Showing posts with label TaranTaran. Show all posts
Showing posts with label TaranTaran. Show all posts

Monday, October 18, 2021

ਰੇਲ ਰੋਕੋ ਮੋਰਚੇ ਨੂੰ ਪੱਟੀ ਵਿੱਚ ਵੀ ਮਿਲਿਆ ਜੋਸ਼ੀਲਾ ਹੁੰਗਾਰਾ

ਕਿਸਾਨ ਆਗੂਆਂ ਨੇ ਕਾਰਪੋਰੇਟ ਅਤੇ ਸਿਆਸੀ ਗਠਜੋੜ ਨੂੰ ਕੀਤਾ ਬੇਨਕਾਬ 

ਪੱਟੀ ਰੇਲਵੇ ਸਟੇਸ਼ਨ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਦੀਪ ਸਿੰਘ 

ਤਰਨਤਾਰਨ: 18 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ)::

ਖੇਤੀ ਕਨੂੰਨ ਰੱਦ ਕਰਵਾਉਣ ਲਈ ਸੰਘਰਸ਼ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ ਹੈ। ਜੋ ਵੀ ਕਿਸਾਨ ਜਥੇਬੰਦੀਆਂ ਵੱਲੋ ਐਲਾਨ ਕੀਤਾ ਜਾਦਾ ਹੈ ਉਸ ਨੂੰ ਹਰ ਵਾਰ ਭਰਵਾਂ ਹੁੰਗਾਰਾ ਮਿਲਦਾ ਹੈ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋ ਰੇਲ ਰੋਕੋ ਮੋਰਚੇ ਦੇ ਐਲਾਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰ ਥਾਂ ਤੇ ਇੰਨ ਬਿੰਨ ਲਾਗੂ ਕੀਤਾ ਗਿਆ। 

ਜਿੱਥੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲਾ ਦੇ ਚੱਕੇ ਜਾਮ ਕੀਤੇ ਗਏ ਉਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਪੱਟੀ ਦੇ ਰੇਲਵੇ ਸਟੇਸ਼ਨ ਤੇ ਪੱਟੀ ਜੋਨ,ਭਾਈ ਝਾੜੂ ਜੀ ਵਲਟੋਹਾ ਜੋਨ,ਬਾਬਾ ਸੁਰਜਨ ਜੋਨ,ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਵੱਲੋ ਨਰਿੰਜਣ ਸਿੰਘ ਬਰਗਾੜੀ, ਦਿਲਬਾਗ ਸਿੰਘ ਪਹੁਵਿੰਡ, ਤਰਸੇਮ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। 

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ,ਗੁਰਭੇਜ ਸਿੰਘ ਧਾਰੀਵਾਲ, ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕੇ ਲਗਾਤਾਰ ਕਿਸਾਨ ਮਜਦੂਰ ਸੰਘਰਸ਼ ਦੇ ਮੈਦਾਨ ਵਿਚ ਹੈ ਅਤੇ ਲੰਮੇ ਸਮੇ ਤੋ ਦਿੱਲੀ ਦੇ ਬਾਰਡਰਾ ਤੇ ਆਪਣੀ ਰੋਟੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਪੱਟੀ ਰੇਲਵੇ ਟ੍ਰੈਕ ਤੇ ਲੱਗੇ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਤੋ ਪਾਸੇ ਕਰਕੇ ਜ਼ਮੀਨਾਂ ਉਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਨਾ ਚਾਹੁੰਦੀ ਹੈ। ਇਸੇ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਦੀ ਉਦਾਹਰਣ ਲਖੀਮਪੁਰ ਯੂ ਪੀ ਦੇ ਕਤਲੇਆਮ ਤੋਂ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਵਿਖੇ ਭਾਜਪਾ ਮੰਤਰੀ ਦੇ ਲੜਕੇ ਵੱਲੋ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗੱਡੀ ਹੇਠਾਂ  ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਅਜੇ ਤੱਕ ਅਜੇ ਮਿਸ਼ਰਾ ਨੂੰ ਮੰਤਰੀ ਪੱਦ ਤੋ ਹਟਾਇਆ ਨਹੀ ਗਿਆ। 

ਇਸ ਮੋਕੇ ਕਿਸਾਨ ਆਗੂਆ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਤਾਰ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਸ ਲਈ ਉਹ ਡਰਾਮੇਬਾਜ਼ੀ ਬੰਦ ਕਰਕੇ ਚੋਣਾਂ ਸਮੇ ਕੀਤੇ ਵਾਅਦੇ ਪੂਰੇ ਕਰੇ।  ਲੋਕ ਇਹਨਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਹਨਾਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਚੋਣਾਂ ਸਮੇ ਮੂੰਹ ਨਹੀ ਲਗਾਉਣਗੇ। ਇਹਨਾਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ  ਮਜ਼ਦੂਰਾਂ ਦੇ ਸਵਾਲਾ ਦਾ ਸਾਹਮਣਾ ਕਰਨਾ ਪਵੇਗਾ।  

ਧਰਨੇ ਰਾਹੀਂ ਸੰਘਰਸ਼ ਜਾਰੀ ਰੱਖਣ ਦੇ ਇਸ ਐਲਾਨ ਮੌਕੇ ਧਰਮ ਸਿੰਘ ਘਰਿਆਲੀ, ਬਲਜੀਤ ਸਿੰਘ ਮਾਣੇਕੇ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਸੁਖਚੈਨ ਸਿੰਘ ਜੰਡ, ਸੁੱਚਾ ਸਿੰਘ ਵੀਰਮ, ਪੂਰਨ ਸਿੰਘ ਮੱਦਰ, ਨਿਸ਼ਾਨ ਸਿੰਘ ਪੱਟੀ, ਸੁਖਵੰਤ ਸਿੰਘ ਪੱਟੀ, ਸੁੱਖਪਾਲ ਸਿੰਘ ਦੋਦੇ, ਸੁਰਜੀਤ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ ਮਾੜੀ ਕੱਬੋਕੇ,ਬਲਕਾਰ ਸਿੰਘ, ਹਰਿੰਦਰ ਸਿੰਘ ਆਸਲ, ਰੂਪ ਸਿੰਘ ਸੈਦੋ,ਮਾਨ ਸਿੰਘ ਮੋੜੀ ਮੇਘਾ,ਗੁਰਮੀਤ ਸਿੰਘ, ਸਰਵਣ ਸਿੰਘ ਹਰੀਕੇ ,ਚਾਨਣ ਸਿੰਘ ਬੰਗਲਾ ਰਾਏ,ਅਜਮੇਰ ਸਿੰਘ, ਨਿਰਵੈਰ ਸਿੰਘ ਚੇਲਾ,ਆਦਿ ਹਾਜ਼ਰ ਸਨ। 

Saturday, October 16, 2021

ਦਲਿਤ ਮਜ਼ਦੂਰ ਲਖਬੀਰ ਦੀ ਮੌਤ ਜ਼ਿਆਦਾ ਖੂਨ ਵਗਣ ਕਾਰਨ ਹੋਈ

ਪੋਸਟਮਾਰਟਮ ਦੌਰਾਨ ਸਰੀਰ ਤੇ ਮਿਲੇ 22 ਜ਼ਖਮ-10 ਜ਼ਿਆਦਾ ਵੱਡੇ ਸਨ 

ਤਰਨ ਤਾਰਨ: 16 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::

ਸਿੰਘੂ ਬਾਰਡਰ ਤੇ ਹੋਈ ਕਥਿਤ ਬੇਅਦਬੀ ਨੂੰ ਲੈ ਕੇ ਹੋਏ ਕਤਲ ਮਗਰੋਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੀ ਸਰਗਰਮੀਆਂ ਵਧੀਆਂ ਹੋਈਆਂ ਹਨ। ਘਟਨਾਕ੍ਰਮ ਤੇਜ਼ੀ ਨਾਲ ਰੂਪ ਬਦਲ ਰਿਹਾ ਹੈ। ਪਹਿਲਾਂ ਸਿਰਫ ਕਿਸਾਨਾਂ ਦੇ ਮੋਰਚੇ ਵਿਚ ਹਲਚਲ ਸੀ ਹੁਣ ਦਲਿਤਾਂ ਦਾ ਮੁੱਦਾ ਵੀ ਗੰਭੀਰ ਹੋ ਰਿਹਾ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਉਠਾਉਣ ਦੀਆਂ ਮੰਗਾਂ ਵੀ ਤੇਜ਼ ਹੋ ਗਈਆਂ ਹਨ। 

ਇਸ ਸਬੰਧੀ ਪਟੀਸ਼ਨਾਂ ਵਾਲੇ ਪਾਸੇ ਵੀ ਕੰਮ ਹੋ ਰਿਹਾ ਹੈ। ਬੀਜੇਪੀ ਵਾਲੇ ਆਖ ਰਹੇ ਹਨ ਕਿ ਕਿਸਾਨ ਮੋਰਚਾ ਹੁਣ ਕ੍ਰਾਈਮ ਦਾ ਅੱਡਾ ਬਣ ਗਿਆ ਹੈ ਇਸ ਲਈ ਕਿਸਾਨਾਂ ਨੂੰ ਤੁਰੰਤ ਉੱਥੋਂ ਉਠਾਇਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਮਾਰੇ ਗਏ ਦਲਿਤ ਮਜ਼ਦੂਰ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਕਤਲ ਕਰਨ ਵਾਲਿਆਂ ਵਿੱਚ ਕੁਝ ਹੋਰ ਨਿਹੰਗਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਹਿਰਾਸਤ ਵਿੱਚ ਹੀ ਅਦਾਲਤ ਚੋਂ ਬਾਹਰ ਆਉਂਦਿਆਂ ਤਾਰ ਨਾਲ ਅੜ ਕੇ ਉਤਰੀ ਦਸਤਾਰ ਦਾ ਮਾਮਲਾ ਵੀ ਸੁਰਖੀਆਂ ਵਿੱਚ ਆ ਰਿਹਾ ਹੈ। ਦਸਤਾਰ ਉਤਰਨ ਮਗਰੋਂ ਕੱਟੇ ਕੇਸਾਂ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਇਸ ਗੱਲ ਨੂੰ ਲੈ ਸੋਸ਼ਲ ਮੀਡੀਆ ਤੇ ਤਕਰਾਰ ਵੀ ਤੇਜ਼ ਹੈ। ਅੰਤਿਮ ਸਸਕਾਰ ਵੇਲੇ ਕੋਈ ਗ੍ਰੰਥੀ ਸਿੰਘ ਅਰਦਾਸ ਕਰਨ ਲਈ ਵੀ ਨਹੀਂ ਪਹੁੰਚਿਆ। ਗਰੀਬੀ ਦੀ ਮਾਰ ਨੇ ਉਸਦਾ ਪਿੱਛਾ ਉਸਦੀ ਮੌਤ ਤੋਂ ਬਾਅਦ ਵੀ ਨਹੀਂ ਛੱਡਿਆ। ਕੀ ਹੁਣ ਉਸਦਾ ਪਰਿਵਾਰ ਇਸੇ ਪਿੰਡ ਵਿੱਚ ਸੁਰੱਖਿਅਤ ਰਹਿ ਸਕੇਗਾ?

ਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਸਿੰਘ ਦਾ ਅੱਜ ਦੇਰ ਸ਼ਾਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਵਿਚ ਕਾਹਲੀ ਕਾਹਲੀ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਲਿਆਉਣ ਵਾਲੀ ਐਂਬੂਲੈਂਸ ਸਿੱਧੇ ਸ਼ਮਸ਼ਾਨ ਘਾਟ ਪੁੱਜੀ। ਇਸ ਮੌਕੇ ਪੌਲੀਥੀਨ ਵਿਚ ਲਪੇਟੀ ਦੇਹ ਪਰਿਵਾਰ ਵਾਲਿਆਂ ਨੂੰ ਵੀ ਦਿਖਾਈ ਨਹੀਂ ਗਈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਘਰ ਵਾਲੇ ਦਾ ਮੂੰਹ ਦੇਖਣ ਦਾ ਯਤਨ ਵੀ ਬਾਰ ਬਾਰ ਕੀਤਾ। ਪਿੰਡ ਵਾਲਿਆਂ ਦੇ ਵਿਰੋਧ ਨੂੰ ਦੇਖਦਿਆਂ ਹੀ ਸ਼ਾਇਦ  ਸਸਕਾਰ ਕਰਨ ਵਿਚ ਕਾਹਲੀ ਕੀਤੀ ਗਈ। ਇਸ ਮੌਕੇ ਅਰਦਾਸ ਵੀ ਨਹੀਂ ਕੀਤੀ ਗਈ ਤੇ ਸਸਕਾਰ ਕਰਨ ਵੇਲੇ ਲਾਸ਼ ਤੇ ਡੀਜ਼ਲ ਪਾਇਆ ਗਿਆ ਤਾਂ ਕਿ ਜਲਦੀ ਸਸਕਾਰ ਹੋ ਸਕੇ। ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਅਤੇ ਆਲੇ ਦੁਆਲੇ ਵੀ ਸਥਿਤੀ ਵਿਸਫੋਟਕ ਬਣੀ ਹੋਈ ਹੈ।  ਘਰਵਾਲੀ ਨੂੰ ਅੰਤਿਮ ਦਰਸ਼ਨ ਵੀ ਨਾ ਕਰਨ ਦੇਣੇ ਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ? ਕਿਠਤੇਹ ਹਨ ਮਹਿਲਾ ਸੰਗਠਨ ਅਤੇ ਮਹਿਲਾ ਭਲਾਈ ਵਿਭਾਗ?

ਇਸੇ ਦੌਰਾਨ ਨਵੀਂ ਦਿੱਲੀ ਤੋਂ ਆਈ ਇੱਕ ਖਬਰ ਮੁਤਾਬਿਕ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਵਿਰੋਧ ਸਥਾਨ ਨੇੜੇ ਨਿਹੰਗਾਂ ਦੇ ਟਿਕਾਣੇ ਤੇ  ਨੌਜਵਾਨ ਦੀ ਹੱਤਿਆ ਤੋਂ ਇੱਕ ਦਿਨ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਸ ਵਿੱਚ ਇਸ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਹੈ। 

ਸਿੰਘੂ ਬਾਰਡਰ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਮਾਰਚ ’ਚ ਪਾਈ ਜਨਹਿੱਤ ਪਟੀਸ਼ਨ ਦੀ ਤੁਰੰਤ ਸੁਣਵਾਈ ਲਈ ਤਾਜ਼ਾ ਅਰਜ਼ੀ ਵੀ ਪਾਈ ਗਈ ਹੈ। ਇਸ ਤਰ੍ਹਾਂ ਇਸ ਮੋਰਚੇ ਨੂੰ ਇਥੋਂ ਛੇਤੀ ਹਟਾਉਣ ਦੀਆਂ ਮੰਗਾਂ ਤੇ ਜ਼ੋਰ ਵੱਧ ਗਿਆ ਹੈ। ਇਹ ਮੰਗਾਂ ਹੋਰ ਤੇਜ਼ੀ ਨਾਲ ਵਧਣ ਦੀ ਵੀ ਸੰਭਾਵਨਾ ਹੈ ਕਿਓਂਕਿ ਇਸ ਕਤਲ ਤੋਂ ਬਾਅਦ ਸਾਰੀ ਸਥਿਤੀ ਕਿਸਾਨਾਂ ਦੇ ਉਲਟ ਅਤੇ ਸਰਕਾਰ ਦੇ ਹੱਕ ਵਿੱਚ ਜਾਂਦੀ ਮਹਿਸੂਸ ਹੋ ਰਹੀ ਹੈ। ਕਈਆਂ ਦਾ ਕਹਿਣਾ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਲਈ ਸਮੂਹ ਕਿਸਾਨ ਜੱਥੇਬੰਦੀਆਂ ਦੇ ਕਰੀਬ 40 ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੁਲ ਮਿਲਾ ਕੇ ਕਿਸਾਨ ਸੰਗਠਨਾਂ ਲਈ ਸੰਕਟ ਵਧਦੇ ਨਜ਼ਰ ਆ ਰਹੇ ਹਨ। ਇਸ ਕਤਲ ਦਾ ਅਸਰ ਮੋਰਚੇ ਵਿਚ ਸ਼ਾਮਲ ਦਲਿਤ ਵਰਗ ਤੇ ਵੀ ਪੈ ਸਕਦਾ ਹੈ। 

ਕਤਲ ਕੀਤੇ ਗਏ ਦਲਿਤ ਮਜ਼ਦੂਰ ਲਖਬੀਰ ਸਿੰਘ ਦੀ ਉਮਰ 35 ਸਾਲਾਂ ਦੀ ਸੀ ਅਤੇ ਗਰੀਬੀ ਤੋਂ ਘਬਰਾਇਆ ਹੋਇਆ ਉਹ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਮੁੜ ਕਦੇ ਨਿਕਲ ਹੀ ਨਾ ਸਕਿਆ। ਇਸ ਨਾਲ ਉਸਦੀ ਗਰੀਬੀ ਹੋਰ ਵਧਦੀ ਚਲੀ ਗਈ। ਉਸ ਤੋਂ ਕੰਮ ਕਰਾਉਣ ਵਾਲੇ ਉਸਨੂੰ ਬਣਦੀ ਮਿਹਨਤ ਮਜ਼ਦੂਰੀ ਦੇਣ ਦੀ ਥਾਂ ਨਸ਼ਾ ਪੱਤਾ ਦੇ ਕੇ ਹੀ ਕੰਮ ਸਾਰ ਲੈਂਦੇ। ਨਸ਼ੇੜੀ ਜਾਂ ਨਸ਼ਈ ਵੱਜੋਂ ਉਸਦੀ ਬਦਨਾਮੀ ਵੀ ਵੱਧ ਗਈ ਜਿਸਦਾ ਅਸਰ ਪੂਰੇ ਪਰਿਵਾਰ ਤੇ ਪਿਆ।  ਨਸ਼ਾ ਮਿਲਣ ਤੇ ਲਖਬੀਰ   ਵੀ ਮਜ਼ਦੂਰੀ ਦੀ ਗੱਲ ਭੁੱਲ ਭੁਲਾ ਜਾਂਦਾ। ਗਰੀਬੀ ਨੇ ਸਾਰਾ ਘਰ ਵੀ ਬਰਬਾਦ ਕਰ ਦਿੱਤਾ। ਇਸਦੀ ਪਤਨੀ ਇਸਨੂੰ ਛੱਡ ਕੇ ਚਲੀ ਗਈ ਕਿ ਸ਼ਾਇਦ ਇਸ ਤਰ੍ਹਾਂ ਇਹ ਸੁਧਰ ਜਾਵੇਗਾ ਪਰ ਇਹ ਨਾ ਸੁਧਰਿਆ। ਹੁਣ ਇਸਨੂੰ ਇਥੋਂ ਕੌਣ ਵਰਗਲਾ ਕੇ ਸਿੰਘੂ ਬਾਰਡਰ ਲੈ ਗਿਆ ਇਸਦੀ ਜਾਂਚ ਵੱਡੀ ਪੱਧਰ ਤੇ ਹੋਣੀ ਚਾਹੀਦੀ ਹੈ। ਉੱਥੇ ਇਸਦਾ ਕਤਲ ਹੋ ਗਿਆ। ਇਸਤਰ੍ਹਾਂ ਨਸ਼ਿਆਂ ਦੀ ਦਲਦਲ ਦਾ ਮਸਲਾ ਵੀ ਇਸ ਘਟਨਾਕ੍ਰਮ ਦੌਰਾਨ ਗੰਭੀਰ ਹੋ ਕੇ ਸਾਹਮਣੇ ਆਇਆ ਹੈ। ਅਜਿਹੇ ਕਿੰਨੇ ਹੀ ਪਰਿਵਾਰ ਹੋਰ ਵੀ ਹੋਣਗੇ ਜਿਹੜੇ ਲਖਬੀਰ ਵਾਂਗ ਹੀ ਜ਼ਿੰਦਗੀ ਜੇ ਰਹੇ ਹਨ ਪਰਿਵਾਰਾਂ ਨੂੰ ਰੱਬ ਆਸਰੇ ਛੱਡ ਕੇ। 

ਸੋਨੀਪਤ ਦੇ ਸਿਵਲ ਹਸਪਤਾਲ ਵਿਚ ਲਖਬੀਰ ਦੀ ਲਾਸ਼ ਦਾ ਪੋਸਟਮਾਰਟਮ ਹੋਇਆ। ਉੱਥੇ ਤਿੰਨਾਂ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ। ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਸਰੀਰ ਤੇ 22 ਜ਼ਖਮ ਮਿਲੇ ਹਨ ਜਿਹਨਾਂ ਵਿੱਚ ਦਸ ਜ਼ਖਮ ਜ਼ਿਆਦਾ ਵੱਡੇ ਸਨ। ਖੂਨ ਜ਼ਿਆਦਾ ਵਗਣ ਕਾਰਨ ਉਸਦੀ ਮੌਤ ਹੋ ਗਈ। ਉਸਨੂੰ ਕਿਸੇ ਰੱਸੀ ਨਾਲ ਬੰਨ ਕੇ ਘਸੀਟਿਆ ਵੀ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਤ ਤੋਂ ਪਹਿਲਾਂ ਉਸਨੇ ਕਿੰਨਾ ਦਰਦ ਸਹਿਣ ਕੀਤਾ ਹੋਣਾ ਹੈ। ਆਖਰੀ ਵੇਲਿਆਂ ਦੌਰਾਨ ਉਸਨੂੰ ਆਪਣੇ ਨਸ਼ਿਆਂ ਦੀ ਲਾਹਨਤ ਵੀ ਯਾਦ ਆਈ ਹੋਣੀ ਹੈ ਅਤੇ ਘਰ ਪਰਿਵਾਰ ਵੀ ਯਾਦ ਆਇਆ ਹੋਣਾ ਹੈ। ਪਰ ਬੰਨੇ ਹੋਈਏ ਬੇਬਸ ਮਨੁੱਖ ਦੀ ਕੋਈ ਪੇਸ਼ ਨਹੀਂ ਗਈ ਹੋਣੀ। 

ਉਸਨੂੰ ਤਾਂ ਸ਼ਾਇਦ ਬੇਅਦਬੀ ਦੇ ਨਾਲ ਨਾਲ ਆਪਣੇ ਨਸ਼ਿਆਂ ਵਾਲੀ ਆਦਤ ਦੀ ਸਜ਼ਾ ਵੀ ਮਿਲ ਗਈ ਹੋਵੇ ਪਰ ਕੀ ਕਸੂਰ ਉਸਦੀ ਪਤਨੀ ਦਾ? ਕੀ ਬਣੇਗਾ ਉਸਦੀਆਂ ਤਿੰਨਾਂ ਧੀਆਂ ਦਾ? ਆਤਮ ਸਮਰਪਣ ਕਰਨ ਵਾਲੇ ਨਿਹੰਗਾਂ ਅਤੇ ਉਹਨਾਂ ਦੇ ਕੇਸ ਲੜਨ ਵਾਲਿਆਂ ਲਈ ਫ਼ੰਡ ਦੇਣ ਵਾਲੇ ਤਾਂ ਬਹੁਤ ਸਾਰੇ ਜਲਦੀ ਹੀ ਸਾਹਮਣੇ ਆ ਜਾਣਗੇ ਪਰ ਕੌਣ ਲਵੇਗਾ ਸਾਰ ਇਸ ਦਲਿਤ ਪਰਿਵਾਰ ਦੀ? ਕੀ ਇਸ ਕਤਲ ਦੀ ਨਿੰਦਿਆਂ ਨਿਖੇਧੀ ਕਰਨ ਵਾਲੇ ਇਸ ਪਰਿਵਾਰ ਦੀ ਜ਼ਿੰਮੇਵਾਰੀ ਲੈਣਗੇ? ਕੀ ਸਰਕਾਰਾਂ ਜਾਂ ਟਰੇਡ ਯੂਨੀਅਨਾਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਇਸ ਪਰਿਵਾਰ ਨੂੰ ਕੋਈ ਰਾਹਤ ਦੇਣਗੀਆਂ? ਕੀ ਸਰਬੱਤ ਦਾ ਭਲਾ ਮੰਗਣਵਾਲੀ ਕੌਮ ਉਸ ਬਾਰੇ ਕੁਝ ਨਹੀਂ ਸੋਚੇਗੀ? ਕੀ ਭਾਈ ਘਨਈਆ ਜੀ ਦੇ ਵਿਚਾਰਾਂ ਦੀ ਕਦਰ ਕਰਨ ਵਾਲੇ ਇਸ ਪਰਿਵਾਰ ਨੂੰ ਰਾਹਤ ਦੇਣ ਲਈ ਅੱਗੇ ਆਉਣਗੇ? 


Wednesday, August 31, 2016

ਨਿਰਮਲ ਸਿੰਘ ਨੇ ਗਡਵਾਸੂ ਵਿਖੇ ਅਹੁੱਦਾ ਸੰਭਾਲਿਆ

Wed, Aug 31, 2016 at 9:22 AM
ਸਹਾਇਕ ਪ੍ਰੋਫੈਸਰ (ਬਾਗਬਾਨੀ) ਵਜੋ ਤਰਨਤਾਰਨ ਵਿਖੇ ਹੋਈ ਨਿਯੁਕਤੀ 
ਲੁਧਿਆਣਾ: ਅਗਸਤ 31, 2016: (ਪੰਜਾਬ ਸਕਰੀਨ ਬਿਊਰੋ):
ਗੁਰੁ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਵਲੋ ਨਿਯੁਕਤ ਕੀਤੇ ਗਏ ਨਿਰਮਲ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਪਿੰਡ ਬੂਹ, ਗਡਵਾਸੂ, ਜਿਲ੍ਹਾ ਤਰਨਤਾਰਨ ਵਿਖੇ ਸਹਾਇਕ ਪ੍ਰੋਫੈਸਰ (ਬਾਗਬਾਨੀ) ਵਜੋ ਅਹੁੱਦਾ ਸੰਭਾਲ ਲਿਆ ਹੈ।ਨਿਰਮਲ ਸਿੰਘ ਨੇ ਖੇਤੀਬਾੜੀ ਵਿਸ਼ੇ ਵਿੱਚ ਆਪਣੀ ਗ੍ਰੈਜੁਏਸ਼ਨ ਰਾਜਸਥਾਨ ਐਗਰੀਕਲਚਰਲ ਯੂਨੀਵਰਸਿਟੀ, ਬੀਕਾਨੇਰ ਤੋ ਪ੍ਰਾਪਤ ਕੀਤੀ ਜਦਕਿ ਉੱਚ ਸਿਖਿਆ ਸਬਜੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਪ੍ਰਾਪਤ ਕੀਤੀ ।ਨਿਰਮਲ ਸਿੰਘ ਦੁਆਰਾ ਨਵੀਂ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ ਵੱਲੋ ਕਰਵਾਈ ਗਈ ਅੰਤਰ-ਰਾਸ਼ਟਰੀ ਕਾਨਫ੍ਰੈਂਸ ਵਿੱਚ ਅਤੇ "ਵਾਈਡ ਹਾਈਬ੍ਰੀਡਾਈਜੇਸ਼ਨ" ਵਿਸ਼ੇ ਸਬੰਧੀ ਆਈਆਈਐਚਆਰ, ਬੈਂਗਲੌਰ ਵਿਖੇ ਹੋਈ ਰਾਸ਼ਟਰੀ ਪੱਧਰ ਦੇ ਸੈਮੀਨਾਰ ਵਿੱਚ ਵੀ ਹਿੱਸਾ ਲਿਆ ਗਿਆ ਸੀ ।ਇੱਕ ਮੱਧਵਰਗੀ ਪਰਿਵਾਰ ਵਿੱਚੋ ਆਉਂਦੇ ਨਿਰਮਲ ਸਿੰਘ ਦਾ ਪਿਛੋਕੜ ਫਾਜਿਲਕਾ ਜਿਲ੍ਹੇ ਨਾਲ ਸਬੰਧਿਤ ਹੈ, ਉਹ ਅਖਬਾਰਾਂ-ਮੈਗਜ਼ੀਨਾਂ ਦੇ ਵਿੱਚ ਆਪਣੇ ਲੇਖਾਂ ਦੇ ਰਾਹੀ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ।
"ਇੱਕ ਮਾਣਯੋਗ ਸੰਸਥਾ ਦਾ ਹਿੱਸਾ ਬਣਦੇ ਹੋਏ ਮੈਂ ਅਤਿਅੰਤ ਖੁਸ਼ੀ ਮਹਿਸੂਸ ਕਰਦਾਂ ਹਾਂ ।ਬਾਬਾ ਸਾਹੇਬ ਡਾ ਬੀ ਆਰ ਅੰਬੇਦਕਰ ਦੀ ਸੋਚ ਨੂੰ ਅਪਨਾਉਂਦੇ ਹੋਏ ਮੈਂ ਆਪਣੇ ਕੰਮ ਨੂੰ ਸਦਾ ਤਰਜੀਹ ਦੇਵਾਂਗਾ ।" ਨਿਰਮਲ ਸਿੰਘ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ।

ਨਿਰਮਲ ਸਿੰਘ ਦੇ ਅਹੁੱਦਾ ਸੰਭਾਲਣ ਸਮੇਂ ਡਾ. ਅਵਤਾਰ ਸਿੰਘ ਪ੍ਰੋਫੈਸਰ ਅਤੇ ਸਾਬਕਾ ਮੁੱਖੀ ਫੋਰੈਸਟਰੀ ਅਤੇ ਨੈਚੁਰਲ ਰਿਸੋਰਸ ਵਿਭਾਗ, ਸੋਹਣ ਸਿੰਘ ਨਿਜੀ ਸਹਾਇਕ (ਏਡੀਸੀ ਪੀਏਯੂ), ਹਰਲੀਨ ਸਿੰਘ, ਮਨਜੀਤ ਸਿੰਘ, ਸੁਰਿੰਦਰਪਾਲ, ਪਰਮਿੰਦਰਪਾਲ, ਡਾ. ਰਵਿੰਦਰ ਕੁਮਾਰ, ਸਰਬਜੀਤ ਸਿੰਘ, ਯਾਦਵਿੰਦਰ ਸਿੰਘ, ਮਨਮੋਹਨ, ਜਸਪ੍ਰੀਤ ਸਿੰਘ ਹਾਜਿਰ ਸਨ । ਸਭ ਨੇ ਨਿਰਮਲ ਸਿੰਘ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਉਸਦੇ ਇੱਕ ਚੰਗੇਰੇ ਭਵਿੱਖ ਦੀ ਆਸ ਕੀਤੀ ।

Thursday, August 11, 2016

....'ਤੇ ਹੁਣ ਪੰਜਾਬੀਆਂ ਦੇ ਸਿਰ ਗੁੰਡਾਗਰਦੀ ਵਾਲੀ ਦਹਿਸ਼ਤ ਦੀ ਤਲਵਾਰ

ਖਤਰਨਾਕ ਹੈ ਚੋਣਾਂ ਦੇ ਨੇੜੇ ਅਜਿਹੀ ਦਹਿਸ਼ਤ ਵਾਲਾ ਮਾਹੌਲ 
ਤਰਨ ਤਾਰਨ: 10 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਆਮ ਲੋਕਾਂ--ਖਾਸ ਕਰ ਪੰਜਾਬ ਦੇ ਲੋਕਾਂ ਸਰ ਲਟਕਦੀ ਤਲਵਾਰ ਸ਼ਾਇਦ ਉਹਨਾਂ ਦਾ ਨਸੀਬ ਬਣ ਗਈ ਹੈ। ਕਦੇ ਵਿਦੇਸ਼ੀਆਂ ਦੇ ਹਮਲੇ, ਕਦੇ ਪੁਲਿਸ ਦੀ ਦਹਿਸ਼ਤ, ਕਦੇ ਅੱਤਵਾਦ-ਖਾੜਕੂਵਾਦ ਤੇ ਹੁਣ ਗੁੰਡਾਗਰਦੀ ਵਾਲੀ ਦਹਿਸ਼ਤ। ਪੁਲਿਸ ਵਿਚਾਰੀ ਕਿ ਕਰ ਸਕਦੀ ਹੈ ਜਦੋਂ ਉਸਦੇ ਹੱਥ ਬੰਨੇ ਹੋਣ ਅਤੇ ਬਦਮਾਸ਼ਾਂ ਨੂੰ ਉਹਨਾਂ ਦੇ ਸਿਆਸੀ ਆਕਾ ਲਗਾਤਾਰ ਥਾਪੜੀ ਦੇ ਰਹੇ ਹੋਣ। ਤਰਨਤਾਰਨ ਵਿੱਚ ਹੋਇਆ ਹਿੰਸਕ ਟਕਰਾਓ ਇਸੇ ਨਵੀਂ ਦਹਿਸ਼ਤ ਦੀ ਹੀ ਇੱਕ ਕੜੀ ਹੈ।
ਤਰਨ ਤਾਰਨ ਦੇ ਪਿੰਡ ਬਾਠ ਕੋਲ ਮੰਗਲਵਾਰ ਅੱਧੀ ਰਾਤ ਨੂੰ ਹੋਈ ਗੈਂਗਵਾਰ ਵਿੱਚ ਇੱਕ ਬਦਮਾਸ਼ ਮਾਰਿਆ ਗਿਆ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਾਰੇ ਗਏ ਬਦਮਾਸ਼ ਦੀ ਸ਼ਨਾਖਤ ਦਿਲਬਾਗ ਸਿੰਘ ਮੱਤੀ ਵਜੋਂ ਹੋਈ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਪੱਟੀ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਦੋਹਾਂ ਪਾਸਿਆਂ ਤੋਂ ਕੋਈ 117 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਦਿਲਬਾਗ ਸਿੰਘ ਬੁਰੀ ਤਰ੍ਹਾਂ ਵਿੰਨ੍ਹਿਆ ਗਿਆ ਅਤੇ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਕੀ ਬਦਮਾਸ਼ ਫਰਾਰ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦਿਲਚਸਪ ਗੱਲ ਹੈ ਕਿ ਫੇਸਬੁੱਲ ਵਰਗੇ ਸੋਸ਼ਲ ਮੀਡੀਆ ਉੱਤੇ ਇਹਨਾਂ ਗਿਰੋਹਾਂ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਜਦੋਂ ਸਿਆਸੀ ਲੀਡਰ ਬਾਊਂਸਰਾਂ ਅਤੇ ਗਾਰਡਾਂ ਦੇ ਬਹਾਨੇ ਬਦਮਾਸ਼ਾਂ ਨੂੰ ਪਾਲਣਾ ਸ਼ੁਰੂ ਕਰ ਦੇਣ ਉਦੋਂ ਅਜਿਹੀਆਂ ਵਾਰਦਾਤਾਂ ਆਮ ਵਰਤਾਰਾ ਬਣ ਜਾਂਦੀਆਂ ਹਨ। 
ਥਾਂ ਥਾਂ ਤੇ ਪੁਲਿਸ ਦੀ ਮੌਜੂਦਗੀ ਵਾਲੇ ਪੰਜਾਬ ਵਿੱਚ ਅਜਿਹੇ ਗਿਰੋਹ ਬਿਨਾ ਕਿਸੇ ਸ਼ਹਿ ਤੋਂ ਚੱਲ ਹੀ ਨਹੀਂ ਸਕਦੇ। ਜਾਣਕਾਰੀ ਮੁਤਾਬਕ ਤਰਨ ਤਾਰਨ 'ਚ ਕੱਲ੍ਹ ਦੇਰ ਰਾਤ ਕਰੀਬ 12 ਵਜੇ ਤਰਨ ਤਾਰਨ-ਖਡੂਰ ਸਾਹਿਬ ਰੋਡ 'ਤੇ ਇਹ ਗੈਂਗਵਾਰ ਹੋਈ, ਇਸ ਦੌਰਾਨ 100 ਤੋਂ ਵੱਧ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਹੋਈ ਹੈ, ਜਦਕਿ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ।ਇਸ ਤੋਂ ਬਾਅਦ ਇਸ ਗੈਂਗਵਾਰ 'ਚ ਮਾਰੇ ਗਏ ਗੈਂਗਸਟਰ ਦੀ ਲਾਸ਼ ਨੂੰ ਕਬਜ਼ੇ ਲੈ ਲਿਆ ਗਿਆ ਅਤੇ ਦੂਸਰੇ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸੇ ਦੌਰਾਨ ਬਦਲਾ ਲੈਣ ਦੀਆਂ ਧਮਕੀਆਂ ਜਾਰੀ ਹਨ। 
ਫ਼ਿਲਮੀ ਕਹਾਣੀਆਂ ਨੂੰ ਸੱਚਮੁੱਚ ਦੀ ਜ਼ਿੰਦਗੀ ਵਿੱਚ ਦੁਹਰਾਉਂਦੇ ਜਿਨ੍ਹਾਂ ਦੋ ਗਿਰੋਹਾਂ 'ਚ ਇਹ ਜੰਗ ਹੋਈ ਹੈ ਉਹ ਦੋਵੇਂ ਧਿਰਾਂ ਬਿੱਛੂ ਗੈਂਗ ਅਤੇ ਸੋਨੂ ਕੰਗਲਾ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਹਨ। ਪੁਲਸ ਮੁਤਾਬਿਕ ਰਾਤ ਵੇਲੇ ਹੋਈ ਇਸ ਗੈਂਗਵਾਰ ਵਿੱਚ ਦੋਹਾਂ ਧਿਰਾਂ ਵਲੋਂ ਕਰੀਬ 117 ਗੋਲੀਆਂ ਚਲਾਈਆਂ ਗਈਆਂ, ਪੁਲਸ ਵਲੋਂ ਜਿਹੜੀ ਫਾਰਚੂਨਰ ਗੱਡੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ, ਉਸ ਦਾ ਬਾਹਰੀ ਹਿੱਸਾ ਗੋਲੀਆਂ ਨਾਲ ਬੁਰੀ ਤਰ੍ਹਾਂ ਵਿੰਨ੍ਹਿਆ ਹੋਇਆ ਹੈ। ਇਸੇ ਗੱਡੀ ਵਿੱਚ ਹੀ ਦਿਲਬਾਗ ਅਤੇ ਉਸ ਦਾ ਸਾਥੀ ਅੰਕੁਰ ਸਵਾਰ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਕੁਰ ਕਤਲ ਕੇਸ ਵਿੱਚ ਪੱਟੀ ਜੇਲ੍ਹ 'ਚ ਬੰਦ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਸ਼ਾਇਦ ਬਾਹਰ ਉਸਦੇ ਦੁਸ਼ਮਣ ਉਸਦੀ ਉਡੀਕ ਵਿੱਚ ਹੀ ਸਨ। 
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇਗਾ ਕੇ ਆਖਰ ਇਸ ਗੈਂਗਵਾਰ ਪਿੱਛੇ ਅਸਲ ਕਾਰਨ ਕੀ ਸਨ ਤੇ ਇਸ ਨੂੰ ਕਿਹੜੇ ਗੈਂਗਸਟਰ ਵੱਲੋਂ ਅੰਜਾਮ ਦਿੱਤਾ ਗਿਆ। ਇਹ ਜਾਂਚ ਅਤੇ ਇਸਦੇ ਨਤੀਜੇ ਕਦੋਂ ਸਾਹਮਣੇ ਆਉਣਗੇ ਇਹ ਤਾਂ ਬਾਅਦ ਦੀ ਗੱਲ ਹੈ ਪਾਰ ਪੰਜਾਬ ਦੀ ਹਵਾ ਵਿੱਚ ਸਹਿਮ ਵੱਧ ਰਿਹਾ ਹੈ। 
ਇਸ ਬਾਰੇ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਮਨਮੋਹਨ ਕੁਮਾਰ ਸ਼ਰਮਾ, ਐੱਸ.ਪੀ ਜਗਮੋਹਣ ਸਿੰਘ ਅਤੇ ਹੋਰ ਉੱਚ ਅਧਿਕਾਰੀ ਜਾਂਚ ਵਿਚ ਜੁੱਟ ਗਏ ਹਨ। ਇਸਦੇ ਨਾਲ ਹੀ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਦਿਲਬਾਗ ਦੇ ਭਰਾ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਸ਼ਾਦੀਸ਼ੁਦਾ ਹੈ ਅਤੇ ਇਸ ਦੀ ਇੱਕ ਲੜਕੀ ਵੀ ਹੈ। 
ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਵਿਚ ਜੇਲ੍ਹ ਕੱਟ ਕੇ ਕੁਝ ਦਿਨ ਪਹਿਲਾਂ ਹੀ ਬਰੀ ਹੋ ਕੇ ਬਾਹਰ ਆਇਆ ਹੈ, ਜਿਸ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਇਸ ਸੰਬੰਧੀ ਤਫਤੀਸ਼ੀ ਅਫਸਰ ਐੱਸ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਸੂਚਨਾ ਰਾਤ 12 ਵਜੇ ਮਿਲੀ ਸੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
ਉਹਨਾ ਕਿਹਾ ਕਿ ਮਾਹਿਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਜੋ ਜਾਂਚ ਤੋਂ ਬਾਅਦ ਦੱਸਣਗੇ ਕਿ ਕਿੰਨੀਆਂ ਗੋਲੀਆਂ ਇਸ ਵਾਰਦਾਤ ਵਿਚ ਚੱਲੀਆਂ ਹਨ। ਉਹਨਾ ਕਿਹਾ ਕਿ ਇਹ ਘਟਨਾ ਗੈਂਗਵਾਰ ਹੈ ਜਾਂ ਨਹੀਂ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਜਦੋਂ ਚੋਣਾਂ ਸਰ 'ਤੇ ਹਨ ਉਦੋਂ ਅਜਿਹੇ ਸਹਿਮ ਦਾ ਫੈਲਣਾ ਨਿਸਚੇ ਹੀ ਆਮ ਲੋਕਾਂ ਨੂੰ ਵੋਟਾਂ ਦੌਰਾਨ ਆਪਣੀ ਮਰਜ਼ੀ ਕਰਨ ਤੋਂ ਰੋਕੇਗਾ। ਦਹਿਸ਼ਤ ਦਾ ਮਾਹੌਲ ਲੋਕਾਂ ਨੂੰ ਭੰਬਲਭੂਸੇ ਪਾਵੇਗਾ। 

Wednesday, November 20, 2013

ਖ਼ਾਲਸਾਈ ਖੇਡ ਉਤਸਵ (ਸਕੂਲਜ਼) 2013

Wed, Nov 20, 2013 at 6:56 PM
ਖੇਡ ਮੇਲੇ ਦੀ ਓਵਰਆਲ ਟਰਾਫੀ 'ਤੇ ਤਿੰਨ ਸਕੂਲਾਂ ਦੀ ਸਾਂਝੀ ਜਿੱਤ
ਸ਼੍ਰੋਮਣੀ ਕਮੇਟੀ ਵਲੋਂ ਖਾਲਸਾਈ ਖੇਡਾਂ ਕਰਵਾਉਣਾ ਸਿੱਖ ਕੌਮ ਲਈ ਮਾਣ ਵਾਲੀ ਗੱਲ-ਦਲਮੇਘ ਸਿੰਘ
ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਅੰਮ੍ਰਿਤਸਰ, ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ, ਮੋਗਾ ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ (ਹੁਸ਼ਿਆਰਪੁਰ) ਦੀਆਂ ਟੀਮਾਂ ਨੂੰ ਖ਼ਾਲਸਾਈ ਖੇਡਾਂ ਦੀ ਓਵਰਆਲ ਟਰਾਫ਼ੀ  ਸਾਂਝੇ ਤੌਰ ਤੇ ਦੇਂਦੇ ਹੋਏ।
ਤਰਨ ਤਾਰਨ: 20 ਨਵੰਬਰ 2013: (ਕਿੰਗ//ਇੰਦਰ ਮੋਹਨ ਸਿੰਘ 'ਅਨਜਾਣ'//ਪੰਜਾਬ ਸਕਰੀਨ): ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਨਾਲ-ਨਾਲ ਗ੍ਰੈਜੂਏਸ਼ਨ, ਪੋਸਟਗ੍ਰੈਜੂਏਸ਼ਨ, ਇੰਜੀਨੀਅਰਿੰਗ, ਮੈਡੀਕਲ ਕਾਲਜ ਅਤੇ ਸਕੂਲ ਪੱਧਰ ਦੇ ਵਿੱਦਿਅਕ ਅਦਾਰੇ ਚਲ ਰਹੇ ਹਨ। ਇਹਨਾਂ ਵਿੱਚੋਂ ਹੀ ਮਿਆਰੀ ਪੱਧਰ ਦੀ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ  ਵਿਖੇ ਫਾਈਨਲ ਖ਼ਾਲਸਾਈ ਖੇਡ ਉਤਸਵ (ਸਕੂਲਜ਼)2013 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਸਕੂਲਾਂ ਵਿੱਚੋਂ 30 ਸਕੂਲਾਂ ਦੇ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਖੇਡ ਸਮਾਰੋਹ ਵਿੱਚ ਹਾਕੀ, ਐਥਲੈਟਿਕਸ, ਵਾਲੀਬਾਲ, ਬੈਡਮਿੰਟਨ, ਫੁੱਟਬਾਲ, ਅਤੇ ਮਾਰਸ਼ਲ ਆਰਟ (ਗੱਤਕਾ) ਦੇ ਮੁੱਖ ਮੁਕਾਬਲੇ ਕਰਵਾਏ ਗਏ।
ਖ਼ਾਲਸਾਈ ਖੇਡ ਉਤਸਵ (ਸਕੂਲਜ਼) 2013 ਦੀਆਂ ਟੀਮਾਂ ਨੂੰ ਸੰਬੋਧਨ ਕਰਦਿਆਂ ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾਕਿ ਅੱਜ ਜੋ ਇਹ ਖੇਡਾਂ ਦਾ ਮਾਹੌਲ ਦੇਖ ਕੇ ਮਨ ਨੂੰ ਖੁਸ਼ੀ ਮਿਲੀ ਹੈ ਉਸ ਲਈ ਮੈਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਮੈਨੂੰ ਆਸ ਹੈ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਅਗਰ ਕੋਈ ਇਕ ਖਿਡਾਰੀ ਵੀ ਸਾਲ 2020 ਦੀਆਂ ਓਲੰਪਿਕ ਖੇਡਾਂ ਦੌਰਾਨ ਕੋਈ ਵੀ ਮੁਕਾਮ ਹਾਸਲ ਕਰ ਲੈਂਦਾ ਹੈ ਤਾਂ ਇਸ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਦਾ ਸੁਪਨਾ ਸਾਕਾਰ ਹੋ ਜਾਵੇਗਾ ਅਤੇ ਇਹ ਪੂਰੀ ਸਿੱਖ-ਕੌਮ ਲਈ ਵਧੇਰੇ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਖੇਡਾਂ ਖੇਡਣ ਨਾਲ ਮਨੁੱਖੀ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਇਸ ਲਈ ਵਿਦਿਅਕ ਯੋਗਤਾ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵੱਲ ਵੀ ਉਤਸ਼ਾਹਿਤ ਕਰ ਰਹੀ ਹੈ। ਖੇਡਾਂ ਖੇਡਣ ਨਾਲ ਵਿਦਿਆਰਥੀ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦੇ ਹਨ ਕਿਉਂਕਿ ਉਹ ਆਪਣਾ ਪੜ੍ਹਾਈ ਤੋਂ ਬਾਅਦ ਦਾ ਸਮਾਂ ਖੇਡ ਵਿਚ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਕੂਲ ਦੇ ਪ੍ਰਿੰਸੀਪਲ  ਨੂੰ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਖੇਡਾਂ ਲਈ ਵੀ ਰੁਚੀ ਪੈਦਾ ਕਰਨੀ ਹੋਵੇਗੀ ਤਾਂ ਜੋ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਸਕਣ। ਉਨ੍ਹਾਂ ਜੇਤੂ ਟੀਮਾਂ, ਪ੍ਰਿੰਸੀਪਲ ਸਾਹਿਬਾਨ, ਕੋਚ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।
             ਅੱਜ ਦੇ ਖਾਲਸਾਈ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮਾਂ ਨੂੰ ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ, ਸ੍ਰ: ਗੁਰਪ੍ਰੀਤ ਸਿੰਘ ਪ੍ਰਿੰਸੀਪਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰ: ਸਕੱਤਰ ਸਿੰਘ ਮੈਨੇਜਰ ਖੇਡਾਂ ਨੇ ਇਨਾਮ ਤਕਸੀਮ ਕੀਤੇ।ਇਸੇ ਤਰ•ਾਂ ਓਵਰਆਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਚੰਗੀ ਕਾਰਗੁਜਾਰੀ ਲਈ 21 ਹਜ਼ਾਰ,11 ਹਜ਼ਾਰ ਅਤੇ 5100 ਰੁਪਏ ਇਨਾਮ ਵੱਜੋਂ ਦਿੱਤੇ ਗਏ। ਓਵਰਆਲ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਕੂਲਾਂ 'ਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਅੰਮ੍ਰਿਤਸਰ, ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ, ਮੋਗਾ ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ, ਹਰਿਆਣਾ, (ਹੁਸ਼ਿਆਰਪੁਰ) ਇੱਕਠਿਆਂ ਟਰਾਫੀ ਹਾਸਿਲ ਕੀਤੀ।
ਇਸ ਮੋਕੇ ਸ੍ਰ: ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਖਾਲਸਾਈ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਆਏ ਹੋਏ ਮਹਿਮਾਨਾਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਖੇਡਾਂ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜੀ ਆਇਆਂ ਕਿਹਾ।
ਅੱਜ ਦੇ ਮੁੱਖ ਮੁਕਾਬਲਿਆਂ 'ਚ ੩੦ ਸਕੂਲਾਂ ਦੇ ਨਤੀਜਿਆਂ ਵਿਚੋਂ ਹਾਕੀ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਭੁਪਿੰਦਰਾ ਖ਼ਾਲਸਾ ਸੀ.ਸੈ. ਸਕੂਲ ਮੋਗਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੀ.ਸੈ. ਸਕੂਲ ਖੰਨਾ, ਹਾਕੀ ਲੜਕੀਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਹਿਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਬਜ਼ੀਦਪੁਰ (ਫਿਰੋਜ਼ਪੁਰ) ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ, ਵਾਲੀਬਾਲ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਦਸ਼ਮੇਸ਼ ਸੀ.ਸੈ. ਸਕੂਲ ਕਪਾਲ ਮੋਚਨ (ਹਰਿਆਣਾ) ਅਤੇ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ (ਹੁਸ਼ਿਆਰਪੁਰ),ਫੁੱਟਬਾਲ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਅਤੇ ਭਾਈ ਨੰਦ ਲਾਲ ਪਬਲਿਕ ਸਕੂਲ ਅਨੰਦਪੁਰ ਸਾਹਿਬ, ਬੈਡਮਿੰਟਨ ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਕੱਲਰ ਖ਼ਾਲਸਾ ਸੀ.ਸੈ. ਸਕੂਲ, ਹਰਿਆਣਾ (ਹੁਸ਼ਿਆਰਪੁਰ) ਅਤੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. ਸਕੂਲ, ਅੰਮ੍ਰਿਤਸਰ,ਬੈਡਮਿੰਟਨ ਲੜਕੀਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਪਬਲਿਕ ਸਕੂਲ ਬੀੜ ਸਾਹਿਬ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ, ਮਾਰਸ਼ਲ ਆਰਟ (ਗੱਤਕਾ) ਲੜਕਿਆਂ ਦੀਆਂ ਟੀਮਾਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਅੰਮ੍ਰਿਤਸਰ ਅਤੇ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਅਤੇ ਐਥਲੈਟਿਕਸ ਖੇਡਾਂ ਵਿੱਚ 100 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਰਮਨਪ੍ਰੀਤ ਸਿੰਘ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ ਬਾਬਾ ਬਕਾਲਾ ਅਤੇ ਗੁਰਦੀਪ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ , 100 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਗੁਰਪ੍ਰੀਤ ਕੌਰ ਬਾਬਾ ਗੁਰਦਿੱਤਾ ਪਬਲਿਕ ਸਕੂਲ ਜਿੰਦਵਾੜੀ ਅਤੇ ਮਨਦੀਪ ਕੌਰ ਮਾਤਾ ਗੰਗਾ ਸੀ.ਸੈ. ਸਕੂਲ ਬਾਬਾ ਬਕਾਲਾ, 400 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਗੁਜਿੰਦਰ ਸਿੰਘ ਗੁਰੂ ਹਰਗੋਬਿੰਦ ਸਿੰਘ ਖ਼ਾਲਸਾ ਸੀ.ਸੈ. ਸਕੂਲ, ਛੇਹਰਟਾ ਅਤੇ ਜੁਗਰਾਜ ਸਿੰਘ ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 400 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਰੀਤਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲੀ ਅਤੇ ਕੰਵਲਦੀਪ ਕੌਰ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ, 1500 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਨਪ੍ਰੀਤ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ, ਬਾਬਾ ਬਕਾਲਾ ਅਤੇ ਅਜੇਪਾਲ ਸਿੰਘ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ, ੧੫੦੦ ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਸਥਾਨ ਮਨਪ੍ਰੀਤ ਕੌਰ ਕੱਲਰ ਖ਼ਾਲਸਾ ਸੀ.ਸੈ. ਸਕੂਲ ਹਰਿਆਣਾ ਅਤੇ ਦੂਜਾ ਸਥਾਨ ਵੰਦਨਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲਾ ਤੇ ਜਸ਼ਨਪ੍ਰੀਤ ਕੌਰ ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 3 ਹਜ਼ਾਰ ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਰੀਤਾ ਰਾਣੀ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਤ੍ਰਿਲੋਕੇਵਾਲਾ ਅਤੇ ਪਰਮਜੀਤ ਕੌਰ  ਖ਼ਾਲਸਾ ਸੀ.ਸੈ. ਸਕੂਲ ਬੀੜ ਸਾਹਿਬ, 3 ਹਜ਼ਾਰ ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਨਪ੍ਰੀਤ ਸਿੰਘ ਗੁਰੂ ਤੇਗ ਬਹਾਦਰ ਖ਼ਾਲਸਾ ਸੀ.ਸੈ. ਸਕੂਲ ਬਾਬਾ ਬਕਾਲਾ ਅਤੇ ਰਵਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀ.ਸੈ. ਸਕੂਲ ਖੰਨਾ, 4=100 ਮੀਟਰ ਲੜਕਿਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀ.ਸੈ. ਸਕੂਲ ਤਰਨ ਤਾਰਨ ਅਤੇ ਭਾਈ ਨੰਦ ਲਾਲ ਪਬਲਿਕ ਸਕੂਲ ਆਨੰਦਪੁਰ ਸਾਹਿਬ, 4=100 ਮੀਟਰ ਲੜਕੀਆਂ 'ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਸਾਹਿਬਜ਼ਾਦਾ ਫਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਅਤੇ ਭਾਈ ਬਹਿਲੋ ਜੀ ਪਬਲਿਕ ਸਕੂਲ ਫਫੜੇ (ਭਾਈਕੇ ) ਨੇ ਹਾਸਿਲ ਕੀਤਾ।
                   ਇਸ ਮੌਕੇ  ਸ੍ਰ. ਰਾਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ. ਦਲਮੇਘ ਸਿੰਘ ਸਕੱਤਰ ਸ੍ਰੋਮਣੀ ਕਮੇਟੀ , ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਖੇਡਾਂ, ਇੰਦਰਮੋਹਨ ਸਿੰਘ ਅਨਜਾਣ ਸੁਪਰਵਾਈਜ਼ਰ ਪਬਲੀਸਿਟੀ, ਸ੍ਰ. ਗੁਰਪ੍ਰੀਤ ਸਿੰਘ ਪ੍ਰਿੰਸੀਪਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀ.ਸੈ. ਸਕੂਲ ਤਰਨ ਤਾਰਨ,ਸ੍ਰ: ਸਕੱਤਰ ਸਿੰਘ ਮੈਨੇਜਰ ਖੇਡਾਂ, ਸ੍ਰ: ਸੁਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ। ਸ੍ਰ: ਪ੍ਰਮਜੀਤ ਸਿੰਘ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੇ ਇਸ ਪੂਰੇ ਖੇਡ ਮੇਲੇ ਦੌਰਾਨ ਲੰਗਰ ਪ੍ਰਬੰਧ ਦੀ ਸਮੁਚੀ ਸੇਵਾ ਨਿਭਾਈ ਅਤੇ ਉਨ੍ਹਾਂ ਨਾਲ ਸ੍ਰੀ ਹਰਿਗੋਬਿੰਦ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਨੇ ਪ੍ਰਬੰਧ ਵਿਚ ਸਹਿਯੋਗ ਦਿੱਤਾ।ਸ੍ਰੀ ਗੁਰੁ ਰਾਮਦਾਸ ਇੰਸਟੀਚਿਊਂਟ ਆਫ਼ ਮੈਡੀਕਲ ਸਾਇੰਸ ਐਂਡ ਰੀਸਰਚ ਸ੍ਰੀ ਅੰਮ੍ਰਿਤਸਰ ਦੀ ਟੀਮ ਨੇ ਡਾ.ਯਾਦਵਿੰਦਰ ਸਿੰਘ ਨਾਲ ਮੈਡੀਕਲ ਦੀ ਸੇਵਾ ਨਿਭਾਈ।