Showing posts with label Singh Sahib. Show all posts
Showing posts with label Singh Sahib. Show all posts

Tuesday, May 23, 2017

ਲੁਧਿਆਣਾ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦਾ ਗੰਭੀਰ ਨੋਟਿਸ

Tue, May 23, 2017 at 6:38 PM
ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਕਾਰ ਨੂੰ ਤਾੜਨਾ  
ਅੰਮ੍ਰਿਤਸਰ: 23 ਮਈ 2017: (ਪੰਜਾਬ ਸਕਰੀਨ ਬਿਊਰੋ)::
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਮਿਤੀ 23-5-2017 ਨੂੰ ਕਿਹਾ ਕਿ ਜੋ ਲੁਧਿਆਣਾ ਵਿਖੇ ਮਠਿਆਈ ਵਾਲੀ ਦੁਕਾਨ ਤੇ ਕੰਮ ਕਰਦੇ ਲੜਕੇ ਦੇ ਕੇਸ ਕਤਲ ਕਰ ਦਿੱਤੇ ਗਏ ਹਨ, ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਓਨੀ ਹੀ ਥੋੜੀ ਹੈ। ਪੰਜਾਬ ਵਿਚ ਰਹਿੰਦਿਆਂ ਜੇ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਣਗੀਆਂ ਤਾਂ ਅਜਿਹੀਆਂ ਘਟਨਾਵਾਂ ਸਬੰਧੀ ਸਿੱਖ ਆਪਣੇ ਫੈਸਲੇ ਆਪ ਲੈਣ ਲਈ ਮਜਬੂਰ ਹੋਣਗੇ।  
ਸਿੰਘ ਸਾਹਿਬ ਜੀ ਨੇ ਕਿਹਾ ਕਿ ਦਿਨ-ਬ-ਦਿਨ ਹੋ ਰਹੀਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਹੁਣ ਸਿੱਖਾਂ ਦੇ ਕੇਸ ਕਤਲ ਕਰਨ ਦੀਆਂ ਘਟਨਾਵਾਂ ਸਿੱਖ ਪੰਥ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਸਮੂੰਹ ਸਿੱਖ ਪੰਥ ਨੂੰ ਇਕਜੁੱਟ ਹੋਣ ਲਈ ਕਿਹਾ। ਜਿਸ ਨਾਲ ਸਿੱਖ ਆਪਣੀ ਸ਼ਕਤੀ ਨੂੰ ਇਕੱਠਿਆਂ ਇਸਤੇਮਾਲ ਕਰਨ। 
ਸਿੰਘ ਸਾਹਿਬ ਜੀ ਨੇ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਅਤੇ ਦੋਸ਼ੀਆਂ ਉਪਰ ਸਖ਼ਤ ਕਾਰਵਾਈ ਕਰਦਿਆਂ ਸਜਾਵਾਂ ਦਿੱਤੀਆਂ ਜਾਣ।
  

Friday, October 24, 2014

ਬੰਦੀ-ਛੋੜ ਦਿਵਸ (ਦੀਵਾਲੀ) ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਣ

Fri, Oct 24, 2014 at 8:23 PM
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਕੀਤਾ ਗਿਆ ਸਨਮਾਣ 
ਅੰਮ੍ਰਿਤਸਰ 24 ਅਕਤੂਬਰ 2014: (ਇੰਦਰਮੋਹਣ ਸਿੰਘ 'ਅਨਜਾਣ'//SGPC//ਪੰਜਾਬ ਸਕਰੀਨ):
ਬੰਦੀ-ਛੋੜ ਦਿਵਸ (ਦੀਵਾਲੀ) ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੁਰਾਤਨ ਚੱਲੀ ਆ ਰਹੀ ਪੰਥਕ ਰਿਵਾਇਤ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਯੋਜਿਤ ਧਾਰਮਿਕ ਸਮਾਗਮ ਵਿੱਚ ਗੁਰੂ-ਕੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘ ਦਲਾਂ ਦੇ ਮੁਖੀਆਂ) ਨੂੰ ਸਨਮਾਨਿਤ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰ ਤੋਂ ਸਜੇ ਦੀਵਾਨ ਵਿੱਚ ਵੱਖ-ਵੱਖ ਢਾਡੀ ਜੱਥਿਆਂ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਬੰਦੀ-ਛੋੜ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਭਾਗ ਸਿੰਘ ਨੇ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਲਿਆ।ਉਪਰੰਤ ਬਾਬਾ ਬਲਬੀਰ ਸਿੰਘ ਮੁੱਖੀ ਸ਼੍ਰੋਮਣੀ ਬੁੱਢਾ ਦਲ ੯੬ ਕਰੋੜੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲੇ, ਬਾਬਾ ਬਿੱਧੀ ਚੰਦ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਬਾਬਾ ਮੱਖਣ ਸਿੰਘ ਬਾਬਾ ਬਕਾਲਾ, ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਬਾਬਾ ਗੱਜਣ ਸਿੰਘ, ਬਾਬਾ ਤਾਰਾ ਸਿੰਘ ਤਰਨਾ ਦਲ ਬਾਬਾ ਬੀਰ ਸਿੰਘ ਰੱਤੋਕੇ, ਬਾਬਾ ਦਰਸ਼ਨ ਸਿੰਘ ਸ੍ਰੋਮਣੀ ਪੰਥ ਅਕਾਲੀ ਦਸ਼ਮੇਸ ਤਰਨਾ ਦਲ, ਜਥੇਦਾਰ ਬਲਦੇਵ ਸਿੰਘ ਤਰਨਾ ਦਲ ਵੱਲ੍ਹਾ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਹਰਦੀਪ ਸਿੰਘ ਤੇ ਬਾਬਾ ਰਾਜਪਾਲ ਸਿੰਘ ਡੇਰਾ ਬਾਬਾ ਮਹਾਰਾਜ ਸਿੰਘ, ਬਾਬਾ ਦਵਿੰਦਰ ਸਿੰਘ ਰਾਮਗੜ੍ਹੀਆ ਮੁਖ ਸੇਵਾਦਾਰ ਨਿਹੰਗ ਸਿੰਘ ਚੱਕਰਵਰਤੀ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਹਰਭਜਨ ਸਿੰਘ ਬੁਰਜ ਅਕਾਲੀ ਫੂਲਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਦੁਸ਼ਾਲਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸ੍ਰ: ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਐਡੀ: ਸਕੱਤਰ, ਸ੍ਰ: ਸਤਿੰਦਰ ਸਿੰਘ ਨਿਜੀ ਸਹਾਇਕ, ਸ.ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸ੍ਰ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਇੰਦਰਮੋਹਣ ਸਿੰਘ 'ਅਨਜਾਣ' ਸੁਪਰਵਾਈਜ਼ਰ ਪਬਲੀਸਿਟੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਨੋਟ:- ਤਸਵੀਰਾਂ ਈ-ਮੇਲ ਕੀਤੀਆਂ ਗਈਆਂ ਹਨ।
ਨੰ:੩੮੬੫/੨੪-੧੦-੧੪                                   
                                ੯੯੧੪੮-੧੩੩੧੭

Friday, July 25, 2014

ਵੱਖਰੀ ਕਮੇਟੀ ਦੀ ਗੱਲ ਦਰਅਸਲ ਅਸਿੱਧੇ ਰੂਪ ਵਿਚ ਸਿੱਖ ਪੰਥ ਉਪਰ ਸਿੱਧਾ ਹਮਲਾ

Fri, Jul 25, 2014 at 6:45 PM
ਸਮੁੱਚਾ ਸਿੱਖ ਪੰਥ ਇੱਕਮੁੱਠ ਹੋ ਕੇ ਏਕਤਾ ਦਾ ਸਬੂਤ ਦੇਵੇ--ਸਿੰਘ ਸਾਹਿਬ
ਅੰਮ੍ਰਿਤਸਰ: 25 ਜੁਲਾਈ 2014: (ਜਸਵਿੰਦਰ ਪਾਲ ਸਿੰਘ//ਪੰਜਾਬ ਸਕਰੀਨ ਬਿਊਰੋ):
ਅੱਜ ਮਿਤੀ 25-7-14 ਨੂੰ ਸਿੰਘ ਸਾਹਿਬ ਜੀ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਗਿਆ ਕਿ ‘ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ, ਦੇ ਸੰਕਲਪ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹੋਈ ਸੀ। ਸਾਰੀ ਮਾਨਸ ਜਾਤ ਨੂੰ ਕਰਤਾ-ਪੁਰਖ ਨਾਲ ਜੋੜਨ ਲਈ ਅਕਾਲੀ ਪੰਥ ਦਾ ਆਗਾਜ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ।
‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ’
ਇਸ ਮਕਸਦ ਲਈ ਗੁਰੂ ਸਾਹਿਬ ਨੇ ਗੁਰੂ-ਦੁਆਰ ਸਥਾਪਿਤ ਕੀਤੇ। ਗੁਰਦੁਆਰਾ ਸਥਾਪਿਤ ਹੋਣ ਦੇ ਨਾਲ ਹੀ ਪੰਥਕ ਸ਼ਕਤੀ ਦਾ ਪ੍ਰਗਟਾਅ ਹੋਇਆ। ਗੁਰਦੁਆਰਾ ਸਥਾਪਿਤ ਹੋਣ ਦੇ ਨਾਲ ਹੀ ਗੁਰੂ ਚਰਨਾਂ ਦੇ ਭਉਰੇ ਸੰਗਤ ਰੂਪ ਵਿਚ ਇਕੱਤਰ ਹੋਣੇ ਸ਼ੁਰੂ ਹੋਏ। ਅੰਗਰੇਜ਼ ਰਾਜ ਕਾਲ ਦੇ ਦੌਰਾਨ ਬਣੇ ਗੁਰਦੁਆਰਾ ਐਕਟ ਦੇ ਹੋਂਦ ਵਿਚ ਆਉਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਪ੍ਰਬੰਧ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਤੋਬਾ ਕੀਤੀ। ਹੁਣ ਵੀ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਜ਼ੂਦ ਨੂੰ ਭੰਨਣ-ਤੋੜਨ ਦੇ ਯਤਨ ਜਾਰੀ ਹਨ, ਜੋ ਗੁਰੂ-ਪੰਥ ਲਈ ਅਸਹਿ ਹਨ।
ਨਹਿਰੂ ਤਾਰਾ ਸਿੰਘ ਪੈਕਟ ਦੇ ਰੂਪ ਵਿਚ ਮੰਨਿਆ ਗਿਆ ਸੀ ਕਿ ਭਾਰਤ ਸਰਕਾਰ ਅੱਗੇ ਤੋਂ ਗੁਰਦੁਆਰਿਆਂ ਵਿਚ ਦਖ਼ਲ ਨਹੀਂ ਦੇਵੇਗੀ ਅਤੇ ਗੁਰਦੁਆਰਾ ਐਕਟ ਵਿਚ ਕੋਈ ਤਰਮੀਨ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ ਪ੍ਰਵਾਨ ਨਹੀਂ ਕਰੇਗੀ। ਇਹ ਬਹੁਤ ਵੱਡੀਆਂ ਘਾਲਨਾਵਾਂ ਅਤੇ ਕੁਰਬਾਨੀਆਂ, ਜਾਇਦਾਦਾਂ ਕੁਰਕ ਕਰਵਾਉਣ ਉਪਰੰਤ ਹੋਂਦ ਵਿਚ ਆਈ ਪੰਥਕ ਜਮਾਤ ਨੂੰ ਢਾਅ ਲਾਉਣੀ ਕਿਸੇ ਤਰਾਂ ਵੀ ਸਿੱਖ ਕੌਮ ਦੇ ਹਿੱਤ ਵਿਚ ਨਹੀਂ ਹੈ। ਅੱਜ ਵੀ ਸਮਾਂ ਹੈ ਕਿ ਇਸ ਭਰਾ-ਮਾਰੂ ਜੰਗ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਸ ਪੰਥਕ ਜਮਾਤ ਨੂੰ ਸ਼ਕਤੀਸ਼ਾਲੀ ਬਣਾਈ ਰੱਖਣ ਲਈ ਸਮੁੱਚਾ ਸਿੱਖ ਪੰਥ ਇੱਕਮੁੱਠ ਹੋ ਕੇ ਏਕਤਾ ਦਾ ਸਬੂਤ ਦੇਵੇ। ਹਰਿਆਣੇ ਦੀ ਵੱਖਰੀ ਕਮੇਟੀ ਦੀ ਗੱਲ ਦਰਅਸਲ ਅਸਿੱਧੇ ਰੂਪ ਵਿਚ ਸਿੱਖ ਪੰਥ ਉਪਰ ਸਿੱਧਾ ਹਮਲਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਬਾਕੀ ਸਿੰਘ ਸਾਹਿਬਾਨ ਨਾਲ ਵਿਚਾਰ ਕਰਕੇ ਪੰਥ ਵਿਚ ਪੈ ਰਹੀਆਂ ਵੰਡੀਆਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਸਕਦਾ ਹੈ। 

Thursday, January 02, 2014

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਤੁਰਕੀ ਦੇ ਵਫਦ ਦਾ ਸਨਮਾਨ

Thu, Jan 2, 2014 at 5:10 PM
ਤੁਰਕੀ ਦੇ ਵਫਦ ਨੇ ਦਿੱਤਾ ਸਿੰਘ ਸਾਹਿਬ ਨੂੰ ਮੁੜ ਤੁਰਕੀ ਆਉਣ ਦਾ ਸੱਦਾ 
ਅੰਮ੍ਰਿਤਸਰ: 02 ਜਨਵਰੀ 2014: (ਕਿੰਗ//ਅਰਵਿੰਦਰ ਸਿੰਘ 'ਸਾਸਨ'//ਪੰਜਾਬ ਸਕਰੀਨ):
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਜੂਕੇਸ਼ਨ ਇਨਵਾਇਰਮੈਂਟ ਟਰੱਸਟ ਤੁਰਕੀ ਦਾ ਵਫਦ ਨਤਮਸਤਕ ਹੋਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਟਰੱਸਟ ਵਿੱਚ ਉਚੇਚੇ ਤੌਰ 'ਤੇ ਪ੍ਰਧਾਨ ਫਰਹਾਨ ਜਾਹਿਦ ਤੇ ਬੀਲਾਨ ਐਚੀਗੋਜ਼, ਵਾਇਸ ਪ੍ਰਧਾਨ ਸਾਬਾਨ ਕੁਚਜ ਜੋਰੋਗਲੋ ਅਤੇ ਸੈਕਟਰੀ ਅਮੀਰ ਅਲੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਤੁਰਕੀ ਤੋਂ ਆਇਆ ਇਹ ਵਫ਼ਦ ਛੋਟੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਮਹਾਨ ਕਾਰਜ ਕਰ ਰਿਹਾ ਹੈ ਅਤੇ ਇਹਨਾਂ ਦੇ ਸੱਦੇ 'ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੁਰਕੀ ਗਏ ਸਨ ਜਿਥੇ ਉਨ੍ਹਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਗਿਆਨ ਵੰਡਿਆ। ਇਸ ਤੋਂ ਪ੍ਰਭਾਵਿਤ ਹੋ ਕੇ ਇਹ ਵਫਦ ਮੁੜ ਤੋਂ ਸਿੰਘ ਸਾਹਿਬ ਨੂੰ ਤੁਰਕੀ ਆਉਣ ਦਾ ਸੱਦਾ ਦੇਣ ਲਈ ਇਥੇ ਪੁੱਜਿਆ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸਮਾਂ ਮਿਲਣ 'ਤੇ ਉਹ ਤੁਰਕੀ ਜ਼ਰੂਰ ਆਉਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤੁਰਕੀ ਦੇ ਵਫਦ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ.ਭੁਪਿੰਦਰ ਸਿੰਘ ਇੰਚਾਰਜ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਮੌਜੂਦ ਸਨ।

Thursday, July 18, 2013

ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਇੱਕ ਵਾਰ ਫੇਰ ਸੋਧ ਦੀ ਤਿਆਰੀ ?

ਸਿੱਖਾਂ ਦੇ ਖਿਲਾਫ ਪਰਚੇ ਦਰਜ ਕਰਨ ਦੇ ਮਾਮਲੇ 'ਚ ਪੁਲਸ ਵਲੋਂ ਵੀ ਗੜਬੜ?
ਬਠਿੰਡਾ—(ਪੰਜਾਬ ਸਕਰੀਨ ਬਿਊਰੋ): ਸਿੱਖ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਇੱਕ ਵਾਰ ਫੇਰ ਸੋਧਿਆ ਜਾਏਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਪਸ਼ਟ ਆਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ 'ਚ ਲੋੜ ਅਨੁਸਾਰ ਸੋਧ ਕੀਤੀ ਜਾਵੇਗੀ। ਇਸਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਲੋੜ ਤਾਂ ਹੀ ਹੋਵੇਗੀ ਜੇਕਰ ਇਸ ਮਕਸਦ ਲਈ ਸੰਗਤਾਂ ਦੀ ਮੰਗ ਹੋਵੇਗੀ। ਸੰਗਤਾਂ ਦੀ ਮੰਗ ਮੁਤਾਬਿਕ ਨਾਨਕਸ਼ਾਹੀ ਕੈਲੰਡਰ 'ਚ ਲੋੜੀਂਦੀ ਸੋਧ ਕੀਤੀ ਜਾ ਸਕਦੀ ਹੈ ਪਰ ਇਸ ਤੋਂ ਪਹਿਲਾਂ ਸਾਰੇ ਸਿੰਘ ਸਾਹਿਬਾਨ ਨਾਲ ਬਕਾਇਦਾ ਵਿਚਾਰ ਚਰਚਾ ਹੋਵੇਗੀ, ਇਸਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਵਿਚਾਰਿਆ ਜਾਏਗਾ ਅਤੇ ਉਸ ਤੋਂ ਪਿੱਛੋਂ ਹੀ ਇਸ ਸਬੰਧ ਵਿੱਚ ਕੋਈ ਕਦਮ ਚੁੱਕਿਆ ਜਾਵੇਗਾ। 
ਕਬੀਲੇ ਜ਼ਿਕਰ ਹੈ ਕਿ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੁੱਧਵਾਰ ਨੂੰ ਬਠਿੰਡਾ ਵਿਖੇ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਇਨ੍ਹਾਂ ਜੱਥੇਬੰਦੀਆਂ ਵਲੋਂ ਬਕਾਇਦਾ ਇਕ ਮਤਾ ਪਾਸ ਕਰਕੇ ਨਾਨਕਸ਼ਾਹੀ ਕੈਲੰਡਰ 'ਚ ਸੋਧ ਦੀ ਗੱਲ ਉਠਾਈ ਗਈ ਹੈ, ਜਿਸ 'ਤੇ ਵਿਚਾਰ ਕਰਕੇ ਹੀ ਕੋਈ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਕੀਤੇ ਜਾਣਗੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਵੇ ਅਤੇ ਆਪਸ 'ਚ ਪਿਆਰ ਅਤੇ ਇਤਫਾਕ ਬਰਕਰਾਰ ਰਹੇ।
ਇਸਦੇ ਨਾਲ ਹੀ ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ। ਉਸ 'ਤੇ ਦੋਸ਼ ਹੈ ਕਿ ਉਸ ਨੇ ਜ਼ਿਲਾ ਪਰਿਸ਼ਦ ਚੋਣਾਂ 'ਚ ਡੇਰਾ ਸੱਚਾ ਸੌਦੇ ਦੇ ਇਕ ਪ੍ਰੇਮੀ ਨੂੰ ਅਕਾਲੀ ਦਲ ਦੀ ਟਿਕਟ ਦਿਵਾ ਕੇ ਉਸ ਦੀ ਮਦਦ ਕੀਤੀ ਸੀ, ਜੋ ਕਿ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਰੇ ਫੇਸਬੁੱਕ 'ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਸਿੱਖਾਂ ਦੇ ਖਿਲਾਫ ਪਰਚੇ ਦਰਜ ਕੀਤਾ ਜਾਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪੁਲਸ ਵਲੋਂ ਵੀ ਗੜਬੜ ਕੀਤੀ ਜਾ ਰਹੀ ਹੈ। ਪੁਲਿਸ ਦੀ ਇਸ ਗੜਬੜ ਵਾਲਾ ਇਸ਼ਾਰਾ ਕਰਕੇ ਸਿੰਘ ਸਾਹਿਬ ਨੇ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਵੀ ਆਪਣੇ ਨਿਸ਼ਾਨੇ ਦੀ ਮਾਰ ਹੇਠ ਲੈ ਆਂਦਾ ਹੈ। 

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--