Showing posts with label ਪ੍ਰੈਸ ਕਾਨਫਰੰਸ. Show all posts
Showing posts with label ਪ੍ਰੈਸ ਕਾਨਫਰੰਸ. Show all posts

Friday, September 14, 2012

ਪੀਪੀਪੀ ਦੇ ਈ-ਅਖਬਾਰ ਜਾਰੀ-ਅਮਨਪ੍ਰੀਤ ਛੀਨਾ

ਸਮਾਗਮ 'ਚ ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਨਿੱਘਾ ਸਵਾਗਤ
ਸਿਆਸੀ ਮੈਰਾਥਨ ਪੀਪੀਪੀ ਅਸੂਲਾਂ ਤੇ ਜਿੱਤੇਗੀ-ਛੀਨਾ 
ਲੰਡਨ 13 ਸਤੰਬਰ 2012:ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਪੀਪੀਪੀ ਐਨ.ਆਰ.ਆਈ. ਵਿੰਗ ਦੇ ਈ-ਅਖਬਾਰ ਜ਼ਾਰੀ ਕਰਨ ਸਮੇਂ ਪੀ ਪੀ ਪੀ (ਇੰਗਲੈਂਡ) ਨੇ ਨਿਘਾ ਸਵਾਗਤ ਕੀਤਾ | ਬਾਬਾ ਫੋਜਾ ਸਿੰਘ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਸਮੁਚੇ ਭਾਰਤ ਦੀ ਰਾਜਨੀਤੀ ਭ੍ਰਿਸਟ ਨੇਤਾਵਾਂ ਕਾਰਨ ਗੰਦਲੀ ਹੋ ਚੁੱਕੀ ਹੈ ਅਤੇ ਸਤਾ ਤੇ ਕਾਬਜ ਲੋਕ ਨੋਟਾਂ ਦੇ ਮਹਿਲ ਉਸਾਰਨ ‘ਚ ਲਗੇ ਹਨ ਅਤੇ ਇਸ ਤੋਂ ਉਲਟ ਆਮ ਆਦਮੀ ਰੋਟੀ ਕੱਪਡ਼ੇ ਅਤੇ ਮਕਾਨ ਦੀ ਲਡ਼ਾਈ ‘ਚ ਅਪਣਾ ਜੀਵਨ ਬਰਬਾਦ ਕਰ ਲੈਂਦਾ ਹੈ | ਉਹਨਾ ਕਿਹਾ ਕਿ ਮੈ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ‘ਚ ਨਹੀ ਪਰ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਇਸ ਨਾਜੁਕ ਘਡ਼ੀ ਵਿਚ ਸਾਫ਼-ਸੁਥਰੇ ਅਕਸ਼ ਵਾਲੇ ਇਮਾਨਦਾਰ ਸਿਆਸੀ ਲੋਕਾਂ ਦਾ ਸਾਥ ਦੇਣ ਤਾਂ ਜੋ ਸੂਬੇ ਵਿਚੋਂ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਨਪਡ਼ਤਾ ਆਦਿ ਦਾ ਖਾਤਮਾ ਕਰ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ | 
ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ, ਪੀਪੀਪੀ (ਐਨ.ਆਰ.ਆਈ. ਵਿੰਗ) ਬਾਬਾ ਫੋਜਾ ਸਿੰਘ ਜੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਪਾਰਟੀ ਦਾ ਹਰ ਵਰਕਰ ਪੰਜਾਬ ਦੀ ਸਿਆਸੀ ਮੈਰਾਥਨ ਦੋਡ਼ ਨੂੰ ਅਸੂਲਾਂ ਤੇ ਜਿਤਣ ਲਈ ਦਿਨ ਰਾਤ ਇਕ ਕਰ ਪੰਜਾਬ ਨੂੰ ਫਿਰ ਤੋਂ ਹਿੰਦੁਸਤਾਨ ‘ਚ ਨੰਬਰ ਇਕ ਸੂਬਾ ਬਣਾਉਣ ਲਈ ਹਰ ਸੰਭਵ ਕੋਸ਼ਿਸ ਕਰੇਗਾ ਤਾਂ ਜੋ ਪੰਜਾਬ ਦੇ ਪੰਜਾਬੀ ਨੂੰ ਆਪਣਾ ਪਰਿਵਾਰ ਪਾਲਨ ਖਾਤਿਰ ਦਿਹਾਡ਼ੀਆਂ ਕਰਨ ਦੂਸਰੇ ਸੂਬਿਆਂ ਜਾਂ ਵਿਦੇਸ਼ਾਂ ‘ਚ ਨਾ ਜਾਣਾ ਪਵੇ | ਉਹਨਾ ਦਸਿਆ ਕਿ ਪੀਪੀਪੀ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਈ-ਮੇਲ ਰਾਹੀਂ ਅਪਣਾ ਈ-ਅਖਬਾਰ ਮੁਫਤ ਭੇਜੇਗੀ ਤਾਂ ਜੋ ਦੁਨੀਆਂ ਭਰ ‘ਚ ਪੀਪੀਪੀ ਦੇ ਸਮਰਥਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੁ ਰਹਿ ਸਕਣ|

ਸ. ਛੀਨਾ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਸ. ਦਿਲਬਾਗ ਸਿੰਘ ਚਾਹਲ ਨੂੰ ਇੰਗਲੈਂਡ ਦੀ ਕੇਂਦਰੀ ਕਮੇਟੀ ਦਾ ਜੁਆਇੰਟ ਸਕੱਤਰ ਘੋਸ਼ਿਤ ਕਿਤਾ ਅਤੇ ਦਸਿਆ ਕਿ ਪੀਪੀਪੀ 30 ਸਤੰਬਰ 2012 ਨੂੰ ਸ. ਭਗਤ ਸਿੰਘ ਜੀ ਦੇ 106 ਸਾਲਾ ਜਨਮ-ਦਿਨ ਤੇ ਸਕਲਤਵਾਲਾ ਹਾਲ, ਸਾਮਣੇ ਦੋਮਿਨਿਅਨ ਕਾਰ ਪਾਰਕ, ਸਾਉਥ-ਹਾਲ, ਲੰਡਨ ਵਿੱਖੇ ਸਮੂਹ ਪਾਰਟੀ ਮੈਂਬਰਾਂ ਦਾ ਇਜਲਾਸ ਕਰਕੇ ਮਨਾਵੇਗੀ| ਇਸ ਮੋਕੇ ਤੇ ਪੀਪੀਪੀ ਦੀ ਈਸਟ ਲੰਡਨ ਸ਼ਾਖਾ ਤੋਂ ਅਮਰੀਕ ਸਿੰਘ ਗਿੱਲ ਪ੍ਰਧਾਨ, ਪ੍ਰੀਤਮ ਸਿੰਘ ਸੀ. ਮੀਤ ਪ੍ਰਧਾਨ, ਬਲਵੀਰ ਸਿੰਘ ਮਾਹਲ ਅਤੇ ਟੁਟ ਸਾਹਿਬ  ਮੀਤ ਪ੍ਰਧਾਨ, ਤਰਲੋਚਨ ਸਿੰਘ ਜੌਹਲ ਜਨਰਲ ਸਕੱਤਰ, ਪਰਮਜੀਤ ਰਤਨਪਾਲ ਆਫਿਸ ਸੈਕਟਰੀ, ਜਗਦੇਵ ਸਿੰਘ ਪੁਰੇਵਾਲ ਅਤੇ ਅਮਰੀਕ ਸਿੰਘ ਬੋਪਾਰਾਏ ਜੁਆਇੰਟ ਸਕੱਤਰ, ਮਹਿੰਦਰ ਸਿੰਘ ਸੰਘਾ ਅਤੇ ਰਸਬੀਰ ਸਿੰਘ ਬਡ਼ਿੰਗ ਖਜਾਨਚੀ ਅਤੇ ਕਰਨਵੀਰ ਸਿੰਘ ਬੈਣੀਵਾਲ ਨੌਜਵਾਨ ਆਗੂ ਆਦਿ ਹਾਜਰ ਸਨ । 

Tuesday, September 27, 2011

ਖ਼ਾਲਸਾ ਕਾਲਜ ਨੂੰ ਮਿਲਿਆ 'ਏ' ਗਰੇਡ

ਕਾਲਜ ਮੈਨੇਜਮੈਂਟ ਨੇ ਕੀਤਾ ਅਧਿਆਪਕਾਂ ਨੂੰ ਸਨਮਾਨਿਤ
 ਅੰਮ੍ਰਤਿਸਰ 26 ਸਤੰਬਰ:  (ਗਜਿੰਦਰ ਸਿੰਘ ਕਿੰਗ):


ਸਥਾਨਿਕ ਖ਼ਾਲਸਾ ਕਾਲਜ ਨੇ ਅੱਜ ਇੱਕ ਅਲੱਗ ਕਦਮ ਪੁੱਟਦਿਆਂ, ਕਾਲਜ ਦੇ ਅਧਿਆਪਕਾਂ, ਜਿਨ੍ਹਾਂ ਦੀ ਦੇਣ ਸਦਕਾ ਕਾਲਜ ਨੂੰ ਨੈਸ਼ਨਲ ਅਕਰੈਡਿਟੇਸ਼ਨ ਐਂਡ ਅਸੈਸਮੈਂਟ ਕਾਉਂਸਿਲ ਨੇ 'ਏ' ਗਰੇਡ ਦਿੱਤਾ, ਨੂੰ ਅੱਜ ਕਾਲਜ ਮੈਨਜਮੈਂਟ ਨੇ ਇੱਕ ਸਪੈਸ਼ਲ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ। ਕਾਲਜ ਮੈਨਜਮੈਂਟ ਨੇ ਕਿਹਾ ਕਿ ਅਧਿਆਪਕਾਂ ਨੂੰ ਸਨਮਾਨ ਕਰਨ ਦਾ ਮਕਸੱਦ ਉਨ੍ਹਾਂ ਦੇ ਕੀਤੇ ਹੋਏ ਕੰਮ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਨਾ ਸੀ।
ਖ਼ਾਲਸਾ ਕਾਲਜ ਗਵਰਨਿੰਗ ਕਾਉਂਸਿਲ ਦੇ ਆਨਰੇਰੀ ਸੈਕਟਰੀ ਰਜਿੰਦਰਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਵਿਦਿਅਕ ਅਦਾਰੇ ਦੀ ਰੀੜ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰੱਲ ਕੇ ਜੋ ਕੰਮ ਕਾਲਜ ਦੇ ਵਿਦਿਅਕ ਮਿਆਰ ਨੂੰ ਉੱਪਰ ਚੁੱਕਣ ਵਿੱਚ ਕੀਤਾ, ਉਸਦੇ ਨਤੀਜੇ ਵਜੋਂ ਹੀ ਕਾਲਜ ਨੂੰ 'ਏ' ਗਰੇਡ ਲੈਣ ਵਿੱਚ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਜਿਆਦਾ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਪ੍ਰੋਗਰਾਮ ਦੇ ਦੌਰਾਨ ਇੱਕ ਸਭਿਆਚਾਰਕ ਪ੍ਰੋਗਰਾਮ ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਨਾਲ ਹੋਈ ਅਤੇ ਬਾਅਦ ਵਿੱਚ ਭੰਗੜਾ ਅਤੇ ਲੋਕ ਗਾਇਕੀ ਪੇਸ਼ ਹੋਈ, ਨੇ ਰੰਗ ਬੰਨਿਆਂ ਅਤੇ ਸਰੋਤਿਆਂ ਜਿਨ੍ਹਾਂ ਵਿੱਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਨੂੰ ਕੋਈ 2 ਘੰਟੇ ਦੇ ਸਮੇਂ ਦੌਰਾਨ ਕੀਲੀ ਰੱਖਿਆ। ਕਾਲਜ ਪ੍ਰਿੰਸੀਪਲ ਡਾ: ਦਲਜੀਤ ਸਿੰਘ ਨੇ ਕਿਹਾ ਕਿ ਕਾਲਜ ਨੂੰ 'ਏ' ਗਰੇਡ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਅੱਜ ਦਾ ਸਮਾਗਮ ਉਨ੍ਹਾਂ ਸਾਰੇ ਅਧਿਆਪਕਾਂ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਗੌਰਵ ਪ੍ਰਾਪਤ ਹੋਇਆ, ਨੂੰ ਉਨ੍ਹਾਂ ਦੇ ਕੀਤੇ ਹੋਏ ਕੰਮ ਵਾਸਤੇ ਧਨਵਾਦ ਕਹਿਣਾ ਸੀ।
119 ਸਾਲ ਪੁਰਾਣਾ ਖ਼ਾਲਸਾ ਕਾਲਜ ਵਿਦਿਅਕ ਖੇਤਰ ਵਿੱਚ ਨਵੀਆਂ ਪੁਲਾਂਗਾਂ ਪੁੱਟ ਰਿਹਾ ਹੈ ਅਤੇ 'ਏ' ਗਰੇਡ ਕਾਲਜ ਨੂੰ ਮਿਲਣਾ ਇਸੇ ਹੀ ਕੜੀ ਦਾ ਹਿੱਸਾ ਹੈ। ਕਾਲਜ ਵਿੱਚ ਜਿਆਦਾ ਤੋਂ ਜਿਆਦਾ ਵਿਦਿਆਰਥੀ ਮੈਰਿਟ ਲਿਸਟ ਵਿੱਚ ਆ ਰਹੇ ਹਨ ਅਤੇ ਕਾਲਜ ਨੇ ਸਭਿਆਚਾਰਕ ਪ੍ਰੋਗਰਾਮ, ਐਨ ਸੀ ਸੀ , ਐਨ ਐਸ ਐਸ ਵਰਗੇ ਸਮਾਜਿਕ ਕੰਮਾ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਨੈਕ ਦੀ ਇੱਕ ਟੀਮ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਲਜ ਦਾ ਦੌਰਾ ਕੀਤਾ ਸੀ ਅਤੇ ਕਾਲਜ ਦੀ ਵਿਦਿਅਕ ਸਮਰੱਥਾ, ਇੱਥੋਂ ਦੇ ਵਿਦਿਅਕ ਸਾਜੋਸਮਾਨ ਦੇ ਢਾਂਚੇ ਨੂੰ ਬੜੀ ਗਹਿਰੀ ਨਜ਼ਰ ਨਾਲ ਪਰਖਿਆ ਸੀ, ਜਿਸ ਵਿੱਚ ਕਾਲਜ ਮਾਹਿਰਾਂ ਦੇ ਨਿਰੀਖਣ ਵਿੱਚ ਕਾਮਯਾਬ ਰਿਹਾ।

Friday, September 02, 2011

25 ਦਿਨਾਂ ਵਿੱਚ ਛੇ ਜਾਨਾਂ ਬਚਾਈਆਂ ਅੰਮ੍ਰਿਤਸਰ ਦੀ ਪੰਘੂੜਾ ਸਕੀਮ ਨੇ

ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ 
ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ  ਕੰਪਲੈਕਸ ਵਿੱਚ ਸਥਾਪਤ  ਪੰਘੂੜੇ ਵਿੱਚ ਅੱਜ 43ਵੇਂ ਬੱਚੇ ਦੀ ਆਮਦ ਹੋਈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਪਿਛਲੇ 25 ਦਿਨਾਂ ਦੇ ਸਮੇਂ ਵਿੱਚ ਪੰਘੂੜਾ ਸਕੀਮ ਤਹਿਤ 6 ਬੱਚਿਆਂ ਦੀ ਜਾਨ ਬਚਾਉਣ ਵਿੱਚ ਰੈਡ ਕਰਾਸ ਸੁਸਾਇਟੀ ਨੂੰ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ  11:00 ਵਜੇ ਇਕ ਬੱਚੀ ਜਿਸ ਦੀ ਉਮਰ ਤਕਰੀਬਨ 2 ਦਿਨ ਦੀ ਲੱਗਦੀ ਹੈ, ਨੂੰ ਕੋਈ ਪੰਘੂੜੇ ਵਿੱਚ ਛੱਡ ਗਿਆ।  ਇਸ ਬੱਚੀ ਨੂੰ ਮੁੱਢਲੀ ਡਾਕਟਰੀ ਸਹਾਇਤਾ  ਲਈ ਈ:ਐਮ:ਸੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਬਿੱਚੀ ਬਿਲਕੁਲ ਤੰਦਰੁਸਤ ਹੈ ਅਤੇ ਉਸ ਨੂੰ ਪਾਲਣ ਪੋਸ਼ਣ ਤੇ ਕਾਨੂੰਨੀ ਅਡਾਪਸ਼ਨ ਹਿੱਤ ਸਰਕਾਰ ਵੱਲੋਂ ਘੋਸ਼ਿਤ ਸੰਸਥਾ  ਵਿੱਚ ਪਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਉਕਤ ਸੰਸਥਾ ਵੱਲੋਂ ਬੱਚੀ ਦੀ ਅਡਾਪਸ਼ਨ ਕਰਵਾਈ ਜਾਵੇਗੀ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਲ 2008 ਦੌਰਾਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਰੈਡ ਕਰਾਸ ਦੇ ਸਹਿਯੋਗ ਨਾਲ ਲਵਾਰਸ ਅਤੇ ਪਾਲਣ ਪੋਸ਼ਣ ਤੋਂ ਅਸਮਰਥ ਮਾਪਿਆਂ ਲਈ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੰਤਵ ਬੇਸਹਾਰਾ ਅਤੇ ਲਵਾਰਸ ਬੱਚਿਆਂ ਦੀ ਪਰਵਰਿਸ਼ ਚੰਗੇ ਢੰਗ ਨਾਲ ਅਤੇ ਵਧੀਆ ਵਾਤਾਵਰਣ ਵਿੱਚ ਕਰਨ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਡਾਪਸ਼ਨ ਕੇਂਦਰਾਂ ਵਿੱਚ ਤਬਦੀਲ ਕਰਨਾ ਹੈ ਤਾਂ ਜੋ ਇਛੁੱਕ ਜੋੜੇ ਉਥੋ ਇਨ੍ਹਾਂ ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਗੋਦ ਲੈ ਸਕਣ।  
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2008 ਦੌਰਾਨ 8 ਬੱਚੇ, 2009 ਦੌਰਾਨ 6,   2010 ਦੌਰਾਨ 16 ਅਤੇ ਚਾਲੂ ਸਾਲ ਦੇ 8 ਮਹੀਨਿਆਂ ਦੇ ਅੰਦਰ ਅੰਦਰ 13 ਬੱਚਿਆਂ ਦੀ ਜਾਨ ਬਚਾਉਣ ਵਿੱਚ ਸਫਲਤਾ ਮਿਲੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਬਿਨਾਂ ਸ਼ੱਕ ਕੋਈ ਵੀ ਮਾਂ-ਬਾਪ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਪਰ ਜਦ ਮਮਤਾ 'ਤੇ ਮਜਬੂਰੀ ਹਾਵੀ ਹੋ ਜਾਂਦੀ ਹੈ ਤਾਂ ਹੀ ਕੋਈ  ਵਿਅਕਤੀ ਅਜਿਹਾ ਰਾਹ ਅਖਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਮਾਜਿਕ ਤਾਣਾ-ਬਾਣਾ ਕੁਝ ਇਸ ਕਦਰ ਉਲਝ ਗਿਆ ਹੈ ਕਿ ਅਜੇ ਵੀ ਲੜਕੀਆਂ ਨੂੰ ਬੋਝ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਵਿਦਿਆ ਦਾ ਚਾਨਣ ਫੈਲਾਅ ਕੇ ਸਦੀਆਂ ਪੁਰਾਣੀ ਰੂੜੀਵਾਦੀ ਮਾਨਸਿਕਤਾ ਨੂੰ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸਾਸ਼ਨ ਅਤੇ ਵੱਖ ਵੱਖ ਸੰਸਥਾਵਾਂ ਇਸ ਮੰਤਵ ਲਈ ਉਪਰਾਲੇ ਕਰ ਰਹੀਆਂ ਹਨ ਪਰ ਲੋੜ ਹੈ ਕਿ ਧੀਆਂ ਬਚਾਉਣ ਲਈ ਲੋਕ ਲਹਿਰ ਪੈਦਾ ਕੀਤੀ ਜਾਵੇ।
ਇਸ ਮੌਕੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਪੰਘੂੜੇ ਵਿੱਚ ਪ੍ਰਾਪਤ ਬੱਚਿਆਂ ਨੂੰ ਜਲੰਧਰ ਜਾਂ ਲੁਧਿਆਣਾ ਦੇ ਅਡਾਪਸ਼ਨ ਕੇਂਦਰਾਂ ਵਿੱਚ ਭੇਜਿਆ ਜਾਂਦਾ ਸੀ ਪਰ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਨੂੰ ਵੀ ਇਸ ਮੰਤਵ ਲਈ ਅਧਿਕਾਰਤ ਕਰ ਦਿੱਤਾ ਗਿਆ ਹੈ ਅਤੇ ਉਕਤ ਸੰਸਥਾ ਵੱਲੋਂ ਇਸ ਕੰਮ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿੰਨਾਂ ਦੇ ਚਲਦਿਆਂ ਜਲਦੀ ਹੀ ਇਕ ਹੋਰ ਲੀਗਲ ਅਡਾਪਸ਼ਨ ਸੈਂਟਰ ਉਪਲਬੱਧ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਇਕ ਅਜਿਹੀ ਮੁਹਿੰਮ ਦਾ ਹਿੱਸਾ ਹਨ, ਜਿਸ ਦੇ ਤਹਿਤ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਹੋਈ ਹੈ।

Monday, August 29, 2011

ਪੇਂਡੂ ਇਲਾਕਿਆ ਵਿੱਚ ਘਰੇਲੂ ਗੈਸ ਦੀ ਸਪਲਾਈ ਹੋਵੇਗੀ ਬਿਹਤਰ

115 ਹੋਰ ਨਵੀਆਂ ਗੈਸ ਏਜੰਸੀਆਂ ਨੂੰ ਜਾਰੀ ਹੋਣਗੇ ਲਾਈਸੈਂਸ
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ:
ਪੇਂਡੂ ਇਲਾਕਿਆ ਵਿੱਚ ਘਰੇਲੂ ਗੈਸ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ 115 ਹੋਰ ਨਵੀਆਂ ਗੈਸ ਏਜੰਸੀਆਂ ਨੂੰ ਲਾਈਸੈਂਸ ਜਾਰੀ ਕੀਤੇ ਜਾਣਗੇ, ਇਹ ਜਾਣਕਾਰੀ ਇੰਡੀਅਨ ਆਇਲ ਦੇ ਜਨਰਲ ਮੇਨੈਜਰ ਪੰਜਾਬ, ਸ੍ਰੀ ਆਰ. ਕੇ. ਅਰੋੜਾ ਨੇ ਸਥਾਨਕ ਸਰਕਟ ਹਾਊਸ ਵਿੱਚ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਦਿੱਤੀ।
       ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਘਰੇਲੂ ਗੈਸ ਦੀ ਮੰਗ ਵਧਣ ਨਾਲ, ਉਸ ਦੀ ਪੂਰਤੀ ਲਈ ਤੇਲ ਕੰਪਨੀਆਂ ਨੇ ਇਹ ਕਦਮ ਚੁੱਕਣ ਜਾ ਰਹੀਆਂ ਹਨ ਤਾਂ ਜੋ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰ ਵਿੱਚ ਵੀ ਐੱਲ.ਪੀ.ਜੀ. ਦੀ ਸਪਲਾਈ ਨੂੰ ਪੂਰਾ ਕੀਤਾ ਜਾ ਸਕੇ।
       ਉਨ੍ਹਾਂ ਦੱਸਿਆ ਕਿ ਬਠਿੰਡਾ ਰਿਫਾਇਨਰੀ ਵਿੱਚ ਐੱਲ.ਪੀ.ਜੀ. ਗੈਸ ਦਾ ਪਲਾਂਟ ਲਗ ਰਿਹਾ ਹੈ ਜੋ ਕਿ ਨਵੰਬਰ ਤੱਕ ਐੱਲ.ਪੀ.ਜੀ. ਗੈਸ ਦੀ ਪ੍ਰੋਡਕਸ਼ਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਹਿੰਦੋਸਤਾਨ ਪੈਟਰੋਲੀਅਮ ਵੱਲੋਂ ਵੀ ਇਸ ਰਿਫਾਇਨਰੀ ਵਿੱਚ ਐੱਲ.ਪੀ.ਜੀ. ਗੈਸ ਦਾ ਪਲਾਂਟ ਲਗਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਨਾਭਾ ਗੈਸ ਪਲਾਂਟ ਵਿੱਚ ਇੱਕ ਹੋਰ ਯੂਨਿਟ ਸ਼ੁਰੂ ਕੀਤਾ ਜਾ ਰਿਹਾ ਹੈ।
ਸ੍ਰੀ ਆਰ. ਕੇ. ਅਰੋੜਾ ਨੇ ਦੱਸਿਆ ਕਿ ਗੈਸ ਦੀ ਵੰਡ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਸ਼ੁਰੂ ਹੋਏ ''ਟਰਾਂਸਪੇਰੇਂਸ਼ੀ ਪੋਰਟਲ” ਨੂੰ ਪੰਜਾਬ ਵਿੱਚ ਜਲਦੀ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਅਸੀਂ ਆੱਨ ਲਾਈਨ ਜਾ ਕੇ ਇਹ ਪਤਾ ਕਰ ਸਕਦੇ ਹਾਂ ਕਿ ਕਿਸ ਖਪਤਕਾਰ ਨੇ ਮਹੀਨੇ ਵਿੱਚ ਕਿੰਨੇ ਗੈਸ ਸਿਲੰਡਰ ਲਏ ਹਨ ਅਤੇ ਹੁਣ ਹਰ ਕੁਨੈਕਸ਼ਨ ਲੈਣ ਵਾਲੇ ਨੂੰ ਉਸ ਦੇ ਯੂ. ਆਈ. ਡੀ. ਕਾਰਡ (ਵਿਲੱਖਣ ਪਛਾਣ ਨੰਬਰ) ਨਾਲ ਜੋੜਿਆ ਜਾਵੇਗਾ ਤਾਂ ਜੋ ਨਜਾਇਜ਼ ਕੁਨੈਕਸ਼ਨ ਲੈਣ ਦੇ ਰੁਝਾਨ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਵਪਾਰਕ ਕੰਮਾਂ ਲਈ ਘਰੇਲੂ ਗੈਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸ਼ਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸ ਨੂੰ ਰੋਕਣ ਲਈ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾਂਦੀ ਹੈ।
ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਗੱਡੀਆਂ ਵਿੱਚ ਘਰੇਲੂ ਗੈਸ ਦੀ ਵਰਤੋਂ ਨਾ ਕਰਨ ਅਤੇ ਗੱਡੀਆਂ 'ਚ ਰਿਫ਼ਿਲਿੰਗ ਪੰਜਾਬ ਵਿੱਚ ਲੱਗੇ 9 ਗੈਸ ਸ਼ਟੇਸ਼ਨਾਂ ਤੋਂ ਹੀ ਕੀਤੀ ਜਾਵੇ।
ਇਸ ਮੌਕੇ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ, ਕੈਬਨਿਟ ਮੰਤਰੀ ਪੰਜਾਬ, ਜ਼ਿਲ੍ਹਾਂ ਫੂਡ ਅਤੇ ਸਿਵਲ ਸਪਲਾਈ ਕੰਟਰੋਲਰ, ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ ਅਤੇ ਗੈਸ ਏਜੰਸੀਆਂ ਦੇ ਮਾਲਕ ਹਾਜ਼ਰ ਸਨ।

Thursday, June 23, 2011

ਫਾਂਸੀ ਦੀ ਸਜ਼ਾ ਮਨੁੱਖਤਾ ਲਈ ਕਲੰਕ

 ਪ੍ਰੋ. ਭੁੱਲਰ ਦੀ ਰਿਹਾਈ ਲਈ ਪ੍ਰਧਾਨਮੰਤਰੀ ਤੇ ਮੁੱਖਮੰਤਰੀ ਨੂੰ ਲਿੱਖੀ ਖੂਨ ਨਾਲ ਚਿੱਠੀ:ਖਾਲਸਾ ਪੰਚਾਇਤ ਵੀ ਸਰਗਰਮ: ਫੋਟੋ ਵਾਲੀ ਟੀਸ਼ਰਟ ਹੋਈ ਪਾਪੂਲਰ 
ਲੁਧਿਆਣਾ: ਪ੍ਰੋ. ਦਵਿੰਦਰ  ਪਾਲ ਸਿੰਘ ਭੁੱਲਰ ਦੀ ਫਾਂਸੀ ਵਾਲੀ ਸਜ਼ਾ ਰੱਦ ਕਰਾਉਣ ਲਈ ਸਿੱਖ ਸੰਗਠਨ ਇੱਕ ਜੁੱਟ ਹੋ ਕੇ ਲਗਾਤਾਰ ਆਪਣੀ ਸਰਗਰਮੀ ਵਧਾ ਰਹੇ ਹਨ.ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਪ੍ਰੋ. ਭੁੱਲਰ ਦੀ ਰਿਹਾਈ ਲਈ ਵਿਦੇਸ਼ਾਂ ਵਿੱਚ ਵੀ ਲਾਮਬੰਦੀ ਸ਼ੁਰੂ ਹੋ ਗਈ ਹੈ. ਇਸ ਮੁਹਿੰਮ ਨਾਲ ਸਿੱਖ ਜਗਤ ਵਿੱਚ ਪ੍ਰੋ. ਭੁੱਲਰ ਦੀ  ਅਹਿਮੀਅਤ ਹੋਰ ਵਧ ਗਈ ਹੈ. ਜਿਹਨਾਂ ਨੂੰ ਪ੍ਰੋ. ਭੁੱਲਰ ਬਾਰੇ ਕੁਝ ਵੀ ਨਹੀਂ ਸੀ ਪਤਾ ਉਹਨਾਂ ਦੇ ਮਨਾਂ ਵਿੱਚ ਵੀ ਹੁਣ ਪ੍ਰੋ. ਭੁੱਲਰ ਲਈ ਅਥਾਹ ਪਿਆਰ ਪੈਦਾ ਹੋ ਗਿਆ ਹੈ. ਬਜ਼ਾਰਾਂ ਵਿੱਚ ਪ੍ਰੋ.ਭੁੱਲਰ ਦੀ ਤਸਵੀਰ ਵਾਲੀਆਂ ਸ਼ਰਟਾਂ ਇੱਕ ਫੈਸ਼ਨ ਦੀ ਤਰਾਂ ਵਿਕ ਰਹੀਆਂ ਹਨ ਅਤੇ ਉਹ ਵੀ ਬੜੇ ਮਹਿੰਗੇ ਭਾਅ. ਜਿਹੜੀ ਆਮ ਟੀ ਸ਼ਰਟ ਸਾਧਾਰਣ ਤੌਰ ਤੇ ਸਿਰਫ ਡੇਡ ਕੁ ਸੌ ਰੁਪੈ ਦੀ ਵਿਕਦੀ ਹੈ ਉਹੀ ਟੀਸ਼ਰਟ ਪ੍ਰੋ. ਭੁੱਲਰ ਦੀ ਤਸਵੀਰ ਨਾਲ ਲਓ ਤਾਂ ਉਸਦਾ ਰੇਟ ਕਈ ਵਾਰ ਪੰਜ ਸੌ ਨੂੰ ਵੀ ਟੱਪਦਾ ਹੈ ਪਰ ਫਿਰ ਵੀ ਲੋਕ ਖਰੀਦ ਰਹੇ ਹਨ.  ਸਿੱਖ ਮਨਾਂ ਵਿੱਚ ਪ੍ਰੋ. ਭੁੱਲਰ ਦੀ ਅਹਿਮੀਅਤ ਹੁਣ ਹੋਰ ਵਧ ਗਈ ਹੈ. ਇਸ ਤਸਵੀਰ ਦੇ ਬਹਾਨੇ ਨਾਲ ਉਹਨਾਂ ਲੋਕਾਂ ਨੂੰ ਵੀ ਪ੍ਰੋ. ਭੁੱਲਰ ਦੇ ਕੇਸ ਦਾ ਪਤਾ ਲੱਗ ਰਿਹਾ ਹੈ ਜਿਹਨਾਂ ਨੂੰ ਇਸ ਬਾਰੇ ਕੁਝ ਹਫਤੇ ਪਹਿਲਾਂ ਤੱਕ ਵੀ ਕੁਝ ਨਹੀਂ ਸੀ ਪਤਾ. ਇਹ ਟੀ ਸ਼ਰਤ ਹੀ ਲੋਕਾਂ ਨੂੰ ਦੱਸ ਰਹੀ ਹੈ ਕੀ ਪੰਜਾਬ ਵਿੱਚ ਕਿਸੇ ਵੇਕੇ ਖੂਨੀ ਹਨੇਰੀ ਬੜੇ ਜ਼ੋਰਾਂ ਨਾਲ ਝੁੱਲੀ ਸੀ. ਉਸ ਵੇਲੇ ਜਿਹਨਾ ਦੀ ਉਮਰ ਬਹੁਤ ਹੀ ਛੋਟੀ ਸੀ ਜਾਨ ਫੇਰ ਉਹਨਾਂ ਦਾ ਜਨਮ ਹੀ ਬਹੁਤ ਮਗਰੋਂ ਹੋਇਆ ਉਹਨਾਂ ਨੂੰ ਵੀ ਹੁਣ ਪਤਾ ਲੱਗ ਰਿਹਾ ਹੈ ਕਿ ਕਿ ਕਿ ਹੋਇਆ ਸੀ ਪੰਜਾਬ ਵਿੱਚ ਅਤੇ ਕੌਣ ਕੌਣ ਸੀ ਇਸ ਲਈ ਜਿੰਮੇਵਾਰ? ਇਸ ਤਰਾਂ ਇਹ ਟੀ ਸ਼ਰਟ ਇੱਕ ਸਾਧਾਰਣ ਪੌਸ਼ਾਕ  ਨਾ ਹੋ ਕੇ ਇੱਕ ਦਸਤਾਵੇਜ਼ੀ ਸੁਨੇਹਾ ਵੀ ਬਣਦੀ ਜਾ ਰਹੀ ਹੈ. ਇਸਦੇ ਨਾਲ ਹੀ ਇਹ ਇੱਕ ਐਲਾਨ ਵੀ ਹੈ ਉਹਨਾਂ ਨੌਜਵਾਨਾਂ ਦਾ ਕਿ ਪ੍ਰੋ. ਭੁੱਲਰ ਸਾਡੇ ਸੀਨਿਆਂ ਵਿੱਚ ਵੱਸਦਾ ਹੈ. ਕੋਈ ਉਸਨੂੰ ਸਾਡੇ ਕੋਲੋਂ ਖੋਹ ਨਹੀਂ ਸਕਦਾ.      
ਕਈ ਸਿੱਖ ਸੰਗਠਨ ਇਸ ਮੁੱਦੇ ਤੇ ਸਾਰੇ ਮਤਭੇਦ ਭੁਲਾ ਕੇ ਇੱਕ ਮੁਠ ਹੋ ਗਏ ਹਨ. ਹੋਰ ਤਾਂ ਹੋਰ ਕਾਂਗਰਸ ਪਾਰਟੀ ਦੇ ਨਾਲ ਸਬੰਧਿਤ ਸਿੱਖ ਲੀਡਰ ਵੀ ਇਸ ਬਾਰੇ ਇੱਕ ਜੁੱਟ ਹਨ ਅਤੇ ਇਸ ਸਜ਼ਾ ਦੀ ਹਮਾਇਤ ਕਰ ਰਹੇ ਮਨਿੰਦਰਜੀਤ ਸਿੰਘ ਬਿੱਟਾ ਨੂੰ ਲੰਮੇ ਹਥੀਂ ਲੈ ਰਹੇ ਹਨ.ਇਸੇ ਤਰਾਂ ਕਈ ਹੋਰ ਵਰਗ ਅਤੇ ਸਮਾਜਿਕ ਸੰਗਠਨ ਵੀ ਇਸ ਸਜ਼ਾ ਨੂੰ ਰੱਦ ਕਰਾਉਣ ਲੈ ਖੁੱਲ ਕੇ ਅੱਗੇ ਆ ਚੁੱਕੇ ਹਨ. ਕਾਬਿਲੇ ਜ਼ਿਕਰ ਹੈ ਕਿ ਇਸ ਸਜ਼ਾ ਦੀ ਹਮਾਇਤ ਕਰਨ ਵਾਲਿਆਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ. ਫਾਂਸੀ ਦੀ ਸਜ਼ਾ ਨੂੰ ਅੱਜ ਦੇ ਯੁਗ ਵਿੱਚ ਵੀ ਜਰੂਰੀ ਕਹਿਣ ਵਾਲਿਆਂ ਨੂੰ ਕਿਸੇ ਨੇ ਵੀ ਸਨਮਾਣ ਦੀ ਨਜਰ ਨਾਲ ਨਹੀਂ ਦੇਖਿਆ. ਏਸੇ ਦੌਰਾਨ ਉਹਨਾਂ ਲੀਡਰਾਂ ਦੀ ਆਲੋਚਨਾ ਹੋਰ ਤੇਜ਼ ਹੋ ਗਈ ਹੈ ਜਿਹਨਾਂ ਕਿਸੇ ਵੇਲੇ ਪ੍ਰੋ. ਭੁੱਲਰ ਨੂੰ ਖਤਰਨਾਕ ਅੱਤਵਾਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਖਤਰਨਾਕ ਅੱਤਵਾਦੀ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੋਈ ਥਾਂ ਨਹੀਂ. ਸਿੱਖ ਸੰਗਠਨ ਉਸ ਹਲਫਨਾਮੇ ਨੂੰ ਵਾਪਿਸ ਲੈਣ ਦੀ ਮੰਗ ਵੀ ਕਰ ਰਹੇ ਹਨ. ਸਿੱਖ ਜਗਤ ਹੈਰਾਨ ਹੈ ਕਿ ਕਿ ਸਮਾਂ ਏਨੀ ਜਲਦੀ ਬਦਲ ਜਾਂਦਾ ਹੈ? ਜਿਸ ਨੂੰ ਖਤਰਨਾਕ ਅੱਤਵਾਦੀ ਕਿਹਾ ਹੋਵੇ ਉਸ ਲਈ ਏਨੀ ਛੇਤੀ ਹਮਦਰਦੀ ਵੀ ਉਮੜ ਆਉਂਦੀ ਹੈ? ਸ਼ਾਇਦ ਓਹ ਭੋਲੇ ਨਹੀਂ ਜਾਣਦੇ ਕਿ ਸੱਤਾ ਕੇਂਦ੍ਰਿਤ ਥਾਵਾਂ ਦੀ ਰਾਜਨੀਤੀ ਅਜਿਹੀ ਹੀ ਹੋਇਆ ਕਰਦੀ ਹੈ ! ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ. ਇਥੇ ਲੋੜ ਪੈਣ ਤੇ ਬਾਬਾ ਰਾਮਦੇਵ ਦਾ ਸਵਾਗਤ ਵੀ ਕੀਤਾ ਜਾ ਸਕਦਾ ਹੈ ਤੇ ਫਿਰ ਮੂਡ ਬਦਲ ਜਾਣ ਤੇ ਅਧੀ ਰਾਤ ਵੇਲੇ ਸਾਰੇ ਤੰਬੂ ਵੀ ਉਖਾੜ ਕੇ ਸੁੱਟੇ ਜਾ ਸਕਦੇ ਹਨ, ਲਾਠੀ ਚਾਰਜ ਵੀ ਕੀਤਾ ਜਾ ਸਕਦਾ ਹੈ ਅਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਸਕਦੇ ਹਨ ਤੇ ਸ਼ਹਿਰੋਂ ਬਾਹਰ ਨਿਕਲ ਜਾਣ ਦੇ ਹੁਕਮ ਵੀ ਜਾਰੀ ਹੋ ਸਕਦੇ ਹਨ. ਇਸ ਵਿੱਚ ਕਿਸੇ ਬੰਦੇ ਜਾਨ ਪਾਰਟੀ ਦਾ ਕਸੂਰ ਨਹੀਂ ਪੂਰਾ ਸਿਸਟਮ ਹੀ ਅਜਿਹਾ ਹੈ. ਜਦੋਂ ਤੱਕ ਬੇਅਸੂਲੀਆਂ ਕਾਇਮ ਹਨ ਇਹ ਕੁਝ ਹੁੰਦਾ ਹੀ ਰਹਿਣਾ ਹੈ ਕਦੇ ਕਿਤੇ ਕਦੇ ਕਿਤੇ ! ਕਦੇ ਕਿਸੇ ਨਾਲ ਕਦੇ ਕਿਸੇ ਨਾਲ ! ਕਦੇ ਕਿਸੇ ਹਥੋਂ ਕਦੇ ਕਿਸੇ ਹਥੋਂ ! ਸਮੂਹ ਲੋਕਾਂ ਦੇ ਜਾਗਣ ਅਤੇ ਇੱਕ ਮੁਠ ਹੋ ਕੇ ਉਠੇ ਬਿਨਾ ਇਹ ਨਹੀਂ ਬਦਲਣਾ 1
ਏਸੇ ਦੌਰਾਨ ਯੂਥ ਅਕਾਲੀ ਦਲ ਦਿੱਲੀ ਅੱਤੇ ਵਪਾਰ ਵਿੰਗ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੂਨ ਨਾਲ ਚਿੱਠੀ ਲਿਖਕੇ ਫਾਂਸੀ ਦੀ ਸਜਾ ਉਮਰ ਕੈਦ ਵਿੱਚ ਬਦਲਣ ਦੀ ਅਪੀਲ ਕੀਤੀ। ਇਸ ਮੌਕੇ ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅੱਤੇ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਫਾਂਸੀ ਦੀ ਸਜਾ ਨੂੰ ਮਾਨਵਤਾ ਦੇ ਨਾਂ ਤੇ ਕਲੰਕ ਦਸਦੇ ਹੋਏ ਕਿਹਾ ਕਿ ਦੁਨਿਆਵੀ ਅਦਾਲਤਾਂ ਵਲੋਂ ਕਿਸੇ ਨੂੰ ਮੋਤ ਦੀ ਸਜਾ ਦੇਣਾ ਕੁਦਰਤ ਦੇ ਕਾਨੂੰਨ ਦੇ ਉਲਟ ਹੈ ਕਿਉਂਕਿ ਕੁਦਰਤ ਨੇ ਮਾਨਵ ਦੇ ਜਨਮ ਅੱਤੇ ਮੌਤ ਦਾ ਅਧਿਕਾਰ ਅਪਣੇ ਕੋਲ ਰੱਖਿਆ ਹੋਇਆ ਹੈ। ਪ੍ਰੋ. ਭੁੱਲਰ ਦੇ ਮਾਮਲੇ ਦਾ ਜਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਤਾਂ ਅਦਾਲਤ ਨੇ ਇੱਕ ਤਰਫਾ ਕਾਰਵਾਈ ਕਰਦੇ ਹੋਏ ਬਿਨਾ ਕਿਸੇ ਗਵਾਹ ਦੀ ਗਵਾਹੀ ਦੇ ਹੀ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾਏ ਜਾਣ ਦੇ ਹੁਕਮ ਜਾਰੀ ਕਰ ਦਿੱਤੇ। ਯੂਥ ਆਗੂਆਂ ਨੇ ਫਾਂਸੀ ਦੀ ਸਜਾ ਨੂੰ ਸਰਕਾਰੀ ਹਿੰਸਾ ਦਾ ਰੂਪ ਦਸਦੇ ਹੋਏ ਕਿਹਾ ਕਿ ਦੁਨੀਆ ਦੇ 116 ਦੇਸ਼ਾਂ ਦੀਆਂ ਸਰਕਾਰਾਂ ਨੇ ਫਾਂਸੀ ਦੀ ਸਜਾ ਖਤਮ ਕਰਕੇ ਮਾਨਵਤਾ ਦੀ ਹਿਤੈਸ਼ੀ ਹੋਣ ਦਾ ਸਬੂਤ ਦਿਤਾ ਹੈ। ਪਰ ਭਾਰਤ ਜੋ ਕਿ ਕੁਦਰਤ ਦੀ ਹੋਂਦ ਤੇ ਅੱਖਾ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਦੀ ਸਰਕਾਰ ਨੇ ਅੱਜੇ ਤੱਕ ਕੁਦਰਤ ਦੇ ਨਿਯਮਾਂ ਦੇ ਉਲਟ ਇਸ ਕਾਨੂੰਨ ਨੂੰ ਲਾਗੂ ਕੀਤਾ ਹੋਇਆ ਹੈ। ਉਹਨਾਂ ਦਸਿਆ ਕਿ ਯੂਥ ਅਕਾਲੀ ਦਲ ਵਲੋਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਖੂਨ ਨਾਲ ਲਿਖੀ ਚਿੱਠੀ ਅਕਾਲੀ ਦਲ ਦਿੱਲੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਪ੍ਰਧਾਨਮੰਤਰੀ ਨੂੰ ਦਿੱਤੀ ਜਾਵੇਗੀ। ਤੇ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਉਮਰਕੈਦ ਵਿੱਚ ਬਦਲਣ ਦੀ ਅਪੀਲ ਕਰਕੇ ਸਿਖ ਕੌਮ ਦੇ ਜਖਮਾਂ ਤੇ ਮਰਹਮ ਲਗਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਨਾਲ ਪੰਜਾਬ ਦੇ ਮੁੱਖਮੰਤਰੀ ਨੂੰ ਲਿਖੀ ਚਿੱਠੀ ਯੂਥ ਅਕਾਲੀ ਦਲ ਦਿੱਲੀ ਦੀ ਸੂਬਾ ਇੱਕਾਈ ਵਲੋਂ ਮੁੱਖਮੰਤਰੀ ਨੂੰ ਸੋਂਪਕੇ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਭੁੱਲਰ ਨੂੰ ਅੱਤਵਾਦੀ ਕਰਾਰ ਦੇਣ ਵਾਲੇ ਦਿਤੇ ਹਲਫਨਾਮੇ ਨੂੰ ਵਾਪਸ ਲੈਣ ਅੱਤੇ ਪੰਜਾਬ ਵਿਧਾਨਸਭਾ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਮਾਫ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। 
ਇਸ ਮੋਕੇ ਵਿਸ਼ੇਸ਼ ਤੌਰ ਤੇ ਪੁੱਜੇ ਸਰਨਵੀਰ ਸਿੰਘ ਸਰਨਾ ਅੱਤੇ ਗੁਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਤੇ ਅਕਾਲੀ ਦਲ ਦਿੱਲੀ ਵਲੋਂ ਪ੍ਰੋ. ਭੁੱਲਰ ਦੇ ਮਾਮਲੇ ਦੀ ਪੈਰਵੀ ਅੱਤੇ ਫਾਂਸੀ ਦੀ ਸਜਾ ਮਾਫ ਕਰਵਾਉਣ ਲਈ ਕੀਤੇ ਜਾ ਰਹੇ ਉਦਮਾਂ ਦਾ ਜਿਕਰ ਕਰਦੇ ਹੋਏ ਦਸਿਆ ਕਿ ਦਿੱਲੀ ਕਮੇਟੀ ਪਿਛਲੇ ਅੱਠ ਸਾਲਾਂ ਤੋਂ ਭੁੱਲਰ ਦੇ ਮਾਮਲੇ ਦੀ ਪੈਰਵੀ ਕਰ ਰਹੀ ਹੈ। ਤੇ ਆਖਰੀ ਦਮ ਤੱਕ ਭੁੱਲਰ ਦੀ ਰਿਹਾਈ ਲਈ ਸੰਘਰਸ਼ ਕਰਦੀ ਰਹੇਗੀ। ਇਸ ਮੌਕੇ ਸੀਨੀਅਰ ਆਗੂ ਕਮਲਦੀਪ ਸਿੰਘ ਘੂਰਾ, ਸੂਬਾ ਉੱਪਪ੍ਰਧਾਨ ਪ੍ਰਿਤਪਾਲ ਸਿੰਘ ਖਾਲਸਾ ਜਮਾਲਪੁਰ,ਸ਼ਹਿਰੀ ਪ੍ਰਧਾਨ ਚਰਨਪ੍ਰੀਤ ਸਿੰਘ ਮਿੱਕੀ,ਸੱਕਤਰ ਜਨਰਲ ਪਰਮਜੀਤ ਸਿੰਘ ਪੰਮਾ,ਸੀਨੀਅਰ ਮੀਤ ਪ੍ਰਧਾਨ ਤਰਨਜੀਤ ਸਿੰਘ ਮੋਂਟੀ,ਗਗਨਪ੍ਰੀਤ ਸਿੰਘ,ਗਗਨਪ੍ਰੀਤ ਸਿੰਘ,ਕਮਲਦੀਪ ਸਿੰਘ ਸੇਠੀ, ਹਰਿੰਦਰਪਾਲ ਸਿੰਘ ਪ੍ਰਿੰਸ, ,ਗਗਨਪ੍ਰੀਤ ਸਿੰਘ,ਹਰਮਨਦੀਪ ਸਿੰਘ ਡੰਗ,ਅਮਨਦੀਪ ਪਾਰਸ,ਗਰਦੇਵ ਸਿੰਘ ਸ਼ਿਵਪੁਰੀ,ਬਲਜੀਤ ਸਿੰਘ ਸ਼ਿਮਲਾਪੁਰੀ, ਮਨਜੀਤ ਸਿੰਘ ਦੁੱਗਰੀ,ਗੁਰਦੇਵ ਸਿੰਘ ਸ਼ਿਵਪੁਰੀ,ਰੂਚਿਨ ਅਰੋੜਾ, ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ, ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ ਬਲਜੀਤ ਸਿੰਘ ਸ਼ਿਮਲਾਪੁਰੀ,ਮਨਜੀਤ ਸਿੰਘ,ਰਣਜੀਤ ਸਿੰਘ ਸ਼ਿਮਲਾਪੁਰੀ,ਪਰਮਿੰਦਰ ਸਿੰਘ, ਕਵਲਪ੍ਰੀਤ ਸਿੰਘ ਬੰਟੀ,ਰਣਜੀਤ ਸਿੰਘ ਕੈਰਨ, ਗੁਰਦੇਵ ਸਿੰਘ ਸ਼ਿਵਪੁਰੀ,ਸੰਦੀਪ ਰਾਜ ਸਿੰਘ, ਪ੍ਰਰਮਿੰਦਰ ਸਿੰਘ ਰਿੰਕੂ,ਗੁਰਦੇਵ ਸਿੰਘ ਸ਼ਿਵਪੁਰੀ, ਅਮਨਦੀਪ ਸਿੰਘ ਰਾਜਾ,ਅਮਨਦੀਪ ਸਿੰਘ ਰਾਜਾ, ਅਮਨਦੀਪ ਸਿੰਘ ਮੇਹਰਬਾਨ ,ਰਣਜੀਤ ਸਿੰਘ ਦਿਗਪਾਲ, ਕਵਲਪ੍ਰੀਤ ਸਿੰਘ ਬੰਟੀ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਹਰਮਨਪ੍ਰੀਤ ਸਿੰਘ ਖੁਰਾਣਾ ,ਪਰਮਜੀਤ ਸਿੰਘ ਪਰਮ,ਹਰਪ੍ਰੀਤ ਸਿੰਘ,ਜਗਰੂਪ ਸਿੰਘ,ਪੂਰਨ ਸਿੰਘ,ਜਗਜੀਤ ਸਿੰਘ,ਅਮਰੰਦਰ ਸਿੰਘ,ਕੁੰਵਰਦੀਪ ਸਿੰਹ,ਕਰਮਜੀਤ ਸਿੰਘ,ਇੰਦਰਪ੍ਰੀਤ ਸਿੰਘ,ਅਮਨਦੀਪ ਸਿੰਘ,ਗੁਰਨਾਮ ਸਿੰਘ ਲੱਕੀ,ਗੁਰਦੀਪ ਸਿੰਘ ਹਨੀ,ਜੱਥੇਦਾਰ ਰਣਜੀਤ ਸਿੰਘ,ਗਗਨਦੀਪ ਸਿੰਘ,ਪ੍ਰਮਿਦਰ ਸਿੰਘ ਸਲੇਮਟਾਬਰੀ,ਜਗਮੀਤ ਸਿੰਘ,ਸੁਰਜੀਤ ਸਿੰਘ ਸ਼ੀਤਾ,ਹਰਦੀਪ ਸਿੰਘ,ਰੁਪਿੰਦਰ ਸਿੰਘ,ਗੁਰਦਿੱਤ ਸਿੰਘ, ਕੰਵਲਪ੍ਰੀਤ ਸਿੰਘ ਡਿੰਪਲ,ਗੁਰਪ੍ਰੀਤ ਸਿੰਘ ਪ੍ਰਿੰਸ ,ਰਜਿੰਦਰ ਸਿੰਘ ਰਾਜਾ ,ਸੁਖਬੀਰ ਸਿੰਘ ਬਾਦਲ,ਦੀਪ ਇੰਦਰ ਸਿੰਘ ਬੱਬੂ ,ਪੂਰਨ ਸਿੰਘ ਧੰਜਲ ਤੇ ਹੋਰ ਆਗੂ ਵੀ ਹਾਜਰ ਸਨ।
ਇਸ ਮੁਹਿੰਮ ਅਧੀਨ ਹੀ ਸ਼ਰੋਮਣੀ ਖਾਲਸਾ ਪੰਚਾਇਤ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਨੇ ਵੀ ਆਪਣੀਆਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਖਿਆ ਹੋਇਆ ਹੈ. ਖਾਲਸਾ ਪੰਚਾਇਤ ਦੇ ਸਹਿਰੀ ਕਨਵੀਨਰ ਭੁਪਿੰਦਰ ਸਿੰਘ ਨਿਮਾਣਾ ਨੇ ਇੱਕ ਵਾਰ ਫੇਰ   ਇਸ ਗੱਲ ਤੇ ਜੋਰ ਦਿੱਤਾ ਹੈ ਕੀ ਇਸ ਮਾਮਲੇ ਤੇ ਸਿਆਸੀ ਰੋਟੀਆਂ ਸੇਕਣ ਦਾ ਸਿਲਸਿਲਾ ਬੰਦ ਕੀਤਾ ਜਾਵੇ. ਉਹਨਾਂ ਕਿਹਾ ਕੀ ਕੀ ਕਿਸੇ ਵੇਲੇ ਪ੍ਰੋਫੈਸਰ ਭੁੱਲਰ ਨੂੰ ਖਤਰਨਾਕ ਅੱਤਵਾਦੀ ਆਖਣ ਵਾਲੇ ਅੱਜ ਕਿਸ ਮੂੰਹ ਨਾਲ ਹਮਦਰਦੀ ਜਤਾ ਰਹੇ ਹਨ.  ਉਹਨਾਂ ਇਸ ਬਾਰੇ ਕਈ ਹਵਾਲੇ ਦੇਂਦਿਆਂ ਉਹਨਾਂ ਦੋਗਲੇ ਕਿਰਦਾਰਾਂ ਵਾਲੇ ਆਗੂਆਂ ਨੂੰ ਲੰਮੇ ਹਥੀਂ ਲਿਆ. ਉਹਨਾਂ ਕਿਹਾ ਕਿ ਜਦੋਂ ਤੱਕ ਇਹ ਲੋਕ ਪ੍ਰੋ. ਭੁੱਲਰ ਨੂੰ ਖਤਰਨਾਕ ਅਤ੍ਤ੍ਵਾਡੀ ਦੱਸਾਂ ਵਾਲਾ ਹਲਫਨਾਮਾ ਵਾਪਿਸ ਨਹੀਂ ਲੈਂਦੇ ਉਦੋਂ ਤੱਕ ਇਹਨਾਂ ਦੇ ਮੰਗ ਪੋੱਤਰਾਂ ਅਤੇ ਝੂਠੀ ਹਮਦਰਦੀ ਦੇ ਵਖਾਲੀਆਂ ਦੀ ਕੋਈ ਤੁਕ ਹੀ ਨਹੀਂ ਰਹਿੰਦੀ. ਸਰ. ਨਿਮਾਣਾ ਨੇ ਸਿੱਖ ਸੰਗਤਾਂ ਨੂੰ ਵੀ ਸਾਵਧਾਨ ਕੀਤਾ ਕਿ ਓਹ ਏਹੋ ਜਿਹੇ ਸਿਆਸੀ ਆਗੂਆਂ ਤੋਂ ਪੂਰੀ ਤਰਾਂ ਸੁਚੇਤ ਰਹਿਣ ਜਿਹੜੇ ਹਰ ਵਾਰ ਇਹਨਾਂ ਨਾਲ ਚਲਾਕੀ ਖੇਡਦੇ ਹਨ.

Monday, April 18, 2011

ਇਸ ਨੇੜਤਾ ਨਾਲ ਵਧ ਤੋਂ ਵਧ ਲੋਕ-ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ

ਲੁਧਿਆਣਾ: ਕੋਈ ਵੇਲਾ ਸੀ ਜਦੋਂ ਥੈਲੇਸੀਮਿਆ ਵਰਗੀ ਬਿਮਾਰੀ ਦੇ ਸ਼ਿਕਾਰ ਛੋਟੇ ਛੋਟੇ ਮਾਸੂਮ ਬੱਚੇ ਇਲਾਜ ਖੁਣੋਂ ਦਮ ਤੋੜ ਜਾਂਦੇ ਸਨ. ਕਦੇ ਉਹਨਾਂ ਨੂੰ ਲੋੜ ਵੇਲੇ ਖੂਨ ਨਹੀਂ ਸੀ ਮਿਲਦਾ ਅਤੇ ਕਦੇ ਖੂਨ ਚੜ੍ਹਾਉਣ ਲਈ ਹਸਪਤਾਲ ਵਿੱਚ ਦਾਖਲ ਹੋਣਾ ਮੁਸ਼ਕਿਲ ਹੁੰਦਾ ਸੀ. ਹੋਲੀ ਹੋਲੀ ਜਾਗਰੂਕਤਾ ਆਈ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਦੇਸ਼ ਵਿੱਚ ਵੀ ਕਈ ਸੰਸਥਾਵਾਂ ਬਣ ਗਈਆਂ ਅਤੇ ਸੂਬਿਆਂ ਵਿੱਚ ਵੀ. ਪੰਜਾਬ ਵਿੱਚ ਅਜਿਹੇ ਮਰੀਜ਼ਾਂ ਦੀ ਜਿੰਦਗੀ ਬਚਾਉਣ ਲਈ ਜਿੱਥੇ  ਸਲਾਮ ਜ਼ਿੰਦਗੀ ਫਾਊਂਡੇਸ਼ਨ ਵਰਗੀਆਂ ਫਖਰਯੋਗ  ਸੰਸਥਾਵਾਂ ਨੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਉਥੇ ਸ਼ਹਿਰ ਵਿਚ ਚੱਲ ਰਹੇ ਨਿਊ ਅਗਰਵਾਲ ਪੀਰਖਾਨਾ ਟਰੱਸਟ ਵਰਗੀਆਂ ਧਾਰਮਿਕ ਸੰਸਥਾਵਾਂ ਨੇ ਵੀ ਇਸ ਸ਼ੁਭ ਕਾਰਜ ਵਿੱਚ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ.ਇਹਨਾਂ ਦੋਹਾਂ ਸੰਸਥਾਵਾਂ ਨੇ ਜਦੋਂ  ਪਿਛਲੇ ਸਾਲ ਅਗਸਤ ਮਹੀਨੇ ਦੌਰਾਨ 29ਵਾਂ ਖੂਨ ਦਾਨ ਕੈਂਪ ਲਾਇਆ ਤਾਂ ਲੋਕ ਵੀ ਵਧ ਚੜ੍ਹ ਕੇ ਅੱਗੇ ਆਏ. ਕੈਂਪ ਦਾ ਉਦਘਾਟਨ ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਵੱਲੋਂ ਕੀਤਾ ਗਿਆ. ਇਸ ਕੈੰਪ ਨੇ ਆਮ ਲੋਕਾਂ ਦੇ ਨਾਲ ਨਾਲ ਸੰਸਥਾਵਾਂ ਨੂੰ ਵੀ ਇਸ ਮਕਸਦ ਲਈ ਉਤਸ਼ਾਹਿਤ ਕੀਤਾ. ਵਿਦਿਅਕ ਅਦਾਰੇ ਵੀ ਇਸ ਖੂਨਦਾਨ ਲਈ ਬੜੇ ਜੋਸ਼ੋ ਖ਼ਰੋਸ਼ ਨਾਲ ਅੱਗੇ ਆਏ.  
ਸਲਾਮ ਜਿੰਦਗੀ ਦਾ ਇੱਕ ਪ੍ਰੋਗਰਾਮ
ਇਸ ਮੌਕੇ ਕੈਂਪ ਵਿਚ ਆਪਣੇ ਸਕੂਲ ਇੰਡੀਅਨ ਪਬਲਿਕ ਸਕੂਲ ਲੁਹਾਰਾ ਤੋਂ ਖੂਨਦਾਨੀ ਵਲੰਟੀਅਰਾਂ ਦੀ ਟੀਮ ਲੈ ਕੇ ਪੁੱਜੇ ਪ੍ਰਿੰਸੀਪਲ ਸੁਰਿੰਦਰ ਗਰਗ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ. ਖੂਨਦਾਨ ਕੈਂਪ ਮੌਕੇ 130 ਯੂਨਿਟ ਖੂਨ ਇਕੱਤਰ ਕਰਨ ਦਾ ਕੰਮ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਆਈ ਡਾ. ਅਮਰਜੀਤ ਕੌਰ ਅਤੇ ਉਹਨਾਂ ਦੇ ਨਾਲ ਹੀ ਡਾ. ਪੁਨੀਤ ਦੀ ਟੀਮ ਨੇ ਕੀਤਾ/ ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜੀਤ ਸੈਣੀ, ਕੌਂਸਲਰ ਰਾਕੇਸ਼ ਸ਼ਰਮਾ, ਦਲੀਪ ਥਾਪਰ, ਰਵੀ ਗੋਇਲ, ਪ੍ਰੇਮ ਬਾਂਸਲ, ਵਿਨੋਦ ਗੋਇਲ, ਅਨਿਲ ਧਮੀਜਾ ਅਤੇ ਗੁਰਮਿੰਦਰ ਸਿੰਘ ਸਮੇਤ ਕਈ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ. ਏਸੇ ਤਰਾਂ ਪੀਰਖਾਨਾ ਵੱਲੋਂ ਅੱਖਾਂ ਦਾ ਕੈੰਪ ਵੀ ਲਗਾਇਆ ਗਿਆ ਅਤੇ ਕਈ ਹੋਰ ਉਪਰਾਲੇ ਵੀ ਕੀਤੇ ਗਏ. 
ਜਦੋਂ ਇਹ ਕੈੱਪ ਨਹੀਂ ਵੀ ਲੱਗਦੇ ਉਦੋਂ ਵੀ ਇਹ ਧਾਰਮਿਕ ਸੰਸਥਾਨ ਸਰਗਰਮ ਰਹਿੰਦਾ ਹੈ ਕਦੇ ਕਿਸੇ ਲੋੜਵੰਦ ਮਰੀਜ਼ ਨੂੰ ਦਵਾਈ ਲਈ ਕੇ ਦੇਣ ਲਈ , ਕਦੇ ਕਿਸੇ ਸਕੂਲ ਵਿੱਚ ਲੋੜਵੰਦ ਬੱਚੇ ਦੀ ਫੀਸ ਜਮਾਂ ਕਰਾਉਣ ਲਈ ਅਤੇ ਕਦੇ ਕਿਸੇ ਗਰੀਬ ਘਰ ਦੀ ਧੀ ਧਿਆਣੀ ਦੇ ਵਿਆਹ ਦੀ ਰਸਮ ਤੇ ਆਉਂਦਾ ਖਰਚਾ ਅਦਾ ਕਰਨ ਲਈ. 
ਇਸ ਅਸਥਾਨ ਤੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਸ਼ਾਮਿਲ ਹਨ. ਪੀਰਖਾਨਾ ਦੇ ਗੱਦੀ ਨਸ਼ੀਨ ਬੰਟੀ ਬਾਬਾ ਆਖਦੇ ਹਨ  ਕੀ ਤੁਹਾਡਾ ਮਜ਼ਹਬ ਕੋਈ ਵੀ ਹੋਵੇ, ਤੁਹਾਡੀ ਪਾਰਟੀ ਕੋਈ ਵੀ ਹੋਵੇ, ਤੁਹਾਡੀ ਪੋਜੀਸ਼ਨ ਕੋਈ ਵੀ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ. ਪੀਰਖਾਨਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਰ ਉਹਨਾਂ ਨੂੰ ਸਭ ਤੋਂ ਪਹਿਲਾਂ ਗਲੇ ਲਗਾਇਆ ਜਾਵੇਗਾ ਜਿਹੜੇ ਕਿਸੇ ਨਾ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਹਨ. ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ਵਿੱਚ ਵਧ ਰਹੀ ਨੇੜਤਾ ਇੱਕ ਅਜਿਹਾ ਸ਼ੁਭ ਸ਼ਗਨ ਹੈ ਜਿਸ ਨਾਲ ਦੁਨੀਆ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਆਸਾਂ ਉਮੀਦਾਂ  ਇੱਕ ਵਾਰ ਫੇਰ ਮਜਬੂਤ ਹੋਈਆਂ ਹਨ. ਇਸ ਨੇੜਤਾ ਨਾਲ ਵਧ ਤੋਂ ਵਧ ਲੋਕ ਵਧ ਤੋਂ ਵਧ ਲੋਕਾਂ ਦੀ ਮਦਦ ਕਰਨਗੇ.
ਵੱਖ ਵੱਖ  ਗਾਇਕ, ਵੱਖ ਵੱਖ ਕਲਾਕਾਰ ਪ੍ਰਸਿਧ ਕਵਾਲ ਇਸ ਅਸਥਾਨ ਤੇ ਸਜਦਾ ਕਰਨ ਲਈ ਦੂਰੋਂ ਦੂਰੋਂ ਪਹੁੰਚਦੇ ਹਨ. ਗੀਤ ਸੰਗੀਤ ਦੀ ਇਸ ਮਸਤੀ ਵਿੱਚ ਲੋਕ ਇੱਕ ਵਾਰ ਆਪਣਾ ਆਪ ਭੁੱਲ ਜਾਂਦੇ ਹਨ ਅਤੇ ਜੁੜਦੇ ਹਨ ਸਿਰਫ ਉਸ ਨਾਲ ਜਿਹੜਾ ਸਭ ਥਾਂ ਹੈ ਅਤੇ ਸਭ ਦੀ ਸੁਣਦਾ ਹੈ. ਬਿਨਾ ਕਿਸੇ ਵਿਤਕਰੇ ਦੇ ਬਿਨਾ ਕਿਸੇ ਦੇਰ ਦੇ. ਪੇਰ੍ਖਾਨਾ ਵਿੱਚ ਆਉਣ ਵਾਲੇ ਹਰ ਸ਼ਰਧਾਲੂ ਨੂੰ ਵੀ ਬੰਟੀ ਬਾਬਾ ਇਹੀ ਸਮਝਾਉਂਦੇ ਹਨ ਸੱਚੇ ਇਨਸਾਨ ਬਾਨੋ. ਹਰ ਧਰਮ ਦਾ ਆਦਰ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ. --ਵਿਸ਼ਾਲ ਗਰਗ ( ਫੋਟੋ: ਸੰਜੈ ਸੂਦ)


ਉਦਾਸੀ ਨੂੰ ਵੀ ਆਨੰਦ ਵਿੱਚ ਬਦਲਣ ਦਾ ਭੇਦ ਸਮਝਾਉਂਦੇ ਨੇ ਬੰਟੀ ਬਾਬਾ


Sunday, January 23, 2011

ਖਲੀ ਦੇ ਆਉਣ ਦੀ ਪੁਲਸ ਨੂੰ ਕੋਈ ਅਗਾਊਂ ਜਾਣਕਾਰੀ ਨਹੀਂ ਸੀ

21 ਜਨਵਰੀ ਦੀ ਰਾਤ ਨੂੰ ਜਦੋਂ ਅਚਾਨਕ ਹੀ ਗ੍ਰੇਟ ਖਲੀ ਦੇ ਲੁਧਿਆਣਾ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਉਸਦੇ ਚਾਹਵਾਨਾਂ ਦੀ ਭੀੜ ਉਸਦੀ ਇੱਕ ਝਲਕ ਦੇਖਣ ਲਈ ਉਤਾਵਲੀ ਹੋ ਗਈ. ਗ੍ਰੇਟ ਖਲੀ ਆਪਣੇ ਨਿਜੀ ਦੌਰੇ ਦੌਰਾਨ ਆਇਆ ਸੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੁਸਾਈਂ ਦੇ ਘਰ. ਜਦੋਂ ਖਲੀ ਦੀ ਵਾਪਿਸੀ ਹੋਣ ਲੱਗੀ ਤਾਂ ਉਸ ਵੇਲੇ ਤੱਕ ਭੀੜ ਵਧ ਚੁੱਕੀ ਸੀ. ਉਸ ਮਾਹੌਲ ਵਿੱਚ ਚਲੀ ਗੋਲੀ ਦੀ ਘਟਨਾ ਬਾਰੇ ਡੀ ਸੀ ਪੀ ਸੁਰਿੰਦਰ ਸਿੰਘ ਹੇਅਰ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਚਰਚਾ ਹੋਈ. ਖਲੀ ਦੀ ਆਮਦ ਵੇਲੇ ਚੱਲੀ ਗੋਲੀ ਵਾਲੀ ਘਟਨਾ ਬਾਰੇ ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ  ਕਿਹਾ ਕਿ ਵਿਸ਼ਵ ਪ੍ਰਸਿੱਧ ਹਸਤੀ ਦੀ ਗ੍ਰੇਟ ਖਲੀ ਦੇ ਆਉਣ ਦੀ ਪੁਲਸ ਨੂੰ ਕੋਈ ਅਗਾਊਂ ਜਾਣਕਾਰੀ ਨਹੀਂ ਸੀ ਦਿੱਤੀ ਗਈ।  
ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੁਸਾਈਂ ਨੇ ਸਪੱਸ਼ਟ ਕੀਤਾ ਕਿ ਖਲੀ ਦਾ ਉਨ੍ਹਾਂ ਦੇ ਘਰ ‘ਤੇ ਕੋਈ ਨਿੱਜੀ ਦੌਰਾ ਸੀ, ਨਾ ਕਿ ਪਬਲਿਕ ਸ਼ੋਅ। ਉਥੇ ਘਟਨਾ ਉਨ੍ਹਾਂ ਦੇ ਘਰ ਨਹੀਂ, ਗਲੀ ਦੇ ਬਾਹਰ ਹੋਈ ਸੀ। ਰਹੀ ਗੱਲ ਪੁਲਸ ਨੂੰ ਉਨ੍ਹਾਂ ਦੇ ਆਉਣ ਦੀ ਇਤਲਾਹ ਦੇਣ ਦੀ ਤਾਂ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ‘ਤੇ ਦਰਜਨ ਦੇ ਕਰੀਬ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ। ਕੀ ਉਨ੍ਹਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਲੋਕਾਂ ਦੀ ਭਾਰੀ ਭੀੜ ਦੇ ਇਕੱਠ ਹੋਣ ਸਬੰਧੀ ਤੁਰੰਤ ਜਾਣਕਾਰੀ ਕੰਟਰੋਲ ਰੂਮ ਨੂੰ ਦੇਣ। ਓਧਰ ਸ਼੍ਰੀ ਹੇਅਰ ਨੇ ਪੂਰੇ ਮਾਮਲੇ ਦੀ ਇਨਕੁਆਰੀ ਏ.ਡੀ.ਸੀ.ਪੀ. ਹਰਸ਼ ਬਾਂਸਲ ਨੂੰ ਕਰਨ ਦੇ ਹੁਕਮ ਦਿੱਤੇ ਹਨ ਜਦੋਂਕਿ ਡਵੀਜ਼ਨ ਨੰ. 2 ਦੀ ਪੁਲਸ ਨੇ ਦੇਰ ਰਾਤ ਖਲੀ ਦੇ ਗਾਰਡਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।   ਉਧਰ ਫਾਇਰ ਲੱਗਣ ਦੇ ਨਾਲ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਸ਼ੰਟੀ ਤੇ ਅਸ਼ੋਕ ਕੁਮਾਰ ਦੇ ਦੋਸਤ ਗੌਰਵਜੀਤ ਸਿੰਘ ਨੇ ਪੁਲਸ ਦੇ ਕੋਲ ਲਿਖਵਾਈ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਖਲੀ ਦੇ ਪ੍ਰਸ਼ੰਸਕਾਂ ਨੂੰ ਹਟਾਉਣ ਦੇ ਲਈ ਉਸਦੇ ਗਾਰਡਾਂ ਨੇ ਸਿੱਧੇ ਫਾਇਰ ਕੀਤੇ, ਜਿਸਦੇ ਕਾਰਨ ਉਸਦੇ ਦੋਸਤ ਜ਼ਖਮੀ ਹੋ ਗਏ। ਉਸਦਾ ਦੋਸ਼ ਸੀ ਕਿ ਪਹਿਲਾਂ ਤਾਂ ਪੁਲਸ ਸਿਆਸੀ ਦਬਾਅ ਵਿਚ ਮਾਮਲਾ ਦਰਜ ਕਰਨ ਵਿਚ ਹੀ ਆਨਾਕਾਨੀ ਕਰਦੀ ਰਹੀ। ਬਾਅਦ ਵਿਚ ਮਾਮਲਾ ਤਾਂ ਦਰਜ ਕਰ ਲਿਆ ਪਰ ਖਲੀ ਦੇ ਗਾਰਡਾਂ ਦੇ ਨਾਂ ਦਰਜ ਨਹੀਂ ਕੀਤੇ। ਓਧਰ ਭਾਜਪਾ ਨੇਤਾ ਰਮੇਸ਼ ਬੰਗੜ ਨੇ ਸਪੱਸ਼ਟ ਕੀਤਾ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸ਼ੰਟੀ ਡਵੀਜ਼ਨ ਨੰ. 6 ਦੀ ਪੁਲਸ ਨੂੰ ਇਕ ਮਾਮਲੇ ਵਿਚ ਲੋੜੀਂਦਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਕੁਝ ਲੋਕਾਂ ਨੇ ਗਲੀ ਦੇ ਬਾਹਰ ਖਲੀ ਦੀ ਗੱਡੀ ਨੂੰ ਘੇਰ ਕੇ ਗਲਤ ਵਿਵਹਾਰ ਸ਼ੁਰੂ ਕਰ ਦਿੱਤਾ, ਜਿਸ ‘ਤੇ ਮਜਬੂਰਨ ਉਨ੍ਹਾਂ ਦੇ ਸਕਿਓਰਿਟੀ ਗਾਰਡਾਂ ਨੂੰ ਫਾਇਰ ਕਰਨਾ ਪਿਆ। ਉਧਰ ਪੁਲਸ ਨੇ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਵੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਖਲੀ ਦੇ ਨਾਲ ਕਥਿਤ ਤੌਰ ‘ਤੇ ਗਲਤ ਵਿਵਹਾਰ ਕੀਤਾ ਅਤੇ ਉਸਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਸੀ। ਜੇ ਤੁਹਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸਦੀ ਸੂਚਨਾ ਪੁਲਿਸ ਨੂੰ ਵੀ ਜ਼ਰੂਰ ਦਿਓ.--ਰੈਕਟਰ ਕਥੂਰੀਆ 

ਲੁਧਿਆਣਾ ਵਿੱਚ ਕਾਰ ਚੋਰਾਂ ਦਾ ਗਿਰੋਹ ਕਾਬੂ

ਕਾਰਾਂ ਮੋਟਰਾਂ ਬਿਨਾ ਅੱਜ ਕੱਲ ਸਰਦਾ ਵੀ ਨਹੀਂ ਅਤੇ ਮਹਿੰਗੇ ਭਾਅ ਇਹ ਲੈ ਵੀ ਨਹੀਂ ਹੁੰਦੀਆਂ.ਏਹੋ ਜਿਹੀ ਹਾਲਤ ਵਿੱਚ ਸੈਕੰਡ ਹੈਂਡ ਸਸਤੀਆਂ ਕਾਰਾਂ ਖਰੀਦਣ ਦੇ ਲਾਲਚ ਵਿਚ ਕਈ ਵਾਰ ਬੰਦਾ ਬੁਰੀ ਤਰਾਂ ਫਸ ਜਾਂਦਾ ਹੈ ਕਿਓਂਕਿ ਖਰੀਦੀ ਗਈ  ਮੋਟਰ ਕਾਰ ਚੋਰੀ ਦੀ ਨਿਕਲ ਆਉਂਦੀ ਹੈ. ਲੁਧਿਆਣਾ ਵਿੱਚ ਜ਼ਿਲਾ ਪੁਲਸ ਨੇ ਦੋ ਅਜਿਹੇ ਵਾਹਨ ਚੋਰ ਗਿਰੋਹਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਤਾਰ ਅੰਤਰਰਾਜੀ ਪੱਧਰ ‘ਤੇ ਜੁੜੇ ਹੋਏ ਹਨ। ਪੁਲਸ ਨੇ ਇਸ ਸੰਬੰਧ ਵਿੱਚ ਦੋ ਗਿਰੋਹਾਂ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੀਆਂ 11 ਕਾਰਾਂ ਵੀ ਬਰਾਮਦ ਕੀਤੀਆਂ ਹਨ। 
ਪ੍ਰੈਸ ਕਾਨਫਰੰਸ ਦੌਰਾਨ ਡੀ ਸੀ ਪੀ ਸੁਰਿੰਦਰ ਸਿੰਘ ਹੇਅਰ
ਇਸ ਸ਼ਾਤਿਰ ਗਿਰੋਹ ਵਲੋਂ ਯੂ.ਪੀ. ਤੋਂ ਚੋਰੀ ਕੀਤੀਆਂ ਕਾਰਾਂ ਨੂੰ ਜਾਅਲੀ ਕਾਗਜ਼ਾਤ ਤਿਆਰ ਕਰਕੇ ਇਥੇ ਪੰਜਾਬ ਵਿਚ ਵੇਚਿਆ ਜਾਂਦਾ ਸੀ ਜਦਕਿ ਪੰਜਾਬ ਤੋਂ ਚੋਰੀ ਕੀਤੀਆਂ ਕਾਰਾਂ ਨੂੰ ਇਸੇ ਤਰ੍ਹਾਂ ਯੂ.ਪੀ. ਵਿਚ ਲਿਜਾ ਕੇ ਵਿੱਚ ਦਿੱਤਾ ਜਾਂਦਾ ਸੀ। ਪੁਲਸ ਨੇ ਸ਼ਨੀਵਾਰ 22 ਜਨਵਰੀ ਨੂੰ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਵੀ ਕੀਤਾ ਕਿ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਹਨਾਂ ਦੋਹਾਂ ਗਿਰੋਹਾਂ ਦੇ ਕਾਬੂ ਆਉਣ ਤੋਂ ਬਾਅਦ  ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਠੱਲ ਵੀ ਪੈ ਗਈ ਹੈ.ਇਸ ਪੱਤਰਕਾਰ ਸੰਮੇਲਨ ਵਿਚ ਪੂਰੇ ਵਿਸਥਾਰ ਨਾਲ ਇਹ ਜਾਣਕਾਰੀ ਦੇਂਦਿਆਂ  ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ 7 ਜਨਵਰੀ ਨੂੰ ਮਾਮਲਾ ਦਰਜ ਕੀਤਾ ਸੀ, ਜਿਸਦੇ ਬਾਅਦ ਪੁਲਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਚੋਰੀ ਦੀਆਂ 5 ਕਾਰਾਂ ਬਰਾਮਦ ਕੀਤੀਆਂ ਹਨ। ਇਹਨਾਂ ਦੋਸ਼ੀਆਂ ਦੀ ਪਛਾਣ ਪਿੰਡ ਲਸੋਈ ਦੇ ਜਗਦੀਸ਼ ਸਿੰਘ ਉਰਫ ਨੀਟੂ ਅਤੇ ਅਮਨਦੀਪ ਸਿੰਘ ਦੇ ਰੂਪ ਵਿਚ ਹੋਈ ਹੈ, ਜਦੋਂਕਿ ਇਸ ਗਿਰੋਹ ਦੇ ਖਾਸੀ ਕਲਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਉਰਫ ਨੋਨਾ, ਸਹਾਰਨਪੁਰ ਯੂ.ਪੀ. ਵਾਸੀ ਅਨੂਪ ਸਿੰਘ ਗੰਡੂ ਅਤੇ ਸਦਰ ਖੰਨਾ ਦੇ ਸਤਵਿੰਦਰ ਸਿੰਘ ਉਰਫ ਰਾਜੂ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਏ.ਸੀ.ਪੀ. ਗਿੱਲ ਨਰਿੰਦਰਪਾਲ ਸਿੰਘ ਰੂਬੀ ਅਤੇ ਥਾਣਾ ਡੇਹਲੋਂ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਨਾਕੇਬੰਦੀ ਦੇ ਦੌਰਾਨ ਇਨ੍ਹਾਂ ਲੋਕਾਂ ਨੇ ਆਪਣੀ ਕਾਰ ਭਜਾ ਲਈ। ਜਦੋਂ ਪੁਲਸ ਨੇ ਪਿੱਛਾ ਕਰਦੇ ਹੋਏ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸਨਸਨੀਖੇਜ਼ ਖੁਲਾਸਾ ਇਹ ਹੋਇਆ ਕਿ ਇਹ ਲੋਕ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਮੈਂਬਰ ਹਨ। ਪੁਲਸ ਨੂੰ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਕੁੱਲ 5 ਕਾਰਾਂ ਵੀ ਬਰਾਮਦ ਹੋਈਆਂ ਹਨ, ਜੋ ਇਨ੍ਹਾਂ ਲੋਕਾਂ ਨੇ ਵੱਖ ਵੱਖ ਇਲਾਕਿਆਂ ਤੋਂ ਚੋਰੀ ਕੀਤੀਆਂ ਸਨ।  ਡੀ.ਸੀ.ਪੀ. ਨੇ ਦੱਸਿਆ ਕਿ ਇਨ੍ਹਾਂ ਵਿਚ ਜਗਦੀਸ਼ ਇਥੋਂ ਦਾ ਮੁਖੀ ਸੀ ਅਤੇ ਕਾਰਾਂ ਚੋਰੀ ਕਰਕੇ ਉਹ ਯੂ.ਪੀ. ਤੋਂ ਅਨੂਪ ਦੇ ਜ਼ਰੀਏ ਜਾਅਲੀ ਕਾਗਜ਼ਾਤ ਤਿਆਰ ਕਰਵਾਉਂਦਾ ਸੀ ਅਤੇ ਉਸਨੂੰ ਉਥੇ ਹੀ ਵੇਚ ਦਿੰਦਾ ਸੀ। ਉਹ ਅੱਗੇ ਉਥੇ ਸਸਤੇ ਰੇਟਾਂ ‘ਤੇ ਵੇਚਦਾ ਸੀ। ਇਸੇ ਤਰ੍ਹਾਂ ਯੂ.ਪੀ. ਦੀਆਂ ਕਾਰਾਂ ਨੂੰ ਇਥੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਵੇਚ ਦਿੰਦੇ ਸਨ। ਪਤਾ ਲੱਗਾ ਹੈ ਕਿ ਗਿਰੋਹ ਦੇ ਖਿਲਾਫ ਯੂ.ਪੀ. ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਵਾਹਨ ਚੋਰੀ ਦੇ ਮਾਮਲੇ ਦਰਜ ਹਨ। ਫੜੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ 24 ਜਨਵਰੀ ਤਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।  ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਾਘਾ ਪੁਰਾਣਾ ਦੇ ਪਿੰਡ ਭੇਖਾ ਦੇ ਜਗਸੀਰ ਸਿੰਘ ਸੀਰਾ, ਮੁਕਤਸਰ ਦੇ ਹਰਕੀਰਤ ਸਿੰਘ ਉਰਫ ਲਵਲੀ, ਚੰਚਲ ਸਿੰਘ ਵਾਸੀ ਫਾਜ਼ਿਲਕਾ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਨੂੰ ਸੀ.ਆਈ.ਏ. ਹੈੱਡ ਕੁਆਰਟਰ ਦੇ ਮੁਖੀ ਹਰਪਾਲ ਸਿੰਘ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਹੈ। ਪੁੱਛਗਿੱਛ ਦੇ ਬਾਅਦ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਦਰਜਨਾਂ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਇਹ ਲੋਕ ਕਾਰ ਚੋਰੀ ਕਰਨ ਦੇ ਬਾਅਦ ਇਨ੍ਹਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਨੰਬਰ ਲਗਾ ਕੇ ਅੱਗੇ ਵੇਚ ਦਿੰਦੇ ਸਨ। ਇਸ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਭਾਰੀ ਮਾਤਰਾ ਵਿਚ ਚੋਰੀ ਦੀਆਂ ਕਾਰਾਂ ਬਰਾਮਦ ਹੋਣਗੀਆਂ। ਇਸ ਲਈ ਜੇ ਹੁਣ ਕਾਰ ਮੋਟਰ ਖਰੀਦਣੀ ਹੋਵੇ ਤਾਂ ਜ਼ਰਾ ਧਿਆਨ ਨਾਲ.--ਰੈਕਟਰ ਕਥੂਰੀਆ