼ ਵਿਚ ਲਟਕ ਰਿਹਾ

ਗੱਲ ਸੁਣ ਜਾ ਭਟਕੇ ਰਾਹੀ ਦੀ
ਇਕ ਚਿਣਗ ਮੈਨੂੰ ਵੀ ਚਾਹੀਦੀ

ਇਹ ਅਵਸਥਾ ਆਮ ਤੌਰ ਤੇ ਹਰ ਉਸ ਵਿਅਕਤੀ ਤੇ ਆਉਂਦੀ ਹੈ ਜਿਸਨੇ ਕਿਤਾਬਾਂ ਨਾਲ ਪਿਆਰ ਕਰਦਿਆਂ ਜ਼ਿੰਦਗੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਪਿਆਰ ਕੀਤਾ ਹੁੰਦਾ ਹੈ. ਇਹ ਗੱਲ ਜ਼ਰੂਰ ਹੈ ਕਿ  ਇਹ ਹਨੇਰ ਉਸ ਖਤਰੇ ਤੋਂ ਬਿਲਕੁਲ ਵੱਖਰਾ ਹੈ ਜਿਸ ਬਾਰੇ ਕਿਹਾ ਗਿਆ ਸੀ ਕਿ ਇਲਮੋਂ ਬਸ ਕਰੀਂ ਓ ਯਾਰ....ਕਿਓਂਕਿ ਇਹ ਹਨੇਰਾ ਪਡ਼੍ਹਨ ਤੋਂ ਬਾਅਦ ਆ ਰਿਹਾ ਹੈ....ਆਓ ਸੋਚੀਏ ਕਿ ਚਾਨਣ ਵੰਡਣ ਵਾਲੀਂ ਕਿਤਾਬਾਂ ਨਾਲ ਹਨੇਰਾ ਕਿਓਂ ਪੈਦਾ ਹੋਣ ਲੱਗ ਪਿਆ.....ਜੇ ਖਾਨਗਾਹ ਤੇ ਗਈ ਕੁਡ਼ੀ ਕੋਲੋਂ ਚਿਣਗ ਮੰਗਣੀ ਪਵੇ ਤਾਂ ਨਿਸਚੇ ਹੀ ਉਹਨਾਂ ਕਿਤਾਬਾਂ ਵਿਚਲੇ ਖੋਖਲੇਪਨ ਬਾਰੇ ਸੋਚਣ ਦੀ ਲੋਡ਼ ਹੈ ਜਿਹਡ਼ੀਆਂ ਬਡ਼ੇ ਵੱਡੇ ਵੱਡੇ ਦਾਵੇ ਕਰਦੀਆਂ ਹਨ.....  ਛਪਾਈ ਦੇ ਰੰਗਾਂ ਦੀ ਚਮਕ ਅਤੇ ਸ਼ਾਨਦਾਰ ਦਿੱਖ ਵਾਲੀਂ ਕਿਤਾਬਾਂ ਵਿੱਚ ਚਾਨਣ ਵਾਲੀ ਅਸਲੀ ਗੱਲ ਵੀ ਹੈ ਕਿ ਨਹੀਂ ਹੁਣ ਪਾਠਕ ਇਹ ਵੀ ਦੇਖਣਗੇ...?                   --ਕਲਿਆਣ ਕੌਰ, (ਲੁਧਿਆਣਾ)

ਕਲਿਆਣ ਕੌਰ ਦੀਆਂ ਕੁਝ ਹੋਰ ਲਿਖਤਾਂ:--
ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ