Nov 27, 2019, 5:36 PM
ਨਿਹੰਗ ਸਿੰਘਾਂ ਦੇ ਇਤਿਹਾਸ ਨੂੰ ਖੋਜ ਕਰਕੇ ਮੁੜ ਲਿਖਣ ਦੀ ਪਹਿਲਕਦਮੀ ਕਰਨ
ਲੁਧਿਆਣਾ: 27 ਨਵੰਬਰ 2019: (ਪੰਜਾਬ ਸਕਰੀਨ ਬਿਊਰੋ)::
ਜਦੋਂ ਸਮਾਜ ਦੇ ਸਿਹਤਮੰਦ ਹਲਕਿਆਂ ਦੇ ਖਿਲਾਫ ਪੂੰਜੀਵਾਦੀ ਅਤੇ ਫਿਰਕੂ ਸੋਚ ਵਾਲਿਆਂ ਦੀ ਸ਼ਰਾਰਤਭਰੀ ਸਾਜ਼ਿਸ਼ੀ ਮੁਹਿੰਮ ਚੱਲੀ ਤਾਂ ਉਦੋਂ ਕਾਮਰੇਡਾਂ ਨੂੰ ਕਾਮਰੇੜ੍ਹ ਅਤੇ ਵਿਹਲੇ ਕਹਿਣਾ। ਇਸੇ ਤਰਾਂ ਨਿਹੰਗਾਂ ਨੂੰ ਕਮਲੇ, ਗੁੰਡੇ ਅਤੇ ਅੱਤਵਾਦੀ ਦਰਸਾਉਣਾ ਆਮ ਹੋ ਗਿਆ। ਆਮ ਸਿੱਖਾਂ ਨੂੰ ਵੀ ਸਿੱਖੜੇ ਕਹਿ ਕੇ ਬੁਲਾਇਆ ਜਾਣ ਲੱਗ ਪਿਆ। ਸਿੱਖਾਂ ਲਈ 12 ਵੱਜੇ ਗਏ ਦਾ ਜੁਮਲਾ ਆਮ ਜ਼ੁਬਾਨ ਤੇ ਆ ਗਿਆ। ਅਜਿਹੇ ਪ੍ਰਚਾਰ ਨੇ ਜਿਹਨਾਂ ਗਲਤ ਲੋਕਾਂ ਨੂੰ ਸਾਹਮਣੇ ਲਿਆਂਦਾ ਉਹ ਸਭ ਦੇ ਸਾਹਮਣੇ ਹਨ। ਕਿਸੇ ਗਲੀ ਕਿਸ ਮੋੜ ਤੇ ਕੋਈ ਸੁਰੱਖਿਆ ਨਹੀਂ। ਵਰਨਾ ਜਦੋਂ ਨਿਹੰਗਾਂ ਦਾ ਬੋਲਬਾਲਾ ਹੁੰਦਾ ਸੀ ਉਦੋਂ ਘਰਾਂ ਵਿੱਚ ਕੱਲੀਆਂ ਕਾਰੀਆਂ ਔਰਤਾਂ ਨਿਹੰਗਾਂ ਦੇ ਆਉਣ ਤੇ ਬੇਫਿਕਰ ਹੋ ਜਾਂਦੀਆਂ ਸਨ ਅਤੇ ਝੱਟ ਹੋਕਾ ਦੇਂਦੀਆਂ ਸਨ--
ਆ ਗਏ ਨਿਹੰਗ-ਬੂਹੇ ਖੋਲ ਦੋ ਨਿਸੰਗ।
ਅੰਦਾਜ਼ਾ ਲਾਓ ਨਿਹੰਗਾਂ ਦੀ ਸਥਿਤੀ ਕਿੰਨੇ ਉੱਚੇ ਸੁੱਚੇ ਸਦਾਚਾਰਕ ਨੇਮਾਂ ਵਾਲੀ ਬਣ ਚੁੱਕੀ ਸੀ। ਪੂੰਜੀਵਾਦੀ ਪ੍ਰਚਾਰ ਨੇ ਜਦੋਂ ਹਰ ਚੀਜ਼ ਨੂੰ ਕਾਰੋਬਾਰੀ ਬਣਾ ਲਿਆ ਤਾਂ ਬਹੁਤ ਕੁਝ ਵੇਚਣਾ ਵੀ ਜ਼ਰੂਰੀ ਸੀ। ਜਿਹਨਾਂ ਲਈ ਪਹਿਲਾਂ ਅਨਾਜ ਅਤੇ ਸਬਜ਼ੀਆਂ ਮਿਲਾਵਟੀ ਬਣਾਈਆਂ। ਸਿਹਤ ਲਈ ਖਤਰੇ ਪੈਦਾ ਕੀਤੇ ਫਿਰ ਸੁਰੱਖਿਆ ਦੀਆਂ ਚੁਣੌਤੀਆਂ ਖੜੀਆਂ ਕੀਤੀਆਂ।
ਸਮਾਜ ਵਿੱਚ ਆਈ ਇਸ ਗਿਰਾਵਟ ਭਰੀ ਅਤੇ ਸ਼ਰਾਰਤੀ ਸੋਚ ਦਾ ਗੰਭੀਰ ਨੋਟਿਸ ਲਿਆ ਹੈ ਠਾਕੁਰ ਦਲੀਪ ਹੁਰਾਂ ਨੇ। ਸਭ ਕੁਝ ਸਮਝਣ ਅਤੇ ਦੇਖਣ ਦੇ ਬਾਵਜੂਦ ਉਹਨਾਂ ਕਿਸੇ ਨੂੰ ਮੰਦਾ ਨਹੀਂ ਆਖਿਆ ਕਿਓਂਕਿ ਓਹ ਜਾਣਦੇ ਹਨ ਕਿ ਨਿਹੰਗਾਂ ਬਾਰੇ ਵੀ ਇਹ ਸਭ ਕੁਝ ਅਗਿਆਨਤਾ ਵੱਸ ਹੋ ਕੇ ਕਿਹਾ ਜਾ ਰਿਹਾ ਹੈ। ਜਿਹੜੇ ਆਖਦੇ ਹਨ ਉਹਨਾਂ ਨੂੰ ਵਿਚਲੀਆਂ ਸਾਜ਼ਿਸ਼ਾਂ ਅਤੇ ਸ਼ਰਾਰਤਾਂ ਦਾ ਕੁਝ ਵੀ ਨਹੀਂ ਪਤਾ। ਇਸ ਲਈ ਉਹਨਾਂ ਨੇ ਹੁਣ ਇਸ ਮਾਮਲੇ ਵਿੱਚ ਵੀ ਸੱਦਾ ਦਿੱਤਾ ਹੈ ਬੁਧੀਜੀਵੀਆਂ ਨੂੰ।
ਉਹਨਾਂ ਯਾਦ ਕਰਾਇਆ ਹੈ ਕਿ ਨਿਹੰਗ ਸਿੰਘ ਸਿੱਖ ਕੌਮ ਦੀ ਅਨਮੋਲ ਪੂੰਜੀ ਅਤੇ ਵਿਰਾਸਤੀ ਯੋਧੇ ਹਨ। ਇਹਨਾਂ ਪੰਥ ਯੋਧਿਆ ਦੀ ਇਸ ਅਨਮੋਲ ਪੁੰਜੀ ਅਤੇ ਗੌਰਵਮਈ ਇਤਿਹਾਸ ਨੂੰ ਲਿਖ ਕੇ ਸਾਹਮਣੇ ਲਿਆਉਣ ਦੀ ਸਿੱਖ ਬੁੱਧੀਜੀਵੀ ਪਹਿਲਕਦਮੀ ਕਰਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆ ਨੂੰ ਗੁਰੂ ਦੀ ਲਾਡਲੀ ਫੌਜ਼ ਦੇ ਤੌਰ ਤੇ ਪ੍ਰਸਿੱਧ ਪੰਥਕ ਯੋਧਿਆ ਦੀ ਮਹਾਨ ਵਿਰਾਸਤ ਬਾਰੇ ਜਾਣੂ ਕਰਵਾਉਣਾ ਆਸਾਨ ਹੋਵੇ। ਉਪਰੋਕਤ ਵਿਚਾਰ ਨਾਮਧਾਰੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨੇ ਪੰਥ ਦੇ ਹਿੱਤ ਵਿੱਚ ਲਗਾਏ ਗਏ ਧਰਮ ਯੁੱਧ ਅਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਹਾਦਤਾਂ ਦੇਣ ਵਾਲੇ ਨਿਹੰਗ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਜੀਵਨ ਅੱਗੇ ਨਤਮਸਤਕ ਹੁੰਦੇ ਹੋਏ ਪ੍ਰਗਟ ਕੀਤੇ ਹਨ। ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਨਿਹੰਗ ਸਿੰਘ ਦੇਸ਼ ਦੀ ਖਾਤਰ ਮੁਗਲ ਰਾਜ ਸਮੇਂ ਮੁਗਲਾਂ ਨਾਲ ਲੜੇ ਅਤੇ ਅੰਗਰੇਜ਼ੀ ਸਰਕਾਰ ਸਮੇਂ ਅੰਗਰੇਜ਼ਾਂ ਨਾਲ ਲੜੇ ਸਨ। ਹਜ਼ਾਰਾਂ-ਲੱਖਾਂ ਦੇ ਹਿਸਾਬ ਨਾਲ ਨਿਹੰਗ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਕਿਸੇ ਨੇ ਵੀ ਕਿਤੇ ਨਾਮ ਨਹੀਂ ਲਿਖਿਆ। ਠਾਕੁਰ ਦਲੀਪ ਸਿੰਘ ਹੁਰਾਂ ਨੇ ਸਪਸ਼ਟ ਕੀਤਾ ਕਿ ਨਿਹੰਗ ਸਿੰਘ ਨਾ ਕਮਲੇ ਹੁੰਦੇ ਹਨ ਅਤੇ ਨਾ ਹੀ ਗੂੰਡੇ ਹੁੰਦੇ ਹਨ, ਨਿਹੰਗ ਸਿੰਘ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਉਹ ਵਿਰਕਤ ਤਿਆਗੀ ਹੁੰਦੇ ਹਨ, ਉਹ ਸੰਸਾਰ ਦੇ ਮੋਹ-ਮਾਇਆ ਦੇ ਚੱਕਰ ਵਿੱਚ ਨਹੀਂ ਫੱਸਦੇ। ਸਾਡੇ ਵਾਗੂੰ ਵਿਵਹਾਰ ਨਹੀਂ ਕਰਦੇ, ਹਮੇਸ਼ਾ ਹੀ ਧਰਮ ਯੁੱਧ ਵਾਸਤੇ ਸਦਾ ਤਿਆਰ ਰਹਿੰਦੇ ਹਨ। ਜੇਕਰ ਸਿੱਖ ਬੁੱਧੀਜੀਵੀ ਇਤਿਹਾਸ ਦੇ ਪੰਨਿਆਂ ਵਿੱਚ ਨਿਹੰਗ ਸਿੰਘਾਂ ਦੀ ਸੂਰਬੀਰਤਾ ਦੇ ਰੰਗ ਭਰ ਦੇਵੇ ਤਾਂ ਭਵਿੱਖ ਵਿੱਚ ਵਿਸ਼ਵ ਸ਼ਕਤੀਆਂ ਦੀ ਸਿੱਖ ਕੌਮ ਦੇ ਪ੍ਰਤੀ ਰੂਚੀ ਵਧੇਗੀ। ਸਿੱਖ ਕੌਮ ਦੇ ਬੱਚਿਆਂ ਵਿੱਚ ਪੰਥ ਪ੍ਰਤੀ ਪ੍ਰੇਮ ਭਾਵ ਵੱਧਣ ਦੇ ਨਾਲ-ਨਾਲ ਸੂਰਵੀਰਤਾ ਵਿੱਚ ਵੀ ਵਾਧਾ ਹੋਵੇਗਾ। ਆਓ ਅਸੀਂ ਸਾਰੇ ਮਿਲਕੇ ਪੰਥ ਦੇ ਮਹਾਨ ਯੋਧਿਆਂ ਦੇ ਇਤਿਹਾਸ ਦਾ ਸੰਕਲਨ ਕਰਕੇ ਆਪਣੀ ਵਿਸ਼ਾਲ ਪੁੰਜੀ ਨੂੰ ਲਿਖਣ ਦੇ ਯਤਨ ਕਰੀਏ।
ਇਥੇ ਜ਼ਿਕਰਯੋਗ ਹੈ ਕਿ ਇਹ ਨਿਹੰਗ ਹੀ ਹਨ ਜਿਹੜੇ ਅਤਿ ਦੇ ਮਾੜੇ ਹਾਲਤਾਂ ਵਿੱਚ ਵੀ ਚੜਦੀਕਲਾ ਵਿਛ ਰਹਿਣਾ ਜਾਂਦੇ ਹਨ। ਰਾਸ਼ਨ ਪਾਣੀ ਮੁੱਕਿਆ ਹੋਵੇ ਤਾਂ ਲੰਗਰ ਨੂੰ ਮਸਤਾਨਾ ਆਖਣ ਦੀ ਜਾਚ ਸਿਰਫ ਨਿਹੰਗ ਸਿੰਘ ਹੀ ਜਾਂਦੇ ਹਨ। ਛੋਲਿਆਂ ਨੂੰ ਬਦਾਮ ਕਹਿਣਾ ਨਿਹੰਗਾਂ ਨੂੰ ਹੀ ਆਉਂਦਾ ਹੈ। ਨਿਹੰਗਾਂ ਦੇ ਬੋਲੇ ਘੋਰ ਨਿਰਾਸ਼ਾ ਵਿੱਚ ਵੀ ਵਿਅਕਤੀ ਨੂੰ ਡੋਲਣ ਨਹੀਂ ਦੇਂਦੇ। ਅਸਲ ਵਿੱਚ ਇਹ ਕੋਡ ਸਿਸਟਮ ਵੀ ਸੀ ਜਿਸ ਬਾਰੇ ਦੁਸ਼ਮਣ ਨੂੰ ਕੁਝ ਵੀ ਪੱਲੇ ਨਹੀਂ ਸੀ ਪੈਂਦਾ। ਬੁਖਾਰ ਨੂੰ ਆਕੜਭੰਨ ਕਹਿਣਾ, ਸੋਟੇ ਨੂੰ ਨੂੰ ਅਕਲਦਾਨ, ਭੱਜ ਜਾਣ ਨੂੰ ਹਰਨ ਹੋ ਜਾਣਾ, ਇੱਕ ਜਾਂ ਇਕੱਲੇ ਨੂੰ ਸਵਾ ਲੱਖ ਆਖਣਾ, ਕੜ੍ਹੀ ਨੂੰ ਅੰਮ੍ਰਿਤੀ ਆਖਣਾ, ਸਾਗ ਨੂੰ ਸਬਜ਼ ਪੁਲਾਉ ਕਹਿਣਾ ਆਦਿ ਬੜੀਆਂ ਗੱਲਾਂ ਹਨ ਜਿਹੜੀਆਂ ਨਿਹੰਗਾਂ ਦੀ ਦੂਰ ਅੰਦੇਸ਼ੀ ਅਤੇ ਸੂਝਬੂਝ ਦਾ ਪਤਾ ਦੇਂਦੀਆਂ ਹਨ।
ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਹੈ ਅਜਿਹੀਆਂ ਸਾਰੀਆਂ ਖੂਬੀਆਂ ਦੀ ਖੋਜ ਕਰਕੇ ਨਿਹੰਗ ਸਿੰਘਾਂ ਬਾਰੇ ਅਸਲੀ ਇਤਿਹਾਸ ਰਚਿਆ ਜਾਏ।
No comments:
Post a Comment