Showing posts with label Nihang Singh. Show all posts
Showing posts with label Nihang Singh. Show all posts

Friday, October 15, 2021

ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ

ਬੇਅਦਬੀ ਕਰਨ ਲਈ ਅਜਿਹੇ 20 ਵਿਅਕਤੀਆਂ ਨੇ ਕੀਤੀ ਹੈ ਘੁਸਪੈਠ? 


ਨਵੀਂ ਦਿੱਲੀ
//ਤਰਨਤਾਰਨ: 15 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਕਰਨ ਵਾਲੇ ਦੇ ਕਤਲ ਦੀ ਘਟਨਾ ਨੇ ਇੱਕ ਵਾਰ ਫੇਰ ਫਿਰ ਸਿੰਘੂ ਮੋਰਚੇ ਤੇ ਮੌਜੂਦ ਧਰਨਾਕਾਰੀਆਂ ਵਿੱਚ ਲਕੀਰ ਗੂਹੜੀ ਕਰ ਦਿੱਤੀ ਹੈ।  ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਆਖ ਦਿੱਤਾ ਹੈ ਕਿ ਨਾਂ ਤਾਂ ਸਿੰਘੂ ਬਾਰਡਰ ’ਤੇ ਕਤਲ ਹੋਏ ਵਿਅਕਤੀ ਨਾਲ ਸਾਡਾ ਕੋਈ ਸਬੰਧ ਹੈ ਅਤੇ ਨਾਂ ਹੀ ਉਸਦੇ ਕਾਤਲਾਂ ਨਾਲ।  ਇਸ ਦੇ ਨਾਲ ਹੀ ਮੋਰਚੇ ਨੇ ਇਸ ਸਾਰੀ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਹੈ।

ਦੂਜੇ ਪਾਸੇ ਨਿਹੰਗਾਂ ਨੇ ਕਿਸੇ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਬੰਧ ਸਾਡੇ ਪਿਓ ਦੀ ਪੱਗ ਨਾਲ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਇਸ ਮੁੱਦੇ ਨੂੰ ਲੈ ਕੇ ਸਾਡਾ  ਕਿਸੇ ਧਰਨੇ ਮੋਰਚੇ ਨਾਲ ਕੋਈ ਸਮਝੌਤਾ ਨਹੀਂ ਹੋਣ ਲੱਗਾ। ਨਾਂ ਹੀ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਕੋਈ ਲੋੜ ਹੈ ਕਿ ਸਾਡੇ ਇਸ਼ਟ ਨਾਲ ਅਜਿਹਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਨਿਹੰਗਾਂ ਨੇ ਕਿਹਾ ਕਿ ਰਾਜੇਵਾਲ ਦਾ ਕੀ ਹੈ? ਨਾਂ ਉਸਦਾ ਇਥੇ ਕੋਈ ਲੰਗਰ ਲੱਗਿਆ ਹੈ ਤੇ ਨਾਂ ਹੀ ਕੋਈ ਹੋਰ ਬਿਸਤਰਾ। ਉਹ ਤਾਂ ਦੋ ਦਿਨ ਆਉਂਦਾ ਹੈ ਤੇ ਫਿਰ ਚਾਰ ਦਿਨ ਆਪਣੇ ਘਰ ਚਲਿਆ ਜਾਂਦਾ ਹੈ। ਉਸਨੂੰ ਕੀ ਪਤਾ ਇਥੋਂ ਦੀਆਂ ਮੁਸ਼ਕਲਾਂ ਦਾ? ਇਹਨਾਂ ਮੁਸ਼ਕਲਾਂ ਨੂੰ ਤਾਂ ਇਥੇ ਰਹਿਣ ਵਾਲੇ ਹੀ ਜਾਣਦੇ ਹਨ। ਇਥੇ ਅਸਲ ਵਿੱਚ ਸਭ ਕੁਝ ਸੰਗਤਾਂ ਦਾ ਹੀ ਹੈ। ਇਸੇ ਦੇ ਨਾਲ ਨਿਹੰਗਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਕੁਮੈਂਟ ਪਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਜੇ ਨਿਹੰਗ ਉੱਥੇ ਗਏ ਤਾਂ ਪੁਲਿਸ ਨੇ ਬਾਕੀ ਧਰਨਾਕਾਰੀਆਂ ਨੂੰ ਦੋ ਦਿਨਾਂ ਦੇ ਵਿੱਚ ਵਿੱਚ ਖਦੇੜ ਦੇਣਾ ਹੈ। ਇਸ ਨਾਲ ਹੀ ਕਾਮਰੇਡਾਂ ਅਤੇ ਸਿੰਘਾਂ ਵਿਚਲਾ ਟਕਰਾਓ ਵੀ ਹੋਰ ਤਿੱਖਾ ਹੋ ਰਿਹਾ ਹੈ। ਨਿਹੰਗਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ।  

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਨੇੜਿਓਂ ਸ਼ੁੱਕਰਵਾਰ ਸਵੇਰੇ ਇਕ ਨੌਜਵਾਨ ਦੀ ਕੱਟੀ-ਵੱਢੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਖੁਰਦ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਸੀ। ਇਸਦੀ ਜ਼ਿੰਮੇਵਾਰੀ ਕੁਝ ਨਿਹੰਗ ਸਿੰਘਾਂ ਨੇ ਬਾਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵੀ ਲਈ ਲਈ। ਦੂਜੇ ਪਾਸੇ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

ਇਸੇ ਦੌਰਾਨ ਇਸ ਕਤਲ ਲਈ ਖੁਦ ਨੂੰ ਜ਼ਿੰਮੇਵਾਰ ਦੱਸਣ ਵਾਲੇ ਇੱਕ ਨਿਹੰਗ ਸਿੰਘ ਸਰਬਜੀਤ ਸਿੰਘ ਭਾਊ ਨੇ ਖੁਦ ਪੁਲਿਸ ਸਾਹਮਣੇ ਆਤਮਸਮਰਪਣ ਵੀ ਕਰ ਦਿੱਤਾ ਹੈ। ਉਸਨੇ ਕਿਹਾ ਕਿ ਜਿਹੜਾ ਵੀ ਅਜਿਹੀ ਹਰਕਤ ਕਰੇਗਾ ਉਸਦਾ ਸੋਧ ਲਾਇਆ ਜਾਵੇਗਾ। ਜੇ ਹੋਰ ਲੋਕ ਆਉਣਗੇ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ। ਚੇਤੇ ਰਹੇ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਨੌਜਵਾਨ ਦੀ ਅੱਧ-ਨੰਗੀ ਲਾਸ਼ ਬੈਰੀਕੇਡ ਨਾਲ ਲਟਕਦੀ ਨਜ਼ਰ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਕਥਿਤ ਬੇਅਦਬੀ ਨੂੰ ਲੈ ਕੇ ਮਾਰਿਆ। ਉਨ੍ਹਾਂ ਉਸ ਦਾ ਖੱਬਾ ਗੁੱਟ ਵੱਢ ਦਿੱਤਾ। ਫਿਰ ਮੰਚ ਤੱਕ ਲਿਆ ਕੇ ਹੱਥ ਬੰਨ੍ਹ ਕੇ ਪੁਲਸ ਦੇ ਬੈਰੀਕੇਡ ਨਾਲ ਟੰਗ ਦਿੱਤਾ। ਵੀਡੀਓ ਵਿਚ ਕੁਝ ਲੋਕ ਮੌਕੇ ’ਤੇ ਵੀ ਨਜ਼ਰ ਆ ਰਹੇ ਹਨ ਤੇ ਲਖਬੀਰ ਖੂਨ ਨਾਲ ਲਥਪਥ ਹੈ। ਲੋਕ ਬੁਰੀ ਤਰ੍ਹਾਂ ਜ਼ਖਮੀ ਪਏ ਉਸ ਵਿਅਕਤੀ ਤੋਂ ਉਸਦਾ ਨਾਂਅ-ਪਤਾ ਵੀ ਪੁੱਛ ਰਹੇ ਹਨ। ਘਟਨਾ ਤੋਂ ਬਾਅਦ ਸੈਂਕੜੇ ਕਿਸਾਨ ਉਥੇ ਇਕੱਠੇ ਹੋ ਗਏ ਤੇ ਕੁੰਡਲੀ ਦੇ ਥਾਣੇਦਾਰ ਰਵੀ ਕੁਮਾਰ ਵੀ ਪੁੱਜ ਗਏ। ਪੁਲਸ ਮੁਤਾਬਕ ਲਖਬੀਰ ਇੱਕ ਦਲਿਤ ਮਜ਼ਦੂਰ ਸੀ। ਇਸਤਰ੍ਹਾਂ ਹੁਣ ਦਲਿਤਾਂ ਦੀ ਤੀਜੀ ਧਿਰ ਵੀ ਇਸ ਕਤਲ ਦੇ ਮੁੱਦੇ ਨੂੰ ਲੈ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੀ ਹੈ। ਮਜ਼ਦੂਰ ਯੂਨੀਅਨਾਂ ਵੀ ਰੋਸ ਵਖਾਵਿਆਂ ਲਈ ਮੈਦਾਨ ਵਿੱਚ ਆ ਸਕਦੀਆਂ ਹਨ। 

ਤਰਨ ਤਾਰਨ ਤੋਂ ਗੁਰਦੇਵ ਸਿੰਘ ਬਾਠ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਡੀ ਐੱਸ ਪੀ ਤਰਨ ਤਾਰਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਲਖਬੀਰ ਨਸ਼ੇ ਤੇ ਸ਼ਰਾਬ ਦਾ ਆਦੀ ਸੀ। ਇਹਨਾਂ ਆਦਤਾਂ ਕਰਕੇ ਹੀ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਉਸ ਦੀਆਂ 5, 7 ਤੇ 10 ਸਾਲ ਦੀਆਂ ਤਿੰਨ ਧੀਆਂ ਵੀ ਹਨ। 

ਪਿੰਡ ਵਾਲਿਆਂ ਮੁਤਾਬਕ ਉਹ ਸ਼ਰਾਬ ਦਾ ਵੀ ਆਦੀ ਸੀ ਅਤੇ ਹੋਰ ਨਸ਼ਿਆਂ ਦਾ ਵੀ ਪਰ ਉਸ ਨੇ ਪਿੰਡ ਵਿਚ ਕੋਈ ਮਾੜੀ ਘਟਨਾ ਨਹੀਂ ਕੀਤੀ ਸੀ। ਉਸਨੂੰ ਮੰਦਬੁੱਧੀ ਜਿਹਾ ਹੀ ਸਮਝਿਆ ਜਾਂਦਾ ਸੀ ਜਿਹੜਾ ਆਪਣੇ ਆਪ ਆਪਣੇ ਪਿੰਡੋਂ ਤਰਨਤਾਰਨ ਵੀ ਨਹੀਂ ਪੁੱਜ ਸਕਦਾ। ਆਪਣੇ ਪਿੰਡ ਜਦੋਂ ਉਹ ਨਜ਼ਰ ਆਇਆ ਤਾਂ ਉਦੋਂ ਵੀ ਉਸਦੇ ਭੈਣ ਨੇ ਗੁਆਂਢੀਆਂ ਘਰੋਂ ਉਸ ਨੂੰ ਪੰਜਾਹ ਰੁਪਏ ਲਿਆ ਕੇ ਦਿੱਤੇ। ਇਹ ਪੰਜਾਹ ਰੁਪਏ ਉਸਨੇ ਮੰਡੀ ਜਾ ਕੇ ਆੜਤੀਆਂ ਦੀ ਮਜ਼ਦੂਰੀ ਕਰਨ ਲਈ ਮੰਗੇ ਸਨ। ਇਸਤੋਂ ਬਾਅਦ ਉਹ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ ਇਹ ਇੱਕ ਡੂੰਘੇ ਭੇਦ ਵਾਲੀ ਗੱਲ ਹੈ। 

ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਜਾਂ ਮਿ੍ਰਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਸੰਯੁਕਤ ਮੋਰਚੇ ਨੇ ਕਿਹਾ ਕਿ ਨਿਹੰਗਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਨਿਹੰਗਾਂ ਮੁਤਾਬਿਕ ਸੋਧੇ ਗਏ ਵਿਅਕਤੀ ਨੇ ਦੱਸਿਆ ਸੀ ਕਿ ਬੇਅਦਬੀ ਦੇ ਮਕਸਦ ਨਾਲ 20 ਵਿਅਕਤੀਆਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਸੀ। ਇਸ ਤਰ੍ਹਾਂ ਉਸਤੋਂ ਇਲਾਵਾ 19 ਹੋਰ ਹਨ। 

ਯੋਗੇਂਦਰ ਯਾਦਵ ਨੇ ਕਿਹਾ ਕਿ ਲਖਬੀਰ ਕੁਝ ਲੋਕਾਂ ਨਾਲ ਸਿੰਘੂ ਵਿਚ ਰਹਿ ਰਿਹਾ ਸੀ। ਰਾਤੀਂ ਬੇਅਦਬੀ ਨੂੰ ਲੈ ਕੇ ਬੋਲ-ਬੁਲਾਰਾ ਹੋ ਗਿਆ। ਮਾਮਲਾ ਪੁਲਸ ਕੋਲ ਲਿਜਾਣਾ ਚਾਹੀਦਾ ਸੀ, ਉਸ ਨੂੰ ਕਤਲ ਕਰਨਾ ਪੂਰੀ ਤਰ੍ਹਾਂ ਨਿਖੇਧੀਯੋਗ ਹੈ। ਭਾਜਪਾ ਦੇ ਆਗੂ ਅਮਿਤ ਮਾਲਵੀਆ ਨੇ ਕਤਲ ਲਈ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਟਿਕੈਤ ਨੇ ਲਖੀਮਪੁਰ ਖੀਰੀ ਵਿਚ ਦੋ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਕਿਰਿਆ ਦੀ ਪ੍ਰਤੀਿਆ ਦੱਸਿਆ ਸੀ ਤੇ ਇਹ ਕਤਲ ਵੀ ਉਸੇ ਤਰ੍ਹਾਂ ਦਾ ਹੈ। ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੁਲਸ ਤੋਂ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਮਾਮਲਾ ਉਹ ਰੰਗ ਵੀ ਫੜੇਗਾ। 

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਸਿੰਘੂ ਮੋਰਚੇ ਵਿੱਚ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਮੋਰਚਾ ਨਿੰਦਾ ਕਰਦਾ ਹੈ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿਚ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।

ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਪਰਿਵਾਰ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ ਹੈ ਪਰ ਮਾਰੀਆਗਿਆ ਵਿਆ ਅਜਿਹਾ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦਾ। ਇਹ ਬੰਦਾ ਆਪਣੇ ਆਪ ਪਿੰਡ ਦੀ ਜੂਹ ਤੋਂ ਜ਼ਿਆਦਾ ਬਾਹਰ ਵੀ ਨਹੀਂ ਜਾ ਸਕਦਾ ਸਿੰਘੂ ਮੋਰਚਾ ਤਾਂ ਬਹੁਤ ਦੂਰ ਦੀ ਗੱਲ ਹੈ। ਕਛਹਿਰਾ ਇਸ ਨੇ ਸਾਰੀ ਉਮਰ ਨਹੀਂ ਪਾਇਆ। ਇਸਨੂੰ ਲੈ ਕੇ ਕੌਣ ਗਿਆ? ਕੀ ਲਾਲਚ ਦਿੱਤਾ ਜਾਂ ਕੀ ਨਸ਼ਾ ਖੁਆਇਆ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜ਼ਰੂਰ ਇਸਦੇ ਪਿੱਛੇ ਕਿਸੇ ਤੀਜੇ ਦਾ ਹੱਥ ਹੈ। ਇਸ ਵਿਚਾਰੇ ਨੂੰ ਤਾਂ ਬਲਿ ਦਾ ਬੱਕਰਾ ਬਣਾ ਦਿੱਤਾ ਗਿਆ ਹੈ। ਇਹ ਜਿਊਂਦਾ ਬਚਿਆ ਰਹਿੰਦਾ ਤਾਂ ਜਾਂਚ ਪੜਤਾਲ ਦੌਰਾਨ ਉਹਨਾਂ ਅਸਲੀ ਬੰਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਸੀ ਜਿਹਨਾਂ ਨੇ ਇਸ ਨੂੰ ਵਰਤਿਆ।   

Wednesday, November 27, 2019

ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਵੱਲੋਂ ਸਿੱਖ ਬੁੱਧੀਜੀਵੀਆਂ ਨੂੰ ਸੱਦਾ

Nov 27, 2019, 5:36 PM
ਨਿਹੰਗ ਸਿੰਘਾਂ ਦੇ ਇਤਿਹਾਸ ਨੂੰ ਖੋਜ ਕਰਕੇ ਮੁੜ ਲਿਖਣ ਦੀ ਪਹਿਲਕਦਮੀ ਕਰਨ
ਲੁਧਿਆਣਾ: 27 ਨਵੰਬਰ 2019: (ਪੰਜਾਬ ਸਕਰੀਨ ਬਿਊਰੋ)::
ਜਦੋਂ ਸਮਾਜ ਦੇ ਸਿਹਤਮੰਦ ਹਲਕਿਆਂ ਦੇ ਖਿਲਾਫ ਪੂੰਜੀਵਾਦੀ ਅਤੇ ਫਿਰਕੂ ਸੋਚ ਵਾਲਿਆਂ ਦੀ ਸ਼ਰਾਰਤਭਰੀ ਸਾਜ਼ਿਸ਼ੀ ਮੁਹਿੰਮ ਚੱਲੀ ਤਾਂ ਉਦੋਂ ਕਾਮਰੇਡਾਂ ਨੂੰ ਕਾਮਰੇੜ੍ਹ ਅਤੇ ਵਿਹਲੇ ਕਹਿਣਾ। ਇਸੇ ਤਰਾਂ ਨਿਹੰਗਾਂ ਨੂੰ ਕਮਲੇ, ਗੁੰਡੇ ਅਤੇ ਅੱਤਵਾਦੀ ਦਰਸਾਉਣਾ ਆਮ ਹੋ ਗਿਆ। ਆਮ ਸਿੱਖਾਂ ਨੂੰ ਵੀ ਸਿੱਖੜੇ ਕਹਿ ਕੇ ਬੁਲਾਇਆ ਜਾਣ ਲੱਗ ਪਿਆ। ਸਿੱਖਾਂ ਲਈ 12 ਵੱਜੇ ਗਏ ਦਾ ਜੁਮਲਾ ਆਮ ਜ਼ੁਬਾਨ ਤੇ ਆ ਗਿਆ। ਅਜਿਹੇ ਪ੍ਰਚਾਰ ਨੇ ਜਿਹਨਾਂ ਗਲਤ ਲੋਕਾਂ ਨੂੰ ਸਾਹਮਣੇ ਲਿਆਂਦਾ ਉਹ ਸਭ ਦੇ ਸਾਹਮਣੇ ਹਨ। ਕਿਸੇ ਗਲੀ ਕਿਸ ਮੋੜ ਤੇ ਕੋਈ ਸੁਰੱਖਿਆ ਨਹੀਂ। ਵਰਨਾ ਜਦੋਂ ਨਿਹੰਗਾਂ ਦਾ ਬੋਲਬਾਲਾ ਹੁੰਦਾ ਸੀ ਉਦੋਂ ਘਰਾਂ ਵਿੱਚ ਕੱਲੀਆਂ ਕਾਰੀਆਂ ਔਰਤਾਂ ਨਿਹੰਗਾਂ ਦੇ ਆਉਣ ਤੇ ਬੇਫਿਕਰ ਹੋ ਜਾਂਦੀਆਂ ਸਨ ਅਤੇ ਝੱਟ ਹੋਕਾ ਦੇਂਦੀਆਂ ਸਨ--
ਆ ਗਏ ਨਿਹੰਗ-ਬੂਹੇ ਖੋਲ ਦੋ ਨਿਸੰਗ। 
ਅੰਦਾਜ਼ਾ ਲਾਓ ਨਿਹੰਗਾਂ ਦੀ ਸਥਿਤੀ ਕਿੰਨੇ ਉੱਚੇ ਸੁੱਚੇ ਸਦਾਚਾਰਕ ਨੇਮਾਂ ਵਾਲੀ ਬਣ ਚੁੱਕੀ ਸੀ। ਪੂੰਜੀਵਾਦੀ ਪ੍ਰਚਾਰ ਨੇ ਜਦੋਂ ਹਰ ਚੀਜ਼ ਨੂੰ ਕਾਰੋਬਾਰੀ ਬਣਾ ਲਿਆ ਤਾਂ ਬਹੁਤ ਕੁਝ ਵੇਚਣਾ ਵੀ ਜ਼ਰੂਰੀ ਸੀ। ਜਿਹਨਾਂ ਲਈ ਪਹਿਲਾਂ ਅਨਾਜ ਅਤੇ ਸਬਜ਼ੀਆਂ ਮਿਲਾਵਟੀ ਬਣਾਈਆਂ। ਸਿਹਤ ਲਈ ਖਤਰੇ ਪੈਦਾ ਕੀਤੇ ਫਿਰ ਸੁਰੱਖਿਆ ਦੀਆਂ ਚੁਣੌਤੀਆਂ ਖੜੀਆਂ ਕੀਤੀਆਂ। 
ਸਮਾਜ ਵਿੱਚ ਆਈ ਇਸ ਗਿਰਾਵਟ ਭਰੀ ਅਤੇ ਸ਼ਰਾਰਤੀ ਸੋਚ ਦਾ ਗੰਭੀਰ ਨੋਟਿਸ ਲਿਆ ਹੈ ਠਾਕੁਰ ਦਲੀਪ ਹੁਰਾਂ ਨੇ। ਸਭ ਕੁਝ ਸਮਝਣ ਅਤੇ ਦੇਖਣ ਦੇ ਬਾਵਜੂਦ ਉਹਨਾਂ ਕਿਸੇ ਨੂੰ ਮੰਦਾ ਨਹੀਂ ਆਖਿਆ ਕਿਓਂਕਿ ਓਹ ਜਾਣਦੇ ਹਨ ਕਿ ਨਿਹੰਗਾਂ ਬਾਰੇ ਵੀ ਇਹ ਸਭ ਕੁਝ ਅਗਿਆਨਤਾ ਵੱਸ ਹੋ ਕੇ ਕਿਹਾ ਜਾ ਰਿਹਾ ਹੈ। ਜਿਹੜੇ ਆਖਦੇ ਹਨ ਉਹਨਾਂ ਨੂੰ ਵਿਚਲੀਆਂ ਸਾਜ਼ਿਸ਼ਾਂ ਅਤੇ ਸ਼ਰਾਰਤਾਂ ਦਾ ਕੁਝ ਵੀ ਨਹੀਂ ਪਤਾ। ਇਸ ਲਈ ਉਹਨਾਂ ਨੇ ਹੁਣ ਇਸ ਮਾਮਲੇ ਵਿੱਚ ਵੀ ਸੱਦਾ ਦਿੱਤਾ ਹੈ ਬੁਧੀਜੀਵੀਆਂ ਨੂੰ। 
ਉਹਨਾਂ ਯਾਦ ਕਰਾਇਆ ਹੈ ਕਿ ਨਿਹੰਗ ਸਿੰਘ ਸਿੱਖ ਕੌਮ ਦੀ ਅਨਮੋਲ ਪੂੰਜੀ ਅਤੇ ਵਿਰਾਸਤੀ ਯੋਧੇ ਹਨ। ਇਹਨਾਂ ਪੰਥ ਯੋਧਿਆ ਦੀ ਇਸ ਅਨਮੋਲ ਪੁੰਜੀ ਅਤੇ ਗੌਰਵਮਈ ਇਤਿਹਾਸ ਨੂੰ ਲਿਖ ਕੇ ਸਾਹਮਣੇ ਲਿਆਉਣ ਦੀ ਸਿੱਖ ਬੁੱਧੀਜੀਵੀ ਪਹਿਲਕਦਮੀ ਕਰਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆ ਨੂੰ ਗੁਰੂ ਦੀ ਲਾਡਲੀ ਫੌਜ਼ ਦੇ ਤੌਰ ਤੇ ਪ੍ਰਸਿੱਧ ਪੰਥਕ ਯੋਧਿਆ ਦੀ ਮਹਾਨ ਵਿਰਾਸਤ ਬਾਰੇ ਜਾਣੂ ਕਰਵਾਉਣਾ ਆਸਾਨ ਹੋਵੇ। ਉਪਰੋਕਤ ਵਿਚਾਰ ਨਾਮਧਾਰੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨੇ ਪੰਥ ਦੇ ਹਿੱਤ ਵਿੱਚ ਲਗਾਏ ਗਏ ਧਰਮ ਯੁੱਧ ਅਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਹਾਦਤਾਂ ਦੇਣ ਵਾਲੇ ਨਿਹੰਗ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਜੀਵਨ ਅੱਗੇ ਨਤਮਸਤਕ ਹੁੰਦੇ ਹੋਏ ਪ੍ਰਗਟ ਕੀਤੇ ਹਨ। ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਨਿਹੰਗ ਸਿੰਘ ਦੇਸ਼ ਦੀ ਖਾਤਰ ਮੁਗਲ ਰਾਜ ਸਮੇਂ ਮੁਗਲਾਂ ਨਾਲ ਲੜੇ ਅਤੇ ਅੰਗਰੇਜ਼ੀ ਸਰਕਾਰ ਸਮੇਂ ਅੰਗਰੇਜ਼ਾਂ ਨਾਲ ਲੜੇ ਸਨ। ਹਜ਼ਾਰਾਂ-ਲੱਖਾਂ ਦੇ ਹਿਸਾਬ ਨਾਲ ਨਿਹੰਗ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਕਿਸੇ ਨੇ ਵੀ ਕਿਤੇ ਨਾਮ ਨਹੀਂ ਲਿਖਿਆ। ਠਾਕੁਰ ਦਲੀਪ ਸਿੰਘ ਹੁਰਾਂ ਨੇ ਸਪਸ਼ਟ ਕੀਤਾ ਕਿ ਨਿਹੰਗ ਸਿੰਘ ਨਾ ਕਮਲੇ ਹੁੰਦੇ ਹਨ ਅਤੇ ਨਾ ਹੀ ਗੂੰਡੇ ਹੁੰਦੇ ਹਨ,  ਨਿਹੰਗ ਸਿੰਘ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਉਹ ਵਿਰਕਤ ਤਿਆਗੀ ਹੁੰਦੇ ਹਨ, ਉਹ ਸੰਸਾਰ ਦੇ ਮੋਹ-ਮਾਇਆ ਦੇ ਚੱਕਰ ਵਿੱਚ ਨਹੀਂ ਫੱਸਦੇ। ਸਾਡੇ ਵਾਗੂੰ ਵਿਵਹਾਰ ਨਹੀਂ ਕਰਦੇ, ਹਮੇਸ਼ਾ ਹੀ ਧਰਮ ਯੁੱਧ ਵਾਸਤੇ ਸਦਾ ਤਿਆਰ ਰਹਿੰਦੇ ਹਨ। ਜੇਕਰ ਸਿੱਖ ਬੁੱਧੀਜੀਵੀ ਇਤਿਹਾਸ ਦੇ ਪੰਨਿਆਂ ਵਿੱਚ ਨਿਹੰਗ ਸਿੰਘਾਂ ਦੀ ਸੂਰਬੀਰਤਾ ਦੇ ਰੰਗ ਭਰ ਦੇਵੇ ਤਾਂ ਭਵਿੱਖ ਵਿੱਚ ਵਿਸ਼ਵ ਸ਼ਕਤੀਆਂ ਦੀ ਸਿੱਖ ਕੌਮ ਦੇ ਪ੍ਰਤੀ ਰੂਚੀ ਵਧੇਗੀ। ਸਿੱਖ ਕੌਮ ਦੇ ਬੱਚਿਆਂ ਵਿੱਚ ਪੰਥ ਪ੍ਰਤੀ ਪ੍ਰੇਮ ਭਾਵ ਵੱਧਣ ਦੇ ਨਾਲ-ਨਾਲ ਸੂਰਵੀਰਤਾ ਵਿੱਚ ਵੀ ਵਾਧਾ ਹੋਵੇਗਾ। ਆਓ ਅਸੀਂ ਸਾਰੇ ਮਿਲਕੇ ਪੰਥ ਦੇ ਮਹਾਨ ਯੋਧਿਆਂ ਦੇ ਇਤਿਹਾਸ ਦਾ ਸੰਕਲਨ ਕਰਕੇ ਆਪਣੀ ਵਿਸ਼ਾਲ ਪੁੰਜੀ ਨੂੰ ਲਿਖਣ ਦੇ ਯਤਨ ਕਰੀਏ।
ਇਥੇ ਜ਼ਿਕਰਯੋਗ ਹੈ ਕਿ ਇਹ ਨਿਹੰਗ ਹੀ ਹਨ ਜਿਹੜੇ ਅਤਿ ਦੇ ਮਾੜੇ ਹਾਲਤਾਂ ਵਿੱਚ ਵੀ ਚੜਦੀਕਲਾ ਵਿਛ ਰਹਿਣਾ ਜਾਂਦੇ ਹਨ। ਰਾਸ਼ਨ ਪਾਣੀ ਮੁੱਕਿਆ ਹੋਵੇ ਤਾਂ ਲੰਗਰ ਨੂੰ ਮਸਤਾਨਾ ਆਖਣ ਦੀ ਜਾਚ ਸਿਰਫ ਨਿਹੰਗ ਸਿੰਘ ਹੀ ਜਾਂਦੇ ਹਨ। ਛੋਲਿਆਂ ਨੂੰ ਬਦਾਮ ਕਹਿਣਾ ਨਿਹੰਗਾਂ ਨੂੰ ਹੀ ਆਉਂਦਾ ਹੈ। ਨਿਹੰਗਾਂ ਦੇ ਬੋਲੇ ਘੋਰ ਨਿਰਾਸ਼ਾ ਵਿੱਚ ਵੀ ਵਿਅਕਤੀ ਨੂੰ ਡੋਲਣ ਨਹੀਂ ਦੇਂਦੇ। ਅਸਲ ਵਿੱਚ ਇਹ ਕੋਡ ਸਿਸਟਮ ਵੀ ਸੀ ਜਿਸ ਬਾਰੇ ਦੁਸ਼ਮਣ ਨੂੰ ਕੁਝ ਵੀ ਪੱਲੇ ਨਹੀਂ ਸੀ ਪੈਂਦਾ। ਬੁਖਾਰ ਨੂੰ ਆਕੜਭੰਨ ਕਹਿਣਾ, ਸੋਟੇ ਨੂੰ  ਨੂੰ ਅਕਲਦਾਨ, ਭੱਜ ਜਾਣ ਨੂੰ ਹਰਨ ਹੋ ਜਾਣਾ, ਇੱਕ ਜਾਂ ਇਕੱਲੇ ਨੂੰ ਸਵਾ ਲੱਖ ਆਖਣਾ, ਕੜ੍ਹੀ ਨੂੰ ਅੰਮ੍ਰਿਤੀ ਆਖਣਾ, ਸਾਗ ਨੂੰ ਸਬਜ਼ ਪੁਲਾਉ ਕਹਿਣਾ ਆਦਿ ਬੜੀਆਂ ਗੱਲਾਂ ਹਨ ਜਿਹੜੀਆਂ ਨਿਹੰਗਾਂ ਦੀ ਦੂਰ ਅੰਦੇਸ਼ੀ ਅਤੇ ਸੂਝਬੂਝ ਦਾ ਪਤਾ ਦੇਂਦੀਆਂ ਹਨ। 
ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਅਜਿਹੀਆਂ ਸਾਰੀਆਂ ਖੂਬੀਆਂ ਦੀ ਖੋਜ ਕਰਕੇ ਨਿਹੰਗ ਸਿੰਘਾਂ ਬਾਰੇ ਅਸਲੀ ਇਤਿਹਾਸ ਰਚਿਆ ਜਾਏ। 
  

Friday, October 24, 2014

ਬੰਦੀ-ਛੋੜ ਦਿਵਸ (ਦੀਵਾਲੀ) ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਣ

Fri, Oct 24, 2014 at 8:23 PM
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਕੀਤਾ ਗਿਆ ਸਨਮਾਣ 
ਅੰਮ੍ਰਿਤਸਰ 24 ਅਕਤੂਬਰ 2014: (ਇੰਦਰਮੋਹਣ ਸਿੰਘ 'ਅਨਜਾਣ'//SGPC//ਪੰਜਾਬ ਸਕਰੀਨ):
ਬੰਦੀ-ਛੋੜ ਦਿਵਸ (ਦੀਵਾਲੀ) ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੁਰਾਤਨ ਚੱਲੀ ਆ ਰਹੀ ਪੰਥਕ ਰਿਵਾਇਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਯੋਜਿਤ ਧਾਰਮਿਕ ਸਮਾਗਮ ਵਿੱਚ ਗੁਰੂ-ਕੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘ ਦਲਾਂ ਦੇ ਮੁਖੀਆਂ) ਨੂੰ ਸਨਮਾਨਿਤ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰ ਤੋਂ ਸਜੇ ਦੀਵਾਨ ਵਿੱਚ ਵੱਖ-ਵੱਖ ਢਾਡੀ ਜੱਥਿਆਂ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਬੰਦੀ-ਛੋੜ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਭਾਗ ਸਿੰਘ ਨੇ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ।ਉਪਰੰਤ ਬਾਬਾ ਬਲਬੀਰ ਸਿੰਘ ਮੁੱਖੀ ਸ਼੍ਰੋਮਣੀ ਬੁੱਢਾ ਦਲ ੯੬ ਕਰੋੜੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲੇ, ਬਾਬਾ ਬਿੱਧੀ ਚੰਦ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਬਾਬਾ ਮੱਖਣ ਸਿੰਘ ਬਾਬਾ ਬਕਾਲਾ, ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਬਾਬਾ ਗੱਜਣ ਸਿੰਘ, ਬਾਬਾ ਤਾਰਾ ਸਿੰਘ ਤਰਨਾ ਦਲ ਬਾਬਾ ਬੀਰ ਸਿੰਘ ਰੱਤੋਕੇ, ਬਾਬਾ ਦਰਸ਼ਨ ਸਿੰਘ ਸ੍ਰੋਮਣੀ ਪੰਥ ਅਕਾਲੀ ਦਸ਼ਮੇਸ ਤਰਨਾ ਦਲ, ਜਥੇਦਾਰ ਬਲਦੇਵ ਸਿੰਘ ਤਰਨਾ ਦਲ ਵੱਲ੍ਹਾ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਹਰਦੀਪ ਸਿੰਘ ਤੇ ਬਾਬਾ ਰਾਜਪਾਲ ਸਿੰਘ ਡੇਰਾ ਬਾਬਾ ਮਹਾਰਾਜ ਸਿੰਘ, ਬਾਬਾ ਦਵਿੰਦਰ ਸਿੰਘ ਰਾਮਗੜ੍ਹੀਆ ਮੁਖ ਸੇਵਾਦਾਰ ਨਿਹੰਗ ਸਿੰਘ ਚੱਕਰਵਰਤੀ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੂਲਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਦੁਸ਼ਾਲਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸ੍ਰ: ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ, ਸ੍ਰ: ਸਤਿੰਦਰ ਸਿੰਘ ਨਿਜੀ ਸਹਾਇਕ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ੍ਰ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਇੰਦਰਮੋਹਣ ਸਿੰਘ 'ਅਨਜਾਣ' ਸੁਪਰਵਾਈਜ਼ਰ ਪਬਲੀਸਿਟੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਨੋਟ:- ਤਸਵੀਰਾਂ ਈ-ਮੇਲ ਕੀਤੀਆਂ ਗਈਆਂ ਹਨ।
ਨੰ:੩੮੬੫/੨੪-੧੦-੧੪                                   
                                ੯੯੧੪੮-੧੩੩੧੭

ਅੰਮ੍ਰਿਤਸਰ; ਨਿਹੰਗ ਸਿੰਘਾਂ ਦਰਮਿਆਨ ਫਾਇਰਿੰਗ:ਘਟੋਘੱਟ ਪੰਜ ਜ਼ਖਮੀ

 ਪੁਲਿਸ ਨੇ ਫੁਰਤੀ ਦਿਖਾ ਕੇ ਹਮਲਾਵਰਾਂ ਨੂੰ ਕੀਤਾ ਕਾਬੂ 
ਅੰਮ੍ਰਿਤਸਰ:24 ਅਕਤੂਬਰ 2014:(ਪੰਜਾਬ ਸਕਰੀਨ ਬਿਊਰੋ):
ਜਿਸ ਸਿੱਖ ਕੌਮ ਦੇ ਵੱਡੇ ਵਡੇਰਿਆਂ ਨੇ ਆਪਣੇ ਗੁਰੂ ਦੇ ਇੱਕ ਹੁਕਮ ਉੱਤੇ ਸਾਰੀ ਦੁਨੀਆ ਛੱਡ ਕੇ ਆਪਣਾ ਸੀਸ ਕੁਰਬਾਨੀ ਲਈ ਹਾਜਰ ਕਰ ਦਿੱਤਾ ਸੀ ਓਸੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਹੁਣ ਸਿਆਸੀ ਆਗੂਆਂ ਵਾਂਗ ਚੌਧਰ ਪਿਛੇ ਇੱਕ ਦੂਜੇ ਦੇ ਸਾਹਮਣੇ ਡਟਣ ਤੋਂ ਨਹੀਂ ਝਿਜਕਦੀਆਂ। ਇਹ ਦੁੱਖਦਾਈ ਹਕੀਕਤ ਇੱਕ ਵਾਰ ਫੇਰ ਅੱਜ ਅੰਮ੍ਰਿਤਸਰ ਵਿਖੇ ਸੰਗਤਾਂ ਸਾਹਮਣੇ ਆਈ। ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੇ ਸਬੰਧ 'ਚ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਸ਼ੁੱਕਰਵਾਰ ਨੂੰ ਇਕ ਮੁਹੱਲਾ ਕੱਢਿਆ ਗਿਆ। ਇਸ ਮੁਹੱਲੇ ਵਿਚ ਘੋੜਸਵਾਰ ਨਿਹੰਗ ਸਿੰਘਾਂ 'ਚ ਇਕ ਨਿਹੰਗ ਸਿੰਘ ਜਥੇਬੰਦੀ ਦੇ ਮੈਂਬਰ ਨੂੰ ਜਦੋਂ ਉੱਤਰਾਧਿਕਾਰੀ ਅਰਥਾਤ ਨਵਾਂ ਮੁਖੀ ਐਲਾਨਿਆ ਗਿਆ ਤਾ ਇਸ ਨਵੀਂ ਨਿਯੁਕਤੀ ਨੂੰ ਲੈ ਕੇ ਇਹ ਨਿਹੰਗ ਸਿੰਘ ਆਪਸ ਵਿਚ ਭਿੜ ਗਏ ਜਿਸ ਵਿਚ ਇਕ ਦਲ ਨੇ ਦੂਸਰੇ ਦਲ 'ਤੇ ਸਿੱਧੀ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕੀਆਂ ਨੇ ਇਸਦਾ ਕਾਰਣ ਜਮੀਨ ਦਾ ਝਗੜਾ ਵੀ ਦੱਸਿਆ ਹੈ।  ਦੋਵੇਂ ਗੁੱਟ ਇਸ ਜਮੀਨ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ। ਤਕਰੀਬਨ 5000 ਦੇ ਕਰੀਬ ਲੋਕਾਂ ਨਾਲ ਭਰੇ ਹੋਏ ਇਸ  ਖੁਲ੍ਹੇ ਮੈਦਾਨ ਵਿਚ ਅਚਾਨਕ ਹੋਈ ਫਾਈਰਿੰਗ ਨਾਲ ਅਫਰਾ-ਤਫਰੀ ਮਚ ਗਈ ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਆ ਕੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਉਸ ਸਮੇਂ ਮਾਹੌਲ ਇਨਾ ਗਰਮਾ ਗਿਆ ਕਿ ਹਰ ਕੋਈ ਆਪਣਾ ਬਚਾਅ ਲਈ ਇਧਰ ਉਧਰ ਭੱਜਣ ਲੱਗਾ। ਇਸ ਤਰਾਂ ਗੁਰਪੂਰਬ ਦਾ ਸਾਰਾ ਉਤਸ਼ਾਹ ਇੱਕ ਦਹਿਸ਼ਤ ਵਾਲੇ ਮਾਹੌਲ ਵਿੱਚ ਬਦਲ ਗਿਆ। 
ਇਸ ਬਾਰ ਮਿਲੀਆਂ ਮੁਢਲੀਆਂ ਰਿਪੋਰਟਾਂ ਵਿੱਚ ਦੱਸਿਆ ਦੱਸਿਆ ਗਿਆ ਹੈ ਕਿ ਨਿਹੰਗ ਸਿੰਘਾਂ ਵਲੋਂ ਆਪਸੀ ਗੋਲੀਬਾਰੀ ਵਿਚ ਘਟੋਘੱਟ 5 ਨਿਹੰਗ ਸਿੰਘ ਜ਼ਖਮੀ ਹੋਏ ਹਨ। ਇੱਕ ਬੱਚੇ ਦੇ ਜਖਮੀ ਹੋਣ ਦਾ ਵੀ ਪਤਾ ਲੱਗਿਆ ਹੈ। ਇਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਰਅਸਲ ਇਹ ਨਗਰ ਕੀਰਤਨ ਹਰ ਸਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਕ ਦਿਨ ਬਾਅਦ ਕੱਢਿਆ ਜਾਂਦਾ ਹੈ ਜਿਸ ਵਿਚ ਪੂਰੇ ਦੇਸ਼ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਆ ਕੇ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ ਅਤੇ ਘੋੜ ਸਵਾਰੀ ਦੇ ਕਰਤਬ ਵੀ ਹੁੰਦੇ ਹਨ। ਇਸ ਮੌਕੇ ਜਦੋਂ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅੱਗੇ ਆਈ ਤਾਂ ਦੋਸ਼ੀ ਪੁਲਸ ਦੀਆਂ ਅੱਖਾਂ 'ਚ ਧੂੜ ਪਾ ਕੇ ਫਰਾਰ ਹੋ ਗਏ, ਜਿਸ ਤੋਂ ਪੁਲਸ ਨੇ ਚੁਸਤੀ ਦਿਖਾਉਂਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਗੁਰੂ ਨੇ ਆਪਣਾ ਸਰਬੰਸ ਕੌਮ ਅਤੇ ਮਨੁੱਖਤਾ ਦੇ ਭਲੇ ਲੈ ਵਾਰ ਦਿੱਤਾ, ਆਪਣੇ ਆਪ ਨੂੰ ਉਸ ਗੁਰੂ ਦੀਆਂ ਲਾਡਲੀਆਂ ਫੌਜਾਂ ਆਖਣ ਵਾਲੇ ਨਿਹੰਗ ਸਿੰਘ ਗੁਰਪੂਰਬ ਮੌਕੇ ਅਜਿਹਾ ਕਰਨਗੇ ਇਹ ਸ਼ਾਇਦ ਕਿਸੇ ਨਹੀਂ ਸੋਚਿਆ ਹੋਣਾ। ਹੁਣ ਦੇਖਣਾ ਇਹ ਹੈ ਕਿ ਗੁਰਪੂਰਬਾਂ ਮੌਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੀ ਰੋਕਥਾਮ ਲਈ ਸਿੰਘ ਸਾਹਿਬਾਨ ਕੀ ਕਦਮ ਚੁੱਕਦੇ ਹਨ ਅਤੇ ਸ਼੍ਰੋਮਣੀ ਕਮੇਟੀ ਕੀ ਐਕਸ਼ਨ ਲੈਂਦੀ ਹੈ?