ਖਤਰਨਾਕ ਹੈ ਚੋਣਾਂ ਦੇ ਨੇੜੇ ਅਜਿਹੀ ਦਹਿਸ਼ਤ ਵਾਲਾ ਮਾਹੌਲ
ਤਰਨ ਤਾਰਨ: 10 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਆਮ ਲੋਕਾਂ--ਖਾਸ ਕਰ ਪੰਜਾਬ ਦੇ ਲੋਕਾਂ ਸਰ ਲਟਕਦੀ ਤਲਵਾਰ ਸ਼ਾਇਦ ਉਹਨਾਂ ਦਾ ਨਸੀਬ ਬਣ ਗਈ ਹੈ। ਕਦੇ ਵਿਦੇਸ਼ੀਆਂ ਦੇ ਹਮਲੇ, ਕਦੇ ਪੁਲਿਸ ਦੀ ਦਹਿਸ਼ਤ, ਕਦੇ ਅੱਤਵਾਦ-ਖਾੜਕੂਵਾਦ ਤੇ ਹੁਣ ਗੁੰਡਾਗਰਦੀ ਵਾਲੀ ਦਹਿਸ਼ਤ। ਪੁਲਿਸ ਵਿਚਾਰੀ ਕਿ ਕਰ ਸਕਦੀ ਹੈ ਜਦੋਂ ਉਸਦੇ ਹੱਥ ਬੰਨੇ ਹੋਣ ਅਤੇ ਬਦਮਾਸ਼ਾਂ ਨੂੰ ਉਹਨਾਂ ਦੇ ਸਿਆਸੀ ਆਕਾ ਲਗਾਤਾਰ ਥਾਪੜੀ ਦੇ ਰਹੇ ਹੋਣ। ਤਰਨਤਾਰਨ ਵਿੱਚ ਹੋਇਆ ਹਿੰਸਕ ਟਕਰਾਓ ਇਸੇ ਨਵੀਂ ਦਹਿਸ਼ਤ ਦੀ ਹੀ ਇੱਕ ਕੜੀ ਹੈ।
ਤਰਨ ਤਾਰਨ ਦੇ ਪਿੰਡ ਬਾਠ ਕੋਲ ਮੰਗਲਵਾਰ ਅੱਧੀ ਰਾਤ ਨੂੰ ਹੋਈ ਗੈਂਗਵਾਰ ਵਿੱਚ ਇੱਕ ਬਦਮਾਸ਼ ਮਾਰਿਆ ਗਿਆ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਾਰੇ ਗਏ ਬਦਮਾਸ਼ ਦੀ ਸ਼ਨਾਖਤ ਦਿਲਬਾਗ ਸਿੰਘ ਮੱਤੀ ਵਜੋਂ ਹੋਈ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਪੱਟੀ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਦੋਹਾਂ ਪਾਸਿਆਂ ਤੋਂ ਕੋਈ 117 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਦਿਲਬਾਗ ਸਿੰਘ ਬੁਰੀ ਤਰ੍ਹਾਂ ਵਿੰਨ੍ਹਿਆ ਗਿਆ ਅਤੇ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਕੀ ਬਦਮਾਸ਼ ਫਰਾਰ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦਿਲਚਸਪ ਗੱਲ ਹੈ ਕਿ ਫੇਸਬੁੱਲ ਵਰਗੇ ਸੋਸ਼ਲ ਮੀਡੀਆ ਉੱਤੇ ਇਹਨਾਂ ਗਿਰੋਹਾਂ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਜਦੋਂ ਸਿਆਸੀ ਲੀਡਰ ਬਾਊਂਸਰਾਂ ਅਤੇ ਗਾਰਡਾਂ ਦੇ ਬਹਾਨੇ ਬਦਮਾਸ਼ਾਂ ਨੂੰ ਪਾਲਣਾ ਸ਼ੁਰੂ ਕਰ ਦੇਣ ਉਦੋਂ ਅਜਿਹੀਆਂ ਵਾਰਦਾਤਾਂ ਆਮ ਵਰਤਾਰਾ ਬਣ ਜਾਂਦੀਆਂ ਹਨ।
ਥਾਂ ਥਾਂ ਤੇ ਪੁਲਿਸ ਦੀ ਮੌਜੂਦਗੀ ਵਾਲੇ ਪੰਜਾਬ ਵਿੱਚ ਅਜਿਹੇ ਗਿਰੋਹ ਬਿਨਾ ਕਿਸੇ ਸ਼ਹਿ ਤੋਂ ਚੱਲ ਹੀ ਨਹੀਂ ਸਕਦੇ। ਜਾਣਕਾਰੀ ਮੁਤਾਬਕ ਤਰਨ ਤਾਰਨ 'ਚ ਕੱਲ੍ਹ ਦੇਰ ਰਾਤ ਕਰੀਬ 12 ਵਜੇ ਤਰਨ ਤਾਰਨ-ਖਡੂਰ ਸਾਹਿਬ ਰੋਡ 'ਤੇ ਇਹ ਗੈਂਗਵਾਰ ਹੋਈ, ਇਸ ਦੌਰਾਨ 100 ਤੋਂ ਵੱਧ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਹੋਈ ਹੈ, ਜਦਕਿ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ।ਇਸ ਤੋਂ ਬਾਅਦ ਇਸ ਗੈਂਗਵਾਰ 'ਚ ਮਾਰੇ ਗਏ ਗੈਂਗਸਟਰ ਦੀ ਲਾਸ਼ ਨੂੰ ਕਬਜ਼ੇ ਲੈ ਲਿਆ ਗਿਆ ਅਤੇ ਦੂਸਰੇ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸੇ ਦੌਰਾਨ ਬਦਲਾ ਲੈਣ ਦੀਆਂ ਧਮਕੀਆਂ ਜਾਰੀ ਹਨ।
ਫ਼ਿਲਮੀ ਕਹਾਣੀਆਂ ਨੂੰ ਸੱਚਮੁੱਚ ਦੀ ਜ਼ਿੰਦਗੀ ਵਿੱਚ ਦੁਹਰਾਉਂਦੇ ਜਿਨ੍ਹਾਂ ਦੋ ਗਿਰੋਹਾਂ 'ਚ ਇਹ ਜੰਗ ਹੋਈ ਹੈ ਉਹ ਦੋਵੇਂ ਧਿਰਾਂ ਬਿੱਛੂ ਗੈਂਗ ਅਤੇ ਸੋਨੂ ਕੰਗਲਾ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਹਨ। ਪੁਲਸ ਮੁਤਾਬਿਕ ਰਾਤ ਵੇਲੇ ਹੋਈ ਇਸ ਗੈਂਗਵਾਰ ਵਿੱਚ ਦੋਹਾਂ ਧਿਰਾਂ ਵਲੋਂ ਕਰੀਬ 117 ਗੋਲੀਆਂ ਚਲਾਈਆਂ ਗਈਆਂ, ਪੁਲਸ ਵਲੋਂ ਜਿਹੜੀ ਫਾਰਚੂਨਰ ਗੱਡੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ, ਉਸ ਦਾ ਬਾਹਰੀ ਹਿੱਸਾ ਗੋਲੀਆਂ ਨਾਲ ਬੁਰੀ ਤਰ੍ਹਾਂ ਵਿੰਨ੍ਹਿਆ ਹੋਇਆ ਹੈ। ਇਸੇ ਗੱਡੀ ਵਿੱਚ ਹੀ ਦਿਲਬਾਗ ਅਤੇ ਉਸ ਦਾ ਸਾਥੀ ਅੰਕੁਰ ਸਵਾਰ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਕੁਰ ਕਤਲ ਕੇਸ ਵਿੱਚ ਪੱਟੀ ਜੇਲ੍ਹ 'ਚ ਬੰਦ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਸ਼ਾਇਦ ਬਾਹਰ ਉਸਦੇ ਦੁਸ਼ਮਣ ਉਸਦੀ ਉਡੀਕ ਵਿੱਚ ਹੀ ਸਨ।
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇਗਾ ਕੇ ਆਖਰ ਇਸ ਗੈਂਗਵਾਰ ਪਿੱਛੇ ਅਸਲ ਕਾਰਨ ਕੀ ਸਨ ਤੇ ਇਸ ਨੂੰ ਕਿਹੜੇ ਗੈਂਗਸਟਰ ਵੱਲੋਂ ਅੰਜਾਮ ਦਿੱਤਾ ਗਿਆ। ਇਹ ਜਾਂਚ ਅਤੇ ਇਸਦੇ ਨਤੀਜੇ ਕਦੋਂ ਸਾਹਮਣੇ ਆਉਣਗੇ ਇਹ ਤਾਂ ਬਾਅਦ ਦੀ ਗੱਲ ਹੈ ਪਾਰ ਪੰਜਾਬ ਦੀ ਹਵਾ ਵਿੱਚ ਸਹਿਮ ਵੱਧ ਰਿਹਾ ਹੈ।
ਇਸ ਬਾਰੇ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਮਨਮੋਹਨ ਕੁਮਾਰ ਸ਼ਰਮਾ, ਐੱਸ.ਪੀ ਜਗਮੋਹਣ ਸਿੰਘ ਅਤੇ ਹੋਰ ਉੱਚ ਅਧਿਕਾਰੀ ਜਾਂਚ ਵਿਚ ਜੁੱਟ ਗਏ ਹਨ। ਇਸਦੇ ਨਾਲ ਹੀ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਦਿਲਬਾਗ ਦੇ ਭਰਾ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਸ਼ਾਦੀਸ਼ੁਦਾ ਹੈ ਅਤੇ ਇਸ ਦੀ ਇੱਕ ਲੜਕੀ ਵੀ ਹੈ।
ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਵਿਚ ਜੇਲ੍ਹ ਕੱਟ ਕੇ ਕੁਝ ਦਿਨ ਪਹਿਲਾਂ ਹੀ ਬਰੀ ਹੋ ਕੇ ਬਾਹਰ ਆਇਆ ਹੈ, ਜਿਸ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਇਸ ਸੰਬੰਧੀ ਤਫਤੀਸ਼ੀ ਅਫਸਰ ਐੱਸ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਸੂਚਨਾ ਰਾਤ 12 ਵਜੇ ਮਿਲੀ ਸੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
ਉਹਨਾ ਕਿਹਾ ਕਿ ਮਾਹਿਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਜੋ ਜਾਂਚ ਤੋਂ ਬਾਅਦ ਦੱਸਣਗੇ ਕਿ ਕਿੰਨੀਆਂ ਗੋਲੀਆਂ ਇਸ ਵਾਰਦਾਤ ਵਿਚ ਚੱਲੀਆਂ ਹਨ। ਉਹਨਾ ਕਿਹਾ ਕਿ ਇਹ ਘਟਨਾ ਗੈਂਗਵਾਰ ਹੈ ਜਾਂ ਨਹੀਂ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਜਦੋਂ ਚੋਣਾਂ ਸਰ 'ਤੇ ਹਨ ਉਦੋਂ ਅਜਿਹੇ ਸਹਿਮ ਦਾ ਫੈਲਣਾ ਨਿਸਚੇ ਹੀ ਆਮ ਲੋਕਾਂ ਨੂੰ ਵੋਟਾਂ ਦੌਰਾਨ ਆਪਣੀ ਮਰਜ਼ੀ ਕਰਨ ਤੋਂ ਰੋਕੇਗਾ। ਦਹਿਸ਼ਤ ਦਾ ਮਾਹੌਲ ਲੋਕਾਂ ਨੂੰ ਭੰਬਲਭੂਸੇ ਪਾਵੇਗਾ।
No comments:
Post a Comment