Showing posts with label Sri Guru Granth Sahib. Show all posts
Showing posts with label Sri Guru Granth Sahib. Show all posts

Friday, July 09, 2021

ਬਰਗਾੜੀ ਬੇਅਦਬੀ ਮਾਮਲੇ ਵਿੱਚ ਚਲਾਨ ਪੇਸ਼

 Friday: 9th July 2021 at 8:08 PM

 ਵਿਸ਼ੇਸ਼ ਜਾਂਚ ਟੀਮ ਵੱਲੋਂ ਫਰੀਦਕੋਟ ਅਦਾਲਤ ਅੱਗੇ ਚਲਾਨ ਪੇਸ਼ 

ਚੰਡੀਗੜ: 9 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪ੍ਰਤੀਕਾਤਮਕ ਤਸਵੀਰ 

ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜੇ.ਐਮ.ਆਈ.ਸੀ. ਫਰੀਦਕੋਟ ਦੀ ਅਦਾਲਤ ਵਿੱਚ ਪਹਿਲਾ ਚਲਾਨ ਪੇਸ਼ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਆਈ.ਟੀ. ਮੁਖੀ ਅਤੇ ਆਈ.ਜੀ.ਪੀ. ਬਾਰਡਰ ਰੇਂਜ ਅੰਮਿ੍ਰਤਸਰ ਐਸ.ਪੀ.ਐਸ. ਪਰਮਾਰ ਨੇ ਦੱਸਿਆ ਕਿ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿਲਾਰ ਕੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤੇ ਗਏ 6 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 20 ਜੁਲਾਈ ਤੈਅ ਕੀਤੀ ਗਈ ਹੈ।ਆਈ.ਜੀ.ਪੀ. ਨੇ ਦੱਸਿਆ ਕਿ ਐਸ.ਆਈ.ਟੀ.  ਨੇ 16.05.21 ਨੂੰ ਜਾਂਚ ਸ਼ੁਰੂ ਕਰਨ ਸਬੰਧੀ ਇਲਾਕਾ ਮੈਜਿਸਟਰੇਟ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਕੇਸ ਵਿੱਚ ਲੋੜੀਂਦੇ ਸਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਗੌਰਤਲਬ ਹੈ ਕਿ ਗੁਰਦੁਆਰਾ ਸਾਹਿਬ ਬਰਗਾੜੀ ਦੇ ਮੈਨੇਜਰ ਕੁਲਵਿੰਦਰ ਸਿੰਘ ਦੇ ਬਿਆਨ ’ਤੇ ਮੁਲਜ਼ਮਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 295, 295-ਏ, 153-ਏ, 201, 120-ਬੀ ਤਹਿਤ ਥਾਣਾ ਬਾਜਾਖਾਨਾ ਵਿਖੇ ਐਫ.ਆਈ.ਆਰ. ਨੰਬਰ. 128 ਮਿਤੀ 12.10.2015 ਦਰਜ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਇਹ ਕੇਸ ਸੌਂਪੇ ਜਾਣ ਤੋਂ ਬਾਅਦ ਆਈ.ਜੀ.ਪੀ. ਬਾਰਡਰ ਰੇਂਜ ਅੰਮਿ੍ਰਤਸਰ ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਇਸ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਰਜਿੰਦਰ ਸਿੰਘ ਸੋਹਲ, ਏਆਈਜੀ / ਸੀਆਈ ਪੰਜਾਬ, ਲਖਬੀਰ ਸਿੰਘ, ਏਸੀਪੀ / ਈਆਰਐਸ ਅੰਮਿ੍ਰਤਸਰ ਅਤੇ ਇੰਸਪੈਕਟਰ ਦਲਬੀਰ ਸਿੰਘ, ਆਈਸੀ ਸੀ.ਆਈ.ਏ. ਫਰੀਦਕੋਟ ਅਤੇ ਹੋਰਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਹਿਚਾਣ ਸੁਖਜਿੰਦਰ ਸਿੰਘ ਉਰਫ ਸਨੀ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪਰਦੀਪ ਸਿੰਘ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਉਪਰੋਕਤ ਕੇਸ ਦੀ ਜਾਂਚ 2.11.2015 ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 6.09.2018 ਨੂੰ ਸੀ.ਬੀ.ਆਈ. ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ। ਸੀ.ਬੀ.ਆਈ. ਨੇ 4.07.2019 ਨੂੰ ਤਿੰਨੋ ਮਾਮਲਿਆਂ ਵਿਚ ਜੁਆਇੰਟ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਸੀ।

Monday, August 24, 2020

ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ-ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

Monday 24th August 2020 at 2:14 PM
 ਗੁਰੂ ਗ੍ਰੰਥ ਸਾਹਿਬ ਜੀ ਦੇ 267 ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ 
ਅੰਮ੍ਰਿਤਸਰ: 24 ਅਗਸਤ 2020: (ਪੰਜਾਬ ਸਕਰੀਨ ਬਿਊਰੋ): 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਈ ਸਿੱਖ ਸੰਸਾਰ ਦੀਆਂ ਆਸਥਾਵਾਂ ਰੱਬ ਵਾਂਗ ਹਨ। ਉਹਨਾਂ ਦੀ ਬੇਅਦਬੀ ਸਬੰਧੀ ਮਾੜੀ ਮੋਟੀ ਭੁੱਲ ਚੁੱਕ ਵੀ ਉਹਨਾਂ ਨੂੰ ਗੁੱਸੇ ਵਿੱਚ ਲੈ ਆਉਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਜਾਰੀ ਜਾਂਚ ਰਿਪੋਰਟ ਵਿੱਚ ਦਿਲ ਹਿਲਾ ਦੇਣ ਵਾਲੇ ਸਨਸਨੀਖੇਜ਼ ਖੁਲਾਸੇ ਹੋਏ ਹਨ।ਅੱਜ ਮਿਤੀ 24 ਅਗਸਤ 2020 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। 
ਉਹਨਾਂ ਦੱਸਿਆ ਕਿ ਪਹਿਲੇ ਨੁਕਤੇ ਵਿੱਚ ਹੀ ਉਹਨਾਂ ਸਪਸ਼ਟ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ ਜਿਸਦੀ ਨਤੀਜਾ ਰਿਪੋਰਟ 10 ਪੇਜ ਅਤੇ ਮੁਕੰਮਲ ਰਿਪੋਰਟ 1000 ਪੇਜ ਹਨ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ। ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ। 
ਇਸ ਤੋਂ ਇਲਾਵਾ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। 
ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂਚਾਂ ਵਿਚ ਵੀ ਕਾਫੀ ਅੰਤਰ ਹੈ।ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿ੍ਰੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ/ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਤਰਾਂ ਦੂਜੇ ਨੁਕਤੇ ਵਿੱਚ ਮਿਤੀ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ’ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਸ਼ਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।
ਤੀਜੇ ਨੁਕਤੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਅੱਜੇ ਵੀ ਇਹ ਬਾਜ ਨਾ ਆਇਆਂ ਤਾਂ ਇਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੌਥੇ ਨੁਕਤੇ ਵਿੱਚ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਿਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਤੀਕ ਇਸ ਦੇ ਸਮਾਗਮ ਨਾ ਕਰਵਾਏ ਜਾਣ।
ਪੰਜਵੇਂ ਨੁਕਤੇ ਵਿੱਚ ਦੱਸਿਆ ਗਿਆ ਕਿ ਸੰਗਤਾਂ ਵੱਲੋਂ ਸ਼ਿਕਾਇਤਾਂ ਪੁੱਜੀਆਂ ਹਨ ਕਿ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ। ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ। ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
ਛੇਵੇਂ ਨੁਕਤੇ ਮੁਤਾਬਿਕ ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ੳ-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ। ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।
ਸੱਤਵੇਂ ਨੁਕਤੇ ਵਿੱਚ ਆਰਤੀ ਸਾਹਿਬ ਗੁਰਦੁਆਰੇ ਦੀ ਚਰਚਾ ਹੈ। ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ੳੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ। ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ। ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ। ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੱਠਵੇਂ ਨੁਕਤੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ। ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।
ਨੌਵੇਂ ਨੁਕਤੇ ਵਿੱਚ ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ। ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। 
ਦੱਸਵੇਂ ਅਤੇ ਆਖ਼ਿਰੀ ਨੁਕਤੇ ਵਿੱਚ ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ। ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ। ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ। ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ। ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।

Tuesday, February 06, 2018

ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਲੁਧਿਆਣਾ ਦੇ ਦੌਰੇ ਦਾ ਵੇਰਵਾ

8 ਫਰਵਰੀ ਨੂੰ ਆਉਣਗੇ ਮੱਲ੍ਹੀ ਫਾਰਮ ਹਾਊਸ ਚੰਦਰ ਨਗਰ ਲੁਧਿਆਣਾ ਵਿੱਚ 
ਲੁਧਿਆਣਾ: 6 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵੱਲੋਂ ਮਿਤੀ 8, 12, 15 ਫਰਵਰੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਉਨ੍ਹਾਂ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ, ਜਿੱਥੇ ਇਹ ਘਟਨਾਵਾਂ ਵਾਪਰੀਆਂ ਸਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸੰਬੰਧਤ ਖੇਤਰਾਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਰੱਖਣ ਵਾਲੇ ਲੋਕ ਦਿੱਤੀ ਗਈ ਮਿਤੀ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਕਲਮਬੰਦ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਮਿਤੀ 8 ਫਰਵਰੀ ਨੂੰ ਮੱਲ੍ਹੀ ਫਾਰਮ ਹਾਊਸ ਚੰਦਰ ਨਗਰ, ਛੋਟੀ ਪੁੱਲੀ ਚੰਦਰ ਨਗਰ, ਮੁਹੱਲਾ ਫਤਹਿਗੜ੍ਹ, ਪ੍ਰਤਾਪ ਸਿੰਘ ਵਾਲਾ ਸਕੂਲ ਸੜਕ ਸਥਿਤ ਗਲੀ ਨੰਬਰ 6 ਦੇ ਮਕਾਨ ਨੰਬਰ 328 ਅਤੇ ਮੁਹੱਲਾ ਬਾਬਾ ਨੰਦ ਸਿੰਘ ਨਗਰ ਲੁਧਿਆਣਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਮਿਤੀ 12 ਫਰਵਰੀ ਨੂੰ ਪਿੰਡ ਰੁੜਕਾ ਨੇੜੇ ਮੁੱਲਾਂਪੁਰ, ਜਗਰਾਂਉ ਸਥਿਤ ਗਲੀ ਨੰਬਰ 5 ਨੇੜੇ ਗੁਰਦੁਆਰਾ ਸਾਹਿਬ ਮੁਹੱਲਾ ਅਜੀਤ ਨਗਰ, ਪਿੰਡ ਕਮਾਲਪੁਰਾ ਨੇੜੇ ਜਗਰਾਂਉ, ਪਿੰਡ ਜੰਡੀ ਪੁਲਿਸ ਸਟੇਸ਼ਨ ਸਿੱਧਵਾਂ ਬੇਟ, ਪਿੰਡ ਅਕਾਲਗੜ੍ਹ ਅੱਬੂਵਾਲ ਰੋਡ ਸੁਧਾਰ ਵਿਖੇ ਅਤੇ ਇਸੇ ਤਰ੍ਹਾਂ ਮਿਤੀ 15 ਫਰਵਰੀ ਨੂੰ ਪਿੰਡ ਰਸੂਲਪੁਰ, ਪਿੰਡ ਲੰਮਾ, ਪਿੰਡ ਪਮਾਲ, ਮੁਹੱਲਾ ਅਜੀਤ ਕਲੋਨੀ ਗਿਆਸਪੁਰਾ ਅਤੇ ਪਿੰਡ ਲਿਬੜਾ ਵਿਖੇ ਘਟਨਾ ਸਥਾਨਾਂ ਦਾ ਦੌਰਾ ਕਰਨਗੇ।

Tuesday, July 26, 2016

ਬੇਅਦਬੀ ਵਿੱਚ ਨਾਮਜ਼ਦ ਔਰਤ ਦਾ ਕਤਲ- ਕਾਤਲਾਂ ਦੀ ਪਛਾਣ ਹੋਈ

ਧਾਰਮਿਕ ਜਜ਼ਬਾਤਾਂ ਨਾਲ ਜੁੜੀ ਹਿੰਸਾ ਫੇਰ ਸ਼ੁਰੂ?
ਡੇਹਲੋਂ/ਆਲਮਗੀਰ (ਲੁਧਿਆਣਾ):26 ਜੁਲਾਈ 2016:(ਪੰਜਾਬ ਸਕਰੀਨ ਬਿਊਰੋ):
ਮ੍ਰਿਤਕਾ ਬਲਵਿੰਦਰ ਕੌਰ 
ਇੱਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਨਾਮਜ਼ਦ ਔਰਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨਾਲ ਇੱਕ ਵਾਰ ਫੇਰ ਧਾਰਮਿਕ ਰੰਗਣ ਵਾਲੇ ਹਿੰਸਕ ਸਿਲਸਿਲੇ ਵਿੱਚ ਤੇਜ਼ੀ ਆਉਂਦੀ ਮਹਿਸੂਸ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਵੱਦੀ ਵਿਖੇ 18 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀਹ ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਦੇ ਦੋਸ਼ਾਂ 'ਚ ਉਸ ਸਮੇਂ ਪੁਲਿਸ ਵੱਲੋਂ ਫੜੇ ਗਏ ਦੋ ਕਥਿਤ ਦੋਸ਼ੀਆਂ ਵਿਚੋਂ ਮੁੱਖ ਦੋਸ਼ੀ ਔਰਤ ਬਲਵਿੰਦਰ ਕੌਰ ਜੋ ਕੁਝ ਸਮਾਂ ਪਹਿਲਾ ਜ਼ਮਾਨਤ 'ਤੇ ਰਿਹਾਅ ਹੋ ਕੇ ਆਈ ਹੋਈ ਸੀ, ਦਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀ ਆਲਮਗੀਰ ਸਾਹਿਬ ਦੇ ਮੁੱਖ ਗੇਟ ਨੇੜੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ  ਕਰ ਦਿੱਤਾ ਗਿਆ।  ਮੌਕੇ ਤੋਂ ਪ੍ਰਾਪਤ ਜਾਣਕਾਰੀ ਅਤੇ ਪੁਲਿਸ ਕੋਲ ਮਿ੍ਤਕ ਔਰਤ ਬਲਵਿੰਦਰ ਕੌਰ ਪਤਨੀ ਅਮਰ ਸਿੰਘ ਵਾਸੀ ਘਵੱਦੀ ਹਾਲੀਆ ਵਾਸੀ ਸ਼ਿਮਲਾਪੁਰੀ ਲੁਧਿਆਣਾ ਦੇ ਸਪੁੱਤਰ ਰਣਜੋਧ ਸਿੰਘ ਦੇ ਦੱਸਣ ਅਨੁਸਾਰ ਕਿ ਸਾਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ਕੀਤਾ ਗਿਆ ਕਿ ਪਿਛਲੇ ਸਾਲ ਘਵੱਦੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਵਾਪਰੀ ਘਟਨਾ ਬਾਰੇ ਤੁਹਾਡੇ ਨਾਲ ਬਾਬਾ ਜੀ ਨੇ ਗੱਲ ਕਰਨੀ ਹੈ ਅਤੇ ਤੁਹਾਡੇ ਕੇਸ ਦੀ ਪੈਰਵਾਈ ਕਰਕੇ ਬਲਵਿੰਦਰ ਕੌਰ ਨੂੰ ਬਰੀ ਕਰਵਾਇਆ ਜਾਵੇਗਾ।  ਉਸ ਨੇ ਦੱਸਿਆ ਕਿ ਇਸੇ ਕਰਕੇ ਮੈਂ ਆਪਣੀ ਮਾਂ ਨੂੰ ਲੈ ਕੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਦਿੱਤੇ ਸਮੇਂ ਅਨੁਸਾਰ ਆਟੋ ਨੰਬਰ ਪੀ. ਬੀ. 10 ਈ. ਐੱਚ. 5603 ਵਿਚ ਆਇਆ ਜਿਥੇ ਸਾਨੂੰ ਦੋ ਅੰਮ੍ਰਿਤਧਾਰੀ ਸਿੰਘ ਮਿਲੇ ਤੇ ਉਨ੍ਹਾਂ ਮੇਰੀ ਮਾਂ ਨਾਲ ਆਟੋ ਵਿਚ ਬੈਠ ਕੇ ਗੱਲ ਕੀਤੀ ਤੇ ਉਸਨੂੰ ਕਰੀਬ ਅੱਠ ਵਜੇ ਗੋਲੀ ਮਾਰ ਕੇ ਮਾਰ ਦਿੱਤਾ। ਘਟਨਾ ਨੂੰ ਅਜਨਮ ਦੇਣ ਮਗਰੋਂ ਇਹ ਦੋਵੈਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਥਾਣਾ ਡੇਹਲੋਂ ਅਧੀਨ ਪੈਂਦੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਸ: ਜਤਿੰਦਰ ਸਿੰਘ ਔਲਖ, ਡੀ. ਸੀ. ਪੀ. ਧਰੁੰਮਲ ਨਮਿਬਲੇ, ਏ. ਡੀ. ਸੀ. ਪੀ. ਪਰਮਜੀਤ ਸਿੰਘ ਪੰਨੂ, ਏ. ਡੀ. ਸੀ. ਪੀ. ਕਰਾਈਮ ਬਲਕਾਰ ਸਿੰਘ, ਏ. ਸੀ. ਪੀ. ਗਿੱਲ ਸ੍ਰੀ ਸੁਰਿੰਦਰ ਮੋਹਣ, ਥਾਣਾ ਮੁਖੀ ਡੇਹਲੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਸਮੇਤ ਭਾਰੀ ਗਿਣਤੀ 'ਚ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਔਰਤ ਦੇ ਪੁੱਤਰ ਰਣਜੋਧ ਸਿੰਘ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ | ਇਸ ਸਮੇਂ ਪੁਲਿਸ ਕਮਿਸ਼ਨਰ ਲੁਧਿਆਣਾ ਸ: ਜਤਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਨੇ ਔਰਤ ਬਲਵਿੰਦਰ ਕੌਰ ਦੀ ਹੱਤਿਆਂ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਸਮੇਤ ਆਸ ਪਾਸ ਤੋਂ ਜਾਣਕਾਰੀ ਇਕੱਤਰ ਕਰ ਲਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਹੁਣ ਦੇਖਣਾ ਹੈ ਕਿ ਔਰਤ ਨੂੰ ਕਤਲ ਕਰਨ ਵਾਲੇ ਕਾਤਲ ਕਿਸ ਨਾਲ ਸਬੰਧਤ ਨਿਕਲਦੇ ਹਨ। 
ਪੁਲਿਸ ਵੱਲੋਂ ਦੋਸ਼ੀਆਂ ਦੀ ਸ਼ਨਾਖਤ? 
ਲੁਧਿਆਣਾ ਪਿੰਡ ਆਲਮਗੀਰ ਵਿਚ ਬਲਵਿੰਦਰ ਕੌਰ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਸ਼ਾਮਿਲ ਹੋਏ ਕਥਿਤ ਦੋਸ਼ੀਆਂ ਦੀ ਪੁਲਿਸ ਵੱਲੋਂ ਸ਼ਨਾਖਤ ਕਰ ਲਈ ਗਈ ਹੈ।  ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀਆਂ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਜਾਗੋਵਾਲ ਵਾਸੀ ਸੰਗਰੂਰ ਅਤੇ ਨਿਹਾਲ ਸਿੰਘ ਵਾਸੀ ਪਟਿਆਲਾ ਵਜੋਂ ਕੀਤੀ ਗਈ ਹੈ। ਇਸ ਸੰਬੰਧੀ ਥਾਣਾ ਡੇਹਲੋਂ ਵਿਖੇ ਮਿ੍ਤਕ ਔਰਤ ਦੇ ਪੁੱਤਰ ਰਣਜੋਧ ਸਿੰਘ ਦੇ ਬਿਆਨਾਂ 'ਤੇ ਦੋਵਾਂ ਖਿਲਾਫ ਮੁੱਕਦਮਾ ਨੰਬਰ 92 ਧਾਰਾ 302, 25/27/54/59, 34 ਆਈ. ਪੀ. ਸੀ. ਤਹਿਤ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ 'ਤੇ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਮੀਦ ਹੈ ਜਲਦੀ ਹੀ ਪੁਲਿਸ ਇਹਨਾਂ ਕਾਤਲਾਂ ਨੂੰ ਦਬੋਚ ਲਵੇਗੀ। 
ਬੇਅਦਬੀ ਘਟਨਾਕ੍ਰਮ ਦਾ ਵੇਰਵਾ 
ਪਿੰਡ ਘਵੱਦੀ ਜ਼ਿਲ੍ਹਾ ਲੁਧਿਆਣਾ ਵਿਖੇ 18 ਅਕਤੂਬਰ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 20 ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਗੀ ਘਟਨਾ ਵਾਪਰੀ ਸੀ। ਜਿਸ ਸਬੰਧੀ ਡੇਹਲੋਂ ਪੁਲਿਸ ਨੇ ਮੁਕੱਦਮਾ ਨੰਬਰ 160 ਧਾਰਾ 295 ਏ., 34 ਆਈ. ਪੀ. ਸੀ. ਤਹਿਤ ਦਰਜ ਕਰਕੇ ਗੁਰਦੁਆਰਾ ਸਾਹਿਬ 'ਚ ਡਿਊਟੀ ਨਿਭਾਅ ਰਹੇ ਗ੍ਰੰਥੀ ਸਿੰਘ ਸਿਕੰਦਰ ਸਿੰਘ ਪੁੱਤਰ ਦਲੇਰ ਸਿੰਘ ਕਾਉਂਕੇ (ਮਾਛੀਵਾੜਾ) ਅਤੇ ਪਿੰਡ ਦੀ ਇਸ ਅੰਮਿ੍ਤਧਾਰੀ ਔਰਤ ਬਲਵਿੰਦਰ ਕੌਰ ਪਤਨੀ ਅਮਰ ਸਿੰਘ ਨੂੰ ਨਾਮਜ਼ਦ ਕੀਤਾ ਸੀ। ਜ਼ਿਕਰਯੋਗ ਹੈ ਕਿ ਉਕਤ ਘਟਨਾ ਦਾ ਗ੍ਰੰਥੀ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਬਾਅਦ ਪਤਾ ਲੱਗਿਆ ਸੀ ਜਦੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਆਈ ਇਸ ਔਰਤ ਬਲਵਿੰਦਰ ਕੌਰ ਨੇ ਮੁੱਖ ਦਰਵਾਜ਼ੇ ਦਾ ਜਿੰਦਰਾ ਖੁੱਲ੍ਹਾ ਹੋਣ ਬਾਰੇ ਆਪ ਹੀ ਜਾਣਕਾਰੀ ਦਿੱਤੀ ਸੀ ਤਾਂ ਕਿ ਉਸ 'ਤੇ ਸ਼ੱਕ ਨਾ ਹੋ ਸਕੇ। ਇਸ ਔਰਤ ਦੇ ਕਹਿਣ ਮਗਰੋਂ ਹੀ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੰਗੀ ਤਰ੍ਹਾਂ ਵਾਚਿਆ ਜਿਸ ਤੋਂ ਬਾਅਦ ਹੀ ਬੇਅਦਬੀ ਕਰਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਵੀ ਜਦੋਂ ਪੁਲਿਸ ਉਕਤ ਔਰਤ ਨੂੰ ਪਿੰਡ ਕਾਨੂੰਨੀ ਕਾਰਵਾਈ ਪੂਰੀ ਕਰਵਾਉਣ ਲੈ ਕੇ ਆਈ ਸੀ ਤਦ ਵੀ ਉਸ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਔਰਤ ਦੇ ਪਰਿਵਾਰਕ ਮੈਂਬਰ ਘਰੋਂ ਡਰਦੇ ਮਾਰੇ ਚਲੇ ਗਏ ਸਨ ਅਤੇ ਜ਼ਮਾਨਤ ਹੋਣ ਬਾਅਦ ਉਕਤ ਔਰਤ ਹੁਣ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਲੁਧਿਆਣਾ ਰਹਿ ਰਹੀ ਸੀ ਜਿਸ ਦਾ ਅੱਜਕਤਲ  ਕਰ ਦਿੱਤਾ ਗਿਆ। |

Sunday, September 29, 2013

ਪ੍ਰਕਾਸ਼ ਪੁਰਬ ਮੌਕੇ ਕਰਾਏ ਪੇਂਟਿੰਗ ਮੁਕਾਬਲੇ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਤੇ ਕਾਲਜਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਅੰਮ੍ਰਿਤਸਰ: 28 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹ ਪੇਂਟਿੰਗ ਮੁਕਾਬਲੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵਿੱਚ ਕਰਵਾਏ ਗਏ।
ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ.ਬਲਵਿੰਦਰ ਸਿੰਘ ਜੌੜਾਸਿੰਘਾ ਨੇ ਪ੍ਰੈੱਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਭਾਈ ਗੁਰਦਾਸ ਹਾਲ ਵਿਖੇ ਵੱਖ-ਵੱਖ 42 ਸਕੂਲਾਂ ਦੇ 443 ਵਿਦਿਆਰਥੀਆਂ ਵਿੱਚ ਇਹ ਮੁਕਾਬਲਾ ਲਗਭਗ ਢਾਈ ਘੰਟੇ ਚੱਲਿਆ। ਜਿਸ ਵਿੱਚ ਪਹਿਲੇ ਗਰੁੱਪ ਵਿੱਚ ਛੇਵੀਂ ਤੋਂ ਅੱਠਵੀਂ ਤੀਕ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਪੇਂਟਿੰਗਜ਼ ਦਾ ਵਿਸ਼ਾ ਅੰਮਿ੍ਰਤਵੇਲਾ, ਕਿਰਤ ਕਰਦੇ ਸਿੱਖ ਦੀ ਤਸਵੀਰ ਅਤੇ ਹਰਿਆਵਲ ਦਾ ਦਿ੍ਰਸ਼ ਸੀ। ਇਸੇ ਤਰਾਂ ਦੂਸਰੇ ਗਰੁੱਪ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਕਿਸੇ ਇੱਕ ਸ਼ਹੀਦ ਸਿੱਖ ਦੀ ਤਸਵੀਰ, ਲਾਪ੍ਰਵਾਹੀ ਅਤੇ ਸੜਕ ਹਾਦਸੇ ਦੀ ਤਸਵੀਰ ਅਤੇ ਨਸ਼ੇ ਦੇ ਮਾਰੂ ਪ੍ਰਭਾਵ ਦੀਆਂ ਪੇਟਿੰਗਜ਼ ਬਨਾਉਣਗੇ।
ਉਨਾਂ ਅੱਗੇ ਕਿਹਾ ਕਿ ਤੀਜੇ ਗਰੁੱਪ ਵਿੱਚ ਬੀ.ਏ. ਭਾਗ ਪਹਿਲਾ ਤੋਂ ਐਮ.ਏ. ਤੀਕ ਦੇ ਵਿਦਿਆਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿੱਚ ਬੈਠ ਕੇ ਵੱਖ-ਵੱਖ ਐਂਗਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਬਨਾਉਣਗੇ ਅਤੇ ਇਸ ਦਾ ਸਮਾਂ 4 ਘੰਟੇ ਦਾ ਹੋਵੇਗਾ ਜਿਸ ਵਿੱਚ ਕੁਲ 13 ਕਾਲਜ਼ਾਂ ਦੇ 34 ਵਿਦਿਆਰਥੀਆਂ ਨੇ ਭਾਗ ਲਿਆ। ਉਨਾਂ ਕਿਹਾ ਕਿ ਇਨਾਂ ਮੁਕਾਬਲਿਆਂ ਵਿੱਚ ਪਹਿਲੇ, ਦੂਸਰੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਪ੍ਰਕਾਸ਼ ਪੁਰਬ ਵਾਲੇ ਦਿਨ 9 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਮੁਕਾਬਲੇ ਵਿੱਚ ਭਾਗ ਲੈਣ ਆਏ ਵਿਦਿਆਰਥੀਆਂ ਅਤੇ ਸਟਾਫ ਲਈ ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਸ ਸਮੇਂ ਸ.ਬਲਵਿੰਦਰ ਸਿੰਘ ਜੌੜਾਸਿੰਘ ਐਡੀ:ਸਕੱਤਰ ਨਾਲ ਸੱਚਖੰਸ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸ.ਜਸਵਿੰਦਰ ਸਿੰਘ ਐਡਵੋਕੇਟ, ਸ.ਤਜਿੰਦਰ ਸਿੰਘ ਐਡੀ:ਮੈਨੇਜਰ, ਸ.ਇੰਦਰ ਮੋਹਣ ਸਿੰਘ ਅਨਜਾਣ ਸੁਪਰਵਾਈਜਰ ਪਬਲੀਸਿਟੀ ਵਿਭਾਗ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਕਾਬਲ ਸਿੰਘ ਸੁਪਰਵਾਈਜਰ, ਸ.ਜਸਪਾਲ ਸਿੰਘ ਟਾਈਪਿਸਟ, ਸ.ਸੁਰਜੀਤ ਸਿੰਘ ਰਾਣਾ, ਸ.ਹਰਵਿੰਦਰ ਸਿੰਘ,ਸ.ਜਗਤਾਰ ਸਿੰਘ, ਸ.ਸੁਖਜਿੰਦਰ ਸਿੰਘ, ਸ.ਸਤਨਾਮ ਸਿੰਘ, ਸ.ਬਲਵਿੰਦਰ ਸਿੰਘ ਏਡਲ, ਸ.ਹਰਿੰਦਰਪਾਲ ਸਿੰਘ ਸੂਦ, ਸ.ਵਰਿੰਦਰ ਸਿੰਘ ਭਸੀਮ, ਸ੍ਰੀ ਹਰਜਿੰਦਰ ਅਰੋੜਾ, ਜਸਵਿੰਦਰ ਕੌਰ ਤੇ ਹੋਰ ਸਟਾਫ ਹਾਜ਼ਰ ਸੀ।

Sunday, September 01, 2013

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ’ਚ ਅਲੌਕਿਕ ਨਗਰ ਕੀਰਤਨ ਆਯੋਜਿਤ

Sun, Sep 1, 2013 at 12:01 PM
ਪਹਿਲਾ ਪ੍ਰਕਾਸ਼ ਪੁਰਬ:ਗੁਰਦੁਆਰਾ ਰਾਮਸਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ 
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਗਏ
ਅੰਮ੍ਰਿਤਸਰ: 01 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿੱਚ ਸਸ਼ੋਭਿਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ।
ਗੁਰਦੁਆਰਾ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਇਸ ਦਾ ਪਹਿਲਾ ਪ੍ਰਕਾਸ਼ 1604 ਈ: ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਰਾਮਸਰ ਸਾਹਿਬ ਦੇ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ-ਘਰ ਦੇ ਮਹਾਨ ਸੇਵਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਸ਼ੋਭਿਤ ਕਰਕੇ ਪੰਚਮ ਪਾਤਸ਼ਾਹ ਸੰਗਤਾਂ ਨਾਲ ਆਪ ਚੌਰ ਸਾਹਿਬ ਦੀ ਸੇਵਾ ਨਿਭਾਉਂਦੇ ਹੋਏ ਨਗਰ ਕੀਰਤਨ ਦੇ ਰੂਪ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ। ਇਸ ਪਾਵਨ ਦਿਹਾੜੇ ਦੀ ਯਾਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਦਾ ਹੈ। ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਤ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਸਵੇਰੇ 8:30 ਵਜੇ ਤੋਂ 12:00 ਵਜੇ ਤੀਕ ਸੁੰਦਰ ਜਲੌ ਸਜਾਏ ਗਏ।
ਨਗਰ ਕੀਰਤਨ ਵਿੱਚ ਸ.ਰਜਿੰਦਰ ਸਿੰਘ ਮਹਿਤਾ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਹਰਜਾਪ ਸਿੰਘ ਸੁਲਤਾਨਵਿੰਡ, ਸ.ਬਲਦੇਵ ਸਿੰਘ ਚੁੰਘਾਂ, ਸ.ਹਰਦਲਬੀਰ ਸਿੰਘ ਸ਼ਾਹ ਤੇ ਸ.ਜਗਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ,  ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀਸ਼ਨਲ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਗੁਰਚਰਨ ਸਿੰਘ ਘਰਿੰਡਾ, ਸ.ਜਗਜੀਤ ਸਿੰਘ ਜੱਗੀ, ਸ.ਭੁਪਿੰਦਰਪਾਲ ਸਿੰਘ, ਸ.ਜਸਪਾਲ ਸਿੰਘ, ਸ.ਗੁਰਬਚਨ ਸਿੰਘ, ਸ.ਅੰਗਰੇਜ ਸਿੰਘ ਤੇ ਸ.ਬਿਜੈ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਤੇ ਸ.ਹਰਜਿੰਦਰ ਸਿੰਘ ਸੁਪਿ੍ਰੰਟੈਂਡੈਂਟ, ਸ.ਹਰਜੀਤ ਸਿੰਘ ਲਾਲੂ ਘੁੰਮਣ, ਸ.ਗੁਰਮੀਤ ਸਿੰਘ, ਸ.ਜਸਵਿੰਦਰ ਸਿੰਘ, ਸ.ਪਰਮਜੀਤ ਸਿੰਘ, ਸ.ਨਿਰਮਲ ਸਿੰਘ, ਸ.ਕਰਨਜੀਤ ਸਿੰਘ ਤੇ ਸ.ਗੁਰਦੇਵ ਸਿੰਘ ਉੱਬੋਕੇ ਇੰਚਾਰਜ, ਸ/ਸੁਪਿ੍ਰੰਟੈਂਡੈਟ ਸ.ਮਲਕੀਤ ਸਿੰਘ ਬਹਿੜਵਾਲ, ਸ.ਇੰਦਰਮੋਹਣ ਸਿੰਘ ਅਨਜਾਣ, ਸ.ਜਤਿੰਦਰ ਸਿੰਘ, ਸ.ਗੁਰਿੰਦਰ ਸਿੰਘ, ਸ.ਸਤਨਾਮ ਸਿੰਘ ਮਾਂਗਾਸਰਾਏ ਤੇ ਸ.ਰਘਬੀਰ ਸਿੰਘ ਮੰਡ ਐਡੀ:ਮੈਨੇਜਰ, ਬਾਬਾ ਮੇਜਰ ਸਿੰਘ ਵਾਂ, ਮਾਸਟਰ ਬਲਦੇਵ ਸਿੰਘ, ਸ.ਲਖਵਿੰਦਰ ਸਿੰਘ ਬੱਦੋਵਾਲ, ਸ.ਸਤਪਾਲ ਸਿੰਘ, ਸ.ਜਸਵੀਰ ਸਿੰਘ, ਸ.ਸਿਮਰਜੀਤ ਸਿੰਘ, ਸ.ਜਤਿੰਦਰ ਸਿੰਘ, ਸ.ਹਰਬੰਸ ਸਿੰਘ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਸਭਾ ਸੁਸਾਇਟੀਆਂ, ਟਕਸਾਲਾਂ, ਸ਼ਬਦੀ ਜਥੇ, ਸਿੰਘ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਕੂਲਾਂ/ਕਾਲਜਾਂ ਦੇ ਬੈਂਡ, ਸ਼ਹਿਰੀ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਤੇ ਹਜ਼ਾਰਾਂ ਦੀ ਗਿਣਤੀ ’ਚ ਪੈਦਲ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ।

ਪਹਿਲਾ ਪ੍ਰਕਾਸ਼:ਸਾਂਝ ਭਰੇ ਜੀਵਨ ਦੀ ਹੋਈ ਪਹਿਲੀ ਵਾਰੀ ਆਸ

Sat, Aug 24, 2013 at 12:04 PM
ਇਸ ਉਪਦੇਸ਼ ਨੂੰ ਚੌਂਹ ਵਰਨਾਂ ਦੀ, ਸਾਂਝ ਬਣਾਇਆ ਸਤਗੁਰ ਜੀ ਨੇ
ਜੀਵਨ ਦੇ ਸ਼ੌਹ ਸਾਗਰ ਵਿਚੋਂ, ਪਾਰ ਲੰਘਾਇਆ ਸਤਗੁਰ ਜੀ ਨੇ -ਕੁਲਵੰਤ ਸਿੰਘ ਢੇਸੀ 
Courtesy Photo
ਸਾਰੀ ਮਾਨਵਤਾ ਲਈ ਪੋਥੀ ਦਾ ਹੋਇਆ ਪਹਿਲਾ ਪ੍ਰਕਾਸ਼
ਸਾਂਝ ਭਰੇ ਜੀਵਨ ਦੀ ਹੋਈ ਪਹਿਲੀ ਵਾਰੀ ਆਸ

ਨਾਂ ਕੇਵਲ ਸਿੱਖਾਂ ਨੂੰ ਬਲਕਿ ਸਭ ਨੂੰ ਅੱਜ ਵਧਾਈ ਹੋਏ
ਆਓ ਮਨ ਦਾ ਨ੍ਹੇਰਾ ਕੱਢੀਏ ਬਹਿ ਕੇ ਗੁਰਬਾਣੀ ਦੀ ਲੋਏ
ਸਾਰੀ ਸ੍ਰਿਸ਼ਟੀ ਚਹਿਕ ਪੈਂਦੀ ਹੈ, ਸੁਰ ਹੋਵੇ ਜੇ ਮਨ ਦਾ ਸਾਜ਼

ਇਸ ਉਪਦੇਸ਼ ਨੂੰ ਚੌਂਹ ਵਰਨਾਂ ਦੀ, ਸਾਂਝ ਬਣਾਇਆ ਸਤਗੁਰ ਜੀ ਨੇ
ਜੀਵਨ ਦੇ ਸ਼ੌਹ ਸਾਗਰ ਵਿਚੋਂ, ਪਾਰ ਲੰਘਾਇਆ ਸਤਗੁਰ ਜੀ ਨੇ
ਦੁਨੀਆਂ ਦੇ ਵਿਹੜੇ ‘ਚ ਹੋਈ ਸ਼ਗਨਾਂ ਦੀ ਪ੍ਰਭਾਤ

kulwantsinghdhesi@hotmail.com
ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਸਭਨਾਂ ਦੇ ਈ ਵੈਰੀ ਨੇ
ਗੋਰੇ ਕਾਲੇ ਚਿੱਟੇ ਭੂਰੇ ਦੇ ਲਈ ਬਹੁਤੇ ਈ ਜ਼ਹਿਰੀ ਨੇ
ਸਭ ਨਸਲਾਂ ਲਈ ਗੁਰਬਾਣੀ ਦੀ ਸਿੱਖਿਆ ਹੈ ਵੱਡਾ ਧਰਵਾਸ

ਗੁਰ ਪੀਰਾਂ ਤੇ ਭਗਤਾਂ ਭੱਟਾਂ ਸਿੱਖਾਂ ਦੀ ਹੈ ਸਾਂਝੀ ਬਾਣੀ
ਇਸ ਬਾਣੀ ਦੀ ਅਜ਼ਲਾਂ ਤੋਂ ਹੀ ਕਰਦਾ ਰਿਹਾ ਏ ਭਾਲ ਪ੍ਰਾਣੀ
ਅੰਮ੍ਰਿਤ ਦੇਂਦੀ ਜ਼ਹਿਰ ਮਿਟੇਂਦੀ ਇਹ ਕਵਿਤਾ ਹੈ ਐਸੀ ਖਾਸ

ਜਾਗਤ ਜੋਤ ਗੁਰੂ ਦੇ ਸਨਮੁਖ ਆਓ ਜੀ ਕਰੀਏ ਅਰਦਾਸ
ਸਾਡੇ ਔਗੁਣ ਬਖਸ਼ ਲਏ ਤੇ ਸੱਦ ਕੇ ਕੋਲ ਬਹਾਵੇ ਪਾਸ
ਦਰ ਦਰ ਦੀ ਠੋਕਰ ਹੈ ਦੇਖੀ, ਨਹੀਂ ਸਹਿ ਹੁੰਦਾ ਇਹ ਪ੍ਰਵਾਸ

ਪਤਾ ਨਹੀਂ ਕਿੰਨੇ ਜਨਮਾਂ ਥੀਂ, ਏਸ ਮੂਲ ਤੋਂ ਟੁੱਟੇ ਹੋਏ ਸਾਂ
ਸਭ ਸੰਸਾਰ ਨੂੰ ਪਾ ਕੇ ਵੀ ਤਾਂ, ਪ੍ਰੀਤਮ ਬਾਝੋਂ ਲੁੱਟੇ ਹੋਏ ਸਾਂ
ਸਤਗੁਰ ਕੋਟ ਪੈਂਡਾ ਧਾ ਆਵੇ, ਜੇ ਸਾਨੂੰ ਹੋਵੇ ਵਿਸ਼ਵਾਸ

ਮੋਹ ਮਾਇਆ ਦੀ ਖੇਡ ‘ਚ ਬੰਦਾ ਹੋ ਜਾਵੇ ਏਨਾਂ ਗਲਤਾਨ
ਪਿੱਠ ਦੇ ਕੇ ਪ੍ਰਤੱਖ ਪ੍ਰਭੂ ਨੂੰ ਹੋ ਜਾਵੇ ਅਸਲੋਂ ਸ਼ੈਤਾਨ
ਏਹੋ ਕਾਰਨ ਹੈ ਕਿ ਏਹਦਾ, ਕਾਰਜ ਨਾਂ ਕੋਈ ਆਵੇ ਰਾਸ

ਚੌਂਹ ਕੂੰਟਾਂ ਦੀ ਭਟਕਣ ਤੋਂ ਜੇਕਰ ਇਹ ਚਿਤ ਖਲੋ ਜਾਵੇ
ਜਗਤ ਜਲੰਦੇ ਸਾਰੇ ਦੀ ਹੀ ਫਿਰ ਤਾਂ ਬਹੁੜੀ ਹੋ ਜਾਵੇ
ਕਪਟੀ ਕਾਮੀ ਪਾਪੀ ਉਧਰੇ ਜੇ ਚਿੱਤ ਹੋਵੇ ਸ਼ਬਦ ਵਿਗਾਸ

ਐ ਮਾਲਕ ਸਾਡੀ ਖਾਨਾ ਜੰਗੀ ਤੋਂ, ਹੁਣ ਹੋ ਜਾਵੇ ਬੰਦ ਖਲਾਸ
ਸਾਰੇ ਭੇਦ ਤੇ ਭਰਮ ਮਿਟਾ ਕੇ ਭਾਈ ਬਹਿ ਜਾਵਣ ਆ ਪਾਸ
ਫੇਰ ਨਾਂ ਰੁੱਸਣ ਸੁੱਖੀ ਵਸਣ ‘ਢੇਸੀ’ ਦੀ ਏਹੋ ਅਰਦਾਸ
-----------------------------

Tuesday, August 27, 2013

ਪੀ.ਟੀ.ਸੀ. ਚੈਨਲ ਵੱਲੋਂ ਸਿੱਧਾ ਪ੍ਰਸਾਰਨ ਹੋਵੇਗਾ

Tue, Aug 27, 2013 at 4:10 PM
ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ-ਕੀਰਤਨ 1 ਸਤੰਬਰ ਨੂੰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌ ਸੱਜਣਗੇ
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ ਸ਼ਬਦ-ਵਿਚਾਰ ਸਮਾਗਮ
ਅੰਮ੍ਰਿਤਸਰ: 27 ਅਗਸਤ 2013: (ਕਿੰਗ/ਪੰਜਾਬ ਸਕਰੀਨ ਬਿਊਰੋ): ਬਾਣੀ ਦੇ ਬੋਹਿਥ, ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਅਲੌਕਿਕ ਨਗਰ-ਕੀਰਤਨ 1 ਸਤੰਬਰ ਨੂੰ ਸਵੇਰੇ 7 ਵਜੇ ਆਰੰਭ ਹੋਵੇਗਾ। ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਵਿੱਦਿਆਰਥੀ, ਸਟਾਫ਼ ਤੇ ਬੈਂਡ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਸ਼ਬਦੀ ਜਥੇ, ਧਾਰਮਿਕ ਸਭਾ-ਸੁਸਾਇਟੀਆਂ ਤੇ ਗੁਰੂ-ਜਸ ਗਾਇਨ ਕਰਦੀਆਂ ਸੰਗਤਾਂ ਸ਼ਮੂਲੀਅਤ ਕਰਨਗੀਆਂ।
ਇਸੇ ਦਿਨ ਪਹਿਲੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ 8.00 ਵਜੇ ਤੋਂ ਦੇਰ ਰਾਤ 1.00 ਵਜੇ ਤੀਕ ਸ਼ਬਦ-ਵਿਚਾਰ ਤੇ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਸ਼ਬਦ ਵਿਚਾਰਾਂ ਦੀ ਸਾਂਝ ਕੀਤੀ ਜਾਵੇਗੀ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਗੁਰਨਾਮ ਸਿੰਘ ਪਟਿਆਲਾ, ਡਾ:ਗੁਰਿੰਦਰ ਸਿੰਘ ਬਟਾਲਾ, ਭਾਈ ਅਮਰਜੀਤ ਸਿੰਘ ਪਟਿਆਲਾ, ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੇ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਵਾਲੇ ਤੇ ਬੀਬੀਆਂ ਦਾ ਜਥਾ (ਬਾਬਾ ਕੁੰਦਨ ਸਿੰਘ ਭਲਾਈ ਕੇਂਦਰ ਟਰੱਸਟ) ਲੁਧਿਆਣੇ ਵਾਲਿਆਂ ਦੇ ਜਥਿਆਂ ਵੱਲੋਂ ਕਥਾ ਵਖਿਆਨਾਂ ਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਹੁਣ 1 ਸਤੰਬਰ ਨੂੰ ਸਵੇਰੇ 8.30 ਵਜੇ ਤੋਂ 12 ਵਜੇ ਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ। ਰਾਤ ਨੂੰ ਦੀਪਮਾਲਾ ਹੋਵੇਗੀ ’ਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ। ਇਸ ਦਿਨ ਸਾਰੇ ਸਮਾਗਮਾਂ ਦਾ ਪੀ.ਟੀ.ਸੀ. ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 31 ਅਗਸਤ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੀਕ ਮਹਾਨ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਸਿੰਘ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਕੁਲਜੀਤ ਸਿੰਘ ਨੈਰੋਬੀ ਵਾਲੇ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਭਾਈ ਸਤਿੰਦਰਪਾਲ ਸਿੰਘ ਲੁਧਿਆਣਾ, ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ, ਭਾਈ ਸਤਬੀਰ ਸਿੰਘ ਚੋਜੀ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ, ਬੀਬੀ ਹਰਭਜਨ ਕੌਰ, ਬੀਬੀ ਪੁਖਰਾਜ ਕੌਰ ਅੰਮਿ੍ਰਤਸਰ ਆਦਿ ਦੇ ਜਥਿਆਂ ਵੱਲੋਂ ਕਥਾ ਵਖਿਆਨਾਂ ਤੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸੰਗਤਾਂ ਨੂੰ ਅਪੀਲ ਹੈ ਕਿ ਪਰਿਵਾਰਾਂ ਸਮੇਤ ਨਗਰ-ਕੀਰਤਨ ਅਤੇ ਸਜੇ ਦੀਵਾਨ ‘ਚ ਸ਼ਮੂਲੀਅਤ ਕਰਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨ।

Tuesday, April 02, 2013

ਸ਼ੁਕਰਾਨਾ ਸਮਾਗਮ 4 ਅਪ੍ਰੈਲ ਨੂੰ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਰੇਲ ਲਿੱਪੀ ਅੰਤਰਣ
ਵਿਸ਼ੇਸ਼ ਧਾਰਮਿਕ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ
ਅੰਮ੍ਰਿਤਸਰ: 02 ਅਪ੍ਰੈਲ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਕਲਿਆਣਕਾਰੀ ਸੰਦੇਸ਼ ਵਿਸ਼ਵ ਭਰ ਵਿੱਚ ਪ੍ਰਚਾਰਣ ਪ੍ਰਸਾਰਣ ਹਿੱਤ ਗੁਰਬਾਣੀ ਦੇ ਅਨੁਵਾਦ, ਟੀਕੇ, ਸ਼ਬਦਾਰਥ ਆਦਿ ਪਹਿਲਾਂ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਕੀਤੇ ਗਏ ਸਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਨੂੰ ਸੂਰਮੇ ਸਿੰਘ (ਅੱਖਾਂ ਦੀ ਜੋਤ ਤੋਂ ਵਿਹੂਣੇ) ਨਹੀਂ ਸਨ ਪੜ੍ਹ ਸਕਦੇ ਜਿੰਨ੍ਹਾਂ ਦੀ ਸਹੂਲਤ ਵਾਸਤੇ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਖਤ ਮਿਹਨਤ ਤੇ ਸਬਰ-ਸਿਦਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਗੁਰਬਾਣੀ ਨੂੰ ਬਰੇਲ ਲਿੱਪੀ ਵਿੱਚ ਅੰਤਰਣ ਕਰਨ ਦਾ ਮਹਾਨ ਇਤਿਹਾਸਕ ਤੇ ਅਧਿਆਤਮਿਕ ਕਾਰਜ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਜਾਰੀ ਪ੍ਰੈਸ ਰਲੀਜ਼ 'ਚ ਸ.ਰੂਪ ਸਿੰਘ ਸਕੱਤਰ ਨੇ ਕਿਹਾ ਕਿ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਹ ਕਾਰਜ ਸਾਲਾਂ ਦੀ ਮਿਹਨਤ ਨਾਲ 18 ਪੋਥੀਆਂ ਵਿੱਚ ਤਿਆਰ ਕਰਵਾਇਆ, ਜਿੰਨ੍ਹਾਂ ਤੋਂ ਹੁਣ ਸੂਰਮੇ ਸਿੰਘ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰ ਸਕਣਗੇ। ਭਾਈ ਗੁਰਮੇਜ ਸਿੰਘ ਵੱਲੋਂ ਕੀਤੇ ਇਸ ਕਾਰਜ ਦੀ ਸੰਪੂਰਨਤਾ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਵਿਸ਼ੇਸ਼ ਧਾਰਮਿਕ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 4 ਅਪ੍ਰੈਲ ਨੂੰ ਸਵੇਰੇ 11:00 ਤੋਂ 1:30 ਵਜੇ ਤੀਕ ਹੋਵੇਗਾ।ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਸ਼ੁਕਰਾਨਾ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਧਾਰਮਿਕ ਸਭਾ ਸੁਸਾਇਟੀਆਂ ਤੇ ਸਿੱਖ ਸੰਗਤਾਂ ਨੂੰ ਇਸ ਸ਼ੁਕਰਾਨਾ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ।