Showing posts with label Patti. Show all posts
Showing posts with label Patti. Show all posts

Monday, October 18, 2021

ਰੇਲ ਰੋਕੋ ਮੋਰਚੇ ਨੂੰ ਪੱਟੀ ਵਿੱਚ ਵੀ ਮਿਲਿਆ ਜੋਸ਼ੀਲਾ ਹੁੰਗਾਰਾ

ਕਿਸਾਨ ਆਗੂਆਂ ਨੇ ਕਾਰਪੋਰੇਟ ਅਤੇ ਸਿਆਸੀ ਗਠਜੋੜ ਨੂੰ ਕੀਤਾ ਬੇਨਕਾਬ 

ਪੱਟੀ ਰੇਲਵੇ ਸਟੇਸ਼ਨ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਦੀਪ ਸਿੰਘ 

ਤਰਨਤਾਰਨ: 18 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ)::

ਖੇਤੀ ਕਨੂੰਨ ਰੱਦ ਕਰਵਾਉਣ ਲਈ ਸੰਘਰਸ਼ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ ਹੈ। ਜੋ ਵੀ ਕਿਸਾਨ ਜਥੇਬੰਦੀਆਂ ਵੱਲੋ ਐਲਾਨ ਕੀਤਾ ਜਾਦਾ ਹੈ ਉਸ ਨੂੰ ਹਰ ਵਾਰ ਭਰਵਾਂ ਹੁੰਗਾਰਾ ਮਿਲਦਾ ਹੈ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋ ਰੇਲ ਰੋਕੋ ਮੋਰਚੇ ਦੇ ਐਲਾਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰ ਥਾਂ ਤੇ ਇੰਨ ਬਿੰਨ ਲਾਗੂ ਕੀਤਾ ਗਿਆ। 

ਜਿੱਥੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲਾ ਦੇ ਚੱਕੇ ਜਾਮ ਕੀਤੇ ਗਏ ਉਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਪੱਟੀ ਦੇ ਰੇਲਵੇ ਸਟੇਸ਼ਨ ਤੇ ਪੱਟੀ ਜੋਨ,ਭਾਈ ਝਾੜੂ ਜੀ ਵਲਟੋਹਾ ਜੋਨ,ਬਾਬਾ ਸੁਰਜਨ ਜੋਨ,ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਵੱਲੋ ਨਰਿੰਜਣ ਸਿੰਘ ਬਰਗਾੜੀ, ਦਿਲਬਾਗ ਸਿੰਘ ਪਹੁਵਿੰਡ, ਤਰਸੇਮ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। 

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਤਲਵੰਡੀ,ਗੁਰਭੇਜ ਸਿੰਘ ਧਾਰੀਵਾਲ, ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕੇ ਲਗਾਤਾਰ ਕਿਸਾਨ ਮਜਦੂਰ ਸੰਘਰਸ਼ ਦੇ ਮੈਦਾਨ ਵਿਚ ਹੈ ਅਤੇ ਲੰਮੇ ਸਮੇ ਤੋ ਦਿੱਲੀ ਦੇ ਬਾਰਡਰਾ ਤੇ ਆਪਣੀ ਰੋਟੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਪੱਟੀ ਰੇਲਵੇ ਟ੍ਰੈਕ ਤੇ ਲੱਗੇ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਤੋ ਪਾਸੇ ਕਰਕੇ ਜ਼ਮੀਨਾਂ ਉਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰਨਾ ਚਾਹੁੰਦੀ ਹੈ। ਇਸੇ ਕਰਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਦੀ ਉਦਾਹਰਣ ਲਖੀਮਪੁਰ ਯੂ ਪੀ ਦੇ ਕਤਲੇਆਮ ਤੋਂ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ਵਿਖੇ ਭਾਜਪਾ ਮੰਤਰੀ ਦੇ ਲੜਕੇ ਵੱਲੋ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗੱਡੀ ਹੇਠਾਂ  ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਅਜੇ ਤੱਕ ਅਜੇ ਮਿਸ਼ਰਾ ਨੂੰ ਮੰਤਰੀ ਪੱਦ ਤੋ ਹਟਾਇਆ ਨਹੀ ਗਿਆ। 

ਇਸ ਮੋਕੇ ਕਿਸਾਨ ਆਗੂਆ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਤਾਰ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਸ ਲਈ ਉਹ ਡਰਾਮੇਬਾਜ਼ੀ ਬੰਦ ਕਰਕੇ ਚੋਣਾਂ ਸਮੇ ਕੀਤੇ ਵਾਅਦੇ ਪੂਰੇ ਕਰੇ।  ਲੋਕ ਇਹਨਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਹਨਾਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਲੋਕ ਚੋਣਾਂ ਸਮੇ ਮੂੰਹ ਨਹੀ ਲਗਾਉਣਗੇ। ਇਹਨਾਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ  ਮਜ਼ਦੂਰਾਂ ਦੇ ਸਵਾਲਾ ਦਾ ਸਾਹਮਣਾ ਕਰਨਾ ਪਵੇਗਾ।  

ਧਰਨੇ ਰਾਹੀਂ ਸੰਘਰਸ਼ ਜਾਰੀ ਰੱਖਣ ਦੇ ਇਸ ਐਲਾਨ ਮੌਕੇ ਧਰਮ ਸਿੰਘ ਘਰਿਆਲੀ, ਬਲਜੀਤ ਸਿੰਘ ਮਾਣੇਕੇ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਸੁਖਚੈਨ ਸਿੰਘ ਜੰਡ, ਸੁੱਚਾ ਸਿੰਘ ਵੀਰਮ, ਪੂਰਨ ਸਿੰਘ ਮੱਦਰ, ਨਿਸ਼ਾਨ ਸਿੰਘ ਪੱਟੀ, ਸੁਖਵੰਤ ਸਿੰਘ ਪੱਟੀ, ਸੁੱਖਪਾਲ ਸਿੰਘ ਦੋਦੇ, ਸੁਰਜੀਤ ਸਿੰਘ, ਗੁਰਵੇਲ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ ਮਾੜੀ ਕੱਬੋਕੇ,ਬਲਕਾਰ ਸਿੰਘ, ਹਰਿੰਦਰ ਸਿੰਘ ਆਸਲ, ਰੂਪ ਸਿੰਘ ਸੈਦੋ,ਮਾਨ ਸਿੰਘ ਮੋੜੀ ਮੇਘਾ,ਗੁਰਮੀਤ ਸਿੰਘ, ਸਰਵਣ ਸਿੰਘ ਹਰੀਕੇ ,ਚਾਨਣ ਸਿੰਘ ਬੰਗਲਾ ਰਾਏ,ਅਜਮੇਰ ਸਿੰਘ, ਨਿਰਵੈਰ ਸਿੰਘ ਚੇਲਾ,ਆਦਿ ਹਾਜ਼ਰ ਸਨ। 

Thursday, May 09, 2013

ਇੱਕ ਹੋਰ ਵਾਰਦਾਤ ਨੇ ਦੱਸੀ ਪੰਜਾਬ ਵਿਚਲੇ ਅਮਨ ਕਾਨੂੰਨ ਦੀ ਹਕੀਕਤ


ਪੱਟੀ 'ਚ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੁਖਰਾਜ ਦਾ ਗੋਲੀ ਮਾਰ ਕੇ ਕਤਲ
ਪੱਟੀ:ਵਿਧਾਨ ਸਭਾ ਹਲਕਾ ਪੱਟੀ ਤੋਂ ਇੱਕ ਮਾੜੀ ਖਬਰ ਆਈ ਹੈ। ਜਮਹੂਰੀਅਤ ਦਾ ਗੁਣ ਗਾਣ ਕਰਨ ਵਾਲੇ ਸਮਾਜ ਵਿੱਚ ਇੱਕ ਵਾਰ ਫੇਰ ਬੰਦੂਕ ਦਾ ਸਹਾਰਾ ਲਿਆ ਗਿਆ ਹੈ। ਵਿਧਾਨ ਸਭਾ ਹਲਕਾ ਪੱਟੀ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਸਬੰਧੀ ਸਿਵਲ ਹਸਪਤਾਲ ਪੱਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਵੇਲੇ ਵਾਪਰੀ। ਮ੍ਰਿਤਕ ਦੇ ਵਾਰਿਸਾਂ ਅਤੇ ਪੱਟੀ ਤੋਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਾਮੀ ਜਦੋਂ ਸੁਖਰਾਜ ਸਿੰਘ ਆਪਣੇ ਪਿੰਡ ਭੱਗੂਪੁਰ ਵਿਖੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਵਿਰੋਧੀ ਧਿਰ ਨਾਲ ਸੰਬੰਧਤ ਸਰਵਨ ਸਿੰਘ, ਹਰਚਰਨ ਸਿੰਘ ਤੇ ਸੁਖਵਿੰਦਰ ਸਿੰਘ ਪੁੱਤਰਾਨ ਅਮਰੀਕ ਸਿੰਘ ਵਾਸੀ ਭੱਗੂਪੁਰ ਨੇ ਸਿਆਸੀ ਰੰਜਿਸ਼ ਤਹਿਤ ਸੁਖਰਾਜ ਸਿੰਘ ਨੂੰ ਗੋਲੀ ਮਾਰ ਦਿੱਤੀ। ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖਮੀ ਹਾਲਤ ਵਿਚ ਸੁਖਰਾਜ ਸਿੰਘ ਨੂੰ ਪੱਟੀ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕਾਬਿਲੇ ਜ਼ਿਕਰ ਹੈ ਕਿ ਸੁਖਰਾਜ ਸਿੰਘ ਭੱਗੂਪੁਰ ਪੱਟੀ ਹਲਕੇ ਨਾਲ ਸੰਬੰਧਤ ਨਦੋਹਰ ਜ਼ੋਨ ਤੋਂ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਦੇ ਉਮੀਦਵਾਰ ਸਨ। ਕਾਂਗਰਸ ਹਲਕੇ ਅੰਦਰ ਜਿਵੇਂ ਹੀ ਸੁਖਰਾਜ ਸਿੰਘ 'ਤੇ ਇਸ ਹਮਲੇ ਦਾ ਪਤਾ ਲੱਗਾ ਤਾਂ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਬੁਰਜ, ਸੁਖਬੀਰ ਸਿੰਘ ਸ਼ਹੀਦ, ਪ੍ਰਿੰਸੀਪਲ ਹਰਦੀਪ ਸਿੰਘ ਪੱਟੀ, ਦਲਬੀਰ ਸਿੰਘ ਸੇਖੋਂ, ਅਮਰੀਕ ਸਿੰਘ ਐੱਮ. ਬੀ. ਏ., ਬਾਬਾ ਸ਼ੇਰ ਸਿੰਘ ਕੋਟਬੁੱਢਾ, ਸੁਖਰਾਜ ਸਿੰਘ ਕਿਰਤੋਂਵਾਲ ਆਦਿ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੱਟੀ ਹਲਕੇ ਨਾਲ ਸੰਬੰਧਤ ਸਮੁੱਚੀ ਕਾਂਗਰਸ ਪਾਰਟੀ ਦੇ ਆਗੂਆਂ, ਉਮੀਦਵਾਰਾਂ ਦਾ ਲਾਇਸੈਂਸੀ ਅਸਲਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਮ੍ਹਾ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਗਾਇਆ ਕਿ ਯੂਥ ਕਾਂਗਰਸ ਦੇ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਨੂੰ ਇਕ ਸਾਜ਼ਿਸ਼ ਤਹਿਤ ਗੋਲੀ ਮਾਰ ਕੇ ਹਲਾਕ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਜਿਵੇਂ ਹੀ ਪੱਟੀ ਹਲਕੇ ਅੰਦਰ ਫੈਲੀ ਤਾਂ ਸੋਗ ਦੀ ਲਹਿਰ ਦੌੜ ਗਈ। ਸਿਵਲ ਹਸਪਤਾਲ ਪੱਟੀ ਵਿਖੇ ਸਬ-ਡਵੀਜ਼ਨ ਪੱਟੀ ਅਧੀਨ ਆਉਂਦੇ ਪੁਲਸ ਥਾਣਿਆਂ ਦੀ ਪੁਲਸ ਵੀ ਪੁੱਜੀ ਹੋਈ ਸੀ। ਚੋਣਾਂ ਮੌਕੇ ਹੁੰਦੀ ਹਿੰਸਾ ਅਕਸਰ ਚੋਣਾਂ ਦੇ  ਸ਼ਾਂਤਮਈ ਹੋਣ ਵਾਲੇ ਦਾਅਵਿਆਂ ਦੀ ਹਕੀਕਤ ਸਭ ਦੇ ਸਾਹਮਣੇ ਨੰਗੀ ਕਰ ਦੇਂਦੀ ਹੈ। ਹੁਣ ਦੇਖਣਾ ਹੈ ਕਿ ਵੋਟਾਂ ਦੇ ਮੌਕੇ ਵੀ ਗੋਲੀਆਂ ਚਲਾ ਕੇ ਜਾਨਾਂ ਲੈਣ ਵਾਲਾ ਇਸ ਸਿਸਟਮ ਕਦ ਤੱਕ ਇਸੇ ਤਰ੍ਹਾ ਚੱਲੇਗਾ?