Saturday, October 16, 2021

ਦਲਿਤ ਮਜ਼ਦੂਰ ਲਖਬੀਰ ਦੀ ਮੌਤ ਜ਼ਿਆਦਾ ਖੂਨ ਵਗਣ ਕਾਰਨ ਹੋਈ

ਪੋਸਟਮਾਰਟਮ ਦੌਰਾਨ ਸਰੀਰ ਤੇ ਮਿਲੇ 22 ਜ਼ਖਮ-10 ਜ਼ਿਆਦਾ ਵੱਡੇ ਸਨ 

ਤਰਨ ਤਾਰਨ: 16 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::

ਸਿੰਘੂ ਬਾਰਡਰ ਤੇ ਹੋਈ ਕਥਿਤ ਬੇਅਦਬੀ ਨੂੰ ਲੈ ਕੇ ਹੋਏ ਕਤਲ ਮਗਰੋਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਵੀ ਸਰਗਰਮੀਆਂ ਵਧੀਆਂ ਹੋਈਆਂ ਹਨ। ਘਟਨਾਕ੍ਰਮ ਤੇਜ਼ੀ ਨਾਲ ਰੂਪ ਬਦਲ ਰਿਹਾ ਹੈ। ਪਹਿਲਾਂ ਸਿਰਫ ਕਿਸਾਨਾਂ ਦੇ ਮੋਰਚੇ ਵਿਚ ਹਲਚਲ ਸੀ ਹੁਣ ਦਲਿਤਾਂ ਦਾ ਮੁੱਦਾ ਵੀ ਗੰਭੀਰ ਹੋ ਰਿਹਾ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਉਠਾਉਣ ਦੀਆਂ ਮੰਗਾਂ ਵੀ ਤੇਜ਼ ਹੋ ਗਈਆਂ ਹਨ। 

ਇਸ ਸਬੰਧੀ ਪਟੀਸ਼ਨਾਂ ਵਾਲੇ ਪਾਸੇ ਵੀ ਕੰਮ ਹੋ ਰਿਹਾ ਹੈ। ਬੀਜੇਪੀ ਵਾਲੇ ਆਖ ਰਹੇ ਹਨ ਕਿ ਕਿਸਾਨ ਮੋਰਚਾ ਹੁਣ ਕ੍ਰਾਈਮ ਦਾ ਅੱਡਾ ਬਣ ਗਿਆ ਹੈ ਇਸ ਲਈ ਕਿਸਾਨਾਂ ਨੂੰ ਤੁਰੰਤ ਉੱਥੋਂ ਉਠਾਇਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਮਾਰੇ ਗਏ ਦਲਿਤ ਮਜ਼ਦੂਰ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਕਤਲ ਕਰਨ ਵਾਲਿਆਂ ਵਿੱਚ ਕੁਝ ਹੋਰ ਨਿਹੰਗਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਹਿਰਾਸਤ ਵਿੱਚ ਹੀ ਅਦਾਲਤ ਚੋਂ ਬਾਹਰ ਆਉਂਦਿਆਂ ਤਾਰ ਨਾਲ ਅੜ ਕੇ ਉਤਰੀ ਦਸਤਾਰ ਦਾ ਮਾਮਲਾ ਵੀ ਸੁਰਖੀਆਂ ਵਿੱਚ ਆ ਰਿਹਾ ਹੈ। ਦਸਤਾਰ ਉਤਰਨ ਮਗਰੋਂ ਕੱਟੇ ਕੇਸਾਂ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ। ਇਸ ਗੱਲ ਨੂੰ ਲੈ ਸੋਸ਼ਲ ਮੀਡੀਆ ਤੇ ਤਕਰਾਰ ਵੀ ਤੇਜ਼ ਹੈ। ਅੰਤਿਮ ਸਸਕਾਰ ਵੇਲੇ ਕੋਈ ਗ੍ਰੰਥੀ ਸਿੰਘ ਅਰਦਾਸ ਕਰਨ ਲਈ ਵੀ ਨਹੀਂ ਪਹੁੰਚਿਆ। ਗਰੀਬੀ ਦੀ ਮਾਰ ਨੇ ਉਸਦਾ ਪਿੱਛਾ ਉਸਦੀ ਮੌਤ ਤੋਂ ਬਾਅਦ ਵੀ ਨਹੀਂ ਛੱਡਿਆ। ਕੀ ਹੁਣ ਉਸਦਾ ਪਰਿਵਾਰ ਇਸੇ ਪਿੰਡ ਵਿੱਚ ਸੁਰੱਖਿਅਤ ਰਹਿ ਸਕੇਗਾ?

ਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਸਿੰਘ ਦਾ ਅੱਜ ਦੇਰ ਸ਼ਾਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਵਿਚ ਕਾਹਲੀ ਕਾਹਲੀ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਲਿਆਉਣ ਵਾਲੀ ਐਂਬੂਲੈਂਸ ਸਿੱਧੇ ਸ਼ਮਸ਼ਾਨ ਘਾਟ ਪੁੱਜੀ। ਇਸ ਮੌਕੇ ਪੌਲੀਥੀਨ ਵਿਚ ਲਪੇਟੀ ਦੇਹ ਪਰਿਵਾਰ ਵਾਲਿਆਂ ਨੂੰ ਵੀ ਦਿਖਾਈ ਨਹੀਂ ਗਈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਘਰ ਵਾਲੇ ਦਾ ਮੂੰਹ ਦੇਖਣ ਦਾ ਯਤਨ ਵੀ ਬਾਰ ਬਾਰ ਕੀਤਾ। ਪਿੰਡ ਵਾਲਿਆਂ ਦੇ ਵਿਰੋਧ ਨੂੰ ਦੇਖਦਿਆਂ ਹੀ ਸ਼ਾਇਦ  ਸਸਕਾਰ ਕਰਨ ਵਿਚ ਕਾਹਲੀ ਕੀਤੀ ਗਈ। ਇਸ ਮੌਕੇ ਅਰਦਾਸ ਵੀ ਨਹੀਂ ਕੀਤੀ ਗਈ ਤੇ ਸਸਕਾਰ ਕਰਨ ਵੇਲੇ ਲਾਸ਼ ਤੇ ਡੀਜ਼ਲ ਪਾਇਆ ਗਿਆ ਤਾਂ ਕਿ ਜਲਦੀ ਸਸਕਾਰ ਹੋ ਸਕੇ। ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਅਤੇ ਆਲੇ ਦੁਆਲੇ ਵੀ ਸਥਿਤੀ ਵਿਸਫੋਟਕ ਬਣੀ ਹੋਈ ਹੈ।  ਘਰਵਾਲੀ ਨੂੰ ਅੰਤਿਮ ਦਰਸ਼ਨ ਵੀ ਨਾ ਕਰਨ ਦੇਣੇ ਕੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ? ਕਿਠਤੇਹ ਹਨ ਮਹਿਲਾ ਸੰਗਠਨ ਅਤੇ ਮਹਿਲਾ ਭਲਾਈ ਵਿਭਾਗ?

ਇਸੇ ਦੌਰਾਨ ਨਵੀਂ ਦਿੱਲੀ ਤੋਂ ਆਈ ਇੱਕ ਖਬਰ ਮੁਤਾਬਿਕ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਵਿਰੋਧ ਸਥਾਨ ਨੇੜੇ ਨਿਹੰਗਾਂ ਦੇ ਟਿਕਾਣੇ ਤੇ  ਨੌਜਵਾਨ ਦੀ ਹੱਤਿਆ ਤੋਂ ਇੱਕ ਦਿਨ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਸ ਵਿੱਚ ਇਸ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਹੈ। 

ਸਿੰਘੂ ਬਾਰਡਰ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਮਾਰਚ ’ਚ ਪਾਈ ਜਨਹਿੱਤ ਪਟੀਸ਼ਨ ਦੀ ਤੁਰੰਤ ਸੁਣਵਾਈ ਲਈ ਤਾਜ਼ਾ ਅਰਜ਼ੀ ਵੀ ਪਾਈ ਗਈ ਹੈ। ਇਸ ਤਰ੍ਹਾਂ ਇਸ ਮੋਰਚੇ ਨੂੰ ਇਥੋਂ ਛੇਤੀ ਹਟਾਉਣ ਦੀਆਂ ਮੰਗਾਂ ਤੇ ਜ਼ੋਰ ਵੱਧ ਗਿਆ ਹੈ। ਇਹ ਮੰਗਾਂ ਹੋਰ ਤੇਜ਼ੀ ਨਾਲ ਵਧਣ ਦੀ ਵੀ ਸੰਭਾਵਨਾ ਹੈ ਕਿਓਂਕਿ ਇਸ ਕਤਲ ਤੋਂ ਬਾਅਦ ਸਾਰੀ ਸਥਿਤੀ ਕਿਸਾਨਾਂ ਦੇ ਉਲਟ ਅਤੇ ਸਰਕਾਰ ਦੇ ਹੱਕ ਵਿੱਚ ਜਾਂਦੀ ਮਹਿਸੂਸ ਹੋ ਰਹੀ ਹੈ। ਕਈਆਂ ਦਾ ਕਹਿਣਾ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਲਈ ਸਮੂਹ ਕਿਸਾਨ ਜੱਥੇਬੰਦੀਆਂ ਦੇ ਕਰੀਬ 40 ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕੁਲ ਮਿਲਾ ਕੇ ਕਿਸਾਨ ਸੰਗਠਨਾਂ ਲਈ ਸੰਕਟ ਵਧਦੇ ਨਜ਼ਰ ਆ ਰਹੇ ਹਨ। ਇਸ ਕਤਲ ਦਾ ਅਸਰ ਮੋਰਚੇ ਵਿਚ ਸ਼ਾਮਲ ਦਲਿਤ ਵਰਗ ਤੇ ਵੀ ਪੈ ਸਕਦਾ ਹੈ। 

ਕਤਲ ਕੀਤੇ ਗਏ ਦਲਿਤ ਮਜ਼ਦੂਰ ਲਖਬੀਰ ਸਿੰਘ ਦੀ ਉਮਰ 35 ਸਾਲਾਂ ਦੀ ਸੀ ਅਤੇ ਗਰੀਬੀ ਤੋਂ ਘਬਰਾਇਆ ਹੋਇਆ ਉਹ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਮੁੜ ਕਦੇ ਨਿਕਲ ਹੀ ਨਾ ਸਕਿਆ। ਇਸ ਨਾਲ ਉਸਦੀ ਗਰੀਬੀ ਹੋਰ ਵਧਦੀ ਚਲੀ ਗਈ। ਉਸ ਤੋਂ ਕੰਮ ਕਰਾਉਣ ਵਾਲੇ ਉਸਨੂੰ ਬਣਦੀ ਮਿਹਨਤ ਮਜ਼ਦੂਰੀ ਦੇਣ ਦੀ ਥਾਂ ਨਸ਼ਾ ਪੱਤਾ ਦੇ ਕੇ ਹੀ ਕੰਮ ਸਾਰ ਲੈਂਦੇ। ਨਸ਼ੇੜੀ ਜਾਂ ਨਸ਼ਈ ਵੱਜੋਂ ਉਸਦੀ ਬਦਨਾਮੀ ਵੀ ਵੱਧ ਗਈ ਜਿਸਦਾ ਅਸਰ ਪੂਰੇ ਪਰਿਵਾਰ ਤੇ ਪਿਆ।  ਨਸ਼ਾ ਮਿਲਣ ਤੇ ਲਖਬੀਰ   ਵੀ ਮਜ਼ਦੂਰੀ ਦੀ ਗੱਲ ਭੁੱਲ ਭੁਲਾ ਜਾਂਦਾ। ਗਰੀਬੀ ਨੇ ਸਾਰਾ ਘਰ ਵੀ ਬਰਬਾਦ ਕਰ ਦਿੱਤਾ। ਇਸਦੀ ਪਤਨੀ ਇਸਨੂੰ ਛੱਡ ਕੇ ਚਲੀ ਗਈ ਕਿ ਸ਼ਾਇਦ ਇਸ ਤਰ੍ਹਾਂ ਇਹ ਸੁਧਰ ਜਾਵੇਗਾ ਪਰ ਇਹ ਨਾ ਸੁਧਰਿਆ। ਹੁਣ ਇਸਨੂੰ ਇਥੋਂ ਕੌਣ ਵਰਗਲਾ ਕੇ ਸਿੰਘੂ ਬਾਰਡਰ ਲੈ ਗਿਆ ਇਸਦੀ ਜਾਂਚ ਵੱਡੀ ਪੱਧਰ ਤੇ ਹੋਣੀ ਚਾਹੀਦੀ ਹੈ। ਉੱਥੇ ਇਸਦਾ ਕਤਲ ਹੋ ਗਿਆ। ਇਸਤਰ੍ਹਾਂ ਨਸ਼ਿਆਂ ਦੀ ਦਲਦਲ ਦਾ ਮਸਲਾ ਵੀ ਇਸ ਘਟਨਾਕ੍ਰਮ ਦੌਰਾਨ ਗੰਭੀਰ ਹੋ ਕੇ ਸਾਹਮਣੇ ਆਇਆ ਹੈ। ਅਜਿਹੇ ਕਿੰਨੇ ਹੀ ਪਰਿਵਾਰ ਹੋਰ ਵੀ ਹੋਣਗੇ ਜਿਹੜੇ ਲਖਬੀਰ ਵਾਂਗ ਹੀ ਜ਼ਿੰਦਗੀ ਜੇ ਰਹੇ ਹਨ ਪਰਿਵਾਰਾਂ ਨੂੰ ਰੱਬ ਆਸਰੇ ਛੱਡ ਕੇ। 

ਸੋਨੀਪਤ ਦੇ ਸਿਵਲ ਹਸਪਤਾਲ ਵਿਚ ਲਖਬੀਰ ਦੀ ਲਾਸ਼ ਦਾ ਪੋਸਟਮਾਰਟਮ ਹੋਇਆ। ਉੱਥੇ ਤਿੰਨਾਂ ਡਾਕਟਰਾਂ ਦੀ ਟੀਮ ਨੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ। ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਸਦੇ ਸਰੀਰ ਤੇ 22 ਜ਼ਖਮ ਮਿਲੇ ਹਨ ਜਿਹਨਾਂ ਵਿੱਚ ਦਸ ਜ਼ਖਮ ਜ਼ਿਆਦਾ ਵੱਡੇ ਸਨ। ਖੂਨ ਜ਼ਿਆਦਾ ਵਗਣ ਕਾਰਨ ਉਸਦੀ ਮੌਤ ਹੋ ਗਈ। ਉਸਨੂੰ ਕਿਸੇ ਰੱਸੀ ਨਾਲ ਬੰਨ ਕੇ ਘਸੀਟਿਆ ਵੀ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਤ ਤੋਂ ਪਹਿਲਾਂ ਉਸਨੇ ਕਿੰਨਾ ਦਰਦ ਸਹਿਣ ਕੀਤਾ ਹੋਣਾ ਹੈ। ਆਖਰੀ ਵੇਲਿਆਂ ਦੌਰਾਨ ਉਸਨੂੰ ਆਪਣੇ ਨਸ਼ਿਆਂ ਦੀ ਲਾਹਨਤ ਵੀ ਯਾਦ ਆਈ ਹੋਣੀ ਹੈ ਅਤੇ ਘਰ ਪਰਿਵਾਰ ਵੀ ਯਾਦ ਆਇਆ ਹੋਣਾ ਹੈ। ਪਰ ਬੰਨੇ ਹੋਈਏ ਬੇਬਸ ਮਨੁੱਖ ਦੀ ਕੋਈ ਪੇਸ਼ ਨਹੀਂ ਗਈ ਹੋਣੀ। 

ਉਸਨੂੰ ਤਾਂ ਸ਼ਾਇਦ ਬੇਅਦਬੀ ਦੇ ਨਾਲ ਨਾਲ ਆਪਣੇ ਨਸ਼ਿਆਂ ਵਾਲੀ ਆਦਤ ਦੀ ਸਜ਼ਾ ਵੀ ਮਿਲ ਗਈ ਹੋਵੇ ਪਰ ਕੀ ਕਸੂਰ ਉਸਦੀ ਪਤਨੀ ਦਾ? ਕੀ ਬਣੇਗਾ ਉਸਦੀਆਂ ਤਿੰਨਾਂ ਧੀਆਂ ਦਾ? ਆਤਮ ਸਮਰਪਣ ਕਰਨ ਵਾਲੇ ਨਿਹੰਗਾਂ ਅਤੇ ਉਹਨਾਂ ਦੇ ਕੇਸ ਲੜਨ ਵਾਲਿਆਂ ਲਈ ਫ਼ੰਡ ਦੇਣ ਵਾਲੇ ਤਾਂ ਬਹੁਤ ਸਾਰੇ ਜਲਦੀ ਹੀ ਸਾਹਮਣੇ ਆ ਜਾਣਗੇ ਪਰ ਕੌਣ ਲਵੇਗਾ ਸਾਰ ਇਸ ਦਲਿਤ ਪਰਿਵਾਰ ਦੀ? ਕੀ ਇਸ ਕਤਲ ਦੀ ਨਿੰਦਿਆਂ ਨਿਖੇਧੀ ਕਰਨ ਵਾਲੇ ਇਸ ਪਰਿਵਾਰ ਦੀ ਜ਼ਿੰਮੇਵਾਰੀ ਲੈਣਗੇ? ਕੀ ਸਰਕਾਰਾਂ ਜਾਂ ਟਰੇਡ ਯੂਨੀਅਨਾਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਇਸ ਪਰਿਵਾਰ ਨੂੰ ਕੋਈ ਰਾਹਤ ਦੇਣਗੀਆਂ? ਕੀ ਸਰਬੱਤ ਦਾ ਭਲਾ ਮੰਗਣਵਾਲੀ ਕੌਮ ਉਸ ਬਾਰੇ ਕੁਝ ਨਹੀਂ ਸੋਚੇਗੀ? ਕੀ ਭਾਈ ਘਨਈਆ ਜੀ ਦੇ ਵਿਚਾਰਾਂ ਦੀ ਕਦਰ ਕਰਨ ਵਾਲੇ ਇਸ ਪਰਿਵਾਰ ਨੂੰ ਰਾਹਤ ਦੇਣ ਲਈ ਅੱਗੇ ਆਉਣਗੇ? 


No comments: